ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਨਮੋਸ਼ੀ ਭਰੀ ਹਾਰ ਪਿੱਛੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਵੱਡੀ ਬਗਾਵਤ ਉਠ ਖਲੋਤੀ ਹੈ। ਟਕਸਾਲੀ ਆਗੂਆਂ ਦਾ ਵੱਡਾ ਧੜਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਅਹੁਦੇ ਤੋਂ ਲਾਂਭੇ ਹੋਣ ਦੀ ਸਲਾਹ ਦੇ ਦਿੱਤੀ ਹੈ।
ਇਸ ਧੜੇ ਨੇ ਜਲੰਧਰ ਵਿਚ ਬਕਾਇਦਾ ਮੀਟਿੰਗ ਕੀਤੀ ਅਤੇ ਸੁਖਬੀਰ ਨੂੰ ਪਾਰਟੀ ਦੇ ਭਲੇ ਲਈ ਪ੍ਰਧਾਨਗੀ ਛੱਡਣ ਲਈ ਆਖਿਆ ਹੈ। ਇਸ ਮੀਟਿੰਗ ਵਿਚ ਸੁਖਬੀਰ ਨੂੰ ਲਾਂਭੇ ਕਰਨ ਲਈ ਮਤਾ ਵੀ ਪਾਸ ਕੀਤਾ ਗਿਆ। ਭਵਿੱਖ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ ਉਤੇ ਲਿਜਾਣ ਲਈ ਪਹਿਲੀ ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ‘ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ` ਦਾ ਆਗਾਜ਼ ਕੀਤਾ ਜਾਵੇਗਾ। ਇਹ ਮਤਾ ਵੀ ਪਾਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਇਸ ਹਿੱਲਜੁਲ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਭੂਚਾਲ ਆ ਗਿਆ ਹੈ। ਪੰਥਕ ਕਹਾਉਣ ਵਾਲੀ ਪਾਰਟੀ ਦੋ ਹਿੱਸਿਆਂ ਵਿਚ ਵੰਡੀ ਗਈ ਹੈ। ਇਕ ਧੜੇ ਨੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ ਹੈ ਅਤੇ ਸੁਖਬੀਰ ਹਮਾਇਤੀਆਂ ਨੇ ਇਸ ਨੂੰ ਭਾਜਪਾ ਅਤੇ ਪੰਥ ਵਿਰੋਧੀਆਂ ਦੀ ਚਾਲ ਨਾਲ ਜੋੜ ਦਿੱਤਾ ਹੈ। ਦਰਅਸਲ, ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੇ ਜਲੰਧਰ ਵਿਖੇ ਵੱਡੀ ਮੀਟਿੰਗ ਕਰ ਕੇ ਸੁਖਬੀਰ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਜਦੋਂ ਜਲੰਧਰ ਵਿਚ ਇਹ ਮੀਟਿੰਗ ਹੋ ਰਹੀ ਸੀ ਤਾਂ ਉਸੇ ਸਮੇਂ ਚੰਡੀਗੜ੍ਹ ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਅਹਿਮ ਮੀਟਿੰਗ ਚੱਲ ਰਹੀ ਸੀ।
ਬਾਗੀਆਂ ਦੀ ਮੀਟਿੰਗ ਵਿਚ ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਕਈ ਸੀਨੀਅਰ ਲੀਡਰ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਫੈਸਲਾ ਕੀਤਾ ਹੈ ਕਿ 1 ਜੁਲਾਈ ਨੂੰ ਸਾਰੇ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਖਿਮਾ ਯਾਚਨਾ ਪੱਤਰ ਦਿੱਤਾ ਜਾਵੇਗਾ। ਉਥੋਂ ਹੀ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕੀਤੀ ਜਾਏਗੀ। ਇਸ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ। ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦੇ ਹਨ ਕਿ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਏ ਸਗੋਂ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵੋਟਿੰਗ ਤੋਂ ਬਾਅਦ ਫੈਸਲਾ ਕਰੇਗੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਮੰਗ ਉਠਾਈ ਗਈ ਸੀ। ਹੁਣ ਇਹ ਮਾਮਲਾ ਜ਼ੋਰ ਫੜ ਗਿਆ ਹੈ।
ਉਧਰ, ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਅਕਾਲੀ ਦਲ ਨੂੰ ਪੰਥ ਵਿਰੋਧੀਆਂ ਦੀ ਕਠਪੁਤਲੀ ਨਹੀਂ ਬਣਨ ਦਿੱਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਲਈ ਹਰ ਔਖੇ ਸਮੇਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਪਾਰਟੀ ਪੰਥਕ ਸਿਧਾਂਤਾਂ ‘ਤੇ ਡਟ ਕੇ ਖੜ੍ਹੀ ਹੈ। ਇਸ ‘ਤੇ ਕੋਈ ਸਮਝੌਤਾ ਨਹੀਂ ਕਰਾਂਗੇ। ਉਧਰ, ਬਾਗੀ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿਚ ਕਈ ਕੁਤਾਹੀਆਂ ਅਤੇ ਗਲਤ ਫੈਸਲਿਆਂ ਕਰ ਕੇ ਅੱਜ ਪਾਰਟੀ ਅਰਸ਼ ਤੋਂ ਫਰਸ ਤੇ ਪਹੁੰਚ ਗਈ ਹੈ। ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਭਲੇ ਲਈ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।
ਯਾਦ ਰਹੇ ਕਿ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦਾ ਸਫਾਇਆ ਹੋ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਪਾਰਟੀ ਦੇ 11 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। 13 ਸੀਟਾਂ ਵਿਚੋਂ ਪਾਰਟੀ ਹੱਥ ਸਿਰਫ ਇਕੋ-ਇਕ ਬਠਿੰਡਾ ਵਾਲੀ ਸੀਟ ਹੀ ਲੱਗੀ। ਚੋਣਾਂ ਵਿਚ ਹੋਏ ਇਸ ਹਸ਼ਰ ਪਿੱਛੋਂ ਪਾਰਟੀ ਵਿਚ ਬਾਗੀ ਸੁਰਾਂ ਵੀ ਤਿੱਖੀਆਂ ਹੋ ਗਈਆਂ ਹਨ।
ਜਦੋਂ ਅਕਾਲੀ ਦਲ ਨੂੰ 2022 ਦੀਆਂ ਚੋਣਾਂ ਵਿਚ ਸਿਰਫ਼ ਤਿੰਨ ਸੀਟਾਂ ਹਾਸਲ ਹੋਈਆਂ ਸਨ ਤਾਂ ਉਸ ਵਕਤ ਪਾਰਟੀ ਨੇ ਸਮੀਖਿਆ ਲਈ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀ ਰਿਪੋਰਟ ਆ ਗਈ ਸੀ ਜਿਸ ਨੂੰ ਪਾਰਟੀ ਆਗੂਆਂ ਨੇ ਜਨਤਕ ਕਰਨ ਦੀ ਗੱਲ ਆਖੀ ਸੀ ਜੋ ਹੁਣ ਤੱਕ ਜਨਤਕ ਨਹੀਂ ਹੋਈ। ਇਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਕੁਰਸੀ ਤੋਂ ਲਾਂਭੇ ਕਰਨ ਵੱਲ ਇਸ਼ਾਰਾ ਕੀਤਾ ਗਿਆ ਸੀ।
ਅਸਲ ਵਿਚ ਅਕਾਲੀ ਦਲ ਦੀ ਵੋਟ ਦਰ ਵਿਚ ਅਸੈਂਬਲੀ ਚੋਣਾਂ ਤੋਂ ਮਗਰੋਂ ਹੁਣ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਅਕਾਲੀ ਦਲ ਹੁਣ ਤਾਂ ਅੱਠ ਸੀਟਾਂ ‘ਤੇ ਭਾਜਪਾ ਨਾਲੋਂ ਵੀ ਪਛੜ ਗਿਆ ਹੈ। ਬਠਿੰਡਾ ਤੋਂ ਬਿਨਾਂ ਪੰਜਾਬ ਦੇ ਕਿਸੇ ਵੀ ਹਲਕੇ ਵਿਚੋਂ ਅਕਾਲੀ ਦਲ ਨੂੰ ਦੂਜੇ ਜਾਂ ਤੀਜੇ ਨੰਬਰ ‘ਤੇ ਆਉਣਾ ਵੀ ਨਸੀਬ ਨਹੀਂ ਹੋਇਆ। ਦਲ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੋ ਸੀਟਾਂ ਜਿੱਤੀਆਂ ਸਨ ਅਤੇ ਵੋਟ ਦਰ 27.8 ਫ਼ੀਸਦੀ ਰਹੀ ਸੀ। 2019 ਦੇ ਮੁਕਾਬਲੇ ਅਕਾਲੀ ਦਲ ਦਾ ਵੋਟ ਬੈਂਕ 14.38 ਫ਼ੀਸਦੀ ਘਟਿਆ ਹੈ। 2017 ਦੀਆਂ ਅਸੈਂਬਲੀ ਚੋਣਾਂ ਵਿਚ ਅਕਾਲੀ ਦਲ ਦੇ ਬੁਰੇ ਦਿਨਾਂ ਦੀ ਸ਼ੁਰੂਆਤ ਹੋਈ ਸੀ ਤੇ ਉਦੋਂ ਅਕਾਲੀ ਦਲ ਨੂੰ ਸਿਰਫ 14 ਸੀਟਾਂ ਮਿਲੀਆਂ ਸਨ ਜੋ 2022 ਦੀਆਂ ਚੋਣਾਂ ਵਿਚ ਘੱਟ ਕੇ 3 ਰਹਿ ਗਈਆਂ।
ਵੱਡੀ ਗਿਣਤੀ ਟਕਸਾਲੀ ਆਗੂ ਮੰਨਦੇ ਹਨ ਕਿ ਸੁਖਬੀਰ ਹੱਥ ਪਾਰਟੀ ਕਮਾਨ ਆਉਣ ਪਿੱਛੋਂ ਇਹ ਪੰਥਕ ਧਿਰ ਲਗਾਤਾਰ ਆਪਣੀ ਹੋਂਦ ਗੁਆ ਰਹੀ ਹੈ। ਇਸ ਲਈ ਕਈ ਵਾਰ ਸੁਖਬੀਰ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਉਠੀ ਪਰ ਹਰ ਵਾਰ ਕੋਰ ਕਮੇਟੀ ਦੀ ਮੀਟਿੰਗ ਵਿਚ ਸੁਖਬੀਰ ਨੇ ਆਪਣੇ ਹੱਕ ਵਿਚ ਹੱਥ ਖੜ੍ਹੇ ਕਰਵਾ ਕੇ ਕੁਰਸੀ ਸਲਾਮਤ ਰੱਖੀ। ਟਕਸਾਲੀ ਆਗੂ ਮੰਨਦੇ ਹਨ ਕਿ ਕੋਰ ਕਮੇਟੀ ਵਿਚ ਸੁਖਬੀਰ ਨੇ ਆਪਣੇ ਹਮਾਇਤੀਆਂ ਨੂੰ ਅੱਗੇ ਕੀਤਾ ਹੋਇਆ ਹੈ, ਇਸੇ ਕਰ ਕੇ ਉਹ ਹਰ ਵਾਰ ਆਪਣੀ ਕੁਰਸੀ ਬਚਾਉਣ ਵਿਚ ਸਫਲ ਹੋ ਜਾਂਦੇ ਹਨ। ਉਂਝ, ਇਸ ਵਾਰ ਹਾਲਾਤ ਕੁਝ ਵੱਖਰੇ ਹਨ।
ਵੱਡੀ ਗਿਣਤੀ ਟਕਸਾਲੀ ਪਰਿਵਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੋ ਗਏ ਹਨ। ਸੂਤਰ ਦੱਸਦੇ ਹਨ ਕਿ ਬਾਗੀਆਂ ਦਾ ਪੱਲੜਾ ਭਾਰੀ ਹੁੰਦਾ ਦੇਖ ਕੇ ਸੁਖਬੀਰ ਦੇ ਵਫਾਦਾਰ ਆਗੂ ਵੀ ਪਾਲਾ ਬਦਲ ਸਕਦੇ ਹਨ।
ਟਕਸਾਲੀ ਪਰਿਵਾਰ ਇਕ ਪਾਸੇ ਨਿੱਤਰੇ
ਜਲੰਧਰ: ਅਕਾਲੀ ਦਲ ਵਿਚ ਹਾਲਾਤ ਇਹ ਬਣ ਗਏ ਹਨ ਕਿ ਵੱਡੀ ਗਿਣਤੀ ਟਕਸਾਲੀ ਆਗੂ ਇਕ ਪਾਸੇ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕਰਨ ਵਾਲੇ ਆਗੂਆਂ ਦੀ ਮੀਟਿੰਗ ਵਿਚ ਵੱਡੀ ਗਿਣਤੀ ਟਕਸਾਲੀ ਪਰਿਵਾਰ ਸ਼ਾਮਲ ਹੋਏ। ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਸਿਰਜਣ ਵਾਲੇ ਵੱਖ-ਵੱਖ ਪਰਿਵਾਰਾਂ ਵਿਚੋਂ ਮਾਸਟਰ ਤਾਰਾ ਸਿੰਘ ਦੇ ਪਰਿਵਾਰ ਵੱਲੋਂ ਕਿਰਨਜੀਤ ਕੌਰ, ਸੰਤ ਕਰਤਾਰ ਸਿੰਘ ਖਾਲਸਾ ਦੇ ਪਰਿਵਾਰ ਵਿਚੋਂ ਭਾਈ ਮਨਜੀਤ ਸਿੰਘ, ਤੁੜ ਪਰਿਵਾਰ ਵੱਲੋਂ ਸੁੱਚਾ ਸਿੰਘ ਛੋਟੇਪੁਰ, ਵਡਾਲਾ ਪਰਿਵਾਰ ਦੇ ਗੁਰਪ੍ਰਤਾਪ ਸਿੰਘ ਵਡਾਲਾ, ਬਰਨਾਲਾ ਪਰਿਵਾਰ ਵੱਲੋਂ ਗਗਨਜੀਤ ਸਿੰਘ ਬਰਨਾਲਾ, ਟੌਹੜਾ ਪਰਿਵਾਰ ਵਿਚੋਂ ਹਰਿੰਦਰਪਾਲ ਸਿੰਘ ਟੌਹੜਾ, ਤਲਵੰਡੀ ਪਰਿਵਾਰ ਵੱਲੋਂ ਹਰਜੀਤ ਕੌਰ ਤਲਵੰਡੀ, ਢੀਂਡਸਾ ਪਰਿਵਾਰ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ ਸਾਰੇ ਕੋਰ ਕਮੇਟੀ ਮੈਂਬਰ ਵੱਡੇ ਆਗੂ ਇਕ ਪਾਸੇ ਨਜ਼ਰ ਆਏ।