ਵਾਸ਼ਿੰਗਟਨ: ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਂਗਰਸ (ਸੰਸਦ) ਨਾਲ ਜਾਰੀ ਬਜਟ ਬਾਰੇ ਰੇੜਕੇ ਕਾਰਨ ਸਰਕਾਰੀ ਕੰਮਕਾਜ ਲਗਾਤਾਰ ਦੂਜੇ ਹਫ਼ਤੇ ਵੀ ਠੱਪ ਹੈ ਤੇ ਹਾਲੇ ਵੀ ਇਸ ਸਿਆਸੀ ਸੰਕਟ ਦਾ ਕੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਉਲਟਾ ਅਮਰੀਕਾ ਕਰਜ਼ ਬਾਰੇ ਡਿਫਾਲਟਰ ਹੋਣ ਵੱਲ ਵਧ ਰਿਹਾ ਹੈ। ਇਸ ਤੋਂ ਇਲਾਵਾ ਇਸ ਸੰਕਟ ਦਾ ਸਮੁੱਚੇ ਸੰਸਾਰ ‘ਤੇ ਵੀ ਮਾੜਾ ਅਸਰ ਪੈ ਸਕਦਾ ਹੈ।
ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੇ ਸਪੀਕਰ ਜੌਹਨ ਬੌਇਨਰ ਜੋ ਰਿਪਬਲਿਕਨ ਪਾਰਟੀ ਨਾਲ ਸਬੰਧਤ ਹਨ, ਨੇ ਸਾਫ ਕਿਹਾ ਹੈ ਕਿ ਰੇੜਕਾ ਖ਼ਤਮ ਕਰਾਉਣ ਲਈ ਰਾਸ਼ਟਰਪਤੀ ਓਬਾਮਾ ਤੇ ਸੈਨੇਟ ਦੇ ਡੈਮੋਕਰੈਟਾਂ ਨੂੰ ਪ੍ਰਤੀਨਿਧ ਸਭਾ ਦੇ ਰਿਪਬਲਿਕਨਾਂ ਨਾਲ ਸਿਹਤ ਸੰਭਾਲ ਸੇਵਾਵਾਂ ਜਿਨ੍ਹਾਂ ਨੂੰ ‘ਓਬਾਮਾਕੇਅਰ’ ਵਜੋਂ ਜਾਣਿਆ ਜਾਂਦਾ ਹੈ, ਬਾਰੇ ਗੱਲਬਾਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਉਦੋਂ ਤਕ ਕਰਜ਼ ਦੀ ਹੱਦ ਨਹੀਂ ਵਧਾਈ ਜਾਵੇਗੀ।
ਸ੍ਰੀ ਬੌਇਨਰ ਨੇ ਕਿਹਾ ਕਿ ਓਬਾਮਾ ਨੇ ਜੇ ਰੇੜਕਾ ਖ਼ਤਮ ਕਰਨਾ ਹੈ ਤਾਂ ਗੱਲਬਾਤ ਕਰਨੀ ਹੀ ਪਵੇਗੀ, ਨਹੀਂ ਤਾਂ ਕਰਜ਼ ਡਿਫਾਲਟ ਤੋਂ ਬਚਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਸਦਨ ਵਿਚ ਸਾਫ ਢੰਗ ਨਾਲ ਕਰਜ਼ ਹੱਦ ਨੂੰ ਪਾਸ ਕਰਨ ਲਈ (ਡੈਮੋਕਰੈਟਾਂ ਕੋਲ) ਵੋਟਾਂ ਨਹੀਂ ਹਨ। ਇਸ ਕਾਰਨ ਰਾਸ਼ਟਰਪਤੀ ਕਰਜ਼ ਡਿਫ਼ਾਲਟ ਦਾ ਖ਼ਤਰਾ ਮੁੱਲ ਲੈ ਰਹੇ ਹਨ ਤੇ ਉਨ੍ਹਾਂ ਨਾਲ ਗੱਲ ਨਹੀਂ ਕਰ ਰਹੇ।
ਦੂਜੇ ਪਾਸੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਹ ਸੰਕਟ ਦੇ ਹੱਲ ਲਈ ‘ਫਿਰੌਤੀ’ ਨਹੀਂ ਦੇਣਗੇ, ਭਾਵ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਵਿਰੋਧੀ ਧਿਰ (ਰਿਪਬਲੀਕਨ ਪਾਰਟੀ) ਨੂੰ ਸੰਘੀ ਬਜਟ ਪਾਸ ਕਰਨ ਦੀ ਅਪੀਲ ਕੀਤੀ ਹੈ। ਸ੍ਰੀ ਓਬਾਮਾ ਨੇ ਆਪਣੇ ਹਫ਼ਤਾਵਾਰੀ ਭਾਸ਼ਣ ਵਿਚ ਸੰਸਦ ਮੈਂਬਰਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਪਹਿਲਾਂ ਹੀ ਕਰਜ਼ੇ ਵਿਚ ਜਕੜੇ ਹੋਏ ਦੇਸ਼ ਲਈ ਇਹ ਆਰਥਿਕ ਬੰਦੀ ਬੜੀ ਮਾਰੂ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਬੇਰਹਿਮ ਤੇ ਮਾਰੂ ਬੰਦੀ ਦਾ ਇਕੋ-ਇਕ ਹੱਲ ਹੈ ਕਿ ਬਜਟ ਪਾਸ ਕਰ ਦਿਓ ਤਾਂ ਕਿ ਸਰਕਾਰ ਨੂੰ ਫੰਡ ਮਿਲ ਸਕਣ ਤੇ ਇਸ ਲਈ ਕੋਈ ਸ਼ਰਤ ਨਾ ਲਾਈ ਜਾਵੇ।
ਉਨ੍ਹਾਂ ਸਾਫ਼ ਕੀਤਾ ਹੈ ਕਿ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਠੱਪ ਹੋਣ ਤੋਂ ਮਾੜੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਪਰ ਆਰਥਿਕ ਬੰਦੀ ਦੇ ਨਾਲ ਜੇ ਕਰਜ਼ ਦਾ ਡਿਫਾਲਟ ਵੀ ਹੋਵੇ ਤਾਂ ਇਹ ਹੋਰ ਮਾਰੂ ਸਾਬਤ ਹੋਵੇਗੀ। ਉਨ੍ਹਾਂ ਵਿਰੋਧੀ ਧਿਰ ਨੂੰ ਰੇੜਕਾ ਮੁਕਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਬਜਟ ਪਾਸ ਕਰ ਦੇਵੇ। ਗ਼ੌਰਤਲਬ ਹੈ ਕਿ ਜੇ 17 ਅਕਤੂਬਰ ਤੱਕ ਬਜਟ ਪਾਸ ਨਹੀਂ ਹੁੰਦਾ ਤਾਂ ਸਰਕਾਰ ਕਰਜ਼ੇ ਦੀ ਕਿਸ਼ਤ ਅਦਾ ਨਹੀਂ ਕਰ ਸਕੇਗੀ ਤੇ ਡਿਫਾਲਟਰ ਹੋ ਜਾਵੇਗੀ। ਇਸ ਸਰਕਾਰੀ ਆਰਥਿਕ ਬੰਦੀ ਕਾਰਨ ਸੰਘੀ ਸਰਕਾਰ ਦੇ ਕਰੀਬ ਅੱਠ ਲੱਖ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਛੁੱਟੀਆਂ ਉੱਤੇ ਭੇਜ ਦਿੱਤਾ ਗਿਆ ਹੈ।
ਪਤਾ ਲੱਗਾ ਹੈ ਕਿ ਓਬਾਮਾ ਨੇ ਬਜਟ ਬਾਰੇ ਵਿਰੋਧ ਦੇ ਚਲਦਿਆਂ ਆਪਣਾ ਏਸ਼ੀਆ ਦੌਰਾ ਰੱਦ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਆਪਣੀ ਚਾਰ ਦੇਸ਼ਾਂ ਦੀ ਯਾਤਰਾ ਨੂੰ ਸੰਖੇਪ ਕਰਕੇ ਦੋ ਦੇਸ਼ਾਂ ਤੱਕ ਸੀਮਤ ਕਰ ਦਿੱਤਾ ਹੈ। ਵ੍ਹਾਈਟ ਹਾਊਸ ਦੇ ਬਿਆਨ ਅਨੁਸਾਰ ਰਾਸ਼ਟਰਪਤੀ ਓਬਾਮਾ ਦਾ ਇੰਡੋਨੇਸ਼ੀਆ ਤੇ ਬਰਨੇਈ ਦੌਰਾ ਰੱਦ ਕਰ ਦਿੱਤਾ ਗਿਆ ਹੈ।
Leave a Reply