ਟੈਟੂ

ਸੁਰਿੰਦਰ ਗੀਤ
403 605-3734
ਆਦਤ ਮੁਤਾਬਿਕ ਅੱਜ ਵੀ ਮੈਂ ਸ਼ਿਫਟ ਸ਼ੁਰੂ ਹੋਣ ਤੋਂ ਦਸ-ਪੰਦਰਾਂ ਮਿੰਟ ਪਹਿਲਾਂ ਦਫ਼ਤਰ ਪੁੱਜ ਗਈ। ਨੈਨਸੀ ਨੇ ਕਾਫ਼ੀ ਦਾ ਕੱਪ ਭਰਿਆ ਤੇ ਸਿੱਧੀ ਮੇਰੇ ਕੋਲ ਆ ਖਲੋਤੀ।
“ਸੈਂਡੀ! ਖੁਸ਼ੀ ਦੀ ਗੱਲ ਹੈ ਕਿ ਲੰਬੇ ਸਮੇਂ ਤੋਂ ਪਈ ਖ਼ਾਲੀ ਪੁਜ਼ੀਸ਼ਨ ਭਰ ਲਈ ਗਈ ਹੈ।

ਅੱਜ ਉਸਨੂੰ ਫ਼ੋਨ ਕਰ ਕੇ ਦੱਸ ਦੇਵਾਂਗੀ। ਕੋਸ਼ਿਸ਼ ਰਹੇਗੀ ਕਿ ਉਹ ਜਲਦੀ ਤੋਂ ਜਲਦੀ ਜਾਇਨ ਕਰ ਲਵੇ। ” ਨੈਨਸੀ ਨੇ ਕਾਫ਼ੀ ਦਾ ਘੁੱਟ ਭਰਦਿਆਂ ਤੇ ਖ਼ੁਸ਼ੀ ਦੀ ਰੌਂਅ ’ਚ ਕਿਹਾ। ਨੈਨਸੀ ਪੁਲੀਸ ਦੇ ਐਡਮਨਿਸਟਰੇਸ਼ਨ ਮਹਿਕਮੇ ਵਿਚ ਮੇਰੀ ਮੈਨੇਜਰ ਸੀ।
ਕੁਝ ਮਹੀਨੇ ਪਹਿਲਾਂ ਦਫ਼ਤਰ ’ਚ ਇਕ ਕਰਮਚਾਰੀ ਦੇ ਰਿਟਾਇਰ ਹੋਣ `ਤੇ ਪੁਜ਼ੀਸ਼ਨ ਖਾਲੀ ਹੋ ਗਈ। ਨਵੀਂ ਪੋਸਟ ਕੱਢੀ ਗਈ। ਬਹੁਤ ਸਾਰੀਆਂ ਅਰਜ਼ੀਆਂ ਆਈਆਂ। ਅਰਜ਼ੀਆਂ ਛਾਂਟਣ ਵਿਚ ਮੈਂ ਨੈਨਸੀ ਦੀ ਮਦਦ ਕੀਤੀ। ਕਈ ਦਿਨ ਇੰਟਰਵਿਊ ਚਲਦੇ ਰਹੇ। ਮੈਂ ਵੀ ਇੰਟਰਵਿਊ ਲੈਣ ਵਾਲੇ ਪੈਨਲ ਵਿਚ ਬੈਠਦੀ ਰਹੀ। ਮੇਰੇ ਤਜਰਬੇ ਦੇ ਆਧਾਰ `ਤੇ ਮੈਨੂੰ ਇਸ ਪੈਨਲ ਲਈ ਚੁਣਿਆ ਗਿਆ ਸੀ। ਜੋ ਕੁੜੀ ਮੈਨੂੰ ਸਭ ਤੋਂ ਜ਼ਿਆਦਾ ਮੈਰਿਟ ’ਤੇ ਆਈ ਸੀ, ਖੁਸ਼ਕਿਸਮਤੀ ਨਾਲ ਸਭ ਦੀ ਸਹਿਮਤੀ ਓਸੇ `ਤੇ ਹੀ ਬਣੀ। ਉਸ ਕੁੜੀ ਦੀਆਂ ਅੱਖਾਂ ਵਿਚ ਲੋਹੜੇ ਦੀ ਚਮਕ ਸੀ। ਸ਼ਾਇਦ ਕੁਝ ਨਵਾਂ ਕਰਨ ਦੀ ਇੱਛਾ ਸਦਕਾ। ਇਸ ਤੋਂ ਇਲਾਵਾ, ਉਸਨੇ ਹਰ ਸਵਾਲ ਦਾ ਜਵਾਬ ਤਸੱਲੀ-ਬਖ਼ਸ ਦਿੱਤਾ ਸੀ। ਉਸਦਾ ਰੋਮ ਰੋਮ ਉਸਦੇ ਵਧੀਆ ਇਨਸਾਨ ਹੋਣ ਦੀ ਗਵਾਗੀ ਭਰਦਾ ਜਾਪਿਆ। ਉਸਦੇ ਮੂੰਹੋਂ ਜਦੋਂ ਸਾਰਿਆਂ ਲਈ ਗੁੱਡ-ਮਾਰਨਿੰਗ ਨਿਕਲੀ ਤਾਂ ਮੈਨੂੰ ਇਉਂ ਜਾਪਿਆ ਜਿਵੇਂ ਸਾਰਾ ਕਮਰਾ ਚੜ੍ਹਦੇ ਸੂਰਜ ਦੀ ਲਾਲੀ ਨਾਲ ਭਰ ਗਿਆ ਹੋਵੇ। ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਬੈਠੀ ਮੈਨੇਜਰ ਅਤੇ ਯੂਨੀਅਨ `ਚੋਂ ਆਏ ਨਿਗਰਾਨਾਂ ਨੂੰ ਕਿਵੇਂ ਮਹਿਸੂਸ ਹੋਇਆ ਪਰ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਉਸਦੀ ਮੁਸਕਰਾਹਟ ਵਿਚ ਭਿੱਜ ਗਈ ਸਾਂ।
ਲੰਚ ਟਾਈਮ ਤੋਂ ਪਹਿਲਾਂ ਨੈਨਸੀ ਮੇਰੇ ਕੋਲ ਫਿਰ ਆ ਖਲੋਤੀ। ਉਸਨੇ ਦੱਸਿਆ ਕਿ ਨਵੀਂ ਆਉਣ ਵਾਲੀ ਕੁੜੀ ਨਾਲ ਗੱਲ-ਬਾਤ ਹੋ ਗਈ ਹੈ। ਅਗਲੇ ਸੋਮਵਾਰ ਤੋਂ ਸਾਡੇ ਮਹਿਕਮੇ ਵਿਚ ਕੰਮ ਸ਼ੁਰੂ ਕਰੇਗੀ। ਉਸ ਤੋਂ ਪਹਿਲਾਂ ਉਸਦੀ ਸਕਿਉਰਿਟੀ ਚੈਕ, ਉਂਗਲਾਂ ਦੇ ਨਿਸ਼ਾਨ ਲੈਣ ਤੇ ਪੁਲੀਸ ਮਹਿਕਮੇ ਦਾ ਹਰ ਭੇਦ ਛੁਪਾ ਕੇ ਰੱਖਣ ਦੀ ਕਸਮ ਸਣੇ ਹੋਰ ਸਭ ਤਰ੍ਹਾਂ ਦੀਆਂ ਫਾਰਮੈਲਟੀਜ਼ ਪੂਰੀਆਂ ਕਰ ਲਈਆਂ ਜਾਣਗੀਆਂ।
ਹੁਣ ਮੈਂ ਉਸਦੇ ਦਫਤਰ ਆਉਣ ਦੀ ਉਡੀਕ ’ਚ ਸਾਂ। ਉਸਦੇ ਆਉਣ ਨਾਲ ਹੀ ਮੇਰੀ ਨਵੀਂ ਡਿਊਟੀ ਸ਼ੁਰੂ ਹੋਣੀ ਸੀ। ਨਵੀਂ ਡਿਊਟੀ ਅਨੁਸਾਰ ਮੈਂ ਉਸਨੂੰ ਇਸ ਦਫਤਰ ਦੇ ਕੰਮ-ਕਾਜ ਕਰਨ ਦੇ ਢੰਗ ਤਰੀਕੇ ਤੇ ਮਹਿਕਮੇ ਦੇ ਵਿਧੀ ਵਿਧਾਨ ਤੋਂ ਜਾਣੂੰ ਕਰਵਾਉਣਾ ਸੀ, ਭਾਵ ਉਸਨੂੰ ਟਰੇਨਿੰਗ ਦੇਣੀ ਸੀ।
ਆਮ ਕਰਕੇ ਨਵੇਂ ਬੰਦੇ ਨੂੰ ਟਰੇਨਿੰਗ ਦੇਣੀ ਇਕ ਕਿਸਮ ਨਾਲ ਬੋਝ ਜਿਹਾ ਹੁੰਦਾ ਹੈ ਪਰ ਮੈਨੂੰ ਉਸਨੂੰ ਮਿਲਣ ਦਾ ਚਾਅ ਜਿਹਾ ਚੜ੍ਹਿਆ ਪਿਆ ਸੀ। ਸ਼ਿਫਟ ਵਰਕ ਹੋਣ ਕਰਕੇ ਅਸੀਂ ਸਾਰੇ ਵਰਕਰ ਇਕ ਦੂਸਰੇ ਨੂੰ ਘੱਟ ਹੀ ਮਿਲਦੇ ਸਾਂ। ਬੱਸ ਆਪੋ ਆਪਣੀ ਸ਼ਿਫਟ ਦੇ ਲੋਕਾਂ ਨਾਲ ਹੀ ਮੇਲ ਮਿਲਾਪ ਰਹਿੰਦਾ ਤੇ ਕਈਆਂ ਨੂੰ ਮਿਲਿਆਂ ਤਾਂ ਕਈ ਕਈ ਮਹੀਨੇ ਬੀਤ ਜਾਂਦੇ। ਸਾਲ ’ਚ ਇਕ ਅੱਧ ਵਾਰੀ ਕਿਸੇ ਖ਼ਾਸ ਮੀਟਿੰਗ’ਚ ਹੀ ਅਸੀਂ ਇਕ ਦੂਸਰੇ ਨੂੰ ਮਿਲਦੇ। ਕਈਆਂ ਦੀਆਂ ਤਾਂ ਸ਼ਕਲਾਂ ਵੀ ਯਾਦ ਨਾ ਰਹਿੰਦੀਆਂ।
ਟਰੇਨਿੰਗ ਲੈ ਕੇ ਪਤਾ ਨਹੀਂ ਉਸਨੂੰ ਕਿਹੜੀ ਸ਼ਿਫਟ ਮਿਲੇ ਪਰ ਹੁਣ ਘੱਟੋ-ਘੱਟ ਚਾਰ ਹਫ਼ਤੇ ਤਾਂ ਉਸਨੇ ਮੇਰੇ ਨਾਲ ਨਾਲ ਰਹਿਣਾ ਸੀ, ਇਹ ਪੱਕਾ ਸੀ।
ਏਨੀ ਪਿਆਰੀ ਸੂਰਤ ਤੇ ਸੀਰਤ ਨੂੰ ਦੋਬਾਰਾ ਮਿਲਣਾ ਮੇਰੇ ਲਈ ਬਹੁਤ ਸੁਭਾਗਾ ਸੀ ਤੇ ਮੈਂ ਇਸ ਸੁਭਾਗੇ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸਾਂ।
ਸੋਮਵਾਰ ਆ ਗਿਆ ਤੇ ਉਹ ਸਮੇਂ ਸਿਰ ਦਫ਼ਤਰ ਪੁੱਜ ਗਈ। ਮੈਨੂੰ ਗੁੱਡ ਮਾਰਨਿੰਗ ਕਹਿਣ ਦੇ ਨਾਲ ਨਾਲ ਉਹ ਮੈਨੂੰ ਘੁੱਟ ਕੇ ਗਲਵੱਕੜੀ ਪਾ ਕੇ ਮਿਲੀ।
ਉਸਦੀ ਨਿੱਘੀ ਗਲਵੱਕੜੀ ਨੇ ਮੈਨੂੰ ਪ੍ਰਾਪਰਟੀ ਟੈਕਸ ਮਹਿਕਮੇ ਵਾਲੀ ਸਾਰੀ ਕਹਾਣੀ ਯਾਦ ਕਰਵਾ ਦਿੱਤੀ। ਭਾਵੇਂ ਉਸਦੀ ਉਮਰ ਮੇਰੇ ਤੋਂ ਛੋਟੀ ਸੀ ਪਰ ਪ੍ਰਾਪਰਟੀ ਟੈਕਸ ਦੇ ਦਫ਼ਤਰ ਵਿਚ ਮੇਰੀ ਪਹਿਲੇ ਹੀ ਦਿਨ ਉਸ ਨਾਲ ਦੋਸਤੀ ਹੋ ਗਈ। ਉਸਦਾ ‘ਲੀਜ਼ਾ’ ਨਾਮ ਮੈਨੂੰ ਬਹੁਤ ਹੀ ਚੰਗਾ ਲੱਗਿਆ।
ਉਸਨੂੰ ਇਸ ਦਫ਼ਤਰ ਵਿਚ ਕੰਮ ਕਰਦਿਆਂ ਦੋ ਕੁ ਸਾਲ ਹੋ ਗਏ ਸਨ। ਉਹ ਦਫ਼ਤਰ ਦੇ ਕੰਮ ਕਾਜ ਅਤੇ ਆਪਣੇ ਮੈਨੇਜਰ ਅਤੇ ਸੁਪਰਵਾਈਜ਼ਰ ਦੀ ਰਗ ਰਗ ਤੋਂ ਵਾਕਿਫ਼ ਸੀ।
ਮੈਂ ਉਸ ਦਫ਼ਤਰ ਵਿਚ ਭਾਵੇਂ ਨਵੀਂ ਸਾਂ ਪਰ ਸਨੀਔਰਟੀ ਦੇ ਹਿਸਾਬ ਨਾਲ ਮੈਂ ਉਸ ਤੋਂ ਕਾਫ਼ੀ ਅੱਗੇ ਸਾਂ ਤੇ ਮੇਰੀ ਪੁਜ਼ੀਸ਼ਨ ਵੀ ਉਸ ਤੋਂ ਉੱਪਰ ਸੀ। ਇਸ ਲਈ ਮੇਰੀ ਕੁਝ ਝੇਪ ਜਿਹੀ ਵੀ ਮੰਨਦੀ ਸੀ।
ਉਸਦਾ ਮੇਰੇ ਨਾਲ ਕਾਫ਼ੀ ਬਰੇਕ ਅਤੇ ਲੰਚ ਬਰੇਕ `ਤੇ ਜਾਣਾ ਆਮ ਹੋ ਗਿਆ। ਉਸਨੇ ਦੋ-ਤਿੰਨ ਦਿਨਾਂ ਵਿਚ ਹੀ ਮੈਨੂੰ ਸੁਪਰਵਾਈਜ਼ਰ ਅਤੇ ਮੈਨੇਜਰ ਦੇ ਸੁਭਾਅ ਤੋਂ ਜਾਣੂੰ ਕਰਵਾ ਦਿੱਤਾ। ਮਿਹਨਤੀ ਬਹੁਤ ਸੀ। ਕੀ ਮਜ਼ਾਲ ਉਹ ਕਦੇ ਲੇਟ ਹੋਵੇ ਜਾਂ ਏਧਰ ਓਧਰ ਦੀਆਂ ਗੱਲਾਂ ਵਿਚ ਸਮਾਂ ਬਰਬਾਦ ਕਰੇ।
ਇਕ ਦਿਨ ਉਹ ਮੇਰੇ ਨਾਲ ਕੈਫੀਟੇਰੀਏ ਵਿਚ ਲੰਚ ਕਰ ਰਹੀ ਸੀ ਤਾਂ ਉਸਨੇ ਮੇਰੇ ਵੱਲ ਗਹੁ ਨਾਲ ਵੇਖਿਆ। ਉਸਦੀਆਂ ਮੋਟੀਆਂ ਗੋਲ ਭੂਰੀਆਂ ਅੱਖਾਂ ਖ਼ੁਸ਼ੀ ਨਾਲ ਲਬਰੇਜ਼ ਸਨ। ਉਸਨੇ ਹੱਥ ’ਚ ਫੜੇ ਨਾਈਫ ਅਤੇ ਫੋਰਕ ਨੂੰ ਪਲੇਟ ਵਿਚ ਰੱਖਦਿਆਂ ਤੇ ਆਪਣਾ ਪੂਰਾ ਧਿਆਨ ਮੇਰੇ `ਤੇ ਕੇਂਦਰਿਤ ਕਰਦਿਆਂ ਕਿਹਾ,“ਆਈ ਲਾਈਕ ਈਸਟ ਇੰਡੀਅਨ ਬੁਆਏਜ਼ ਵੈਰੀ ਮੱਚ।”
“ਸੱਚੀਂ”- ਮੈਂ ਹੈਰਾਨੀ ਨਾਲ ਕਿਹਾ। ਉਸਦਾ ਇਸ ਤਰ੍ਹਾਂ ਕਹਿਣਾ ਮੈਨੂੰ ਬਹੁਤ ਹੀ ਚੰਗਾ ਲੱਗਿਆ।
ਪੱਛਮੀ ਸਭਿਅਤਾ ਵਿਚ ਜੰਮੀ-ਪਲੀ ਅੰਗਰੇਜ਼ ਕੁੜੀ ਦੇ ਮੂੰਹੋਂ ਇਹ ਵਾਕ ਨਿਕਲਣਾ ਮੇਰੇ ਲਈ ਹੈਰਾਨੀਜਨਕ ਸੀ। ਮੈਂ ਸੋਚਿਆ ਕਿ ਕੋਈ ਈਸਟ ਇੰਡੀਅਨ ਮੁੰਡਾ ਇਹਦੇ ਨਾਲ ਸਕੂਲ ਜਾਂ ਯੂਨੀਵਰਸਿਟੀ ਵਿਚ ਪੜ੍ਹਦਾ ਹੋਵੇਗਾ। ਇਸਦਾ ਦੋਸਤ ਹੋਵੇਗਾ।
ਮੇਰੀ ਸੋਚ ਬੱਸ ਏਥੋਂ ਤੱਕ ਹੀ ਸੀਮਤ ਰਹੀ।
ਕੁਝ ਦਿਨਾਂ ਬਾਅਦ ਉਹ ਮੈਨੂੰ ਆਖਣ ਲੱਗੀ,“ਕੈਨ ਆਈ ਟਾਕ ਟੂ ਯੂ ਪਰਸਨਲ?”
“ਵਾਏ ਨਾਟ”, ਮੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਇਕ ਪਿਆਰੀ ਮੁਸਕਾਨ ਉਸਦੇ ਚਿਹਰੇ `ਤੇ ਫ਼ੈਲ ਗਈ।
ਉਸਦੇ ਫਿੱਕੇ ਗੁਲਾਬੀ ਰੰਗ ਤੇ ਦੋਨਾਂ ਗੱਲ੍ਹਾਂ `ਚ ਪੈਂਦੇ ਟੋਇਆਂ ਨੂੰ ਵੇਖ ਉਹ ਮੈਨੂੰ ਪਹਿਲਾਂ ਨਾਲੋਂ ਵੀ ਸੋਹਣੀ ਲੱਗੀ। ਉਸਦਾ ਲੰਬਾ ਕੱਦ, ਛਾਂਟਵਾਂ ਸਰੀਰ, ਤਿੱਖੇ ਨੈਣ ਨਕਸ਼ ਤੇ ਗੋਰਾ ਗੁਲਾਬੀ ਰੰਗ ਤੇ ਮਨ-ਮੋਹਣੇ ਰੰਗਾਂ ਦੀਆਂ ਸਕਰਟਾਂ ਹਮੇਸ਼ਾ ਮੇਰਾ ਧਿਆਨ ਆਪਣੇ ਵੱਲ ਖਿੱਚੀ ਰੱਖਦੇ।
“ਰੱਬ ਇਨ੍ਹਾਂ ਲੋਕਾਂ ਨੂੰ ਹੁਸਨ ਵੀ ਰੱਜ ਕੇ ਦਿੰਦਾ ਹੈ” ਮੈਂ ਅਕਸਰ ਹੀ ਸੋਚਦੀ ਤੇ ਆਪੇ ਹੀ ਆਪਣੀ ਇਸ ਸੋਚ ਨੂੰ ਰੱਦ ਕਰ ਦਿੰਦੀ ਇਹ ਕਹਿ ਕੇ ਸੁੰਦਰਤਾ ਤਾਂ ਬੰਦੇ ਦੇ ਅੰਦਰ ਹੁੰਦੀ ਹੈ।
ਪਰ ਇਹ ਕੁੜੀ ਤਾਂ ਮੈਨੂੰ ਅੰਦਰੋਂ ਬਾਹਰੋਂ ਸੋਹਣੀ-ਸੁਨੱਖੀ ਜਾਪਦੀ ਸੀ। ਆਪਣੇ ਨਾਮ ਵਰਗੀ ਹੀ ਉਸਦੀ ਸੂਰਤ ਤੇ ਸੀਰਤ ਸੀ।
ਜਿਸ ਬਿਲਡਿੰਗ ਵਿਚ ਅਸੀਂ ਕੰਮ ਕਰਦੀਆਂ ਸਾਂ, ਉਸਦੇ ਸਾਹਮਣੇ ਗੋਰਿਆਂ ਦਾ ਕਬਰਸਤਾਨ ਸੀ। ਮੇਰਾ ਸੁਭਾਅ ਹੀ ਬਣ ਗਿਆ ਸੀ ਕਿ ਲੰਚ ਟਾਈਮ ’ਚ ਮੈਂ ਕਬਰਸਤਾਨ ਵਿਚ ਘੁੰਮਣ ਫਿਰਨ ਚਲੀ ਜਾਂਦੀ ਸਾਂ।
“ਤੁਹਾਨੂੰ ਡਰ ਨਹੀਂ ਲੱਗਦਾ ਕਬਰਾਂ `ਚੋਂ?” ਇਕ ਦਿਨ ਲੀਜ਼ਾ ਬੋਲੀ।
“ਡਰ ਕਾਹਦਾ!” ਮੈਂ ਆਪਣੀ ਬਹਾਦਰੀ ਦਿਖਾਉਂਦੇ ਹੋਏ ਕਿਹਾ।
“ਪਰ… ਪੰਜਾਬੀ ਲੋਕ ਤਾਂ ਇਸ ਤਰ੍ਹਾਂ ਦੀਆਂ ਥਾਵਾਂ ਤੋਂ ਬਹੁਤ ਡਰਦੇ ਆ” ਉਸਨੇ ਹੱਸਦਿਆਂ ਮੇਰੇ ਵੱਲ ਤੱਕਦਿਆਂ ਕਿਹਾ।
“ਪਰ ਮੈਂ ਨਹੀਂ ਡਰਦੀ। ਇਨ੍ਹਾਂ ਵਿਚਾਰਿਆਂ ਨੇ ਕਿਹੜਾ ਕਬਰਾਂ `ਚੋਂ ਨਿਕਲ ਕੇ ਸਾਨੂੰ ਜੱਫ਼ਾ ਪਾਉਣਾ ਹੁੰਦਾ ਹੈ।”– ਮੈਂ ਕਿਹਾ।
ਅਸੀਂ ਦੋਨੋਂ ਖਿੜਖਿੜਾ ਕੇ ਹੱਸ ਪਈਆਂ। ਕਈ ਦਿਨਾਂ ਤਕ ਉਸਦੀ ਇਹ ਗੱਲ ਮੈਨੂੰ ਵਾਰ ਵਾਰ ਚੇਤੇ ਆਉਂਦੀ ਰਹੀ ਕਿ ਇਸਨੂੰ ਕਿਵੇਂ ਪਤਾ ਹੈ ਕਿ ਪੰਜਾਬੀ ਕਬਰਾਂ ਅਤੇ ਸਿਵਿਆਂ ’ਚ ਜਾਣ ਤੋਂ ਗੁਰੇਜ਼ ਕਰਦੇ ਹਨ। ਉਹ ਸੋਚਦੇ ਹਨ ਕਿ ਮਰ ਕੇ ਭੂਤ-ਪ੍ਰੇਤ ਬਣੇ ਲੋਕ ਸਾਨੂੰ ਚੰਬੜ ਜਾਣਗੇ।
ਤੇ ਫਿਰ ਇਕ ਦਿਨ ਉਸਨੇ ਗੱਲਾਂ ਗੱਲਾਂ ਵਿਚ ਮੈਨੂੰ ਦੱਸ ਦਿੱਤਾ ਕਿ ਉਸਦਾ ਬੁਆਏ ਫਰੈਂਡ ਇੰਡੀਅਨ ਪੰਜਾਬ ਤੋਂ ਹੈ। ਉਹ ਕਬਰਾਂ ਤੋਂ ਬਹੁਤ ਡਰਦਾ ਹੈ।
ਉਸਦੇ ‘ਪੰਜਾਬੀ’ ਕਹਿਣ `ਤੇ ਮੇਰੇ ਕੰਨ ਖੜ੍ਹੇ ਹੋ ਗਏ।
“ਰੀਅਲੀ!” ਮੈਂ ਕਾਹਲੀ ਨਾਲ ਕਿਹਾ। “ਕੀ ਨਾਮ ਹੈ ਓਹਦਾ?”
ਲੀਜ਼ਾ ਨੇ ਮੇਰੇ ਵੱਲ ਇਕ ਮੁਸਕਰਾਹਟ ਸੁੱਟੀ ਤੇ ਕਿਹਾ,“ਉਸਦਾ ਨਾਮ ਹਰਨੇਕ ਸਿੰਘ ਮੱਲ੍ਹੀ ਹੈ। ਪਰ ਉਸਨੂੰ ਸਾਰੇ ਨੇਕ ਹੀ ਸੱਦਦੇ ਹਨ।”
“ਅੱਛਾ”– ਕਹਿ ਕੇ ਮੈਂ ਸੋਚਣ ਲੱਗ ਪਈ ਕਿ ਮੁੰਡਾ ਜੱਟਾਂ ਦਾ ਹੈ। ‘ਮੱਲ੍ਹੀਆਂ’ ਦੇ ਕਈ ਪਿੰਡ ਮੋਗੇ ਦੇ ਆਸ ਪਾਸ ਹਨ। ਹੋ ਸਕਦੈ ਇਹ ਮੋਗੇ ਜ਼ਿਲ੍ਹੇ ਦਾ ਹੀ ਹੋਵੇ। ਕੋਈ ਸਾਕ-ਸਕੀਰੀ ਹੀ ਨਿਕਲ ਆਵੇ। ਪੰਜਾਬੀਆਂ ਨੂੰ ਆਦਤ ਵੀ ਹੈ ਕਿ ਉਹ ਮਿੰਟਾਂ ਸਕਿੰਟਾਂ ’ਚ ਸ਼ਕੀਰੀ ਕੱਢ ਲੈਂਦੇ ਹਨ। ਇਹ ਸੋਚਦਿਆਂ ਮੈਂ ਉਹਨੂੰ ਦੂਸਰਾ ਸਵਾਲ ਕਰ ਦਿੱਤਾ,“ਕਿਹੜੇ ਪਿੰਡ ਦਾ ਹੈ?”
ਉਹ ਮੁਸਕਰਾਈ ਤੇ ਮੇਰੇ ਵੱਲ ਦੇਖਣ ਲੱਗ ਪਈ। ਸ਼ਾਇਦ ਉਸਨੂੰ ਮੇਰਾ ਸਵਾਲ ਚੰਗਾ ਨਹੀਂ ਸੀ ਲੱਗਿਆ।
“ਭਲਾ ਉਸਨੂੰ ਸਾਡੇ ਪਿੰਡਾਂ ਦਾ ਕੀ ਪਤਾ!” ਮੈਂ ਸ਼ਰਮਿੰਦਗੀ ਜਿਹੀ ਨਾਲ ਆਪਣੇ ਆਪ ਨੂੰ ਕਿਹਾ।
“ਆਈ ਡੌਂਟ ਨੋਅ।”
ਲੀਜ਼ਾ ਨੇ ਇਹ ਵੀ ਦੱਸ ਦਿੱਤਾ ਕਿ ਉਹ ਸਕੂਲ ਤੋਂ ਇਕ ਦੂਸਰੇ ਨੂੰ ਜਾਣਦੇ ਹਨ। ਪਹਿਲਾਂ ਤਾਂ ਦੋਸਤੀ ਸੀ ਤੇ ਯੂਨੀਵਰਸਿਟੀ ਤੱਕ ਪਹੁੰਚਦਿਆਂ ਪਹੁੰਚਦਿਆਂ ਪਿਆਰ ਵਿਚ ਬਦਲ ਗਈ। ਤੇ ਹੁਣ ਉਹ ਇਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਹਨ। ਉਹ ਭਾਵੁਕ ਹੋਈ ਨੇਕ ਬਾਰੇ ਕਈ ਕੁਝ ਕਹਿ ਗਈ ਕਿ ਨੇਕ ਉਸਦੀ ਜ਼ਿੰਦਗੀ ਹੈ। ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਬਹੁਤ ਸੁਨੱਖਾ ਹੈ।
ਮੇਰੇ ਵਿਚ ਉਸ ਖ਼ੁਸਕਿਸਮਤ ਮੁੰਡੇ ਬਾਰੇ ਹੋਰ ਜਾਣਕਾਰੀ ਲੈਣ ਦੀ ਉਤਸੁਕਤਾ ਵਧ ਗਈ।
“ਲੀਜ਼ਾ! ਕੀ ਉਹ ਕੈਨੇਡਾ ਦਾ ਜੰਮ-ਪਲ ਹੈ।” ਮੇਰਾ ਅਗਲਾ ਮਹੱਤਵ-ਪੂਰਣ ਸਵਾਲ ਸੀ।
“ਨੋ ਨੋ! ਉਹ ਚੌਦਾ ਸਾਲਾਂ ਦਾ ਸੀ ਜਦੋਂ ਆਪਣੇ ਮਾਂ ਬਾਪ ਨਾਲ ਕੈਨੇਡਾ ਆਇਆ ਸੀ। ਉਸਦੀ ਵੱਡੀ ਭੈਣ ਨੇ ਸਾਰੀ ਫੈਮਿਲੀ ਦਾ ਅਪਲਾਈ ਕੀਤਾ ਸੀ। ਉਹ ਏਥੇ ਆ ਕੇ ਸਤਵੀਂ ਜਮਾਤ ਵਿਚ ਦਾਖ਼ਲ ਹੋਇਆ ਅੰਗਰੇਜ਼ੀ ਦੀਆਂ ਵਾਧੂ ਕਲਾਸਾਂ ਲੈ ਕੇ ਉਹ ਦਿਨਾਂ ਵਿਚ ਹੀ ਅੰਗਰੇਜ਼ੀ ਬੋਲਣਾ ਤੇ ਲਿਖਣਾ ਸਿੱਖ ਗਿਆ ਹੁਣ ਤਾਂ ਉਹ ਬਹੁਤ ਵਧੀਆ ਅੰਗਰੇਜ਼ੀ ਬੋਲਦਾ ਹੈ।”- ਲੀਜ਼ਾ ਦੇ ਲਹਿਜ਼ੇ ਵਿਚ ਉਸਦੀ ਪ੍ਰਸ਼ੰਸਾ ਸੀ ਅਤੇ ਦਿਲ ਵਿਚ ਮਾਣ ਮਹਿਸੂਸ ਕਰ ਰਹੀ ਸੀ।
“ਕੀ ਕੰਮ ਕਰਦਾ ਹੈ?”
ਉਹ ‘ਅਮਕੋ ਪੈਟਰੋਲੀਅਮ’ ਵਿਚ ਕੰਮ ਕਰਦਾ ਹੈ। ਉਸ ਨੇ ਛੇਤੀ ਨਾਲ ਜਵਾਬ ਦਿੱਤਾ।
ਲੀਜ਼ਾ ਨੇ ਸਵਾਲੀਆਂ ਨਜ਼ਰਾਂ ਨਾਲ ਮੇਰੇ ਵੱਲ ਤੱਕਿਆ ਤੇ ਕਿਹਾ,“ ਡੂ ਯੂ ਨੋ ਹਿਮ?”
“ਨੋ…ਨੋ….ਆਈ ਡੌਂਟ।” ਮੈਂ ਕਿਹਾ।
ਮੈਂ ਲੀਜ਼ਾ ਨਾਲ ਆਪਣੀ ਸਾਂਝ ਪੱਕੀ ਕਰਨ ਲਈ ਬਿਨਾਂ ਸੋਚੇ ਸਮਝੇ ਪੰਜਾਬੀ ਸੁਭਾਅ ਅਨੁਸਾਰ ਕਹਿ ਦਿੱਤਾ ਕਿ ਤੂੰ ਨੇਕ ਕੋਲ ਮੇਰੇ ਬਾਰੇ ਗੱਲ ਜ਼ਰੂਰ ਕਰੀਂ। ਹੋ ਸਕਦਾ ਉਹ ਮੈਨੂੰ ਜਾਣਦਾ ਹੋਵੇ। ਜੇਕਰ ਉਹ ਨਾ ਜਾਣਦਾ ਹੋਇਆ ਤਾਂ ਹੋ ਸਕਦਾ ਉਸਦੇ ਮਾਂ-ਬਾਪ ਜ਼ਰੂਰ ਜਾਣਦੇ ਹੋਣਗੇ।
ਦਫ਼ਤਰ ਆ ਕੇ ਮੈਂ ਇਕ ਕਾਗਜ਼ `ਤੇ ਆਪਣਾ ਨਾਮ ਤੇ ਪਿੰਡ ਦਾ ਨਾਮ ਲਿਖ ਕੇ ਉਸ ਦੇ ਡੈਸਕ `ਤੇ ਜਾ ਕੇ ਦੇ ਆਈ ਤੇ ਕਿਹਾ,“ਲੀਜ਼ਾ…. ਇਹ ਆਪਣੇ ਬੁਆਏ ਫਰੈਂਡ ਨੂੰ ਦੇ ਦੇਵੀਂ। ਹੋ ਸਕਦਾ, ਉਸਦੇ ਮਾਂ ਬਾਪ ਤੇ ਉਹ ਆਪ ਮੈਨੂੰ ਜਾਣਦਾ ਹੋਵੇ।”
“ਜ਼ਰੂਰ ਦੇਵਾਂਗੀ। ਅੱਜ ਸ਼ਾਮੀਂ ਉਸਨੇ ਮੈਨੂੰ ਮਿਲਣਾ ਹੈ। ਉਸਨੇ ਮੇਰਾ ਨਵਾਂ ਅਪਾਰਟਮੈਂਟ ਦੇਖਣ ਆਉਣਾ ਹੈ ਅਤੇ ਹੋ ਸਕਦਾ ਹੈ ਅੱਜ ਰਾਤ ਉਹ ਮੇਰੇ ਕੋਲ ਹੀ ਰਹੇ।”
ਉਸਦੇ ਡੈਸਕ `ਤੇ ਪਏ ਫ਼ੋਨ ਦੀ ਘੰਟੀ ਖੜਕ ਪਈ। ਉਸਨੇ ਮੇਰੇ ਤੋਂ ਮੁਆਫ਼ੀ ਮੰਗਦਿਆਂ ਫ਼ੋਨ ਨੂੰ ਹੱਥ ਪਾ ਲਿਆ ਅਤੇ ਮੈਂ ਆਪਣੇ ਡੈਸਕ `ਤੇ ਵਾਪਿਸ ਆ ਗਈ।
ਛੁੱਟੀ ਦਾ ਵਕਤ ਹੋ ਗਿਆ। ਅਸੀ ਦੋਨੋਂ ਪਾਰਕਿੰਗ ਲਾਟ ਤੱਕ ਇਕੱਠੀਆਂ ਆਈਆਂ ਤੇ ਗੁੱਡ ਨਾਈਟ ਤੇ ਹੈਵ ਏ ਨਾਈਸ ਵੀਕਐਂਡ ਕਹਿ ਕੇ ਆਪੋ ਆਪਣੀਆਂ ਕਾਰਾਂ ’ਚ ਬੈਠ ਗਈਆਂ।
ਇਸ ਤੋਂ ਬਾਅਦ ਉਹ ਮੈਨੂੰ ਸੋਮਵਾਰ ਨੂੰ ਮਿਲੀ। ਉਹ ਕੁਝ ਬਦਲੀ ਬਦਲੀ ਜਾਪੀ। ਉਸਦੇ ਚਿਹਰੇ `ਤੇ ਪਹਿਲਾਂ ਵਾਲੇ ਹਾਵ ਭਾਵ ਨਹੀਂ ਦਿਸੇ। ਉਹ ਮੇਰੇ ਨਾਲ ਗੱਲ ਕਰਦੀ ਤਾਂ ਸੀ ਪਰ ਨਜ਼ਰਾਂ ਚੁਰਾ ਕੇ।
“ਕੋਈ ਗੱਲ ਹੋਣੀ ਹੈ!” ਮੈਂ ਸੋਚਣ ਲੱਗ ਪਈ। ਜੀਅ ਤਾਂ ਕੀਤਾ ਸੀ ਕਿ ਮੈਂ ਉਸ ਤੋਂ ਇਸ ਬਾਰੇ ਪੁੱਛਾਂ। ਪਰ ਇਹ ਸੋਚ ਕੇ ਚੁੱਪ ਹੋ ਗਈ ਕਿ ਗੋਰਿਆਂ ਨਾਲ ਸਾਡੀ ਕਾਹਦੀ ਸਾਂਝ ਹੈ। ਇਹ ਨਿਰਮੋਹੇ ਜਿਹੇ ਹੁੰਦੇ ਨੇ।
ਹੁਣ ਉਹ ਮੇਰੇ ਤੋਂ ਦੂਰ-ਦੂਰ ਰਹਿਣ ਲੱਗ ਪਈ। ਕੰਮ ਦੀ ਗੱਲ ਤੋਂ ਬਿਨਾਂ ਕੋਈ ਹੋਰ ਗੱਲ ਸਾਂਝੀ ਨਾ ਕਰਦੀ। ਨਾ ਉਹ ਕਦੇ ਮੇਰੇ ਨਾਲ ਕਾਫ਼ੀ ਬਰੇਕ `ਤੇ ਜਾਂਦੀ ਅਤੇ ਨਾ ਹੀ ਲੰਚ `ਤੇ ਜਾਣ ਲਈ ਆਖਦੀ। ਮੈਂ ਉਦਾਸ ਹੋਣ ਦੇ ਨਾਲ ਨਾਲ ਹੈਰਾਨ ਸਾਂ ਕਿਵੇਂ ਕੋਈ ਬਿਨਾਂ ਕਾਰਣ ਦੱਸੇ ਇਉਂ ਮੂੰਹ ਮੋੜ ਲੈਂਦਾ ਹੈ।
ਏਸੇ ਤਰ੍ਹਾਂ ਕੁਝ ਮਹੀਨੇ ਬੀਤ ਗਏ। ਪੁਲੀਸ ਡਿਪਾਰਟਮੈਂਟ ’ਚ ਨਵੀਂ ਪੋਸਟਿੰਗ ਆਈ ਤੇ ਮੈਂ ਅਪਲਾਈ ਕਰ ਦਿੱਤਾ। ਚੰਗੀ ਕਿਸਮਤ ਨੂੰ ਉਹ ਪੁਜ਼ੀਸ਼ਨ ਮੈਨੂੰ ਮਿਲ ਗਈ ਅਤੇ ਮੈਂ ਲੀਜ਼ਾ ਬਾਰੇ ਚੇਤੇ `ਚੋਂ ਨਿਕਲ ਗਈ।
ਤੇ ਫਿਰ ਜਦੋਂ ਅਰਜ਼ੀਆਂ ਦੇ ਢੇਰ ਵਿਚੋਂ ਮੈਂ ਉਸਦੀ ਅਰਜ਼ੀ ਛਾਂਟੀ ਤਾਂ ਮੈਂ ਕੁਝ ਚੰਗਾ ਚੰਗਾ ਮਹਿਸੂਸ ਕੀਤਾ। ਕੁੜੀ ਤਾਂ ਬਹੁਤ ਚੰਗੀ ਸੀ ਪਰ ਪਤਾ ਨਹੀਂ ਕਿਉਂ ਮੇਰੇ ਤੋਂ ਦੂਰ ਹੋ ਗਈ। ਇਕ ਵਾਰੀ ਤਾਂ ਦਿਮਾਗ਼ ’ਚ ਆਇਆ ਕਿ ਇਸ ਬਾਰੇ ਕੁਝ ਨੈਗੇਟਿਵ ਕਹਿ ਦੇਵਾਂ ਪਰ ਆਤਮਾ ਨੇ ਅਜਿਹਾ ਕਰਨ ਦੀ ਹਾਮੀ ਨਾ ਭਰੀ।
ਪੁਲੀਸ ਮਹਿਕਮੇ ਵਿਚ ਆ ਕੇ ਉਸਦਾ ਗਲਵੱਕੜੀ ਪਾਉਣਾ ਮੇਰੇ ਲਈ ਜਿੱਥੇ ਅਚੰਭਾ ਸੀ ਓਥੇ ਖੁਸ਼ੀਆਂ ਭਰਿਆ ਪੈਗ਼ਾਮ ਵੀ ਸੀ। ਹੱਸਣ ਹਸਾਉਣ ਲਈ ਇਸ਼ਾਰਾ ਸੀ। ਨਵੇਂ ਰਿਸ਼ਤੇ ਦੀ ਸ਼ੁਰੂਆਤ ਸੀ। ਪਰ ਇਸ ਸਭ ਕਾਸੇ ਦੇ ਬਾਵਜੂਦ ਮੈਂ ਕੁਝ ਜ਼ਿਆਦਾ ਅਪਣੱਤ ਨਾ ਦਿਖਾਈ। ਨਾ ਹੀ ਉਸਦੇ ਪੰਜਾਬੀ ਬੁਆਏ ਫਰੈਂਡ ਬਾਰੇ ਗੱਲ ਛੇੜੀ ਅਤੇ ਨਾ ਹੀ ਉਸਨੇ ਕੋਈ ਗੱਲ ਕੀਤੀ।
ਉਹ ਕਈ ਦਿਨ ਮੇਰੇ ਨਾਲ ਨਾਲ ਦਫ਼ਤਰ ਵਿਚ ਤੁਰਦੀ ਫਿਰਦੀ ਰਹੀ। ਕੰਮ ਸਿੱਖਦੀ ਰਹੀ। ਆਪਣੀ ਕਾਪੀ `ਤੇ ਆਪਣੇ ਨੋਟਸ ਲਿਖਦੀ ਤੇ ਕੰਮ ’ਚ ਪੂਰਾ ਧਿਆਨ ਲਾਉਂਦੀ। ਵਿਚ ਵਿਚ ਨੈਨਸੀ ਵੀ ਮੇਰੇ ਤੋਂ ਪੁੱਛ ਜਾਂਦੀ ਕਿ ਕਿਸ ਤਰ੍ਹਾਂ ਚੱਲ ਰਿਹਾ ਹੈ। ਮੈਂ ਉਸਦੀ ਲੋੜ ਤੋਂ ਵੱਧ ਚੰਗੀ ਰਿਪੋਰਟ ਪੇਸ਼ ਕਰਦੀ।
ਦਸ ਕੁ ਦਿਨਾਂ ਬਾਅਦ ਮੇਰੀ ਨਿਗਾਹ ਉਸਦੇ ਸੱਜੇ ਹੱਥ `ਤੇ ਪੈ ਗਈ। ਹੱਥ ਦੇ ਪਿਛਲੇ ਪਾਸੇ ਟੈਟੂ ਬਣਿਆ ਹੋਇਆ ਸੀ।
“ਇਹ ਤਾਂ ਖੰਡਾ ਲੱਗਦਾ ਹੈ?” ਮੈਂ ਆਪਣੇ ਆਪ ਨੂੰ ਕਿਹਾ।
ਮੈਂ ਹੋਰ ਗਹੁ ਨਾਲ ਦੇਖਿਆ। ਸੱਚਮੁੱਚ ਹੀ ਖੰਡਾ ਸੀ। ਉਸਨੇ ਮੈਨੂੰ ਟੈਟੂ ਵੱਲ ਦੇਖਦਿਆਂ ਦੇਖ ਲਿਆ।
ਲੀਜ਼ਾ ਨੂੰ ਪਤਾ ਲੱਗ ਗਿਆ ਕਿ ਹੁਣ ਕਿਸੇ ਨਾ ਕਿਸੇ ਦਿਨ ਇਸ ਖੰਡੇ ਵਾਲੇ ਟੈਟੂ ਬਾਰੇ ਸਵਾਲ ਤਾਂ ਹੋਵੇਗਾ ਹੀ। ਸ਼ਾਇਦ ਉਸਨੇ ਇਹ ਸੋਚ ਕੇ ਆਪ ਹੀ ਗੱਲ ਛੇੜ ਲਈ।
“ਦਿਸ ਟੈਟੂ!” ….ਉਸ ਦੇ ਮੂੰਹੋਂ ਨਿਕਲਿਆ ਹੀ ਸੀ ਕਿ ਫ਼ੋਨ ਦੀ ਘੰਟੀ ਖੜਕ ਪਈ। ਕਿਉਂਕਿ ਉਹ ਟਰੇਨਿੰਗ `ਤੇ ਸੀ, ਇਸ ਲਈ ਮੈਂ ਆਪ ਫ਼ੋਨ ਚੁੱਕਣ ਦੀ ਬਜਾਇ ਉਸਨੂੰ ਇਸ਼ਾਰਾ ਕੀਤਾ। ਟੈਟੂ ਵਾਲੀ ਗੱਲ ਵਿਚੇ ਹੀ ਰਹਿ ਗਈ।
ਕੁਝ ਦਿਨਾਂ ਬਾਅਦ ਲੀਜ਼ਾ ਕੁਝ ਵੱਖਰੇ ਮੂਡ ਵਿਚ ਸੀ। ਮੈਨੂੰ ਜਾਪਿਆ ਜਿਵੇਂ ਉਹ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦੀ ਸੀ। ਮੈਂ ਸ਼ੁਰੂ ਕਰਨ ਦਾ ਮੌਕਾ ਉਸਨੂੰ ਹੀ ਦੇਣਾ ਚਾਹੁੰਦੀ ਸਾਂ। ਕਿਉਂ ਕਿ ਮੈਂ ਸੋਚ ਰੱਖਿਆ ਸੀ ਕਿ ਮੈਂ ਉਸਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਨਹੀਂ ਕਹਿਣਾ ਤੇ ਨਾ ਕੋਈ ਸਵਾਲ ਕਰਨਾ ਹੈ।
ਉਸਨੇ ਮੇਰੇ ਨਾਲ ਪਿਆਰ ਤੇ ਹਮਦਰਦੀ ਦਿਖਾਉਂਦੇ ਹੋਏ ਆਪਣਾ ਪੱਖ ਦੱਸਣ ਦੇ ਅਹਿਸਾਸ ਨਾਲ ਕਹਿਣਾ ਸ਼ੁਰੂ ਕਰ ਦਿੱਤਾ “ਜਿਸ ਦਿਨ ਮੈਂ ਤੇਰਾ ਨਾਮ ਅਤੇ ਪਿੰਡ ਦੇ ਨਾਮ ਵਾਲੀ ਸਲਿੱਪ ਨੇਕ ਨੂੰ ਦਿਖਾਈ ਤਾਂ ਉਹ ਬਹੁਤ ਗੁੱਸੇ ਵਿਚ ਆ ਗਿਆ ਤੇ ਕਹਿਣ ਲੱਗਾ,“ਦਫ਼ਤਰ ਵਿਚ ਕਿਸੇ ਵੀ ਈਸਟ ਇੰਡੀਅਨ ਪੰਜਾਬੀ ਨਾਲ ਕੋਈ ਗੱਲ ਨਹੀਂ ਕਰਨੀ। ਇਹ ਲੋਕ ਬਹੁਤ ਬੁਰੇ ਹੁੰਦੇ ਹਨ ਪਿਆਰ ਮੁਹੱਬਤ ਦੇ ਮਾਮਲੇ ਵਿਚ। ਇਨ੍ਹਾਂ ਨੇ ਮੇਰੇ ਸਾਰੇ ਪਰਿਵਾਰ ਨੂੰ ਤੰਗ ਕਰਨਾ ਸ਼ੁਰੂ ਕਰ ਦੇਣਾ ਹੈ ਕਿ ਤੁਹਾਡਾ ਮੁੰਡਾ ਗੋਰੀ ਨਾਲ ਫਿਰਦਾ ਹੈ। ਤੇਰੇ ਮੇਰੇ ਵਿਆਹ ’ਚ ਅੜਿੱਕਾ ਪਾਉਣਗੇ। ਤੂੰ ਇਨ੍ਹਾਂ ਤੋਂ ਦੂਰ ਰਹਿ ਅਤੇ ਆਪਣੇ ਕੰਮ ਨਾਲ ਮਤਲਬ ਰੱਖ। ਕਿਸੇ ਵੀ ਪੰਜਾਬੀ ਕੋਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ ਦੀ ਲੋੜ ਨਹੀਂ।” ਇਹ ਸਾਰਾ ਕੁਝ ਉਹ ਇਕੋ ਸਾਹ ਹੀ ਕਹਿ ਗਈ।
ਮੇਰਾ ਹਾਸਾ ਨਿਕਲ ਗਿਆ ਤੇ ਮੈਂ ਮਨ ਹੀ ਮਨ ਉਸ ਪਾਗਲ ਮੁੰਡੇ ਨੂੰ ਗਾਲ੍ਹ ਕੱਢੀ।
ਲੀਜ਼ਾ ਨੇ ਆਪਣੀ ਗੱਲ ਜਾਰੀ ਰੱਖੀ।
“ਇਸ ਤੋਂ ਬਾਅਦ ਉਹ ਕੁਝ ਓਪਰੀਆਂ ਜੇਹੀਆਂ ਗੱਲਾਂ ਕਰਨ ਲੱਗ ਪਿਆ। ਰੋਜ਼ ਹੀ ਪੰਜਾਬੀ ਲੋਕਾਂ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਦਿੰਦਾ ਰਹਿੰਦਾ। ਏਥੋਂ ਤੱਕ ਕਿ ਉਸਨੇ ਹੋਰ ਪੰਜਾਬੀ ਲੋਕਾਂ ਨਾਲ ਵੀ ਮੇਰੇ ਸੰਬੰਧ ਖ਼ਰਾਬ ਕਰ ਦਿੱਤੇ।”
“ਹੂੰ” ਮੈਂ ਹੂੰ ਕਹਿ ਕੇ ਹੀ ਸਾਰ ਲਿਆ ਪਰ ਉਹ ਬੋਲਦੀ ਹੀ ਗਈ।
“ਮੈਂ ਉਸਨੂੰ ਬਹੁਤ ਪਿਆਰ ਕਰਦੀ ਸੀ। ਉਹ ਮੇਰੀ ਜਿੰਦ-ਜਾਨ ਸੀ। ਮੇਰੀ ਲਾਈਫ਼ ਤੇ ਮੇਰਾ ਸਭ ਕੁਝ ਸੀ ਨੇਕ।” ਨੇਕ ਨਾਮ ਲੈਂਦਿਆਂ ਹੀ ਉਸ ਦੀਆਂ ਅੱਖਾਂ ਭਰ ਆਈਆਂ।
ਉਹ ਬੋਲਦੀ ਹੀ ਗਈ। “ਮੈਨੂੰ ਉਸਦੇ ਵਿਵਹਾਰ `ਤੇ ਕੁਝ ਸ਼ੱਕ ਜਿਹਾ ਹੋਣ ਲੱਗਾ। ਪਰ ਮੈਂ ਇਸਨੂੰ ਆਪਣਾ ਭੁਲੇਖਾ ਜਾਂ ਗ਼ਲਤਫਹਿਮੀ ਸਮਝ ਕੇ ਨਜ਼ਰ-ਅੰਦਾਜ਼ ਕਰ ਦਿੱਤਾ।”
ਮੈਂ ਲੀਜ਼ਾ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਿਹਾ,“ਹਾਂ! ਏਸੇ ਤਰ੍ਹਾਂ ਹੀ ਹੁੰਦਾ ਹੈ। ਜਿਸਨੂੰ ਤੁਸੀਂ ਪਿਆਰ ਕਰਦੇ ਹੋ ਉਸਦੀ ਹਰ ਮਾੜੀ ਆਦਤ ਨਜ਼ਰ-ਅੰਦਾਜ਼ ਹੋ ਜਾਂਦੀ ਹੈ।”
“ਹੂੰ” ਕਹਿ ਕੇ ਉਹ ਚੁੱਪ ਹੋ ਗਈ। ਉਸਨੇ ਪਾਣੀ ਦੀ ਘੁੱਟ ਭਰੀ। ਪਾਣੀ ਪੀ ਕੇ ਜਿਵੇਂ ਉਸ ਵਿਚ ਤਾਕਤ ਆ ਗਈ ਤੇ ਉਸਨੇ ਪਹਿਲਾਂ ਨਾਲੋਂ ਉੱਚੀ ਆਵਾਜ਼ ’ਚ ਕਹਿਣਾ ਸ਼ੁਰੂ ਕੀਤਾ, “ਇਕ ਦਿਨ ਮੈਂ ਉਸ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਕੁਝ ਹੋਰ ਹੀ ਕਰਨ ਲੱਗ ਪਿਆ ਕਿ ਉਸਦੇ ਮੋਢਿਆਂ `ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਸਨੇ ਯੇਹ ਕਰਨਾ ਹੈ, ਵੋਹ ਕਰਨਾ ਹੈ, ਔਹ ਕਰਨਾ ਹੈ।” ਲੀਜ਼ਾ ਸਾਰਾ ਕੁਝ ਇਕੋ ਸਾਹ ਕਹਿ ਗਈ। ਸ਼ਾਇਦ ਉਹ ਵਾਕ ਨੂੰ ਹੋਰ ਵੀ ਲੰਬਾ ਕਰ ਦਿੰਦੀ ਜੇਕਰ ਮੈਂ ਉਸਨੂੰ ਵਿਚੋਂ ਦੀ ਨਾ ਟੋਕਦੀ।
“ਤੇ ਆਹ ਟੈਟੂ ਦਾ ਤੈਨੂੰ ਕਿਵੇਂ ਸ਼ੌਕ ਆਇਆ?” ਮੈਂ ਆਪਣੇ `ਤੇ ਜ਼ੋਰ ਦੇ ਕੇ ਪੁੱਛ ਹੀ ਲਿਆ।
“ਲੈ ਸੁਣ….. ਇਕ ਦਿਨ ਉਹ ਮੈਨੂੰ ਟੈਟੂ ਵਾਲੀ ਦੁਕਾਨ `ਤੇ ਲੈ ਗਿਆ। ਉਸਨੇ ਵੀ ਆਪਣੇ ਸੱਜੇ ਹੱਥ `ਤੇ ਬਿਲਕੁਲ ਇਸ ਤਰ੍ਹਾਂ ਦਾ ਟੈਟੂ ਬਣਵਾ ਲਿਆ ਤੇ ਮੇਰੇ ਹੱਥ ’ਤੇ ਵੀ ਬਣਵਾ ਦਿੱਤਾ। ਸ਼ੁਰੂ ਸ਼ੁਰੂ ’ਚ ਮੈਨੂੰ ਇਹ ਬਹੁਤ ਸੋਹਣਾ ਲੱਗਦਾ ਸੀ ਪਰ ਹੁਣ ਇਸਨੂੰ ਦੇਖ ਕੇ ਰੋਣ ਆ ਜਾਂਦਾ ਹੈ।” ਕਹਿੰਦੀ ਕਹਿੰਦੀ ਦੀ ਉਸ ਦੀ ਆਵਾਜ਼ ਭਾਰੀ ਹੋ ਗਈ।
ਏਨੇ ਨੂੰ ਇਕ ਪੁਲੀਸ ਅਫ਼ਸਰ ਦਫ਼ਤਰ ਵਿਚ ਆ ਧਮਕਿਆ।
ਪੁਲੀਸ ਅਫ਼ਸਰ ਨੇ ਆਉਂਦੇ ਸਾਰ ਹੀ ਲੀਜ਼ਾ ਦਾ ਟੈਟੂ ਵਾਲਾ ਹੱਥ ਫੜ ਲਿਆ। ਉਸਦੇ ਟੈਟੂ ਵੱਲ ਦੇਖ ਕੇ ਕਹਿਣ ਲੱਗਾ,“ਆਰ ਯੂ ਸਿੱਖ?” ਤੇ ਉਹ ਉੱਚੀ ਉੱਚੀ ਹੱਸ ਪਿਆ।
ਲੀਜ਼ਾ ਨੇ ਨਾਂਹ ਵਿਚ ਸਿਰ ਹਿਲਾਇਆ। ਪੁਲੀਸ ਅਫ਼ਸਰ ਦਾ ਮੋਢੇ ਉਤਲਾ ਰੇਡੀਓ ਬੋਲ ਪਿਆ ਤੇ ਉਹ ਹੈਲੋ ਹੈਲੋ ਕਰਦਾ ਚਲਾ ਗਿਆ।
ਮੈਂ ਆਪਣਾ ਸਾਰਾ ਧਿਆਨ ਲੀਜ਼ਾ ’ਤੇ ਕੇਂਦਰਿਤ ਕਰ ਦਿੱਤਾ। ਮੈਨੂੰ ਟੈਟੂ ਵਾਲੀ ਗੱਲ ਬੜੀ ਅਜੀਬ ਲੱਗ ਰਹੀ ਸੀ। ਇਹ ਨਹੀਂ ਕਿ ਮੈਨੂੰ ਖੰਡੇ ਦਾ ਟੈਟੂ ਚੰਗਾ ਨਹੀਂ ਸੀ ਲੱਗ ਰਿਹਾ। ਪਰ ਮੇਰੇ ਮਨ ’ਚ ਉੱਠਿਆ ਸਵਾਲ ਮੇਰੇ ਅੰਦਰ ਭੜਥੂ ਪਾ ਰਿਹਾ ਸੀ।
“ਲੀਜ਼ਾ…. ਮੈਨੂੰ ਟੈਟੂ ਵਾਲੀ ਗੱਲ ਸਮਝ ਨਹੀਂ ਆਈ। ਇਹ ਸਿੱਖ ਧਰਮ ਦਾ ਧਾਰਮਿਕ ਨਿਸ਼ਾਨ ਹੈ। ਚੰਗਾ ਹੈ….. ਸੋਹਣਾ ਹੈ ਪਰ ਇਸਦਾ ਤੇਰੇ ਤੇ ਨੇਕ ਦੇ ਵਿਆਹ ਨਾਲ ਕੀ ਸੰਬੰਧ ਹੈ?” ਮੈਂ ਨਾ ਚਾਹੁੰਦੀ ਹੋਈ ਨੇ ਪੁੱਛ ਲਿਆ।
ਲੀਜ਼ਾ ਹੱਸ ਪਈ। ਫਿਰ ਕੁਝ ਉਦਾਸ ਹੋ ਗਈ। ਮੈਂ ਉਸ ਦਾ ਤੇ ਆਪਣਾ ਕਾਫ਼ੀ ਵਾਲਾ ਕੱਪ ਚੁੱਕਿਆ ਤੇ ਦੋਨਾਂ ਕੱਪਾਂ ਵਿਚ ਕਾਫ਼ੀ ਪਾ ਲਈ ਤੇ ਦੋਬਾਰਾ ਕੁਰਸੀ `ਤੇ ਆ ਬੈਠੀ। ਲੀਜ਼ਾ ਮੇਰੇ ਸਾਹਮਣੇ ਵਾਲੀ ਕੁਰਸੀ `ਤੇ ਬੈਠੀ ਸੀ ਪਰ ਹੁਣ ਉਸਨੇ ਕੁਰਸੀ ਖਿੱਚ ਕੇ ਮੇਰੇ ਬਰਾਬਰ ਬਿਲਕੁਲ ਮੇਰੇ ਨਾਲ ਕਰ ਲਈ। ਮੈਨੂੰ ਲੱਗਿਆ ਜਿਵੇਂ ਅਗਾਂਹ ਵਾਲੀ ਗੱਲ ਕਰਨ ਲਈ ਉਸਨੂੰ ਮੇਰੇ ਸਹਾਰੇ ਦੀ ਲੋੜ ਹੈ। ਏਸੇ ਤਰ੍ਹਾਂ ਹੋਇਆ। ਉਸਨੇ ਮੇਰਾ ਹੱਥ ਫੜ ਲਿਆ ਤੇ ਆਪਣੀਆਂ ਅੱਖਾਂ ਮੇਰੇ ਚਿਹਰੇ `ਤੇ ਟਿਕਾ ਲਈਆਂ।
ਉਸਦੀਆਂ ਅੱਖਾਂ ਵਿਚ ਸਵਾਲਾਂ ਤੇ ਜਵਾਬਾਂ ਦਾ ਹੜ੍ਹ ਆ ਗਿਆ ਜਾਪਦਾ ਸੀ। ਕੁਝ ਪਲ ਉਹ ਚੁੱਪ ਰਹੀ ਤੇ ਫਿਰ ਤੋਂ ਆਪਣਾ ਟੈਟੂ ਵਾਲਾ ਹੱਥ ਮੇਰੇ ਅੱਗੇ ਕਰ ਕੇ ਬੋਲੀ, “ਆਰ ਯੂ ਸਿੱਖ ਟੂ?”
“ਯੈਸ …ਯੈਸ…..!” ਮੈਂ ਪੂਰੇ ਵਿਸ਼ਵਾਸ ਨਾਲ ਜਵਾਬ ਦਿੱਤਾ।
ਲੀਜ਼ਾ ਨੇ ਮੇਰਾ ਹੱਥ ਹੋਰ ਘੁੱਟ ਕੇ ਫੜ ਲਿਆ। ਉਸਦੀਆਂ ਅੱਖਾਂ `ਚੋਂ ਦੋ ਹੰਝੂ ਕਿਰ ਕੇ ਮੇਰੇ ਹੱਥ `ਤੇ ਡਿੱਗ ਪਏ। ਉਸਨੇ ਡੈਸਕ ਤੋਂ ਨੈਪਕਿਨ ਚੁੱਕਿਆ, ਮੇਰੇ ਹੱਥ ਨੂੰ ਸਾਫ਼ ਕੀਤਾ ਤੇ ਭਾਰੀ ਆਵਾਜ਼ ਵਿਚ ਬੋਲੀ, “ਨੇਕ ਕਹਿੰਦਾ ਸੀ ਕਿ ਇਹ ਨਿਸ਼ਾਨ ਤੇਰੇ ਤੇ ਮੇਰੇ ਵਿਚਲੇ ਪਿਆਰ, ਵਿਸ਼ਵਾਸ, ਅਤੇ ਵਾਅਦੇ ਦੀ ਨਿਸ਼ਾਨੀ ਹੈ। ਇਹ ਸਾਡੇ ਪਿਆਰ ਦਾ ਗਵਾਹ ਹੈ। ਇਹ ਉਸਦੇ ਗੁਰੂ ਵਲੋਂ ਅਸੀਸ ਹੈ। ਆਪਣਾ ਵਿਆਹ ਜ਼ਰੂਰ ਹੋਵੇਗਾ ਪਰ ਉਸ ਤੋਂ ਪਹਿਲਾਂ ਮੇਰੀ ਮਾਂ ਲਈ ਆਪਾਂ ਨੂੰ ਕੁਝ ਕਰਨਾ ਪੈਣਾ ਹੈ। ਮੇਰੇ ਸਿਰ `ਤੇ ਆਪਣੀ ਮਾਂ ਪ੍ਰਤੀ ਕੁਝ ਕਰਜ਼ਾ ਹੈ।”
“ਹੈਂ। ” ਮੈਂ ਹੈਰਾਨੀ ਨਾਲ ਕਿਹਾ।
ਉਸਨੇ ਆਪਣੀ ਗੱਲ ਜਾਰੀ ਰੱਖੀ।
“ਇਕ ਦਿਨ ਨੇਕ ਮੈਨੂੰ ਆਪਣੀ ਮਾਂ ਨੂੰ ਮਿਲਾਉਣ ਵਾਸਤੇ ਲੈ ਗਿਆ। ਉਸਦੀ ਮਾਂ ਨੂੰ ਅੰਗਰੇਜ਼ੀ ਬੋਲਣੀ ਤਾਂ ਆਉਂਦੀ ਨਹੀਂ ਸੀ ਪਰ ਨੇਕ ਮੈਨੂੰ ਸਾਰਾ ਕੁਝ ਸਮਝਾ ਰਿਹਾ ਸੀ ਜੋ ਉਸਦੀ ਮਾਂ ਆਪਣੀ ਭਾਸ਼ਾ ਵਿਚ ਆਖ ਰਹੀ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਉਸਦੀ ਮਾਂ ਨੇ ਮੇਰੇ ਅੱਗੇ ਆਪਣੀ ਬੇਹੂਦਾ ਜਿਹੀ ਮੰਗ ਰੱਖ ਦਿੱਤੀ।”
ਮੇਰੇ ਮੂੰਹੋਂ ਉੱਚੀ ਦੇਣੇ ਨਿਕਲ ਗਿਆ…. “ਮੰਗ…ਮੰਗ!” ਮੈਂ ਸੋਚਿਆ ਕਿ ਕੋਈ ਲੈਣ ਦੇਣ ਭਾਵ ਦਾਜ ਦਹੇਜ ਦੀ ਗੱਲ ਹੋਵੇਗੀ!
ਲੀਜ਼ਾ ਦਾ ਚਿਹਰਾ ਇਸ ਤਰ੍ਹਾਂ ਦਾ ਹੋ ਗਿਆ ਜਿਵੇਂ ਗੱਲ ਕਰਨ ਲੱਗਿਆਂ ਉਸਨੇ ਆਪਣੇ ਬੁੱਲ੍ਹ ਅੱਕ ਦੀ ਡੋਡੀ `ਤੇ ਰੱਖ ਦਿੱਤੇ ਹੋਣ, ਤੇ ਬੋਲਣ ਲੱਗਿਆਂ ਉਸਨੂੰ ਧੁੜਧੁੜੀ ਆ ਗਈ ਹੋਵੇ। ਉਸਨੇ ਕਾਫ਼ੀ ਦੀ ਘੁੱਟ ਭਰੀ ਤੇ ਕਿੰਨਾ ਹੀ ਚਿਰ ਉਸ ਘੁੱਟ ਨੂੰ ਆਪਣੇ ਮੂੰਹ ’ਚ ਰੱਖੀ ਰੱਖਿਆ। ਮੈਨੂੰ ਲੱਗਿਆ ਜਿਵੇਂ ਉਸਨੇ ਆਪਣੇ ਮੂੰਹ ਦਾ ਸਵਾਦ ਠੀਕ ਕਰਨ ਲਈ ਕਾਫ਼ੀ ਦੀ ਘੁੱਟ ਭਰੀ ਸੀ।
ਉਸਨੇ ਕੋਲ ਪਈ ਫ਼ਾਈਲ ਨੂੰ ਚੁੱਕਿਆ ਤੇ ਜ਼ੋਰ ਨਾਲ ਟੇਬਲ `ਤੇ ਦੋਬਾਰਾ ਸੁੱਟ ਦਿੱਤਾ। ਜਿਵੇਂ ਉਹ ਆਪਣਾ ਗੁੱਸਾ ਜ਼ਾਹਿਰ ਕਰ ਰਹੀ ਸੀ।
ਮੈਂ ਗੱਲ ਅੱਗੇ ਤੋਰਨ ਲਈ ਕਿਹਾ, “ਕੀ ਕਿਹਾ ਉਸਦੀ ਮਾਂ ਨੇ?”
“ਹਾਂ….. ਹਾਂ… ਉਹ ਬੁੱਢੀ ਔਰਤ ਮੈਨੂੰ ਆਪਣੇ ਕੋਲ ਬਿਠਾ ਕੇ ਪਲੋਸਣ ਲੱਗ ਪਈ। ਨੇਕ ਨਾਲ ਦੀ ਨਾਲ ਮੈਨੂੰ ਸਮਝਾ ਰਿਹਾ ਸੀ ਕਿ ਮਾਂ ਕਹਿੰਦੀ ਹੈ – ਤੂੰ ਬਹੁਤ ਸੋਹਣੀ ਹੈਂ। ਮੈਨੂੰ ਤੇਰਾ ਬਹੁਤ ਹੀ ਪਿਆਰ ਆਉਂਦੈ…. ਤੂੰ ਇਉਂ ਕਰ ਨੇਕ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਮੇਰੇ ਭਰਾ ਦੇ ਮੁੰਡੇ ਨਾਲ ਮਤਲਬ ਕਿ ਨੇਕ ਦੇ ਮਾਮੇ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਉਸਨੂੰ ਕੈਨੇਡਾ ਪੱਕਾ ਕਰਵਾ ਦੇ ਤੇ ਫਿਰ ਉਸ ਨਾਲ ਤਲਾਕ ਕਰਵਾ ਕੇ ਨੇਕ ਨਾਲ ਤੇਰਾ ਵਿਆਹ ਕਰ ਦੇਵਾਂਗੇ। ਮੇਰੇ ਭਤੀਜੇ ਨਾਲ ਤਾਂ ਤੂੰ ਵਿਆਹ ਕੱਚਾ ਹੀ ਕਰਵਾਉਣੈਂ। ਬੱਸ ਇਕ ਗੱਲ ਦਾ ਧਿਆਨ ਰੱਖੀਂ ਕਿ ਕਿਸੇ ਦੇ ਕੰਨੀਂ ਭਿਣਕ ਨਾ ਪਵੇ। ਕੰਮ ਕੁਮ `ਤੇ ਕਿਸੇ ਪੰਜਾਬੀ ਨਾਲ ਗੱਲ ਬਾਤ ਕਰਨ ਦੀ ਜ਼ਰੂਰਤ ਨਹੀਂ। ਸਾਡੇ ਲੋਕ ਬਣਦਾ ਕੰਮ ਖ਼ਰਾਬ ਕਰ ਦਿੰਦੇ ਆ।”
ਉਸ ਦੀਆਂ ਅੱਖਾਂ ਫਿਰ ਨਮ ਹੋ ਗਈਆਂ। ਉਹ ਅੱਖਾਂ ਪੂੰਝਦੀ ਹੋਈ ਦੋਬਾਰਾ ਫੁੱਟ ਪਈ,“ਨੇਕ ਦੀ ਮਾਂ ਇਹ ਸਭ ਕੁਝ ਕਹਿ ਕੇ ਮੇਰਾ ਟੈਟੂ ਵਾਲਾ ਹੱਥ ਪਲੋਸਣ ਲੱਗ ਪਈ ਤੇ ਟੈਟੂ ਵੱਲ ਇਸ਼ਾਰਾ ਕਰ ਕੇ ਆਖਣ ਲੱਗੀ, “ਧੀਏ ਆਹ ਵਾਹਿਗੁਰੂ ਤੁਹਾਡੀ ਰਾਖੀ ਕਰੇਗਾ।”
ਲੀਜ਼ਾ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਸੰਨਾਟਾ ਛਾ ਗਿਆ। ਮੈਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਲੀਜ਼ਾ ਨੂੰ ਕਿਵੇਂ ਹੌਸਲਾ ਦਿਆਂ। ਮੈਂ ਬੋਲਣ ਲਈ ਸ਼ਬਦ ਲੱਭ ਰਹੀ ਸਾਂ ਪਰ ਸ਼ਬਦ ਤਾਂ ਜਿਵੇਂ ਸ਼ਰਮਸ਼ਾਰ ਹੋਏ ਕਿਤੇ ਲੁਕ ਗਏ ਪ੍ਰਤੀਤ ਹੁੰਦੇ ਸਨ।
ਲੀਜ਼ਾ ਨੇ ਬਹੁਤ ਹੀ ਲੰਬਾ ਸਾਹ ਲਿਆ ਤੇ ਸਿਸਕੀਆਂ ਭਰਨ ਲੱਗੀ। ਇਸ ਤੋਂ ਅਗਲੇ ਸ਼ਬਦ ਕਹਿਣ ਵਿਚ ਉਸ ਨੂੰ ਦਿੱਕਤ ਆ ਰਹੀ ਸੀ। ਪਰ ਉਸਨੇ ਆਪਣੇ ਆਪ ਨੂੰ ਇਕੱਠਾ ਕਰ ਕੇ ਤਾੜੀ ਮਾਰੀ ਤੇ ਕਿਹਾ,“ਮੈਂ ਉਸਦੀ ਮਾਂ ਕੋਲੋਂ ਉੱਠ ਕੇ ਘਰੋਂ ਬਾਹਰ ਹੋ ਗਈ।”
“ਓ ਮਾਈ ਗਾਡ!” ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ।
ਮੈਂ ਲੀਜ਼ਾ ਦੇ ਚਿਹਰੇ ਵੱਲ ਲਗਾਤਾਰ ਦੇਖ ਰਹੀ ਸਾਂ।
ਲੀਜ਼ਾ ਨੇ ਫਿਰ ਕਾਫ਼ੀ ਦੀ ਘੁੱਟ ਭਰੀ। ਖਿੱਚਵਾਂ ਜਿਹਾ ਸਾਹ ਲਿਆ ਤੇ ਬੋਲੀ, “ਨੇਕ ਮੇਰੇ ਪਿੱਛੇ ਆਇਆ ਪਰ ਮੈਂ ਉਸਦੀ ਇਕ ਨਹੀਂ ਸੁਣੀ। ਘਰ ਦੇ ਬਾਹਰ ਖੜ੍ਹ ਮੈਂ ਟੈਕਸੀ ਨੂੰ ਫ਼ੋਨ ਕੀਤਾ ਤੇ ਆਪਣੇ ਅਪਾਰਟਮੈਂਟ ਪੁੱਜ ਗਈ।” ਜਿਵੇਂ ਹੀ ਉਸਨੇ ਇਹ ਸ਼ਬਦ ਕਹੇ, ਲੀਜ਼ਾ ਕੁਰਸੀ ਤੋਂ ਉੱਠ ਖੜੀ ਹੋਈ ਤੇ ਮੈਨੂੰ ਗਲਵੱਕੜੀ ਪਾ ਲਈ।
ਲੀਜ਼ਾ ਨੇ ਮੈਨੂੰ ਇਹ ਵੀ ਦੱਸਿਆ ਕਿ ਉਸ ਤੋਂ ਬਾਅਦ ਨੇਕ ਨੂੰ ਮੈਂ ਕਈ ਵਾਰ ਮਿਲੀ ਪਰ ਹਰ ਵਾਰ ਉਸਨੇ ਏਹੀ ਕਿਹਾ ਕਿ ਮੇਰੇ ਮਾਮੇ ਦਾ ਮੁੰਡਾ ਮੰਗਵਾ ਦੇ ਤੇ ਫਿਰ ਸਭ ਠੀਕ ਹੋ ਜਾਵੇਗਾ। ਉਸਨੇ ਇਹ ਵੀ ਕਿਹਾ ਕਿ ਉਸਦੀ ਮਾਂ ਇਹ ਕਹਿੰਦੀ ਹੈ ਕਿ ਭਾਰਤ ਤੋਂ ਤੈਨੂੰ ਵਧੀਆ ਸਰਦਾਰਾਂ ਦੀ ਧੀ ਮਿਲ ਸਕਦੀ ਹੈ। ਜੇਕਰ ਗੋਰੀ ਨਾਲ ਵਿਆਹ ਕਰਵਾਉਣਾ ਹੀ ਹੈ ਤਾਂ ਇਸ ਤੋਂ ਏਨਾ ਕੰਮ ਤਾਂ ਕਰਵਾ ਦੇ। ਪਰ ਮੇਰਾ ਪਿਆਰ ਕਿਸੇ ਝੂਠ ਦੀ ਹਾਮੀ ਨਹੀਂ ਭਰ ਸਕਦਾ। ਕੀ ਮੇਰੇ ਲਈ ਇਹ ਠੀਕ ਹੋਵੇਗਾ ਕਿ ਝੂਠ ਬੋਲਾਂ? ਝੂਠਾ ਵਿਆਹ ਕਰਵਾਵਾਂ!
ਹੁਣ ਮੈਂ ਸੋਚਦੀ ਹਾਂ ਕਿ ਨੇਕ ਨੇ ਮੇਰੇ ਨਾਲ ਦੋਸਤੀ ਇਸ ਲਈ ਪਾਈ ਸੀ ਕਿ ਉਹ ਆਪਣੇ ਮਾਮੇ ਦਾ ਮੁੰਡਾ ਮੰਗਵਾ ਸਕੇ ਤੇ ਇਸ ਮਕਸਦ ਲਈ ਮੈਨੂੰ ਵਰਤ ਸਕੇ। ਦਰਅਸਲ ਉਹ ਮੈਨੂੰ ਪਿਆਰ ਹੀ ਨਹੀਂ ਸੀ ਕਰਦਾ। ਪਿਆਰ ਕਰਨ ਦਾ ਢੋਂਗ ਰਚਾ ਰਿਹਾ ਸੀ। ਕਦੀ ਕਦੀ ਮੇਰੇ ਦਿਮਾਗ ਵਿਚ ਇਹ ਗੱਲ ਵੀ ਆਉਂਦੀ ਹੈ ਕਿ ਹੋ ਸਕਦਾ ਹੈ ਉਸਦੀ ਮਾਂ ਨੇ ਉਸਨੂੰ ਮੇਰੇ ਨਾਲ ਪਿਆਰ ਦਾ ਡਰਾਮਾ ਰਚਾਉਣ ਲਈ ਕਿਹਾ ਹੋਵੇ।
ਉਹ ਪਲ ਭਰ ਲਈ ਚੁੱਪ ਹੋ ਗਈ। ਲਗਾਤਾਰ ਮੇਰੇ ਵੱਲ ਦੇਖ ਰਹੀ ਸੀ। ਉਸਦੀ ਹਿੱਕ `ਚੋਂ ਨਿਕਲੇ ਇਕ ਲੰਬੇ ਸਾਰੇ ਹਉਕੇ ਤੋਂ ਮੈਨੂੰ ਉਸਦੀ ਪੀੜ ਦਾ ਅੰਦਾਜ਼ਾ ਲੱਗ ਗਿਆ। ਉਹ ਸਰੀਰਕ ਤੇ ਮਾਨਸਿਕ ਤੌਰ `ਤੇ ਇਕ ਮਾਰੂ ਪੀੜ `ਚੋਂ ਗੁਜ਼ਰ ਰਹੀ ਸੀ। ਮੈਂ ਦੇਖਿਆ ਕਿ ਹਉਕੇ ਦੇ ਨਾਲ ਦੋ ਮੋਟੇ ਮੋਟੇ ਹੰਝੂ ਉਸ ਦੀਆਂ ਅੱਖਾਂ `ਚੋਂ ਨਿਕਲੇ ਤੇ ਟੇਬਲ `ਤੇ ਪਈਆਂ ਫਾਈਲਾਂ `ਤੇ ਡਿੱਗ ਪਏ।
ਦਫ਼ਤਰ ਦਾ ਮਾਹੌਲ ਠੀਕ ਰੱਖਣ ਲਈ ਮੈਂ ਜਲਦੀ ਨਾਲ ਫਾਈਲਾਂ ਤੋਂ ਹੰਝੂ ਪੂੰਝ ਦਿੱਤੇ।
“ਕੀ ਤੈਨੂੰ ਹੁਣ ਨੇਕ ਮਿਲਦਾ ਹੈ” ਮੈਂ ਨੈਪਕਿਨ ਨੂੰ ਗਾਰਬੇਜ ਬਾਕਸ ਵਿਚ ਸੁੱਟਦਿਆਂ ਪੁੱਛਿਆ।
“ਨੋ ਨਾਟ ਐਟ ਆਲ…. ਹੁਣ ਉਸਨੇ ਮੈਨੂੰ ਮਿਲ ਕੇ ਕੀ ਕਰਨਾ ਹੈ। ਉਸਦੇ ਪਿਆਰ ਦੀ ਜੋ ਸ਼ਰਤ ਸੀ, ਮੈਂ ਮੰਨਣ ਤੋਂ ਇਨਕਾਰ ਕਰ ਦਿੱਤੀ। ਮੈਂ ਆਪਣੀ ਮਾਂ ਕੋਲ ਵੀ ਇਸ ਬਾਰੇ ਗੱਲ ਕੀਤੀ ਸੀ। ਮੇਰੀ ਮਾਂ ਨੇ ਵੀ ਮੈਨੂੰ ਏਹੀ ਕਿਹਾ ਕਿ ਉਸ ਨੇ ਤਾਂ ਤੇਰੇ ਰਾਹੀਂ ਆਪਣੇ ਮਾਮੇ ਦਾ ਮੁੰਡਾ ਹੀ ਮੰਗਵਾਉਣਾ ਸੀ ਤੇ ਇਸ ਤੋਂ ਵੱਧ ਹੋਰ ਕੁਝ ਨਹੀਂ ਸੀ।”
“ਰਾਈਟ….. ਯੂਅਰ ਮੰਮ ਇਜ਼ ਰਾਈਟ……” ਮੈਂ ਕਿਹਾ।
“ਜੇਕਰ ਨੇਕ ਮੈਨੂੰ ਅਸਲ ਪਿਆਰ ਕਰਦਾ ਹੁੰਦਾ ਤਾਂ ਮਾਮੇ ਦੇ ਪੁੱਤ ਨੂੰ ਸਾਡੇ ਵਿਚਕਾਰ ਲਿਆਉਣਾ ਹੀ ਨਹੀਂ ਸੀ!”
“ਯੈਸ ਲੀਜ਼ਾ ….।” ਮੈਂ ਵੀ ਉਸਦੀ ਹਾਂ ਵਿਚ ਹਾਂ ਮਿਲਾ ਦਿੱਤੀ।
ਲੀਜ਼ਾ ਨੀਵੀਂ ਪਾ ਕੇ ਮਿੰਟ ਕੁ ਲਈ ਖਾਮੋਸ਼ ਹੋ ਗਈ। ਉਹ ਟੇਬਲ `ਤੇ ਪਏ ਕਾਗਜ਼ `ਤੇ ਲਗਾਤਾਰ ਲਕੀਰਾਂ ਵਾਹ ਰਹੀ ਸੀ। ਮੈਂ ਵੀ ਚੁੱਪ ਸਾਂ।
ਦਫ਼ਤਰ ਦੇ ਫ਼ੋਨ ਦੀ ਘੰਟੀ ਖੜਕੀ। ਲੀਜ਼ਾ ਨੇ ਫ਼ੋਨ ਚੁੱਕਿਆ। ਅੱਗੋਂ ਕਿਸੇ ਨੇ ‘ਸੌਰੀ ਰੌਂਗ ਨੰਬਰ’ ਕਹਿ ਕੇ ਫ਼ੋਨ ਰੱਖ ਦਿੱਤਾ।
ਲੀਜ਼ਾ ਹੱਸ ਪਈ। ਉਸਦੇ ਹਾਸੇ ’ਚ ਉਸਦੀ ਪੀੜ ਛਣਕਦੀ ਸੀ।
ਤੇ ਫਿਰ ਉਹ ਹੱਥ `ਤੇ ਬਣੇ ਟੈਟੂ ਨੂੰ ਦੇਖਣ ਲੱਗ ਪਈ ਤੇ ਕਹਿਣ ਲੱਗੀ,“ਨੇਕ ਨੇ ਮੇਰੇ ਹੱਥ `ਤੇ ਇਹ ਟੈਟੂ ਬਣਵਾ ਕੇ ਮੇਰੀਆਂ ਭਾਵਨਾਵਾਂ ਦਾ ਕਤਲ ਕੀਤਾ ਹੈ। ਆਪਣਾ ਕੰਮ ਕੱਢਣ ਲਈ ਧਰਮ ਨੂੰ ਮੂਹਰੇ ਕਰ ਦਿੱਤਾ। ਮੈਂ ਹਰ ਧਰਮ ਦੀ ਕਦਰ ਕਰਦੀ ਹਾਂ ਪਰ ਧਰਮ ਨੂੰ ਝੂਠ ਬੋਲਣ ਲਈ ਵਰਤਣਾ ਪਾਪ ਹੈ। ਉਸਨੂੰ ਜ਼ਿੰਦਗੀ ’ਚ ਕਦੇ ਵੀ ਕਿਸੇ ਔਰਤ ਦਾ ਸੱਚਾ ਪਿਆਰ ਨਹੀਂ ਮਿਲ ਸਕਦਾ। ਉਹ ਸਿਰਫ਼ ਮੇਰਾ ਹੀ ਗੁਨਾਹਗਾਰ ਨਹੀਂ, ਉਹ ਪਿਆਰ ਵਰਗੇ ਸੋਹਣੇ ਅਹਿਸਾਸ ਦਾ ਵੀ ਗੁਨਾਹਗਾਰ ਹੈ। ਮੁਸ਼ਕਿਲ ਸੀ ਉਸਨੂੰ ਭੁੱਲਣਾ ਪਰ ਹੁਣ ਭੁੱਲ ਚੁੱਕੀ ਹਾਂ। ਮੈਨੂੰ ਨਫ਼ਰਤ ਹੈ ਉਸਦੇ ਨਾਮ ਤੋਂ……। ”
“ਹਾਂ” ਇਹ ਤਾਂ ਠੀਕ ਹੈ।” ਮੈਂ ਉਸਦਾ ਟੈਟੂ ਵਾਲਾ ਹੱਥ ਫੜਦਿਆਂ ਕਿਹਾ।

ਇਸ ਤੋਂ ਬਾਅਦ ਲੀਜ਼ਾ ਨੇ ਮੇਰੇ ਨਾਲ ਕਦੇ ਵੀ ਇਸ ਵਿਸ਼ੇ `ਤੇ ਗੱਲ ਨਹੀਂ ਕੀਤੀ। ਹੁਣ ਲੀਜ਼ਾ ਇਸ ਟੈਟੂ ਨੂੰ ਆਪਣੇ ਹੱਥ ਤੋਂ ਮਿਟਾਉਣ ਦੀ ਕੋਸ਼ਿਸ਼ ਵਿਚ ਹੈ।