ਰੋਡੇ ਕਾਲਜ: ਵਿਦਿਆਰਥੀ ਸਿਆਸਤ ਦੀ ਕਹਾਣੀ

ਜਦੋਂ ਕਿਤੇ ਦੱਖਣ ਦੇ ਸਿਨੇਮੇ ਦੀ ਗੱਲ ਹੁੰਦੀ ਹੈ ਤਾਂ ਮੇਰਾ ਧਿਆਨ ਅਕਸਰ ਇਸ ਗੱਲ ਵੱਲ ਜਾਂਦਾ ਹੈ ਕਿ ਦੱਖਣ ਦੇ ਸਿਨੇਮੇ ਵਿਚ ਇੱਕ ਖਾਸ ਖਿੱਚ ਉਸ ਦੀ ਆਰਗੈਨਿਕ ਦ੍ਰਿਸ਼ ਤੇ ਕਿਰਦਾਰਾਂ ਦੀ ਸਿਰਜਣਾ ਹੈ।

‘ਰਾਅ’ ਜਿਹੇ ਪਾਤਰ ਅਤੇ ‘ਲੈਂਡਸਕੇਪਿੰਗ` ਜਿਹੜੀ ਇਮੋਸ਼ਨ ਤੇ ਐਕਸ਼ਨ ਦੇ ਸੁਮੇਲ ਨਾਲ ਦਰਸ਼ਕ ਲਈ ਮਨੋਰੰਜਕ ਅਤੇ ਦਿਲਚਸਪ ਹੋ ਨਿਬੜਦੀ ਹੈ। ਪਿਛਲੇ ਕੁਝ ਦਹਾਕਿਆ ਤੋਂ ਪੰਜਾਬ ਦਾ ਚਿਹਰਾ-ਮੋਹਰਾ ਬਦਲ ਰਿਹਾ ਹੈ। ਇਹ ਪੰਜਾਬੀ ਫਿਲਮ ਲੇਖਕ ਅਤੇ ਨਿਰਦੇਸ਼ਕ ਫੜ ਨਹੀਂ ਹੋ ਰਿਹਾ। ਉਹੀ ਪਾਤਰਾਂ ਕਹਾਣੀਆਂ ਦੇ ਦੁਹਰਾਓ ਵਾਲੀਆਂ ਤਕਰੀਬਨ 90% ਫਿਲਮਾਂ ਆਉਂਦੀਆਂ ਜਾਂਦੀਆਂ ਦਾ ਪਤਾ ਵੀ ਨਹੀਂ ਲੱਗਦਾ ਹੈ।
ਹੈਪੀ ਰੋਡੇ ਦੇ ਲੇਖਨ ਅਤੇ ਨਿਰਦੇਸ਼ਨ ਹੇਠ ਬਣੀ ਫਿਲਮ ‘ਰੋਡੇ ਕਾਲਜ` ਦੇਖੀ, ਕਾਲਜ ਤੇ ਵਿਦਿਆਰਥੀ ਬਾਰੇ ਬਣੀਆਂ ਫਿਲਮਾਂ ਵਿਚ ਅਕਸਰ ਉਹੀ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਅਕਸਰ ਹੋਰਾਂ ਫਿਲਮਾਂ ਵਿਚ ਦੇਖਦੇ ਆਏ ਆਂ। ਇੱਥੇ ਲੇਖਕ ਨਿਰਦੇਸ਼ਕ ਦੇ ਉਨ੍ਹਾਂ ਬਿਰਤਾਤਾਂ ਵਿਚਕਾਰ ਅਕਸਰ ਤਿਲਕ ਜਾਣ ਦਾ ਖਦਸ਼ਾ ਹੁੰਦੀ ਪਰ ਹੈਪੀ ਰੋਡੇ ਨੇ ਬਹੁਤ ਵਧੀਆ ਤਰੀਕੇ ਨਾਲ ਕਹਾਣੀ ਤੇ ਪਟਕਥਾ ਨੂੰ ਬਹੁਤ ਪ੍ਰਚੰਡ ਰੱਖਿਆ ਹੈ। ਸ਼ੁਰੂਆਤੀ ਕੁਝ ਮਿੰਟਾਂ ਵਿਚ ਫਿਲਮ ਜ਼ਰੂਰ ਧੀਮੀ ਅਤੇ ਲਟਕਦੀ ਲੱਗਦੀ ਹੈ ਪਰ ਜਿਵੇਂ ਹੀ ਰਫ਼ਤਾਰ ਫੜਦੀ ਹੈ, ਫਿਰ ਅੱਖ ਝਪਕਣ ਦਾ ਮੌਕਾ ਨਹੀਂ ਦਿੰਦੀ। 90ਵਿਆਂ ਦੇ ਕਾਲੇ ਦੌਰ ਤੋਂ 2011 ਤਕ ਦੇ ਦੋ ਪੀੜ੍ਹੀਆਂ ਦੇ ਦੁਖਾਂਤ ਨੂੰ ਕਲਾਇਮੈਕਸ ਤੱਕ ਜਿਸ ਤਰੀਕੇ ਨਾਲ ਦੀ ਵਿਧਾ ਦਾ ਪੱਲਾ ਨਾ ਛੱਡਦੇ ਹੋਏ ਲਿਜਾਇਆ ਗਿਆ ਹੈ, ਉਸ ਦਾ ਅਸਰ ਮੈਂ ਇਸ ਗੱਲ ਰਾਹੀਂ ਦੱਸਣਾ ਚਾਹੁੰਨਾ ਕਿ ਸ਼ਾਇਦ ਕਿੰਨੇ ਸਾਲਾਂ ਤੋਂ ਬਾਅਦ ਕਿਸੇ ਪੰਜਾਬੀ ਫਿਲਮ ਦੇ ਵਲਵਲੇ ਇੰਨੇ ਜ਼ੋਰਦਾਰ ਸਨ ਕਿ ਅੱਖਾਂ ਵਾਰ-ਵਾਰ ਨਮ ਹੋਈਆਂ। ਫਿਲਮ ਦਾ ਇੱਕ ਦ੍ਰਿਸ਼ ਮੇਰੇ ਲਈ ਬਹੁਤ ਖਾਸ ਹੈ; ਇੱਕ ਪਾਤਰ ਕਿਸੇ ਦੂਜੇ ਪਾਤਰ ਨੂੰ ਭਗਤ ਸਿੰਘ ਦੀਆਂ ਕਿਤਾਬਾਂ ਪੜ੍ਹਨ ਲਈ ਦਿੰਦਾ ਹੈ। ਸਾਡੇ ਸਿਨੇਮੇ ਵਿਚ ਕਿਤਾਬਾਂ ਦੀ ਗੱਲ ਹੋਣੀ ਅਲੋਕਾਰੀ ਗੱਲ ਹੀ ਹੈ, ਹੋ ਸਕਦਾ ਕਿ ਭਗਤ ਸਿੰਘ ਤੇ ਕਿਤਾਬਾਂ ਨਾਲ ਮੇਰੀ ਭਾਵੁਕ ਸਾਂਝ ਹੋਣ ਕਰ ਕੇ ਇਹ ਫਰੇਮ ਦਿਲ ਨੂੰ ਟੁੰਬਿਆ ਹੋਵੇ ਪਰ ਟੁੰਬਿਆ। ਇਸ ਦ੍ਰਿਸ਼ ਲਈ ਹੈਪੀ ਭਾਅ ਨੂੰ ਅਲੱਗ ਤੋਂ ਪਿਆਰ ਤੇ ਸਤਿਕਾਰ।
ਫਿਲਮ ਦੀ ਇਕ ਗੱਲ ਹੋਰ ਖਾਸ ਹੈ ਕਿ ਫਿਲਮ ਵਿਚ ‘ਸਟੋਰੀ` ਵੀ ਹੈ।
ਫਿਲਮ ਦੀ ਇੱਕ ਹੋਰ ‘ਆਰਗੈਨਿਕ` ‘ਰਾਅ` ਤੇ ‘ਤਾਜ਼ਗੀ` ਇਸ ਦੇ ਕਿਰਦਾਰ ਨੇ। ਮਾਨਵ ਵਿਜ ਤੇ ਧਨਵੀਰ ਇਸ ਫਿਲਮ ਦੀ ਜਾਨ ਨੇ। ਮਾਨਵ ਵਿਜ ਦੀਆਂ ਇਰਫਾਨ ਵਾਂਗ ਅੱਖਾਂ ਅੱਧਾ ਕੰਮ ਕਰ ਦਿੰਦੀਆਂ ਤੇ ਫਿਰ ਉਸ ਦੀ ਇਮੋਸ਼ਨ ਨੂੰ ਲੈ ਕੇ ਬਹੁਤ ਅਸਾਨ ਪਰ ਤਜਰਬੇ ਵਾਲੀ ਪਹੁੰਚ ਸੀਨ ਨੂੰ ਮੁਕੰਮਲ ਕਰ ਦਿੰਦੀ ਹੈ। ਧਨਵੀਰ ਨਾਟਕ ਦਾ ਮੰਝਿਆ ਹੋਇਆ ਅਦਾਕਾਰ ਹੈ ਤੇ ਮੇਰੀ ਆਪਣੀ ਫੀਲਡ ਨਾਟਕ ਹੋਣ ਕਰ ਕੇ ਮੈਨੂੂ ਪਤਾ ਹੈ ਕਿ ਨਾਟਕ ਵਾਲੇ ਬਹੁਤ ਸਾਰੇ ਅਦਾਕਾਰ ਕੈਮਰੇ ਅਤੇ ਸਟੇਜ ਵਾਲੀ ਮਹੀਨ ਜਿਹੀ ਲਕੀਰ ਦਾ ਫਰਕ ਸਮਝਣ ਤੋਂ ਉੱਕ ਜਾਂਦੇ ਹਨ ਪਰ ਧਨਵੀਰ ਦੀ ਕਿਰਦਾਰ ਉੱਤੇ ਕੀਤੀ ਮਿਹਨਤ ਉਸ ਦੇ ਪਰਦੇ ’ਤੇ ਆਉਣ ਵਾਲੇ ਹਰ ਫਰੇਮ ਵਿਚ ਨਜ਼ਰ ਆਉਂਦੀ ਹੈ। ਉਹਦੀ ਅਤੇ ਨਿਰਦੇਸ਼ਕ ਦੀ ਇਹ ਜੁਗਲਬੰਦੀ ਬਹੁਤ ਲਾਜਵਾਬ ਹੈ। ਉਨ੍ਹਾਂ ਸੰਵਾਦ ਨਾਲੋਂ ‘ਸਾਇਲੈਂਸ` ਨੂੰ ਸ਼ਾਨਦਾਰ ਤਰੀਕੇ ਨਾਲ ਵਰਤਿਆ ਹੈ।
ਅਗਲੇ ਮੁੱਖ ਪਾਤਰ ਦੀਪ (ਵਿਸ਼ਾਲ) ਨੇ ਜਿਵੇਂ ਸ਼ੁਰੂਆਤ ਕੀਤੀ, ਉਹ ਬੇਸ਼ੱਕ ਕੁਝ ਨਰਮ ਰਹਿੰਦੀ ਹੈ ਪਰ ਜਿਵੇਂ-ਜਿਵੇਂ ਫਿਲਮ ਅੱਗੇ ਤੁਰਦੀ ਹੈ, ਉਹ ਵੀ ਫਿਲਮ ਨਾਲ ਸੋਹਣਾ ਤੁਰਦਾ ਜਾਂਦਾ ਹੈ। ਯੋਗਰਾਜ ਹਮੇਸ਼ਾ ਵਾਂਗ ਜਚਦੇ ਨੇ ਪਰ ਉਨ੍ਹਾਂ ਦੀ ‘ਯੋਗਰਾਜ ਸਿੰਘ` ਤੋਂ ਹੋਰ ਬਿਹਤਰ ਵਰਤੋਂ ਹੋ ਸਕਦੀ ਸੀ। ਅਰਵਿੰਦਰ ਕੌਰ ਅਤੇ ਮਨਪ੍ਰੀਤ ਡੋਲੀ ਵੀ ਛਾ ਗਈਆਂ। ਮਨਪ੍ਰੀਤ ਬੇਸ਼ੱਕ ਇੱਕ ਹੱਦ ਤੱਕ ਇੱਕੋ ਜਿਹਾ ਚਲਦੀ ਰਹੀ ਪਰ ਅੰਤਿਮ ਸੀਨ ‘ਤੇ ਕਸਰ ਕੱਢ ਦਿੱਤੀ। ਰਾਹੁਲ ਜੁਗਰਾਲ ਜਾਣੇ ਪਛਾਣੇ ਅੰਦਾਜ਼ ਵਿਚ ਸੀਨ ਨੂੰ ਕੁਰਕੁਰੇ ਵਰਗਾ ਕਰਾਰਾ ਤਾਂ ਬਣਾ ਦਿੰਦਾ ਹੈ। ਰਾਹੁਲ ਜੇਤਲੀ ਥੋੜ੍ਹੇ ਸੀਨ ਵਿਚ ਵੀ ਇੰਨਾ ਕੁ ਕਰ ਗਿਆ ਕਿ ਉਸ ਨੂੰ ਹੁਣ ਵੀ ਯਾਦ ਕਰ ਕੇ ਮੁਸਕਰਾਹਟ ਆ ਜਾਂਦੀ ਹੈ। ਕਵੀ ਸਿੰਘ, ਬੱਚੀ, ਜਸ, ਰਾਜਵੀਰ, ਮਾਸਟਰ ਤੇ ਕੁਝ ਹੋਰ ਪਾਤਰ ਜਿਨ੍ਹਾਂ ਦੇ ਸ਼ਾਇਦ ਨਾਮ ਨਹੀਂ ਪਤਾ, ਉਹ ਵੀ ਕਿਤੇ ਖਟਕੇ ਨਹੀਂ; ਇੱਥੇ ‘ਖਟਕੇ ਨਹੀਂ’ ਤੋਂ ਮਤਲਬ ਫਿਲਮ ਵਿਚ ਉਹ ਉਸ ਲੂਣ ਮਿਰਚ ਵਰਗੇ ਨੇ ਜਿਹੜੇ ਸਹੀ ਮਾਤਰਾ ਵਿਚ ਨੇ।
ਕੁਝ ਮਿੱਤਰਾਂ ਦੀ ਭਰਵੀਂ ਹਾਜ਼ਰੀ ਲੱਗੀ ਹੈ। ਤੀਰਥ ਚੜਿਕ ਦੇ ਸਿਰਫ਼ ਕੁਝ ਕੁ ਦ੍ਰਿਸ਼ ਅਜਿਹੇ ਨੇ, ਫਿਲਮ ਦੇਖਦਿਆਂ ਉਸ ‘ਤੇ ਗੁੱਸਾ ਆਉਂਦਾ ਹੈ ਤੇ ਇਹ ਉਸ ਦਾ ਹਾਸਿਲ ਹੈ। ਰੰਗ ਦੇਵ ਬਾਰੇ ਮੈਂ ਅਕਸਰ ਕਹਿੰਦਾ ਕਿ ਉਹ ਅਦਾਕਾਰੀ ਤੇ ਦਿੱਖ ਪੱਖੋਂ ਧਨੀ ਕਲਾਕਾਰ ਹੈ ਤੇ ਪੰਡਿਤ ਦੇ ਰੋਲ ਤੇ ਦਿੱਖ ਵਿਚ ਉਹ ਜਚਦਾ ਹੈ। ਸੁਖਦੇਵ ਲੱਧੜ, ਰੰਗ ਹਰਜਿੰਦਰ, ਹੈਪੀ ਪ੍ਰਿੰਸ ਵੀ ਸੋਹਣਾ ਕੰਮ ਕਰ ਗਏ। ਬਿੱਲੇ ਨੇ ਸੋਹਣੇ ਸਮੋਸੇ ਬਣਾਏ।
ਫਿਲਮ ਵਾਂਗ ਸ਼ੁਵਿੰਦਰ ਵਿੱਕੀ ਨੇ ਦਾਤੀ ਤੇ ਸਾਈਕਲ ਨਾਲ ਜਿਹੜਾ ਕੰਮ ਕੀਤਾ ਹੈ, ਉਹ ਹਰ ਕਲਾਕਾਰ ਨਹੀਂ ਕਰ ਸਕਦਾ। ਜਿਹੜੇ ਸ਼ਬਦਾਂ ਤੋਂ ਸ਼ੁਰੂ ਕੀਤਾ ਸੀ, ਉਨ੍ਹਾਂ ‘ਰਾਅ’ ਅਤੇ ‘ਆਰਗੈਨਿਕ’ ਤੇ ਆਉਂਦੇ ਹਾਂ… ਜਿਹੜਾ ਸਾਈਕਲ ਦੇ ਹੈਂਡਲ ਵਿਚ ਦਾਤੀ ਨੂੰ ਇਵੇਂ ਟੰਗਣਾ ਜਾਣਦਾ ਹੈ, ਉਸ ਨੂੰ ਪਤਾ ਹੈ ਕਿ ਉਹ ਕਿਹੜਾ ਕਿਰਦਾਰ ਕਰ ਰਿਹਾ ਹੈ, ਪੂਰੀ ਨਿਸ਼ਚਾ ਨਾਲ ਕਰ ਰਿਹਾ ਹੈ।
ਕਿਰਦਾਰਾਂ ਬਾਰੇ ਇਸ ਕਰ ਕੇ ਵੀ ਗੱਲ ਕੀਤੀ ਹੈ ਕਿ ਮੇਰੀ ਜਾਚੇ ਪੰਜਾਬੀ ਫਿਲਮ ਇੰਡਸਟਰੀ ਲਈ ਨਵਾਂ ਬੈਚ ਇਸ ਫਿਲਮ ਰਾਹੀਂ ਪਾਸ ਹੁੰਦਾ ਨਜ਼ਰ ਆਉਂਦਾ ਹੈ।
ਫਿਲਮ ਦਾ ਸਾਊਂਡ ਟਰੈਕ ਬਿਹਤਰ ਹੋ ਸਕਦਾ ਸੀ। ਕੁਝ ਦ੍ਰਿਸ਼ਾਂ ਵਿਚ ਬਹੁਤ ਲਾਊਡ ਹੈ; ਓਨਾ ਨਾ ਵੀ ਹੁੰਦਾ ਤਾਂ ਬਿਹਤਰ ਸੀ। ਗਾਣੇ ਸੋਹਣੇ ਨੇ ਤੇ ਹਾਲਾਤ ਮੁਤਾਬਿਕ ਨੇ। ਫਿਲਮ ਨੂੰ ਰੋਡੇ ਕਾਲਜ ਹੀ ਅਤੇ ਨੇੜੇ-ਤੇੜੇ ਫਿਲਮਾਉਣ ਨਾਲ ਫਿਲਮ ਦ੍ਰਿਸ਼ ਸਿਰਜਣਾ ਵਿਚ ਤਾਜ਼ਗੀ ਭਰ ਦਿੰਦੀ ਹੈ।
ਸਾਹਿਤ ਜਾਂ ਹਾਲੀਵੁੱਡ ਫਿਲਮ ਸਕੂਲ ਸੱਤ ਕਿਸਮ ਦੇ ਪਲਾਟ ਗਿਣਦਾ ਹੈ ਕਿ ਫਿਲਮਾਂ ਇਨ੍ਹਾਂ ਵਿਚੋਂ ਬਣਦੀਆਂ ਨੇ; ਇੱਕ ਹੋਰ ਗੱਲ ਕਿ ਸਭ ਕੁਝ ਕਿਹਾ ਜਾ ਚੁੱਕਾ ਹੈ ਤੇ ਗੱਲ ਇਹ ਹੈ ਕਿ ਅਸੀਂ ਇਸ ਨੂੰ ਕਿਵੇਂ ਕਹਿੰਦੇ ਹਾਂ।
ਕਾਲਜ ਦੀ ਵਿਦਿਆਰਥੀ ਸਿਆਸਤ, ਬਦਲੇ, ਪਿਆਰ ਤੇ ਇਮੋਸ਼ਨ ਨੂੰ ਹੈਪੀ ਰੋਡੇ ਅਤੇ ਉਸ ਦੀ ਟੀਮ ਨੇ ਅੱਜ ਦੇ ਸਮਿਆਂ ਵਿਚ ਆਪਣੇ ਤਰੀਕੇ ਨਾਲ ਬਹੁਤ ਸੋਹਣੇ ਤਰੀਕੇ ਨਾਲ ਕਿਹਾ ਹੈ। -ਸੈਮ ਗੁਰਵਿੰਦਰ