ਬਿਲਕੁਲ ਵੱਖਰੇ ਬਨਾਰਸ ਦੇ ਦੀਦਾਰ ਕਰਵਾਉਂਦੀ ਫਿਲਮ ‘ਝੀਨੀ ਬੀਨੀ ਚਦਰੀਆ’

ਕੁਦਰਤ ਕੌਰ
ਵਾਰਾਣਸੀ (ਪੁਰਾਣਾ ਨਾਂ ਬਨਾਰਸ) ਦੇ ਰਹਿਣ ਵਾਲੇ ਨੌਜਵਾਨ ਫਿਲਮਸਾਜ਼ ਰਿਤੇਸ਼ ਸ਼ਰਮਾ ਨੇ ਫਿਲਮ ‘ਝੀਨੀ ਬੀਨੀ ਚਦਰੀਆ’ ਬਣਾਈ ਹੈ ਜੋ ਬਨਾਰਸ ਦੇ ਬਿਲਕੁਲ ਵੱਖਰੇ ਦੀਦਾਰ ਕਰਵਾਉਂਦੀ ਹੈ।

ਇਸ ਫਿਲਮ ਨੂੰ ਭਾਵੇਂ ਕੌਮਾਂਤਰੀ ਫਿਲਮ ਮੇਲਿਆਂ ਵਿਚ ਖੂਬ ਸ਼ਾਬਾਸ਼ ਮਿਲੀ ਹੈ ਪਰ ਰਿਤੇਸ਼ ਨੂੰ ਆਪਣੀ ਇਹ ਫਿਲਮ ਰਿਲੀਜ਼ ਕਰਵਾਉਣ ਲਈ ਬਹੁਤ ਤਰੱਦਦ ਕਰਨਾ ਪੈ ਰਿਹਾ ਹੈ। ਕੋਈ ਵੀ ਮੰਚ ਉਸ ਦੀ ਇਹ ਫਿਲਮ ਨਸ਼ਰ ਕਰਨ ਲਈ ਤਿਆਰ ਨਹੀਂ ਹੋਇਆ ਹੈ। ਉਸ ਦਾ ਆਖਣਾ ਹੈ ਕਿ ਜੇ ਕਿਸੇ ਮੰਚ ਨੇ ਉਸ ਦੀ ਇਹ ਫਿਲਮ ਰਿਲੀਜ਼ ਕਰਨ ਲਈ ਹਾਮੀ ਨਾ ਭਰੀ ਤਾਂ ਉਹ ਇਹ ਫਿਲਮ ਯੂਟਿਊਬ ‘ਤੇ ਪਾ ਦੇਣਗੇ ਤਾਂ ਕਿ ਲੋਕ ਇਹ ਫਿਲਮ ਦੇਖ ਸਕਣ।
ਅਜਿਹੇ ਕਿਹੜੇ ਕਾਰਨ ਹਨ ਕਿ ਕੋਈ ਮੰਚ ਰਿਤੇਸ਼ ਦੀ ਇਹ ਫਿਲਮ ਦਿਖਾਉਣ ਲਈ ਤਿਆਰ ਨਹੀਂ ਹੋ ਰਿਹਾ ਹੈ। ਅਸਲ ਵਿਚ, ਸਾਰਾ ਮਸਲਾ ਹੁਣ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਰਾਸ਼ਟਰੀ ਸਵੈਮਸੇਵਕ ਸੰਘ ਦੀ ਸਿਆਸਤ ਦਾ ਹੈ। ਸੱਤਾਧਾਰੀ ਵਾਰਾਣਸੀ ਨੂੰ ਧਾਰਮਿਕ ਸ਼ਹਿਰ ਵਜੋਂ ਪੇਸ਼ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਉਥੋਂ ਲੋਕ ਸਭਾ ਲਈ ਚੁਣੇ ਗਏ ਹਨ। ਸ਼ਹਿਰ ਨੂੰ ਆਮ ਕਰ ਕੇ ਹਿੰਦੂ ਆਸਥਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਰਿਤੇਸ਼ ਨੇ ਜਿਹੜਾ ਵਾਰਾਣਸੀ ਆਪਣੀ ਫਿਲਮ ਵਿਚ ਪੇਸ਼ ਕੀਤਾ ਹੈ, ਉਹ ਬਹੁਤ ਬਹੁ-ਰੰਗਾ ਅਤੇ ਧੜਕਦੇ ਦਿਲ ਵਾਲਾ ਹੈ।
ਇਹ ਫਿਲਮ ਅਜਿਹੀ ਡਾਂਸਰ ਦੀ ਕਹਾਣੀ ਹੈ ਜੋ ਆਪਣੀ ਧੀ ਦੀ ਸਾਂਭ-ਸੰਭਾਲ ਲਈ ਬਹੁਤ ਮਿਹਨਤ ਕਰਦੀ ਹੈ। ਉਧਰ, ਸ਼ਾਹਦਾਬ ਨਾਂ ਦਾ ਜੁਲਾਹਾ ਕਿਸੇ ਇਜ਼ਰਾਇਲੀ ਸੈਲਾਨੀ ਨਾਲ ਇਕ ਵੱਖਰੀ ਹੀ ਦੁਨੀਆ ਦੀ ਤਲਾਸ਼ ਵਿਚ ਨਿੱਕਲ ਤੁਰਦਾ ਹੈ। ਇਉਂ ਫਿਲਮ ਵਿਚ ਪਿਆਰ ਅਤੇ ਨਫਰਤ ਦੀਆਂ ਲੜੀਆਂ ਨਾਲੋ-ਨਾਲ ਚੱਲੀ ਜਾਦੀਆਂ ਹਨ। ਇਸ ਦੇ ਨਾਲ-ਨਾਲ ਸ਼ਹਿਰ ਦਾ ਸਭਿਆਚਾਰਕ ਮੂੰਹ-ਮੁਹਾਂਦਰਾਂ ਵੀ ਉਭਰਦਾ ਹੈ। ਰਿਤੇਸ਼ ਨੇ ਇਹ ਕਹਾਣੀ ਬਹੁਤ ਸੂਖਮ ਢੰਗ ਨਾਲ ਪੇਸ਼ ਕੀਤੀ ਹੈ। ਉਸ ਦੀ ਇਸੇ ਬਹੁਰੰਗੀ ਪੇਸ਼ਕਸ਼ ਦੀ ਚਾਰ-ਚੁਫੇਰਿਓਂ ਤਾਰੀਫ ਹੋ ਰਹੀ ਹੈ।
ਰਿਤੇਸ਼ ਵਾਰਾਣਸੀ ਵਿਚ ਹੀ ਜੰਮਿਆ ਅਤੇ ਉਥੇ ਹੀ ਜਵਾਨ ਹੋਇਆ। ਪਿਛਲੇ 15 ਸਾਲ ਤੋਂ ਉਹ ਥੀਏਟਰ ਅਤੇ ਹੋਰ ਸਮਾਜਿਕ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ਉਸ ਦਾ ਮੰਨਣਾ ਹੈ ਕਿ ਵਾਰਾਣਸੀ ਅੰਦਰ ਤੀਰਥ ਸਥਾਨਾਂ ਤੋਂ ਇਲਾਵਾ ਵੀ ਬੜਾ ਕੁਝ ਹੈ ਜੋ ਆਮ ਕਰ ਕੇ ਲੋਕਾਂ ਦੇ ਸਾਹਮਣੇ ਨਹੀਂ ਆ ਰਿਹਾ। ਰਿਤੇਸ਼ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਉਤੇ ਸੰਤ ਕਬੀਰ ਅਤੇ ਪ੍ਰਸਿੱਧ ਲਿਖਾਰੀ ਸਾਅਦਤ ਹਸਨ ਮੰਟੋ ਦਾ ਬਹੁਤ ਅਸਰ ਹੋਇਆ ਹੈ। ਇਨ੍ਹਾਂ ਦੀਆਂ ਰਚਨਾਵਾਂ ਨੇ ਉਸ ਨੂੰ ਅਜਿਹੀ ਦ੍ਰਿਸ਼ਟੀ ਦਿੱਤੀ ਹੈ ਜੋ ਉਸ ਨੇ ਆਪਣੀ ਇਸ ਫਿਲਮ ਵਿਚ ਲਿਆਉਣ ਦਾ ਯਤਨ ਕੀਤਾ ਹੈ।
ਫਿਲਮ ਬਾਰੇ ਕੀਤੇ ਜਾ ਰਹੇ ਇਤਰਾਜ਼ਾਂ ਬਾਰੇ ਰਿਤੇਸ਼ ਨੇ ਸਪਸ਼ਟ ਕਿਹਾ ਕਿ ਉਸ ਨੂੰ ਅਜਿਹਾ ਅਹਿਸਾਸ ਹੀ ਨਹੀਂ ਸੀ ਕਿ ਫਿਲਮ ਦੀ ਨੁਕਤਾਚੀਨੀ ਇਨ੍ਹਾਂ ਪਹਿਲੂਆਂ ਦੇ ਆਧਾਰ ‘ਤੇ ਹੋਵੇਗੀ। ਅਸਲ ਵਿਚ ਜਿਹੜੇ ਲੋਕ ਅਜਿਹੀ ਨੁਕਤਾਚੀਨੀ ਕਰ ਰਹੇ ਹਨ, ਉਨ੍ਹਾਂ ਨੂੰ ਜ਼ਿੰਦਗੀ ਦੇ ਅਸਲ ਅਰਥਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਇਹ ਉਹ ਲੋਕ ਹਨ ਜੋ ਸਾਰੇ ਸਮਾਜ ਨੂੰ ਇਕ ਰੰਗ ਵਿਚ ਰੰਗਣਾ ਚਾਹੁੰਦੇ ਹਨ ਜਦਕਿ ਸਾਡੇ ਆਲੇ-ਦੁਆਲੇ ਵੰਨ-ਸਵੰਨਤਾ ਠਾਠਾਂ ਮਾਰ ਰਹੀ ਹੈ। ਅਸੀਂ ਇਸ ਵੰਨ-ਸਵੰਨਤਾ ਦਾ ਆਨੰਦ ਕਿਉਂ ਨਾ ਮਾਣੀਏ? ਉਹਨੇ ਇਹ ਵੀ ਕਿਹਾ ਕਿ ਕੁਝ ਲੋਕ ਸੌੜੀ ਸਿਆਸਤ ਕਾਰਨ ਹੀ ਅਜਿਹਾ ਕਰ ਰਹੇ ਹਨ; ਨਹੀਂ ਤਾਂ ਕੋਈ ਕਾਰਨ ਨਹੀਂ ਕਿ ਜ਼ਿੰਦਗੀ ਦੀ ਬਾਤ ਪਾ ਰਹੀ ਕਲਾ ਨੂੰ ਹੱਲਾਸ਼ੇਰੀ ਨਾ ਦਿੱਤੀ ਜਾਵੇ! ਉਸ ਨੇ ਕਿਹਾ, “ਦੇਖੋ ਜੀ ਮੈਂ ਤਾਂ ਆਪਣਾ ਕੰਮ ਕਰ ਦਿੱਤਾ ਹੈ। ਬਨਾਰਸ ਮੈਨੂੰ ਜਿਸ ਤਰ੍ਹਾਂ ਮਹਿਸੂਸ ਹੋਇਆ, ਉਸੇ ਤਰ੍ਹਾਂ ਦਰਸ਼ਕਾਂ ਅੱਗੇ ਰੱਖ ਦਿੱਤਾ ਹੈ। ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੈਂ ਅਜਿਹੀ ਫਿਲਮ ਬਣਾ ਸਕਿਆ ਹਾਂ।”