ਰਿਸ਼ੀ ਕਪੂਰ ਬਾਲੀਵੁੱਡ ਦੇ ਉਨ੍ਹਾਂ ਅਭਿਨੇਤਾਵਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਅਭਿਨੈ ਦੇ ਦਮ ‘ਤੇ ਕਈ ਸਾਲਾਂ ਤਕ ਫਿਲਮਾਂ ਵਿਚ ਕੰਮ ਕੀਤਾ ਤੇ ਇਕ ਸਫਲ ਅਭਿਨੇਤਾ ਵਜੋਂ ਆਪਣੀ ਪਛਾਣ ਬਣਾਈ। ਆਪਣੀਆਂ ਹੈਂਡਸਮ ਅਦਾਵਾਂ ਤੇ ਅਭਿਨੈ ਦੇ ਦਮ ‘ਤੇ ਲੱਖਾਂ ਦਰਸ਼ਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਵਾਲੇ ਰਿਸ਼ੀ ਕਪੂਰ ਨੇ ਫਿਲਮਾਂ ਵਿਚ ਅਭਿਨੇਤਾ ਦੇ ਨਾਲ-ਨਾਲ ਪ੍ਰੋਡਿਊਸਰ ਤੇ ਡਾਇਰੈਕਟਰ ਵਜੋਂ ਵੀ ਕੰਮ ਕੀਤਾ।
ਰਿਸ਼ੀ ਕਪੂਰ ਸਵਰਗੀ ਰਾਜ ਕਪੂਰ ਦੇ ਬੇਟੇ ਤੇ ਪ੍ਰਿਥਵੀਰਾਜ ਕਪੂਰ ਦੇ ਪੋਤਰੇ ਹਨ। ਰਵਾਇਤ ਅਨੁਸਾਰ ਉਨ੍ਹਾਂ ਨੇ ਵੀ ਆਪਣੇ ਦਾਦਾ ਤੇ ਪਿਤਾ ਦੇ ਨਕਸ਼ੇ-ਕਦਮ ‘ਤੇ ਚੱਲਦਿਆਂ ਫਿਲਮਾਂ ਵਿਚ ਅਭਿਨੈ ਕੀਤਾ ਤੇ ਉਹ ਇਕ ਸਫਲ ਅਭਿਨੇਤਾ ਵਜੋਂ ਉਭਰੇ। ‘ਮੇਰਾ ਨਾਮ ਜੋਕਰ’ ਉਨ੍ਹਾਂ ਦੀ ਪਹਿਲੀ ਫਿਲਮ ਸੀ ਜਿਸ ਵਿਚ ਉਨ੍ਹਾਂ ਨੇ ਆਪਣੇ ਪਿਤਾ ਰਾਜ ਕਪੂਰ ਦੇ ਬਚਪਨ ਦਾ ਰੋਲ ਨਿਭਾਇਆ ਜੋ ਅੱਲ੍ਹੜ ਉਮਰ ਵਿਚ ਆਪਣੀ ਟੀਚਰ ਨਾਲ ਹੀ ਪਿਆਰ ਕਰਨ ਲੱਗਦਾ ਹੈ।
ਫਿਲਮ ‘ਬੌਬੀ’ ਵਿਚ ਉਹ ਬਤੌਰ ਹੀਰੋ ਦਿਖਾਈ ਦਿੱਤੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਸੌ ਤੋਂ ਵੱਧ ਫਿਲਮਾਂ ਵਿਚ ਮੁੱਖ ਅਭਿਨੇਤਾ ਵਜੋਂ ਕੰਮ ਕੀਤਾ। 1980 ਤੇ 90 ਦੇ ਦਹਾਕੇ ਵਿਚ ਰਿਸ਼ੀ ਕਪੂਰ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਜਿਨ੍ਹਾਂ ਵਿਚ ‘ਕਰਜ਼’ (1980), ‘ਨਸੀਬ’ (1981), ‘ਪ੍ਰੇਮ ਰੋਗ’ (1982), ‘ਹਿਨਾ’ (1991), ‘ਬੋਲ ਰਾਧਾ ਬੋਲ (1992), ‘ਦੀਵਾਨਾ’ (1992), ‘ਦਾਮਿਨੀ’ (1993) ਤੋਂ ਬਾਅਦ ਉਨ੍ਹਾਂ ਦਾ ਫਿਲਮੀ ਕਰੀਅਰ ਮੁੱਖ ਅਭਿਨੇਤਾ ਵਜੋਂ ਤਕਰੀਬਨ ਖਤਮ ਹੋ ਗਿਆ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਫਿਲਮਾਂ ਵਿਚ ਕੰਮ ਕੀਤਾ।
ਉਨ੍ਹਾਂ ਨੂੰ ਆਪਣੀ ਪਹਿਲੀ ਫਿਲਮ ‘ਮੇਰਾ ਨਾਮ ਜੋਕਰ’ ਲਈ ਬਾਲ ਕਲਾਕਾਰ ਦੇ ਨੈਸ਼ਨਲ ਐਵਾਰਡ, ਫਿਲਮ ‘ਬੌਬੀ’ ਲਈ 1972 ਵਿਚ ਫਿਲਮਫੇਅਰ ਦੇ ਬੈਸਟ ਐਕਟਰ ਐਵਾਰਡ ਤੇ 2008 ਵਿਚ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ ਗਿਆ। ਉਨ੍ਹਾਂ ਨੇ ਸੰਨ 2000 ਵਿਚ ਫਿਲਮ ‘ਰਾਜੂ ਚਾਚਾ’ ਰਾਹੀਂ ਮੁੜ ਚਰਿੱਤਰ ਅਭਿਨੇਤਾ ਵਜੋਂ ਫਿਲਮਾਂ ਵਿਚ ਕੰਮ ਕਰਨਾ ਸ਼ੁਰੂ ਕੀਤਾ ਤੇ ਇਸ ਤੋਂ ਬਾਅਦ ਫਿਲਮ ‘ਯੇ ਹੈ ਜਲਵਾ’ (2002), ‘ਹਮ ਤੁਮ’ (2004), ‘ਫਨਾ’ (2006), ‘ਨਮਸਤੇ ਲੰਦਨ’ (2007), ‘ਲਵ ਆਜ ਕਲ’ (2009) ਵਰਗੀਆਂ ਫਿਲਮਾਂ ਕੀਤੀਆਂ।
ਉਨ੍ਹਾਂ ਨੇ 1999 ਵਿਚ ਫਿਲਮ ‘ਆ ਅਬ ਲੌਟ ਚਲੇਂ’ ਦਾ ਨਿਰਮਾਣ ਕੀਤਾ ਜਿਸ ਵਿਚ ਐਸ਼ਵਰਿਆ ਰਾਏ, ਅਕਸ਼ੈ ਖੰਨਾ, ਕਾਦਰ ਖਾਨ, ਪਰੇਸ਼ ਰਾਵਲ ਨੇ ਕੰਮ ਕੀਤਾ ਸੀ। ਰਿਸ਼ੀ ਕਪੂਰ ਨੇ ਅਨਿਲ ਕਪੂਰ ਨਾਲ ਕਈ ਸਫਲ ਫਿਲਮਾਂ ਦਿੱਤੀਆਂ। ਇਨ੍ਹਾਂ ਦੋਵਾਂ ਵਿਚ ਕਾਫੀ ਚੰਗੀ ਦੋਸਤੀ ਸੀ। ਰਿਸ਼ੀ ਕਪੂਰ ਦੀਆਂ ਜ਼ਿਆਦਾਤਰ ਹੋਰ ਕਲਾਕਾਰਾਂ ਨਾਲ ਨਹੀਂ ਬਣਦੀ ਸੀ।
ਉਂਝ ਤਾਂ ਪੂਰਾ ਕਪੂਰ ਖਾਨਦਾਨ ਖਾਣ-ਪੀਣ ਦਾ ਸ਼ੌਕੀਨ ਰਿਹਾ ਹੈ। ਰਿਸ਼ੀ ਕਪੂਰ ਨੂੰ ਵੀ ਨਾਨ-ਵੈੱਜ ਖਾਣ ਦੇ ਨਾਲ-ਨਾਲ ਡ੍ਰਿੰਕ ਲੈਣ ਦਾ ਕਾਫੀ ਸ਼ੌਕ ਸੀ ਪਰ ਉਨ੍ਹਾਂ ਨੂੰ ਬਾਕੀ ਹੀਰੋਜ਼ ਵਾਂਗ ਸਿਗਰੇਟ ਦੀ ਵਰਤੋਂ ਕਰਦਿਆਂ ਕਦੇ ਨਹੀਂ ਦੇਖਿਆ ਗਿਆ। ਰਿਸ਼ੀ ਕਪੂਰ ਨੇ ਆਪਣੀ ਬੇਟੀ ਦਾ ਵਿਆਹ ਸਮੇਂ ‘ਤੇ ਕਰ ਦਿੱਤਾ ਤੇ ਆਪਣੇ ਬੇਟੇ ਰਣਬੀਰ ਕਪੂਰ ਨੂੰ ਫਿਲਮੀ ਦੁਨੀਆ ਵਿਚ ਉਤਾਰਿਆ ਜੋ ਅੱਜਕਲ ਆਪਣੇ ਪਿਤਾ ਦਾ ਨਾਂ ਰੋਸ਼ਨ ਕਰ ਰਿਹਾ ਹੈ ਤੇ ਬਾਲੀਵੁੱਡ ਵਿਚ ਇਕ ਸਫਲ ਅਭਿਨੇਤਾ ਵਜੋਂ ਪ੍ਰਸਿੱਧ ਹੈ। ਰਿਸ਼ੀ ਤੇ ਉਨ੍ਹਾਂ ਦੀ ਪਤਨੀ ਨੀਤੂ ਸਿੰਘ ਵੀ ਫਿਲਮਾਂ ਵਿਚ ਸਰਗਰਮ ਹਨ।
Leave a Reply