ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਖਿਲਾਫ ਲਾਵਾ ਆਖਿਰਕਾਰ ਫੁੱਟ ਪਿਆ ਹੈ। ਉਸ ਦੀ ਕਾਰਜ ਸ਼ੈਲੀ ਅਤੇ ਕਾਰਗੁਜ਼ਾਰੀ ਖਿਲਾਫ ਰੋਹ ਅਤੇ ਰੋਸ ਪਹਿਲਾਂ ਕਈ ਵਾਰ ਸਾਹਮਣੇ ਆਇਆ ਪਰ ਉਦੋਂ ਪ੍ਰਕਾਸ਼ ਸਿੰਘ ਬਾਦਲ ਹਰ ਮਸਲੇ ਨੂੰ ਆਪਣੇ ਹਿਸਾਬ ਨਾਲ ਨਜਿੱਠ ਲੈਂਦੇ ਸਨ।
ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਬਹੁਤ ਮਾੜੀ ਕਾਰਗੁਜ਼ਾਰੀ ਕਾਰਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਖਿਲਾਫ ਸਵਾਲ ਖੜ੍ਹੇ ਹੁੰਦੇ ਰਹੇ ਹਨ। ਕੁਝ ਸੀਨੀਅਰ ਲੀਡਰਾਂ ਨੇ ਬਗਾਵਤ ਵੀ ਕੀਤੀ ਪਰ ਪਾਰਟੀ ਅੰਦਰ ਬਾਦਲ ਪਰਿਵਾਰ ਦਾ ਮੁਕੰਮਲ ਕੰਟਰੋਲ ਹੋਣ ਕਾਰਨ ਹਰ ਵਾਰ ਮਸਲਾ ਪਿੱਛੇ ਪੈਂਦਾ ਰਿਹਾ। ਅਕਾਲੀ ਦਲ ਪਿਛਲੀਆਂ ਪੰਜ ਚੋਣਾਂ ਵਿਚ ਬੁਰੀ ਤਰ੍ਹਾਂ ਪਛੜਦਾ ਰਿਹਾ ਹੈ। ਇਨ੍ਹਾਂ ਵਿਚ 2014, 2019 ਤੇ 2024 ਵਾਲੀਆਂ ਲੋਕ ਸਭਾ ਚੋਣਾਂ ਅਤੇ 2017 ਤੇ 2022 ਵਾਲੀਆਂ ਵਿਧਾਨ ਸਭਾ ਚੋਣਾਂ ਸ਼ਾਮਿਲ ਹਨ। ਇਨ੍ਹਾਂ ਚੋਣਾਂ ਵਿਚ ਹਾਰ ਤੋਂ ਬਾਅਦ ਹਰ ਵਾਰ ਸੁਖਬੀਰ ਖਿਲਾਫ ਰੋਸ ਭੜਕਿਆ ਪਰ ਹਰ ਵਾਰ ਉਸ ਦੀ ਕੁਰਸੀ ਬਚਦੀ ਰਹੀ ਪਰ ਐਤਕੀਂ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਵਰਗੇ ਉਮੀਦਵਾਰਾਂ ਦੀ ਚੜ੍ਹਤ ਨੇ ਬਲਦੀ ‘ਤੇ ਤੇਲ ਪਾ ਦਿੱਤਾ ਹੈ। ਸਿਆਸੀ ਮਾਹਿਰ ਵੀ ਸਾਫ ਆਖ ਰਹੇ ਹਨ ਕਿ ਹੁਣ ਅਕਾਲੀ ਦਲ ਦੀ ਥਾਂ ਲੈਣ ਲਈ ਵੱਖ-ਵੱਖ ਧਿਰਾਂ ਪਰ ਤੋਲ ਰਹੀਆਂ ਹਨ। ਅੱਜ ਤੱਕ ਸੁਖਬੀਰ ਦੇ ਹੱਕ ਵਿਚ ਇਹ ਗੱਲ ਜਾਂਦੀ ਰਹੀ ਕਿ ਪਾਰਟੀ ਦਾ ਜਥੇਬੰਦਕ ਤਾਣਾ-ਬਾਣਾ ਕੁੱਲ ਮਿਲਾ ਕੇ ਉਸ ਦੇ ਨਾਲ ਹੀ ਰਿਹਾ ਪਰ ਐਤਕੀਂ ਬਗਾਵਤ ਕਰਨ ਵਾਲੇ ਲੀਡਰਾਂ ਦਾ ਪਲੜਾ ਇਸ ਕਰ ਕੇ ਭਾਰੀ ਜਾਪਦਾ ਹੈ ਕਿਉਂਕਿ ਇਸ ਵਾਰ ਸੀਨੀਅਰ ਲੀਡਰ ਖੁੱਲ੍ਹ ਕੇ ਸਾਹਮਣੇ ਆਏ ਹਨ। ਉਂਝ ਵੀ 2022 ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਕਾਰਗੁਜ਼ਾਰੀ ਦੀ ਪੁਣ-ਛਾਣ ਲਈ ਅਕਾਲੀ ਲੀਡਰ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਜਿਹੜੀ ਕਮੇਟੀ ਬਣਾਈ ਗਈ ਸੀ, ਉਸ ਦੀ ਰਿਪੋਰਟ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਪਾਰਟੀ ਨੇ ਇਹ ਰਿਪੋਰਟ ਅਜੇ ਤੱਕ ਨਸ਼ਰ ਨਹੀਂ ਕੀਤੀ।
ਅਸਲ ਵਿਚ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਅਕਾਲੀ ਦਲ ਅਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਬਜ਼ਾ ਕੀਤਾ, ਦਲ ਤੇ ਕਮੇਟੀ ਦਾ ਨਿਘਾਰ ਸ਼ੁਰੂ ਹੋ ਗਿਆ। ਇਹ ਉਹ ਸਮਾਂ ਸੀ ਜਦੋਂ ਸੀਨੀਅਰ ਬਾਦਲ ਨੇ ਪੰਥ ਜਾਂ ਪੰਜਾਬ ਦੀ ਥਾਂ ਪਰਿਵਾਰਕ ਹਿਤਾਂ ਨੂੰ ਤਰਜੀਹ ਦਿੱਤੀ। ਸਿਆਸਤ ਦੇ ਖੇਤਰ ਵਿਚ ਆਪਣੇ ਨਾਕਾਬਿਲ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਟੀਸੀ ਉਤੇ ਪਹੁੰਚਾਉਣ ਲਈ ਉਨ੍ਹਾਂ ਆਪਣੇ ਬਰਾਬਰ ਦੇ ਅਕਾਲੀ ਆਗੂਆਂ ਦੇ ਪੁੱਤਰਾਂ ਨੂੰ ਵੀ ਸਿਆਸੀ ਪਿੜ ਵਿਚ ਲੈ ਆਂਦਾ। ਅੱਜ ਜਿਹੜਾ ਸੁਖਦੇਵ ਸਿੰਘ ਢੀਂਡਸਾ ਸੁਖਬੀਰ ਦੀ ਲੀਡਰਸ਼ਿਪ ਤੋਂ ਔਖਾ ਹੈ, ਉਹ ਬਾਦਲ ਦਾ ਖਾਸਮ-ਖਾਸ ਹੁੰਦਾ ਸੀ ਅਤੇ ਪਾਰਟੀ ਖਿਲਾਫ ਜਦੋਂ ਵੀ ਕੋਈ ਲੀਡਰ ਬਗਾਵਤ ਕਰਦਾ ਸੀ ਤਾਂ ਉਸ ਨੂੰ ਮਨਾਉਣ ਵਾਲਿਆਂ ਵਿਚ ਉਹੀ ਮੋਹਰੀ ਹੁੰਦਾ ਸੀ। ਅਕਾਲੀ ਦਲ ਅੰਦਰ ਇਕ ਸਮਾਂ ਉਹ ਵੀ ਆਇਆ ਜਦੋਂ ਪਾਰਟੀ ਦੇ ਕਈ ਨੀਤੀ-ਫੈਸਲਿਆਂ ਉਤੇ ਸੀਨੀਅਰ ਬਾਦਲ ਦੀ ਪਤਨੀ ਸੁਰਿੰਦਰ ਕੌਰ ਬਾਦਲ ਦਾ ਪ੍ਰਛਾਵਾਂ ਪੈਣ ਲੱਗ ਪਿਆ ਸੀ। ਇਨ੍ਹਾਂ ਦਿਨਾਂ ਦੌਰਾਨ ਬਾਦਲ ਪਰਿਵਾਰ ਨੇ ਮਨ-ਆਈਆਂ ਕੀਤੀਆਂ ਪਰ ਇਨ੍ਹਾਂ ਮਨਮਾਨੀਆਂ ਖਿਲਾਫ ਬਹੁਤੇ ਲੀਡਰ ਖਾਮੋਸ਼ ਰਹੇ। ਸੀਨੀਅਰ ਬਾਦਲ ਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਪਰ ਉਦੋਂ ਵੀ ਬਹੁਤੇ ਲੀਡਰਾਂ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ।
ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਪਛਾੜ 2015 ਤੋਂ ਬਾਅਦ ਪਈ ਜਦੋਂ ਬੇਅਦਬੀ ਦੀਆਂ ਘਟਨਾਵਾਂ ਅਤੇ ਇਨ੍ਹਾਂ ਘਟਨਾਵਾਂ ਨਾਲ ਸਬੰਧਿਤ ਘਟਨਾ-ਕ੍ਰਮ ਸਾਹਮਣੇ ਆਏ। ਉਸ ਵਕਤ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸੀ ਅਤੇ ਪੁਲਿਸ ਪ੍ਰਸ਼ਾਸਨ ਉਸ ਦੇ ਅਧੀਨ ਸੀ। ਇਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਿਆਸਤ ਵਿਚ ਜੋ ਕਾਰਜ ਨਿਭਾਇਆ, ਉਹ ਅੱਜ ਤੱਕ ਪਾਰਟੀ ਦਾ ਪਿੱਛਾ ਕਰ ਰਿਹਾ ਹੈ। ਸੁਖਬੀਰ ਦੀ ਕਾਰਗੁਜ਼ਾਰੀ ਨੇ ਪਾਰਟੀ ਨੂੰ ਅਰਸ਼ ਤੋਂ ਫਰਸ਼ ‘ਤੇ ਲੈ ਆਂਦਾ ਪਰ ਉਹ ਅਜੇ ਵੀ ਪਾਰਟੀ ਪ੍ਰਧਾਨ ਬਣੇ ਰਹਿਣ ਲਈ ਅੜਿਆ ਹੋਇਆ ਹੈ। ਹੁਣ ਵੀ ਉਸ ਨੇ ਸਾਥੀ ਲੀਡਰਾਂ ਰਾਹੀਂ ਇਹ ਜਚਾਉਣ ਦਾ ਯਤਨ ਕੀਤਾ ਹੈ ਕਿ ਪਾਰਟੀ ਦੀ ਲੀਡਰਸ਼ਿਪ ਤਾਂ ਉਸ ਦੇ ਨਾਲ ਹੀ ਹੈ। ਦੂਜੇ ਬੰਨੇ ਬਗਾਵਤ ਕਰਨ ਵਾਲੇ ਅਕਾਲੀ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਪਹਿਲੀ ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ‘ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ` ਚਲਾਉਣਗੇ; ਨਾਲ ਹੀ ਪਿਛਲੇ ਸਮੇਂ ਦੌਰਾਨ ਹੋਈਆਂ ਗ਼ਲਤੀਆਂ ਲਈ ਅਕਾਲ ਤਖ਼ਤ ਵਿਖੇ ਖਿਮਾ ਯਾਚਨਾ ਪੱਤਰ ਦਿੱਤਾ ਜਾਵੇਗਾ। ਕਿਹਾ ਗਿਆ ਹੈ ਕਿ ਵਾਰ-ਵਾਰ ਚੋਣਾਂ ਹਾਰਨ ਕਾਰਨ ਪਾਰਟੀ ਕਾਡਰ ਨੂੰ ਨਿਰਾਸ਼ਾ ਵਿਚੋਂ ਕੱਢਣ ਲਈ ਪਾਰਟੀ ਦੀ ਕਮਾਨ ਅਜਿਹੀ ਸ਼ਖਸੀਅਤ ਦੇ ਹੱਥ ਫੜਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਦੀ ਪੰਥ ਤੇ ਪੰਜਾਬ ਦੇ ਮੁੱਦਿਆਂ `ਤੇ ਪਕੜ ਹੋਵੇ। ਇਹ ਊਠ ਹੁਣ ਕਿਸ ਕਰਵਟ ਬੈਠਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਕ ਗੱਲ ਸਪਸ਼ਟ ਹੋ ਗਈ ਹੈ ਕਿ ਅਕਾਲੀ ਦਲ ਅੰਦਰ ਬਾਦਲ ਪਰਿਵਾਰਦੀ ਸਰਦਾਰੀ ਹੁਣ ਟੁੱਟ ਰਹੀ ਹੈ। ਅੱਜ ਨਹੀਂ ਤਾਂ ਕੱਲ੍ਹ, ਪਾਰਟੀ ਇਸ ਪਰਿਵਾਰ ਦੀ ਚੁੰਗਲ ਵਿਚੋਂ ਆਜ਼ਾਦ ਹੋ ਕੇ ਨਵੇਂ ਸਿਰਿਓਂ ਆਪਣੇ ਪੈਰ ਲਾਉਣ ਦੇ ਰਾਹ ਪਵੇਗੀ। ਇਹ ਅਸਲ ਵਿਚ ਅਕਾਲੀ ਅਤੇ ਪੰਥਕ ਸਿਆਸਤ ਵਿਚ ਤਿੱਖੇ ਮੋੜ ਦਾ ਸਮਾਂ ਵੀ ਹੈ। ਸੰਭਵ ਹੈ ਕਿ ਇਸ ਨਾਲ ਪੰਜਾਬ ਦੀ ਸਿਆਸਤ ਵਿਚ ਵੀ ਕੁਝ ਤਬਦੀਲੀ ਦੀ ਸੰਭਾਵਨਾ ਬਣ ਜਾਵੇ ਪਰ ਅਸਲ ਤਬਦੀਲੀ ਉਦੋਂ ਹੀ ਸੰਭਵ ਹੋਵੇਗੀ ਜਦੋਂ ਮੁੱਖ ਧਾਰਾ ਨਾਲੋਂ ਵੱਖਰੀ ਅਤੇ ਬਦਲਵੀਂ ਸਿਆਸਤ ਪੰਜਾਬ ਦੇ ਸਿਆਸੀ ਪਿੜ ਦਾ ਸ਼ਿੰਗਾਰ ਬਣੇਗੀ।