ਤਿੰਨ ਕੰਧਾਂ ਵਾਲਾ ਘਰ

ਜਸਬੀਰ ਭੁੱਲਰ
ਡੁੱਬਦੇ ਸੂਰਜ ਦੀਆਂ ਆਖਰੀ ਕਿਰਨਾਂ ਨੇ ਗਿਰਝਾਂ ਨੂੰ ਖੰਭ ਫੜਫੜਾਉਂਦੇ ਤੱਕਿਆ।
ਪਿਛਲੇ ਦਿਨੀਂ ਹੀ ਦੁਸ਼ਮਣ ਦਾ ਗੋਲਾ ਕਾਰ ਵਿਚ ਡਿੱਗਾ ਸੀ। ਸੁੱਕੀਆਂ ਤਿੜ੍ਹਾਂ ਨੂੰ ਬੁਰਕ ਮਾਰ ਰਿਹਾ ਵੱਗ ਥਾਏਂ ਢੇਰੀ ਹੋ ਗਿਆ ਸੀ। ਚੀਥੜੇ ਹੋਇਆ ਵੱਗ ਪਤਾ ਨਹੀਂ ਪੂਰਬ ਵਾਲਿਆਂ ਦਾ ਸੀ ਕਿ ਪੱਛਮ ਵਾਲਿਆਂ ਦਾ, ਭਾਜੜ ਵਿਚ ਕਿਸੇ ਕੋਲ ਗੌਲਣ ਦਾ ਵੇਲਾ ਹੀ ਨਹੀਂ ਸੀ। ਇਹ ਗਿਰਝਾਂ ਦਾ ਜਸ਼ਨ ਸੀ। ਗਿਰਝਾਂ ਤਾਂ ਚਹੁੰ ਕੂਟਾਂ ਤੋਂ ਇਕੱਠੀਆਂ ਹੋ ਗਈਆਂ ਸਨ।

ਕਾਰ ਕੋਲੋਂ ਲੰਘਦਿਆਂ ਮੁੰਡੇ ਦੀਆਂ ਅੱਖਾਂ ਵਿਚ ਪੀੜ ਲਿਸ਼ਕੀ। ਉਸ ਕਸੀਸ ਵੱਟੀ ਅਤੇ ਘਾਹ ਦੀ ਪੰਡ ਸਿਰ ਤੋਂ ਸੁਟ ਕੇ ਪੈਰ ਵਿਚ ਖੁਭਿਆ ਕੰਡਾ ਕੱਢਣ ਬੈਠ ਗਿਆ।
ਮਰ ਰਹੀ ਧੁੱਪ ਮੁਰਦਾ ਡੰਗਰਾਂ ਦੇ ਚੂੰਡੇ ਹੋਏ ਜਿਸਮਾਂ ਤੇ ਪੈ ਰਹੀ ਸੀ। ਪੱਛਮ ਦਾ ਮੱਥਾ ਸੂਹੇ ਖੂਨ ਦੇ ਰੰਗ ਵਿਚ ਡੁੱਬ ਗਿਆ।
ਜੰਗ ਦੇ ਹਵਾੜੇ ‘ਤੇ ਤਸਦੀਕ ਦੀ ਮੋਹਰ ਤਾਂ ਕਦੋਂ ਦੀ ਲੱਗ ਚੁੱਕੀ ਸੀ। ਬਹੁਤੇ ਲੋਕ ਪਿੰਡ ਖਾਲੀ ਕਰ ਗਏ ਸਨ। ਜੋ ਬਾਕੀ ਸਨ ਉਹ ਫਿਕਰਮੰਦ ਸਨ। ਮੁੰਡੇ ਨੂੰ ਕੋਈ ਫਰਕ ਨਹੀਂ ਸੀ ਪਿਆ। ਉਹ ਬੇਫਿਕਰਾ ਤਾਂ ਅੱਜ ਵੀ ਜ਼ਖੀਰੇ ਵਾਲੀਆਂ ਕਿੱਕਰਾਂ ਦੇ ਆਲ੍ਹਣਿਆਂ ‘ਚੋਂ ਆਂਡੇ ਲੱਭਦਾ ਰਿਹਾ ਸੀ।
…ਤੇ ਮੌਤ ਪਿੰਡ ਵੱਲ ਸਰਕ ਰਹੀ ਸੀ।
ਕੰਡਾ ਕੱਢ ਕੇ ਉਸ ਘਾਹ ਦੀ ਪੰਡ ਸਿਰ ‘ਤੇ ਰੱਖੀ ਤੇ ਤੁਰ ਪਿਆ। ਅੱਜ ਉਸ ਨੂੰ ਕੁਝ ਅਵੇਰ ਹੋ ਗਈ ਸੀ। ਮਾਂ ਨੇ ਤਾਂ ਗੁੱਸੇ ਹੋਣਾ ਹੀ ਸੀ। ਅੱਜ ਤਾਂ ਭੁੱਖੀ ਬੱਕਰੀ ਵੀ ਮਿਆਂਕ ਰਹੀ ਹੋਵੇਗੀ। ਸਰਦੀ ਉਹਦੇ ਨੰਗੇ ਪੈਰਾਂ ਨੂੰ ਚੰਬੜ ਗਈ ਸੀ। ਉਸ ਕਦਮ ਕੁਝ ਕਾਹਲੇ ਕਰ ਲਏ।
ਪਿੰਡ ਵੰਨੀਉਂ ਉਸ ਜ਼ੋਰ ਦਾ ਧਮਾਕਾ ਸੁਣਿਆਂ ਤੇ ਫੇਰ ਉਤੋੜਤੀ ਧਮਾਕਿਆਂ ਦੀ ਆਵਾਜ਼ ਕਰਦੇ ਅੱਗ ਦੇ ਕਈ ਗੋਲੇ ਵੇਖੇ। ਮਿੱਟੀ ਦੇ ਗੁਬਾਰ ਅੰਬਰ ਵੱਲ ਨੂੰ ਦੌੜੇ। ਉਹਦੇ ਸਿਰ ਤੋਂ ਘਾਹ ਦੀ ਪੰਡ ਡਿੱਗ ਪਈ।
ਸੂਰਜ ਨੇ ਅਚਨਚੇਤੀ ਰੁੱਖਾਂ ਉਹਲੇ ਝੁੰਬਲਮਾਟਾ ਮਾਰ ਲਿਆ। ਮਟਮੈਲਾ ਹਨੇਰਾ ਉਹਦੀਆਂ ਅੱਖਾਂ ਵਿਚ ਵੀ ਉਤਰ ਆਇਆ। ਉਹ ਘਬਰਾਇਆ ਹੋਇਆ ਰੋਹੀ ਵੱਲ ਤੁਰ ਪਿਆ।
ਗਿਰਝਾਂ ਵਿਚ ਚੀਕ ਚਿਹਾੜਾ ਮੱਚਿਆ ਹੋਇਆ ਸੀ। ਸ਼ਾਇਦ ਮਾਸ ਦੇ ਕਿਸੇ ਟੁਕੜੇ ਤੋਂ ਗੱਲ ਵੱਧ ਗਈ ਸੀ।
ਗਰਭਵਤੀ ਚੁੱਪ ਤੋਂ ਪਿਛੋਂ ਪਿੰਡ ਵਿਚ ਰੌਲਾ ਉੱਚਾ ਹੋ ਗਿਆ। ਉਹ ਰੁੱਕ ਗਿਆ। ਉਹ ਕਿੱਧਰ ਤੁਰ ਪਿਆ ਸੀ? ਪਿੰਡ ਵਿਚ ਉਹਦੀ ਬੁੱਢੀ ਮਾਂ ਸੀ, ਬੱਕਰੀ ਸੀ ਤੇ ਆਲੇ ਵਿਚ ਰੱਖੀਆਂ ਕੌਡੀਆਂ ਸਨ ਜਿਨ੍ਹਾਂ ਨਾਲ ਉਹ ਜਿਸਤ-ਟਾਂਕ ਖੇਡਦਾ ਰਿਹਾ ਸੀ। ਉਹ ਡੌਰ-ਭੋਰਾ ਜਿਹਾ ਫੇਰ ਪਿੰਡ ਵੱਲ ਮੁੜ ਪਿਆ।
ਹਨੇਰਾ ਅਜੇ ਪੇਤਲਾ ਸੀ। ਰਾਹੀਆਂ ਨੂੰ ਰਾਹ ਦਿਖਾਉਣ ਲਈ ਅੱਜ ਪਿੰਡ ਦਾ ਕੋਈ ਦੀਵਾ ਨਹੀਂ ਸੀ ਬਲਿਆ।
ਪੁਰਾਣੀ ਕਬਰ ਵਾਲੇ ਬੋਹੜ ਦੀ ਦਾਹੜੀ ਲਮਕ ਕੇ ਉਹਦੇ ਪੈਰਾਂ ‘ਤੇ ਵਿਛੀ ਹੋਈ ਸੀ। ਦਾਹੜੀ ਦੇ ਵਿਚੋਂ ਦੀ ਜਾਂਦੀ ਪੱਗਡੰਡੀ ਦੇ ਰਾਹ ਉਹ ਰਵਾਂ-ਰਵੀਂ ਤੁਰਿਆ ਗਿਆ। ਉਹਨੂੰ ਬੁੱਢੇ ਬੋਹੜ ਦੇ ਪੱਤਿਆਂ ਵਿਚ ਲੁਕੇ ਪ੍ਰੇਤਾਂ ਦਾ ਖਿਆਲ ਤੱਕ ਵੀ ਨਹੀਂ ਆਇਆ।
ਤਕੀਏ ਕੋਲ ਪਹੁੰਚ ਕੇ ਉਸ ਵੇਖਿਆ…ਪਿੱਛੇ ਰਹਿ ਗਏ ਲੋਕ ਵੀ ਪਿੰਡ ਛੱਡ ਕੇ ਤੁਰ ਪਏ ਸਨ।
ਸੱਥ ਵਾਲੇ ਪਿੱਪਲ ਹੇਠਲਾ ਹਨੇਰਾ ਹੌਲੀ-ਹੌਲੀ ਸੈਲਾਬ ਬਣ ਕੇ ਫੈਲ ਗਿਆ। ਉਸ ਦੀ ਪਛਾਣ ਹਨੇਰੇ ਦੇ ਸੈਲਾਬ ਵਿਚ ਡੁੱਬ ਗਈ। ਹੁਣ ਉਹ ਭੀੜ ਵਿਚ ਕਿਸੇ ਨੂੰ ਵੀ ਨਹੀਂ ਸੀ ਪਛਾਣ ਸਕਦਾ। ਉਹਦੇ ਸਾਹਮਣੇ ਰੌਲੇ ਦਾ ਸਮੁੰਦਰ ਸੀ ਤੇ ਜਾਂ ਹਰਫਲੇ ਹੋਏ ਕਾਲੇ ਸਾਇਆਂ ਦਾ ਹਜੂਮ।
ਮਾਂ ਵੀ ਉੱਠ ਕੇ ਕਿਤੇ ਭੀੜ ਨਾਲ ਨਾ ਤੁਰ ਪਈ ਹੋਵੇ। ਉਸ ਫਿਕਰ ਵਿਚ ਮਾਂ ਨੂੰ ਉਤੋ-ੜਤੀ ਕਈ ਆਵਾਜ਼ਾਂ ਦਿੱਤੀਆਂ।
ਮੇਲੇ ਵਿਚ ਉਂਗਲੀ ਛੁਟ ਗਏ ਨਿਆਣੇ ਵਰਗੀ ਉਹਦੀ ਹਾਕ, ਕੁਝ ਚਿਰ ਘਬਰਾਈ ਹੋਈ ਭਟਕਦੀ ਰਹੀ ਤੇ ਫਿਰ ਕਾਫਲੇ ਦੀ ਭੀੜ ਵਿਚ ਗੁੰਮ ਹੋ ਗਈ।
+++
ਕਾਫਲੇ ਦਾ ਰੌਲਾ ਬਹੁਤ ਦੂਰ ਚਲਾ ਗਿਆ।
ਪਿੰਡ ਉਹਦੇ ਸਾਹਮਣੇ ਬੇਪਛਾਣ ਹੋਇਆ ਖੜਾ ਸੀ। ਸੁੰਨੀਆਂ ਗਲੀਆਂ, ਅੱਧ-ਢੱਠੇ ਖਾਲੀ ਮਕਾਨ ਤੇ ਭਾਂ-ਭਾਂ ਕਰਦੇ ਕੌਲੇ…,ਪਿੰਡ ਵਿਚ ਜਿਵੇਂ ਦਿਓ ਫਿਰ ਗਿਆ ਹੋਵੇ।
ਠੇਡੇ ਖਾਂਦਾ ਉਹ ਵੀਹੀ ਤੱਕ ਅਪੜਿਆ ਤਾਂ ਅਗੇ ਰਾਹ ਬੰਦ ਸੀ। ਨੁੱਕਰ ਵਾਲਾ ਮਕਾਨ ਡਿੱਗਣ ਨਾਲ ਮਲਬੇ ਨੇ ਗਲੀ ਮੱਲ ਲਈ ਸੀ।
ਉਹ ਬੇਵਸ ਜਿਹਾ ਹੋ ਕੇ ਖਲੋ ਗਿਆ।
ਮਾਂ ਭੁੱਖਣ-ਭਾਣੀ ਬੈਠੀ ਹੋਵੇਗੀ। ਬੜੀ ਅਜੀਬ ਹੈ ਮਾਂ ਵੀ। ਹਰ ਵੇਲੇ ਤੋਏ-ਫਿੱਟੇ ਕਰਦੀ ਰਹਿੰਦੀ ਹੈ, ਪਰ ਉਸ ਦੇ ਵਾਪਸ ਪਰਤਣ ਤੱਕ ਰੋਟੀ ਨਹੀਂ ਖਾਂਦੀ। ਹੰਭਲਾ ਮਾਰਨਾ ਹੀ ਪੈਣਾ ਸੀ।
ਮਲਬੇ ਦੇ ਪਹਾੜ ਵੱਲ ਅਜੇ ਉਸ ਦੋ ਕੁ ਪੈਰ ਹੀ ਪੁੱਟੇ ਸਨ ਕਿ ਕਿਸੇ ਮੁਰਦੇ ਨਾਲ ਠੋਕਰ ਖਾ ਕੇ ਅੱਗੇ ਨੂੰ ਡਿੱਗ ਪਿਆ। ਉਸਦੀ ਸੋਚ ਨੂੰ ਤਾਂ ਪਹਿਲੇ ਧਮਾਕੇ ਨਾਲ ਹੀ ਗਸ਼ ਪੈ ਗਈ ਸੀ। ਉਸ ਪਾਟੀਆਂ ਨਜ਼ਰਾਂ ਨਾਲ ਲਾਸ਼ ਦੇ ਮਿੱਧੇ ਹੋਏ ਚਿਹਰੇ ਵੱਲ ਵੇਖਿਆ ਤੇ ਅੰਗਿਆਰ ਤੋਂ ਹੱਥ ਪਿਛਾਂਹ ਖਿੱਚਣ ਵਰਗੀ ਤੇਜ਼ੀ ਨਾਲ ਲਾਸ਼ ਟੱਪ ਗਿਆ।
ਮਲਬੇ ਦੇ ਢੇਰ ਤੋਂ ਅਗਲੇ ਪਾਸੇ ਉਤਰਨ ਲੱਗਾ ਤਾਂ ਕੋਈ ਤਿੱਖੀ ਚੀਜ਼ ਉਹਦੇ ਸੱਜੇ ਪੈਰ ਵਿਚ ਪੁੜ ਗਈ। ਉਹ ਕਰਾਹ ਕੇ ਉਥੇ ਹੀ ਬੈਠ ਗਿਆ। ਸ਼ਾਇਦ ਪੈਰ ਵਿਚ ਕੱਚ ਖੁਭਿਆ ਹੋਵੇ। ਉਹਦੇ ਪੈਰ ਹੇਠਲੀ ਮਿੱਟੀ ਗਿਲੀ ਸੀ। ਉਸ ਟੋਹ ਕੇ ਵੇਖਿਆ,…ਉਹਦੇ ਪੈਰ ਵਿਚ ਕੁਝ ਵੱਜਾ ਜ਼ਰੂਰ ਸੀ, ਪਰ ਮਿੱਟੀ ਕਿਸੇ ਹੋਰ ਦੇ ਲਹੂ ਨਾਲ ਭਿੱਜੀ ਸੀ। ਨੇੜੇ ਹੀ ਮਲਬੇ ਹੇਠ ਦੱਬੀ ਪਈ ਲਾਸ਼ ਦੀਆਂ ਲੱਤਾਂ ਮਲਬੇ ਤੋਂ ਬਾਹਰ ਸਨ। ਉਹਨੇ ਲਾਸ਼ ਦੇ ਪੈਰਾਂ ‘ਚੋਂ ਧੌੜੀ ਦੀ ਜੁੱਤੀ ਲਾਹ ਕੇ ਆਪਣੇ ਪੈਰੀਂ ਪਾ ਲਈ। ਜੁੱਤੀ ਉਸ ਦੇ ਨਿੱਕੇ ਪੈਰਾਂ ਲਈ ਬਹੁਤ ਖੁਲ੍ਹੀ ਸੀ ਪਰ ਹੁਣ ਉਸ ਨੂੰ ਪੈਰਾਂ ਦੇ ਸਲਾਮਤ ਰਹਿਣ ਦੀ ਤਸੱਲੀ ਸੀ।
ਭਾਰੇ ਬੂਟਾਂ ਦੀ ਚਾਪ ਏਧਰ ਨੂੰ ਤੁਰੀ ਆਉਂਦੀ ਸੁਣ ਕੇ ਉਹ ਇਕ ਕੌਲੇ ਉਹਲੇ ਸ਼ਹਿ ਗਿਆ। ਬਾਤਾਂ ਵਿਚਲੇ ਦਿਓਆਂ ਵਰਗੇ ਕਾਲੇ ਪਰਛਾਵੇਂ ਪਿੰਡ ਦੀਆਂ ਗਲੀਆਂ ਕੱਛ ਰਹੇ ਸਨ। ਕੁਝ ਪੈਰ ਕੌਲੇ ਦੇ ਲਾਗੇ ਆ ਕੇ ਰੁਕੇ ਤੇ ਕੁਝ ਅਗਾਂਹ ਨਿਕਲ ਗਏ। ਮੁੰਡੇ ਨੇ ਆਪਣੀ ਕਮੀਜ਼ ਮੂੰਹ ਵਿਚ ਲੈ ਕੇ ਚੀਕ ਮਸਾਂ ਰੋਕੀ। ਡਰ ਨਾਲ ਉਹਦੀਆਂ ਅੱਖਾਂ ਫੈਲ ਗਈਆਂ। ਆਨੇ ਹਨੇਰੇ ਵਿਚ ਚਮਕੇ। ਠੰਢ ਨਾਲ ਛਿੜਿਆ ਕਾਂਬਾ ਹੋਰ ਤੇਜ਼ ਹੋ ਗਿਆ।
‘ਪਿੰਡ ਤਾਂ ਖਾਲੀ ਜਾਪਦੈ!’ ਕੋਈ ਫੁਸਫੁਸਾਹਟ ਵਿਚ ਬੋਲਿਆ।
‘ਕੰਮ ਦਾ ਮਾਲ ਆਪਾਂ ਨੂੰ ਫੇਰ ਵੀ ਲੱਭ ਪਊ’ ਕਿਸੇ ਹੋਰ ਨੇ ਜੁਆਬ ਦਿਤਾ, ‘ਆਪਾਂ ਏਸ ਗਲੀ ਨੂੰ ਚਲਦੇ ਆਂ।’
ਪੈਰਾਂ ਦੀ ਚਾਪ ਕੁਝ ਦੂਰ ਜਾਣ ਪਿਛੋਂ ਮੁੰਡੇ ਨੇ ਲੰਮਾ ਸਾਹ ਭਰਿਆ। ਸਿਰ ਚੁੱਕ ਕੇ ਉਸ ਖਤਰੇ ਦੇ ਟਲੇ ਹੋਣ ਦੀ ਬਿੜਕ ਲਈ ਤੇ ਫਿਰ ਕਾਹਲੇ ਕਦਮ ਆਪਣੀ ਪੱਤੀ ਵੱਲ ਪੁੱਟੇ।
ਕਈ ਮੋੜ ਮੁੜਨ ਪਿੱਛੋਂ, ਹੁਣ ਦਸਾਂ ਕੁ ਕਰਮਾਂ ‘ਤੇ ਉਹਦੇ ਘਰ ਦਾ ਢੁਕਿਆ ਬੂਹਾ ਸੀ। ਢੁੱਕੇ ਬੂਹੇ ਵਿਚ ਦੀ ਰਾਹ ਬਣਾ ਕੇ ਚਾਨਣ ਦੀ ਇਕ ਕਾਤਰ ਹਨੇਰੀ ਗਲੀ ਦੇ ਦੋ ਟੋਟੇ ਕਰ ਗਈ। ਉਹਦਾ ਘਰ ਸ਼ਇਦ ਅੱਜ ਪਿੰਡ ਦਾ ਇਕੋ ਇਕ ਦੀਵੇ ਵਾਲਾ ਘਰ ਸੀ। ਘਰ ਦਾ ਬੂਹਾ ਦੇਖ ਕੇ ਉਹਦੀ ਭੁੱਖ ਜਾਗ ਪਈ। ਮਾਂ ਚੰਗੇਰ ਵਿਚ ਰੋਟੀਆਂ ਰੱਖੀ ਉਡੀਕ ਰਹੀ ਹੋਵੇਗੀ। ਅੱਜ ਤਾਂ ਖੂਬ ਗਾਹਲਾਂ ਮਿਲਣਗੀਆਂ ਮਾਂ ਤੋਂ। ਅੱਖਾਂ ਅੱਗੇ ਲਟਕਦਾ ਸਹਿਮ ਰੁੱਖ ਦੇ ਸੁੱਕੇ ਪੱਤਿਆਂ ਵਾਂਗ ਝੜ ਗਿਆ। ਜਾਪਿਆ…ਕੋਕੜੇ ਲੂਸ ਰਹੇ ਸਨ। ਜੁੱਤੀ ਲਾਹ ਕੇ ਉਹ ਨੰਗੇ ਪੈਰੀਂ ਘਰ ਵੱਲ ਭੱਜਿਆ।
ਦਰਵਾਜ਼ਾ ਚੁਪੱਟ ਖੋਹਲ ਕੇ ਅੰਦਰ ਵੜਦਿਆਂ ਉਹਦੇ ਪੈਰ ਗੱਡੇ ਗਏ।
ਉਹਨੇ ਘਬਰਾਏ ਹੋਏ ਨੇ ਪਹਿਲਾਂ ਆਪਣੇ ਵੱਲ ਤਣੀਆਂ ਦੋਹਾਂ ਰਫਲਾਂ ਵੱਲ ਵੇਖਿਆ ਤੇ ਫਿਰ ਦੈਂਤਾਂ ਵਰਗੇ ਬੰਦਿਆਂ ਵੱਲ।
‘ਸਾਲੇ ਨੇ ਜਾਨ ਹੀ ਕੱਢ ਲਈ ਸੀ’ ਇਕ ਨੇ ਤਸੱਲੀ ਦਾ ਸਾਹ ਭਰਦਿਆਂ ਰਾਈਫਲ ਮੁੜ ਮੋਢੇ ਨਾਲ ਲਟਕਾ ਲਈ।
ਦੂਜੇ ਨੇ ਖਿਝ ਕੇ ਰਾਈਫਲ ਦਾ ਕੁੰਦਾ ਮੁੰਡੇ ਦੀ ਵੱਖੀ ਵਿਚ ਮਾਰਿਆ। ਮੁੰਡੇ ਨੇ ਚੀਕ ਮਾਰ ਕੇ ਵੱਖੀ ਘੁੱਟ ਲਈ ਤੇ ਉਥੇ ਹੀ ਢੇਰੀ ਹੋ ਗਿਆ।
ਦੀਵੇ ਦੇ ਪੀਲੇ ਭੂਕ ਚਾਨਣ ਵਿਚ ਉਸ ਦੀਆਂ ਡੁੱਬਦੀਆਂ ਨਜ਼ਰਾਂ ਨੇ ਤਿੰਨ ਕੰਧਾਂ ‘ਤੇ ਖੜੀ ਆਪਣੇ ਘਰ ਦੀ ਛੱਤ ਵੇਖੀ। ਪਿਛਲੀ ਕੰਧ ਗੋਲੇ ਦੀ ਮਾਰ ਨਾਲ ਢਹਿ ਚੁੱਕੀ ਸੀ। ਭੋਏਂ ‘ਤੇ ਉਹਦੀ ਮਾਂ ਦੀ ਲਾਸ਼ ਪਈ ਸੀ। ਖੂਨ ਦੇ ਛੱਪੜ ਵਿਚ ਮਾਂ ਦਾ ਚਿਹਰਾ ਬੜਾ ਬੇਅਰਾਮ ਜਿਹਾ ਲੱਗ ਰਿਹਾ ਸੀ। ਦੀਵੇ ਦੇ ਚਾਨਣ ਨੇ ਮਾਂ ਦਾ ਚਿਹਰਾ ਹੋਰ ਜ਼ਰਦ ਕਰ ਦਿੱਤਾ ਸੀ।
‘ਵਾਲੀਆਂ ਤਾਂ ਸੋਨੇ ਦੀਆਂ ਹੀ ਲੱਗਦੀਆਂ ਨੇ?’ ਇਕ ਨੇ ਝੁਕ ਕੇ ਲਾਸ਼ ਦੇ ਕੰਨਾਂ ਦੀਆਂ ਵਾਲੀਆਂ ਨੂੰ ਟੋਹਿਆ ਤੇ ਬਿਨਾਂ ਆਪਣੇ ਸਾਥੀ ਦਾ ਹੁੰਗਾਰਾ ਉਡੀਕੇ ਜ਼ੋਰ ਦੀ ਆਪਣੇ ਵੱਲ ਝਟਕਾ ਦਿਤਾ।
ਮੁੰਡੇ ਨੇ ਮਾਸ ਦੇ ਕਰਚ ਕਰਚ ਕਰਕੇ ਚੀਰੇ ਜਾਣ ਦੀ ਆਵਾਜ਼ ਦੋ ਵਾਰ ਸੁਣੀ। ਅੱਖਾਂ ਸਾਹਵੇਂ ਫੈਲ ਗਏ ਤਿਰਵਰੇ ਵਿਚ ਉਹਨੇ ਮਾਂ ਦੇ ਬੁੱਚੇ ਕੰਨਾਂ ਵੱਲ ਵੇਖਿਆ ਤੇ ਫਿਰ ਘੁੱਪ ਹਨੇਰੇ ਵਿਚ ਲਹਿ ਗਿਆ।
+++
ਜਗੂੰ-ਬੁਝੂੰ ਕਰਦਾ ਦੀਵਾ ਮੁੰਡੇ ਦੀ ਹੋਸ਼ ਪਰਤਣ ਤੱਕ ਵੀ ਬਲ ਰਿਹਾ ਸੀ। ਉਸ ਲੰਮੇ ਪਏ ਪਏ ਨੇ ਅੱਖਾਂ ਚੁਫੇਰੇ ਘੁਮਾਈਆਂ। ਡਿਗੀ ਕੰਧ ਵਾਲੇ ਪਾਸਿਓਂ ਦੀਵੇ ਨੂੰ ਹਵਾ ਪੈ ਰਹੀ ਸੀ। ਡੁੱਬਦੇ-ਤਰਦੇ ਪਰਛਾਵਿਆਂ ਵਿਚ ਮਾਂ ਦਾ ਚਿਹਰਾ ਬੜਾ ਭਿਆਨਕ ਲੱਗ ਰਿਹਾ ਸੀ। ਉਸਦੀ ਲਾਸ਼ ਉਥੇ ਹੀ ਪਈ ਸੀ। ਖੂਨ ਦਾ ਛੱਪੜ ਕਾਲਾ ਪੈ ਚੁੱਕਿਆ ਸੀ। ਰੋਟੀਆਂ ਵਾਲੀ ਚੰਗੇਰ ਅੱਧੀ ਕੁ ਮਲਬੇ ਹੇਠ ਸੀ ਤੇ ਅੱਧੀ ਕੁ ਬਾਹਰ। ਬੱਕਰੀ ਦਾ ਕਿਤੇ ਕੋਈ ਨਾਂ ਥੇਹ ਨਹੀਂ ਸੀ। ਮੁੰਡੇ ਦੀ ਵੱਖੀ ਅਜੇ ਵੀ ਦਰਦ ਕਰ ਰਹੀ ਸੀ। ਉਸ ਵੱਖੀ ਘੁੱਟੀ ਤੇ ਉਠ ਕੇ ਬੈਠ ਗਿਆ। ਤਿੰਨ ਕੰਧਾਂ ਵਾਲੇ ਘਰ ਵਿਚ ਉਸਨੂੰ ਖਤਰਾ ਮਹਿਸੂਸ ਹੋ ਰਿਹਾ ਸੀ। ਕੂਰ ਅੱਖਾਂ ਜਿਵੇਂ ਕੰਧਾਂ ਵਿਚ ਵੀ ਉੱਗ ਆਈਆਂ ਸਨ। ਦੀਵੇ ਦੀ ਕੰਬਦੀ ਲੋਅ ਵੱਲ ਵੇਖਦਿਆਂ, ਡਰ ਨੁੱਕਰਾਂ ਦੇ ਹਨੇਰੇ ਵਾਂਗੂੰ ਉਹਦੀਆਂ ਅੱਖਾਂ ਵਿਚ ਇਕੱਠਾ ਹੋ ਗਿਆ। ਆਪਣੇ ਪਿੱਛੇ ਦਰਵਾਜ਼ਾ ਖੁਲ੍ਹਾ ਛੱਡ ਕੇ ਉਹ ਫੇਰ ਬਾਹਰ ਨੂੰ ਤੁਰ ਪਿਆ।
ਬਾਹਰ ਕੋਹਰਾ ਫੈਲ ਚੁੱਕਿਆ ਸੀ। ਧੁੰਧ ਦੇ ਨਾਲ ਫਿਜ਼ਾ ਵਿਚ ਨਮੀਂ ਵੀ ਲਟਕ ਰਹੀ ਸੀ। ਦੂਧੀਆ ਹਨੇਰੇ ਵਿਚ ਮੌਤ ਦੇ ਪਰਛਾਵੇਂ ਧਮੱਚੜ ਪਾ ਰਹੇ ਸਨ। ਸਰਦੀ ਉਹਦੇ ਪਾਟੇ ਸਵੈਟਰ ਵਿਚ ਦੀ ਰਾਹ ਬਣਾ ਗਈ। ਉਸ ਵੱਖੀ ਨੂੰ ਘੁੱਟਿਆ ਤੇ ਮੌਤ ਦੇ ਪਰਛਾਵਿਆਂ ਦੀ ਆੜ ਵਿਚ ਤੁਰਿਆ ਗਿਆ। ਉਸ ਦਾ ਦੰਦੋੜਿਕਾ ਵੱਜਣ ਲੱਗ ਪਿਆ ਸੀ। ਵੱਖੀ ਛੱਡ ਕੇ ਉਸ ਆਪਣੇ ਹੱਥ ਕੱਛਾਂ ਵਿਚ ਦੇ ਲਏ ਤੇ ਆਪਣੇ ਆੜੀ ਦੌਲੀ ਦੇ ਘਰ ਵੜ ਗਿਆ। ਪਿੰਡ ਖਾਲੀ ਹੋਣ ਵੇਲੇ ਵੀ ਦੌਲੀ ਦਾ ਟੱਬਰ ਟਿਕਿਆ ਰਹਿ ਗਿਆ ਸੀ, ਸ਼ਾਇਦ ਹੁਣ ਵੀ ਕੋਈ ਜੀਅ ਬਾਕੀ ਹੋਵੇ। ਉਹਨੂੰ ਬੜਾ ਆਸਰਾ ਹੋ ਜਾਣਾ ਸੀ।
ਸੁਫੇ ਵਿਚ ਦੀਵਾ ਬਲ ਰਿਹਾ ਸੀ। ਉਹ ਠਠੰਬਰ ਕੇ ਖਲੋ ਗਿਆ। ਅੱਜ ਉਹਨੂੰ ਚਾਨਣ ਤੋਂ ਬੜਾ ਡਰ ਲੱਗਣ ਲੱਗ ਪਿਆ ਸੀ। ਅਚਾਨਕ ਦਰਵਾਜ਼ੇ ਦੀਆਂ ਝੀਤਾਂ ਥਾਣੀ ਵਹਿਸ਼ਤ ਦੇ ਬੋਲ ਵਿਹੜੇ ਵਿਚ ਖਿੰਡ ਗਏ, ‘…ਕੁਲੱਗਦੀ ਵੀਰਾਂ ਦੀ,…ਇਹ ਸਾਰੇ ਤੇਰੇ ਖਸਮ ਖੜੇ ਨੇ…ਲਾਹ ਦੇ ਲੱਲਾ ਪੱਲਾ…।’
ਮੁੰਡੇ ਨੇ ਸੁਫੇ ਦੀ ਖਿੜਕੀ ਨਾਲ ਅੱਖਾਂ ਲਾ ਲਈਆਂ। ਤਿੰਨ ਫੌਜੀ ਦੌਲੀ ਦੀ ਭੈਣ ਦੁਆਲੇ ਹੋਏ ਖੜੇ ਸਨ। ਉਹ ਬੁੱਕੀਂ ਰੋਂਦੀ ਤਰਲੇ ਲੈ ਰਹੀ ਸੀ। ਇਕ ਨੇ ਉਹਦੇ ਉਤੇ ਲਈ ਹੋਈ ਲੋਈ ਖਿੱਚ ਲਈ! ਦੂਜੇ ਨੇ ਅਗਾਂਹ ਹੋ ਕੇ ਉਹਦੇ ਗਲਮੇਂ ਵਿਚ ਹੱਥ ਪਾ ਲਿਆ ਤੇ ਕਮੀਜ਼ ਨੂੰ ਲੀਰਾਂ ਕਰਦਾ ਹੇਠਾਂ ਤੱਕ ਲੈ ਗਿਆ। ਅਗਲੇ ਪਾਸੇ ਹੱਥ ਰੱਖਦੀ ਉਹ ਥਾਏਂ ਸੁੰਗੜ ਗਈ।
ਇਹ ਕੀ ਹੋ ਰਿਹਾ ਸੀ? ਮੁੰੰਡੇ ਨੂੰ ਕੁਝ ਸਮਝ ਨਹੀਂ ਸੀ ਆ ਰਹੀ। ਅੱਜ ਤਾਂ ਜੋ ਕੁਝ ਵੀ ਵੇਖਿਆ ਸੀ, ਉਸ ਦੀ ਛੋਟੀ ਸਮਝ ਤੋਂ ਬਾਹਰ ਸੀ। ਉਹ ਝੀਤਾਂ ਨਾਲ ਅੱਖਾਂ ਲਾਈ ਅਜੀਬ ਜਿਹੇ ਛੱਪੇ ਵਿਚ ਬੈਠਾ ਰਿਹਾ।
ਪਿਛਲੇ ਪਾਸਿਓਂ ਕਿਸੇ ਨੇ ਉਸਦੀ ਸੰਘੀ ਆ ਨੱਪੀ। ਦਹਿਸ਼ਤ ਦੇ ਗਲਬੇ ਵਿਚ ਉਹਨੂੰ ਖਿਆਲ ਹੀ ਨਹੀਂ ਸੀ ਆਇਆ ਕਿ ਉਹ ਜਸ਼ਨ ਵਿਚ ਸ਼ਾਮਲ ਨਹੀਂ ਸੀ। ਤਿੰਨਾਂ ਫੌਜੀਆਂ ਵਿਚੋਂ ਇਕ ਅੰਦਰ ਰਹਿ ਗਿਆ ਸੀ ਤੇ ਦੋ ਬਾਹਰ ਆ ਗਏ ਸਨ।
ਫੌਜੀ ਨੇ ਉਸਨੂੰ ਗਲਮੇਂ ਤੋਂ ਫੜ ਕੇ ਇਕ ਵਾਰ ਉਤਾਂਹ ਚੁੱਕਿਆ ਤੇ ਫਿਰ ਜ਼ਮੀਨ ਤੇ ਪਟਕਦਿਆਂ ਆਪਣੀ ਰਾਈਫਲ ਸਿੱਧੀ ਕਰ ਲਈ।
‘ਨਈਂ,…ਨਈਂ,…ਮੈਨੂੰ ਨਾ ਮਾਰੋ।’ ਸਰਦੀ ਨਾਲ ਸੁੰਨ ਹੋਇਆ ਸਰੀਰ ਜਿਵੇਂ ਤੱਤੀ ਲੋਹ ‘ਤੇ ਡਿੱਗ ਪਿਆ। ਖੱਬਾ ਹੱਥ ਜ਼ਮੀਨ ‘ਤੇ ਰੱਖਦਿਆਂ ਉਹ ਪਿਛਾਂਹ ਨੂੰ ਖਿਸਕਿਆ ਤੇ ਸੱਜਾ ਹੱਥ ਉਪਰ ਨੂੰ ਉਠਾਉਂਦਿਆਂ ਤਰਲਾ ਲਿਆ, ‘…ਮੈਨੂੰ ਨਾ ਮਾਰੋ।’
‘ਇਹਨੂੰ ਵੀ ਉਸੇ ਵਾੜੇ ਵਿਚ ਬੰਦ ਕਰ ਆ। ਬਾਅਦ ਵਿਚ ਇਕੱਠਿਆਂ ਨਾਲ ਹੀ ਨਜਿੱਠਾਂਗੇ।’ ਦੂਜੇ ਨੇ ਹੁਕਮਨ ਲਹਿਜੇ ਵਿਚ ਪਹਿਲੇ ਨੂੰ ਆਖਿਆ।
ਵਾੜੇ ਵਿਚ ਮੇਂਗਣਾਂ ਦੀ ਤਿੱਖੀ ਮੁਸ਼ਕ ਸੀ।
ਉਥੇ ਹੋਰ ਵੀ ਬਹੁਤ ਨਿਆਣੇ ਬੰਦ ਸਨ। ਉਹ ਸਾਰੇ ਗੁੱਛਾ-ਮੁੱਛਾ ਹੋਏ ਇਕ ਦੂਜੇ ਨਾਲ ਢੁਕ-ਢੁਕ ਬੈਠੇ ਸਨ। ਉਨ੍ਹਾਂ ਇਕ ਵਾਰ ਧੌਣ ਉਤਾਂਹ ਚੁੱਕ ਕੇ ਉਹਦੇ ਵੱਲ ਵੇਖਿਆ ਤੇ ਫਿਰ ਧੌਣਾਂ ਹੇਠਾਂ ਸੁੱਟ ਲਈਆਂ।
ਹਨੇਰੇ ਵਿਚ ਉਹ ਸਾਰਿਆਂ ਦੇ ਚਿਹਰੇ ਨਹੀਂ ਸੀ ਵੇਖ ਸਕਦਾ, ਪਰ ਲਾਗੇ ਬੈਠਿਆਂ ਨੂੰ ਪਛਾਣਦਾ ਸੀ। ਉਹ ਸਾਰੇ ਉਹਦੇ ਪਿੰਡ ਦੇ ਹੀ ਸਨ।
ਮੁੰਡੇ ਨੂੰ ਛੱਡਣ ਆਏ ਨੇ ਇਕ-ਦੋ ਮਿੰਟ ਸੰਤਰੀਆਂ ਨਾਲ ਗੱਲਾਂ ਕੀਤੀਆਂ ਤੇ ਫਿਰ ਵਾਪਸ ਪਰਤ ਗਿਆ।
ਇਕ ਸੰਤਰੀ ਨੇ ਵਾੜੇ ਦਾ ਛਾਪਾ ਖਿੱਚ ਲਿਆ ਤੇ ਆਪਣੇ ਭਾਰੇ ਬੂਟਾਂ ਨਾਲ ਤੋੜਦਿਆਂ ਖਿਝ ਕੇ ਬੋਲਿਆ, ‘ਆਪ ਸਾਲੇ ਰੰਗ-ਰਲੀਆਂ ਵਿਚ ਰੁਝੇ ਹੋਏ ਨੇ ਤੇ ਅਸੀਂ ਇਸ ਕਤੀੜ ਦੀ ਰਾਖੀ…।’
ਦੂਜੇ ਸੰਤਰੀ ਨੇ ਪੈਰਾਂ ਭਾਰ ਬੈਠ ਕੇ ਛਾਪੇ ਨੂੰ ਅੱਗ ਲਾ ਦਿਤੀ ਤੇ ਫਿਰ ਮਾਚਸ ਜੇਬ ਵਿਚ ਪਾ ਕੇ ਉਂਜ ਹੀ ਬੈਠਾ ਰਿਹਾ।
ਦੂਰ ਬੈਠੇ ਨਿਆਣਿਆਂ ਨੇ ਨਿੱਘ ਦੇ ਅਹਿਸਾਸ ਲਈ ਅੱਗ ਵੱਲ ਮੂੰਹ ਮੋੜ ਲਿਆ। ਡੁਸਕ ਰਹੇ ਨਿਆਣੇ ਇਕ ਪਲ ਲਈ ਚੁੱਪ ਕਰ ਗਏ।
‘ਆਪਾਂ ਇਨ੍ਹਾਂ ਵਿਚੋਂ ਹੀ ਕੋਈ ਚੱਜ ਦਾ ਮੁੰਡਾ ਲੱਭ ਕੇ…।’ ਪਹਿਲੇ ਨੇ ਗੱਲ ਅੱਧੀ ਰਹਿਣ ਦਿਤੀ।
‘ਚੱਜ ਦਾ ਵੀ ਕਿਹੜਾ ਕਿਸੇ ਰਹਿਣ ਦਿਤਾ ਏ। ਉਹ ਤਾਂ ਛਾਂਟ ਕੇ ਪਹਿਲਾਂ ਹੀ…।’
‘ਫੇਰ…?’
‘ਭਲਕ ਨੂੰ ਇਨ੍ਹਾਂ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਹੀ ਪੈਣੀ ਆਂ। ਆਪਣੀ ਜਾਨ ਤਾਂ ਪਹਿਲੋਂ ਹੀ…।’
‘ਆਪਣੇ ਕੱਢਣ-ਪਾਉਣ ਨੂੰ ਫਿਰ ਕੀ ਐ? …ਭੁੰਨ ਦਿੰਨੇ ਆਂ…।’
‘ਨਹੀਂ,…ਗੋਲੀਆਂ ਖਰਾਬ ਨਾ ਕਰੀਏ। ਪਿਛਲੇ ਪਾਸਿਓਂ ਵੇਲੇ ਸਿਰ ਸਿੱਕਾ ਪਹੁੰਚੇ, ਨਾ ਪਹੁੰਚੇ।’
‘ਤੂੰ ਇਕ-ਅੱਧ ਗੋਲੀ ਦਾ ਕੌੜਾ ਘੁੱਟ ਕਰ ਹੀ ਲੈਣ ਦੇਹ, ਨਹੀਂ ਤਾਂ ਇਹ ਫੇਰ ਵਾਪਸ ਮੁੜ ਆਉਣਗੇ।’
ਆਪਣੇ ਸਾਥੀ ਦਾ ਹੁੰਗਾਰਾ ਉਡੀਕੇ ਬਿਨਾਂ ਉਹ ਨਿਆਣਿਆਂ ਨੂੰ ਮੁਖ਼ਾਤਬ ਹੋਇਆ, ‘ਮੈਂ ਵਾੜੇ ਦਾ ਮੂੰਹ ਖੋਲਣ ਲੱਗਾਂ। ਇਹ ਰਾਹ ਤੁਹਾਡੇ ਅਗਲੇ ਪਿੰਡਾਂ ਨੂੰ ਜਾਂਦਾ। ਸਿੱਧੇ ਤੁੱਕ ਤੁਰੇ ਜਾਇਓ।…ਪਿਛਾਂਹ ਭੌਂ ਕੇ ਨਾ ਵੇਖਿਓ।… ਜੇ ਮੇਰੇ ਦਸ ਗਿਣਦਿਆਂ ਤੱਕ ਕੋਈ ਦੀਹਦਾ ਰਹਿ ਗਿਆ ਤਾਂ ਐਸ ਰਫਲ ਨੇ ਉਹਨੂੰ ਨਹੀਂ ਜੇ ਛੱਡਣਾ।’
ਉਹ ਭੇਡਾਂ ਵਾਂਗ ਹੀ ਧੱਕੇ ਦਿੰਦੇ ਹੋਏ ਬਾਹਰ ਨੂੰ ਦੌੜੇ।
ਇਕ!…ਦੋ!…ਤਿੰਨ!…ਗਿਣਤੀ ਉਹਦੇ ਮੂੰਹ ਵਿਚ ਹੀ ਡੁੱਬ ਗਈ। ਗੋਲੀ ਦੀ ਆਵਾਜ਼ ਨੇ ਹਨੇਰੇ ਦੀ ਛਾਤੀ ਚੀਰ ਦਿਤੀ। ਸੱਥ ਵਾਲੇ ਪਿੱਪਲ ‘ਤੇ ਬੈਠੇ ਪੰਛੀਆਂ ਨੇ ਪਰ ਫੜਫੜਾਏ। ਕਬਰ ਵਾਲੇ ਬੁੱਢੇ ਬੋਹੜ ਦੇ ਚਮਗਿਦੜ ਬੇਚੈਨ ਹੋ ਗਏ। ਮੁੰਡੇ ਦੇ ਨਾਲ ਭੱਜੇ ਜਾਂਦੇ ਵੈਲੀਆਂ ਦੇ ਘੁੰਨੇ ਦੀ ਚੀਕ ਉਠਦੀ ਹੀ ਸੌਂ ਗਈ। ਉਹ ਜ਼ਮੀਨ ‘ਤੇ ਡਿਗਦਾ ਹੀ ਠੰਢਾ ਹੋ ਗਿਆ। ਦੂਰੋਂ ਆਉਂਦੀਆਂ ਗੋਲੀਆਂ ਦੀਆਂ ਆਵਾਜ਼ਾਂ ਇਕ ਪਲ ਲਈ ਚੁੱਪ ਹੋ ਗਈਆਂ ਜਾਪੀਆਂ। ਨਿਆਣੇ ਇਕ ਛਿਣ ਲਈ ਠਠੰਬਰ ਕੇ ਖਲੋ ਗਏ ਤੇ ਫੇਰ ਆਪਣੀ ਪੂਰੀ ਤਾਕਤ ਨਾਲ ਦੌੜੇ। ਵਹਿਸ਼ੀ ਹਾਸਾ ਸੁਰਖਰੂ ਹੋ ਕੇ ਅੱਗ ਸੇਕਣ ਬੈਠ ਗਿਆ।
+++
ਉਸ ਸੁੰਨ ਹੋਏ ਪੈਰਾਂ ਨੂੰ ਆਪਣੇ ਹੱਥਾਂ ਨਾਲ ਮਲਿਆ ਤੇ ਫੇਰ ਹੱਥ ਕੱਛਾਂ ਵਿਚ ਦੇ ਲਏ। ਮੁਰਦੇ ਦੇ ਪੈਰਾਂ ‘ਚੋਂ ਲਾਹੀ ਜੁੱਤੀ ਉਹਨੂੰ ਬੜੀ ਯਾਦ ਆਈ।
ਸਰਕੜੇ ਵਿਚ ਦੀ ਗੁਜ਼ਰਦੀ ਹਵਾ ਦਾ ਸ਼ੋਰ ਜੰਗੀ ਹਥਿਆਰਾਂ ਦੇ ਰੌਲੇ ਵਿਚ, ਕਿਸੇ ਜੰਗਲੀ ਕਬੀਲੇ ਦੇ ਬਲੀ ਵੇਲੇ ਵੱਜਦੇ ਸਾਜ਼ਾਂ ਦੇ ਸ਼ੋਰ ਵਰਗਾ ਸੀ। ਉਸ ਘਬਰਾ ਕੇ ਸੱਜੇ-ਖੱਬੇ ਵੇਖਿਆ। ਉਸ ਦੇ ਸਾਥੀ ਪਤਾ ਨਹੀਂ ਕਿਧਰ ਖਿੰਡ-ਪੁੰਡ ਗਏ ਸਨ। ਉਹ ਫਿਰ ਇਕੱਲਾ ਰਹਿ ਗਿਆ ਸੀ।
ਉਹ ਖਲੋ ਗਿਆ। ਉਹ ਕਿਧਰ ਜਾ ਰਿਹਾ ਸੀ ਆਖਰ? ਕੋਈ ਕਿਧਰ ਜਾ ਸਕਦਾ ਹੈ ਭਲਾ? ਇਸ ਵੇਲੇ ਤਾਂ ਹਰ ਕੋਈ ਘਰ ਹੁੰਦਾ ਹੈ। ਹਰ ਸ਼ਾਮ ਪੰਛੀ ਵੀ ਤਾਂ ਰੁੱਖਾਂ ਵੱਲ ਪਰਤ ਆਉਂਦੇ ਹਨ। ਇਕ ਦਿਨ ਉਹ ਆਲ੍ਹਣਿਆਂ ‘ਚੋਂ ਆਂਡੇ ਲੱਭਦਾ ਆਪਣੀ ਧੌੜੀ ਦੀ ਜੁੱਤੀ ਗਵਾ ਆਇਆ ਸੀ। ਮਾਂ ਗੁੱਸੇ ਵਿਚ ਚੀਖੀ ਸੀ, ‘…ਨਿੱਤ ਨਵਾਂ ਜੋੜਾ ਮੈਂ ਤੈਨੂੰ ਕਿਥੋਂ ਲਿਆ ਦਿਆਂ?…ਦਫਾ ਹੋ ਜਾਹ ਇਥੋਂ!…ਜੁੱਤੀ ਲੱਭ ਕੇ ਘਰ ਮੁੜੀਂ।’ ਤਪਦੀ ਦੁਪਹਿਰ ਉਹ ਢਾਏ ਕੱਛਦਾ ਰਿਹਾ ਸੀ ਤੇ ਸ਼ਾਮੀਂ ਨੰਗੇ ਪੈਰੀਂ ਪਿੰਡ ਪਰਤਣ ਵੇਲੇ ਉਹਨੂੰ ਪਤਾ ਸੀ,…ਉਹ ਹੋਰ ਕਿਧਰੇ ਨਹੀਂ ਸੀ ਜਾ ਸਕਦਾ ਉਹਨੇ ਘਰ ਹੀ ਪਰਤਣਾ ਸੀ। ਹਰ ਕੋਈ ਘਰ ਹੀ ਪਰਤਦਾ ਹੈ।
ਉਹ ਫੇਰ ਪਿੰਡ ਵੱਲ ਤੁਰ ਪਿਆ।
ਉਹਨੂੰ ਲਹੂ ਦੇ ਛੱਪੜ ਵਿਚ ਡੁੱਬ ਗਈ ਮੱਮਤਾ ਦਾ ਚਿਹਰਾ ਯਾਦ ਆਇਆ। …ਸ਼ਾਇਦ ਮਾਂ ਜਿਊਂਦੀ ਹੀ ਹੋਵੇ। ਉਹਨੂੰ ਆਉਣ ਲੱਗਿਆਂ ਮਾਂ ਉਤੇ ਕੋਈ ਗਰਮ ਕੱਪੜਾ ਦੇ ਕੇ ਆਉਣਾ ਚਾਹੀਦਾ ਸੀ। ਉਹਨੂੰ ਘਰੋਂ ਭੱਜ ਆਉਣ ਦਾ ਪਛਤਾਵਾ ਹੋ ਰਿਹਾ ਸੀ। ਆਪਣੇ ਘਰੋਂ ਵੀ ਕੋਈ ਭੱਜਦਾ ਹੈ ਭਲਾ!
ਪਿੰਡ ਵਿਚ ਪਹਿਲਾਂ ਵਰਗੀ ਹੀ ਸੁਖ-ਸਾਂਦ ਸੀ।
ਗਲੀਆਂ ਸੁੰਨੀਆਂ ਸਨ ਪਰ ਰਾਤ ਜਾਗਦੀ ਸੀ। ਜਿਹੜਾ ਬੂਹਾ ਉਹ ਆਪਣੇ ਪਿੱਛੇ ਖੁਲ੍ਹਾ ਛੱਡ ਗਿਆ ਸੀ, ਇਸ ਵੇਲੇ ਢੁਕਿਆ ਹੋਇਆ ਸੀ। ਢੁਕੇ ਬੂਹੇ ਸਾਹਮਣੇ ਸਮਾਨ ਦਾ ਖਿਲਾਰਾ ਵੇਖ ਕੇ ਉਹ ਰੁਕ ਗਿਆ। ਉਸ ਇਕ ਵਾਰ ਖਿਲਾਰੇ ਵੱਲ ਵੇਖਿਆ ਤੇ ਫਿਰ ਢੁਕੇ ਬੂਹੇ ਉਹਲੇ ਗੁੰਮ ਹੋ ਰਹੇ ਕਾਲੇ ਧੱਬਿਆਂ ਵੱਲ। ਉਸ ਨਿਉਂ ਕੇ ਇਕ ਧੱਬੇ ਨੂੰ ਹੱਥ ਲਾਇਆ। ਲਹੂ ਦੀ ਚਿਪਚਿਪਾਹਟ ਉਹਦੇ ਹੱਥ ਨਾਲ ਚੰਬੜ ਗਈ। ਉਹਨੂੰ ਕਚਿਆਣ ਜਿਹੀ ਆਈ। ਉਸ ਛੇਤੀ ਨਾਲ ਹੱਥ ਆਪਣੇ ਸਵੈਟਰ ਨਾਲ ਪੂੰਝ ਲਿਆ।
ਦਰਵਾਜ਼ੇ ਨਾਲ ਕੰਨ ਲਾ ਕੇ ਉਸ ਬਿੜਕ ਲਈ। ਅੰਦਰ ਚੁੱਪ-ਚਾਂ ਵਰਤੀ ਹੋਈ ਸੀ। ਉਸ ਹੌਲੀ ਜਿਹੀ ਦਰਵਾਜ਼ਾ ਖੋਲਿ੍ਹਆ। ਮਾਂ ਦਾ ਸਿਰ ਲਹੂ ਦੇ ਸੁੱਕੇ ਤਲਾਬ ਵਿਚ ਉਂਜ ਹੀ ਪਿਆ ਸੀ। ਉਹ ਦੱਬੇ ਪੈਰੀਂ ਅੰਦਰ ਲੰਘ ਗਿਆ।
ਦਰਵਾਜ਼ੇ ਦੀ ਕਰੜ-ਕਰੜ ਸੁਣ ਕੇ ਉਸ ਧੌਣ ਮਰੋੜੀ ਤਾਂ ਸਾਹ ਉਥੇ ਹੀ ਬਰਫ ਹੋ ਗਿਆ। ਦਰਵਾਜ਼ੇ ਲਾਗੇ ਇੱਟਾਂ ਦੇ ਆਸਰੇ ਅੱਧ-ਲੇਟੇ ਫੌਜੀ ਨੇ ਲੰਮੇ ਪਿਆਂ-ਪਿਆਂ ਹੀ ਪੈਰ ਨਾਲ ਦਰਵਾਜ਼ਾ ਢੋਅ ਦਿੱਤਾ।
ਮੁੰਡੇ ਨੇ ਆਪਣੇ ਬਚਾਅ ਲਈ ਇਕ ਵਾਰ ਢੁਕੇ ਬੂਹੇ ਵੱਲ ਵੇਖਿਆ ਤੇ ਫੇਰ ਫੌਜੀ ਵੱਲ।
ਫੌਜੀ ਨੇ ਮੁੰਡੇ ਨੂੰ ਰੋਕਣ ਲਈ ਹੱਥ ਉਪਰ ਕੀਤਾ ਤੇ ਫੇਰ ਕਰਾਹ ਕੇ ਹੇਠਾਂ ਸੁੱਟ ਲਿਆ।
ਫੌਜੀ ਦੇ ਸਖ਼ਤ ਚਿਹਰੇ ‘ਤੇ ਪੀੜ ਦਾ ਲੇਪ ਸੀ। ਉਸ ਦੋਹਾਂ ਹੱਥਾਂ ਨਾਲ ਆਪਣਾ ਢਿੱਡ ਘੁਟਿਆ ਹੋਇਆ ਸੀ। ਉਹਦੀ ਵਰਦੀ ਲਹੂ ਨਾਲ ਲਗਭਗ ਗੜੁੱਚ ਸੀ। ਉਹਦੇ ਹੱਥ ਆਪਣੇ ਹੀ ਲਹੂ ਨਾਲ ਲਿਬੜੇ ਹੋਏ ਸਨ। ਹੱਥ ਆਪਣੇ ਲਹੂ ਨਾਲ ਲਿਬੜਨ ਪਿਛੋਂ ਖਤਰੇ ਵਾਲੀ ਕੋਈ ਗੱਲ ਨਹੀਂ ਹੁੰਦੀ। ਸੁਆਲ ਬਣ ਕੇ ਮੁੰਡੇ ਨੇ ਗੋਠੜੀਆਂ ਮੂਧੀਆਂ ਮਾਰ ਲਈਆਂ ਤੇ ਝਿਜਕਦਾ ਝਿਜਕਦਾ ਉਹਦੇ ਵੱਲ ਝੁਕ ਗਿਆ।
‘…ਉਨ੍ਹਾਂ ਸਾਰਾ ਕੱਠਾ ਕੀਤਾ ਕਰਾਇਆ ਖੋਹ ਕੇ ਵੀ ਲਿਹਾਜ਼ ਨਹੀਂ ਕੀਤਾ’, ਆਪਣੇ ਲਹੂ ਲਿਬੜੇ ਹੱਥਾਂ ਵੱਲ ਵੇਖਦਿਆਂ ਉਸ ਕਸੀਸ ਵੱਟੀ।
‘…ਕੌਣ ਸਨ ਉਹ?’
‘…ਆਪਣੇ ਹੀ ਸਾਥੀ।’ ਪੀੜ ਨੂੰ ਪੀਣ ਦੇ ਜਤਨ ਵਿਚ ਉਸ ਹੇਠਲਾ ਬੁਲ੍ਹ ਟੁੱਕਿਆ ਤੇ ਕਾਹਲੀ ਨਾਲ ਬੋਲਿਆ, ‘…ਪਾਣੀ!…ਮੈਨੂੰ ਪਾਣੀ ਦੇ ਪਹਿਲੋਂ!…ਛੇਤੀ…ਛੇਤੀ ਜ਼ਰਾ।’
ਪਿਛਲੀ ਕੰਧ ਡਿੱਗਣ ਨਾਲ ਘੜਾ ਟੁੱਟ ਚੁੱਕਿਆ ਸੀ। ਟੁੱਟੇ ਬੱਬਰ ਵਿਚ ਅਜੇ ਵੀ ਦੋ ਕੁ ਚੂਲੀਆਂ ਪਾਣੀ ਬਾਕੀ ਸੀ। ਉਸ ਬੱਬਰ ਚੁੱਕ ਕੇ ਫੌਜੀ ਦੇ ਮੂੰਹ ਨੂੰ ਲਾ ਦਿੱਤਾ।
ਪਾਣੀ ਪੀ ਕੇ ਉਹ ਕੁਝ ਸੰਭਲਿਆ, ‘ਬੇਟੇ…ਪਿੱਠੂ ‘ਚੋਂ ਕੰਬਲ ਕੱਢ ਕੇ ਮੇਰੇ ਉਤੇ ਦੇ ਦੇਹ।’
ਮੁੰਡੇ ਨੇ ਕੰਬਲ ਉਹਦੇ ਉਤੇ ਤਾਣਦਿਆਂ ਵੇਖਿਆ…ਫੌਜੀ ਦੀਆਂ ਅੱਖਾਂ ਬੰਦ ਹੋ ਰਹੀਆਂ ਸਨ।
‘ ਤੂੰ…ਤੂੰ ਕੌਣ ਐਂ?’ ਮੁੰਡੇ ਨੇ ਝਕਦਿਆਂ-ਝਕਦਿਆਂ ਪੁੱਛਿਆ।
‘ਮੈਂ?’ ਫੌਜੀ ਨੇ ਅੱਖਾਂ ਉਘੇੜੀਆਂ ਤੇ ਜੁਆਬ ਦੀ ਤਲਾਸ਼ ਵਿਚ ਸੁਆਲ ਦੁਹਰਾਇਆ। ਉਸਦੀ ‘ਮੈਂ’ ਇਕ ਪਲ ਲਈ ਹਨੇਰੇ ਵਿਚ ਡੁੱਬ ਗਈ। ਹਨੇਰੇ ‘ਚੋਂ ਬਾਹਰ ਆਉਂਦਿਆਂ ਉਹਦੇ ਚਿਹਰੇ ਦੀ ਪੀੜ ਵਿਚ ਮੁਸਕਰਾਹਟ ਵਿਅੰਗ ਬਣ ਕੇ ਸ਼ਾਮਲ ਹੋ ਗਈ, ‘ਮੈਂ?…ਮੈਂ ਦੁਸ਼ਮਣ!’
‘ਦੁਸ਼ਮਣ!’ ਇਹ ਭਲਾ ਕੀ ਨਾਂ ਹੋਇਆ? ਮੁੰਡੇ ਨੂੰ ਯਾਦ ਆਇਆ, ਮਾਂ ਉਸ ਦੇ ਕਿਸੇ ਫੌਜੀ ਚਾਚੇ ਦੀ ਗੱਲ ਕਰਦੀ ਹੁੰਦੀ ਸੀ। ਉਹ ਸ਼ਾਇਦ ਇਹੀ ਹੋਵੇ। ਉਸ ਤਸਦੀਕ ਕਰਨ ਵਾਂਗ ਆਖਿਆ, ‘ਦੁਸ਼ਮਣ!…ਦੁਸ਼ਮਣ ਚਾਚਾ?’
‘ਹਾਂ!’ ਉਹ ਫਿੱਕਾ ਜਿਹਾ ਮੁਸਕਰਾਇਆ। ਉਹਦੀ ਸੋਚ ਨੇ ਇਕ ਛਿਣ ਲਈ ਗੋਤਾ ਖਾਧਾ ਤੇ ਦੂਜੇ ਛਿਣ ਉਸ ਆਪਣੇ ਲਹੂ ਲਿਬੜੇ ਹੱਥ ਨਾਲ ਮੁੰਡੇ ਦਾ ਸਿਰ ਪਲੋਸ ਦਿੱਤਾ।
ਮੁੰਡੇ ਵਿਚ ਜਿਵੇਂ ਜਾਨ ਪੈ ਗਈ। ਉਹ ਕਿੰਨਾ ਇਕੱਲਾ ਰਹਿ ਗਿਆ ਸੀ। ਉਸ ਕੋਲ ਤਾਂ ਕੋਈ ਆਸਰਾ ਹੀ ਨਹੀਂ ਸੀ ਰਿਹਾ। ਉਹ ਦੁਸ਼ਮਣ ਚਾਚੇ ਵੱਲ ਥੋੜਾ ਹੋਰ ਖਿਸਕ ਗਿਆ।
‘ ਮੈਂ ਰਾਜੀ ਨਹੀਂ…ਮੈਂ ਸੌਨਾਂ ਵਾਂ।…ਤੂੰ ਵੀ ਸੌਂ ਜਾਹ ਹੁਣ।’
‘ ਚਾਚਾ!…ਮੈਨੂੰ ਡਰ ਲੱਗਦਾ ਵਾ!’
‘ ਡਰ!…ਮੇਰੇ ਕੋਲੋਂ?’
‘ ਨਈਂ ਚਾਚਾ!…ਅੱਜ ਮੈਨੂੰ…ਮੈਨੂੰ ਅੱਜ …।’ ਤੇ ਮੁੰਡੇ ਦੀਆਂ ਭੁੱਬਾਂ ਨਿਕਲ ਗਈਆਂ।
ਫੌਜੀ ਨੇ ਉਸ ਨੂੰ ਪੁਚਕਾਰਿਆ, ‘ਹੁਣ ਡਰ ਵਾਲੀ ਕੋਈ ਗੱਲ ਨਹੀ…ਹੁਣ ਮੈਂ ਜੁ ਤੇਰੇ ਕੋਲ ਆਂ…ਤੂੰ ਮੇਰੇ ਕੋਲ ਹੀ ਸੌਂ ਜਾਹ।’
ਫੌਜੀ ਨੇ ਸਰਹਾਣੇ ਦੀ ਥਾਂ ਆਪਣੀ ਬਾਂਹ ਮੁੰਡੇ ਦੇ ਸਿਰ ਹੇਠ ਦੇ ਦਿੱਤੀ।
ਮੁੰਡਾ ਹਟਕੋਰੇ ਭਰਦਾ, ਭੁੱਖਣ-ਭਾਣਾ ਉਥੇ ਹੀ ਸੌਂ ਗਿਆ।
ਫੌਜੀ ਨੇ ਟੁੱਟੀ ਛੱਤ ਰਾਹੀਂ ਸੌਂ ਰਹੇ ਤਾਰਿਆਂ ਵੱਲ ਵੇਖਿਆ। ਜਗੂੰ-ਬੁਝੂੰ ਕਰਦੇ ਦੀਵੇ ਦੇ ਚਾਨਣ ਵਿਚ ਉਹਦੀਆਂ ਅੱਖੀਆਂ ਵਿਚ ਅੱਥਰੂ ਚਮਕੇ। ਉਹਦੀ ਨਿਗਾਹ ਜਿਵੇਂ ਆਪਣੇ ਹੀ ਧੁਰ ਅੰਦਰ ਲਹਿ ਗਈ। ਉਹ ਮੀਲਾਂ ਪਰ੍ਹੇ ਆਪਣੇ ਘਰ ਤੱਕ ਪਹੁੰਚ ਗਿਆ, ਜਿਥੇ ਤੋਤਲੇ ਬੋਲਾਂ ਨੇ ਹਵਾ ਨੂੰ ਸੁਰ ਦਿੱਤਾ ਸੀ। ਉਸ ਮੁੰਡੇ ਨੂੰ ਆਪਣੇ ਨਾਲ ਘੁਟਿਆ। ਅੱਥਰੂ ਉਸ ਦੀਆਂ ਅੱਖਾਂ ‘ਚੋਂ ਵਗੇ ਤੇ ਕੱਚੀ ਮਿੱਟੀ ਨੇ ਪੀ ਲਏ।
ਦੀਵੇ ਦਾ ਤੇਲ ਮੁੱਕ ਚੁੱਕਿਆ ਸੀ। ਤੇਲ ਤੋਂ ਬਿਨਾਂ ਬਲਣ ਦੇ ਜਤਨ ਵਿਚ ਉਹਦੀ ਲਾਟ ਇਕ-ਦੋ ਵਾਰ ਉੱਚੀ ਉੱਠੀ ਤੇ ਸੌਂ ਗਈ। ਸਾਰਾ ਕੁਝ ਹਨੇਰੇ ਵਿਚ ਡੁੱਬ ਗਿਆ।
ਸਰਘੀ ਨੇ ਹਨੇਰੇ ਨੂੰ ਕੁਝ ਪੇਤਲਾ ਕੀਤਾ ਤਾਂ ਮੁੰਡੇ ਨੇ ਊਂ-ਊਂ ਕਰਕੇ ਪਾਸਾ ਵੱਟਿਆ। ਸਾਰਾ ਕੰਬਲ ਫੌਜੀ ਤੋਂ ਲਹਿ ਕੇ ਉਹਦੇ ਦੁਆਲੇ ਵਲ੍ਹੇਟਿਆ ਗਿਆ।
ਤੜਕੇ ਦੀ ਧੁੰਧ ਨੇ ਉਹਦੀ ਮਾਂ ਦੀ ਆਕੜੀ ਹੋਈ ਲਾਸ਼ ਵੀ ਤੱਕੀ ਤੇ ਮੁਰਦੇ ਦੀ ਬਾਂਹ ਨੂੰ ਸਰਹਾਣਾ ਬਣਾ ਕੇ ਸੁੱਤੇ ਬੇ-ਫਿਕਰ ਬਾਲਕ ਨੂੰ ਵੀ।
ਪਿੰਡ ਦੀ ਕਿਸੇ ਨੁੱਕਰੋਂ ਬਚ ਰਹੇ ਕੁੱਕੜ ਨੇ ਬਾਂਗ ਦਿੱਤੀ। ਵੀਹੀ ਵਿਚ ਕੋਈ ਅਵਾਰਾ ਕੁੱਤਾ ਰੱਜ ਕੇ ਰੋਇਆ।
ਬੇਖ਼ਬਰ ਮੁੰਡਾ ਬੇਫ਼ਿਕਰੀ ਦੀ ਨੀਂਦ ਸੁੱਤਾ ਰਿਹਾ।