ਸਰਕਾਰੀ ਖਜ਼ਾਨੇ ਨੂੰ ਰਗੜੇ ਲਾਉਣ ਦੇ ਦੋਸ਼
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਪੰਜਾਬ ਦੀਆਂ ਦੋਹਾਂ ਮੁੱਖ ਸਿਆਸੀ ਧਿਰਾਂ-ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਕ-ਦੂਜੇ ਨੂੰ ਠਿੱਬੀ ਲਾਉਣ ਲਈ ਸਰਗਰਮੀ ਤੇਜ਼ ਕਰ ਦਿੱਤੀ ਹੈ। ਦੋਵੇਂ ਧਿਰਾਂ ਇਕ-ਦੂਜੇ ਦੇ ਪੋਤੜੇ ਫਰੋਲਣ ਵਿਚ ਲੱਗੀਆਂ ਹੋਈਆਂ ਹਨ। ਅਕਾਲੀ-ਭਾਜਪਾ ਸਰਕਾਰ ਵੱਲੋਂ ਜਿੱਥੇ ਮੀਡੀਆ ਰਾਹੀਂ ਵਿਕਾਸ ਦੇ ਏਜੰਡੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਸੱਤਾ ਧਿਰ ਦੇ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਬੇਨੇਮੀਆਂ ਨੂੰ ਜੱਗ ਜ਼ਾਹਿਰ ਕਰ ਕੇ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਕੀਤਾ ਜਾ ਰਿਹਾ ਹੈ।
ਰੇਤਾ-ਬਜਰੀ, ਕੇਬਲ ਨੈਟਵਰਕ ਤੇ ਟਰਾਂਸਪੋਰਟ ਦੇ ਕਾਰੋਬਾਰ ‘ਤੇ ਕਬਜ਼ੇ ਦੇ ਦੋਸ਼ਾਂ ਤੋਂ ਬਾਅਦ ਹੁਣ ਅਕਾਲੀ-ਭਾਜਪਾ ਸਰਕਾਰ ਰੀਅਲ ਅਸਟੇਟ ਦੇ ਕਾਰੋਬਾਰ ਵਿਚ ਬੇਨੇਮੀਆਂ ਦੇ ਮਾਮਲੇ ਵਿਚ ਘਿਰਦੀ ਨਜ਼ਰ ਆ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬ ਦੇ ਕਈ ਮੰਤਰੀਆਂ ਸਣੇ ਸੀਨੀਅਰ ਲੀਡਰ ਸਿੱਧੇ ਰੂਪ ਵਿਚ ਰੀਅਲ ਅਸਟੇਟ ਦੇ ਕਾਰੋਬਰ ਨਾਲ ਜੁੜੇ ਹੋਏ ਹਨ ਜਿਹੜੇ ਸੱਤਾ ਦੀ ਤਾਕਤ ਨਾਲ ਲਾਹਾ ਲੈ ਕੇ ਸਰਕਾਰੀ ਖਜ਼ਾਨੇ ਨੂੰ ਅਰਬਾਂ ਰੁਪਏ ਦਾ ਚੂਨਾ ਲਾ ਰਹੇ ਹਨ। ਬਾਦਲ ਪਰਿਵਾਰ ਦਾ ਨਾਂ ਵੀ ਪ੍ਰਾਪਰਟੀ ਦੇ ਕਾਰੋਬਾਰ ਵਿਚ ਗੂੰਜਦਾ ਹੈ।
ਚੰਡੀਗੜ੍ਹ ਤੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਜ਼ੀਰਕਪੁਰ, ਮੁਹਾਲੀ, ਖਰੜ, ਨਵਾਂ ਗਾਓਂ ਤੇ ਮੁੱਲਾਂਪੁਰ ਦੀ ਜ਼ਮੀਨ ਵੱਡੇ ਲੋਕਾਂ ਲਈ ‘ਸੋਨੇ ਦੀ ਖਾਣ’ ਬਣੀ ਪਈ ਹੈ ਤੇ ਇਥੇ ਵੱਡੇ ਪੱਧਰ ‘ਤੇ ਕਲੋਨੀਆਂ ਤੇ ਹੋਰ ਪ੍ਰੋਜੈਕਟ ਬਣਨ ਸਮੇਤ ਪੰਜਾਬ ਸਰਕਾਰ ਵੱਲੋਂ ਨਵਾਂ ਚੰਡੀਗੜ੍ਹ ਉਸਾਰਨ ਦੇ ਕੀਤੇ ਐਲਾਨ ਤੋਂ ਬਾਅਦ ਜ਼ਮੀਨਾਂ ਦੀ ਵੱਡੇ ਪੱਧਰ ‘ਤੇ ਚੱਕ-ਥੱਲ ਹੋ ਰਹੀ ਹੈ।
ਦਰਅਸਲ ਸਿਆਸਤਦਾਨਾਂ ਵੱਲੋਂ ਸਰਕਾਰੀ ਖਜ਼ਾਨੇ ਨੂੰ ਕਿਵੇਂ ਚੂਨਾ ਲਾਇਆ ਜਾ ਰਿਹਾ ਹੈ, ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੰਜਾਬ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੇ ਇਕ-ਦੂਜੇ ‘ਤੇ ਜ਼ਮੀਨਾਂ ਦੀ ਖਰੀਦ ਵਿਚ ਵਿਤੀ ਬੇਨਿਯਮੀਆਂ ਦੇ ਦੋਸ਼ ਲਾਏ। ਇਕ ਪਾਸੇ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਤੇ ਮੁੱਖ ਪਾਰਲੀਮਾਨੀ ਸਕੱਤਰ ਐਨæਕੇæ ਸ਼ਰਮਾ ‘ਤੇ 11 ਏਕੜ ਜ਼ਮੀਨ ਖਰੀਦਣ ਵੇਲੇ ਸਰਕਾਰ ਨੂੰ ਸਟੈਂਪ ਡਿਊਟੀ ਦੇ ਰੂਪ ਵਿਚ 10 ਕਰੋੜ ਰੁਪਏ ਦਾ ਚੂਨਾ ਲਾਉਣ ਦੇ ਦੋਸ਼ ਲਾਏ ਅਤੇ ਦੂਜੇ ਪਾਸੇ ਸ੍ਰੀ ਸ਼ਰਮਾ ਨੇ ਸ਼ ਖਹਿਰਾ ਸਮੇਤ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਪਰਿਵਾਰ ਉਪਰ ਜ਼ਮੀਨ ਖਰੀਦਣ ਤੇ ਵੇਚਣ ਦੇ ਮਾਮਲੇ ਵਿਚ ਗੜਬੜ ਕਰਨ ਦੇ ਦੋਸ਼ ਲਾ ਕੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ।
ਕਾਂਗਰਸੀ ਆਗੂ ਖਹਿਰਾ ਨੇ ਆਰæਟੀæਆਈæ ਤਹਿਤ ਹਾਸਲ ਕੀਤੀ ਜਾਣਕਾਰੀ ਪੇਸ਼ ਕਰਦਿਆਂ ਦੱਸਿਆ ਕਿ ਐਨæਕੇæ ਸ਼ਰਮਾ ਨੇ ਪਿੰਡ ਬਿਸ਼ਨਪੁਰਾ (ਜ਼ੀਰਕਪੁਰ) ਵਿਚ 11 ਏਕੜ ਜ਼ਮੀਨ ਖਰੀਦਣ ਵੇਲੇ 10 ਕਰੋੜ ਰੁਪਏ ਦੀ ਸਟੈਂਪ ਡਿਊਟੀ ਦੀ ਚੋਰੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਸ਼ਰਮਾ ਨੇ ਆਪਣੀ ਕੰਪਨੀ ਵੀæਐਨæ ਸ਼ਰਮਾ ਬਿਲਡਰਜ਼ ਪ੍ਰਾਈਵੇਟ ਲਿਮਟਿਡ ਲਈ ਇਸ ਵਰ੍ਹੇ 13 ਮਾਰਚ ਨੂੰ ਪਿੰਡ ਬਿਸ਼ਨਪੁਰਾ ਦੀ 11 ਏਕੜ ਦੇ ਕਰੀਬ ਜ਼ਮੀਨ ਦੀ ਤੱਥ ਛੁਪਾ ਕੇ ਰਜਿਸਟਰੀ ਕਰਵਾਈ ਹੈ। ਇਸ ਕੰਪਨੀ ਵਿਚ ਸ੍ਰੀ ਸ਼ਰਮਾ ਤੇ ਉਨ੍ਹਾਂ ਦੇ ਤਿੰਨ ਭਰਾਵਾਂ ਸਮੇਤ ਉਨ੍ਹਾਂ ਦੇ ਪਿਤਾ ਡਾਇਰੈਕਟਰ ਹਨ।
ਸ਼ ਖਹਿਰਾ ਨੇ ਦੋਸ਼ ਲਾਇਆ ਕਿ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਾਲੇ ਮਾਲ ਵਿਭਾਗ ਵਿਚ ਸਿਆਸਤਦਾਨਾਂ ਤੇ ਮਾਫੀਆ ਦੀਆਂ ਡੂੰਘੀਆਂ ਜੜ੍ਹਾਂ ਹਨ ਤੇ ਜੇ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਬਾਦਲ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਅਤੇ ਸ੍ਰੀ ਸ਼ਰਮਾ ਤੋਂ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ। ਪਤਾ ਲੱਗਾ ਹੈ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਚੰਡੀਗੜ੍ਹ ਦੇ ਇਰਦ-ਗਿਰਦ ਵੱਡੇ ਪੱਧਰ ‘ਤੇ ਜਾਇਜ਼-ਨਾਜਾਇਜ਼ ਢੰਗ ਨਾਲ ਖਰੀਦੀਆਂ ਜ਼ਮੀਨਾਂ ਦੇ ਅਗਲੇ ਦਿਨਾਂ ਵਿਚ ਹੋਰ ਵੱਡੇ ਖੁਲਾਸੇ ਹੋਣ ਦੇ ਆਸਾਰ ਹਨ।
ਸ਼ ਖਹਿਰਾ ਨੇ ਦੋਸ਼ ਲਾਇਆ ਕਿ ਸ੍ਰੀ ਸ਼ਰਮਾ ਦੀ ਕੰਪਨੀ ਵੱਲੋਂ ਇਸ ਜ਼ਮੀਨ ਦੀ 13 ਮਾਰਚ ਨੂੰ ਸਬ ਰਜਿਸਟਰਾਰ ਡੇਰਾਬਸੀ ਵਿਖੇ ਕਰਵਾਈ ਗਈ ਰਜਿਸਟਰੀ ਦੌਰਾਨ ਬਾਕਾਇਦਾ ਅੰਕਿਤ ਕੀਤਾ ਗਿਆ ਹੈ ਕਿ ਇਸ ਜ਼ਮੀਨ ਦੀ ਕਿਸਮ ਚਾਹੀ (ਖੇਤੀਬਾੜੀ) ਹੈ। ਉਨ੍ਹਾਂ ਇਸ ਜ਼ਮੀਨ ਦੀ ਸਾਲ 2012-13 ਦੀ ਫਰਦ ਗਿਰਦਾਵਰੀ ਪੇਸ਼ ਕਰਦਿਆਂ ਦੱਸਿਆ ਕਿ ਖਰੀਦੀ ਗਈ ਜ਼ਮੀਨ ਉਪਰ ਸੈਂਕੜੇ ਰਿਹਾਇਸ਼ੀ ਫਲੈਟ ਬਣੇ ਦਿਖਾਏ ਗਏ ਹਨ ਜਦਕਿ ਸ੍ਰੀ ਸ਼ਰਮਾ ਦੀ ਕੰਪਨੀ ਨੇ ਖੇਤੀਬਾੜੀ ਵਾਲੀ ਜ਼ਮੀਨ ਦੇ ਆਧਾਰ ‘ਤੇ ਸਿਰਫ 25 ਕਰੋੜ ਰੁਪਏ ਦੀ ਖਰੀਦ ਦਿਖਾ ਕੇ ਮਹਿਜ਼ ਦੋ ਕਰੋੜ ਰੁਪਏ ਦੀ ਹੀ ਸਟੈਂਪ ਡਿਊਟੀ ਅਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਸ ਜ਼ਮੀਨ ਉਪਰ 650 ਦੇ ਕਰੀਬ ਫਲੈਟ ਬਣੇ ਹਨ ਤੇ ਖਰੀਦਕਾਰ ਨੂੰ ਕੁਲੈਕਟਰ ਰੇਟ ਸੂਚੀ ਅਨੁਸਾਰ 15,500 ਰੁਪਏ ਪ੍ਰਤੀ ਵਰਗ ਗਜ਼ ਦੀ ਦਰ ਨਾਲ ਸਟੈਂਪ ਡਿਊਟੀ ਅਦਾ ਕਰਨ ਬਣਦੀ ਸੀ ਜਿਸ ਤਹਿਤ 6æ5 ਕਰੋੜ ਰੁਪਏ ਸਟੈਂਪ ਡਿਊਟੀ ਬਣਦੀ ਸੀ ਪਰ ਇਸ ਦੀ ਥਾਂ ਸਿਰਫ ਦੋ ਕਰੋੜ ਰੁਪਏ ਹੀ ਅਦਾ ਕੀਤੇ ਗਏ ਹਨ।
ਉਧਰ, ਸ੍ਰੀ ਸ਼ਰਮਾ ਨੇ ਸਪਸ਼ਟ ਕੀਤਾ ਕਿ ਉਸ ਨੇ 10 ਏਕੜ ਦੇ ਕਰੀਬ ਜ਼ਮੀਨ 25 ਕਰੋੜ ਰੁਪਏ ਦੀ ਖਰੀਦੀ ਹੈ ਜੋ ਤੈਅ ਕੁਲੈਕਟਰ ਰੇਟ ਤੋਂ ਵੀ ਚਾਰ ਕਰੋੜ ਰੁਪਏ ਵਧ ਹੈ। ਇਸ ਕਾਰਨ ਸਟੈਂਪ ਡਿਊਟੀ ਚੋਰੀ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਾਂਗਰਸ ਦੇ ਪੋਤੜੇ ਫੋਲਦਿਆਂ ਕਿਹਾ ਕਿ ਖੁਦ ਸ਼ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਭਰਾ ਤੇ ਕਾਂਗਰਸ ਦੇ ਜਨਰਲ ਸਕੱਤਰ ਫਤਿਹ ਜੰਗ ਬਾਜਵਾ ਕੋਲੋਂ 25 ਮਈ, 2010 ਨੂੰ ਪਿੰਡ ਕਰੌਰਾਂ (ਮੁਹਾਲੀ) ਵਿਚ 13 ਕਨਾਲ ਨੌਂ ਮਰਲੇ ਜ਼ਮੀਨ ਕੁਲੈਕਟਰ ਰੇਟ ਦੇ ਬਰਾਬਰ ਮਹਿਜ਼ 52 ਲੱਖ ਰੁਪਏ ਦੀ ਖਰੀਦੀ ਸੀ ਜਦਕਿ ਉਥੇ ਮਾਰਕੀਟ ਰੇਟ ਡੇਢ ਤੋਂ ਢਾਈ ਕਰੋੜ ਰੁਪਏ ਪ੍ਰਤੀ ਏਕੜ ਹੈ। ਇਸੇ ਤੋਂ ਇਲਾਵਾ ਫਤਿਹ ਜੰਗ ਦੀ ਪਤਨੀ ਹਨੀਲਾ ਬਾਜਵਾ ਨੇ ਪਿੰਡ ਭੜੌਂਜੀਆਂ (ਮੁਹਾਲੀ) ਵਿਚ ਨੌਂ ਵਿੱਘੇ 12 ਵਿਸਵੇ ਜ਼ਮੀਨ 5 ਜੁਲਾਈ, 2011 ਨੂੰ 3æ13 ਕਰੋੜ ਰੁਪਏ ਦੀ ਵੇਚੀ ਸੀ ਜਦਕਿ ਇਸੇ ਥਾਂ ‘ਤੇ ਹੀ ਪੀæਸੀæਬੀæ ਰੀਅਲ ਅਸਟੇਟ ਕੰਪਨੀ ਜਿਸ ਦੇ ਡਾਇਰੈਕਟਰ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦੀ ਵਿਧਾਇਕ ਪਤਨੀ ਚਰਨਜੀਤ ਕੌਰ ਬਾਜਵਾ ਹਨ, ਨੇ 9 ਨਵੰਬਰ, 2011 ਨੂੰ 25 ਏਕੜ ਦੇ ਕਰੀਬ ਜ਼ਮੀਨ ਮਹਿਜ਼ 2æ98 ਕਰੋੜ ਰੁਪਏ ਦੀ ਖਰੀਦੀ ਹੈ।
ਇਸੇ ਦੌਰਾਨ ਪੰਜਾਬ ਸਰਕਾਰ ਨੇ ਕੁਝ ਸਿਆਸੀ ਆਗੂਆਂ ਵੱਲੋਂ ਮੁਹਾਲੀ ਜ਼ਿਲ੍ਹੇ ਵਿਚ ਖਰੀਦੀਆਂ ਜ਼ਮੀਨਾਂ ‘ਤੇ ਅਸ਼ਟਾਮ ਫੀਸ ਦੀ ਚੋਰੀ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਟੀæਪੀæਐਸ਼ ਸਿੱਧੂ ਨੂੰ ਘੱਟ ਕੀਮਤ ਦਰਸਾ ਕੇ ਖਰੀਦੀਆਂ ਜ਼ਮੀਨਾਂ ਦੇ ਕੇਸਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਵਿੱਤ ਕਮਿਸ਼ਨਰ (ਮਾਲ) ਐਨæਐਸ਼ ਕੰਗ ਨੂੰ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਹੈ।
______________________
ਜਸਟਿਸ ਕੁਲਦੀਪ ਸਿੰਘ ਰਿਪੋਰਟ ਦਾ ਖੁਲਾਸਾ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਸਟਿਸ (ਸੇਵਾਮੁਕਤ) ਕੁਲਦੀਪ ਸਿੰਘ ਦੀ ਅਗਵਾਈ ਹੇਠ ਬਣਾਏ ਟ੍ਰਿਬਿਊਨਲ ਵੱਲੋਂ ਪਹਿਲਾਂ ਹੀ ਆਪਣੀ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਪੈਰੀਫੇਰੀ ਵਿਚਲੀ ਜ਼ਮੀਨ ਨੂੰ ਵੱਖ-ਵੱਖ ਰਾਜਾਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ, ਸਿਵਲ ਤੇ ਪੁਲਿਸ ਅਫਸਰਾਂ ਨੇ ਟੇਢੇ-ਮੇਢੇ ਢੰਗ ਨਾਲ ਖਰੀਦ ਕੇ ਮੋਟੇ ਮੁਨਾਫੇ ਕਮਾਏ ਹਨ। ਇਸ ਰਿਪੋਰਟ ਵਿਚ ਇਹ ਵੀ ਸਾਫ ਕਰ ਦਿੱਤਾ ਗਿਆ ਸੀ ਕਿ ਮਾਲ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਕਈ ਗੈਰ-ਕਾਨੂੰਨੀ ਹੁਕਮ ਜਾਰੀ ਕਰ ਕੇ ਨਾਜਾਇਜ਼ ਵੇਚ-ਵੱਟਤ ਕਰਵਾਈ ਹੈ। ਸੀæਪੀæਆਈæ ਪੰਜਾਬ ਦੇ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਵਿਚ ਲੈਂਡ ਮਾਫੀਆ ਅਰਬਾਂ ਰੁਪਏ ਦੇ ਘਪਲੇ ਕਰ ਚੁੱਕਾ ਹੈ। ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਕਈ ਆਗੂ ਪ੍ਰਾਪਰਟੀ ਡੀਲਰਾਂ ਦੇ ਰੂਪ ਵਿਚ ਇਹ ਸਾਰਾ ਕਾਰੋਬਾਰ ਕਰ ਰਹੇ ਹਨ।
Leave a Reply