ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਅਮਰੀਕਾ ਅਤੇ ਉਸ ਦੇ ਜੋਟੀਦਾਰ ਸਾਮਰਾਜੀ ਰਾਜਾਂ ਦੀ ਮਿਲੀਭੁਗਤ ਅਤੇ ਨਾਲ ਹੀ ਜੰਗੀ ਪੱਧਰ `ਤੇ ਫ਼ੌਜੀ ਤੇ ਵਿਤੀ ਮਦਦ ਦੇ ਜ਼ੋਰ ਫ਼ਲਸਤੀਨੀਆਂ ਦੀ ਬੇਰੋਕ-ਟੋਕ ਨਸਲਕੁਸ਼ੀ ਨਾਲ ਉਨ੍ਹਾਂ ਭਰਮਗ੍ਰਸਤ ਹਿੱਸਿਆਂ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਸੋਚ ਅਨੁਸਾਰ ਇਹ ਲੋਕਤੰਤਰੀ ਰਾਜ ਹਨ।
ਇਹ ਹਕੀਕਤ ਸਮਝਣੀ ਜ਼ਰੂਰੀ ਹੈ ਕਿ ਗਾਜ਼ਾ ਪੱਟੀ ਵਿਚ ਜੋ ਹੋ ਰਿਹਾ ਹੈ, ਉਹ ‘ਦਹਿਸ਼ਤਗਰਦ` ਹਮਾਸ ਅਤੇ ‘ਪੀੜਤ` ਇਜ਼ਰਾਇਲੀ ਸਟੇਟ ਦਰਮਿਆਨ ਯੁੱਧ ਨਹੀਂ ਸਗੋਂ ਅਮਰੀਕੀ-ਇਜ਼ਰਾਇਲੀ ਨਾਪਾਕ ਗੱਠਜੋੜ ਵਿਰੁੱਧ ਫ਼ਲਸਤੀਨੀ ਲੋਕਾਂ ਦਾ ਮੁਕਤੀ ਯੁੱਧ ਹੈ। ਫ਼ਲਸਤੀਨੀ ਆਪਣੀ ਸਰਜ਼ਮੀਨ ਦੀ ਰਾਖੀ ਲਈ ਅਤੇ ਇਜ਼ਰਾਇਲ ਦਾ ਧਾੜਵੀ ਕਬਜ਼ਾ ਖ਼ਤਮ ਕਰਾਉਣ ਲਈ ਹੱਕੀ ਲੜਾਈ ਲੜ ਰਹੇ ਹਨ ਅਤੇ ਅਮਰੀਕਾ-ਇਜ਼ਰਾਇਲ ਗੱਠਜੋੜ ਫ਼ਲਸਤੀਨ ਦਾ ਨਾਮੋ-ਨਿਸ਼ਾਨ ਮਿਟਾ ਕੇ ਇਸ ਨੂੰ ਪੂਰੀ ਤਰ੍ਹਾਂ ਇਜ਼ਰਾਇਲ `ਚ ਮਿਲਾ ਦੇਣਾ ਚਾਹੁੰਦਾ ਹੈ। ਨਿੱਕੇ ਜਹੇ ਭੂਗੋਲਿਕ ਖੇਤਰ ਵਿਚ ਫ਼ਲਸਤੀਨੀ ਸਾਢੇ ਅੱਠ ਮਹੀਨਿਆਂ ਤੋਂ ਜਿਸ ਹੌਸਲੇ ਨਾਲ ਦੁਨੀਆ ਦੀਆਂ ਸਭ ਤੋਂ ਖ਼ੂੰਖ਼ਾਰ ਫ਼ੌਜੀ ਤਾਕਤਾਂ ਦੇ ਕਰੂਰ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ, ਉਹ ਬੇਮਿਸਾਲ ਹੈ।
ਹੁਣ ਤੱਕ 37551 ਫ਼ਲਸਤੀਨੀ ਮਾਰੇ ਜਾ ਚੁੱਕੇ ਅਤੇ 86000 ਤੋਂ ਵੱਧ ਜ਼ਖ਼ਮੀ ਹਨ। 22 ਜੂਨ ਨੂੰ ਕੇਂਦਰੀ ਗਾਜ਼ਾ ਦੇ ਅਲ ਸ਼ਤੀ ਕੈਂਪ ਨਾਂ ਦੇ ਰਿਹਾਇਸ਼ੀ ਇਲਾਕੇ ਉੱਪਰ ਬੰਬਾਰੀ `ਚ 24 ਲੋਕ ਮਾਰੇ ਗਏ। ਪਿਛਲੇ ਦਿਨੀਂ ਇਜ਼ਰਾਇਲੀ ਫ਼ੌਜ ਨੇ ਗਾਜ਼ਾ ਪੱਟੀ ਦੇ ਧੁਰ ਦੱਖਣੀ ਸ਼ਹਿਰ ਰਫ਼ਾ ਵਿਚ ਰੈੱਡਕਰਾਸ ਸੈਂਟਰ ਦੇ ਨਾਲ ਬਣਾਏ ਸ਼ਰਨਾਰਥੀ ਕੈਂਪ ਉੱਪਰ ਟੈਂਕਾਂ, ਡਰੋਨਾਂ, ਲੜਾਕੂ ਜਹਾਜ਼ਾਂ ਅਤੇ ਸਮੁੰਦਰੀ ਬੋਟਾਂ ਨਾਲ ਹਮਲਾ ਕਰ ਕੇ 25 ਫ਼ਲਸਤੀਨੀਆਂ ਨੂੰ ਕਤਲ ਕੀਤਾ। ਇਸ ਤੋਂ ਪਹਿਲਾਂ ਕੇਂਦਰੀ ਗਾਜ਼ਾ ਦੇ ਨੁਸਰਤ ਸ਼ਰਨਾਰਥੀ ਕੈਂਪ ਉੱਪਰ ਹਮਲੇ `ਚ 64 ਬੱਚਿਆਂ, 57 ਔਰਤਾਂ ਅਤੇ 37 ਬਜ਼ੁਰਗਾਂ ਸਮੇਤ 274 ਲੋਕ ਮਾਰੇ ਗਏ ਸਨ।
ਇਜ਼ਰਾਇਲੀ ਸਟੇਟ ਵੱਲੋਂ ਥੋਪੀ ਭੁੱਖਮਰੀ ਤੇ ਗ੍ਰਿਫ਼ਤਾਰ ਫ਼ਲਸਤੀਨੀਆਂ ਨੂੰ ਦਿੱਤੇ ਜਾਂਦੇ ਤਸੀਹਿਆਂ ਨਾਲ ਅਤੇ ਬੇਇਲਾਜ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਗਾਜ਼ਾ ਦੀ ਸਿਹਤ ਵਿਵਸਥਾ ਪੂਰੀ ਤਰ੍ਹਾਂ ਨਹਿਸ-ਨਹਿਸ ਹੋ ਜਾਣ ਕਰਕੇ ਜ਼ਖ਼ਮੀ ਲੋਕ ਇਲਾਜ ਖੁਣੋਂ ਮਰ ਰਹੇ ਹਨ। ਸੰਸਾਰ ਸਿਹਤ ਸੰਸਥਾ ਦੇ ਮੁਖੀ ਨੇ ਦੱਸਿਆ ਕਿ ਰਫ਼ਾ ਦਾ ਲਾਂਘਾ ਬੰਦ ਹੋਣ ਕਰ ਕੇ 7 ਮਈ ਤੋਂ ਬਾਅਦ ਕਿਸੇ ਵੀ ਬਿਮਾਰ ਜਾਂ ਜ਼ਖ਼ਮੀ ਫ਼ਲਸਤੀਨੀ ਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ। ਗਾਜ਼ਾ ਸਰਕਾਰ ਦੇ ਮੀਡੀਆ ਆਫਿਸ ਅਨੁਸਾਰ ਗਾਜ਼ਾ ਦੇ 36 ਕੈਦੀਆਂ ਸਮੇਤ 54 ਫ਼ਲਸਤੀਨੀ ਨਜ਼ਰਬੰਦ ਇਜ਼ਰਾਇਲੀ ਜੇਲ੍ਹਾਂ ਦੇ ਤਸੀਹਿਆਂ ਅਤੇ ਅਣਮਨੁੱਖੀ ਹਾਲਾਤ ਕਾਰਨ ਮਾਰੇ ਗਏ ਹਨ। ਪੂਰੀ ਗਾਜ਼ਾ ਪੱਟੀ ਖੰਡਰ ਬਣਾ ਦਿੱਤੀ ਹੈ। ਹਸਪਤਾਲਾਂ, ਮਸਜਿਦਾਂ ਤੋਂ ਬਾਅਦ ਹੁਣ ਤਾਂ ਉਹ ਕੈਂਪ ਵੀ ਸੁਰੱਖਿਅਤ ਨਹੀਂ ਹਨ ਜਿੱਥੇ ਗਾਜ਼ਾ ਦੇ ਵੱਡੇ ਹਿੱਸੇ ਨੂੰ ਖਾਲੀ ਕਰਨ ਤੋਂ ਬਾਅਦ ਭੁੱਖਮਰੀ ਅਤੇ ਹਮਲਿਆਂ ਨਾਲ ਹਾਲੋ-ਬੇਹਾਲ ਔਰਤਾਂ, ਬੱਚੇ ਅਤੇ ਬਜ਼ੁਰਗ ਆਰਜ਼ੀ ਟੈਂਟਾਂ `ਚ ਠਹਿਰਾਏ ਗਏ ਹਨ। ਜਿਨ੍ਹਾਂ ਕੈਂਪਾਂ ਨੂੰ ਇਜ਼ਰਾਇਲੀ ਹਕੂਮਤ ਨੇ ‘ਮਹਿਫੂਜ਼ ਖੇਤਰ` ਕਰਾਰ ਦਿੱਤਾ ਹੋਇਆ ਹੈ, ਉੱਥੇ ਟੈਂਕਾਂ, ਡਰੋਨਾਂ, ਲੜਾਕੂ ਜਹਾਜ਼ਾਂ ਅਤੇ ਸਮੁੰਦਰੀ ਬੋਟਾਂ ਨਾਲ ਚਾਰ-ਚੁਫੇਰਿਆਂ ਹਮਲੇ ਕਰ ਕੇ ਭਿਆਨਕ ਤਬਾਹੀ ਮਚਾਉਣ ਤੋਂ ਹਮਲਾਵਰ ਧਿਰ ਦੇ ਮਨਸ਼ੇ ਸਮਝੇ ਜਾ ਸਕਦੇ ਹਨ। ਸੰਯੁਕਤ ਰਾਸ਼ਟਰ ਦੇ ਜਾਂਚ ਕਮਿਸ਼ਨ ਨੇ ਵੀ ਸਪਸ਼ਟ ਦੋਸ਼ ਲਾਏ ਹਨ ਕਿ ਇਹ ‘ਵਿਨਾਸ਼`, ‘ਜੰਗੀ ਜੁਰਮ` ਅਤੇ ‘ਮਨੁੱਖਤਾ ਵਿਰੁੱਧ ਜੁਰਮ` ਹਨ ਅਤੇ ਇਹ ਤਾਕਤਵਰ ਮੁਲਕਾਂ ਦੀ ਮੱਦਦ ਬਿਨਾਂ ਸੰਭਵ ਨਹੀਂ ਸੀ ਹੋ ਸਕਦੇ।
ਅਮਰੀਕਨ ਪ੍ਰਸ਼ਾਸਨ ਦੇ ਅੰਦਰ ਵੀ ਇਜ਼ਰਾਇਲ ਨੂੰ ਦਿੱਤੀ ਜਾ ਰਹੀ ਮਦਦ ਨੂੰ ਲੈ ਕੇ ਮੱਤਭੇਦ ਉੱਭਰ ਰਹੇ ਹਨ। ਸਟੇਟ ਡਿਪਾਰਟਮੈਂਟ ਦੇ ਇਜ਼ਰਾਇਲ-ਫ਼ਲਸਤੀਨ ਮਾਹਰ ਐਂਡਰਿਊ ਮਿੱਲਰ ਦਾ ਹਾਲੀਆ ਅਸਤੀਫ਼ਾ ਕਿਸੇ ਅੰਦਰੂਨੀ ਵਿਰੋਧ ਵੱਲ ਇਸ਼ਾਰਾ ਕਰਦਾ ਹੈ। ਇਹ ਵੀ ਰਿਪੋਰਟਾਂ ਹਨ ਕਿ ਉਸ ਨੂੰ ਬਾਇਡਨ ਪ੍ਰਸ਼ਾਸਨ ਦੀ ਇਜ਼ਰਾਇਲ ਨੂੰ ‘ਘੁੱਟ ਕੇ ਜੱਫੀ ਪਾਉਣ` ਦੀ ਨੀਤੀ ਦਾ ਆਲੋਚਕ ਮੰਨਿਆ ਜਾਂਦਾ ਸੀ ਜਿਸ ਵਿਚ ਬਾਇਡਨ ਦੇ ਸਭ ਤੋਂ ਨੇੜਲੇ ਸਲਾਹਕਾਰਾਂ ਦੀ ਜੁੰਡਲੀ ਭਾਰੀ ਹੈ। ਟਾਈਮਜ਼ ਆਫ਼ ਇਜ਼ਰਾਇਲ ਦੀ ਰਿਪੋਰਟ ਅਨੁਸਾਰ ਇਕ ਅਣਪਛਾਤੇ ਅਮਰੀਕਨ ਅਧਿਕਾਰੀ ਨੇ ਆਪਣਾ ਨਾਂ ਨਾ ਨਸ਼ਰ ਕੀਤੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਜੇ ਨੇਤਨਯਾਹੂ ਸਰਕਾਰ “ਅਜਿਹਾ ਮਾਹੌਲ ਪੈਦਾ ਕਰ ਰਹੀ ਹੈ ਜਿੱਥੇ ਉਸ (ਮਿੱਲਰ) ਵਰਗੇ ਲੋਕ ਅਸਤੀਫ਼ੇ ਦੇ ਰਹੇ ਹਨ, ਤਾਂ ਉਹ ਸਪਸ਼ਟ ਤੌਰ `ਤੇ ਕੁਝ ਬਹੁਤ ਹੀ ਗ਼ਲਤ ਕਰ ਰਹੇ ਹਨ।” ਇਕ ਦਿਨ ਪਹਿਲਾਂ 18 ਜੂਨ ਨੂੰ ਵੀਡੀਓ ਵਿਚ ਬੁਖਲਾਇਆ ਨੇਤਨਯਾਹੂ ਇਜ਼ਰਾਇਲ ਨੂੰ ਹਥਿਆਰਾਂ ਤੇ ਗੋਲਾ-ਬਾਰੂਦ ਦੀ ਸਪਲਾਈ ਰੋਕਣ ਬਦਲੇ ਜ਼ਾਹਰਾ ਤੌਰ `ਤੇ ਮਾਯੂਸੀ `ਚ ਅਮਰੀਕਨ ਹਕੂਮਤ ਨੂੰ ਅਵਾ-ਤਵਾ ਬੋਲ ਰਿਹਾ ਹੈ। ਇਸ ਵੀਡੀਓ ਦੇ ਪ੍ਰਤੀਕਰਮ `ਚ ਯੂ.ਐੱਸ. ਨੈਸ਼ਨਲ ਸਕਿਓਰਿਟੀ ਕੌਂਸਲ ਦੇ ਬੁਲਾਰੇ ਜੌਹਨ ਕਿਰਬੀ ਨੇ ਕਿਹਾ ਕਿ ਨੇਤਨਯਾਹੂ ਵੱਲੋਂ ਲਗਾਏ ਇਲਜ਼ਾਮ “ਸਾਡੇ ਲਈ ਬੇਹੱਦ ਨਿਰਾਸ਼ਾਜਨਕ ਅਤੇ ਨਿਸ਼ਚੇ ਹੀ ਪ੍ਰੇਸ਼ਾਨ ਕਰਨ ਵਾਲੇ ਹਨ, ਇਹ ਦੇਖਦੇ ਹੋਏ ਕਿ ਅਸੀਂ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਕਿੰਨੀ ਹਮਾਇਤ ਕਰਦੇ ਹਾਂ ਅਤੇ ਕਰਦੇ ਰਹਾਂਗੇ।” ਇਸੇ ਨਾਲ ਮਿਲਦਾ-ਜੁਲਦਾ ਬਿਆਨ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਮੈਟ ਮਿੱਲਰ ਨੇ ਦਿੱਤਾ ਹੈ ਕਿ “ਪਤਾ ਨਹੀਂ ਨੇਤਨਯਾਹੂ ਕੀ ਕਹਿ ਰਿਹਾ ਹੈ ਅਤੇ ਕੀ ਹਾਸਲ ਕਰਨਾ ਚਾਹੁੰਦਾ ਹੈ।” ਨਾਲ ਹੀ ਉਸਨੇ ਅਮਰੀਕਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਹਵਾਲੇ ਨਾਲ ਕਿਹਾ ਕਿ “ਇਜ਼ਰਾਇਲ ਦੀ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਪਵਿੱਤਰ ਹੈ। ਅਸੀਂ ਇਹ ਸਾਬਤ ਕੀਤਾ ਹੈ, ਸਿਰਫ਼ ਸ਼ਬਦਾਂ ਨਾਲ ਨਹੀਂ ਸਗੋਂ ਕੰਮਾਂ ਨਾਲ।” ਇਹ ਘਟਨਾਕ੍ਰਮ ਵਧ ਰਹੀ ਅੰਦਰੂਨੀ ਕਸ਼ਮਕਸ਼ ਵੱਲ ਇਸ਼ਾਰਾ ਹੈ।
ਇਜ਼ਰਾਇਲ ਦੇ ਅੰਦਰ ਵੀ ਨੇਤਨਯਾਹੂ ਸਰਕਾਰ ਦੀ ਫ਼ਲਸਤੀਨ ਮਸਲੇ ਪ੍ਰਤੀ ਬੇਕਿਰਕ ਪਹੁੰਚ ਵਿਰੁੱਧ ਬੇਚੈਨੀ ਹੈ। ਐਨੀ ਭਿਆਨਕ ਨਸਲਕੁਸ਼ੀ ਤੇ ਤਬਾਹੀ ਵੀ ਫ਼ਲਸਤੀਨੀਆਂ ਦਾ ਮਨੋਬਲ ਤੋੜਨ ਅਤੇ ਹਮਾਸ ਦੀ ਲੜਾਕੂ ਸਮਰੱਥਾ ਨੂੰ ਸੱਟ ਮਾਰਨ `ਚ ਅਸਫ਼ਲ ਰਹੀ ਹੈ। ਉਲਟਾ, 7 ਅਕਤੂਬਰ ਦੇ ਹਮਲੇ ਨੇ ਇਜ਼ਰਾਇਲ ਦੀ ਬੇਹੱਦ ਮਜ਼ਬੂਤ ਸਮਝੀ ਜਾਂਦੀ ਖੁਫ਼ੀਆ ਫ਼ੌਜੀ-ਤਕਨੀਕੀ ਸਮਰੱਥਾ ਦੀ ਪੋਲ ਖੋਲ੍ਹ ਦਿੱਤੀ ਹੈ। ਬੇਸ਼ੱਕ ਸਮੁੱਚੀ ਇਜ਼ਰਾਇਲੀ ਹਾਕਮ ਜਮਾਤ ਫ਼ਲਸਤੀਨ ਉੱਪਰ ਕਬਜ਼ੇ ਲਈ ਇਕਮੱਤ ਹੈ ਪਰ ਨੇਤਨਯਾਹੂ ਗੁੱਟ ਦੀ ਪਹੁੰਚ ਨੂੰ ਲੈ ਕੇ ਅਸੰਤੁਸ਼ਟੀ ਤੇ ਵਿਰੋਧ ਵੀ ਹੈ। ਇਕ ਹਿੱਸਾ ਫ਼ਲਸਤੀਨ ਪ੍ਰਤੀ ਘੱਟ ਬੇਕਿਰਕ ਅਤੇ ਕਥਿਤ ਉਦਾਰ ਪਹੁੰਚ ਦੇ ਹੱਕ `ਚ ਹੈ। ਨੇਤਨਯਾਹੂ ਗੁੱਟ ਯਹੂਦੀ ਰਾਸ਼ਟਰਵਾਦੀ ਇਜ਼ਰਾਇਲੀ ਹਾਕਮ ਜਮਾਤ ਦੇ ਘੋਰ ਕੱਟੜਪੰਥੀ ਕੈਂਪ ਦੀ ਨੁਮਾਇੰਦਗੀ ਕਰਦਾ ਹੈ, ਇਸੇ ਕਰ ਕੇ ਉਹ ਭਾਰਤ ਦੇ ਭਗਵਾ ਬ੍ਰਿਗੇਡ ਅਤੇ ਅਮਰੀਕਾ/ਪੱਛਮ ਦੇ ਘੋਰ ਨਸਲਵਾਦੀ ਗੁੱਟਾਂ ਦਾ ਚਹੇਤਾ ਹੈ।
ਜੰਗ ਅਤੇ ਤਬਾਹੀ ਨਾਲ ਇਜ਼ਰਾਇਲ ਦੇ ਕਾਰੋਬਾਰੀ ਵਰਗ `ਚ ਵੀ ਬੇਚੈਨੀ ਦੇ ਸੰਕੇਤ ਹਨ। ਇਹ ਰਿਪੋਰਟਾਂ ਵੀ ਹਨ ਕਿ ਇਸ ਮਾਹੌਲ ਦੇ ਮੱਦੇਨਜ਼ਰ ਧਨਾਢ ਇਜ਼ਰਾਇਲੀਆਂ `ਚ ਪੂੰਜੀ ਨਿਵੇਸ਼ ਘਟਾਉਣ ਅਤੇ ਆਪਣਾ ਸਰਮਾਇਆ ਤੇ ਜਾਇਦਾਦਾਂ ਪੱਛਮੀ ਮੁਲਕਾਂ `ਚ ਲਿਜਾਣ ਦਾ ਰੁਝਾਨ ਵਧਿਆ ਹੈ। ਇਕ ਸਰਵੇ ਅਨੁਸਾਰ 80 ਫ਼ੀਸਦੀ ਟੈਕਸ ਦੇਣ ਵਾਲੇ 20 ਫ਼ੀਸਦੀ ਧਨਾਢ ਇਜ਼ਰਾਇਲੀ ਆਪਣਾ ਸਰਮਾਇਆ ਕਿਤੇ ਹੋਰ ਲਗਾਉਣ ਬਾਰੇ ਸੋਚ ਰਹੇ ਹਨ। ਇਹ ਯੁੱਧ ਅਤੇ ਭਾਰੀ ਫ਼ੌਜੀ ਖ਼ਰਚ ਨਾਲ ਆਰਥਿਕ ਤੇ ਵਿਤੀ ਸੰਕਟ ਦੇ ਵਧਣ ਦੀਆਂ ਨਿਸ਼ਾਨੀਆਂ ਹਨ।
ਇਸੇ `ਚੋਂ ਬਾਇਡਨ ਪ੍ਰਸ਼ਾਸਨ ਨੇ ਇਜ਼ਰਾਇਲ ਨੂੰ 14 ਅਰਬ ਡਾਲਰ ਮਦਦ ਦੇਣ ਦਾ ਐਲਾਨ ਕੀਤਾ ਹੈ। ਬੇਸ਼ੱਕ ਬਾਇਡਨ ਪ੍ਰਸ਼ਾਸਨ ਇਜ਼ਰਾਇਲ ਨੂੰ ਜੰਗੀ ਮਦਦ ਜਾਰੀ ਰੱਖਣ ਲਈ ਬਜ਼ਿੱਦ ਹੈ ਪਰ ਉਸ ਨੂੰ ਇਸ ਦਾ ਮੁੱਲ ਵੀ ਚੁਕਾਉਣਾ ਪੈ ਰਿਹਾ ਹੈ ਅਤੇ ਉਸ ਨੂੰ ਭਾਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਸਮੇਤ ਬਹੁਤ ਸਾਰੇ ਮੁਲਕਾਂ ਦੀਆਂ ਯੂਨੀਵਰਸਿਟੀਆਂ ਦੇ ਕੈਂਪਸਾਂ ਵਿਚ ਜਾਗਰੂਕ ਵਿਦਿਆਰਥੀਆਂ ਦੇ ਜੁਝਾਰੂ ਅੰਦੋਲਨਾਂ ਨੇ ਬਾਇਡਨ ਹਕੂਮਤ ਅਤੇ ਇਸ ਦੇ ਜੰਗਬਾਜ਼ ਜੋਟੀਦਾਰਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਅਮਰੀਕਾ ਅਤੇ ਪੱਛਮੀ ਸਾਮਰਾਜੀਆਂ ਵੱਲੋਂ ਇਜ਼ਰਾਇਲ ਦੀ ਬੇਸ਼ਰਮ ਵਕਾਲਤ ਅਤੇ ਹਮਾਇਤ ਦੇ ਬਾਵਜੂਦ ਦਹਿਸ਼ਤਵਾਦੀ ਇਜ਼ਰਾਇਲ ਸਟੇਟ ਦੁਨੀਆ `ਚ ਅਲੱਗ-ਥਲੱਗ ਪੈ ਰਿਹਾ ਹੈ। ਤੁਰਕੀ ਅਤੇ ਕੋਲੰਬੀਆਂ ਦੇ ਇਜ਼ਰਾਇਲ ਵਿਰੁੱਧ ਪਾਬੰਦੀਆਂ ਲਾਉਣ ਦੀ ਸ਼ੁਰੂਆਤ ਕੀਤੀ ਹੈ। ਇਜ਼ਰਾਇਲ ਦੀ ਹਮਾਇਤ ਕਰਨ ਵਾਲੇ ਵੀ ਪੈਰ ਪਿੱਛੇ ਖਿੱਚ ਰਹੇ ਹਨ। ਖ਼ਾਸ ਕਰ ਕੇ ਪੱਛਮੀ ਏਸ਼ੀਆ ਦੇ ਰਾਜਾਂ ਨੂੰ ਇਜ਼ਰਾਇਲ ਦੀ ਹਮਾਇਤ `ਚ ਖੜ੍ਹਾਈ ਰੱਖਣ `ਚ ਅਮਰੀਕਾ ਦਾ ਰਸੂਖ਼ ਤੇ ਦਬ-ਦਬਾ ਘਟਦਾ ਨਜ਼ਰ ਆ ਰਿਹਾ ਹੈ। ਪਿਛਲੇ ਸਮੇਂ `ਚ ਕੌਮਾਂਤਰੀ ਅਦਾਲਤ ਅਤੇ ਕੌਮਾਂਤਰੀ ਅਪਰਾਧਿਕ ਕੋਰਟ ਨੇ ਇਜ਼ਰਾਇਲ ਵਿਰੁੱਧ ਜੋ ਟਿੱਪਣੀਆਂ ਕੀਤੀਆਂ ਅਤੇ ਜੋ ਕਦਮ ਚੁੱਕੇ ਹਨ, ਉਹ ਵੀ ਅਮਰੀਕਾ ਦੀ ਘਟ ਰਹੀ ਕੂਟਨੀਤਕ ਸਮਰੱਥਾ ਵੱਲ ਇਸ਼ਾਰਾ ਕਰਦੇ ਹਨ। ਇਨ੍ਹਾਂ ਹਾਲਾਤ `ਚ ਅਮਰੀਕਾ ਤੇ ਨਾਟੋ ਦੇ ਸ਼ਰੀਕ ਰੂਸ ਤੇ ਚੀਨ ਗੁੱਟ ਦੇ ਰਸੂਖ਼ ਦਾ ਵਧਣਾ ਸੁਭਾਵਿਕ ਹੈ। ਦੁਨੀਆ ਇਹ ਵੀ ਦੇਖ ਰਹੀ ਹੈ ਕਿ ਜਮਹੂਰੀਅਤ ਅਤੇ ਮਨੁੱਖੀ ਹੱਕਾਂ ਦਾ ਆਪੇ ਬਣਿਆ ਠਾਣੇਦਾਰ ਅਮਰੀਕਾ ਅਤੇ ਇਸ ਦੇ ਜੋਟੀਦਾਰ ਹੋਰ ਸਾਮਰਾਜੀਏ ਹੀ ਜਮਹੂਰੀਅਤ ਅਤੇ ਮਨੁੱਖਾਂ ਹੱਕਾਂ ਦਾ ਕਰੂਰ ਘਾਣ ਕਰਨ `ਚ ਸਭ ਤੋਂ ਮੋਹਰੀ ਹਨ ਜੋ ਘੋਰ ਪਿਛਾਖੜੀ ਤਾਨਾਸ਼ਾਹ ਰਾਜਾਂ ਦੇ ਸਭ ਤੋਂ ਵੱਡੇ ਸਰਪ੍ਰਸਤ ਹਨ। ਇਨ੍ਹਾਂ ਦੀ ਕੌਮਾਂਤਰੀ ਠਾਣੇਦਾਰੀ ਦਾ ਨੈਤਿਕ ਆਧਾਰ ਪਹਿਲਾਂ ਹੀ ਸਵਾਲਾਂ ਦੇ ਘੇਰੇ `ਚ ਰਿਹਾ ਹੈ ਜੋ ਹੁਣ ਹੋਰ ਜ਼ਿਆਦਾ ਖੁਰਿਆ ਹੈ।
ਆਪਣੀ ਸਾਮਰਾਜੀ ਖ਼ਸਲਤ ਅਨੁਸਾਰ ਅਮਰੀਕਾ ਹਮਲਾ ਰੁਕਵਾਉਣ ਲਈ ਬਿਲਕੁਲ ਸੁਹਿਰਦ ਨਹੀਂ ਹੈ। ਅਮਰੀਕਾ ਵੀਟੋ ਕਰ ਕੇ ਯੁੱਧਬੰਦੀ ਦੇ ਯਤਨਾਂ `ਚ ਅੜਿੱਕੇ ਡਾਹੁੰਦਾ ਰਿਹਾ ਹੈ ਅਤੇ ਨੇਤਨਯਾਹੂ ਅਮਰੀਕਾ ਦੀ ਸ਼ਹਿ `ਤੇ ਯੁੱਧਬੰਦੀ ਲਈ ਬਣ ਰਹੇ ਮਾਹੌਲ ਨੂੰ ਖ਼ਰਾਬ ਕਰ ਕੇ ਅਤੇ ਸਹਿਮਤੀਆਂ ਦੀਆਂ ਧੱਜੀਆਂ ਉਡਾ ਕੇ ਮਨਮਾਨੀਆਂ ਕਰਨ ਲਈ ਆਜ਼ਾਦ ਹੈ। ਸੰਯੁਕਤ ਰਾਸ਼ਟਰ ਅਮਰੀਕਾ ਦੀ ਮੁੱਠੀ `ਚ ਹੈ ਅਤੇ ਨੇਤਨਯਾਹੂ ਹਕੂਮਤ ਇਸ ਦੇ ਮਤਿਆਂ ਨੂੰ ਟਿੱਚ ਸਮਝਦੀ ਹੈ। ਦਰਅਸਲ, ਅਮਰੀਕਾ ਦਾ ਯੁੱਧਬੰਦੀ ਦੇ ਯਤਨਾਂ ਦਾ ਦਿਖਾਵਾ ਹਮਲੇ ਨੂੰ ਵੱਧ ਤੋਂ ਵੱਧ ਲਮਕਾਉਣ ਅਤੇ ਇਜ਼ਰਾਇਲੀ ਤਾਕਤਾਂ ਨੂੰ ਵੱਧ ਤੋਂ ਵੱਧ ਕਤਲੇਆਮ, ਤਬਾਹੀ ਅਤੇ ਉਜਾੜਾ ਕਰਨ ਦਾ ਮੌਕਾ ਦੇਣ ਦੀ ਚਾਲ ਹੈ। ਹੁਣ ਦੇਖਣਾ ਇਹ ਹੈ ਕਿ 24 ਜੁਲਾਈ ਨੂੰ ਨੇਤਨਯਾਹੂ ਵੱਲੋਂ ਅਮਰੀਕਨ ਕਾਂਗਰਸ ਨੂੰ ਸੰਬੋਧਨ ਕਰਨ ਦੇ ਸਮੇਂ ਤੱਕ ਹਾਲਾਤ ਕੀ ਕਰਵਟ ਲੈਂਦੇ ਹਨ।
ਚੰਗਾ ਪੱਖ ਇਹ ਹੈ ਕਿ ਰਫ਼ਾ ਉੱਪਰ ਹਮਲੇ ਨੂੰ ਬਾਇਡਨ ਪ੍ਰਸਾਸਨ ਵੱਲੋਂ ‘ਰੈੱਡ ਲਾਈਨ` ਨਾ ਮੰਨਣ ਕਾਰਨ ਮੁਲਕ ਦੇ ਅੰਦਰ ਉਸ ਦੀ ਨੀਤੀ ਵਿਰੁੱਧ ਅਸੰਤੁਸ਼ਟੀ ਬਣੀ ਹੈ ਅਤੇ ਇਜ਼ਰਾਇਲ ਦੇ ਹੱਕ `ਚ ਬਣਾਈ ਸਹਿਮਤੀ ਕਮਜ਼ੋਰ ਪੈ ਰਹੀ ਹੈ। ਇਕ ਚੰਗਾ ਸੰਕੇਤ ਇਜ਼ਰਾਇਲੀਆਂ ਦੀ ਨੌਜਵਾਨ ਪੀੜ੍ਹੀ `ਚ ਯਹੂਦੀਵਾਦੀ ਰਾਸ਼ਟਰਵਾਦ ਤੋਂ ਮੋਹ ਭੰਗ ਹੋਣ ਦਾ ਰੁਝਾਨ ਹੈ ਜਿਸ ਦਾ ਤਕੜਾ ਇਜ਼ਹਾਰ ਵਿਦਿਆਰਥੀਆਂ ਦੇ ਹਾਲੀਆ ਮੁਜ਼ਾਹਰਿਆਂ `ਚ ਉਨ੍ਹਾਂ ਵੱਲੋਂ ਵੱਡੀ ਗਿਣਤੀ `ਚ ਹਿੱਸਾ ਲੈਣ ਦੇ ਰੂਪ `ਚ ਹੋਇਆ ਹੈ। ਇਹ ਉਨ੍ਹਾਂ `ਚ ਯਹੂਦੀਵਾਦੀ ਰਾਸ਼ਟਰਵਾਦ ਪ੍ਰਤੀ ਖਿੱਚ ਘਟਣ ਵੱਲ ਇਸ਼ਾਰਾ ਕਰਦਾ ਹੈ।
ਇਨ੍ਹਾਂ ਕੁਲ ਘਟਨਾ-ਵਿਕਾਸਾਂ ਦੇ ਬਾਵਜੂਦ ਚੁਕੰਨੇ ਰਹਿਣਾ ਜ਼ਰੂਰੀ ਹੈ ਕਿ ਇਜ਼ਰਾਇਲੀ ਦਹਿਸ਼ਤਵਾਦ ਦੇ ਵਿਰੁੱਧ ਅਤੇ ਫ਼ਲਸਤੀਨੀਆਂ ਦੇ ਮੁਕਤੀ ਯੁੱਧ ਦੇ ਹੱਕ ਵਿਚ ਆਲਮੀ ਪੱਧਰ `ਤੇ ਵਿਸ਼ਾਲ ਪੱਧਰ `ਤੇ ਲੋਕ ਰਾਇ ਹੀ ਅਮਰੀਕੀ-ਇਜ਼ਰਾਇਲੀ ਪਿਛਾਖੜੀ ਗੱਠਜੋੜ ਨੂੰ ਮੁਕੰਮਲ ਯੁੱਧਬੰਦੀ ਲਈ ਮਜਬੂਰ ਕਰ ਸਕਦੀ ਹੈ। ਇਨਸਾਫ਼ਪਸੰਦ ਤੇ ਅਮਨਪਸੰਦ ਤਾਕਤਾਂ ਦਾ ਫੋਕਸ ਇਸ ਪੱਖ ਨੂੰ ਮਜ਼ਬੂਤ ਕਰਨ ਉੱਪਰ ਹੀ ਰਹਿਣਾ ਚਾਹੀਦਾ ਹੈ।