ਡਾ ਗੁਰਬਖ਼ਸ਼ ਸਿੰਘ ਭੰਡਾਲ
ਰੁੱਸਿਆ ਨਾ ਕਰੋ ਯਾਰੋ। ਨਦੀ ਕਿਨਾਰੇ ਰੁੱਖੜੇ ਹਾਂ ਪਤਾ ਨਹੀਂ ਕਦੋਂ ਸਾਹ ਹੀ ਰੁੱਸ ਜਾਣ। ਰੁੱਸਿਆਂ-ਰੁੱਸਿਆਂ ਸਦਾ ਲਈ ਵਿੱਛੜ ਜਾਣਾ ਬਹੁਤ ਹੀ ਅਸਹਿ ਹੁੰਦਾ ਜਿਊਂਦਿਆਂ ਲਈ ਕਿਉਂਕਿ ਸਦਾ ਲਈ ਵਿੱਛੜ ਗਏ ਰੁੱਸੇ ਹੋਏ ਨੂੰ ਤੁਸੀਂ ਕਦੇ ਨਹੀਂ ਮਨਾ ਸਕਦੇ। ਤੁਰ ਜਾਣ ਵਾਲਾ ਪਤਾ ਨਹੀਂ ਆਪਣਿਆਂ ਨੂੰ ਮਨਾਉਣ ਦੀਆਂ ਕਿੰਨੀਆਂ ਸੱਧਰਾਂ ਮਨ ਵਿਚ ਦਬਾਈ ਸਦਾ ਲਈ ਅੱਖਾਂ ਹੀ ਮੀਟ ਗਿਆ ਹੋਵੇਗਾ।
ਬੰਦੇ ਕੋਲੋਂ ਆਪਾ ਹੀ ਰੁੱਸ ਜਾਵੇ ਤਾਂ ਪੱਲੇ ਵਿਚ ਰਹਿੰਦਾ ਹੀ ਕੀ? ਮਰ ਜਾਂਦੀ ਉਸ ਦੀ ਧੜਕਣ ਤੇ ਜੀਅ ਅਤੇ ਕਿਸੇ ਨੂੰ ਵੀ ਨਹੀਂ ਸੁਣਦੀ ਉਸ ਦੇ ਸਾਹਾਂ ਵਿਚਲੀ ਸੀ। ਚਾਅ ਰੁੱਸ ਜਾਂਦੇ ਤਾਂ ਬੰਦਾ ਪਤਝੜੀ ਬਿਰਖ ਬਣਦਾ, ਫੁੱਲ ਅਤੇ ਟਾਹਣੀਆਂ ਤੋਂ ਵਿਰਵਾ ਪੱਤਿਆਂ ਤੋਂ ਸੱਖਣਾ, ਮਹਿਕ ਵਿਹੂਣਾ। ਬਿਨ ਛਾਵਾਂ ਤੋਂ ਸਿਰਫ਼ ਸਾਹਾਂ ਦੀ ਰੂਹ ਹੀਣ ਡਫਲੀ ਖੜਕਦੀ।
ਸ਼ਫ਼ਾ ਰੁੱਸਦੀ ਤਾਂ ਸਿਹਤਯਾਬੀ ਖੁੱਸਦੀ, ਲੱਗ ਜਾਂਦਾ ਅਸਾਧ ਰੋਗ ਅਤੇ ਫਿਰ ਬੰਦੇ ਨੂੰ ਮੌਤ ਮੰਗਿਆਂ ਵੀ ਨਹੀਂ ਮਿਲਦੀ।
ਸਾਂਝ ਰੁੱਸ ਜਾਵੇ ਤਾਂ ਬੰਦਾ ਤਨਹਾਈ ਵਿਚ ਹੀ ਖ਼ੁਦ ਨੂੰ ਮਰਨਹਾਰਾ ਕਰ ਲੈਂਦਾ। ਕਦੇ ਇਕਲਾਪਾ ਹੰਢਾਉਂਦੇ ਸੱਜਣਾਂ ਨਾਲ ਕੁਝ ਪਲ ਸਾਂਝੇ ਕਰਨਾ, ਦੇਖਣਾ ਉਹ ਫਿਰ ਇਕੱਲੇ ਰਹਿੰਦਿਆਂ ਵੀ ਕੱਲੇ ਨਹੀਂ ਹੋਣਗੇ।
ਪਿਆਰ ਰੁੱਸ ਜਾਵੇ ਤਾਂ ਬੰਦਾ ਖ਼ੁਦ ਨੂੰ ਕਿਸੇ ਕਮਰੇ ਵਿਚ ਕੈਦ ਕਰ ਆਪਣੀ ਹੋਣੀ ਨੂੰ ਹੱਥੀਂ ਹੀ ਵਿਹਾਜ ਲੈਂਦਾ ਕਿਉਂਕਿ ਪਿਆਰ ਬਿਨਾਂ ਕਿਸੇ ਦਾ ਜੀਣਾ ਵੀ ਕੀ ਜੀਣਾ। ਇਹ ਤਾਂ ਆਪਣੇ ਹੱਥੀਂ ਆਪਣਾ ਲਹੂ ਪੀਣਾ ਅਤੇ ਨਾ ਚਾਹੁੰਦਿਆਂ ਵੀ ਥੀਣਾ ਅਤੇ ਸਾਹਾਂ ਦੀ ਤੰਦ ਕਤੀਣਾ ਹੁੰਦਾ। ਅਜੇਹੇ ਲੋਕ ਬਿਮਾਰੀ ਤੋਂ ਨਹੀਂ ਪਿਆਰ-ਪਿਆਸ ਨਾਲ ਹੀ ਤੜਫ਼ ਕੇ ਮਰ ਜਾਂਦੇ।
ਮਰਹਮ ਰੁੱਸਦੀ ਤਾਂ ਜ਼ਖ਼ਮ ਕਦੇ ਨਹੀਂ ਭਰਦੇ। ਸਦਾ ਚਸਕਦੇ, ਰਿਸਦੇ ਅਤੇ ਕਿਸੇ ਮੋਹਵੰਤੀ ਪਲੋਸਣੀ ਦੀ ਆਸ ‘ਚ ਆਖ਼ਰੀ ਸਾਹ ਤੀਕ ਖ਼ੁਦ ਨਾਲ ਜੰਗ ਕਰਦੇ।
ਮਿੱਤਰ ਰੁੱਸ ਜਾਵੇ ਤਾਂ ਰੁੱਸ ਜਾਂਦਾ ਮਿੱਤਰ-ਮੋਢਾ ਜਿਸ `ਤੇ ਸਿਰ ਰੱਖ ਕੇ ਦਰਦ ਕੋਈ ਫਰੋਲੇ ਅਤੇ ਦੁੱਖਾਂ ਦੇ ਮਾਰੇ ਨੂੰ ਪੀੜਾ ਤੋਂ ਰਾਹਤ ਮਿਲੇ।
ਖੂਹ ਰੁੱਸ ਜਾਵੇ ਤਾਂ ਖ਼ਾਲੀ ਟਿੰਡਾਂ ਦੀ ਚੀਸ ਫ਼ਿਜ਼ਾ ਨੂੰ ਚੀਰ ਜਾਂਦੀ ਅਤੇ ਸੁੱਕਾ ਹੋਇਆ ਤਲ ਜੀਵਨ-ਆਸਥਾ ਲਈ ਆਖ਼ਰੀ ਹਿਚਕੀ ਬਣਦਾ।
ਕਾਇਨਾਤ ਰੁੱਸ ਜਾਵੇ ਤਾਂ ਹੜ੍ਹ, ਭੂਚਾਲ, ਬਰਫ਼ੀਲੇ ਤੂਫ਼ਾਨ ਅਤੇ ਵਾ-ਵਰੋਲੇ, ਲਾਵੇ ਅਤੇ ਕਹਿਰਾਂ ਦੀ ਤਪਸ਼ ਕਹਿਰ ਬਣ ਕੇ ਮਨੁੱਖ ਨੂੰ ਉਸ ਦੀ ਔਕਾਤ ਦਿਖਾਉਂਦੀ।
ਹਵੇਲੀ ਰੁੱਸ ਜਾਵੇ ਤਾਂ ਖ਼ਾਲੀ ਖੁਰਲੀਆਂ ਅਤੇ ਸੱਖਣੇ ਕਿੱਲਿਆਂ ਨੂੰ ਦੇਖ ਕੇ ਇੰਝ ਜਾਪਦਾ ਜਿਵੇਂ ਲਵੇਰੀਆਂ ਮੱਝਾਂ ਤੇ ਗਾਵਾਂ, ਬਲਦ ਅਤੇ ਝੋਟੇ, ਕੱਟੇ/ਕੱਟੀਆਂ ਜਾਂ ਵੱਛੇ/ਵੱਛੀਆਂ ਨੂੰ ਕਾਲ ਨਿਗਲ ਜਾਂਦਾ ਅਤੇ ਇਸ ਦੀ ਵੀਰਾਨਗੀ ਵਿਚ ਕੁਝ ਵੀ ਜੀਵੰਤ ਨਹੀਂ ਦਿਸਦਾ।
ਖੇਤ ਰੁੱਸ ਜਾਂਦੇ ਤਾਂ ਨਿਆਈਂਆਂ ਰੱਕੜ ਬਣਦੀਆਂ, ਫ਼ਸਲਾਂ ਦੀ ਬਜਾਏ ਉੱਗਦੀਆਂ ਖੁਦਕੁਸ਼ੀਆਂ ਅਤੇ ਸਹਿਕ ਜਾਂਦਾ ਕਿਆਰਿਆਂ ਨੂੰ ਸਿੰਜਣ ਵਾਲਾ ਪਾਣੀ ਅਤੇ ਆਡਾਂ ਵਿਚਲੇ ਪਾਣੀ ਦਾ ਵੇਗ ਆਪਣੀ ਮੌਤੇ ਮਰ ਜਾਂਦਾ।
ਬਹਾਰ ਰੁੱਸ ਜਾਵੇ ਤਾਂ ਚਮਨ ਉੱਜੜਦਾ, ਟਾਹਣੀਆਂ `ਤੇ ਫੁੱਟਣ ਵਾਲੀਆਂ ਕਰੂੰਬਲਾਂ ਦਾ ਹੋ ਜਾਂਦਾ ਕੁੱਖ ਵਿਚ ਕਤਲ ਅਤੇ ਪਤਝੜ ਲਾ ਲੈਂਦੀ ਸਦੀਵੀ ਡੇਰਾ।
ਕਮਰੇ ਰੁੱਸਦੇ ਤਾਂ ਇਸ ਦੀ ਫ਼ਿਜ਼ਾ ਮਸੋਸੀ ਜਾਂਦੀ, ਧੁੱਪ ਸਹਿਮ ਜਾਂਦੀ ਅਤੇ ਇਸ ਦੀ ਸੁੰਨ ਵਿਚ ਘਰ, ਘਰ ਨਾ ਹੋ ਕੇ ਮਕਾਨ ਬਣ ਜਾਂਦਾ ਅਤੇ ਨਿੱਕੇ ਨਿੱਕੇ ਟੋਟਿਆਂ ਵਿਚ ਤਕਸੀਮ ਹੋ ਜਾਂਦਾ।
ਘਰ ਰੁੱਸ ਜਾਂਦਾ ਤਾਂ ਕੰਧਾਂ ਨੂੰ ਖਾ ਜਾਂਦਾ ਕੱਲਰ, ਜਾiਲ਼ਆਂ ਦਾ ਜੰਗਲ ਛੱਤਾਂ ਨੂੰ ਲਕੋਂਦਾ, ਕੰਧਾਂ ਤੋਂ ਲੱਥਦੇ ਲਿਉੜ, ਖੋੜਾਂ ‘ਚ ਉੱਗਦੇ ਪਿੱਪਲ ਤੇ ਬੋਹੜ, ਬਨੇਰਿਆਂ `ਤੇ ਬੁੱਝੀਆਂ ਹੋਈਆਂ ਅੱਧ ਜਲੀਆਂ ਮੋਮਬੱਤੀਆਂ ਅਤੇ ਆiਲ਼ਆਂ ਵਿਚ ਹਵਾਂਕਦੀ ਸੁੱਕੇ ਚਿਰਾਗ਼ਾਂ ਦੀ ਹੂਕ।
ਘਰ ਵਾਲਿਆਂ ਦੀ ਗੁਫ਼ਤਗੂ ਰੁੱਸ ਜਾਵੇ ਤਾਂ ਪੈਦਾ ਹੋਈ ਖ਼ਾਮੋਸ਼ੀ ਘਰ ਵਿਚਲੀ ਅਪਣੱਤ, ਸਹਿਯੋਗ, ਸਹਿਚਾਰ, ਸਕੂਨ ਅਤੇ ਸੁਖਨ ਚੱਟਮ ਜਾਂਦੀ।
ਪਲੰਘ `ਤੇ ਲੇਟੇ ਦੋ ਪ੍ਰੇਮੀਆਂ ‘ਚ ਜਦ ਮੋਹ-ਮੁਹੱਬਤ ਰੁੱਸਦੀ ਤਾਂ ਨਿੱਘੀ ਗਲਵੱਕੜੀ ਧਾਹੀਂ ਰੋਂਦੀ ਅਤੇ ਸੇਜ ਰੂਪੀ ਰਾਂਗਲਾ ਪਲੰਘ ਹੌਕੇ ਭਰਦਾ।
ਵੇ ਸੱਜਣਾਂ! ਜ਼ਰਾ ਸੁਣ ਕੇ ਜਾਵੀਂ;
ਰੁੱਸਿਆ ਨਾ ਕਰ ਯਾਰ
ਰੁੱਸਿਆਂ ਰੁੱਸਿਆਂ ਜੇ ਸਾਹ ਵੀ ਰੁੱਸ ਗਏ
ਤਾਂ ਯਾਰੀ ਜਾਣੀ ਹਾਰ।
ਬਸ ਵੀ ਕਰਦੇ ਯਾਰ
ਮੂੰਹ ਫੁਲਾਈ ਬੈਠੇ ਰਹੇ ਤਾਂ
ਬੋਲਾਂ ਦੇਣਾ ਦੁਰਕਾਰ।
ਜ਼ਿੱਦ ਵੀ ਛੱਡ ਹੁਣ ਯਾਰ
ਜ਼ਿੱਦ ਜ਼ਿੱਦ ‘ਚ ਹੋ ਜਾਣਾ
ਚਾਵਾਂ ਦਾ ਨਰ-ਸੰਘਾਰ।
ਭੁੱਲ ਵੀ ਜਾ ਹੁਣ ਯਾਰ
ਭੁੱਲ ਕੇ ਹੀ ਤਾਂ ਨਵੀਆਂ ਯਾਦਾਂ
ਬਣਨਾ ਮਨ-ਬਹਾਰ।
ਆਖੇ ਵੀ ਲੱਗ ਯਾਰ
ਅੜੀਆਂ ਵਿਚ ਖੁਰ ਨਾ ਜਾਵੇ
ਸਾਂਝਾਂ ਦਾ ਕਿਰਦਾਰ।
ਚੁੱਪ ਨੂੰ ਤੋੜਦੇ ਯਾਰ
ਬੋਲਾਂ ਬਾਝੋਂ ਕਿੰਝ ਕਰੇਂਗਾ
ਸੱਧਰਾਂ ਦਾ ਇਜ਼ਹਾਰ।
ਸੁੰਨ ਪਿਘਲਾ ਦੇ ਯਾਰ
ਸੁੰਨ-ਸਮਾਧੀ ਜੇ ਨਾ ਤੋੜੀ ਤਾਂ
ਪਥਰਾਅ ਜਾਵੇਗਾ ਪਿਆਰ।
ਗ਼ੁੱਸਾ ਛੱਡ ਦੇ ਯਾਰ
ਰੋਸੇ, ਸ਼ਿਕਵੇ ਤੇ ਗਿਲਿਆਂ ਦਾ
ਚੁੱਕ ਨਹੀਂ ਹੋਣਾ ਭਾਰ।
ਆ ਗਲ ਮਿਲੀਏ ਯਾਰ
ਰੂਹਾਂ ਦੀ ਰਾਹਦਾਰੀ ਦੇ ਲਈ
ਜੋੜੀਏ ਦਿਲਾਂ ਦੀ ਤਾਰ।
ਯਾਰਾ! ਜੇ ਕਲਮ ਰੁੱਸ ਜਾਵੇ ਤਾਂ ਖ਼ਾਲੀ ਵਰਕਿਆਂ `ਤੇ ਫੈਲੀ ਹੋਈ ਅਮੂਰਤ ਲਿਖਤ ਨੂੰ ਪੜ੍ਹਨ ਲੱਗਿਆਂ, ਅੰਤਰੀਵ ਵੀ ਚੀਖ਼ਣ ਲੱਗਦੀ।
ਜਦ ਅੱਖਾਂ ਵਿਚਲੇ ਅੱਥਰੂ ਰੁੱਸ ਜਾਂਦੇ ਤਾਂ ਨੈਣਾਂ ਵਿਚ ਜੰਮੇ ਹੋਏ ਹੰਝੂਆਂ ਦੀ ਇਬਾਦਤ ਪੜ੍ਹਦਿਆਂ ਪੜ੍ਹਦਿਆਂ, ਬੰਦਾ ਖ਼ੁਦ ਨੂੰ ਹੀ ਵਸਾਰ ਦਿੰਦਾ।
ਜਦ ਸ਼ਬਦਾਂ ਕੋਲੋਂ ਅਰਥ ਰੁੱਸਦੇ ਤਾਂ ਚਾਨਣ ਵਿਹੂਣੇ ਹਰਫ਼ਾਂ ਦੀ ਧੂਣੀ ਬਾਲ ਕੇ ਵੀ ਕਿਸੇ ਸੇਕ ਦੀ ਆਸ ਰੱਖਣਾ ਅਕਾਰਥ ਹੁੰਦਾ।
ਜੇ ਦੀਦਿਆਂ ਵਿਚ ਠਹਿਰੇ ਸੁਪਨੇ ਹੀ ਰੁੱਸ ਜਾਣ ਤਾਂ ਮੰਜ਼ਲਾਂ ਦੇ ਸਿਰਨਾਵਿਆਂ ਦੀ ਸਾਰ ਕੌਣ ਲਵੇਗਾ ਅਤੇ ਬਿਨ-ਸਿਰਨਾਵਿਓਂ ਕੋਈ ਵੀ ਕਦੇ ਵੀ ਕਿਸੇ ਟਿਕਾਣੇ `ਤੇ ਨਹੀਂ ਪਹੁੰਚਦਾ।
ਜੇ ਪੈਰਾਂ ‘ਚ ਉੱਗਣ ਵਾਲਾ ਸਫ਼ਰ ਹੀ ਰੁੱਸ ਜਾਵੇ ਤਾਂ ਪੈਰ ਕਦੇ ਵੀ ਕਿਸੇ ਸਫ਼ਰਨਾਮੇ ਦੇ ਸਿਰਜਕ ਨਹੀਂ ਹੋ ਸਕਦੇ।
ਜੇ ਸ਼ਬਦ ਹੀ ਰੁੱਸ ਜਾਣ ਤਾਂ ਸ਼ਬਦ-ਜੋਤ ਨੂੰ ਆਪਣੀ ਰੂਹ ਦੇ ਵਿਹੜੇ ਧਰ, ਕਿਸੇ ਕਿਸਮ ਦੀ ਲੋਅ ਦੀ ਆਸ ਰੱਖਣਾ ਮਨ ਦਾ ਭਰਮ ਹੀ ਹੁੰਦਾ।
ਜੇ ਚੇਤਨਾ ਰੁੱਸ ਜਾਵੇ ਤਾਂ ਚਿੰਤਾ, ਚਿੰਤਨ, ਜਾਂ ਫ਼ਿਕਰਮੰਦੀ ਨੂੰ ਮਸਤਕ ਵਿਚ ਕਿਵੇਂ ਉਗਾਇਆ ਜਾ ਸਕਦਾ, ਵੈਰਾਨੀ ਧਰਤੀ ਕਦੇ ਵੀ ਜ਼ਰਖੇਜ਼ ਨਹੀਂ ਹੋ ਸਕਦੀ।
ਜੇ ਆਵੇਸ਼ ਹੀ ਰੁੱਸ ਜਾਵੇ ਤਾਂ ਕਿਸੇ ਲਿਖਤ ਦੇ ਉਦੇ ਹੋਣ ਨੂੰ ਕਿਆਸਣਾ, ਕਿਸੇ ਫੋਕੇ ਦਿਲਾਸੇ ਤੋਂ ਇਲਾਵਾ ਕੁਝ ਨਹੀਂ ਹੁੰਦਾ।
ਜੇ ਰੂਹ ਹੀ ਰੁੱਸ ਜਾਵੇ ਤਾਂ ਜਿਸਮਾਨੀ ਤੰਦਰੁਸਤੀ ਅਰਥਹੀਣ। ਯਾਦ ਰੱਖਣਾ! ਜੇ ਰੂਹ ਰਾਜ਼ੀ ਤਾਂ ਬੰਦਾ ਸੱਚੀਂ ਮੁਚੀਂ ਰਾਜ਼ੀ, ਅਤੇ ਰੱਬ ਵੀ ਰਾਜ਼ੀ ਕਿਉਂਕਿ ਰੱਬ ਵੀ ਤਾਂ ਬੰਦਿਆਂ ਵਿਚ ਹੀ ਵੱਸਦਾ;
ਕਈ ਵਾਰ ਤਾਂ ਇੰਝ ਵੀ ਹੁੰਦਾ ਕਿ;
ਮੈਂ ਵੀ ਰੁੱਸਿਆ ਤੇ ਉਹ ਵੀ ਰੁੱਸਿਆ
ਤੇ ਹੋ ਗਈ ਜਗ-ਹਸਾਈ।
ਕਿਸ ਨੂੰ, ਕੌਣ ਮਨਾ ਵੇ ਸੋਚਦਿਆਂ,
ਸਾਰੀ ਉਮਰ ਲੰਘਾਈ।
ਨਾ ਬਾਂਹਾਂ ਨੂੰ ਬਾਂਹਾਂ ਮਿਲੀਆਂ
ਨਾਂ ਭਾਵਾਂ ਤੀਕ ਰਸਾਈ।
ਗ਼ਮ, ਪੀੜਾ ਤੇ ਦੁੱਖ-ਦਰਦਾਂ ਦੀ
ਕੀਤੀ ਅਸਾਂ ਕਮਾਈ।
ਨਾ ਸੁਪਨਿਆਂ ਗਲਵੱਕੜੀ ਪਾਈ
ਨਾ ਚਾਵਾਂ ਮਹਿੰਦੀ ਲਾਈ।
ਨਾ ਇਕ ਦੂਜੇ ਦੀਆਂ ਗੱਲੀਂ
ਹਾਂ ਵਿਚ ਹਾਂ ਮਿਲਾਈ।
ਰੁੱਸਿਆਂ ਰੁੱਸਿਆਂ ਬੀਤ ਚੱਲੀ ਏ
ਉਮਰਾਂ ਦੀ ਤਨਹਾਈ।
ਆ ਸੱਜਣਾਂ! ਸੀਨੇ ਨਾਲ ਲੱਗ ਜਾ
ਛੱਡ ਵੀ ਦੇ ਰੁਸਵਾਈ।
ਬਚਦੇ ਸਾਹੀਂ, ਵਿੱਥ-ਵਿਰਲਾਂ ਦੀ
ਕਰ ਲਈਏ ਭਰਪਾਈ।
ਰੁੱਸਦੇ ਸਿਰਫ਼ ਉਹੀ ਜੋ ਖ਼ੁਦ ਨੂੰ ਨਫ਼ਰਤ ਕਰਦੇ। ਆਪਣੀ ਉੱਤਮਤਾ ਦਾ ਝੰਡਾ ਲਹਿਰਾਉਣਾ ਚਾਹੁੰਦੇ। ਆਪਣੀ ਹਉਮੈ ਤੇ ਹੰਕਾਰ ‘ਚ ਸੜਦੇ। ਧੁਖਦੀ ਧੂਣੀ ਵਰਗੇ ਜੋ ਖ਼ੁਦ ਵੀ ਭਸਮ ਹੁੰਦੇ ਅਤੇ ਆਲੇ-ਦੁਆਲੇ ਨੂੰ ਵੀ ਸਵਾਹ ਕਰਦੇ।
ਜੇ ਭਾਸ਼ਾ ਹੀ ਰੁੱਸ ਜਾਵੇ ਤਾਂ ਬੌਣੀ ਕਵਿਤਾ, ਕਹਾਣੀ, ਗੀਤ, ਗ਼ਜ਼ਲ, ਨਾਟਕ ਜਾਂ ਵਾਰਤਿਕੀ ਟੋਟਕਿਆਂ ਵਿਚ ਸਮੇਂ ਦੇ ਸੱਚ ਅਤੇ ਦਰਦ ਨੂੰ ਸਮਾਉਣ ਦੀ ਸੋਝੀ ਕਿਥੋਂ ਆਵੇਗੀ?
ਜੇ ਆਪਾ ਹੀ ਰੁੱਸ ਜਾਵੇ ਤਾਂ ਬੰਦੇ ਦੇ ਪੱਲੇ ਵਿਚ ਕੁਝ ਨਹੀਂ ਰਹਿੰਦਾ, ਸਿਵਾਏ ਸਾਹਾਂ ਨੂੰ ਪੂਰੇ ਕਰਨ ਦੀ ਮਜਬੂਰੀ।
ਰੁੱਸਿਆ ਹੋਇਆ ਸੱਜਣ ਆਪਣੇ ਮਿੱਤਰ ਦੀ ਅਰਥੀ ਨੂੰ ਮੋਢਾ ਤਾਂ ਦੇ ਸਕਦਾ ਹੈ ਪਰ ਉਸ ਦੇ ਜਿਉਂਦੇ ਜੀਅ ਮਨ-ਮੁਟਾਵ, ਰੋਸਿਆਂ ਅਤੇ ਸ਼ਿਕਵਿਆਂ ਨੂੰ ਦੂਰ ਨਾ ਕਰਨ ਦਾ ਦਰਦ, ਉਸ ਦੇ ਸਾਹਾਂ ਨੂੰ ਵੀ ਸਿਉਂਕ ਬਣਾ ਦਿੰਦਾ। ਅਰਥੀ ਤਾਂ ਬੋਲਦੀ ਨਹੀਂ ਫਿਰ ਬੋਲ ਕੇ ਰੁਸਵਾਈ ਕਿੰਝ ਦੂਰ ਕੀਤੀ ਜਾ ਸਕਦੀ। ਉਸ ਨੇ ਆਪਣੇ ਮਿੱਤਰ ਦੀ ਅਰਥੀ ਦੇ ਨਾਲ ਨਾਲ ਖ਼ੁਦ ਦੀ ਅਰਥੀ ਵੀ ਆਪਣੇ ਮੋਢਿਆਂ `ਤੇ ਚੁੱਕੀ ਹੁੰਦੀ।
ਰੁੱਸੇ ਹੋਏ ਬੱਚੇ ਆਪਣੇ ਮਾਂ/ਬਾਪ ਦੀਆਂ ਅੰਤਿਮ ‘ਚ ਸ਼ਾਮਲ ਹੋ ਕੇ, ਗੈਰ-ਹਾਜ਼ਰ ਹੀ ਹੁੰਦੇ। ਉਨ੍ਹਾਂ ਦੇ ਅੰਦਰਲਾ ਰੋਸਾ ਤੇ ਸਾੜਾ, ਚਿਤਾ ਨੂੰ ਲਾਂਬੂ ਲਾਉਂਦਿਆਂ ਵੀ, ਆਪਣੇ ਅੰਦਰ ਇਕ ਸਿਵਾ ਬਾਲਦਾ ਜਿਸ ਦੇ ਸੇਕ ਵਿਚ ਉਹ ਖ਼ੁਦ ਹੀ ਰਾਖ ਹੋ ਜਾਂਦਾ।
ਰੁੱਸ ਕੇ ਵੱਧ ਜਾਂਦੀਆਂ ਦੂਰੀਆਂ ਜਿਨ੍ਹਾਂ ਨੂੰ ਭਰਨਾ ਬਹੁਤ ਔਖਾ। ਇਹ ਦੂਰੀਆਂ ਫਿਰ ਜਾਨ ਦਾ ਖ਼ੌਅ ਬਣਦੀਆਂ। ਸਾਡੇ ਕੋਲੋਂ ਚਾਅ ਰੁੱਸ ਜਾਂਦੇ ਤੇ ਅਸੀਂ ਜਿਊਣਾ ਹੀ ਭੁੱਲ ਜਾਂਦੇ। ਇਹ ਭੁੱਲ ਨੂੰ ਬਖ਼ਸ਼ਾਉਣਾ ਡਾਢਾ ਕਠਨ। ਫਿਰ ਇਹੀ ਭੁੱਲ ਸਾਡੀ ਅਰਥੀ ਨੂੰ ਸਭ ਤੋਂ ਪਹਿਲਾਂ ਮੋਢਾ ਦਿੰਦੀ।
ਜਦ ਸੁਪਨੇ ਰੁੱਸਦੇ ਤਾਂ ਸਾਡੀਆਂ ਸੋਚਾਂ ਸਿਉਂਕੀਆਂ ਜਾਂਦੀਆਂ, ਤਦਬੀਰਾਂ ਦੇ ਹੌਸਲੇ ਪਸਤ ਹੋ ਜਾਂਦੇ। ਸਾਡੇ ਕਦਮਾਂ ਵਿਚ ਉੱਗਣ ਵਾਲਾ ਸਫ਼ਰ ਆਪਣੀ ਮੌਤੇ ਮਰਦਾ ਅਤੇ ਅਸੀਂ ਸਿਰਫ਼ ਇਕ ਹੀ ਬਿੰਦੂ `ਤੇ ਖੜੇ ਆਖ਼ਰੀ ਪਹਿਰ ਨੂੰ ਉਡੀਕਣ ਲੱਗਦੇ।
ਜਦ ਸਾਡੇ ਕੋਲੋਂ ਮਨ ਵਿਚ ਪੈਦਾ ਹੋਣ ਵਾਲੀ ਸੰਵੇਦਨਾ ਹੀ ਰੁੱਸ ਜਾਵੇ ਤਾਂ ਸਾਡੀਆਂ ਅੱਖਾਂ ਸਿੱਲ੍ਹੀਆਂ ਨਹੀਂ ਹੁੰਦੀਆਂ ਜਦ ਕਿਸੇ ਨੂੰ ਕਰਾਹੁੰਦਾ ਦੇਖਦੇ। ਭੁੱਖੇ ਢਿੱਡ ਦੀ ਵੇਦਨਾ ਸਮਝਣ ਤੋਂ ਅਸਮਰਥ। ਬੰਬਾਂ ਦੀ ਮਚਾਈ ਤਬਾਹੀ ਵਿਚ ਬੈਠੇ ਭੁੱਖਣ-ਭਾਣੇ ਤੇ ਲਾਚਾਰ ਬੱਚਿਆਂ ਦੀ ਬੇਬਸੀ ਨੂੰ ਦੇਖ ਕੇ ਮਨ ਵਿਚ ਰੁਦਨ ਨਹੀਂ ਪੈਦਾ ਹੁੰਦਾ। ਅਸੀਂ ਸਿਰਫ਼ ਇਕ ਰੋਬੋਟ, ਭਾਵ ਹੀਣ, ਅਹਿਸਾਸ ਹੀਣ ਅਤੇ ਸੰਵੇਦਨਾ ਅਤੇ ਸੂਖਮਤਾ ਤੋਂ ਕੋਰੇ।
ਜਦ ਸਾਡੇ ਕੋਲੋਂ ਕੁਦਰਤ ਰੁੱਸ ਜਾਵੇ ਤਾਂ ਬਿਨ ਪੱਤਰੇ ਹੋ ਜਾਂਦੇ ਬਿਰਖ਼ ਅਤੇ ਦੂਰ ਉੱਡ ਜਾਂਦੇ ਪੰਛੀ, ਪਸਰਦੀ ਪਰਿੰਦਿਆਂ ਦੀ ਮਹਿਫ਼ਲ ‘ਚ ਸੁੰਨਸਾਨ। ਬਿਰਖਾਂ ਦੀ ਅਲੋਪਤਾ ਵਿਚੋਂ ਸਿਰਫ਼ ਮੌਤ ਨੂੰ ਦੇਖਦੇ।
ਨਿਰਮਲ ਪਾਣੀਆਂ ਰਾਹੀਂ ਜੀਵਨ ਦਾਨ ਬਖ਼ਸ਼ਣ ਵਾਲੇ ਸਾਡੇ ਕੋਲੋਂ ਰੁੱਸ ਕੇ ਬਰੇਤੇ ਬਣ ਜਾਂਦੇ ਤਾਂ ਸਾਨੂੰ ਸਾਡੀਆਂ ਕੁਤਾਹੀਆਂ ਦੀ ਸਜ਼ਾ ਮਿਲਦੀ। ਫਿਰ ਅਸੀਂ ਬੂੰਦ-ਬੂੰਦ ਲਈ ਤਰਸਦੇ ਆਪਣੀ ਪਿਆਸ ਵਿਚ ਆਪ ਹੀ ਪਿਆਸ ਹੀਣ ਹੋ ਕੇ ਪਾਣੀ ਦੇ ਕਹਿਰ ਦਾ ਸ਼ਿਕਾਰ ਬਣਦੇ।
ਜਦ ਸਾਡੀ ਰੂਹ ਹੀ ਸਾਡੇ ਤੋਂ ਰੁੱਸ ਜਾਵੇ ਤਾਂ ਬੰਦੇ ਦਾ ਆਪਣਾ ਆਪ ਖ਼ੁਦ ਤੋਂ ਬਹੁਤ ਦੂਰ ਚਲੇ ਜਾਂਦਾ। ਫਿਰ ਬੰਦੇ ਦਾ ਖ਼ੁਦ ਨੂੰ ਮਿਲਣਾ ਬਹੁਤ ਅਸੰਭਵ ਹੁੰਦਾ। ਬੰਦਾ, ਬੰਦੇ ਅਤੇ ਬੰਦਿਆਈ ਤੋਂ ਬਹੁਤ ਦੂਰ ਤੀਕ ਤਿਲ੍ਹਕ ਜਾਂਦਾ। ਇਹ ਤਿਲ੍ਹਕਣੀ ਆਖ਼ਰ ਨੂੰ ਰਸਾਤਲ ਦਾ ਰਾਹ ਬਣ ਜਾਂਦੀ।
ਜਦ ਸ਼ਬਦ ਰੁੱਸਦੇ ਤਾਂ ਸਫ਼ਿਆਂ `ਤੇ ਉੱਕਰਿਆ ਜਾਣ ਵਾਲਾ ਸੁਨੇਹਾ ਵੀ ਆਪਣੇ ਮਾਤਮ ਵਿਚ ਖ਼ੁਦ ਨੂੰ ਸਿਵੇ ਦਾ ਸੇਕ ਬਣਾ ਦਿੰਦਾ। ਇਹ ਮਾਤਮ ਹੀ ਹੁੰਦਾ ਜਦ ਆਪਣੇ ਆਪ ਨੂੰ ਪ੍ਰਗਟਾਉਣ ਤੋਂ ਉਕਤਾਏ ਕੋਰੇ ਰਹਿ ਜਾਂਦੇ।
ਜਦ ਮਾਂ ਬੋਲੀ ਹੀ ਸਾਡੇ ਤੋਂ ਰੁੱਸ ਜਾਵੇ ਤਾਂ ਦੱਸਣਾ ਕਿ ਤੁਸੀਂ ਆਪਣੇ ਅੰਤਰੀਵੀ ਹਾਵ-ਭਾਵ ਨੂੰ ਕਿੰਝ ਪ੍ਰਗਟਾਓਗੇ, ਜਿਹੜੇ ਮਾਂ ਬੋਲੀ ਤੋਂ ਬਿਨਾਂ ਕਿਸੇ ਵੀ ਹੋਰ ਬੋਲੀ ਵਿਚ ਨਹੀਂ ਪ੍ਰਗਟਾਏ ਜਾ ਸਕਦੇ, ਕਿਉਂਕਿ ਆਪਣੀ ਮਾਂ ਬੋਲੀ ਤੋਂ ਰੁੱਸਣਾ, ਆਪਣੇ ਮੂਲ ਤੋਂ ਟੁੱਟਣਾ ਹੁੰਦਾ।
ਜਦ ਕਿਤਾਬਾਂ ਰੁੱਸਦੀਆਂ ਤਾਂ ਘਰ ਵਿਚਲੀ ਖ਼ਾਲੀ ਲਾਇਬਰੇਰੀ ਹੰਝੂਆਂ ਵਿਚ ਖੁਰ ਜਾਂਦੀ ਅਤੇ ਇਨ੍ਹਾਂ ਵਿਚ ਉੱਗਦੀਆਂ ਬੀਅਰ ਬਾਰਾਂ ਜਿਨ੍ਹਾਂ ਵਿਚ ਆਖ਼ਰ ਨੂੰ ਗ਼ਰਕ ਜਾਂਦਾ ਮਨੁੱਖ।
ਜਦ ਮਾਂ ਸਦਾ ਲਈ ਰੁੱਸ ਕੇ ਕੰਧ `ਤੇ ਲਟਕਦੀ ਤਸਵੀਰ ਬਣ ਜਾਵੇ ਤਾਂ ਦੱਸਣਾ ਫਿਰ ਮਾਂ ਨਾਲ ਕਿੰਜ ਗੱਲਾਂ ਕਰੋਗੇ ਜਿਹੜੀਆਂ ਗੱਲਾਂ ਤੁਸੀਂ ਕਰਨਾ ਲੋਚਦੇ ਸੀ। ਪਰ ਤੁਹਾਡੇ ਰੁਝੇਵਿਆਂ ਕਾਰਨ, ਤੁਸੀਂ ਮਾਂ ਨੂੰ ਸਦਾ ਲਈ ਗਵਾ ਲਿਆ।
ਬਾਪ ਰੁੱਸ ਜਾਵੇ ਤਾਂ ਬਾਪ ਦੀ ਸੰਘਣੀ ਛਾਂ ਤੋਂ ਮਹਿਰੂਮ ਹੋਇਆਂ ਦੀ ਮੰਦਹਾਲੀ ਅਤੇ ਬਦਹਵਾਸੀ ਨੂੰ ਕਦੇ ਕਿਆਸਣਾ, ਤੁਹਾਨੂੰ ਅਹਿਸਾਸ ਹੋਵੇਗਾ ਕਿ ਬਾਪ ਵਿਹੂਣੇ ਬੱਚਿਆਂ ਦੇ ਰਾਹਾਂ ਵਿਚ ਉੱਗੀਆਂ ਸੂਲ਼ਾਂ ਵਿਚ ਬੱਚਿਆਂ ਦਾ ਸਫ਼ਰ ਕਿੰਨਾ ਕਸ਼ਟਮਈ ਹੁੰਦਾ।
ਜਦ ਬਾਂਹਾਂ ਹੀ ਰੁੱਸ ਜਾਣ ਤਾਂ ਫਿਰ ਕਿਹੜੀਆਂ ਭੱਜੀਆਂ ਬਾਂਹਾਂ ਤੁਹਾਨੂੰ ਸੰਭਾਲਣਗੀਆਂ ਜਦ ਸ਼ਰੀਕਾਂ ਵਿਚ ਘਿਰਿਆਂ ਤੁਹਾਨੂੰ ਆਪਣੀਆਂ ਕੁਤਾਹੀਆਂ ਅਤੇ ਗਰੂਰਾਂ ਦਾ ਅਹਿਸਾਸ ਹੋਵੇਗਾ। ਪਰ ਤੁਹਾਡੇ ਕੋਲ ਤਾਂ ਉਸ ਪਲ ਆਪਣੇ ਰੁੱਸਿਆਂ ਨੂੰ ਮਨਾਉਣ ਦਾ ਵਕਤ ਵੀ ਨਹੀਂ ਹੋਣਾ।
ਸੱਜਣਾਂ! ਆਪਣੇ ਰੁੱਸੇ ਮਿੱਤਰ ਨੂੰ ਜਿਉਂਦੇ ਜੀਅ ਹੀ ਮਨਾ ਲੈ ਵਰਨਾ ਜਦ ਉਹ ਸਦਾ ਲਈ ਸਾਥ ਛੱਡ ਗਿਆ ਤਾਂ ਤੂੰ ਬੁਲਾਉਣਾ ਹੈ ਅਤੇ ਉਸਨੇ ਫਿਰ ਬੋਲਣਾ ਵੀ ਨਹੀਂ। ਤੇਰੇ ਤਰਲੇ ਕੀਤਿਆਂ ਅਤੇ ਹਿਲਾਉਣ `ਤੇ ਵੀ ਉਸਨੇ ਕਦੇ ਹੁੰਗਾਰਾ ਨਹੀਂ ਭਰਨਾ।
ਜਦ ਬੰਦੇ ਦੀਆਂ ਕਰਤੂਤਾਂ ਕਾਰਨ ਕੁਦਰਤ ਰੁੱਸ ਕੇ ਕਹਿਰਵਾਨ ਹੁੰਦੀ ਤਾਂ ਮੌਸਮਾਂ ਵਿਚ ਅਣਕਿਆਸਿਆ ਬਦਲਾਅ ਪੈਦਾ ਹੁੰਦਾ। ਝੱਖੜਾਂ ਅਤੇ ਹਨੇਰੀਆਂ ਮਨੁੱਖੀ ਤਰੱਕੀ ਦੇ ਅਣਵਿਆਹਿਆਂ ਦਾ ਕਾਰਨ ਬਣਦੀਆਂ। ਭੂਚਾਲ ਅਤੇ ਬਰਫ਼ੀਲੇ ਤੂਫ਼ਾਨਾਂ ਵਿਚ ਬੰਦੇ ਨੂੰ ਆਪਣੀ ਹੋਂਦ ਬਚਾਉਣ ਦਾ ਤੌਖਲਾ ਪੈਦਾ ਹੋ ਜਾਂਦਾ।
ਮੇਰੇ ਕੋਲੋਂ ਮੈਂ ਹੀ ਰੁੱਸਿਆ ਅਤੇ ਮੈਂ ਖ਼ੁਦ ਤੋਂ ਵਿਹੂਣਾ ਹੋਇਆ।
ਆਪੇ ਨੂੰ ਗਵਾਹ ਇਕ ਨੁੱਕਰੇ ਬਹਿ ਕੇ ਹੁਬਕੀਂ ਹੁਬਕੀਂ ਰੋਇਆ।
ਕਿੰਝ ਮਿਲਾਂਗਾ ਖ਼ੁਦ ਨੂੰ ਹੁਣ ਮੈਂ ਇਹੀ ਸੋਚੀਂ ਜਾਵਾਂ।
ਆਪਣੇ ਆਪ ਤੋਂ ਵਿੱਛੜੇ ਆਪੇ ਨੂੰ ਕਿੰਝ ਮੈਂ ਜਾ ਮਨਾਵਾਂ।
ਮੈਂ ਤੇ ਮੇਰਾ ਆਪਾ ਰੁੱਸ ਗਏ, ਦੱਸੋ ਕੌਣ ਮਨਾਉ।
ਕੌਣ ਦੋਹਾਂ ਦੀਆਂ ਰੁੱਸੀਆਂ ਰਾਹਾਂ ਬਿੰਦੂ ਤੇ ਮਿਲਾਉ।
ਇਸ ਰੋਸੇ ਵਿਚ ਚਾਅ ਵੀ ਰੁੱਸੇ ਤੇ ਹਾਸੇ ਤੁਰ ਗਏ ਦੂਰ।
ਨਾ ਸੁੱਚੀਆਂ ਆਸਾਂ ਤੇ ਭਾਵਾਂ ਨੂੰ ਪਿਆ ਏ ਭਰਵਾਂ ਬੂਰ।
ਐ ਖੁਦਾਇਆ! ਕਦੇ ਨਾ ਰੁੱਸੇ ਆਪਣੇ ਕੋਲੋਂ ਆਪਾ।
ਨਾ ਹੀ ਰੂਹ ਬਿਨ ਰਹਿੰਦਿਆਂ ਸਹਿਣਾ ਪਵੇ ਇਕਲਾਪਾ।
ਨਾ ਹੀ ਨਿੱਘੀ ਗਲਵੱਕੜੀ ਦੇ ਵਿਚ ਉੱਗਣ ਹੌਕੇ ਆਹਾਂ।
ਸਗੋਂ ਪਾਕ ਸੋਚਾਂ ਦੇ ਅੰਦਰ ਪੁੰਗਰਨ ਸ਼ੁੱਭ ਇੱਛਾਵਾਂ।
ਆਪਣੇ ਆਪ ਤੋਂ ਜਿਹੜੇ ਲੋਕੀਂ ਹੋ ਜਾਂਦੇ ਨੇ ਪਾਸੇ।
ਹੰਝੂਆਂ ਦੇ ਵਿਚ ਗਲ ਜਾਂਦੇ ਤੇ ਨੇੜੇ ਨਾ ਢੁੱਕਣ ਹਾਸੇ।
ਕਦੇ ਜੇ ਰੁੱਸੇ ਆਪਾ ਸੱਜਣੋ ਤਾਂ ਬੁੱਕਲ ‘ਚ ਲੈ ਸਹਿਲਾਓ।
ਨਿੱਕੇ ਨਿੱਕੇ ਖ਼ੁਦ ਨਾਲ ਸ਼ਿਕਵੇ, ਅੰਦਰ ਬਹਿ ਸੁਲਝਾਵੋ।
ਆਪੇ ਨਾਲ ਦੀ ਸਾਂਝ ‘ਚ ਹੁੰਦੀ ਸਾਹਾਂ ਦੀ ਸਰਦਾਰੀ।
ਜ਼ਿੰਦਗੀ ਦੇ ਸਿਰ ਸਜਦਾ ਮੁਕਟ ਤੇ ਰੂਹਾਂ ਦੀ ਦਿਲਦਾਰੀ।
ਤਾਂ ਹੀ ਮੈਂ ਅਕਸਰ ਆਪਣੇ ਆਪ ਤੋਂ ਕਦੇ ਨਾ ਜਾਂਦਾ ਦੂਰ।
ਮੇਰੇ ਕਦਮੀਂ ਸਫ਼ਰ ਮਚਲਦਾ ਅਤੇ ਨੈਣਾਂ ਵਿਚ ਸਰੂਰ।
ਜਦ ਸਾਹ ਰੁੱਸ ਜਾਂਦੇ ਤਾਂ ਫਿਰ ਜਿਊਣਾ ਮਰਨਾ ਬਣ ਜਾਂਦਾ। ਇਸ ਲਈ ਜ਼ਰੂਰੀ ਹੈ ਕਿ ਸਾਹਾਂ ਨੂੰ ਕਦੇ ਰੁੱਸਣ ਨਾ ਦਿਓ। ਇਸ ਲਈ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਮਿਲ ਕੇ ਆਪਣੇ ਸਾਹਾਂ ਲਈ ਦੁਆ ਕਰਦੇ ਰਿਹਾ ਕਰੋ।
ਰੁੱਸ ਕੇ ਕਿਸੇ ਨੇ ਕੁਝ ਨਹੀਂ ਖੱਟਿਆ। ਮਨ-ਮਨਾਈ ਵਿਚ ਵੱਸਦੀਆਂ ਸਭੈ ਬਰਕਤਾਂ। ਮੁਹੱਬਤ ਦੀ ਕਮਾਈ ਕਰਦੀ ਵਿਅਕਤੀ ਨੂੰ ਮਾਲੋਮਾਲ। ਇਹ ਰੰਜਸ਼ਾਂ, ਰੋਸੇ, ਰੁੱਸਵਾਈਆਂ ਤੇ ਰਿਆੜਾਂ ਨੇ ਕੁਝ ਨਹੀਂ ਦੇਣਾ। ਸਗੋਂ ਤੁਹਾਥੋਂ ਤੁਹਾਡਾ ਸਕੂਨ, ਸੁੱਖ ਅਤੇ ਬੇਫ਼ਿਕਰੀ ਵਾਲੀ ਜੀਵਨ-ਜਾਚ ਖੋਹ, ਰਾਤਾਂ ਦੀ ਨੀਂਦ ਵੀ ਉਡਾ ਦਿੰਦੀਆਂ। ਇਹ ਦੁਸ਼ਮਣੀਆਂ, ਦਵੈਤ, ਦਵੰਦ, ਦੁਸ਼ਟਤਾ ਪੜ੍ਹਦੀਆਂ ਨੇ ਤੁਹਾਡਾ ਫਾਤਿਹਾ। ਕਦੇ ਮੋਹ ਨਾਲ ਰੁੱਸਿਆਂ ਨੂੰ ਗਲਵੱਕੜੀ ਵਿਚ ਲੈਣਾ, ਤੁਸੀਂ ਜ਼ਿੰਦਗੀ ਦਾ ਜਸ਼ਨ, ਸਾਹਾਂ ਲਈ ਨਿਆਮਤ, ਜੁੜੇ ਹੱਥਾਂ ਦੀ ਇਬਾਦਤ ਅਤੇ ਕਲਮ ਲਈ ਕਰਤਾਰੀ ਕਿਰਿਆਵਾਂ ਦੀ ਕਾਰਜ-ਸ਼ਾਲਾ ਬਣ ਜਾਵੋਗੇ।