ਭਾਰਤੀ ਕਿਸਾਨਾਂ ਦੀ ਖੂਨ ਪਸੀਨੇ ਦੀ ਕਮਾਈ ਇੱਕ ਵਾਰੀ ਫੇਰ ਘੱਟੋ-ਘੱਟ ਸਮਰਥਨ ਮੁੱਲ ਦਾ ਸ਼ਿਕਾਰ ਹੋ ਗਈ ਹੈ| ਕੇਂਦਰੀ ਖੇਤੀ ਮੰਤਰੀ ਨੇ ਅਰਹਰ ਦੀ ਦਾਲ, ਮੱਕੀ, ਕਾਲੇ ਛੋਲੇ ਤੇ ਬਾਜਰਾ ਦੀ ਖਰੀਦ ਲਈ ਘੱਟੋ-ਘੱਟ ਸਮਰਥਨ ਮੁੱਲ ਦੇ 52 ਤੋਂ 77 ਪ੍ਰਤੀਸ਼ਤ ਵਾਧੇ ਦਾ ਐਲਾਨ ਕਰ ਕੇ ਆਪਣੀ ਪਿੱਠ ਥਾਪੜ ਲਈ ਹੈ ਜਦਕਿ ਉਹ ਭਲੀ-ਭਾਂਤ ਜਾਣਦਾ ਹੈ ਕਿ ਮੰਡੀ ਵਿਚ ਕਾਰਪੋਰੇਟਾਂ ਦੇ ਪਿੱਠੂਆਂ ਨੇ ਕਿਸਾਨਾਂ ਦੇ ਪੈਰ ਨਹੀਂ ਲੱਗਣ ਦੇਣੇ|
ਉਂਝ ਵੀ ਦਿਨ-ਪਰ ਦਿਨ ਵਧ ਰਿਹਾ ਖਾਦਾਂ, ਬੀਜਾਂ ਤੇ ਰਸਾਇਣਾਂ ਦਾ ਖਰਚਾ ਕਿਸਾਨਾਂ ਦਾ ਸਾਹ ਸੂਤੀ ਰੱਖਦਾ ਹੈ| ਇਹੋ ਜਿਹੇ ਖਰਚਿਆਂ ਨੂੰ ਗੌਲਣਾ ਤਾਂ ਇੱਕ ਪਾਸੇ ਮੰਡੀ ਨੂੰ ਕਿਸਾਨ ਪੱਖੀ ਬਣਾਉਣ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ| ਏਥੋਂ ਤੱਕ ਕਿ ਕਿਸਾਨ ਆਪਣੀ ਉਪਜ ਮੰਡੀ ਵਿਚ ਲਿਜਾ ਕੇ ਨਿਰਧਾਰਤ ਨਾਲੋਂ ਅੱਧੇ ਮੁਲ ਉੱਤੇ ਵੇਚਣ ਲਈ ਮਜਬੂਰ ਹੋ ਜਾਂਦਾ ਹੈ| ਉਸਦਾ ਨਸ਼ਿਆਂ ਦੇ ਰਾਹ ਪੈਣਾ ਹੋਰ ਵੀ ਮਾੜੀ ਗੱਲ ਹੈ| ਅੰਦੋਲਨਕਾਰੀਆਂ ਦੀ ਆਵਾਜ਼ ਵੀ ਸਰਕਾਰ ਦੇ ਕੰਨੀਂ ਨਹੀਂ ਪੈਂਦੀ| ਏਸ ਪਾਸੇ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਸਮੁੱਚੀ ਵਸੋਂ ਨੂੰ ਅਨਾਜ ਦੀ ਘਾਟ ਦੇ ਨਤੀਜੇ ਭੁਗਤਣੇ ਪੈਣਗੇ| ਅੱਜ ਨਹੀਂ ਤਾਂ ਕੱਲ੍ਹ|
ਭਾਰਤ ਵਿਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਕਚਹਿਰੀਆਂ
ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਅਧੀਨ ਈ ਡੀ ਵੱਲੋਂ ਗ੍ਰਿਫ਼ਤਾਰ ਕੀਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਮਾਮਲੇ ਨੇ ਭਾਰਤ ਵਿਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਪੁਲੀਸ ਦੇ ਕਿਰਦਾਰ ਉੱਤੇ ਮੁੜ ਕਿੰਤੂ ਪ੍ਰੰਤੂ ਪੈਦਾ ਕਰ ਦਿੱਤਾ ਹੈ| ਖਾਸ ਕਰਕੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਵਲੋਂ ਦਿੱਤੀ ਜ਼ਮਾਨਤ ਉੱਤੇ ਦਿੱਲੀ ਹਾਈ ਕੋਰਟ ਵਲੋਂ ਲਾਈ ਅੰਤ੍ਰਿਮ ਰੋਕ ਨੇ ਏਸ ਪ੍ਰਸੰਗ ਵਿਚ ਅਲਾਹਾਬਾਦ ਹਾਈ ਕੋਰਟ ਨੇ ਇਕ ਗਊ ਹੱਤਿਆ ਦੇ ਦੋਸ਼ੀ ਦੀ ਗ੍ਰਿਫ਼ਤਾਰੀ ਦੇ ਪ੍ਰਸੰਗ ਵਿਚ ਆਪਣਾ ਇਹ ਮੱਤ ਇੱਕ ਵਾਰੀ ਫੇਰ ਦੁਹਰਾਇਆ ਹੈ ਕਿ ਵਾਹ ਲਗਦੇ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਪਰਹੇਜ਼ ਕਰਨਾ ਬਣਦਾ ਹੈ| ਇਹ ਤਾਂ ਹਰ ਕੋਈ ਜਾਣਦਾ ਹੈ ਕਿ ਮੁੱਖ ਮੰਤਰੀ ਅਜਿਹਾ ਦੋਸ਼ੀ ਨਹੀਂ ਹੁੰਦਾ ਜਿਹੜਾ ਆਪਣਾ ਦੇਸ਼ ਛੱਡ ਕੇ ਭੱਜ ਜਾਵੇ| ਉਹ ਗੈਂਗਸਟਰ ਨਹੀਂ ਹੁੰਦਾ ਤੇ ਨਾ ਹੀ ਜਾਣ ਬੁੱਝ ਕੇ ਅਜਿਹੀ ਹਰਕਤ ਕਰਦਾ ਹੈ ਜਿਸ ਨਾਲ ਉਸਦੀ ਬਦਨਾਮੀ ਹੋਵੇ| ਉਸਨੇ ਆਪਣੇ ਨਾਲ ਕੰਮ ਕਰਦੇ ਕਿਸੇ ਅਧਿਕਾਰੀ ਦਾ ਸੁਝਾਓ ਮੰਨਿਆ ਹੋ ਸਕਦੈ ਤੇ ਉਸਦਾ ਸ਼ਿਕਾਰ ਹੋ ਗਿਆ|
ਇਹ ਵੀ ਦੇਖਣ ਸੁਣਨ ਵਿਚ ਆਇਆ ਹੈ ਕਿ ਪੁਲੀਸ ਵਾਲੇ ਆਪਣੇ ਸਿਆਸੀ ਆਗੂਆਂ ਦੇ ਮਨ ਵਿਚ ਆਪਣੇ ਨੰਬਰ ਬਣਾਉਣ ਜਾਂ ਆਪਣੇ ਸੰਗੀ ਸਾਥੀ ਦਾ ਪੱਖ ਪੂਰਨ ਲਈ ਗਲਤ ਰਾਇ ਦੇ ਦਿੰਦੇ ਹਨ| ਕਈ ਥਾਵਾਂ ’ਤੇ ਇਹ ਧਾਰਨਾ ਅੰਗਰੇਜ਼ੀ ਰਾਜ ਦਾ ਹੈਂਗਓਵਰ ਚਲੀ ਆ ਰਹੀ ਹੈ| ਇਸਨੂੰ ਛੇਤੀ ਤੋਂ ਛੇਤੀ ਅਲਵਿਦਾ ਕਹਿਣਾ ਬਣਦਾ ਹੈ| ਇਸ ਨਾਲ ਆਮ ਜਨਤਾ ਦੀ ਬੇਚੈਨੀ ਹੀ ਨਹੀਂ ਵਧਦੀ ਕਚਹਿਰੀਆਂ ਵਿਚ ਵੀ ਕੇਸਾਂ ਦੇ ਅੰਬਾਰ ਲੱਗ ਜਾਂਦੇ ਹਨ|
ਦੋਸ਼ੀ ਦੀ ਜ਼ਮਾਨਤ ਹੋਣਾ ਜਾਂ ਅੰਤਕਾਰ ਬੇਕਸੂਰੇ ਬਰੀ ਹੋਣਾ ਉਸਨੂੰ ਕੋਈ ਧਰਵਾਸ ਨਹੀਂ ਦਿੰਦਾ| ਉਸਦੇ ਹੱਥਕੜੀ ਲੱਗ ਚੁੱਕੀ ਹੁੰਦੀ ਹੈ ਤੇ ਕਿਸੇ ਨੂੰ ਮੂੰਹ ਦਿਖਾਉਣ ਦੇ ਯੋਗ ਨਹੀਂ ਰਹਿੰਦਾ| ਇਹ ਗੱਲ ਸਮਝਣ ਤੇ ਸਮਝਾਉਣ ਦੀ ਲੋੜ ਹੈ| ਤੁਰੰਤ!
ਪੰਜਾਬ ਆਰਟਸ ਕੌਂਸਲ ਤੇ ਭਾਸ਼ਾ ਵਿਭਾਗ
ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਆਰਟਸ ਕੌਂਸਲ ਦੇ ਮੁਖੀਆਂ ਦੀ ਨਿਯੁਕਤੀ ਦਾ ਸਵਾਗਤ ਕਰਨਾ ਬਣਦਾ ਹੈ| ਆਰਟਸ ਕੌਂਸਲ ਦੀ ਸਥਾਪਨਾ ਪੰਜਾਬੀ ਕਲਚਰ ਦੇ ਸ਼ਾਹਜਹਾਨ ਵਜੋਂ ਜਾਣੇ ਜਾਂਦੇ ਮਹਿੰਦਰ ਸਿੰਘ ਰੰਧਾਵਾ ਨੇ 1981 ਵਿਚ ਕੀਤੀ ਸੀ| ਉਹੀਓ ਸੀ ਜਿਸਨੂੰ ਰੋਜ਼ ਗਾਰਡਨ ਵਿਚ ਇਮਾਰਤ ਉਸਾਰੀ ਕਰਨ ਤੋਂ ਰੋਕਣ ਦੀ ਕਿਸੇ ਕੋਲ ਹਿੰਮਤ ਨਹੀਂ ਸੀ| ਉਹ ਕੋਮਲ ਕਲਾ ਨੂੰ ਪਰਨਾਏ ਮਹਾਰਥੀਆਂ ਦਾ ਰਾਹ ਦਸੇਰਾ ਸੀ| ਉਸਨੇ ਆਪਣਾ ਇਹ ਸੁਪਨਾ ਪੂਰਾ ਕਰਨ ਲਈ ਕਰਤਾਰ ਸਿੰਘ ਦੁੱਗਲ, ਮੋਹਨ ਸਿੰਘ, ਬਲਵੰਤ ਗਾਰਗੀ, ਸ਼ੀਲਾ ਭਾਟੀਆ ਤੇ ਕੁਲਵੰਤ ਸਿੰਘ ਵਿਰਕ ਨੂੰ ਆਪਣੇ ਨਾਲ ਲੈ ਕੇ ਪੰਜਾਬ ਕਲਾ ਭਵਨ ਦੀ ਉਸਾਰੀ ਵੀ ਕੀਤੀ ਤੇ ਇਸਦੀ ਗੈਲਰੀ ਵਿਚ ਵਰਤਮਾਨ ਪੰਜਾਬ ਦੇ ਪ੍ਰਮੁੱਖ ਸਿਰਜਕਾਂ ਦੀਆਂ ਤਸਵੀਰਾਂ ਵੀ ਸਜਾਈਆਂ| ਇਹ ਗੈਲਰੀ ਭਾਈ ਕਾਨ੍ਹ ਸਿੰਘ ਨਾਭਾ, ਨਾਨਕ ਸਿੰਘ, ਭਾਈ ਵੀਰ ਸਿੰਘ, ਪੋ੍ਰ. ਪੂਰਨ ਸਿੰਘ, ਮੁਲਕ ਰਾਜ ਆਨੰਦ, ਨੋਰਾ ਰਿਚਰਡ, ਸੋਭਾ ਸਿੰਘ ਆਰਟਿਸਟ, ਅੰਮ੍ਰਿਤਾ ਸ਼ੇਰਗਿੱਲ, ਬੜੇ ਗੁਲਾਮ ਅਲੀ ਖਾਂ, ਐਮ. ਏ. ਮਕਾਲਿਫ, ਬਲਰਾਜ ਸਾਹਨੀ, ਫੈਜ਼ ਅਹਿਮਦ ਫੈਜ਼ ਤੇ ਸ਼ਿਵ ਕੁਮਾਰ ਬਟਾਲਵੀ ਦੀ ਦਿੱਖ ਤੇ ਦੇਣ ਉੱਤੇ ਮੋਹਰ ਲਾਉਂਦੀ ਹੈ| ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਕਲਾ ਪ੍ਰੇਮੀ ਹੋਣ ਦਾ ਸਬੂਤ ਏਸ ਗੱਲ ਤੋਂ ਮਿਲਦਾ ਹੈ ਕਿ ਉਸਨੇ ਕਲਾ ਪ੍ਰੀਸ਼ਦ ਦੇ ਅੰਤਲੇ ਚੇਅਰਮੈਨ ਸੁਰਜੀਤ ਪਾਤਰ ਦੇ ਦੇਹਾਂਤ ਪਿਛੋਂ ਉਸਦੀ ਅਰਥੀ ਨੂੰ ਮੋਢਾ ਹੀ ਨਹੀਂ ਦਿੱਤਾ ਇਕ ਮਹੀਨੇ ਦੇ ਅੰਦਰ ਅੰਦਰ ਆਰਟ ਕੌਂਸਲ ਦੀ ਕਮਾਂਡ ਇਕ ਜਾਣੇ-ਪਛਾਣੇ ਕਵੀ ਤੇ ਚਿੱਤਰਕਲਾ ਪ੍ਰੇਮੀ ਸਵਰਨਜੀਤ ਸਵੀ ਨੂੰ ਸੌਂਪ ਦਿੱਤੀ ਹੈ|
ਇਹ ਵੀ ਉਸਦਾ ਕਲਾ ਪ੍ਰੇਮ ਹੀ ਸਮਝੋ ਕਿ ਪੰਜਾਬ ਕਲਾ ਪ੍ਰੀਸ਼ਦ ਦੇ ਵਿਕਾਸ ਦਾ ਚੇਤਾ ਆਉਂਦਿਆਂ ਸਾਰ ਉਸਨੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਦੀ ਚਿਰਾਂ ਤੋਂ ਖਾਲੀ ਪਈ ਅਸਾਮੀ ਵੱਲ ਵੀ ਤੁਰੰਤ ਧਿਆਨ ਦਿੱਤਾ ਹੈ| ਅੱਜ ਦੀ ਪੀੜ੍ਹੀ ਨੂੰ ਇਹ ਵੀ ਦੱਸਣ ਦੀ ਲੋੜ ਹੈ ਕਿ ਪੰਜਾਬੀ ਯੂਨੀਵਰਸਟੀ ਪਟਿਆਲਾ ਦੀ ਸਥਾਪਨਾ ਤੋਂ ਪਹਿਲਾਂ ਇਸ ਵਿਭਾਗ ਦਾ ਦਰਜਾ ਇਕ ਤਰ੍ਹਾਂ ਦੀ ਯੂਨੀਵਰਸਿਟੀ ਤੋਂ ਘੱਟ ਨਹੀਂ ਸੀ|
ਸਰਕਾਰੀ ਸੰਸਥਾਵਾਂ ਸਰਕਾਰ ਦੀ ਸਰਪ੍ਰਸਤੀ ਬਿਨਾ ਨਹੀਂ ਚਲਦੀਆਂ| ਹੁਣ ਜਸਵੰਤ ਜ਼ਫਰ ਦੀ ਨਿਯੁਕਤੀ ਨਾਲ ਇਸ ਵਿਭਾਗ ਦੀ ਗਤੀ ਵੀ ਰਫ਼ਤਾਰ ਫੜ ਸਕਦੀ ਹੈ ਜਿਹੜੀ ਲੰਮੇ ਸਮੇਂ ਤੋਂ ਕਚਹਿਰੀਆਂ ਵਿਚ ਰੁਲ-ਖੁਲ ਰਹੀ ਹੈ| ਆਸ ਕੀਤੀ ਜਾ ਸਕਦੀ ਹੈ ਕਿ ਨਵਾਂ ਡਾਇਰੈਕਟਰ ਚੰਗੇ ਵਕੀਲਾਂ ਦੀ ਸਹਾਇਤਾ ਲੈ ਕੇ ਇਸਨੂੰ ਵਰਤਮਾਨ ਜਿੱਲ੍ਹਣ ਵਿਚੋਂ ਕੱਢ ਸਕਦਾ ਹੈ| ਲੋੜ ਪਵੇ ਤਾਂ ਕਿਸੇ ਸੇਵਾ ਮੁਕਤ ਜੱਜ ਦੀ ਦੇਖ ਰੇਖ ਥੱਲੇ ਅਜਿਹੀ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ ਜਿਹੜੀ ਰੁਕਾਵਟ ਬਣੀਆਂ ਅਦਾਲਤਾਂ ਨੂੰ ਵਿਭਾਗ ਦੀਆਂ ਲੋੜਾਂ ਤੇ ਸੀਮਾਵਾਂ ਤੋਂ ਜਾਣੂ ਕਰਵਾ ਸਕੇ| ਬਿਲਾਸੁਕ ਨਵੇਂ ਮੁਖੀਆਂ ਦੇ ਮੋਢਿਆਂ ਉੱਤੇ ਚੋਖਾ ਭਾਰ ਆ ਪਿਆ ਹੈ ਪਰ ਉਹ ਸਰਕਾਰੀ ਸਹਾਇਤਾ ਨਾਲ ਇਸਨੂੰ ਬਾਖੂਬੀ ਨਿਪਟ ਸਕਦੇ ਹਨ|
ਅੰਤਿਕਾ
ਇੱਕ ਲੋਕ ਬੋਲੀ॥
ਭੇਣ- ਬੋਤਾ ਬੰਨ੍ਹਾ ਦੇ ਪਿੱਪਲ ਦੀ ਛਾਵੇਂ,
ਮੁੰਨੀਆਂ ਰੰਗੀਨ ਗਡੀਆਂ|
ਭਰਾ- ਮੱਥਾ ਟੇਕਦੈਂ ਅੰਮਾਂ ਦੀਏ ਜਾਈਏ,
ਬੋਤਾ ਭੈਣੇ ਫੇਰ ਬੰਨ੍ਹਾਂਗਾ|