ਚੈਕੋਸਲੋਵਾਕੀਆ ਦੇ ਗੀਤ

ਹਰਿਭਜਨ ਸਿੰਘ
ਉਹਦਾ ਨਾਂ ਕੋਪਾਚਕੋਵਾ ਸੀ। ਉਹ ਚੈਕ ਸੁਆਣੀ ਸੀ ਜਾਂ ਸਲੋਵਾਕ? ਸ਼ਾਇਦ ਚੈਕ ਅਰਸ਼ੋਂ ਉਤਰੀ ਅਪਸਰਾ ਤਾਂ ਨਹੀਂ ਸੀ, ਲੰਮੀ-ਝੰਮੀ ਸੋਹਣੀ ਸੁਨੱਖੀ ਜ਼ਰੂਰ ਸੀ। ਅੱਖਾਂ ਵਿਚ ਚਮਕ ਸੀ। ਚਮਕ ਜੋ ਆਤਮ-ਵਿਸ਼ਵਾਸ ਵਿਚੋਂ ਸਹਿਜ ਹੀ ਜਾਗਦੀ ਹੈ।

ਮੈਨੂੰ ਅਜਾਇਬਘਰ `ਚ ਮਿਲੀ। ਚਲਦਾ ਫਿਰਦਾ ਅਜਾਇਬਘਰ ਜੋ ਕੁਝ ਹਫ਼ਤਿਆਂ ਲਈ ਚੈਕੋਸਲੋਵਾਕੀਆ ਆਇਆ ਸੀ। ਇਸ ਵਿਚ ਪੁਰਾਣੇ ਸਮਿਆਂ ਦੇ ਏਸ਼ੀਆ ਮਾਈਨਰ ਦੇ ਜੀਵਨ ਦਾ ਪ੍ਰਾਰੂਪ ਤਿਆਰ ਕੀਤਾ ਗਿਆ ਸੀ। ਚੈਕ ਦੇਸ ਹੀ ਮੇਰੇ ਲਈ ਅਜਨਬੀ ਸੀ। ਇਸ ਅਜਾਇਬਘਰ ਨੇ ਦੂਹਰੀ ਅਜਨਬੀਅਤ ਜਗਾ ਦਿੱਤੀ। ਅਜਨਬੀਅਤ ਜੋ ਵੰਗਾਰਦੀ ਹੈ ਮੈਨੂੰ ਜਾਣੋ, ਮੈਂ ਫ਼ਾਸਲਾ ਹਾਂ ਮੈਨੂੰ ਲੰਘ ਕੇ ਮੇਰੀ ਹਕੀਕਤ ਤਕ ਪਹੁੰਚੇ। ਵਤਨ ਤੋਂ ਦੂਰ ਸਾਂ। ‘ਪ੍ਰੋਫ਼ੈਸਰਾਂ ਦੇ ਘਰ` ਵਿਚ ਮੇਰਾ ਡੇਰਾ ਸੀ। ਕਮਰੇ ਦੀ ਹੀ ਨਹੀਂ, ਬਾਹਰਲੇ ਗੇਟ ਦੀ ਚਾਬੀ ਵੀ ਮੇਰੇ ਪਾਸ ਸੀ। ਆਪਣੇ ਡੇਰੇ ਵਿਚ ਪਹੁੰਚਣ ਦੀ ਕਾਹਲੀ ਨਹੀਂ ਸੀ। ਅਜਾਇਬਘਰ ਦੇ ਵੇਰਵੇ ਬਹੁਤ ਧਿਆਨ ਨਾਲ ਵੇਖ ਰਿਹਾ ਸਾਂ। ਅਨੁਭਵ ਇਉਂ ਹੋ ਰਿਹਾ ਸੀ ਜਿਵੇਂ ਮਨੁੱਖਤਾ ਦੇ ਧੁਰ ਡੂੰਘ ਤਕ ਉਤਰਦੀਆਂ ਪੌੜੀਆਂ ਵਿਚ ਲਹਿ ਰਿਹਾ ਹਾਂ, ਇਕੱਲਾ। ਰਸਮਿਸੇ ਹਨੇਰੇ ਵਿਚ ਪੌੜੀਆਂ ਦਾ ਪਰਲਾ ਸਿਰਾ ਵਿਖਾਈ ਨਹੀਂ ਦੇਂਦਾ।
ਮੈਂ ਕੋਪਾਚਕੋਵਾ ਦੀ ਨਜ਼ਰ ਦੇ ਘੇਰੇ ਵਿਚ ਆ ਗਿਆ। ਉਹ ਆਪ ਚੈਕੋਸਲੋਵਾਕੀਆ ਦੀ ਕਿਸੇ ਸਭਿਆਚਾਰਕ ਸੰਸਥਾ ਦੀ ਅਫ਼ਸਰ ਸੀ। ਭਾਰਤ ਵਿਚ ਇਕ ਦੋ ਵਾਰ ਆ ਚੁੱਕੀ ਸੀ। ਅੰਗਰੇਜ਼ੀ ਚੁਸਤ ਸਲੀਕੇ ਨਾਲ ਬੋਲਦੀ ਸੀ। ਤਲੱਫ਼ੁਜ਼ ਅੰਗਰੇਜ਼ ਵਰਗਾ। ਉਹਨੇ ਬਿਨਾਂ ਤੁਆਰਫ ਮੇਰਾ ਹੱਥ ਆਪਣੇ ਹੱਥਾਂ `ਚ ਲੈ ਲਿਆ। ਬੇਝਿਜਕ, ਉਹਦਾ ਚਿਹਰਾ ਸਵੇਰਸਾਰ ਦੇ ਸੂਰਜ ਵਾਂਗ ਹੱਸ ਰਿਹਾ ਸੀ। ਉਹਨੇ ਮੈਨੂੰ ਅਗਲੇ ਦਿਨ ਆਪਣੇ ਘਰ ਆਉਣ ਦਾ ਸੱਦਾ ਦਿੱਤਾ। ਮੇਰਾ ਦੁਭਾਸ਼ੀਆ ਡਾ. ਮਾਸ਼ਾ ਉਹਦਾ ਅਤਾ-ਪਤਾ ਜਾਣਦਾ ਸੀ। ਇਸ ਦੇ ਬਾਅਦ ਉਹ ਚੁਪ ਕਰ ਗਿਆ ਪਰ ਕੋਪਾਚਕੋਵਾ ਦੀ ਗੱਲ ਅਜੇ ਮੁੱਕੀ ਨਹੀਂ ਸੀ, ਉਹਨੇ ਮੇਰਾ ਹੱਥ ਅਜੇ ਆਪਣੇ ਹੱਥ ਵਿਚ ਹੀ ਫੜਿਆ ਹੋਇਆ ਸੀ। ਮੇਰਾ ਦੁਭਾਸ਼ੀਆ, ਕਿਸੇ ਗੱਲੇ, ਓਥੇ ਹੋਰ ਠਹਿਰਨਾ ਨਹੀਂ ਚਾਹੁੰਦਾ ਸੀ। ਉਸ ਤੋਂ ਕਤਰਾ ਰਿਹਾ ਸੀ। ਸ਼ਾਮ ਦਾ ਵੇਲਾ ਸੀ। ਅਸਾਂ ਹੋਰ ਕਿਤੇ ਜਾਣਾ ਨਹੀਂ ਸੀ। ਪਰ ਉਹ ਕਾਹਲੀ ਪਾ ਰਿਹਾ ਸੀ। ਮੈਨੂੰ ਜਾਪਿਆ ਜਿਵੇਂ ਉਹ ਕੋਪਾਚਕੋਵਾ ਦੀ ਗ੍ਰਿਫ਼ਤ ਵਿਚ ਸੀ ਤੇ ਉਸ ਤੋਂ ਆਜ਼ਾਦ ਹੋਣ ਲਈ ਛਟਪਟਾ ਰਿਹਾ ਸੀ। ਕੋਪਾ, ਉਹਦੇ ਵੱਲੋਂ ਬੇਪਰਵਾਹ ਮੈਨੂੰ ਵੇਖੀ ਜਾ ਰਹੀ ਸੀ। ਉਹਦੀ ਖ਼ਾਮੋਸ਼ੀ ਕੋਈ ਸੁਨੇਹਾ ਦੇ ਰਹੀ ਸੀ।
ਅਗਲੇ ਦਿਨ ਸ਼ਾਮੀਂ ਅਸੀਂ ਆਪਣੇ ਕਮਰੇ ਵਿਚ ਬੈਠੇ ਗਪਸ਼ਪ ਮਾਰ ਰਹੇ ਸਾਂ ਕਿ ਕੇਪਾਚਕੇਵਾ ਦਾ ਫੋਨ ਆਇਆ। ਡਾ. ਮਾਸ਼ਾ ਮੈਨੂੰ ਉਸ ਤੋਂ ਦੂਰ ਰੱਖਣਾ ਚਾਹੁੰਦਾ ਸੀ। ਫੋਨ ਉਸੇ ਨੇ ਚੁੱਕਿਆ ਤੇ ਉਤਰ ਵਜੋਂ ਕਹਿ ਦਿੱਤਾ ਕਿ ਡਾ. ਸਿੰਘ ਤਾਂ ਏਥੇ ਨਹੀਂ। ਉਹਦੇ ਝੂਠ ਨੂੰ ਫੜਨਾ ਮੁਸ਼ਕਿਲ ਨਹੀਂ ਸੀ। ਜੇ ਡਾ. ਸਿੰਘ ਆਪਣੇ ਕਮਰੇ `ਚ ਨਹੀਂ ਤਾਂ ਉਹਦਾ ਦੁਭਾਸ਼ੀਆ ਡਾ. ਮਾਸਾ ਏਥੇ ਕਿਵੇਂ ਹੋ ਸਕਦਾ ਹੈ। ਇਕ ਮਿੰਟ ਬਾਅਦ ਫੇਰ ਫੋਨ ਆਇਆ। ਐਤਕੀਂ ਟੈਲੀਫੋਨ ਓਪਰੇਟਰ ਦਾ ਓਪਰੇਟਰ ਨੂੰ ਤਾਂ ਪਤਾ ਸੀ ਕਿ ਮੈਂ ਆਪਣੇ ਕਮਰੇ `ਚ ਹਾਂ। ਡਾ. ਮਾਸ਼ਾ ਉਹਦੇ ਅੱਗੇ ਝੂਠ ਨਾ ਮਾਰ ਸਕਿਆ। ਮੈਂ ਫੋਨ ਲਿਆ ਤਾਂ ਓਪਰੇਟਰ ਨੇ ਲਾਈਨ ਕੇਪਾਚਕੋਵਾ ਨਾਲ ਮਿਲਾ ਦਿੱਤੀ। ਕੋਪਾਚਕੋਵਾ ਭਰੀ-ਪੀਤੀ ਬੈਠੀ ਸੀ, ਉਹ ਮੇਰੇ `ਤੇ ਵਰ੍ਹ ਪਈ ਜਿਵੇਂ ਕੋਈ ਬੀਵੀ ਆਪਣੇ ਝੂਠੇ ਸ਼ੌਹਰ `ਤੇ ਵਰ੍ਹਦੀ ਹੈ। ਉਹਦੀ ਆਵਾਜ਼ ਵਿਚ ਪਿਆਰ ਦੀ ਚਮਕ ਸੀ ਤੇ ਰੋਸ ਦਾ ਸੇਕ ਵੀ। ਉਹਨੇ ਕਿਹਾ ਟਰਾਮ ਫੜੇ, ਫਲਾਣੀ ਥਾਂ `ਤੇ ਉਤਰੋ। ਓਥੇ ਮੈਂ ਆਪਣਾ ਪੁੱਤਰ ਭੇਜ ਰਹੀ ਹਾਂ, ਤੁਹਾਨੂੰ ਸਿੱਧਾ ਮੇਰੇ ਘਰ ਲੈ ਆਏਗਾ।
ਹੁਣ ਕੋਈ ਚਾਰਾ ਨਹੀਂ ਸੀ। ਅਜਨਬੀਅਤ ਖ਼ਤਮ ਹੋ ਚੁੱਕੀ ਸੀ। ਕੋਪਾਚਕੋਵਾ ਹੁਣ ਅਪਣੱਤ ਵਿਚ ਕੋਪਾ ਬਣ ਚੁੱਕੀ ਸੀ। ਦੂਰ ਆਪਣੇ ਘਰ ਬੈਠੀ ਹੀ ਜਿਵੇਂ ਉਸਨੇ ਮੇਰਾ ਹੱਥ ਫੜਿਆ ਹੋਇਆ ਸੀ। ਮੇਰੇ ਉਪਰ ਆਪਣਾ ਹੰਮਾ, ਆਪਣਾ ਅਧਿਕਾਰ ਪ੍ਰਗਟਾ ਰਹੀ ਸੀ। ਪ੍ਰਾਗ ਕੋਈ ਵੱਡਾ ਸ਼ਹਿਰ ਨਹੀਂ। ਵੀਹ-ਪੰਝੀ ਮਿੰਟਾਂ ਵਿਚ ਮੈਂ ਉਹਦੇ ਘਰ ਸਾਂ। ਛੋਟਾ ਜਿਹਾ ਪਰਿਵਾਰ ਸੀ। ਮੀਆਂ-ਬੀਵੀ ਤੇ ਦੋ ਬੱਚੇ। ਮੇਜ਼ ਖਾਣ-ਪੀਣ ਦੀਆਂ ਚੀਜ਼ਾਂ ਨਾਲ ਸਜਿਆ ਹੋਇਆ ਸੀ। ਮੇਰੇ ਪਹੁੰਚਦਿਆਂ ਹੀ ਵਾਈਨ ਦੀ ਬੋਤਲ ਖੁਲ੍ਹ ਗਈ। ਦੂਜੇ ਕਮਰੇ ਵਿਚ ਵੱਡੇ ਪੁੱਤਰ ਨੇ ਪਿਆਨੋ `ਤੇ ਬੀਥੋਵਨ ਦੀ ਸਿੰਫਨੀ ਛੋਹ ਦਿੱਤੀ। ਉਹਦਾ ਪਤੀ ਉਹਦੇ ਹੀ ਵਾਂਗ ਸੋਹਣਾ-ਸੁਨੱਖਾ ਤੇ ਖ਼ੁਸ਼ਬਾਸ਼ ਕਿਸਮ ਦਾ ਜੀ ਸੀ, ਚੰਗਾ ਪੜ੍ਹਿਆ ਲਿਖਿਆ। ਗੱਲਾਂ ਬੀਥੋਵਨ ਤੋਂ ਸ਼ੁਰੂ ਹੋ ਕੇ ਗੇਟੇ ਤਕ ਤੇ ਫੇਰ ਕਾਫ਼ਕਾ ਤਕ ਪਹੁੰਚੀਆਂ। ਇਹ ਚੈਕ ਪਰਿਵਾਰ ਅੰਗਰੇਜ਼ੀ ਬੋਲ ਸਕਦਾ ਸੀ। ਜਰਮਨ ਸਾਹਿਤ ਉਪਰ ਇਸਦਾ ਅਧਿਕਾਰ ਸੀ। ਸ਼ਾਮ ਗਹਿਰਾ ਚੁੱਕੀ ਸੀ। ਖਾਂਦਿਆਂ-ਪੀਂਦਿਆਂ ਅੱਧੀ ਰਾਤ ਹੋ ਗਈ। ਉਹਨਾਂ ਮੇਰੀ ਕਵਿਤਾ ਸੁਣੀ ਜਿਵੇਂ ਮੈਂ ਉਹਨਾਂ ਦੀ ਸਿੰਫਨੀ ਸੁਣੀ ਸੀ। ਅਰਥਾਂ ਤੋਂ ਪਰ੍ਹਾਂ ਅਸੀਂ. ਅਪਣੱਤ ਦੀ ਦੁਨੀਆ `ਚ ਪਹੁੰਚ ਚੁੱਕੇ ਸਾਂ। ਆਖ਼ਰ ਫ਼ੈਸਲਾ ਹੋਇਆ, ਕੇਪਾ ਆਪ ਮੈਨੂੰ ਪ੍ਰੋਫ਼ੈਸਰਾਂ ਦੇ ਘਰ ਤਕ ਛੱਡਣ ਜਾਏਗੀ। ਉਹਦਾ ਪਤੀ ਵੀ ਨਾਲ ਜਾਣਾ ਚਾਹੁੰਦਾ ਸੀ ਪਰ ਕੋਪਾ ਨੇ ਬੜੀ ਦ੍ਰਿੜਤਾ ਨਾਲ ਉਹਨੂੰ ਵਰਜ ਦਿੱਤਾ। ਦਸਾਂ ਪੰਦਰਾਂ ਮਿੰਟਾਂ ਵਿਚ ਕੋਪਾ ਦੀ ਕਾਰ ਮੇਰੇ ਡੇਰੇ `ਤੇ ਸੀ।
ਅੱਧੀ ਰਾਤ ਦਾ ਪਹਿਰ ਸੀ। ਸੜਕ ਸੁੰਨਸਾਨ ਸੀ। ਨਾਲ ਦੇ ਘਰਾਂ ਦੀਆਂ ਬੱਤੀਆਂ ਬੁਝੀਆਂ ਹੋਈਆਂ ਸਨ। ਸੜਕ `ਤੇ ਵੀ ਘਸਮੈਲਾ ਜਿਹਾ ਚਾਨਣ ਸੀ। ਅਲਵਿਦਾ ਕਹਿਣ ਦੇ ਬਹਾਨੇ ਕੋਪਾ ਨੇ ਮੇਰਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ। ਫੇਰ ਪਤਾ ਨਹੀਂ ਸਾਥੋਂ ਕੀ ਕੀ ਗੱਲਾਂ ਹੋਈਆਂ। ਗੱਲਾਂ ਕਰਦੇ ਕਰਦੇ ਅਸੀਂ ਚੁਭੀ ਮਾਰ ਜਾਂਦੇ, ਲੰਮਾ ਅਰਸਾ ਖ਼ਾਮੋਸ਼ ਹੋ ਜਾਂਦੇ। ਸੜਕ `ਤੇ ਮੁਕੰਮਲ ਏਕਾਂਤ, ਮੁਕੰਮਲ ਖ਼ਾਮੋਸ਼ੀ ਸੀ। ਜਾਪਦਾ ਸੀ ਪੂਰੀ ਦੁਨੀਆ ਵਿਚ ਸਿਰਫ਼ ਅਸੀਂ ਦੋ ਹੀ ਜਣੇ ਹਾਂ। ਸਾਡੇ ਲਾਗਿਓਂ ਪੂਰੀ ਸਮਾਧੀ ਜਿਹੀ ਦੀ ਹਾਲਤ ਵਿਚ, ਉਸ ਵੇਲੇ ਕੋਈ ਲੰਘਿਆ ਹੋਵੇਗਾ ਤਾਂ ਮੈਨੂੰ ਨਾ ਉਦੋਂ ਪਤਾ ਲੱਗਾ ਨਾ ਅੱਜ ਕਲਪਨਾ ਕਰਦਾ ਹਾਂ। ਠੰਢੀ ਰੇਤ `ਤੇ ਰੀਂਗਦੇ ਸੱਪ ਵਾਂਗ ਸਮਾਂ ਸਰਕ ਰਿਹਾ ਸੀ।
ਹਵਾ ਵੀ ਸਾਡੇ ਹੀ ਸਾਹਾਂ ਦਾ ਉਤਾਰ-ਚੜ੍ਹਾਅ ਜਾਪਦੀ ਸੀ। ਦੋ ਜਣਿਆਂ ਵਿਚਕਾਰ ਬੋਲਦੀ ਖ਼ਾਮੋਸ਼ੀ ਤੋਂ ਬਿਹਤਰ ਭਾਸ਼ਾ ਹੋਰ ਕੋਈ ਨਹੀਂ। ਜਾਪਦਾ ਸੀ ਮੈਂ ਚੁੱਪ ਸਾਂ, ਪਰ ਕੋਈ ਮੇਰੇ ਬੋਲਾਂ ਨੂੰ ਸੁਣੀ ਜਾ ਰਿਹਾ ਹੈ। ਅਜਨਬੀਅਤ ਅਤੇ ਅਪਣੱਤ ਦਾ ਇਕੋ ਵੇਲੇ ਇਹਸਾਸ ਜਾਗ ਰਿਹਾ ਸੀ।
ਅਸੀਂ ਕਿੰਨੀ ਦੇਰ ਏਦਾਂ ਅਹਿੱਲ ਖਲੋਤੇ ਰਹੇ, ਕੋਈ ਅੰਦਾਜ਼ਾ ਨਹੀਂ। ਉਹ ਚਲੀ ਗਈ ਤਾਂ ਜਾਪਿਆ ਅਜੇ ਵੀ ਮੇਰੇ ਪਾਸ ਖਲੋਤੀ ਮੈਨੂੰ ਮੁਖ਼ਾਤਿਬ ਹੈ। ਬੋਲਾਂ ਦੇ ਖ਼ਾਮੋਸ਼ ਹੋ ਜਾਣ ਬਾਦ ਵੀ ਕੁਝ ਕਿਹਾ ਜਾ ਰਿਹਾ ਹੈ। ਇਸ ਅਵਸਥਾ ਨੂੰ ਮੈਂ ਸ਼ਾਇਰੀ ਦੀ ਪਰਮ-ਅਵਸਥਾ ਸਮਝਦਾ ਹਾਂ। ਸ਼ਿਅਰ ਦਾ ਪੰਛੀ ਭਾਸ਼ਾ ਦੇ ਖੰਭ ਝਾੜ ਕੇ ਅਗਾਂਹ ਉਡ ਜਾਂਦਾ ਹੈ। ਕਿਉਂਕਿ ਦੁਨੀਆ ਵਿਚ ਪਹਿਲਾਂ ਕਹੀ ਜਾ ਚੁੱਕੀ ਗੱਲ ਕਹਿਣ ਦੀ ਲੋੜ ਨਹੀਂ, ਇਸ ਲਈ ਪਹਿਲਾਂ ਸਾਜੀ ਜਾ ਚੁੱਕੀ ਭਾਸ਼ਾ ਨੂੰ ਵਰਤਣ ਦੀ ਮਜਬੂਰੀ ਨਹੀਂ। ਏਸ ਪੜਾਅ ਉਪਰ ਪਹੁੰਚ ਕੇ ਬੰਦਾ ਸ਼ਬਦਾਂ ਤੇ ਅਰਥਾਂ ਤੋਂ ਮੁਕਤ ਹੋ ਜਾਂਦਾ ਹੈ, ਨਿਰੋਲ ਸਾਰਥਕਤਾ ਕਾਰੇ ਲਗ ਜਾਂਦੀ ਹੈ:
ਜੀ ਕਰਦੈ ਕੋਈ ਐਸਾ ਬੋਲ ਸੁਣਾਵਾਂ
ਜੋ ਵੀ ਸੁਣੇ ਉਹੀ ਸਮਝੇ ਮੈਂ ਖ਼ੁਦ ਹੀ ਇਸਨੂੰ ਗਾਵਾਂ।
ਤੇਰੇ ਮਨ-ਹੁਜਰੇ ਵਿਚ ਬਹਿ ਕੇ ਤੈਨੂੰ ਇਵੇਂ ਧਿਆਵਾਂ
ਧੂਪ ਦੇ ਉਹਲੇ ਦੀਵਾ ਬਲਦਾ, ਛਾਂਵੇਂ ਜਿਉਂ ਪਰਛਾਵਾਂ।
ਤੇਰੇ ਮੁਖ ਤੇ ਤੇਰਾ ਹਾਸਾ ਬਣ ਮੈਨੂੰ ਹੱਥ ਲਾਫਾਂ
ਤੇਰੇ ਜਿਸਮ ਵਿਚ ਤੇਰਾ ਥਕੇਵਾਂ ਬਣ ਕੇ ਮੈਂ ਬਹਿ ਜਾਵਾਂ।
ਤੇਰੇ ਦੁਖ-ਸੁਖ ਦੇ ਵਿਚ ਰਚਿਆ ਤੈਨੂੰ ਇਵੇਂ ਬੁਲਾਵਾਂ
ਕਦੀ ਨਾ ਜਾਪੇ ਆਪਣੀ ਵਲੋਂ ਮੈਂ ਕੋਈ ਬਾਤ ਬਣਾਵਾਂ
ਕਿਸੇ ਕਾਲਜੇ ਮੱਠੀ ਅਗ ਦੀ ਲੀਕ ਜਿਹੀ ਇਕ ਵਾਹਵਾਂ
ਲੋਕ ਕਹਿਣ ਇਹ ਅਜੇ ਬੋਲਦਾ ਭਾਵੇਂ ਚੁਪ ਕਰ ਜਾਵਾਂ।
ਅਜੇ ਕੁਝ ਦੇਰ ਪਰਾਗ ਵਿਚ ਰਹਿਣਾ ਸੀ। ਕੋਪਾ ਨਾਲ ਫੇਰ ਮੇਲ ਨਾ ਹੋਇਆ। ਵਿਛੋੜੇ ਦਾ ਇਹਸਾਸ ਵੀ ਨਾ ਜਾਗਿਆ। ਸਚਮੁਚ ਉਹ ਦਰਿਆ ਵਾਂਗ ਚਲੀ ਵੀ ਗਈ ਤੇ ਪਿੱਛੇ ਰਹਿ ਵੀ ਗਈ, ਉਵੇਂ ਦੀ ਉਵੇਂ। ਮੇਰੀ ਪਰਾਗ-ਯਾਤ੍ਰਾ ਵਿਚ ਕੋਪਾ ਕੇਂਦਰੀ ਨੁਕਤਾ ਸੀ। ਪਰਾਗ ਦਾ ਪੂਰਾ ਵਾਤਾਵਰਨ ਉਸੇ ਦੇ ਆਲੇ-ਦੁਆਲੇ ਇਕ ਨੁਕਤੇ ਵਾਂਗ ਫੈਲਿਆ ਪ੍ਰਤੀਤ ਹੁੰਦਾ ਸੀ। ਇਸ ਸ਼ਹਿਰ ਦੇ ਮੁੰਡੇ-ਕੁੜੀਆਂ ਦੇ ਪਿਆਰ ਦੀ ਇਕ ਵੱਖਰੀ ਹੀ ਅਦਾ ਸੀ। ਪ੍ਰੇਮੀ ਲੋਕ ਕਿਸੇ ਕੰਧ ਨਾਲ ਲਗ ਕੇ, ਕਿਸੇ ਬੈਂਚ `ਤੇ ਬਹਿ ਕੇ ਜਾਂ ਕਿਸੇ ਵੀ ਬੁੱਤ ਜਾਂ ਫੁਹਾਰੇ ਨਾਲ ਢਾਸਣਾ ਲਾ ਕੇ, ਇਕ ਦੂਜੇ ਦੀਆਂ ਬਾਹਾਂ ਵਿਚ ਕਿੰਨਾ ਕਿੰਨਾ ਚਿਰ ਬੈਠੇ-ਖਲੋਤੇ ਰਹਿੰਦੇ। ਜਿਸਮ ਦਾ ਕੋਈ ਅੰਗ ਨਾ ਹਿਲਦਾ, ਪਲਕਾਂ ਤਕ ਨਾ ਉਠਦੀਆਂ-ਡਿਗਦੀਆਂ। ਹਵਾ ਠਹਿਰ ਗਈ ਲਗਦੀ। ਇਕ ਦੂਜੇ ਨਾਲ ਇਕਮਿਕ ਹੋਏ ਰੁਖ-ਵੇਲ ਦਾ ਪੱਤਾ ਤਕ ਹਿੱਲਣ ਦਾ ਝਾਉਲਾ ਨਾ ਪੈਂਦਾ। ਕੋਪਾ ਚਲੀ ਗਈ ਤਾਂ ਮੈਂ ਬਹੁਤ ਦੇਰ ਤਕ ਆਪਣੇ ਡੇਰੇ ਦੇ ਮੁਖ ਦਰਵਾਜ਼ੇ ਦੇ ਬਾਹਰ ਖਲੋਤਾ ਉਹਨੂੰ ਵੇਖਦਾ ਰਿਹਾ। ਇਸੇ ਇਹਸਾਸ ਵਿਚ ਉਪਰਲਾ ਗੀਤ ਰਚਿਆ ਗਿਆ।
ਇਸ ਸ਼ਹਿਰ ਵਿਚ ਜਿਪਸੀ ਲੋਕ ਬਹੁਤ ਸਨ। ਇਕ ਵਾਰ ਇਕ ਰੈਸਤੋਰਾਂ ਦੇ ਬਾਹਰ ਖਲੋਤੇ ਸਾਂ ਕਿ ਜਿਪਸੀ ਲੋਕਾਂ ਦੀ ਟੋਲੀ ਸਾਡੇ ਲਾਗਿਓਂ ਲੰਘੀ। ਉਹਨਾਂ `ਚੋਂ ਨਿੱਖੜ ਕੇ ਇਕ ਜਿਪਸਣ ਨੇ ਮੇਰਾ ਹੱਥ ਫੜ ਲਿਆ। ਉਹ ਸੈਨਤ ਨਾਲ ਸਮਝਾ ਰਹੀ ਸੀ ਕਿ ਮੇਰੇ ਨਾਲ ਚੱਲ। ਟੋਲੀ ਦੇ ਬਾਕੀ ਜਣੇ ਵੀ ਓਥੇ ਹੀ ਖਲੋ ਗਏ, ਇਸ ਉਡੀਕ ਵਿਚ ਕਿ ਅਸੀਂ ਦੋਵੇਂ ਜਣੇ ਚੱਲਾਂਗੇ ਤਾਂ ਉਹ ਵੀ ਤੁਰ ਪੈਣਗੇ। ਕੋਪਾ ਜਿਪਸਣ ਨਹੀਂ ਸੀ, ਪਰ ਉਹੰਦੇ ਕਿਰਦਾਰ ਵਿਚ ਜਿਪਸੀ ਸ਼ੈਲੀ ਦਾ ਇਕ ਟੋਟਾ ਝਲਕਦਾ ਮੈਨੂੰ ਪ੍ਰਤੀਤ ਹੋਇਆ। ਚੈਕੋਸਲੋਵਾਕੀਆ ਤੋਂ ਜਹਾਜ਼ੇ ਚੜ੍ਹ ਕੇ ਇੰਗਲੈਂਡ ਪਹੁੰਚਣ ਤਕ ਇਕ ਗੀਤ ਮੇਰੇ ਅੰਗ-ਸੰਗ ਤੁਰਿਆ ਆ ਰਿਹਾ ਹੈ :
ਤੇਰੀ ਗਲੀ ਵਣਜਾਰੇ ਆਏ
ਆਪਣਾ ਚਾਨਣ ਟੋਲਦੇ
ਸਾਨੂੰ ਤਾਂ ਸਭ ਦੇਸ ਬਿਗਾਨੇ
ਕੋਈ ਨ ਆਪਣੇ ਕੋਲ ਦੇ
ਕਾਲੀ ਰਾਤ ਵਿਚ ਰਸਤੇ ਸੁਤੇ
ਮੂੰਹੋਂ ਕੁਝ ਨਹੀਂ ਬੋਲਦੇ
ਅੰਬਰ ਠੰਢੇ ਧਰਤੀ ਤੱਤੀ
ਮੌਸਮ ਰੋਲ-ਘਚੋਲ ਦੇ
ਏਸ ਸੁਆਹ ਵਿਚ ਇਹ ਵਣਜਾਰੇ
ਚਿਣਗਾਂ ਪਏ ਫਰੋਲਦੇ
ਹੈ ਕੋਈ ਐਸੀ ਚਾਨਣ ਵਾਲੀ
ਜੋ ਆਪਣੇ ਬੂਹੇ ਖੋਲ੍ਹ ਦੇ
ਜਿਸ ਚਾਨਣ ਨੂੰ ਜੰਦਰੇ ਵੱਜੇ
ਉਸ ਨੂੰ ਅਸੀਂ ਨਾ ਗੌਲਦੇ
ਜੋ ਚਾਨਣ ਮਿੱਟੀ ਨੂੰ ਚੁੰਮੇ
ਉਸ ਤੇ ਜਿੰਦੜੀ ਘੋਲਦੇ।
ਇਸ ਕੁੜੀ ਦਾ ਨਾਂ ਸੀ ਪੈਸ਼ੀਨੋਵਾ। ਪੂਰਾ ਨਾਂ ਸੀ ਬਲਾਂਕਾ ਪੈਸ਼ੀਨੋਵਾ। ਦੋ ਕੁ ਹਫ਼ਤਿਆਂ ਲਈ ਉਹ ਮੇਰੀ ਦੁਭਾਸ਼ਣ ਸੀ। ਮੈਨੂੰ ਪਤਾ ਸੀ ਕਿ ਇਹਨੂੰ ਬਲਾਂਕਾ ਕਹਿ ਕੇ ਨਹੀਂ ਬੁਲਾਉਣਾ। ਪੈਸ਼ੀਨੇਵਾ ਕਹਿ ਕੇ ਬੁਲਾਇਆ ਤਾਂ ਉਹਨੇ ਮਿੱਠੀ ਜਿਹੀ ਘੂਰੀ ਵੱਟ ਕੇ ਸਮਝਾ ਦਿੱਤਾ: ਮਿਸ ਪੈਸ਼ੀਨੋਵਾ। ਮਿਸ ਦਾ ਲਫ਼ਜ਼ੀ ਅਰਥ ਭਾਵੇਂ ਕੁਝ ਵੀ ਹੋਵੇ, ਸਮਾਜਿਕ ਸਾਰਥਕਤਾ ਇਹ ਸੀ ਕਿ ਤੇਰੇ ਮੇਰੇ ਵਿਚਕਾਰ ਧਰਮ ਭੈਣ ਜਾਂ ਧਰਮ ਧੀ ਜਿਹਾ ਰਿਸ਼ਤਾ ਹੈ। ਮੈਂ ਇਕ ਅਧ ਵਾਰ ਫੇਰ ਖੁੰਝਾ ਤਾਂ ਉਹਦੀ ਘੂਰੀ ਕੁਝ ਘੱਟ ਮਿੱਠੀ ਹੋ ਗਈ। ਉਹਨੇ `ਮਿਸ` ਉਪਰ ਰਤਾ ਕੁ ਵਾਧੂ ਜ਼ੋਰ ਦੇ ਕੇ ਮੈਨੂੰ ਆਪਣੇ ਵਿਚਾਲੇ ਸਮਾਜਿਕ ਸ਼ੱਛਤਾ ਦੀ ਲੋੜ ਵਧੇਰੇ ਸਪਸ਼ਟ ਕਰਵਾ ਦਿੱਤੀ। ਕੁਝ ਹੀ ਦਿਨਾਂ ਵਿਚ ਉਹਨੂੰ ਮੇਰੇ `ਤੇ ਭਰੋਸਾ ਬੱਝਾ ਤਾਂ ਕਹਿਣ ਲੱਗੀ। ਤੁਸੀਂ ਤਾਂ ਕੋਈ ਸੇਂਟ ਹੋ, ਓਲਡ ਬਾਈਬਲ `ਚੋਂ ਸਿੱਧੇ ਚਲ ਕੇ ਆਏ ਐਬਰਾਹਮ ਵਰਗੇ ਕੋਈ ਪਰਾਫਿਟ। ਤੁਸੀਂ ਚਾਹੇ ਤਾਂ ਮੈਨੂੰ ਬਲਾਕਾ ਕਹਿ ਲਵੇ। ਮੈਂ ਕਿਹਾ ਮੈਨੂੰ ਪੈਸ਼ੀਨੇਵਾ ਨਾਂ ਹੀ ਪਸੰਦ ਹੈ। ਇਹ ਵਧੇਰੇ ਪੇਇਟਿਕ ਹੈ। ਉਹਨੇ ਸਵਾਲ ਕੀਤਾ, ਬਲਾਂਕਾ ਕਿਉਂ ਨਹੀਂ? ਮੈਂ ਕਿਹਾ, ‘ਬਲਾਂਕਾ ਨਾਲ ਬਲੈਕ ਜਿਹਾ, ਖ਼ਾਲੀ ਜਿਹਾ, ਸੁੰਵਾ ਜਿਹਾ ਬਿੰਬ ਬਣਦਾ ਹੈ`। ‘ਤੇ ਪੈਸ਼ੀਨੇਵਾ ਨਾਲ?`। ‘ਲਾਲੇ ਸੂਹੇ ਪੈਸ਼ਨ ਵਰਗਾ। ਮੇਰੀ ਜਾਚੇ ਇਹਦਾ ਅਰਥ ਹੈ ਨਵਾਂ ਨਵਾਂ ਪੈਸ਼ਨ, ਮਨੋਵੇਗ`। ਮੇਰੀ ਗੱਲ ਸੁਣ ਕੇ ਉਹ ਲਾਲ ਸੂਹੀ ਹੋ ਗਈ। ਉਹਨੂੰ ਮੇਰੀ ਇਹ ਵਿਆਖਿਆ ਭਾ ਗਈ। ਕਹਿੰਦੀ, ‘ਠੀਕ ਹੈ, ਹੁਣ ਤੁਸੀਂ ਮਿਸ ਨਾ ਕਹਿਣਾ।`
ਇਕ ਦਿਨ ਅਸੀਂ ਕਿਸੇ ਪੁਰਾਣੇ ਮਹਿਲ ਦੀ ਯਾਤਰਾ ਕਰਕੇ ਵਾਪਸ ਆ ਰਹੇ ਸਾਂ ਤਾਂ ਗੱਲਾਂ ਗੱਲਾਂ `ਚ ਪੈਸ਼ੀਨੋਵਾ ਨੇ ਕਿਹਾ, “ਚੈਕ ਕੁੜੀ ਕਿਸੇ ਵੀ ਪਰਦੇਸੀ ਨਾਲ ਚਲਾ ਜਾਣਾ ਚਾਹੁੰਦੀ ਹੈ, ਵੈਸਟ ਜਰਮਨ ਤੋਂ ਲੈ ਕੇ ਇੰਡੀਅਨ ਤਕ ਨਾਲ।” ਮੇਰੇ ਨਾਲ ਇਕ ਹੋਰ ਭਾਰਤੀ ਯਾਤ੍ਰੀ ਡਾ. ਕਿਸ਼ੋਰ ਵੀ ਸਫ਼ਰ ਕਰ ਰਿਹਾ ਸੀ। ਉਹਨੂੰ ‘ਇੰਡੀਅਨ ਤਕ` ਦਾ ਜ਼ਿਕਰ ਬੜਾ ਨਾਗਵਾਰ ਗੁਜ਼ਰਿਆ। ਕੁਝ ਦੇਰ ਦੋਹਾਂ `ਚ ਤਲਖ਼ ਕਲਾਮੀ ਹੁੰਦੀ ਰਹੀ। ਪੈਸ਼ੀਨੋਵਾ ਤੁਰਕੀ ਬਤੁਰਕੀ ਜਵਾਬ ਦੇ ਰਹੀ ਸੀ। ਆਖ਼ਰ ਉਹਨੇ ਕਿਹਾ, “ਡਾ. ਸਿੰਘ, ਮਿਸਟਰ ਕਿਸ਼ੋਰ ਸਮਝਦੇ ਕਿਉਂ ਨਹੀਂ, ਤੁਸੀਂ ਤਾਂ ਸ਼ਾਇਰ ਹੋ, ਸਮਝਦੇ ਹੋ। ਇਹਨਾਂ ਨੂੰ ਸਮਝਾਓ।” ਮੈਂ ਕਿਸ਼ੋਰ ਸਾਹਿਬ ਨੂੰ ਕਿਹਾ, “ਕਿਸ਼ੋਰ ਜੀ ਮੰਨ ਵੀ ਜਾਓ। ਕੋਈ ਵੈਸਟ ਜਰਮਨ ਤਾਂ ਏਥੇ ਹੈ ਨਹੀਂ, ਤੁਸੀਂ ਇਕੋ-ਇਕ ਇੰਡੀਅਨ ਹੀ ਤਾਂ ਹੋ ਸਮਝਦੇ ਤਾਂ ਹੋ, ਫੇਰ ਝਗੜਾ ਕਾਹਦਾ?” ਇਸਦੇ ਬਾ ਦ ਪੈਸ਼ੀਨੋਵਾ ਦੇ ਸੁਭਾ ਵਿਚ ਬੜੀ ਤਬਦੀਲੀ ਆ ਗਈ। ਦਿਨੇ ਕਮਲਕੱਲੇ ਅਜਾਇਬ-ਘਰਾਂ ਵਿਚ, ਯਹੂਦੀ ਸਿਨਾਗਾਗਾਂ ਵਿਚ, ਰਾਤੀਂ ਨਿਰਤ-ਨਾਟਕਾਂ ਵਿਚ ਨਿਰਤ-ਘਰਾਂ ਵਿਚ ਮਹਿਮਾਨਾਂ ਲਈ ਵੱਖਰੇ ਬਾਕਸ ਸਨ। ਮੈਨੂੰ ਜਾਪਿਆ ਲਛਮਨ ਰੇਖਾ ਦੇ ਆਰ-ਪਾਰ ਖੜ੍ਹੇ ਅਸੀਂ ਇਕ ਦੂਜੇ ਦੇ ਕੁਝ ਜ਼ਿਆਦਾ ਹੀ ਨੇੜੇ ਖਿੱਚੇ ਆ ਰਹੇ ਹਾਂ। ਖ਼ੁਸ਼ਕਿਸਮਤੀ ਨਾਲ ਸਾਡਾ ਦੁਭਾਸ਼ੀਆ ਬਦਲ ਦਿੱਤਾ ਗਿਆ। ਡਾ. ਮਾਸ਼ਾ ਨੇ ਮਿਸ ਪੈਸ਼ੀਨੋਵਾ ਦੀ ਥਾਂ ਲੈ ਲਈ। ਮੇਰੇ ਜਹਾਜ਼ ਚੜ੍ਹਨ ਤੋਂ ਇਕ ਦਿਨ ਪਹਿਲਾਂ ਪੈਸ਼ੀਨੋਵਾ ਸਾਨੂੰ ਰਾਹ ਤੁਰਦਿਆਂ ਬਾਜ਼ਾਰ ਵਿਚ ਮਿਲੀ। ਕਹਿੰਦੀ, “ਤੁਸੀਂ ਕਲ੍ਹ ਜਾ ਰਹੇ ਹੋ, ਮੈਨੂੰ ਪਤੈ। ਮੇਰੇ ਲਈ ਕਵਿਤਾ ਜ਼ਰੂਰ ਲਿਖਣਾ।” ਕਵਿਤਾ ਤਾਂ ਜ਼ਿਹਨ ਵਿਚ ਰੂਪਮਾਨ ਹੋ ਰਹੀ ਸੀ। ਮੈਂ ਇਕ ਸ਼ਹਿਰ ਨੂੰ ਅਲਵਿਦਾ ਕਹਿ ਰਿਹਾ ਸਾਂ ਜਿਸ ਨਾਲ ਤੱਤ-ਭੜੱਤੀ ਜਿਹਾ ਪਿਆਰ ਪੈ ਗਿਆ ਸੀ। ਕੋਪਾ, ਪੈਸ਼ੀਨੇਵਾ ਤੇ ਜਿਪਸਣ ਸਭ ਮੈਨੂੰ ਆਪਣੇ ਜਿਹੇ ਲੱਗ ਰਹੇ ਸਨ ਪਰ ਸਭਨਾਂ ਦੀ ਅਪਣੱਤ ਵਿਚ ਮੈਂ ਸ਼ਾਮਿਲ ਨਹੀਂ ਹੋ ਸਕਦਾ ਸਾਂ। ਇਸ ਦੇ ਬਾਅਦ ਮੈਂ ਹੋਰ ਕਈ ਦੇਸਾਂ ਵਿਚ ਗਿਆ ਪਰ ਜਿਸ ਕਿਸਮ ਦੀ ਸ਼ਾਇਰਾਨਾ ਤਬੀਅਤ ਮੈਨੂੰ ਚੈਕੋਸਲੋਵਾਕੀਆ ਦੀ ਲੱਗੀ, ਉਹੋ ਜਿਹੀ ਕਿਸੇ ਹੋਰ ਪੱਛਮੀ ਦੇਸ ਦੀ ਨਹੀਂ ਲੱਗੀ। ਮੈਨੂੰ ਲੱਗਾ ਜਿਵੇਂ ਪੱਛਮ ‘ਤਰੱਕੀ` ਕਰਦਾ ਕਰਦਾ ‘ਵਾਰਤਕ` ਜ਼ੋਨ ਵਿਚ ਪਹੁੰਚ ਚੁੱਕਾ ਹੈ, ਆਪਣੇ ਉਸ ਮੂਲ ਤੋਂ ਬਹੁਤ ਦੂਰ ਜਾ ਚੁੱਕਾ ਹੈ ਜੋ ਸ਼ਾਇਰੀ ਲਈ ਵੱਤਰ ਹੈ। ਪਰਾਗ ਪੁਰਾਣੇ ਢੰਗ ਦਾ ਸ਼ਹਿਰ ਸੀ ਜਿਸ ਦੀਆਂ ਬਾਹਰਲੀਆਂ ਸੜਕਾਂ ਪੱਥਰ ਜੋੜ ਜੋੜ ਕੇ ਬਣਾਈਆਂ ਗਈਆਂ ਸਨ। ਥਾਂ-ਪਰ-ਥਾਂ ਪੁਰਾਣੀਆਂ ਇਮਾਰਤਾਂ ਨੂੰ ਗੋਆਂ ਲੱਗੀਆਂ ਹੋਈਆਂ ਸਨ ਤੇ ਉਹਨਾਂ ਦੀ ਮੁਰੰਮਤ ਕੀਤੀ ਜਾ ਰਹੀ ਸੀ। ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਰੀਝ ਬਣੀ ਹੋਈ ਸੀ। ਇਸ ਕਾਵਿਕ ਸੁਭਾਅ ਵਾਲੇ ਸ਼ਹਿਰ ਵਿਚ ਦੋ-ਤਿੰਨ ਕੁੜੀਆਂ ਦੇ ਦਿਲ ਤਕ ਮੈਂ ਪਹੁੰਚ ਗਿਆ ਸਾਂ ਪਰ ਉਹਨਾਂ ਵਿਚ ਭਿੱਜੇ ਬਿਨਾਂ ਹੀ ਮੈਂ ਉਹਨਾਂ ਤੋਂ ਵਿਦਾ ਹੋ ਰਿਹਾ ਸਾਂ। ਅਜਨਬੀਆਂ ਪਾਸੋਂ ਇਹੋ ਜਿਹੀ ਅਪਣੱਤ ਮੈਂ ਹੋਰਥੇ ਨਾ ਕਦੇ ਪਹਿਲਾਂ ਵੇਖੀ ਸੀ ਨਾ ਫੇਰ ਇਸ ਦੇ ਬਾਅਦ:
ਨਿਰਮਲ ਨਿਰਮਲ ਤੇਰੀ ਝੀਲ
ਮੈਂ ਤਿਲਮਿਲ ਝਿਲਮਿਲ ਤਾਰਾ
ਨਾ ਇਹ ਤਾਰਾ ਘੁਲਿਆ ਮਿਲਿਆ
ਨਾ ਇਹ ਵਖਰਾ ਨਿਆਰਾ।
ਨਿਰੀ ਪੈਣ ਹਾਂ ਅੰਗ ਚਿਰਵਾ ਕੇ
ਕੰਡਿਆਂ `ਚੋਂ ਲੰਘ ਜਾਵਾਂ
ਅਪਣੇ ਪਿੱਛੇ ਛੱਡ ਨ ਸੱਕਾਂ
ਅਪਣਾ ਲੀਰ ਲੰਗਾਰਾ
ਉਮਰ ਦੁਪਹਿਰਾ ਸੜਦਾ ਸੂਰਜ
ਪਾਣੀ ਪਾਣੀ ਖੁਰਿਆ
ਆਖ ਨ ਸਕਿਆ ਬਕਲੇ ਪਾਣੀ
ਪੀ ਲੈ ਪੀ ਲੈ ਯਾਰਾ
ਦਰਿਆਵਾਂ ਤਾਂ ਕਿਹਾ ਬਥੇਰਾ
ਨੰਗ ਮੁਨੰਗਾ ਨਾ ਲੈ
ਦਰਿਆਵਾਂ ਤੋਂ ਕੰਢਿਆਂ ਤੀਕਰ
ਇਕ ਰਸਤਾ ਸੀ ਭਾਰਾ
ਪਹਿਲੀ ਨਜ਼ਰੇ ਕੋਰੇ ਬਦਨ ਤਕ
ਸਭ ਤੈਨੂੰ ਦੇ ਦਿੱਤਾ
ਭਾਵੇਂ ਪਤਾ ਸੀ ਇਹਨੀਂ ਰਾਹੀਂ
ਲੰਘਣਾ ਨਹੀਂ ਦੋਬਾਰਾ।
ਪਹਿਲੀ ਥਰਹਰ ਬਣ ਕੇ,
ਤੇਰੇ ਪਿੰਡੇ ਤੇ ਜੀ ਲੀਤਾ
ਦੂਜੀ ਥਰਹਰ ਤੀਕ ਉਡੀਕੇ
ਉਹ ਨਹੀਂ ਜਿੰਦ ਅਵਾਰਾ
ਸ਼ਾਮ ਪਈ ਹੁਣ ਨ੍ਹੇਰਾ ਬਣ ਕੇ
ਥਾਂ-ਪਰ-ਥਾਂ ਡੁੱਲ੍ਹ ਜਾਵਾਂ
ਕਲ੍ਹ ਨੂੰ ਸੂਰਜ ਹੂੰਝ ਲਵੇਗਾ
ਮੇਰਾ ਖੇਲ-ਖਿਲਾਰਾ।
ਵਿਦਿਆ ਵੇਲੇ ਤਿੱਖਿਆਂ ਨਕਸ਼ਾਂ ਵਾਲੀ ਉਹ ਜਿਪਸੀ ਕੁੜੀ ਵੀ ਮੇਰੇ ਮਨ ਵਿਚ ਵਸੀ ਹੋਈ ਸੀ ਜਿਸਨੇ ਆਪਣੇ ਭਾਈਚਾਰੇ ਦੇ ਬਿਲਕੁਲ ਸਾਹਵੇਂ, ਮੇਰਾ ਅਤਾ-ਪਤਾ ਪੁੱਛੇ ਬਿਨਾਂ, ਮੈਨੂੰ ਆਪਣੇ ਨਾਲ ਤੁਰਨ ਦਾ ਸੱਦਾ ਦਿੱਤਾ ਸੀ। ਉਸ ਸ਼ਹਿਰ ਮੈਂ ਵੀ ਤਾਂ ਇਕ ਜਿਪਸੀ ਹੀ ਸਾਂ। ਮੁਸਾਫ਼ਿਰ ਵਰਗੀ ਹੋਂਦ ਸੀ ਮੇਰੀ। ਮੈਂ ਉਸ ਕੁੜੀ ਨਾਲ ਮੁਸਾਫ਼ਿਰਾਂ ਵਾਂਗ ਚੱਲਣ ਤੋਂ ਇਨਕਾਰ ਕਰ ਦਿੱਤਾ ਸੀ। ਹਾਸੇ ਹਾਸੇ ਵਿਚ ਟਾਲਦਿਆਂ ਕਿਹਾ ਸੀ : ਕੱਲ੍ਹ ਚੱਲਾਂਗੇ। ਰੇਸਤੋਰਾਂ ਵਿਚ ਇਕ ਗਲਾਸ ਬੀਅਰ ਦਾ ਸਾਂਝਾ ਕਰਨ ਦੀ ਫੋਕੀ ਸੁਲ੍ਹਾ ਵੀ ਨਹੀਂ ਸੀ ਮਾਰੀ। ਜੀ ਚਾਹੁੰਦਾ ਸੀ ਜਾਂਦੀ ਵਾਰ ਉਹਨੂੰ ਵੀ ਮਿਲਾਂ, ਪਿਆਰ ਦਾ ਜੋ ਮੌਕਾ ਕੱਲ੍ਹ ਮਿਲਿਆ ਉਸ ਨੂੰ ਖੁੰਝਾ ਦੇਣ ਦਾ ਅੱਜ ਅਫ਼ਸੋਸ ਪ੍ਰਗਟਾ ਦਿਆਂ। ਪਰ ਗੁਆਚਾ ਹੋਇਆ ਕੱਲ੍ਹ ਅੱਜ ਕਿੱਥੇ ਆਉਂਦਾ ਹੈ। ਜਿਪਸੀ ਦੀ ਜੀਵਨ-ਜਾਚ ਵਿਚ ਵਰਤਮਾਨ, ਹੁਣੇ ਬਿਲਕੁਲ ਹੁਣੇ ਦਾ ਛਿਣ, ਦਾ ਸ਼ਿਰੋਮਣੀ ਮਹੱਤਵ ਹੈ। ਇਹ ਇਹਸਾਸ ਵੀ ਇਕ ਗੀਤ ਬਣਦਾ ਜਾਪਦਾ ਸੀ। ਇਹਨੂੰ ਮੈਂ ਇੰਗਲੈਂਡ ਪਹੁੰਚ ਕੇ ਰੂਪਮਾਨ ਕੀਤਾ:
ਕਲ੍ਹ ਦੇ ਮੀਤਾ ਅੱਜ ਨਾ ਆ
ਕਲ੍ਹ ਮੇਰਾ ਜੀ ਸੀ ਮਘਿਆ ਮਘਿਆ
ਅੱਜ ਦਾ ਕੌਣ ਵਸਾਹ
ਬੁਝ ਗਈ ਕਲ੍ਹ ਦੀ ਅਗ ਵਣਜਾਰਣ
ਬਾਕੀ ਤਾਂ ਠੰਢੜੀ ਠਾਰ ਸੁਆਹ
ਕਲ੍ਹ ਦੀ ਬਦਲੀ ਅੱਜ ਨਹੀਂ ਵਰ੍ਹਨਾ
ਨਾਲ ਕਦੋਂ ਤੁਰਦੇ ਦਰਿਆ
ਰਾਹ ਵਿਚ ਚੰਬੜੇ ਘਗਰੀ ਨੂੰ ਛਾਪੇ
ਇਨ੍ਹਾਂ ਨਾ ਤੁਰਨਾ ਸਾਰਾ ਰਾਹ
ਰਾਹ ਤਾਂ ਕਦੇ ਵੀ ਹੋਏ ਨ ਪੂਰਾ
ਹੋਰ ਅਗਾਂਹ ਤੋਂ ਹੋਰ ਅਗਾਂਹ
ਬੰਦਾ ਨਹੀਓਂ ਰੁਖ ਉਇ ਬੰਦਿਆ
ਇਸਦੀ ਛਾਵੇਂ ਬੈਠ ਨ ਜਾ
ਚਾਰ ਕਦਮ ਤੇਰੀ ਧੁੱਪ ਤੁਰੇ ਜੋ
ਸਾਰੀ ਉਮਰ ਨਾ ਯਾਰ ਬਣਾ
ਕਲ੍ਹ ਤੈਨੂੰ ਦਿਤੜੇ ਕੁਲ ਚੰਗਿਆੜੇ
ਬਾਕੀ ਨਾ ਰੱਖਿਆ ਕੋਲ ਬਚਾ
ਅੱਜ ਚੰਗਿਆੜੇ ਹੋਰ ਕਿਸੇ ਦੇ
ਅੱਜ ਦੀ ਅਗ ਦੇ ਅੱਜ ਦੇ ਚਾਅ
ਹਾਰ ਗੁੰਦਾਈਏ ਗਲ ਵਿਚ ਪਾਈਏ
ਚਾਹੀਏ ਤਾਂ ਸੁਟੀਏ ਤੋੜ ਵਗਾਹ
ਬਹੇ ਫੁੱਲਾਂ ਦਾ ਹੇਜ ਨ ਕਰੀਏ
ਸਿਰ ਤੇ ਨ ਚੁਕੀਏ ਸਦਾ ਗੁਨਾਹ
ਜਿਸ ਪਲ ਲਾਈਏ ਰੱਜ ਹੰਢਾਈਏ
ਹੰਢ ਜਾਵੇ ਤਾਂ ਸੁਟੀਏ ਲਾਹ
ਦਿਲ ਦੌਲਤ ਦਾ ਅੰਤ ਨ ਕੋਈ
ਰੋਜ਼ ਕਮਾ ਨਿਤ ਨਵੀਆਂ ਖਾਹ
ਇਸ਼ਕ ਜੇ ਕੋਈ ਕਤੂਰਾ ਹੋਵੇ
ਤੂੰ ਘਰ ਰੱਖ ਲੈ ਸੰਗਲੀ ਪਾ
ਇਸ਼ਕ ਤਾਂ ਸਾਡਾ ਸ਼ੇਰ ਬਘੇਲਾ
ਉਸ ਤੇ ਨ ਸਕੀਏ ਕਾਠੀ ਪਾ
ਕਲ੍ਹ ਦੇ ਮੀਤਾ ਅੱਜ ਨਾ ਆ
ਕਲ੍ਹ ਮੇਰਾ ਜੀ ਸੀ ਮਘਿਆ ਮਘਿਆ
ਅੱਜ ਮੇਰੇ ਜੀ ਦਾ ਕੌਣ ਵਸਾਹ।