ਅਕਾਲੀ ਦਲ ਦਾ ਸਿਆਸੀ ਨਿਘਾਰ ਅਤੇ ਬਾਗੀਆਂ ਦੀ ਹਕੀਕਤ

ਨਵਕਿਰਨ ਸਿੰਘ ਪੱਤੀ
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਸਮੇਂ ਪਾਰਟੀ ਵਿਚ ਬਹੁਤ ਵੱਡੀ ਬਗਾਵਤ ਦਾ ਸਾਹਮਣਾ ਕਰ ਰਿਹਾ ਹੈ। ਪਾਰਟੀ ਵਿਚ ਬਣੀ ਧੜੇਬੰਦੀ ਕਾਰਨ ਪਾਰਟੀ ਦੁਫੇੜ ਹੋਣ ਦੀ ਕਗਾਰ ਉੱਪਰ ਖੜ੍ਹੀ ਹੈ।

ਸਥਿਤੀ ਇਹ ਬਣੀ ਹੋਈ ਹੈ ਕਿ ਇਕ ਸਦੀ ਤੋਂ ਵੱਧ ਪੁਰਾਣੀ ਇਸ ਪਾਰਟੀ ਦੇ ਪ੍ਰਧਾਨ ਦੇ ਪੱਖ ਵਿਚ ਪੁਰਾਣੇ ਆਗੂਆਂ ਵਿਚੋਂ ਸਿਰਫ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਵਿਰਸਾ ਸਿੰਘ ਵਲਟੋਹਾ ਵਰਗੇ ਚੁਣਵੇਂ ਲੀਡਰ ਹੀ ਖੜ੍ਹੇ ਦਿਖਾਈ ਦੇ ਰਹੇ ਹਨ; ਦੂਜੇ ਪਾਸੇ, ਪ੍ਰਧਾਨ ਨੂੰ ਚੁਣੌਤੀ ਦੇਣ ਵਾਲਿਆਂ ਵਿਚ ਪਾਰਟੀ ਦੇ ਦਰਜਨ ਤੋਂ ਵੱਧ ਸੀਨੀਅਰ ਆਗੂ ਸ਼ਾਮਿਲ ਹਨ।
ਪ੍ਰਧਾਨ ਨੂੰ ਚੁਣੌਤੀ ਦੇਣ ਵਾਲੇ ਧੜੇ ਵੱਲੋਂ ਪਹਿਲੀ ਜੁਲਾਈ ਨੂੰ ਸ੍ਰੀ ਅਕਾਲ ਤਖਤ ਵਿਖੇ ਅਰਦਾਸ ਕਰਨ ਉਪਰੰਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਸਬੰਧੀ ਖਿਮਾ ਯਾਚਨਾ ਲਈ ਪੱਤਰ ਸੌਂਪਣ ਨਾਲ ਇਹ ਮਾਮਲਾ ਹੋਰ ਭਖ ਗਿਆ ਹੈ। ਇਸ ਪੱਤਰ ਰਾਹੀਂ ਪ੍ਰਧਾਨ ਤੋਂ ਬਾਗੀ ਹੋਏ ਲੀਡਰਾਂ ਨੇ 2007 ਤੋਂ 2017 ਤੱਕ ਸੱਤਾ ਵਿਚ ਰਹੀ ਪਾਰਟੀ ਤੋਂ ਹੋਈਆਂ ਗਲਤੀਆਂ ਦਾ ਜ਼ਿਕਰ ਕੀਤਾ ਗਿਆ ਹੈ।
ਪੰਜਾਬ ਇਸ ਸਮੇਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਸਾਹਮਣਾ ਕਰ ਰਿਹਾ ਹੈ, ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਿਆਸੀ ਨਿਘਾਰ ਦਾ ਹੀ ਨਤੀਜਾ ਹੈ ਕਿ ਪਾਰਟੀ ਦੀ ਅੰਦਰੂਨੀ ਧੜੇਬੰਦੀ ਕਾਰਨ ਸੁਖਬੀਰ ਸਿੰਘ ਬਾਦਲ ਦਾ ਧੜਾ ਤੱਕੜੀ ਚੋਣ ਨਿਸ਼ਾਨ ਉੱਪਰ ਚੋਣ ਲੜ ਰਹੀ ਪਾਰਟੀ ਉਮੀਦਵਾਰ ਸੁਰਜੀਤ ਕੌਰ ਨੂੰ ਵੋਟਾਂ ਪਵਾਉਣ ਦੀ ਬਜਾਇ ਬਸਪਾ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਿਹਾ ਹੈ।
ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ 13 ਵਿਚੋਂ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਅਤੇ ਇਹ ਹਾਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਪਾਰਟੀ ਲੀਡਰਸ਼ਿਪ ਲਈ ਦੂਜਾ ਵੱਡਾ ਝਟਕਾ ਸੀ। ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ 13.42 ਫੀਸਦੀ ਵੋਟਾਂ ਮਿਲੀਆਂ; 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਹ 5 ਫੀਸਦ ਘੱਟ ਹਨ। ਪਾਰਟੀ ਭਾਜਪਾ ਤੋਂ ਵੀ ਪਛੜ ਕੇ ਚੌਥੇ ਸਥਾਨ ਉੱਪਰ ਚਲੀ ਗਈ।
2022 ਦੀਆਂ ਚੋਣਾਂ ਵਿਚ ਪਾਰਟੀ ਦੇ ਸਰਪ੍ਰਸਤ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਇਹ ਸੰਕੇਤ ਸੀ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੋਂ ਅੱਕ ਚੁੱਕੇ ਹਨ। ਇਹਨਾਂ ਚੋਣਾਂ ਤੋਂ ਬਾਅਦ ਪਾਰਟੀ ਅੰਦਰ ਹਾਰ ਦਾ ਮੰਥਨ ਸ਼ੁਰੂ ਹੋਇਆ ਸੀ ਅਤੇ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਬਣਾਈ ਕਮੇਟੀ ਨੇ ਪਾਰਟੀ ਦੇ ਨਿਘਾਰ ਸਬੰਧੀ ਰਿਪੋਰਟ ਤਿਆਰ ਕੀਤੀ ਸੀ ਪਰ ਉਸ ਰਿਪੋਰਟ ਨੂੰ ਜਿਸ ਤਰ੍ਹਾਂ ਅਕਾਲੀ ਲੀਡਰਸ਼ਿਪ ਨੇ ‘ਦੱਬ` ਕੇ ਰੱਖਿਆ ਅਤੇ ਲੀਡਰਸ਼ਿਪ ਵਿਚ ਕੋਈ ਬਦਲਾਓ ਨਾ ਕੀਤਾ, ਉਸ ਨਾਲ ਵਰਕਰਾਂ ਵਿਚ ਨਿਰਾਸ਼ਤਾ ਵਧਦੀ ਗਈ। ਨਾਰਾਜ਼ ਆਗੂਆਂ ਵੱਲੋਂ ਵੀ ਦੋ ਸਾਲ ਬਾਅਦ ਹੁਣ ਉਹ ਰਿਪੋਰਟ ਜਨਤਕ ਕੀਤੀ ਗਈ ਹੈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿਆਸੀ ਅਤੇ ਪੰਥਕ ਸੰਘਰਸ਼ਾਂ ਵਿਚੋਂ ਨਿੱਕਲੇ ਅਕਾਲੀ ਦਲ ਦਾ ਇਤਿਹਾਸ ਸ਼ਾਨਾਮੱਤਾ ਰਿਹਾ ਹੈ ਲੇਕਿਨ ਜਦ ਅਸੀਂ ਇਸ ਵਿਚ ਆਏ ਸਿਆਸੀ ਨਿਘਾਰ ਦੀ ਨਿਸ਼ਾਨਦੇਹੀ ਕਰਨ ਤੁਰਦੇ ਹਾਂ ਇਸ ਦੀਆਂ ਜੜ੍ਹਾਂ 1995-96 ਦੇ ਉਸ ਦੌਰ ਨਾਲ ਜਾ ਜੁੜਦੀਆਂ ਹਨ ਜਦ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ। ਇਤਫਾਕ ਨਾਲ ਉਸੇ ਦੌਰ ਵਿਚ ਭਾਰਤੀ ਜਨਤਾ ਪਾਰਟੀ ਦਾ ਦੇਸ਼ ਦੀ ਵੱਡੀ ਧਿਰ ਵਜੋਂ ਉਭਾਰ ਹੋਇਆ ਸੀ। ਪੂਰੇ ਦੇਸ਼ ਵਿਚੋਂ ਸ਼੍ਰੋਮਣੀ ਅਕਾਲੀ ਦਲ ਪਹਿਲੀ ਅਜਿਹੀ ਪਾਰਟੀ ਸੀ ਜਿਸ ਨੇ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਕੀਤੇ ਇਸ ਫੈਸਲੇ ਨੇ ਅਕਾਲੀ ਪਾਰਟੀ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਕਿਉਂਕਿ ਦੇਸ਼ ਦੀ ਅਹਿਮ ਧਾਰਮਿਕ ਘੱਟ ਗਿਣਤੀ ਦੀ ਨੁਮਾਇੰਦਾ ਖੇਤਰੀ ਪਾਰਟੀ ਦਾ ਫਿਰਕੂ ਪਾਰਟੀ ਦੇ ਹੱਕ ਵਿਚ ਖੜ੍ਹਨਾ ਹੈਰਾਨੀਜਨਕ ਸੀ। ਬਾਦਲ ਨੇ ਫਰਵਰੀ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਰਲ ਕੇ ਲੜੀਆਂ ਅਤੇ ਸੂਬੇ ਵਿਚ ਅਜਿਹੀ ਸਾਂਝੀ ਸਰਕਾਰ ਬਣਾਈ ਕਿ ਅੱਜ ਬਾਦਲ ਪਰਿਵਾਰ ਸਮੇਤ ਉਹਨਾਂ ਦੀ ਅਗਵਾਈ ਵਾਲੀ ਪਾਰਟੀ ਦੀ ਸਿਆਸੀ ਹੋਂਦ ਹੀ ਖਤਰੇ ਵਿਚ ਪਈ ਹੋਈ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬ ਦੇ ਮਸਲਿਆਂ ਨੂੰ ਤਿਲਾਂਜਲੀ ਦੇ ਕੇ ਪਰਿਵਾਰਕ ਮੈਂਬਰਾਂ ਨੂੰ ਕੇਂਦਰ ਸਰਕਾਰ ਵਿਚ ਦਿਵਾਏ ਮੰਤਰੀ ਪਦ ਦੇ ਆਹੁਦੇ ਅੱਜ ਬਾਦਲਾਂ ਦੀ ਸਿਆਸੀ ਹੋਂਦ ਨੂੰ ਖਤਰੇ ਵਿਚ ਪਾ ਰਹੇ ਹਨ।
ਇਹ ਤੱਥ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਬਨਣ ਉਪਰੰਤ ਅਕਾਲੀ ਦਲ ਦੀ ਪੰਥਕ ਸਿਆਸਤ ਨੂੰ ਪਰਿਵਾਰਵਾਦ ਦੀ ਭੇਂਟ ਚਾੜ੍ਹ ਦਿੱਤਾ ਪਰ ਬਾਦਲ ਨੇ ਸਭ ਤੋਂ ਵੱਡੀ ਚੁਸਤੀ ਇਹ ਕੀਤੀ ਕਿ ਜਿੱਥੇ ਆਪਣਾ ਮੁੰਡਾ, ਨੂੰਹ ਰਾਜਨੀਤੀ ਵਿਚ ਫਿੱਟ ਕੀਤੇ, ਉੱਥੇ ਹੀ ਢੀਂਡਸਾ, ਬ੍ਰਹਮਪੁਰਾ, ਚੰਦੂਮਾਜਰਾ, ਮਲੂਕਾ ਵਰਗੇ ਅਕਾਲੀ ਲੀਡਰਾਂ ਦੇ ਮੂੰਹ ਬੰਦ ਕਰਨ ਲਈ ਉਹਨਾਂ ਦੇ ਬੱਚੇ ਵੀ ‘ਐਡਜਸਟ` ਕੀਤੇ। ਹੁਣ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਰਹੇ ਢੀਂਡਸਾ, ਚੰਦੂਮਾਜਰਾ, ਮਲੂਕਾ ਵਰਗੇ ਲੀਡਰਾਂ ਤੋਂ ਵੀ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਦੇ ਮੁੰਡਿਆਂ ਦੀ ਕੀ ਪੰਥਕ ਦੇਣ ਸੀ ਜੋ ਉਹਨਾਂ ਆਪਣੇ ਇਲਾਕੇ ਦੇ ਟਕਸਾਲੀ ਲੀਡਰਾਂ ਦੀ ਥਾਂ ਆਪਣੇ ਮੁੰਡਿਆਂ ਨੂੰ ਅਹੁਦੇ ਦਿੱਤੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫਿਲੌਰ, ਚਰਨਜੀਤ ਸਿੰਘ ਬਰਾੜ ਆਦਿ ਵੱਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਿੱਤੇ ਚਾਰ ਸਫਿਆਂ ਦੇ ਪੱਤਰ ਵਿਚ ਅਕਾਲੀ-ਭਾਜਪਾ ਸਰਕਾਰ ਵੇਲੇ ਹੋਈਆਂ ਗਲਤੀਆਂ ਅਤੇ ਭੁੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿਚ 2007 ਦਾ ਬਠਿੰਡਾ ਜ਼ਿਲ੍ਹੇ ਵਿਚਲੇ ਡੇਰਾ ਸਲਾਬਤਪੁਰਾ ਮਾਮਲਾ, 2015 ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ, ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਿਨਾਂ ਮੰਗਿਆਂ ਮੁਆਫੀ ਦੇਣ ਦੇ ਮਾਮਲੇ ਦਾ ਜ਼ਿਕਰ ਹੈ। ਇਸ ਪੱਤਰ ਵਿਚ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਉਣ ਅਤੇ ਝੂਠੇ ਮੁਕਾਬਲਿਆਂ ਦੀ ਜਾਂਚ ਲਈ ਕਮਿਸ਼ਨ ਨਾ ਬਣਾਉਣ ਸਬੰਧੀ ਮਾਮਲਾ ਸ਼ਾਮਿਲ ਹੈ ਪਰ ਅਕਾਲੀ ਦਲ ਦੇ ਇਹਨਾਂ ‘ਬਾਗੀ` ਆਗੂਆਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ 2007 ਤੋਂ 2017 ਤੱਕ ਦੀਆਂ ਇਹਨਾਂ ਘਟਨਾਵਾਂ ਉੱਪਰ ਇਹ ਹੁਣ ਤੱਕ ਕਿਉਂ ਨਹੀਂ ਬੋਲੇ?
ਕਿਸੇ ਸਮੇਂ ਅਕਾਲੀ ਦਲ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦਿਆਂ ਸੰਘੀ ਢਾਂਚੇ ਲਈ ਸਟੈਂਡ ਲੈਂਦਾ ਰਿਹਾ ਹੈ ਪਰ ਬਾਦਲ ਦੀ ਪ੍ਰਧਾਨਗੀ ਵਿਚ ਅਕਾਲੀ ਦਲ ਨੇ ਭਾਜਪਾ ਦਾ ਪਿਛਲੱਗ ਬਣ ਕੇ ਤਾਕਤਾਂ ਦੇ ਕੇਂਦਰੀਕਰਨ ਦੇ ਪੱਖ ਵਾਲੇ ਸਟੈਂਡ ਲਏ। ਹੁਣ ‘ਬਾਗੀ` ਹੋਏ ਧੜੇ ਦੇ ਆਗੂਆਂ ਤੋਂ ਅਜਿਹੇ ਸਿਧਾਂਤਕ ਮਾਮਲਿਆਂ ਉੱਪਰ ਸਟੈਂਡ ਪੁੱਛਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਉਹਨਾਂ ਦੀ ਭਾਜਪਾ ਨਾਲ ‘ਹਮਦਰਦੀ` ਵੀ ਜੱਗ ਜ਼ਾਹਿਰ ਹੋਵੇਗੀ।
ਜਦ ਪਾਰਟੀ ਅਤੇ ਸਰਕਾਰ ‘ਤੇ ਕਾਬਜ਼ ਹੋਇਆ ਬਾਦਲ ਪਰਿਵਾਰ ਸੂਬੇ ਦੀ ਟਰਾਂਸਪੋਰਟ, ਕੇਬਲ ਸਨਅਤ, ਰੇਤ-ਬਜਰੀ ਕਾਰੋਬਾਰ, ਹੋਟਲਾਂ ‘ਤੇ ਵੀ ਨਿੱਜੀ ਇਜਾਰੇਦਾਰੀ ਸਥਾਪਤ ਕਰਨ ਲੱਗਿਆ ਹੋਇਆ ਸੀ ਤਾਂ ਅੱਜ ਬਾਗੀ ਸੁਰ ਅਲਾਪਣ ਵਾਲੇ ਸਾਰੇ ਆਗੂ ਬਾਦਲ ਪਰਿਵਾਰ ਦੀ ਉਸਤਤ ਕਰਨ ਵਿਚ ਮਸਰੂਫ ਸਨ। ਪਾਰਟੀ ਦੇ ਕੁਝ ਲੀਡਰਾਂ ਖਿਲਾਫ ਨਸ਼ਿਆਂ ਨਾਲ ਸਬੰਧਿਤ ਗੰਭੀਰ ਇਲਜ਼ਾਮ ਤੱਕ ਲੱਗੇ ਪਰ ਇਹਨਾਂ ‘ਬਾਗੀ` ਹੋਏ ਲੀਡਰਾਂ ਵਿਚੋਂ ਅੱਜ ਤੱਕ ਕੋਈ ਕੁਸਕਿਆ ਤੱਕ ਨਹੀਂ।
ਇਤਿਹਾਸ ਦੱਸਦਾ ਹੈ ਕਿ ਅਕਾਲੀ ਦਲ ਵਿਚ ਬਗਾਵਤ ਕੋਈ ਨਵੀਂ ਗੱਲ ਨਹੀਂ। ਪਹਿਲਾਂ ਵੀ ਅਕਾਲੀ ਦਲ ਵਿਚ ਅਨੇਕ ਵਾਰ ਬਗਾਵਤਾਂ ਹੋਈਆਂ ਅਤੇ ਨਵੇਂ ਦਲ ਬਣੇ। ਅਕਾਲੀ ਸਿਆਸਤ ਵਿਚ ਦਿਲਚਸਪੀ ਰੱਖਣ ਵਾਲੇ ਕੁਝ ਸਿਆਸੀ ਮਾਹਿਰ ਕਹਿ ਰਹੇ ਹਨ ਕਿ ਅਕਾਲ ਤਖਤ ਸਾਹਿਬ ਨੂੰ ਅਕਾਲੀ ਦਲ ਦੇ ਵੱਖ-ਵੱਖ ਗਰੁੱਪਾਂ ਨੂੰ ਇਕੱਠੇ ਕਰਨਾ ਚਾਹੀਦਾ ਹੈ ਪਰ ਹਕੀਕਤ ਇਹ ਹੈ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਪਹਿਲਾਂ ਹੋ ਚੁੱਕੀਆਂ ਹਨ ਜਿਵੇਂ ਅਕਾਲੀ ਦਲ ਦੇ ਕਈ ਗਰੁੱਪ ਬਣ ਜਾਣ ਕਾਰਨ 1994 ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੀ ਹਦਾਇਤ ਉੱਤੇ ਅਕਾਲੀ ਦਲਾਂ ਦਾ ਰਲੇਵਾਂ ਕਰਨ ਦੀ ਕੋਸ਼ਿਸ਼ ਹੋਈ ਸੀ ਪਰ ਇਹ ਬਹੁਤਾ ਸਮਾਂ ਸਫਲ ਨਹੀਂ ਰਹੀ ਸੀ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਅਕਾਲੀ ਦਲ ਦੇ ਸਿਆਸੀ ਨਿਘਾਰ ਲਈ ਬਾਦਲ ਪਰਿਵਾਰ ਮੁੱਖ ਰੂਪ ਵਿਚ ਜ਼ਿੰਮੇਵਾਰ ਹੈ ਪਰ ਸਾਰਾ ਕੁਝ ਬਾਦਲ ਉਪਰ ਸੁੱਟ ਕੇ ਹੁਣ ਪੰਜਾਬ ਪੱਖੀ ਹੋਣ ਦਾ ਦੰਭ ਰਚ ਰਹੇ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਸੁਖਦੇਵ ਸਿੰਘ ਢੀਂਡਸਾ, ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ ਵਰਗੇ ਅਕਾਲੀ ਆਗੂ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ। ਅਸਲ ਵਿਚ ਹੁਣ ਪ੍ਰਧਾਨ ਨੂੰ ਚੈਲਿੰਜ ਕਰ ਰਹੇ ਸਾਰੇ ਆਗੂ ਅਕਾਲੀ ਦਲ ਦੇ ਨਿਘਾਰ ਵੇਲੇ ਪਾਰਟੀ ਵਿਚ ਹੀ ਸਨ ਅਤੇ ਸੱਤਾ ਦਾ ਸੁੱਖ ਮਾਣ ਰਹੇ ਸਨ। ਜੇ ਇਹ ਪਾਰਟੀ ਅੱਜ ਸੱਤਾ ਵਿਚ ਹੁੰਦੀ ਤਾਂ ਇਹਨਾਂ ਵਿਚੋਂ ਕਿਸੇ ਨੇ ਨਹੀਂ ਬੋਲਣਾ ਸੀ। ਇਹ ਸਾਰੇ ਉਹੀ ਆਗੂ ਹਨ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ‘ਫਖਰ-ਏ-ਕੌਮ` ਐਵਾਰਡ ਦੇਣ/ਦਿਵਾਉਣ ਵਿਚ ਸ਼ਾਮਿਲ ਸਨ। ਹੁਣ ਜਦ ਬਾਦਲ ਦੇ ਸੱਤਾ ਵਿਚ ਰਹਿਣ ਸਮੇਂ ਹੋਈਆਂ ਗਲਤੀਆਂ ਦੀ ਮੁਆਫੀ ਮੰਗ ਰਹੇ ਹਨ ਤਾਂ ਉਸ ਨੂੰ ਦਿੱਤਾ ਐਵਾਰਡ ਵਾਪਸ ਕਿਉਂ ਨਹੀਂ ਮੰਗ ਰਹੇ? ਬਾਗੀ ਧੜੇ ਵੱਲੋਂ ‘ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ` ਸ਼ੁਰੂ ਕੀਤੀ ਗਈ ਹੈ ਪਰ ਇਹ ਧੜਾ ਭਾਜਪਾ ਖਿਲਾਫ ਬੋਲਣ ਤੋਂ ਟਾਲਾ ਵੱਟ ਰਿਹਾ ਹੈ। ਇਹ ਤੱਥ ਹੈ ਕਿ ਭਾਜਪਾ ਨਾਲ ਸਾਂਝ ਭਿਆਲੀ ਅਕਾਲੀ ਦਲ ਦੇ ਸਿਆਸੀ ਨਿਘਾਰ ਦੇ ਅਹਿਮ ਕਾਰਨਾਂ ਵਿਚੋਂ ਇਕ ਹੈ ਪਰ ਚੰਦੂਮਾਜਰਾ, ਢੀਂਡਸਾ ਵਰਗੇ ਆਗੂ ਇਕ ਵੀ ਸ਼ਬਦ ਇਸ ਮਾਮਲੇ ਉੱਪਰ ਕਹਿਣ ਤੋਂ ਇਨਕਾਰੀ ਹਨ। ਮਤਲਬ ਸਾਫ ਹੈ ਕਿ ਇਹ ਸਾਰੇ ਆਗੂ ਹੁਣ ਲੋਕਾਂ ਵਿਚੋਂ ਨਿੱਖੜ ਚੁੱਕੇ ਹਨ ਤੇ ਇਹ ਜਿੰਨੇ ਮਰਜ਼ੀ ਪਾਪੜ ਵੇਲ ਲੈਣ ਸੂਬੇ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ।