ਪੰਜਾਬ ਦੀ ਆਤਮਾ ਨੂੰ ਰੰਗਾਂ ‘ਚ ਚਿਤਰਨ ਵਾਲਾ—ਚਿਤਰਕਾਰ ਜਰਨੈਲ ਸਿੰਘ

ਗੁਰਮੀਤ ਕੜਿਆਲਵੀ
ਜਰਨੈਲ ਸਿੰਘ ਪੰਜਾਬ ਦੀ ਆਤਮਾ ਨੂੰ ਰੰਗਾਂ ‘ਚ ਚਿਤਰਨ ਵਾਲਾ ਚਿਤਰਕਾਰ ਹੈ। ਉਸਦੇ ਚਿਤਰਾਂ ਵਿਚੋਂ ਪੰਜਾਬ ਉਸੇ ਤਰ੍ਹਾਂ ਦਿਖਾਈ ਦਿੰਦਾ ਹੈ, ਜਿਵੇਂ ਸ਼ਿਵ ਕੁਮਾਰ ਦੀ ਸ਼ਾਇਰੀ, ਜਸਵੰਤ ਸਿੰਘ ਕੰਵਲ ਦੇ ਨਾਵਲਾਂ ਅਤੇ ਵਾਰਸ ਦੀ ਹੀਰ ਦੇ ਕਿੱਸੇ ਵਿਚੋਂ।

ਜਰਨੈਲ ਸਿੰਘ ਨੇ ਆਪਣੀ ਕੁੱਲ ਉਮਰ ਵਿਚੋਂ ਤਿੰਨ ਚੌਥਾਈ ਹਿੱਸਾ, ਰੰਗਾਂ ਨਾਲ ਖੇਡਦਿਆਂ ਲੰਘਾਈ ਹੈ। ਅਜੇ ਵੀ ਉਸਦੀ ਕਲਾਕਾਰੀ ਜੋਬਨ ਰੁੱਤ ਹੰਢਾ ਰਹੀ ਹੈ। ਕਿਸੇ ਵੇਗਮੱਤੀ ਮੁਟਿਆਰ ਵਰਗੀ। ਖੂਹ ਤੋਂ ਡੋਲ ਭਰਦੀ। ਮਾਰੋ ਮਾਰ ਕਰਦੀ। ਢਾਕ `ਤੇ ਪਾਣੀ ਦਾ ਭਰਿਆ ਘੜਾ ਚੁੱਕ ਕੇ ਮਟਕ ਮਟਕ ਤੁਰਦੀ। ਗਿੱਧਿਆਂ ਵਿਚ ਨੱਚ ਨੱਚ ਧਮਾਲਾਂ ਪਾਉਂਦੀ। ਤ੍ਰਿੰਝਣਾਂ `ਚ ਚਰਖਾ ਕੱਤਦੀ। ਸ਼ੀਸ਼ੇ ਮੂਹਰੇ ਖੜ੍ਹ ਕੇ ਹਾਰ-ਸ਼ਿੰਗਾਰ ਕਰਦੀ ਤੇ ਆਪਣਾ ਆਪ ਸੰਵਾਰਦੀ।
ਪੰਜਾਬੀ ਸਭਿਆਚਾਰ ਨੂੰ ਜਿੰਨਾ ਵਿਆਪਕ ਰੂਪ ‘ਚ ਜਰਨੈਲ ਸਿੰਘ ਨੇ ਚਿਤਰਿਆ ਹੈ, ਸ਼ਾਇਦ ਹੀ ਹੋਰ ਕਿਸੇ ਚਿਤਰਕਾਰ ਨੇ ਚਿਤਰਿਆ ਹੋਵੇ। ਜੇ ਇਕ ਪਾਸੇ ਉਸਦੇ ਚਿਤਰਾਂ ‘ਚ ਪੰਜਾਬ ਦੇ ਲੋਕ ਗਵੱਈਏ ਰਿਵਾਇਤੀ ਸਾਜ਼ਾਂ ਨਾਲ ਲੋਕਾਂ ਦੇ ਦਿਲਾਂ ਦੀਆਂ ਤਰਬਾਂ ਛੇੜਦੇ ਹਨ ਤਾਂ ਖੂਹ ਦੁਆਲੇ ਝੁਰਮਟ ਪਾਈ ਖੜ੍ਹੀਆਂ ਮੁਟਿਆਰਾਂ ਦੇ ਹੁਸਨ ਦੀ ਆਭਾ ਲੋਕ ਮਨਾਂ ‘ਚ ਸੱਜਰੀ ਸਵੇਰ ਜਿਹਾ ਅਹਿਸਾਸ ਜਗਾਉਂਦੀ ਹੈ। ਰੋਹੀ ਬੀਆਬਾਨ ‘ਚ ਖੜ੍ਹੀ ਇਕੱਲੀ-ਦੁਕੱਲੀ ਕਿੱਕਰ ਜੀਵਨ ‘ਚ ਪਸਰੀ ਇਕੱਲਤਾ ਦਾ ਪ੍ਰਤੀਕ ਹੈ ਤਾਂ ਇਸ ਵੀਰਾਨੀ ‘ਚ ਲੱਗਾ ਖੂਹ ਰੁਮਕਦੀ ਜੀਵਨ ਰੌਂਅ ਦਾ ਬਿੰਬ ਉਸਾਰ ਦਿੰਦਾ ਹੈ। ਆਪਣੇ ਖੇਤਾਂ ਨੂੰ ਭੱਤਾ ਲੈ ਕੇ ਜਾਂਦੀਆਂ ਔਰਤਾਂ ਦੀ ਤਸਵੀਰ ਕਿਰਤ ਦੀ ਮਹਾਨਤਾ ਨੂੰ ਉਜਾਗਰ ਕਰਦੀ ਹੈ ਤਾਂ ਚਰਖਾ ਕੱਤਦੀ ਮੁਟਿਆਰ ਆਪਣੇ ਚਿੱਤਰ ਰਾਹੀਂ ਮੁਹੱਬਤਾਂ ਦੀ ਬਾਤ ਪਾਉਂਦੀ ਲੱਗਦੀ ਹੈ।
ਜਰਨੈਲ ਸਿੰਘ ਅਜਿਹਾ ਖੁਸ਼ਕਿਸਮਤ ਕਲਾਕਾਰ ਹੈ ਜਿਸਦੀ ਜੀਵਨੀ ਸਕੂਲਾਂ ਦੇ ਸਿਲੇਬਸ ਵਿਚ ਪੜ੍ਹਾਈ ਜਾ ਰਹੀ ਹੈ ਤੇ ਪਾਠ-ਪੁਸਤਕਾਂ ਵਿਚ ਛਪੀ ਆਪਣੀ ਜੀਵਨੀ ਨੂੰ ਉਹ ਆਪਣੇ ਅੱਖੀਂ ਵੇਖ ਰਿਹਾ ਹੈ। ਇਸ ਤੋਂ ਉਸਦੀ ਪ੍ਰਸਿੱਧੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਆਪਣੇ ਚਿੱਤਰਕਾਰੀ ਵਾਲੇ ਹੁਨਰ ਸਿਰ `ਤੇ ਉਸਨੇ ਆਪਣੇ ਸ਼ਹਿਰ ਜ਼ੀਰੇ ਤੋਂ ਕੈਨੇਡਾ ਦੀ ਰਾਜਧਾਨੀ ਓਟਾਵਾ ਦੀ ਸੰਸਾਰ ਪ੍ਰਸਿੱਧ ਯੂਨੀਵਰਸਿਟੀ ਤੱਕ ਦਾ ਸਫਰ ਤੈਅ ਕੀਤਾ ਹੈ। ਐਸ ਵਕਤ ਉਸਦੀ ਗਿਣਤੀ ਸੰਸਾਰ ਦੇ ਨਾਮੀ-ਗਰਾਮੀ ਚਿਤਰਕਾਰਾਂ ਵਿਚ ਹੁੰਦੀ ਹੈ। ਹੋ ਸਕਦੈ ਬਹੁਤੇ ਪੰਜਾਬੀਆਂ ਨੂੰ ਇਸ ਗੱਲ ਦਾ ਗਿਆਨ ਹੀ ਨਾ ਹੋਵੇ ਤੇ ਜੇ ਪਤਾ ਵੀ ਹੋਇਆ ਤਾਂ ਉਨ੍ਹਾਂ ਇਸ ਗੱਲ ਨੂੰ ਬਹੁਤਾ ਗੌਲਿਆ ਨਹੀਂ ਹੋਵੇਗਾ। ਬਹੁਤ ਥੋੜ੍ਹੇ ਪੰਜਾਬੀਆਂ ਨੂੰ ਪਤੈ ਕਿ ਉਨ੍ਹਾਂ ਦੇ ਜਰਨੈਲ ਸਿੰਘ ਦੀਆਂ ਬਣਾਈਆਂ ਕਲਾਕ੍ਰਿਤਾਂ ਦੀ ਨੁਮਾਇਸ਼ ਦੁਨੀਆਂ ਦੀਆਂ ਕਹਿੰਦੀਆਂ-ਕਹਾਉਂਦੀਆਂ ਆਰਟ ਗੈਲਰੀਆਂ ਵਿਚ ਲੱਗਦੀ ਹੈ। ਅੱਜ-ਕੱਲ੍ਹ ਉਹ ਯੂਰਪ, ਅਮਰੀਕਾ ਅਤੇ ਬਾਕੀ ਸੰਸਾਰ ਦੇ ਕਲਾਸਿਕ ਮੰਨੇ ਜਾਂਦੇ ਚਿੱਤਰਕਾਰਾਂ ਨਾਲ ਵਰ ਮੇਚਦਾ ਹੈ। ਉਸਦੇ ਚਿੱਤਰਾਂ ਨੂੰ ਵੇਖ ਕੇ ਮਾਰੂ ਚਾਹ ਪੀਣ ਵਾਲੇ ਕਿਸੇ ਪੇਂਡੂਆਂ ਤੋਂ ਲੈ ਕੇ ਟਿਮ ਹੌਰਟਿਨ ਦੀ ਝੱਗ ਵਰਗੀ ਸੰਘਣੀ ਕੌਫ਼ੀ ਪੀਣ ਵਾਲੇ ਗੋਰਿਆਂ ਤੱਕ ਦੇ ਮੂੰਹੋਂ ‘ਵਾਹ!’ ਨਿਕਲ ਸਕਦਾ ਹੈ। ਨਿਰਸੰਦੇਹ, ਜਰਨੈਲ ਸਿੰਘ ਚਿੱਤਰਕਾਰੀ ਦਾ ਜਰਨੈਲ ਹੈ। ਇੱਕ ਚੈਂਪੀਅਨ ਅਥਲੀਟ, ਜੋ ਮਿਲਖਾ ਸਿੰਘ ਵਾਂਗ ਤੇਜ਼ ਵੀ ਦੌੜਿਆ ਹੈ ਤੇ ਫੌਜ ਵਾਲੇ ਪੈਦਲ ਚਾਲ ਦੇ ਧਾਵਕ ਹਾਕਮ ਸਿੰਘ ਵਾਂਗ ਵਾਹੋ-ਦਾਹੀ ਕਾਹਲੇ ਕਦਮੀਂ ਤੁਰਿਆ ਵੀ ਹੈ।
ਪੰਜਾਬੀ ਸਭਿਆਚਾਰ ਨੂੰ ਚਿੱਤਰਨ ਵਾਲੀ ਤਸਵੀਰ ਦੇ ਬਿਲਕੁਲ ਥੱਲੇ ਕਰਕੇ ਇੱਕ ਕੋਨੇ `ਚ ਲਿਖਿਆ ‘ਜਰਨੈਲ ਸਿੰਘ’ ਮੈਨੂੰ ਚੰਗਾ ਚੰਗਾ ਲੱਗਦਾ ਹੈ। ਮੈਨੂੰ ਇਸ ਨਾਂ ਨਾਲ ਨਿੱਕੇ ਹੁੰਦਿਆਂ ਹੀ ਮੁਹੱਬਤ ਹੋਣ ਲੱਗੀ ਸੀ। ਫੁੱਟਬਾਲ ਦੇ ਸਟਾਰ ਖਿਡਾਰੀ ਜਰਨੈਲ ਸਿੰਘ ਬਾਰੇ ਪ੍ਰਿੰਸੀਪਲ ਸਰਵਣ ਸਿੰਘ ਦਾ ਲਿਖਿਆ ਆਰਟੀਕਲ ਮੈਂ ਕਈ ਵਾਰ ਪੜ੍ਹਿਆ ਸੀ। ਪਤਾ ਨਹੀਂ ਸਰਵਣ ਸਿੰਘ ਦੀ ਸ਼ੈਲੀ ਵਿਚ ਹੀ ਐਨੀ ਖਿੱਚ ਸੀ ਜਾਂ ਜਰਨੈਲ ਸਿੰਘ ਦੀ ਜੀਵਨੀ `ਚ। ਦਰਅਸਲ ਖਿੱਚ ਉਸ ਨਾਂ ਵਿਚ ਵੀ ਸੀ। ਮੇਰੀ ਇਹ ਧਾਰਨਾ ਪੱਕੀ ਹੋ ਗਈ ਸੀ ਕਿ ਜਰਨੈਲ ਸਿੰਘ ਨਾਮ ਵਾਲੇ ਹੁੰਦੇ ਹੀ ਮਹਾਨ ਨੇ। ਜਿਵੇਂ ਜੰਮੇ ਹੀ ਆਪਣੇ ਆਪਣੇ ਖੇਤਰ ਦੀ ਕਪਤਾਨੀ ਕਰਨ ਵਾਸਤੇ ਹੋਣ। ਜਰਨੈਲ ਨਾਮ ਨਾਲ ਮੇਰੀ ਮੁਹੱਬਤ ਦਾ ਹੀ ਨਤੀਜਾ ਸੀ ਕਿ ਜਦੋਂ ਪੱਤਰਕਾਰ ਜਰਨੈਲ ਸਿੰਘ ਨੇ ਦੇਸ਼ ਦੇ ਵੱਡੇ ਨੇਤਾ ਵੱਲ ਜੁੱਤੀ ਵਗਾਹ ਮਾਰੀ ਸੀ ਤਾਂ ਉਹ ਜਰਨੈਲ ਸਿੰਘ ਵੀ ਮੈਨੂੰ ਚੰਗਾ ਚੰਗਾ ਲੱਗਾ ਸੀ।
ਮੇਰੇ ਵਾਂਗ ਚਿੱਤਰਕਾਰ ਜਰਨੈਲ ਸਿੰਘ ਨੂੰ ਵੀ ਛੋਟੇ ਹੁੰਦਿਆਂ ਉਨ੍ਹਾਂ ਤਸਵੀਰਾਂ ਨਾਲ ਮੋਹ ਰਿਹਾ ਹੋਵੇਗਾ ਜਿਨ੍ਹਾਂ ਵਿਚੋਂ ਪੁਰਾਣਾ ਪੇਂਡੂ ਸਭਿਆਚਾਰ ਡਲਕਾਂ ਮਾਰਦਾ ਹੋਵੇ। ਉਹ ਦੀਵਾਲੀ ਦੇ ਦਿਨਾਂ `ਚ ਘਰ ਦੀਆਂ ਕੰਧਾਂ `ਤੇ ‘ਬਾਬਲ ਤੇਰੇ ਮਹਿਲਾਂ ਵਿਚੋਂ ਸੱਤ ਰੰਗੀਆ ਕਬੂਤਰ ਬੋਲੇ’ ਵਾਲਾ ਪੋਸਟਰ ਜ਼ਰੂਰ ਟੰਗਦਾ ਹੋਵੇਗਾ। ਇਸ ਤਸਵੀਰ ਵਿਚਲੀ ਖੂਬਸੂਰਤ ਪੰਜਾਬਣ ਕੁੜੀ ਬਨੇਰੇ `ਤੇ ਬੈਠੇ ਕਬੂਤਰ ਵੱਲ ਬੜੇ ਗਹੁ ਨਾਲ ਵੇਖਦੀ ਸੀ। ਇਕ ਹੋਰ ਤਸਵੀਰ ਕੰਧਾਂ `ਤੇ ਝਾਕਦੀ ਜਿਸ ਵਿਚ ਪੇਕਿਓਂ ਡੋਲੀ ਜਾਣ ਵਾਲੀ ਨਵੀਂ ਵਿਆਹੀ ਭਾਬੋ ਨੂੰ ਘਰ ਦੀਆਂ ਕੁੰਜੀਆਂ ਫੜਾ ਰਹੀ ਹੁੰਦੀ। ਇਸ ਫੋਟੋ ਦਾ ਸਿਰਲੇਖ ਵੀ ਭਾਵੁਕ ਕਰਦਾ, “ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ।” ਇਸੇ ਤਰ੍ਹਾਂ ਪੀਲੇ ਪੀਲੇ ਫੁੱਲਾਂ ਨਾਲ ਲੱਦੀ ਕਿੱਕਰ ਦੇ ਥੱਲੇ ਮਾਹੀ ਨੂੰ ਉਡੀਕਦੀ ਉਦਾਸ ਬੈਠੀ ਕੁੜੀ ਦੀ ਤਸਵੀਰ, “ਕਿਕਰਾਂ ਦੇ ਫੁੱਲਾਂ ਦੀ ਅੜਿਆ, ਕੌਣ ਕਰੇਂਦਾ ਰਾਖੀ ਵੇ” ਵੇਖਣ ਵਾਲੇ ਦੇ ਅੰਦਰ ਉਦਾਸੀ ਦੀ ਤਾਰ ਜਿਹੀ ਲੰਘਾਉਂਦੀ। ਵੇਰਕਾ ਘਿਓ ਵਾਲੇ ਡੱਬੇ `ਤੇ ਭੰਗੜੇ ਵਾਲੇ ਮੁੰਡੇ ਦੀ ਤਸਵੀਰ ਵੀ ਖੇੜਾ ਪੈਦਾ ਕਰਦੀ। ਦਿਲ ਇਨ੍ਹਾਂ ਤਸਵੀਰਾਂ ਨੂੰ ਉਕਰਨ ਵਾਲਿਆਂ ਦੇ ਪਿੱਛੇ ਪਿੱਛੇ ਤੁਰਨ ਲੱਗਦਾ।
ਫਿਰ ਉਹ ਦਿਨ ਆਏ ਜਦੋਂ ਅਖਬਾਰਾਂ `ਚ ਛਪਦੀਆਂ ਸਭਿਆਚਾਰਕ ਅਤੇ ਪੇਂਡੂ ਜਨ-ਜੀਵਨ ਨੂੰ ਚਿਤਰਨ ਵਾਲੀਆਂ ਤਸਵੀਰਾਂ ਕੱਟ-ਕੱਟ ਕੇ ਸਾਂਭਣ ਲੱਗਾ ਸਾਂ। ਕਿਤਾਬਾਂ ਦੇ ਨਾਲ ਨਾਲ ਅਜਿਹੀਆਂ ਤਸਵੀਰਾਂ ਵੀ ਘਰ ਵਿਚ ਜਮ੍ਹਾਂ ਹੋਣ ਲੱਗੀਆਂ ਸਨ। ਇਹੀ ਉਹ ਦਿਨ ਸਨ ਜਦੋਂ ਜਰਨੈਲ ਸਿੰਘ ਆਰਟਿਸਟ ਦੇ ਨਾਂ ਨਾਲ ਵਾਕਫ਼ੀ ਹੋਈ ਸੀ। ਉਸਦੇ ਬਣਾਏ ਚਿੱਤਰ ਇਧਰ-ਉਧਰ ਛਪਦੇ ਤਾਂ ਦਿਲ `ਚ ਫੁੱਲਝੜੀਆਂ ਚੱਲਣ ਲੱਗ ਪੈਂਦੀਆਂ। ਦਿਲ ਆਪ ਮੁਹਾਰੇ ‘ਵਾਹ! ਵਾਹ!’ ਕਹਿ ਉਠਦਾ। ਜਰਨੈਲ ਸਿੰਘ ਮੈਨੂੰ ਕਿਸੇ ਪਰੀ ਲੋਕ ਦਾ ਵਾਸੀ ਲੱਗਣ ਲੱਗਾ, ਜੋ ਹੱਥਾਂ `ਚ ਬੁਰਸ਼ ਫੜ ‘ਅਕੜਮ ਬਕੜਮ!’ ਕਹਿੰਦਿਆਂ ਹੀ ਚਿੱਤਰ ਬਣਾ ਦਿੰਦਾ ਹੋਵੇਗਾ। ਉਮਰ ਦੇ ਇਹ ਦਿਨ ਹੀ ਅਜਿਹੇ ਸਨ ਜਦੋਂ ਕਿਸੇ ਵੀ ਗੱਭਰੂ ਦੇ ਸੁਪਨਿਆਂ ਅੰਦਰ ਜਰਨੈਲ ਸਿੰਘ ਦੇ ਚਿੱਤਰਾਂ ਜਿਹੀਆਂ ਮੁਟਿਆਰਾਂ ਖਲਬਲੀ ਪਾਉਣ ਲੱਗਦੀਆਂ ਹਨ।
ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਸਾਂ, ਜਰਨੈਲ ਸਿੰਘ ਦੇ ਚਿੱਤਰਾਂ ਵਾਲੀ ਮੁਟਿਆਰ ਮੇਰੇ ਹੋਰ ਨੇੜੇ ਹੋਈ ਜਾਂਦੀ ਸੀ। ਉਵੇਂ ਉਵੇਂ ਹੀ ਜਰਨੈਲ ਸਿੰਘ ਵੀ ਦਿਲ ਦੇ ਨੇੜੇ ਹੋਈ ਜਾਂਦਾ ਸੀ। ਉਦੋਂ ਭਾਵੇਂ ਚਿਤਰਕਾਰ ਜਰਨੈਲ ਸਿੰਘ ਦੇ ਟਿਕਾਣੇ ਦਾ ਕੋਈ ਥਹੁ ਪਤਾ ਨਹੀਂ ਸੀ, ਪਰ ਇਹ ਉਸਦੀ ਬਹੁਤ ਖੂਬਸੂਰਤ ਫੋਟੋ ਮੈਂ ਦਿਮਾਗ `ਚ ਘੜ ਲਈ ਸੀ। ਮੈਂ ਅਕਸਰ ਸੋਚਦਾ ਕਿ ਅਜਿਹੇ ਖੂਬਸੂਰਤ ਚਿਹਰੇ ਚਿਤਰਨ ਵਾਲਾ ਮਨੁੱਖ ਰੁੱਖਾਂ ਨਾਲ ਘਿਰੀ ਕਿਸੇ ਪਹਾੜ ਦੀ ਟੀਸੀ `ਤੇ ਬੈਠਾ ਹੋਵੇਗਾ। ਕੁਦਰਤ ਰਾਣੀ ਉਸਨੂੰ ਆਪਣੀ ਗੋਦੀ `ਚ ਲੈ ਕੇ ਮਿੱਠੀ-ਮਿੱਠੀ ਲੋਰੀ ਸੁਣਾਉਂਦੀ ਹੋਵੇਗੀ। ਐਨੀਆਂ ਸੋਹਣੀਆਂ ਤਸਵੀਰਾਂ ਬਣਾਉਣ ਵਾਲਾ ਨਿਹਾਇਤ ਹੀ ਖੂਬਸੂਰਤ ਹੋਵੇਗਾ। ਉਦੋਂ ਇਹ ਨਹੀਂ ਸੀ ਪਤਾ ਕਿ ਸੋਹਣੀਆਂ-ਸੋਹਣੀਆਂ ਰਚਨਾਵਾਂ ਲਿਖਣ ਵਾਲੇ ਲੇਖਕ ਜਾਂ ਸੋਹਣੀਆਂ-ਸੋਹਣੀਆਂ ਤਸਵੀਰਾਂ ਬਣਾਉਣ ਵਾਲੇ ਚਿੱਤਰਕਾਰ ਜ਼ਰੂਰੀ ਨਹੀਂ ਆਪਣੀਆਂ ਕਲਾ ਕ੍ਰਿਤਾਂ ਜਿੰਨੇ ਹੀ ਸੋਹਣੇ ਹੋਣ। ਉਦੋਂ ਕਿੱਥੇ ਪਤਾ ਸੀ ਕਿ ਐਨੀ ਸੋਹਣੀ ਤਸਵੀਰ ਤਾਂ ਉਹੀ ਬਣਾ ਸਕਦਾ ਹੈ ਜਿਸਦਾ ਦਿਲ ਅੰਦਰੋਂ ਨਿਹਾਇਤ ਹੀ ਹੁਸੀਨ ਹੋਵੇ।
ਕੋਈ ਨਾ ਕੋਈ ਮੁਟਿਆਰ ਤਾਂ ਹਰ ਇੱਕ ਗੱਭਰੂ ਦੇ ਦਿਲ ਅੰਦਰ ਬੈਠੀ ਹੁੰਦੀ ਹੈ, ਪਰ ਜਰਨੈਲ ਸਿੰਘ ਦੇ ਅੰਦਰ ਤਾਂ ਜਿਵੇਂ ਹਜ਼ਾਰਾਂ ਪੰਜਾਬਣ ਮੁਟਿਆਰਾਂ ਨੇ ਡੇਰਾ ਲਾਇਆ ਹੋਇਆ ਹੈ। ਧਾਰਾਂ ਕੱਢਦੀਆਂ, ਦੁੱਧ ਰਿੜਕਦੀਆਂ, ਚੱਕੀ ਝੋਹਦੀਆਂ, ਫੁਲਕਾਰੀਆਂ ਕੱਢਦੀਆਂ, ਚਰਖੇ ਕੱਤਦੀਆਂ, ਗੋਰੇ ਹੱਥਾਂ ਨਾਲ ਤਾਰਾਮੀਰਾ ਤੋੜਦੀਆਂ, ਡੋਲ ਭਰ ਭਰ ਖੂਹ ‘ਚੋਂ ਪਾਣੀ ਕੱਢਦੀਆਂ ਤੇ ਰੋਜ਼ਮਰ੍ਹਾ ਦੇ ਹੋਰ ਕੰਮ ਕਰਦੀਆਂ ਸੁਆਣੀਆਂ ‘ਚੋਂ ਕੋਈ ਨਾ ਕੋਈ ਜੋਬਨਮੱਤੀ ਮੁਟਿਆਰ ਥੋੜ੍ਹੇ ਚਿਰ ਬਾਅਦ ਉਸਦੇ ਦਿਲ ‘ਚੋਂ ਬਾਹਰ ਆ ਕੇ ਤਸਵੀਰ ਬਣ ਕੈਨਵਸ ‘ਤੇ ਮੁਸਕਰਾਉਣ ਲੱਗਦੀ ਹੈ। ਆਪਣੇ ਅੰਦਰ ਬੈਠੀ ਹੁਸੀਨ ਮੁਟਿਆਰ ਦੀ ਬਦੌਲਤ ਹੀ ਜਰਨੈਲ ਸਿੰਘ ਨੂੰ ਪੇਂਡੂ ਪੰਜਾਬਣ ਮੁਟਿਆਰਾਂ ਦੇ ਮੁਹਾਂਦਰੇ ਚਿਤਰਨ ਵਿਚ ਮੁਹਾਰਤ ਹਾਸਲ ਹੋਈ ਹੈ। ਉਸਨੇ ਪੰਜਾਬਣ ਦਾ ਬਿੰਬ ਬੇਹੱਦ ਹੁਸੀਨ ਅਤੇ ਕਿਰਤ ਕਰਨ ‘ਚ ਵਿਸ਼ਵਾਸ ਕਰਨ ਵਾਲੀ ਔਰਤ ਦਾ ਸਥਾਪਿਤ ਕਰ ਦਿੱਤਾ ਹੈ। ਜਰਨੈਲ ਸਿੰਘ ਵਲੋਂ ਚਿਤਰੀ ਗਈ ਪੰਜਾਬਣ ਪਿਆਰ ਦੇ ਜਜ਼ਬੇ ‘ਚ ਗੜੂੰਦ ਪਰ ਹਰ ਤਰ੍ਹਾਂ ਦੇ ਵਲ-ਛਲ ਤੋਂ ਰਹਿਤ ਹੈ। ਮੁਹੱਬਤ ਲਈ ਕੁਰਬਾਨ ਹੋ ਜਾਣ ਵਾਲੀ। ਕੱਚੇ ਘੜੇ ‘ਤੇ ਠਿੱਲ੍ਹ ਕੇ ਨਦੀਆਂ ਚੀਰ ਜਾਣ ਵਾਲੀ ਤੇ ਆਪਣੇ ਹਾਣੀ ਲਈ ਥਲਾਂ ‘ਚ ਭਟਕ ਜਾਣ ਵਾਲੀ। ਹੀਰ ਵਰਗੀ ਮੂੰਹ ਜ਼ੋਰ ਵੀ ਤੇ ਸੰਗ ਸ਼ਰਮ ਨਾਲ ਸੂਹੀ ਹੋ ਜਾਣ ਵਾਲੀ ਵੀ।
ਜਰਨੈਲ ਸਿੰਘ ਚਿੱਤਰਕਾਰੀ ਦਾ ਸਚਿਨ ਤੇਂਦੁਲਕਰ ਹੈ। ਉਸਨੇ ਚਿਤਰਕਾਰੀ ਦੀ ਪਿੱਚ `ਤੇ ਲੰਮੀ ਪਾਰੀ ਖੇਡੀ ਹੈ। ਅਜੇ ਵੀ ਉਹ ਬੜੀ ਤਕੜਾਈ ਨਾਲ ਕਰੀਜ਼ `ਤੇ ਡਟਿਆ ਖੜਾ ਹੈ। ਜਰਨੈਲ ਸਿੰਘ ਹੀ ਨਹੀਂ, ਉਸਦਾ ਬਾਪ ਵੀ ਚਿਤਰਕਾਰੀ ਦੇ ਖੇਤਰ ਦਾ ਸ਼ਾਹ ਅਸਵਾਰ ਰਿਹਾ। ਸਿੱਖ ਇਤਿਹਾਸ ਦੇ ਖੜਗਧਾਰੀ ਫਲਸਫੇ ਅਤੇ ਸਿੱਖਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਤਸਵੀਰਾਂ ਰਾਹੀਂ ਮੂਰਤੀਮਾਨ ਕਰ ਦੇਣ ਵਾਲੇ ਮਹਾਨ ਚਿੱਤਰਕਾਰ ਕਿਰਪਾਲ ਸਿੰਘ ਦੇ ਨਾਂ ਤੋਂ ਕਿਹੜਾ ਪੰਜਾਬੀ ਨਾਵਾਕਫ਼ ਹੋਵੇਗਾ। ਦੁਨੀਆਂ ਸ. ਕਿਰਪਾਲ ਸਿੰਘ ਨੂੰ ਸਿੱਖ ਇਤਿਹਾਸ ਦੇ ਚਿਤੇਰੇ ਵਜੋਂ ਜਾਣਦੀ ਹੈ। ਇਸ ਮਹਾਨ ਚਿੱਤਰਕਾਰ ਨੇ ਇਤਿਹਾਸ ਪੜ੍ਹਦਿਆਂ ਮਹਿਸੂਸ ਕਰ ਲਿਆ ਸੀ ਕਿ ਪੰਜਾਬ ਦੀ ਬਹਾਦਰ ਕੌਮ ਇਤਿਹਾਸ ਦੀ ਸਿਰਜਣਾ ਕਰਨੀ ਤਾਂ ਜਾਣਦੀ ਹੈ ਪਰ ਇਤਿਹਾਸ ਨੂੰ ਸੰਭਾਲਣਾ ਨਹੀਂ ਜਾਣਦੀ। ਪੁਸਤਕਾਂ `ਚ ਦਰਜ ਇਤਿਹਾਸ ਇਨ੍ਹਾਂ ਲਈ ਬਹੁਤਾ ਮਾਇਨੇ ਨਹੀਂ ਰੱਖਦਾ। ਪੰਜਾਬ ਦੇ ਲੋਕ ਪੜ੍ਹਨ ਨਾਲੋਂ ਅੱਖੀਂ ਵੇਖਣ ਵਾਲੀ ਗੱਲ `ਤੇ ਵਧੇਰੇ ਯਕੀਨ ਕਰਦੇ ਹਨ। ਇਨ੍ਹਾਂ ਜੰਗਜੂ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਸਨੂੰ ਚਿੱਤਰਾਂ ਦੇ ਰੂਪ ਵਿਚ ਰੂਪਮਾਨ ਕਰਨਾ ਜ਼ਰੂਰੀ ਸੀ। ਵੱਡੀਆਂ ਵੱਡੀਆਂ ਤਸਵੀਰਾਂ ਨੂੰ ਦੇਖਦਿਆਂ ਕੌਮ ਆਪਣੇ ਗੌਰਵਮਈ ਵਿਰਸੇ ਨੂੰ ਆਪਣੇ ਚੇਤਿਆਂ ਵਿਚ ਸਦਾ ਲਈ ਉਤਾਰ ਸਕਣ ਦੇ ਯੋਗ ਹੋ ਸਕਦੀ ਸੀ। ਸ. ਕਿਰਪਾਲ ਸਿੰਘ ਨੇ ਪੰਜਾਬੀਆਂ ਨੂੰ ਉਨ੍ਹਾਂ ਦਾ ਇਤਿਹਾਸ ਤਸਵੀਰਾਂ ਰਾਹੀਂ ਪੜ੍ਹਾਉਣ ਦਾ ਫੈਸਲਾ ਕਰ ਲਿਆ। ਬਤੌਰ ਚਿੱਤਰਕਾਰ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਉਨ੍ਹਾਂ ਸਿੱਖ ਇਤਿਹਾਸ ਨੂੰ ਰੰਗਾਂ ਰਾਹੀਂ ਚਿਤਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਸੋਭਾ ਸਿੰਘ ਜੀ ਦੁਆਰਾ ਬਣਾਏ ਗਏ ਗੁਰੂ ਨਾਨਕ ਦੇਵ ਜੀ ਦੇ ਦਰਵੇਸ਼ੀ ਬਿੰਬ ਦੇ ਨਾਲ ਨਾਲ ਸਿੱਖ ਗੁਰੂਆਂ ਦੁਆਰਾ ਪੈਦਾ ਕੀਤੀ ਤਿਆਗ, ਕੁਰਬਾਨੀ ਅਤੇ ਜੰਗਜੂ ਯੋਧੇ ਵਾਲੀ ਸਪਿਰਟ ਨੂੰ ਵੀ ਚਿੱਤਰਾਂ ਰਾਹੀਂ ਵੇਖਣਾ ਸ਼ੁਰੂ ਕੀਤਾ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਲੋਕਾਂ ਲਈ ਚਿੱਤਰਕਾਰ ਕੋਈ ਮਹੱਤਵਪੂਰਨ ਵਿਅਕਤੀ ਨਹੀਂ ਸੀ ਹੁੰਦਾ। ਚਿੱਤਰਕਾਰੀ ਪਰਿਵਾਰ ਲਈ ਰੋਜ਼ੀ-ਰੋਟੀ ਦਾ ਆਹਰ ਨਹੀਂ ਸੀ ਬਣਦੀ। ਇਹ ਸ. ਕਿਰਪਾਲ ਸਿੰਘ ਦਾ ਸਮਰਪਣ ਅਤੇ ਜਜ਼ਬਾ ਹੀ ਸੀ ਕਿ ਉਹ ਇੱਕ ਯੋਧੇ ਵਾਂਗ ਆਪਣੇ ਕੰਮ ਵਿਚ ਡਟਿਆ ਰਿਹਾ। ਸ਼੍ਰੋਮਣੀ ਕਮੇਟੀ ਨੇ ਵੀ ਉਨ੍ਹਾਂ ਦੀ ਕਲਾ ਨੂੰ ਮਾਨਤਾ ਦਿੰਦਿਆਂ ਬਤੌਰ ਚਿੱਤਰਕਾਰ ਭਰਤੀ ਕਰ ਲਿਆ। ਉਨ੍ਹਾਂ ਦਿਨਾਂ ‘ਚ ਸ਼੍ਰੋਮਣੀ ਕਮੇਟੀ ‘ਚ ਅੱਜ ਵਾਲੀ ਆਪਾ-ਧਾਪੀ ਨਹੀਂ ਸੀ ਹੁੰਦੀ। ਕਮੇਟੀ ਲਿਖਾਰੀਆਂ, ਇਤਿਹਾਸਕਾਰਾਂ, ਚਿੰਤਕਾਂ, ਰਾਗੀਆਂ-ਢਾਡੀਆਂ ਤੇ ਚਿਤਰਕਾਰਾਂ ਦੀ ਕਦਰ ਕਰਦੀ ਸੀ।
ਢਾਈ ਸੌ ਤੋਂ ਵੀ ਵੱਧ ਚਿੱਤਰਾਂ ਰਾਹੀਂ ਸਾਰੇ ਮੱਧਕਾਲੀਨ ਸਿੱਖ ਸੰਘਰਸ਼ ਨੂੰ ਪ੍ਰਕਾਸ਼ਮਾਨ ਕਰ ਦੇਣ ਵਾਲੇ ਉਸੇ ਕਰਮਸ਼ੀਲ ਬਾਪ ਕਿਰਪਾਲ ਸਿੰਘ ਦਾ ਪੁੱਤ ਹੈ ਜਰਨੈਲ ਸਿੰਘ। ਉਹ ਮਹਾਨ ਚਿਤੇਰਾ ਜਿਸਨੇ ਬੰਦ-ਬੰਦ ਕਟਵਾਉਂਦੇ, ਚਰਖੜੀਆਂ `ਤੇ ਚੜ੍ਹਦੇ, ਆਰਿਆਂ ਨਾਲ ਚੀਰੇ ਜਾਂਦੇ, ਨੇਜਿਆਂ `ਤੇ ਲਟਕਦੇ, ਹੱਸ-ਹੱਸ ਤੋਪਾਂ ਅੱਗੇ ਹਿੱਕਾਂ ਡਾਹੁੰਦੇ, ਉੱਬਲਦੀਆਂ ਦੇਗਾਂ ਵਿਚ ਉਬਾਲੇ ਖਾਂਦੇ ਅਤੇ ਜੰਗਾਂ ਵਿਚ ਬਹਾਦਰੀ ਨਾਲ ਲੜਕੇ ਮਰਦੇ ਸਿੰਘਾਂ ਨੂੰ ਵਿਸ਼ਾਲ ਚਿੱਤਰਾਂ ਰਾਹੀਂ ਸਦਾ ਲਈ ਜਿਉਂਦੇ ਕਰ ਦਿੱਤਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ `ਚ ਸਥਿਤ ਸ. ਬਘੇਲ ਸਿੰਘ ਮਿਊਜ਼ੀਅਮ, ਐਂਗਲੋਂ ਸਿੱਖ ਮਿਊਜ਼ੀਅਮ ਅਤੇ ਅਨੇਕਾਂ ਹੋਰ ਅਜਾਇਬਘਰਾਂ ਵਿਚ ਕਿਰਪਾਲ ਸਿੰਘ ਜੀ ਦੇ ਬਣਾਏ ਵੱਡ-ਆਕਾਰੀ ਚਿੱਤਰਾਂ ਨੇ ਪੰਜਾਬੀਆਂ ਨੂੰ ਉਨ੍ਹਾਂ ਦੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਨ ਦਾ ਸਫ਼ਲ ਯਤਨ ਕੀਤਾ। ਖੰਡੇ ਨਾਲ ਲਕੀਰ ਖਿੱਚਦਾ ਬਾਬਾ ਦੀਪ ਸਿੰਘ, ਹੱਥ ਵਿਚ ਸੋਟਾ ਫੜ ਕੇ ਮੁਗ਼ਲ ਜਰਵਾਣਿਆਂ ਨੂੰ ਲਲਕਾਰਦੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ, ਨੌਵੇਂ ਗੁਰਾਂ ਦਾ ਦਿੱਲੀ ਤੋਂ ਸੀਸ ਲਿਆ ਰਿਹਾ ਭਾਈ ਜੈਤਾ, ਵੱਡੇ ਘੱਲੂਘਾਰੇ ਵਿਚ ਸ਼ਹੀਦੀਆਂ ਪਾਉਂਦੇ ਪ੍ਰਵਾਨੇ, ਐਂਗਲੋ ਸਿੱਖ ਯੁੱਧਾਂ `ਚ ਜਰਨੈਲਾਂ ਦੀ ਗਦਾਰੀ ਦੇ ਬਾਵਜੂਦ ਬਹਾਦਰੀ ਨਾਲ ਲੜਦੀਆਂ ਸਿੱਖ ਫੌਜਾਂ ਅਤੇ ਪੰਜਾ ਸਾਹਿਬ ਗੁਰੂ ਕੇ ਬਾਗ਼ ਸਮੇਤ ਵੱਖ-ਵੱਖ ਮੋਰਚਿਆਂ `ਚ ਸ਼ਹੀਦੀਆਂ ਪਾਉਂਦੇ ਸਿੰਘਾਂ ਦੀਆਂ ਤਸਵੀਰਾਂ ਵੇਖਦਿਆਂ ਪੰਜਾਬੀਆਂ ਦੇ ਜੁੱਸਿਆਂ `ਚ ਗਰਮ ਖੂਨ ਦੌੜਨ ਲੱਗਦਾ। ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਪੰਜਾਬੀਆਂ ਨੇ ਆਪਣਾ ਇਤਿਹਾਸ ਕਿਤਾਬਾਂ ਦੀ ਬਜਾਏ ਸ. ਕਿਰਪਾਲ ਸਿੰਘ ਦੇ ਚਿੱਤਰਾਂ ਦੁਆਰਾ ਵਧੇਰੇ ਜਾਣਿਆਂ ਤੇ ਸਮਝਿਆ ਹੈ।
ਜਰਨੈਲ ਸਿਘ ਨੇ ਬਾਪ ਵਾਲੀ ਬੈਟਨ ਘੁੱਟ ਕੇ ਫੜੀ ਹੈ। ਬਾਪ ਨਾਲ ਸਹਾਇਕ ਵਜੋਂ ਕੰਮ ਕਰਦਿਆਂ ਚਿੱਤਰਕਾਰੀ ਵਰਗੀ ਸੂਖ਼ਮ ਕਲਾ ਦੀਆਂ ਬਾਰੀਕੀਆਂ ਨੂੰ ਧੁਰ ਅੰਦਰ ਉਤਾਰ ਲਿਆ। ਚਿੱਤਰਕਾਰੀ ਦੇ ਮੈਦਾਨ ਵਿਚ ਉਹ ਆਪਣੇ ਲੀਜੈਂਡਰੀ ਬਾਪ ਵਾਂਗ ਬੜੀ ਤੇਜ਼ੀ ਨਾਲ ਦੌੜਿਆ ਹੈ। ਆਪਣੀ ਦੌੜ ਨੂੰ ਉਸਨੇ ਕਦੇ ਵੀ ਮੱਧਮ ਨਹੀਂ ਪੈਣ ਦਿੱਤਾ। ਪਿਤਾ ਵੇਲੇ ਇਸ ਕਲਾ ਦੇ ਕਲਾਕਾਰਾਂ ਨੂੰ ਜ਼ਿਆਦਾਤਰ ਸਿਰੋਪੇ ਹੀ ਮਿਲਦੇ ਸਨ। ਗੁਜ਼ਰ-ਬਸਰ ਲਈ ਤਾਂ ਬਹੁਤ ਥੋੜ੍ਹੀ ਪੂੰਜੀ ਮਿਲਦੀ। ਜਰਨੈਲ ਸਿੰਘ ਵੇਲੇ ਹਾਲਾਤ ਬਹੁਤ ਬਦਲ ਗਏ ਨੇ। ਉਸਨੂੰ ਆਪਣੀਆਂ ਕਲਾ ਕ੍ਰਿਤਾਂ ਦਾ ਸਹੀ ਮੁੱਲ ਮਿਲਣ ਲੱਗਿਆ ਹੈ। ਆਪਣੇ ਚਿੱਤਰਾਂ ਦੀਆਂ ਨੁਮਾਇਸ਼ਾਂ ਲਾਉਣ ਲਈ ਉਹ ਜਹਾਜ਼ਾਂ `ਤੇ ਚੜ੍ਹ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦਾ ਹੈ। ਪੇਂਟਿੰਗ ਕਲਾ ਬਾਰੇ ਬੋਲਣ ਲਈ ਦੂਰ-ਦੁਰਾਡੇ ਹੁੰਦੇ ਸੈਮੀਨਾਰਾਂ `ਚ ਬੁਲਾਇਆ ਜਾਂਦਾ ਹੈ। ਉਹ ਕਾਲਜਾਂ ਯੂਨੀਵਰਸਿਟੀਆਂ `ਚ ਜਾ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਾ ਹੈ ਉਸਦੇ ਚਿਤਰਾਂ ਵਿਚਲੀਆਂ ਬੇਹੱਦ ਖੂਬਸੂਰਤ ਕੁੜੀਆਂ ਸੂਖਮ ਤੇ ਸੋਹਜ ਭਰਪੂਰ ਬਿਰਤੀ ਵਾਲੇ ਲੋਕਾਂ ਦੇ ਘਰਾਂ ਦੇ ਡਰਾਇੰਗ ਰੂਮਾਂ `ਚ ਮੁਸਕਰਾਉਣ ਲੱਗੀਆਂ। ਜਰਨੈਲ ਸਿੰਘ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਲਈ ਪੰਜਾਬ ਦੀ ਧਰਤੀ ਛੋਟੀ-ਛੋਟੀ ਲੱਗਣ ਲੱਗੀ ਤਾਂ ਉਸ ਨੇ ਕੈਨੇਡਾ ਦੇ ਸ਼ਹਿਰ ਸਰੀ ਆ ਕੇ ਚੰਡੀਗੜ੍ਹ ਵਰਗੀ ਹੀ ਆਪਣੀ ਆਰਟ ਗੈਲਰੀ ਬਣਾ ਲਈ। ਉਸਦੀ ਉੱਠਣੀ-ਬੈਠਣੀ ਇੰਡੀਅਨ ਹੀ ਨਹੀਂ ਵਿਦੇਸ਼ੀ ਪੇਂਟਰਾਂ ਨਾਲ ਵੀ ਹੋਣ ਲੱਗੀ। ਜੇ ਉਸਦਾ ਇੱਕ ਪੈਰ ਕੈਨੇਡਾ ਦੇ ਕਿਸੇ ਸ਼ਹਿਰ ‘ਚ ਤਾਂ ਦੂਜਾ ਨਿਊਜ਼ੀਲੈਂਡ ਹੁੰਦਾ ਹੈ ਤੇ ਆਪ ਉਹ ਫਰਾਂਸ ਦੀ ਰਾਜਧਾਨੀ ਪੈਰਿਸ ਕੋਈ ਨੁਮਾਇਸ਼ ਲਾ ਰਿਹਾ ਹੁੰਦਾ ਹੈ।
ਸੱਤਰ ਦੇ ਦਹਾਕੇ ਦਾ ਪੰਜਾਬ ਜਰਨੈਲ ਸਿੰਘ ਦੇ ਅੰਦਰ ਡੂੰਘਾ ਉਕਰਿਆ ਪਿਆ ਹੈ। ਜਿਨ੍ਹਾਂ ਦਿਨਾਂ ‘ਚ ਉਸਦਾ ਬਾਪ ਇਤਿਹਾਸ ਨੂੰ ਚਿੱਤਰ ਰਿਹਾ ਸੀ, ਜਰਨੈਲ ਸਿੰਘ ਮਸ਼ੀਨੀਕਰਨ ਦੀ ਦੌੜ `ਚ ਗੁਆਚਦੇ ਜਾ ਰਹੇ ਪੰਜਾਬ ਨੂੰ ਲੋਕ ਮਨਾਂ `ਚ ਜਿਉਂਦਾ ਰੱਖਣ ਦੇ ਸੁਪਨੇ ਲੈ ਰਿਹਾ ਸੀ। ਇਹ ਉਹ ਦੌਰ ਸੀ ਜਦੋਂ ਵਿਆਹ-ਸ਼ਾਦੀਆਂ ਵੇਲੇ ਪਿੰਡਾਂ `ਚ ਤੂੰਬੀ ਮਾਰਕਾ ਗਾਇਕਾਂ ਦੇ ਅਖਾੜੇ ਲੱਗਦੇ ਸਨ। ‘ਲੈ ਜਾ ਛੱਲੀਆਂ ਭੁੰਨਾ ਲਈਂ ਦਾਣੇ ਵੇ ਮਿਤਰਾ ਦੂਰ ਦਿਆ’ ਜਾਂ ‘ਬਾਬਾ ਵੇ ਕਲਾ ਮਰੋੜ’ ਵਰਗੇ ਗੀਤ ਗਾਉਂਦੇ ਗਵੱਈਏ, ਜਰਨੈਲ ਸਿੰਘ ਦੇ ਮਨ ਦੀ ਚਿਤਰਪੱਟ `ਤੇ ਗੂੜ੍ਹੀ ਛਾਪ ਲਾਈ ਬੈਠੇ ਸਨ। ਜਰਨੈਲ ਸਿੰਘ ਨੇ ਆਪਣੇ ਅੰਦਰ ਡੇਰਾ ਲਾਈ ਬੈਠੇ ਤੂੰਬੀ ਵਾਲੇ ਗਾਇਕ ਨੂੰ ਹੀ ਕੈਨਵਸ `ਤੇ ਉਤਾਰ ਦਿੱਤਾ। ਇਹ ਉਸਦਾ ਪਹਿਲਾ ਚਿੱਤਰ ਸੀ ਫਿਰ ਤਾਂ ਚੱਲ ਸੋ ਚੱਲ ਹੋ ਗਈ। ਹਰੀ ਕ੍ਰਾਂਤੀ ਦੇ ਅੱਥਰੇ ਘੋੜੇ `ਤੇ ਚੜ੍ਹ ਕੇ ਅੰਗੜਾਈਆਂ ਲੈਂਦਾ ਪੰਜਾਬ ਜਰਨੈਲ ਸਿੰਘ ਦੇ ਚਿੱਤਰਾਂ ਰਾਹੀਂ ਰੰਗਾਂ `ਚ ਘੁਲ ਕੇ ਪੰਜਾਬੀ ਜਨਮਾਣਸ ਨੂੰ ਟੁੰਬਣ ਲੱਗਾ। ਲੋਕ ਜਰਨੈਲ ਦੇ ਚਿੱਤਰਾਂ ਰਾਹੀਂ ਪੰਜਾਬ ਦੇ ਸਭਿਆਚਾਰ ਨੂੰ ਸਮਝਣ ਦਾ ਯਤਨ ਕਰਨ ਲੱਗੇ।
ਬਾਈ ਜਰਨੈਲ ਸਿੰਘ ਆਰਟਿਸਟ ਬੇਹੱਦ ਜ਼ਹੀਨ ਵਿਅਕਤੀ ਹੈ। ਪੰਜਾਬੀ ਜਨਜੀਵਨ ਅਤੇ ਸਭਿਆਚਾਰ ਨੂੰ ਰੂਪਮਾਨ ਕਰਨ ਵਾਲੀਆਂ ਆਪਣੀਆਂ ਕ੍ਰਿਤਾਂ ਦੀ ਇਤਿਹਾਸਕ ਮਹੱਤਤਾ ਦਾ ਉਸਨੂੰ ਗਿਆਨ ਹੈ। ਉਹ ਜਾਣਦਾ ਹੈ ਕਿ ਜਿਵੇਂ ਸਤਾਰ੍ਹਵੀਂ ਸਦੀ ਦੇ ਪੰਜਾਬ ਦੇ ਸਭਿਆਚਾਰ ਨੂੰ ਜਾਨਣ ਲਈ ਵਾਰਸ ਸ਼ਾਹ ਦੀ ਹੀਰ ਇੱਕ ਪ੍ਰਮਾਣਿਕ ਦਸਤਾਵੇਜ਼ ਹੈ, ਇਸੇ ਤਰ੍ਹਾਂ ਸੱਤਰਵੇਂ ਦਹਾਕੇ ਦੇ ਪੰਜਾਬ ਨੂੰ ਜਾਨਣ ਤੇ ਸਮਝਣ ਲਈ ਉਸਦੇ ਚਿੱਤਰਾਂ ਦੀ ਆਪਣੀ ਵਿਲੱਖਣ ਤੇ ਇਤਿਹਾਸਕ ਮਹੱਤਤਾ ਹੋਵੇਗੀ। ਸਦੀਆਂ ਬਾਅਦ ਵੀ ਲੋਕ ਉਸਦੇ ਚਿੱਤਰਾਂ ਰਾਹੀਂ ਪੰਜਾਬ ਦੇ ਜਨਜੀਵਨ, ਰਸਮਾਂ-ਰਿਵਾਜਾਂ, ਪੇਂਡੂ ਖੇਡਾਂ, ਲੋਕ ਵਿਸ਼ਵਾਸਾਂ, ਲੋਕ ਸਾਜ਼ਾਂ, ਲੋਕ ਖੇਡਾਂ ਤੇ ਲੋਕ ਕਿੱਤਿਆਂ ਸਮੇਤ ਮੁਕੰਮਲ ਸਭਿਆਚਾਰ ਨੂੰ ਜਾਣ ਸਕਣਗੇ। ਉਸਨੂੰ ਆਪਣੀ ਚਿੱਤਰਕਾਰੀ ਦੇ ਕਾਲ ਮੁਕਤ ਹੋਣ ਬਾਰੇ ਪਤਾ ਹੈ। ਉਹ ਜਾਣਦਾ ਹੈ ਕਿ ਸਮਾਰਟ ਫੋਨਾਂ ਤੇ ਵੀਡੀਓ ਗੇਮਾਂ `ਚ ਖੁੱਭੀ ਅੱਜ ਦੀ ਨੌਜਵਾਨ ਪੀੜ੍ਹੀ ਦੀ ਨਿਗਾਹ ਜਦੋਂ ਕਦੇ ਉਸਦੇ ‘ਪੇਂਡੂ ਸੱਥ’ ਵਾਲੇ ਚਿੱਤਰ `ਤੇ ਪਵੇਗੀ ਤਾਂ ਉਸ ਅੰਦਰ ਗੁਆਚਦੇ ਜਾ ਰਹੇ ਪੰਜਾਬ ਨੂੰ ਜਾਨਣ ਦੀ ਰੀਝ ਪੈਦਾ ਹੋਵੇਗੀ। ਰੈਪ ਦੀਆਂ ਧੁਨਾਂ `ਤੇ ਥਿਰਕਦੀ ਜਵਾਨੀ ਨੂੰ ‘ਦੁੱਧ ਰਿੜਕਦੀ ਸਵਾਣੀ’ ਦੇ ਚਿਤਰ ਵਿਚੋਂ ਚੂੜਿਆਂ ਦੀ ਛਣਕਾਰ ਸੁਣਾਈ ਦੇ ਸਕਦੀ ਹੈ। ‘ਫੁਲਕਾਰੀ ਕੱਢਦੀ ਮੁਟਿਆਰ’ ਦੇ ਚਿੱਤਰ ਵੱਲ ਵੇਖਦਿਆਂ ਅੱਜ ਦੇ ਪੰਜਾਬੀ ਗੱਭਰੂਆਂ ਦੇ ਅੰਦਰ ਫੁੱਲਝੜੀਆਂ ਜ਼ਰੂਰ ਚੱਲ ਪੈਣਗੀਆਂ।
ਜਰਨੈਲ ਸਿੰਘ ਮੇਰੇ ਪਿੰਡ ਦਾ ਦੋਹਤਾ ਹੈ ਪਰ ਇਸ ਬਾਰੇ ਸ਼ਾਇਦ ਹੀ ਮੇਰੇ ਕਿਸੇ ਗਰਾਂਈ ਨੂੰ ਪਤਾ ਹੋਵੇ। ਮੈਨੂੰ ਵੀ ਉਸਦੀ ਸਰੀ ਵਾਲੀ ਆਰਟ ਗੈਲਰੀ ਵਿਚ ਜਾਣ `ਤੇ ਹੀ ਇਸ ਰਿਸ਼ਤੇਦਾਰੀ ਦਾ ਪਤਾ ਲੱਗਿਆ ਸੀ। ਬਾਈ ਜਰਨੈਲ ਸਿੰਘ ਆਪਣੀ ਸਵਰਗੀ ਮਾਤਾ ਕੁਲਦੀਪ ਕੌਰ ਦੇ ਚਿੱਤਰ ਅੱਗੇ ਖੜ੍ਹਾ ਕੜਿਆਲ ਪਿੰਡ ਨਾਲ ਆਪਣੀਆਂ ਤੰਦਾਂ ਜੋੜ ਰਿਹਾ ਸੀ, “ਬੀਬੀ ਦਾ ਨਾਂ ਕੁਲਦੀਪ ਕੌਰ ਸੀ ਪਰ ਸਾਰੇ ਕਹਿੰਦੇ ਉਹਨੂੰ ਬੰਸੋ ਈ ਸਨ। ਸ. ਭਾਗ ਸਿੰਘ ਹੋਰਾਂ ਦੇ ਘਰ ਪੇਕੇ ਸਨ ਬੀਬੀ ਦੇ। ਮਾਮਾ ਭਾਗ ਸਿੰਘ ਬਾਅਦ `ਚ ਤੇਰੇ ਪਿੰਡ ਦੀ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਵੀ ਰਹੇ। ਹੁਣ ਤਾਂ ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ। ਮੇਰਾ ਖਿਆਲ ਉਨ੍ਹਾਂ ਦੇ ਪਰਿਵਾਰ `ਚੋਂ ਤਾਂ ਕੋਈ ਪਿੰਡ ਵੀ ਨਹੀਂ ਰਹਿੰਦਾ ਹੋਣਾ। ਭਾਗ ਸਿਹੁੰ ਦਾ ਮੁੰਡਾ ਮਤਲਬ ਸਾਡੇ ਮਾਮੇ ਦਾ ਪੁੱਤ ਜਾਗੀ ਵੀ ਕਨੇਡਾ ਆ ਗਿਆ ਸੀ। ਨਿੱਕਾ ਹੁੰਦਾ ਜਾਂਦਾ ਰਿਹਾ ਮੈਂ ਕੜਿਆਲ। ਧੁੰਦਲੀਆਂ ਧੁੰਦਲੀਆਂ ਯਾਦਾਂ ਨੇ।”
ਜਰਨੈਲ ਸਿੰਘ ਕਹਿ ਕੇ ਚੁੱਪ ਕਰ ਗਿਆ ਸੀ। ਮੈਂ ਆਪਣੇ ਪਿੰਡ ਦੀ ਧੀ ਬੀਬੀ ‘ਬੰਸੋ’ ਦੀ ਤਸਵੀਰ ਅੱਗੇ ਖੜ੍ਹ ਕੇ ਹੰਝੂ ਵਹਾਉਣ ਲੱਗਦਾ ਹਾਂ। ਇਹ ਹੰਝੂਆਂ ਦਾ ਹੜ੍ਹ ਆਪ ਮੁਹਾਰੇ ਕਿੱਥੋਂ ਵਹਿ ਤੁਰਿਆ ਹੈ? ਮੈਂ ਆਪਣੇ ਆਪ ਨਾਲ ਗੱਲਾਂ ਕਰਨ ਲੱਗਦਾ ਹਾਂ, “ਮੈਨੂੰ ਤੇ ਮੇਰੇ ਵਰਗੇ ਹੋਰ ਗਰਾਂਈਆਂ ਨੂੰ ਮਾਫ਼ ਕਰੀਂ ਬੰਸੋ ਭੂਆ। ਸਾਨੂੰ ਪਤਾ ਹੀ ਨਹੀਂ ਕਿ ਸਾਡੇ ਪਿੰਡ ਦੀ ਧੀ ਰਾਣੀ ਕੌਮ ਦੇ ਐਨੇ ਵੱਡੇ ਤੇ ਮਹਾਨ ਚਿੱਤਰਕਾਰ ਕਿਰਪਾਲ ਸਿੰਘ ਦੀ ਜੀਵਨ ਸਾਥਣ ਹੈ। ਸਿੱਖ ਇਤਿਹਾਸ ਦੇ ਚਿਤੇਰੇ ਦੀ ਮਹਾਨਤਾ ਪਿੱਛੇ ਸਾਡੇ ਆਪਣੇ ਪਿੰਡ ਦੀ ਧੀ ਦਾ ਕਿੰਨਾ ਵੱਡਾ ਹੱਥ ਹੋਵੇਗਾ। ਸਾਨੂੰ ਪਤਾ ਹੀ ਨਹੀਂ ਕਿ ਦੁਨੀਆਂ ਦਾ ਮਹਾਨ ਚਿੱਤਰਕਾਰ ਜਰਨੈਲ ਸਿੰਘ ਸਾਡਾ ਆਪਣਾ ਹੈ। ਨਾਨਕਿਆਂ ਨੂੰ ਤਾਂ ਆਪਣੇ ਦੋਹਤੇ `ਤੇ ਰੱਬ ਵਰਗਾ ਮਾਣ ਹੁੰਦਾ ਹੈ, ਪਰ ਅਸੀਂ ਤਾਂ ਆਪਣੇ ਦੋਹਤੇ ਉੱਕਾ ਹੀ ਵਿਸਾਰੀ ਬੈਠੇ ਸਾਂ। ਉਹ ਵੀ ਉਸ ਦੋਹਤੇ ਨੂੰ ਜਿਸਦੀਆਂ ਪ੍ਰਾਪਤੀਆਂ `ਤੇ ਸਾਰਾ ਪੰਜਾਬੀ ਜਗਤ ਮਾਣ ਕਰ ਸਕਦਾ ਹੈ। ਜਿਸ ਦੀਆਂ ਪ੍ਰਾਪਤੀਆਂ ਨਾਲ ਕਈ ਪੰਨੇ ਭਰੇ ਜਾ ਸਕਦੇ ਨੇ।”
ਖਿਆਲਾਂ `ਚ ਗੁੰਮ ਹੋਇਆ ਮੈਂ ਉਸ ਘਰ ਦੇ ਵਿਹੜੇ ਜਾ ਪੁੱਜਦਾ ਹਾਂ ਜਿੱਥੇ ਭੂਆ ਬੰਸੋ ਨੇ ਆਪਣੇ ਹਾਣ ਦੀਆਂ ਸਹੇਲੀਆਂ ਨਾਲ ਰਲ ਕੇ ਫੁਲਕਾਰੀਆਂ ਕੱਢੀਆਂ ਹੋਣਗੀਆਂ। ਜਿਸ ਘਰ `ਚ ਸਦੀ ਦਾ ਮਹਾਨ ਚਿੱਤਰਕਾਰ ਸ੍ਰ: ਕਿਰਪਾਲ ਸਿੰਘ ਆਪਣੇ ਜ਼ੀਰੇ ਨੇੜਲੇ ਪਿੰਡ ਵਾੜਾ ਚੈਨ ਸਿੰਘ ਵਾਲਾ ਤੋਂ ਸਿਹਰੇ ਬੰਨ੍ਹ ਕੇ ਢੁਕਿਆ ਹੋਵੇਗਾ। ਜਿਸ ਘਰ `ਚ ਜਰਨੈਲ ਸਿੰਘ ਮਾਮਿਆਂ ਨੂੰ ਮਿਲਣ ਆਇਆ ਪੈਰੀਂ ਮੌਜੇ ਪਾਈ ਠੁਮਕ ਠੁਮਕ ਤੁਰਿਆ ਫਿਰਦਾ ਰਿਹਾ ਹੋਵੇਗਾ। ਮੈਂ ਆਪਣੇ ਆਪ ਨੂੰ ਉਸ ਘਰ ਦੀ ਪੱਕੀ ਫਰਸ਼ `ਤੇ ਪਲੱਥੀ ਮਾਰ ਕੇ ਬੈਠਾ ਮਹਿਸੂਸ ਕਰਦਾ ਹਾਂ। ਸਾਡੇ ਪਿੰਡ `ਚ ਸਭ ਤੋਂ ਪਹਿਲਾ ਟੈਲੀਵਿਜ਼ਨ ਬਾਬੇ ਭਾਗ ਸਿੰਘ ਕਿਆਂ ਨੇ ਹੀ ਲਿਆਂਦਾ ਸੀ। ਬਾਬੇ ਦੇ ਘਰੋਂ ਸ੍ਰੀਮਤੀ ਮਹਿੰਦਰ ਕੌਰ ਸਾਰੇ ਪਿੰਡ ਦੀ ‘ਮਹਿੰਦਰ ਭੈਣਜੀ’ ਸੀ। ਮਹਿੰਦਰ ਕੌਰ ਸਾਡੇ ਪਿੰਡ ਦੀ ਪਹਿਲੀ ਅਧਿਆਪਕਾ ਸੀ। ਸੁਭਾਅ ਦੀ ਬਹੁਤ ਹੀ ਨਰਮ ਤੇ ਮਿੱਠ ਬੋਲੜੀ। ਆਥਣ ਹੁੰਦਿਆਂ ਹੀ ਸਾਰਾ ਪਿੰਡ ਭੈਣ ਜੀ ਮਹਿੰਦਰ ਕੌਰ ਕੇ ਘਰੇ ਟੈਲੀਵਿਜ਼ਨ ਵੇਖਣ ਲਈ ਜੁੜ ਜਾਂਦਾ। ਕਈ ਵਾਰ ਸਕਰੀਨ `ਤੇ ਤਾਰੇ ਜਿਹੇ ਆਉਣ ਲੱਗਦੇ ਤਾਂ ਐਨਟੀਨਾ ਘੁਮਾ ਕੇ ਸਟੇਸ਼ਨ ਸੈੱਟ ਕਰਨਾ ਪੈਂਦਾ। ਉਨ੍ਹਾਂ ਦਿਨਾਂ `ਚ ਖਰੈਤੀ ਭੈਂਗੇ ਦੇ ਆਪਣੀਆਂ ਚੁੰਨੀਆਂ ਅੱਖਾਂ ਵੱਲ ਨੂੰ ਉਂਗਲਾਂ ਕਰ ਕੇ ਬੋਲੇ ਡਾਇਲਾਗ, “ਤੇਰੀਆਂ ਨੀਲੀਆਂ ਨੀਲੀਆਂ ਅੱਖਾਂ ਦੇ ਤੀਰਾਂ ਨੇ ਮੇਰਾ ਕਾਲਜਾ ਛਾਣਨੀ ਛਾਣਨੀ ਕਰ ਕੇ ਰੱਖ ਦਿੱਤਾ।” ਸੁਣ ਕੇ ਹੱਸਣਾ ਪੈਂਦਾ ਸੀ। ਪਾਣੀ ਨੂੰ ‘ਪਾਨੀ’ ਅਤੇ ‘ਮੈਂ ਤਿੰਨੂੰ ਬੋਤ ਪਿਆਰ ਕਰਨਾ ਵਾਂ।” ਬੋਲਣ ਵਾਲੇ ਅਦਾਕਾਰ ਹੀ ਪੰਜਾਬੀ ਫਿਲਮਾਂ ਦੇ ਸੁਪਰ ਸਟਾਰ ਹੋਇਆ ਕਰਦੇ ਸਨ। ਉਨ੍ਹਾਂ ਦਿਨਾਂ `ਚ ਭੂਆ ਬੰਸੋ ਵੀ ਆਪਣੇ ਪੇਕਿਆਂ ਨੂੰ ਮਿਲਣ ਆਈ ਟੈਲੀਵਿਜ਼ਨ ਵੇਖਦੀ ਹੋਵੇਗੀ। ਕੀ ਪਤਾ ਸਾਡੇ ਚੈਂਪੀਅਨ ਚਿੱਤਰਕਾਰ ਜਰਨੈਲ ਸਿੰਘ ਨੇ ਵੀ ਮਹੀਨੇ ਦੇ ਹਰੇਕ ਦੂਜੇ ਤੇ ਚੌਥੇ ਵੀਰਵਾਰ ਨੂੰ ਜਲੰਧਰ ਦੂਰਦਰਸ਼ਨ `ਤੇ ਆਉਂਦੇ ਚਿੱਤਰਹਾਰ ਨੂੰ ਸਾਡੇ ਨਾਲ ਬਹਿ ਕੇ ਵੇਖਿਆ ਹੋਵੇ।
“ਕਿਧਰ ਗੁੰਮ ਹੋ ਗਿਐਂ? ਹੌਂਸਲਾ ਰੱਖੋ—।” ਮੈਨੂੰ ਭਾਵਕ ਹੋਇਆ ਵੇਖ ਜਰਨੈਲ ਸਿੰਘ ਨੇ ਮੇਰਾ ਮੋਢਾ ਥਾਪੜਿਆ ਸੀ। ਮੈਂ ਮੂੰਹ ਦੂਜੇ ਪਾਸੇ ਕਰ ਕੇ ਅੱਖਾਂ ਵਿਚਲੇ ਪਾਣੀ ਨੂੰ ਸਾਫ਼ ਕਰਦਾ ਹਾਂ।
“ਹੁਣ ਤਾਂ ਪਿੰਡ ਵੀ ਨਹੀਂ ਗਏ ਕਦੇ। ਬਹੁਤ ਚਿਰ ਪਹਿਲਾਂ ਪਿੰਡ ਵਾਲਿਆਂ ਨੇ ਬੁਲਾਇਆ ਸੀ। ਹੁਣ ਤਾਂ ਵਕਤ ਹੀ ਨਹੀਂ ਲੱਗਦਾ। ਕੜਿਆਲ ਗਿਆਂ ਤਾਂ ਦਹਾਕੇ ਹੀ ਬੀਤ ਗਏ ਨੇ। ਕੁੱਝ ਸਾਲ ਜ਼ੀਰੇ ਰਹੇ ਫਿਰ ਪਿਤਾ ਜੀ ਨਾਲ ਚੰਡੀਗੜ੍ਹ ਆ ਗਏ। ਇੱਥੇ ਗੁਰੂ ਨਾਨਕ ਖਾਲਸਾ ਸੀਨੀਅਰ ਸਕੂਲ `ਚ ਪੜ੍ਹਾਈ ਕਰਨ ਲੱਗ ਗਿਆ। ਫਿਰ ਤਾਂ ਚੱਲ ਸੋ ਚੱਲ। ਹੁਣ ਤਾਂ ਪਿੰਡ ਵੀ ਤੇ ਨਾਨਕੇ ਵੀ ਬਹੁਤ ਦੂਰ ਰਹਿ ਗਏ। ਹਜ਼ਾਰਾਂ ਮੀਲ ਦੂਰ।”
ਮੈਂ ਆਖਣਾ ਚਾਹੁੰਦਾ ਹਾਂ, “ਨਾਨਕੇ ਤਾਂ ਤੇਰੇ ਕੋਲ ਹੀ ਆ ਗਏ ਨੇ ਤੇਰੇ ਕਰਾਮਾਤੀ ਹੱਥ ਚੁੰਮਣ ਲਈ।” ਪਰ ਮੇਰੀ ਆਵਾਜ਼ ਨਹੀਂ ਨਿਕਲਦੀ। ਮੈਂ ਉਸਦੀ ਆਰਟ ਗੈਲਰੀ ਵਿਚ ਲੱਗੀਆਂ ਤਸਵੀਰਾਂ `ਚ ਗੁਆਚ ਜਾਂਦਾ ਹਾਂ। ਮੇਰੀ ਨਿਗਾਹ ਕੰਧ `ਤੇ ਲਟਕਦੀ ਖੂਬਸੂਰਤ ਤਸਵੀਰ ਵੱਲ ਜਾਂਦੀ ਹੈ। ਰੁੱਖ ਦੇ ਤਣੇ ਨਾਲ ਢੋਅ ਲਾਈ ਖੜ੍ਹੀ ਮਾਸੂਮ ਕੁੜੀ ਸੋਚਾਂ ਵਿਚ ਗੁੰਮ ਹੈ। ਮੈਂ ਤਸਵੀਰ ਉਹਲੇ ਲੁਕੇ ਅਰਥਾਂ ਦੇ ਵਿਸ਼ਾਲ ਸਮੁੰਦਰ `ਚ ਤਾਰੀਆਂ ਲਾਉਣ ਲੱਗਦਾ ਹਾਂ। ਇਹ ਮੁਟਿਆਰ ਬੀਤੇ ਦੀਆਂ ਯਾਦਾਂ ਨੂੰ ਚੇਤੇ ਕਰ ਰਹੀ ਹੋਵੇਗੀ। ਤਸਵੀਰ ਦੇ ਇੱਕ ਪਾਸੇ ਇਸਦੇ ਕਲਾਕਾਰ ਦਾ ਨਾਂ ‘ਬਲਜੀਤ ਕੌਰ’ ਲਿਖਿਆ ਹੋਇਆ ਹੈ। ਮੈਨੂੰ ਅਚੰਭੇ `ਚ ਪਿਆ ਵੇਖ ਬਾਈ ਮੇਰੀ ਹੈਰਾਨੀ ਨੂੰ ਧਰਾਤਲ `ਤੇ ਲੈ ਆਉਂਦਾ ਹੈ।
“ਇਹ ਮੇਰੀ ਪਤਨੀ ਬਲਜੀਤ ਨੇ ਬਣਾਈ ਹੈ।”
ਫਿਰ ਉਹ ਇੱਕ ਇੱਕ ਕਰ ਕੇ ਆਪਣੀ ਜੀਵਨ ਸਾਥਣ ਦੀਆਂ ਬਣਾਈਆਂ ਹੋਰ ਬਹੁਤ ਹੀ ਬਾਕਮਾਲ ਤਸਵੀਰਾਂ ਦਿਖਾਉਂਦਾ ਹੈ। ਝਰੋਖੇ `ਚੋਂ ਬਾਹਰ ਝਾਕਦੀ ਮੁਟਿਆਰ ਦੀ ਦਰਸ਼ਕ ਵੱਲ ਪਿੱਠ ਹੈ। ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ। ਸੱਜੇ ਪੈਰ ਦੇ ਅਗੂੰਠੇ ਤੋਂ ਇਲਾਵਾ ਸਰੀਰ ਦਾ ਕੋਈ ਵੀ ਹੋਰ ਅੰਗ ਦਿਖਾਈ ਨਹੀਂ ਦਿੰਦਾ ਪਰ ਪਿੱਠ `ਤੇ ਲਮਕਦੀ ਗੁੱਤ ਥੱਲੇ ਲੱਗਦੀ ਹੈ। ਇਹ ਗੁੱਤ ਉਸਦੇ ਬੇਨਜ਼ੀਰ ਹੁਸਨ ਦੀ ਗਵਾਹੀ ਭਰਦੀ ਹੈ। ਤਸਵੀਰ ਵੇਖਦਿਆਂ ਮੇਰੇ ਮੂੰਹੋਂ ਆਪ ਮੁਹਾਰੇ ‘ਬਾਕਮਾਲ!’ ਨਿਕਲ ਜਾਂਦਾ ਹੈ। ਜਰਨੈਲ ਸਿੰਘ ਦੇ ਚਿਹਰੇ `ਤੇ ਮੁਸਕਰਾਹਟ ਫਿਰ ਜਾਂਦੀ ਹੈ।
“ਬੇਟੀ ਨੀਤੀ ਵੀ ਬਹੁਤ ਅੱਛੀ ਆਰਟਿਸਟ ਹੈ। ਬਹੁਤ ਇਨਾਮ ਸਨਮਾਨ ਜਿੱਤੇ ਨੇ ਬੇਟੀ ਨੇ। ਬੇਟਾ –ਫੋਟੋਗ੍ਰਾਫਰ ਹੈ। ਆਹ ਫੋਟੋਗ੍ਰਾਫ ਉਸੇ ਦਾ ਹੈ। ਇੰਟਰਨੈਸ਼ਨਲ ਪੱਧਰ ਦਾ ਫੋਟੋਗ੍ਰਾਫਰ ਹੈ। ਆਪਣੇ ਖੇਤਰ ‘ਚ ਨਾਂ ਹੈ ਉਸਦਾ।”
ਹੁਣ ਤਾਂ ਮੇਰੇ ਮੂੰਹੋਂ ‘ਵਾਹ’ ਵੀ ਨਹੀਂ ਨਿਕਲਦੀ। ਮੈਨੂੰ ਲੱਗਣ ਲੱਗਦਾ ਜਿਵੇਂ ਮੈਂ ਕਲਾ ਦੇ ਕਿਸੇ ਅਦਭੁਤ ਸੰਸਾਰ `ਚ ਆ ਗਿਆ ਹੋਵਾਂ। ਮੇਰੇ ਚਾਰ ਚੁਫੇਰੇ ਕਰੀਨੇ ਨਾਲ ਸਜਾਈਆਂ ਪੇਂਟਿੰਗਜ਼ ਸਨ। ਵੱਡੇ ਵੱਡੇ ਸਨਮਾਨਾਂ ਦੀਆਂ ਫੋਟੋਆਂ ਸਨ। ਬਣਾਏ ਜਾ ਰਹੇ ਚਿੱਤਰਾਂ ਕੋਲ ਪਏ ਰੰਗਾਂ ਦੀ ਖੁਸ਼ਬੂ ਸੀ। ਮੈਂ ਮੋਬਾਈਲ ਨਾਲ ਧੜਾਧੜ ਫੋਟੋ ਖਿੱਚ ਰਿਹਾ ਸਾਂ।
“ਬਾਈ ਇਸਦੀ ਫੋਟੋ ਖਿੱਚ ਲਵਾਂ?” ਬਹੁਤ ਸਾਰੀਆਂ ਫੋਟੋ ਖਿੱਚ ਲੈਣ ਬਾਅਦ ਮੈਨੂੰ ਯਾਦ ਆਇਆ ਕਿ ਮੈਂ ਗ਼ੈਰ ਇਖਲਾਕੀ ਕੰਮ ਕਰੀ ਜਾ ਰਿਹਾ ਸਾਂ। ਮੈਨੂੰ ਇਸਦੀ ਇਜਾਜ਼ਤ ਲੈਣੀ ਚਾਹੀਦੀ ਸੀ ਪਰ ਮੈਂ ਤਾਂ ਨਾਨਕਿਆਂ ਦਾ ਮੁੰਡਾ ਹੋਣ ਦੇ ਮਾਣ ਨਾਲ ਹੀ ਕਲਿਕ ਕਲਿਕ ਕਰੀ ਜਾਂਦਾ ਸਾਂ।
“ਕਿਉਂ ਨਹੀਂ? ਮੈਂ ਮੇਲ ਹੀ ਕਰ ਦੇਊਂ ਆਪਣਾ ਸਾਰਾ ਕੰਮ।” ਬਾਈ ਜਰਨੈਲ ਸਿੰਘ ਦੀ ਨਿਰਮਲ ਮੁਸਕਾਣ ਮੈਨੂੰ ਕਲਾਵੇ `ਚ ਲੈ ਲੈਂਦੀ ਹੈ।
“ਬਾਈ ਆਵਦੇ ਹੱਥ ਤਾਂ ਦਿਖਾਇਓ!” ਮੈਂ ਆਖਣਾ ਚਾਹੁੰਦਾ ਹਾਂ ਪਰ ਝਿਜਕ ਜਾਂਦਾ ਹਾਂ। ਦਰਅਸਲ ਮੈਂ ਪੂਰੀ ਦੁਨੀਆਂ ਨੂੰ ਆਪਣੇ ਚਿੱਤਰਾਂ ਨਾਲ ਮੋਹ ਲੈਣ ਵਾਲੇ ਹੱਥ ਫੜ ਕੇ ਵੇਖਣਾ ਚਾਹੁੰਦਾ ਸਾਂ। ਫੇਰ ਵੀ ਮੈਂ ਚੋਰ ਅੱਖਾਂ ਨਾਲ ਉਸਦੇ ਹੱਥਾਂ ਵੱਲ ਵੇਖ ਲੈਂਦਾ ਹਾਂ। ਇਹ ਤਾਂ ਬਿਲਕੁਲ ਮੇਰੇ ਵਰਗੇ ਹੀ ਸਨ। ਬੱਸ ਉਂਗਲਾਂ ਕੁੱਝ ਲੰਮੀਆਂ, ਪਤਲੀਆਂ ਤੇ ਨਰਮ ਜਾਪਦੀਆਂ ਸਨ।
ਮੈਂ ਉਸਦੇ ਦਫ਼ਤਰੀ ਟੇਬਲ ਕੋਲ ਪਈ ਕੁਰਸੀ `ਤੇ ਬੈਠ ਉਸ ਦੀਆਂ ਪ੍ਰਾਪਤੀਆਂ ਦੀ ਸੂਚੀ ਵੇਖਣ ਲੱਗਦਾ ਹਾਂ। ਮੇਰੀਆਂ ਅੱਖਾਂ ਇਕ ਵਾਰ ਤਾਂ ਚੁੰਧਿਆ ਜਾਂਦੀਆਂ ਨੇ। ਸੂਚੀ ਬਿਆਨ ਕਰਦੀ ਹੈ ਕਿ ਉਸਦੇ ਬਣਾਏ ਚਿੱਤਰ ਰੇਕਸਡੇਲ (ਓਂਟਾਰੀਓ), ਮਿਸੀਸਾਗਾ (ਓਨਟਾਰੀਓ), ਬਰਮਿੰਘਮ (ਯੂ ਕੇ), ਸਰੀ (ਬ੍ਰਿਟਿਸ਼ ਕੋਲੰਬੀਆ), ਨੌਰਥ ਕੈਲੇਫੋਰਨੀਆ (ਯੂ ਐਸ ਏ), ਸ਼ਿਕਾਗੋ (ਅਮਰੀਕਾ) ਆਦਿ ਕਈ ਦੇਸ਼ਾਂ ਦੇ ਗੁਰਦੁਆਰਿਆਂ `ਚ ਲੱਗੇ ਹੋਏ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ, ਸੈਂਟਰਲ ਸਿੱਖ ਮਿਊਜ਼ੀਅਮ ਸ੍ਰੀ ਅੰਮ੍ਰਿਤਸਰ ਸਾਹਿਬ, ਸ. ਬਘੇਲ ਸਿੰਘ ਮਿਊਜ਼ੀਅਮ ਨਵੀਂ ਦਿੱਲੀ, ਪੰਜਾਬ ਵਾਰ ਮਿਊਜ਼ੀਅਮ ਲੁਧਿਆਣਾ, ਪੰਜਾਬ ਆਰਟਸ ਕੌਂਸਲ ਤੇ ਪੰਜਾਬੀ ਅਕੈਡਮੀ ਨਵੀਂ ਦਿੱਲੀ ਵਰਗੀਆਂ ਅਨੇਕਾਂ ਸੰਸਥਾਵਾਂ `ਚ ਉਸ ਦੇ ਬਣਾਏ ਚਿਤਰ ਸ਼ੋਭਾ ਵਧਾਉਂਦੇ ਹਨ। ਬੈਂਕ ਆਫ ਇੰਡੀਆ, ਪੰਜਾਬ ਐਂਡ ਸਿੰਧ ਬੈਂਕ, ਬੈਂਕ ਆਫ਼ ਪੰਜਾਬ, ਪੰਜਾਬ ਮਾਰਕਫੈੱਡ, ਇੰਡੀਅਨ ਟੂਰਿਜ਼ਮ ਕਾਰਪੋਰੇਸ਼ਨ, ਪੰਜਾਬ ਮੰਡੀ ਬੋਰਡ, ਲੋਕ ਸੰਪਰਕ ਵਿਭਾਗ, ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਸਮੇਤ ਕਈ ਅਦਾਰਿਆਂ ਦੇ ਕੈਲੰਡਰਾਂ ਉਪਰ ਬਣਾਈਆਂ ਉਸ ਦੀਆਂ ਤਸਵੀਰਾਂ ਲੋਕਾਂ ਦੀ ਖਿੱਚ ਦਾ ਕਾਰਨ ਬਣਦੀਆਂ ਆ ਰਹੀਆਂ ਨੇ। ਵਾਸ਼ਿੰਗਟਨ ਦੀ ਭਾਰਤੀ ਅੰਬੈਸੀ ਵਿਚ ਵੀ ਉਸਦੇ ਚਿੱਤਰਾਂ ਨੇ ਆਪਣੀ ਮਹਿਕ ਬਿਖੇਰੀ ਹੈ। ਯੂ ਐਸ ਏ, ਕੈਨੇਡਾ, ਯੂ ਕੇ, ਜਪਾਨ, ਜਰਮਨੀ, ਨਿਊਜ਼ੀਲੈਂਡ, ਆਸਟਰੇਲੀਆ, ਮਲੇਸ਼ੀਆ, ਆਬੂ ਧਾਬੀ, ਸਿੰਗਾਪੁਰ ਤੇ ਅਫਰੀਕਾ ਵਰਗੇ ਕਿੰਨੇ ਹੀ ਮੁਲਕਾਂ ਦੀਆਂ ਪ੍ਰਾਈਵੇਟ ਏਜੰਸੀਆਂ ਬਾਈ ਜਰਨੈਲ ਸਿਹੁੰ ਦੇ ਚਿੱਤਰਾਂ ਨੂੰ ਆਪਣੀਆਂ ਛਾਤੀਆਂ ਨਾਲ ਲਾਈ ਬੈਠੀਆਂ ਨੇ।
ਪ੍ਰਾਪਤੀਆਂ ਵਾਲਾ ਕੈਲੰਡਰ ਪੜ੍ਹਦਾ ਪੜ੍ਹਦਾ ਮੈਂ ਹੱਥਾਂ `ਚ ਖੂੰਡਾ ਫੜੀ, ਮੂੜ੍ਹੇ `ਤੇ ਬੈਠੇ ਰੋਅਬ-ਦਾਬ ਵਾਲੇ ਬਜ਼ੁਰਗ ਦੇ ਚਿੱਤਰ ਮੂਹਰੇ ਆ ਖੜ੍ਹਦਾ ਹਾਂ। ‘ਮਾਲਵੇ ਦਾ ਬਾਪੂ’ ਨਾਂ ਵਾਲੇ ਚਿੱਤਰ ਵੱਲ ਮੇਰੀ ਉਤਸੁਕਤਾ ਭਾਂਪਦਿਆਂ ਜਰਨੈਲ ਸਿੰਘ ਮੇਰੇ ਸਵਾਲ ਦੀ ਉਡੀਕ ਕੀਤੇ ਬਗੈਰ ਇਸ ਚਿੱਤਰ ਦੇ ਇਤਿਹਾਸ ਬਾਰੇ ਦੱਸਣ ਲੱਗਦਾ ਹੈ,
“ਇਹ ਇੱਥੇ ਬ੍ਰਿਟਿਸ਼ ਕੋਲੰਬੀਆ ‘ਚ ਐਮ ਐਲ ਏ ਬਣੇ ਜਗਰੂਪ ਸਿੰਘ ਬਰਾੜ ਅਤੇ ਸਰੀ ਰਹਿੰਦੇ ਜਸਵੰਤ ਸਿੰਘ ਬਰਾੜ ਹੁਣਾਂ ਦਾ ਬਾਪ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਿੱਕੇ ਹੁੰਦਿਆਂ ਹੀ ਬਾਪ ਦਾ ਚਲਾਣਾ ਹੋ ਗਿਆ ਸੀ। ਭਾਵੇਂ ਉਹ ਅਨਪੜ੍ਹ ਸੀ ਪਰ ਸੁਣਿਆ ਗਰੀਬਾਂ ਦੇ ਹੱਕ ‘ਚ ਖੜ੍ਹਨ ਕਰਕੇ ਉਨ੍ਹਾਂ ਦੇ ਘਰ ਨੂੰ ਡਿਪਟੀ ਕਮਿਸ਼ਨਰ ਦੇ ਘਰ ਵਜੋਂ ਜਾਣਿਆ ਜਾਂਦਾ ਸੀ। 1947 ਦੀ ਵੰਡ ਸਮੇਂ ਮੁਸਲਮਾਨਾਂ ਨੂੰ ਬਚਾਉਣ ਲਈ ਵੀ ਢਾਲ ਬਣ ਕੇ ਖੜ੍ਹ ਗਿਆ ਸੀ। ਜਸਵੰਤ ਸਿੰਘ ਨੇ ਮੈਨੂੰ ਬਹੁਤ ਛੋਟੀ ਜਿਹੀ ਤੇ ਧੁੰਦਲੀ ਜਿਹੀ ਫੋਟੋ ਦੇ ਕੇ ਆਪਣੇ ਬਾਪ ਦੀ ਫੋਟੋ ਬਣਾਉਣ ਲਈ ਆਖਿਆ। ਮੈਂ ਕਈ ਦਿਨ ਜਸਵੰਤ ਤੋਂ ਉਸਦੇ ਬਾਪ ਕਾਕਾ ਸਿੰਘ ਬਰਾੜ ਦਿਉਣ ਸਿੰਘ ਵਾਲੇ ਦੀਆਂ ਗੱਲਾਂ ਸੁਣਦਾ ਰਿਹਾ। ਮੇਰੇ ਜ਼ਿਹਨ ਵਿਚ ਉਸਦੀ ਸ਼ਖਸੀਅਤ ਉਸਰ ਗਈ ਸੀ। ਮੈਂ ਉਸਦੀ ਰੋਅਬਦਾਰ ਸ਼ਖਸੀਅਤ ਨੂੰ ਚਿਤਰਦਿਆਂ ਹੱਥ ‘ਚ ਖੂੰਡਾ ਫੜਾ ਕੇ ਮੂੜ੍ਹੇ ‘ਤੇ ਬੈਠਾਉਣ ਦਾ ਫੈਸਲਾ ਕਰ ਲਿਆ।”
“ਉਸ ਨਿੱਕੀ ਫੋਟੋ ‘ਚ ਖੂੰਡਾ ਤੇ ਮੂੜ੍ਹਾ ਕਿਧਰੇ ਨਹੀਂ ਸੀ?”
“ਨਹੀਂ! ਪਰ ਜਸਵੰਤ ਸਿੰਘ ਤੋਂ ਸੁਣੀਆਂ ਗੱਲਾਂ ਨੇ ਉਸਦਾ ਬਿੰਬ ਬਣਾ ਦਿੱਤਾ ਸੀ ਮੇਰੇ ਅੰਦਰ। ਜਦੋਂ ਇਹ ਤਸਵੀਰ ਬਣਾਈ ਤਾਂ ਸਾਰੇ ਹੈਰਾਨ ਰਹਿ ਗਏ। ਜਸਵੰਤ ਨੇ ਕਿਹਾ ਮਾਤਾ ਜੀ ਹਸਪਤਾਲ ‘ਚੋਂ ਘਰ ਆ ਰਹੇ ਨੇ ਸੋ ਬਾਪੂ ਨੂੰ ਘਰ ਲਿਜਾਣਾ ਹੋਵੇਗਾ। ਮਾਤਾ ਨੇ ਤਸਵੀਰ ਵੇਖੀ ਤਾਂ ਉਸ ਅੱਗੇ ਸਿਰ ਝੁਕਾ ਦਿੱਤਾ। ਪੁੱਛਣ ‘ਤੇ ਮਾਤਾ ਨੇ ਦੱਸਿਆ ਕਿ ਉਹ ਇਸੇ ਤਰ੍ਹਾਂ ਮੂੜ੍ਹੇ ‘ਤੇ ਬੈਠਦੇ ਸਨ। ਇਹ ਤਾਂ ਸੱਚਮੁੱਚ ਅਜੀਬ ਗੱਲ ਸੀ। ਜਗਰੂਪ ਸਿੰਘ ਆਂਹਦਾ ਕਿ ਤੁਸੀਂ ਬਾਪੂ ਨੂੰ ਜਿੰਦਾ ਕਰ ਦਿੱਤਾ ਹੈ। ਮੇਰੇ ਲਈ ਇਹ ਬੜਾ ਵੱਡਾ ਸਨਮਾਨ ਸੀ। ਜਦੋਂ ਇਹ ਤਸਵੀਰ ਉਨ੍ਹਾਂ ਨੇ ਬਠਿੰਡੇ ਆਪਣੇ ਭਾਈਚਾਰਕ ਸਮਾਗਮ ‘ਚ ਰੱਖੀ ਤਾਂ ਇਹ ਖਿੱਚ ਦਾ ਕੇਂਦਰ ਬਣੀ ਰਹੀ।”
“ਵਾਹ!” ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਹੈ।
“ਹੁਣ ਤਾਂ ਜਿਹੜੇ ਵੀ ਲੋਕ ਇਹ ਪੇਂਟਿੰਗ ਵੇਖਦੇ ਨੇ ਆਂਹਦੇ ਇਹ ਮਨੁੱਖ ਤਾਂ ਵੇਖਿਆ ਹੋਇਆ। ਇਹ ਹੁਣ ਜਗਰੂਪ ਹੋਣਾ ਦਾ ਬਾਪ ਹੀ ਨਹੀਂ ਰਿਹਾ, ਮਾਲਵੇ ਦਾ ਬਾਪੂ ਬਣ ਗਿਆ ਹੈ।”
ਮਾਲਵੇ ਦੇ ਇਸ ਖੂੰਡੇ ਵਾਲੇ ਬਾਪੂ ਨੇ ਸੰਨ 2000 ਵਿਚ ਕੈਨੇਡਾ ਆ ਗਏ ਜਰਨੈਲ ਸਿੰਘ ਦੀ ਪਛਾਣ ਨੂੰ ਹੋਰ ਗੂੜ੍ਹਾ ਕੀਤਾ। ਇਸ ਚਿੱਤਰ ਨੂੰ ਕੈਨੇਡੀਅਨ ਇੰਸਟੀਚਿਊਟ ਆਫ ਪੋਰਟਰੇਟ ਆਰਟਿਸਟ ਵਲੋਂ ਸਾਲ ਦੋ ਹਜ਼ਾਰ ਦੋ ਦਾ ਡੇਨੀਅਲ ਪੀ ਇਜ਼ਾਰਡ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਹ ਸਨਮਾਨ ਸਮੁੱਚੇ ਪੰਜਾਬੀ ਸਭਿਆਚਾਰ ਅਤੇ ਕਲਾ ਜਗਤ ਦਾ ਸਨਮਾਨ ਸੀ। ਮੈਂ ਆਪਣੀਆਂ ਨਜ਼ਰਾਂ ਖੂੰਡੇ ਵਾਲੇ ਬਾਪੂ ਤੋਂ ਹਟਾ ਕੇ ਬਾਈ ਜਰਨੈਲ ਸਿੰਘ ਨੂੰ ਮਿਲੇ ਮਾਨਾਂ ਸਨਮਾਨਾਂ `ਤੇ ਟਿਕਾ ਲੈਂਦਾ ਹਾਂ।
ਜਰਨੈਲ ਸਿੰਘ ਨੇ ਪੰਜਾਬੀ ਸਭਿਆਚਾਰ ਦੇ ਨਾਲ ਨਾਲ ਕੁਦਰਤੀ ਖੂਬਸੂਰਤੀ ਨੂੰ ਵੀ ਚਿਤਰਿਆ ਹੈ। ਉਹ ਦੁਨੀਆ ਭਰ ‘ਚ ਘੁੰਮਦਾ ਰਹਿੰਦਾ ਹੈ। ਜਗ੍ਹਾ ਜਗ੍ਹਾ ਦੀਆਂ ਰੰਗੀਨ ਵਾਦੀਆਂ ਦੇ ਅੰਗ-ਸੰਗ ਰਹਿੰਦਾ ਹੈ। ਉਸਨੇ ਖੂਬਸੂਰਤ ਲੈਂਡ ਸਕੇਪ ਬਣਾਏ ਹਨ। ਇਸਦੇ ਨਾਲ ਹੀ ਉਸਨੇ ਆਪਣੇ ਬਾਪ ਤੋਂ ਮਿਲੀ ਅਮੀਰ ਵਿਰਾਸਤ ਨੂੰ ਵੀ ਅੱਗੇ ਤੋਰਿਆ ਹੈ। ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਘਟਨਾਵਾਂ, ਯੋਧਿਆਂ ਅਤੇ ਸ਼ਖਸੀਅਤਾਂ ਦੇ ਚਿੱਤਰ ਬਣਾਏ ਹਨ, ਜੋ ਦੁਨੀਆਂ ਦੇ ਬਹੁਤ ਸਾਰੇ ਪ੍ਰਸਿੱਧ ਗੁਰਦੁਆਰਿਆਂ ਅਤੇ ਗੈਲਰੀਆਂ ਦੀ ਸੋਭਾ ਵਧਾ ਰਹੇ ਹਨ। ਆਪਣੇ ਬਾਪ ਵਾਂਗ ਹੀ ਉਸਨੇ ਐਂਗਲੋ ਸਿੱਖ ਵਾਰ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀਆਂ ਪੇਂਟਿੰਗਜ਼ ਬਣਾਈਆਂ ਹਨ। ਸਰੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ‘ਚ ਗ਼ਦਰੀ ਬਾਬਿਆਂ ਦੀ ਗੈਲਰੀ ਬਣਾ ਕੇ ਇੱਕ ਵਿਲੱਖਣ ਤੇ ਇਤਿਹਾਸਕ ਕਾਰਜ ਕੀਤਾ ਹੈ। ਗ਼ਦਰੀ ਬਾਬਾ ਮੇਵਾ ਸਿੰਘ ਲੋਪੋਕੇ, ਬਲਵੰਤ ਸਿੰਘ ਖੁਰਦਪੁਰ, ਉੱਤਮ ਸਿੰਘ ਹਾਂਸ, ਭਾਈ ਭਾਗ ਸਿੰਘ, ਗੁਰਦਿੱਤ ਸਿੰਘ, ਬਾਬੂ ਹਰਨਾਮ ਸਿੰਘ ਸਾਹਰੀ, ਬੱਬਰ ਕਰਮ ਸਿੰਘ, ਭਾਈ ਈਸ਼ਰ ਸਿੰਘ, ਭਾਈ ਕਰਤਾਰ ਸਿੰਘ, ਭਾਈ ਜਵੰਦ ਸਿੰਘ, ਭਾਈ ਬੀਰ ਸਿੰਘ, ਭਾਈ ਬਤਨ ਸਿੰਘ ਵਰਗੇ ਅਨੇਕਾਂ ਦੇਸ਼ ਭਗਤਾਂ ਦੀਆਂ ਤਸਵੀਰਾਂ ਵੇਖਦਿਆਂ ਜਰਨੈਲ ਸਿੰਘ ਦੀ ਕਲਾ ਅਤੇ ਲਗਨ ਅੱਗੇ ਆਪ ਮੁਹਾਰੇ ਸਿਰ ਝੁਕ ਜਾਂਦਾ ਹੈ। ਸ਼ਹੀਦ ਮੇਵਾ ਸਿੰਘ ਦੀ ਪੇਂਟਿੰਗ ਤਾਂ ਸਰੀ ਤੋਂ ਐਮ ਐਲ ਏ ਰਚਨਾ ਸਿੰਘ ਨੇ ਆਪਣੇ ਵਿਧਾਨ ਸਭਾ ਵਾਲੇ ਦਫ਼ਤਰ ਵਿਚ ਲਾਈ ਹੈ।
ਕੌਮਾਗਾਟਾਮਾਰੂ ਦੇ ਇਤਿਹਾਸ ਨੂੰ ਚਿਤਰਨ ਲਈ ਤਾਂ ਉਸਨੇ ਪੂਰੇ ਦਸ ਸਾਲ ਲਾਏ ਹਨ। ਕੌਮਾਗਾਟਾਮਾਰੂ ਕਾਂਡ ਦੇ ਸੌਵੇਂ ਵਰ੍ਹੇ ਉਸਨੇ ‘ਪਿਕਸ’ ਦੀ ਦੀਵਾਰ ‘ਤੇ 12 ਗੁਣਾਂ 22 ਫੁੱਟ ਦਾ ਵਿਸ਼ਾਲ ਕੰਧ ਚਿੱਤਰ ਬਣਾਇਆ ਸੀ। ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਜ਼ ਸੁਸਾਇਟੀ (ਪਿਕਸ) ਵਲੋਂ 24 ਨਵੰਬਰ 2014 ਨੂੰ ਇਸ ਚਿੱਤਰ ਦਾ ਉਦਘਾਟਨ ਕੀਤਾ ਗਿਆ। ਇਸ ਚਿੱਤਰ ‘ਤੇ ਉਕਰੇ ਸ਼ਬਦ, ‘ਅਸੀਂ ਯਾਦ ਰੱਖਾਂਗੇ’ (ੱੲ ੍ਰੲਮੲਮਬੲਰ) ਨੇ ਖਾਸਾ ਵਿਵਾਦ ਵੀ ਪੈਦਾ ਕਰ ਦਿੱਤਾ ਸੀ। ਕਈ ਕੱਟੜ ਕਿਸਮ ਦੇ ਗੋਰਿਆਂ ਨੇ ਰੌਲਾ ਵੀ ਪਾਇਆ, ‘ਇਸ ਚਿੱਤਰ ਰਾਹੀਂ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਨਸਲੀ ਟਿੱਪਣੀ ਹੈ। ਇਸ ਨੂੰ ਹਟਾਇਆ ਜਾਣਾ ਚਾਹੀਦਾ ਹੈ।’
“ਮੈਂ ਇਸ ਨੂੰ ਇਤਰਾਜ਼ਯੋਗ ਜਾਂ ਭੜਕਾਊ ਨਹੀਂ ਮੰਨਦਾ। ਵਿਸਮਿਕ ਚਿੰਨ੍ਹ ਪਾ ਕੇ ਮੈਂ ਕਿਸੇ ਦੇ ਖਿਲਾਫ਼ ਨਫ਼ਰਤ ਖੜ੍ਹੀ ਨਹੀਂ ਸੀ ਕੀਤੀ। ਇਹ ਕੋਈ ਗੁੱਸਾ ਉਪਜਾਉਣ ਵਾਲਾ ਨਹੀਂ ਹੈ। ਅਸੀਂ ਨਹੀਂ ਚਾਹੁੰਦੇ ਕਿ ਅਜਿਹੀ ਘਟਨਾ ਦੁਬਾਰਾ ਹੋਵੇ। ਕੀ ਅਸੀਂ ਇਸਨੂੰ ਯਾਦ ਵੀ ਨਾ ਰੱਖੀਏ? ਕੀ ਇਹ ਸਭ ਕੁੱਝ ਨਹੀਂ ਵਾਪਰਿਆ? ਇਹ ਦਰਦ ਸਾਰੇ ਦੱਖਣੀ ਏਸ਼ਿਆਈ ਖਿੱਤੇ ਦਾ ਹੈ। ਜਿਨ੍ਹਾਂ ਲੋਕਾਂ ਨੇ ਹੰਢਾਇਆ ਹੈ ਇਨ੍ਹਾਂ ਵਿਸਮਿਕ ਚਿੰਨ੍ਹਾਂ ਓਹਲੇ ਲੁਕੇ ਦਰਦ ਨੂੰ ਉਹੀ ਜਾਣ ਸਕਦੇ ਹਨ।” ਜਰਨੈਲ ਸਿੰਘ ਜਾਣਦਾ ਹੈ ਕਿ ਆਪਣੀ ਗੱਲ ਕਿਵੇਂ ਰੱਖਣੀ ਹੈ। ਪਿਕਸ ਸੰਸਥਾ ਦਾ ਐਗਜ਼ੀਕਿਊਟਿਵ ਡਾਇਰੈਕਟਰ ਜਰਨੈਲ ਸਿੰਘ ਦੀ ਗੱਲ ਨਾਲ ਸਹਿਮਤ ਹੋਇਆ ਸੀ। ਉਸਨੇ ਇਹ ਕਹਿੰਦਿਆਂ ਸਾਰਾ ਵਿਵਾਦ ਨਿਬੇੜ ਦਿੱਤਾ ਸੀ, “ਇਹਦੇ ‘ਚ ਕੁੱਝ ਵੀ ਨਸਲੀ ਨਹੀਂ ਹੈ। ਕੁੱਝ ਵੀ ਭੜਕਾਊ ਨਹੀਂ ਹੈ।”
ਜਰਨੈਲ ਸਿੰਘ ਕੁਦਰਤ ਦੀ ਇੱਕ ਅਜ਼ੀਮ ਸਿਰਜਣਾ ਹੈ। ਬੁਰਸ਼ ਦੇ ਨਾਲ ਨਾਲ ਕਲਮ ਰਾਹੀਂ ਸ਼ਬਦੀ ਤਸਵੀਰਾਂ ਬਣਾਉਣ ਦਾ ਹੁਨਰ ਵੀ ਬਾਖੂਬੀ ਜਾਣਦਾ ਹੈ। ‘ਪੰਜਾਬੀ ਚਿਤਰਕਾਰ’ ਨਾਂ ਦੀ ਪੁਸਤਕ ਅਤੇ ਅਖਬਾਰਾਂ ਰਿਸਾਲਿਆਂ ‘ਚ ਛਪੇ ਦਰਜਨਾਂ ਲੇਖ ਉਸਦੀ ਖੂਬਸੂਰਤ ਲੇਖਣੀ ਦੀ ਗਵਾਈ ਭਰਦੇ ਹਨ। ਜਰਨੈਲ ਸਿੰਘ ਮਾਂ ਬੋਲੀ ਨਾਲ ਅੰਤਾਂ ਦੀ ਮੁਹੱਬਤ ਕਰਦਾ ਹੈ। ਉਹ ਲੇਖਕਾਂ ਤੇ ਉਨ੍ਹਾਂ ਦੀਆਂ ਲਿਖਤਾਂ ਦਾ ਕਦਰਦਾਨ ਹੈ। ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਅੰਗਰੇਜ਼ ਬਰਾੜ ਵਰਗੇ ਯਾਰਾਂ ਨਾਲ ਰਲ ਕੇ ਆਪਣੀ ਆਰਟ ਗੈਲਰੀ ‘ਚ ਕੋਈ ਨਾ ਕੋਈ ਸਾਹਿਤਕ ਸਮਾਗਮ ਵਿੱਢੀ ਰੱਖਦਾ ਹੈ। ਸਰੀ ਉਸਦੀ ਆਰਟ ਗੈਲਰੀ ਕਲਮਕਾਰਾਂ ਤੇ ਕਲਾਕਾਰਾਂ ਦਾ ਮੱਕਾ ਹੈ। ਉਸਦੀ ਆਰਟ ਗੈਲਰੀ ‘ਚ ‘ਗੁਜਰਾਤ ਫਾਈਲਜ਼’ ਦੀ ਬਹੁ-ਚਰਚਿਤ ਲੇਖਕਾ ਰਾਣਾ ਅਯੂਬ ਵੀ ਫੇਰਾ ਪਾਉਂਦੀ ਹੈ ਤੇ ਪੌਣਾਂ ‘ਤੇ ਹਲਕੇ ਹਲਕੇ ਪੱਬ ਧਰਨ ਵਾਲਾ ਵੱਡਾ ਸ਼ਾਇਰ ਸੁਰਜੀਤ ਪਾਤਰ ਵੀ। ‘ਅਸੀਂ ਬਾਬੇ ਨਾਨਕ ਦੇ ਕੀ ਲੱਗਦੇ ਹਾਂ’ ਕਹਿਣ ਵਾਲਾ ਜਸਵੰਤ ਜਫ਼ਰ ਵੀ ਸਰੀ ਜਾਣ ਸਮੇਂ ਆਰਟ ਗੈਲਰੀ ਜਾਣਾ ਨਹੀਂ ਭੁੱਲਦਾ ਤੇ ਹਰ ਵੱਡੇ ਛੋਟੇ ਲੇਖਕ ਨੂੰ ਕਲਾਵੇ ਭਰ ਲੈਣ ਦਾ ਹੁਨਰੀ ਗੁਰਭਜਨ ਗਿੱਲ ਵੀ। ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਨਵਤੇਜ ਭਾਰਤੀ, ਲੀਲਾ ਵਾਲਾ ਅਜਮੇਰ ਰੋਡੇ, ਵੀ ਸੀ ਜਸਪਾਲ ਸਿੰਘ, ਡਾ ਐਸ ਪੀ ਸਿੰਘ, ਨਾਟਕਕਾਰ ਕੁਲਵਿੰਦਰ ਖਹਿਰਾ, ‘ਹੁਣ’ ਮੈਗਜ਼ੀਨ ਦਾ ਸੰਪਾਦਕ ਤੇ ਗ਼ਜ਼ਲਗੋ ਸੁਸ਼ੀਲ ਦੋਸਾਂਝ, ਅਗਰਬੱਤੀ ਵਾਲਾ ਸ਼ਾਇਰ ਜਸਵਿੰਦਰ, ਸ਼ੇਅਰਾਂ ਦੀਆਂ ਅਸ਼ਰਫੀਆਂ ਵੰਡਣ ਵਾਲਾ ਕਵਿੰਦਰ ਚਾਂਦ, ਘੁਮੱਕੜੀ ਪੱਤਰਕਾਰ ਤੇ ਕਹਾਣੀਕਾਰ ਸੁਕੀਰਤ ਆਨੰਦ, ਬੁੱਧੀਜੀਵੀ ਨੌਜਵਾਨ ਤਸਕੀਨ, ਤੀਵੀਆਂ ਵਾਲਾ ਨਾਵਲਕਾਰ ਪ੍ਰਗਟ ਸਤੌਜ, ਤਿੱਖੀ ਸੁਰ ਵਾਲਾ ਪੱਤਰਕਾਰ ਜਤਿੰਦਰ ਪੰਨੂੰ, ਜਪਾਨ ਵਾਲਾ ਸ਼ਾਇਰ ਤੇ ਵਾਰਤਕ ਲੇਖਕ ਪਰਮਿੰਦਰ ਸੋਢੀ, ‘ਖੱਡੀ’ ਦਾ ਕਰਤਾ ਜਸਵੰਤ ਦੀਦ, ਰੰਗਕਰਮੀ ਲੱਖਾ ਲਹਿਰੀ, ਮੰਚ ਸੰਚਾਲਕ ਨਰੇਸ਼ ਰੁਪਾਣਾ ਤੱਕ- ਪਤਾ ਨਹੀਂ ਕਿੰਨੇ ਕੁ ਕਲਮਕਾਰ ਉਸਦੀ ਆਰਟ ਗੈਲਰੀ ‘ਚ ਆਪਣੀ ਮਹਿਕ ਖਿਲਾਰ ਆਏ ਹਨ। ਉਹ ਅਕਸਰ ਆਖਦਾ ਹੈ, ‘ਕਲਾ ਜੋੜਨ ਦਾ ਕੰਮ ਕਰਦੀ ਹੈ।’
ਮੈਂ ਕਾਹਲੀ ਕਾਹਲੀ ਨਾਲ ਮਾਨਾਂ ਸਨਮਾਨਾਂ ਦੀ ਲੰਮੀ ਚੌੜੀ ਸੂਚੀ ‘ਤੇ ਪੰਛੀ ਝਾਤ ਮਾਰਦਾ ਹਾਂ। ਪੰਜਾਬ ਲਲਿਤ ਕਲਾ ਅਕੈਡਮੀ ਵਲੋਂ 1979 ਤੇ ਫੇਰ 1980 `ਚ ਦਿੱਤੇ ਸਨਮਾਨ ਨਾਲ ਸੂਚੀ ਦਾ ਸ੍ਰੀ ਗਣੇਸ਼ ਹੁੰਦਾ ਹੈ। ਮੈਂ ਵੱਡੇ ਵੱਡੇ ਐਵਾਰਡਾਂ `ਤੇ ਪੈੱਨ ਨਾਲ ਨਿਸ਼ਾਨੀ ਲਾਉਂਦਾ ਹਾਂ। ਸ. ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ, ਪੰਜਾਬੀ ਸੱਥ ਲਾਂਬੜਾ ਦਾ ਡਾ. ਮਹਿੰਦਰ ਸਿੰਘ ਰੰਧਾਵਾ ਐਵਾਰਡ, ਡਾ. ਰਵਿੰਦਰ ਰਵੀ ਮੈਮੋਰੀਅਲ ਐਵਾਰਡ, ਯੂ ਕੇ ਦੇ ਮਹਾਰਾਜਾ ਦਲੀਪ ਸਿੰਘ ਟਰੱਸਟ ਵਲੋਂ ਦਿੱਤੇ ਐਵਾਰਡ ਤੋਂ ਲੈ ਕੇ ਸਰੀ (ਕੈਨੇਡਾ) ਦੀ ਕੌਂਸਲ ਵਲੋਂ ਆਪਣੇ ਦਸਵੇਂ ਸਥਾਪਨਾ ਦਿਵਸ ‘ਤੇ ਵਧੀਆ ਬੈਨਰ ਡੀਜ਼ਾਈਨਿੰਗ ਲਈ ਦਿੱਤੇ ਐਵਾਰਡ ਤੱਕ, ਦਰਜਨਾਂ ਨਹੀਂ ਸੈਂਕੜੇ ਮਾਣ-ਸਨਮਾਨ ਸਾਡੇ ਜਰਨੈਲ ਚਿਤਰਕਾਰ ਦੀ ਝੋਲੀ ਆਣ ਪਏ ਨੇ। ਮੈਨੂੰ ਇਸ ਸੂਚੀ ‘ਚ ਘਾਟ ਰੜਕਦੀ ਹੈ। ਇਸ ਵਿਚ ਨਾਨਕਿਆਂ ਵਲੋਂ ਦਿੱਤਾ ਜਾਣ ਵਾਲਾ ਐਵਾਰਡ ਵੀ ਤਾਂ ਹੋਣਾ ਚਾਹੀਦਾ ਹੈ। ਮੈਂ ਆਪਣੇ ਆਪ ਨੂੰ ਅਸਹਿਜ ਤਾਂ ਮਹਿਸੂਸ ਕਰਦਾ ਹਾਂ ਪਰ ਬਾਈ ਜਰਨੈਲ ਸਿੰਘ ਨੂੰ ਮਹਿਸੂਸ ਨਹੀਂ ਹੋਣ ਦਿੰਦਾ। ਸੂਚੀ ਜੇਬ ‘ਚ ਰੱਖਦਿਆਂ ਮੈਂ ਹੱਸਣ ਲੱਗਦਾ ਹਾਂ, “ਬਾਈ ਮੈਨੂੰ ਅੱਜ ਪਤਾ ਲੱਗਾ ਤੁਸੀਂ ਮਹਾਨ ਚਿਤਰਕਾਰ ਕਿਵੇਂ ਬਣਗੇ?”
ਮੇਰੇ ਇਸ ਕਮਲੇ-ਰਮਲੇ ਸਵਾਲ ਦਾ ਜਰਨੈਲ ਸਿੰਘ ਕੀ ਜਵਾਬ ਦਿੰਦਾ? ਉਹ ਹੌਲੀ ਬੋਲਦਾ ਹੈ ਤੇ ਹੌਲੀ ਹੀ ਮੁਸਕਰਾਉਂਦਾ ਹੈ। ਹੁਣ ਵੀ ਜਵਾਬ ‘ਚ ਉਹ ਕੇਵਲ ਹਲਕਾ ਜਿਹਾ ਮੁਸਕਰਾਇਆ ਸੀ।
“ਤੁਸੀਂ ਮੇਰੇ ਪਿੰਡ ਕੜਿਆਲ ਦਾ ਪਾਣੀ ਜੋ ਪੀਤਾ ਹੈ। ਮੇਰੇ ਗਰਾਂ ਦਾ ਨਿਰਮਲ ਨੀਰ ਪੀਣ ਵਾਲਾ ਭਲਾ ਮਹਾਨ ਕਿਉਂ ਨਾ ਬਣਦਾ?”
“ਹਾਂ! ਇਹ ਤਾਂ ਠੀਕ ਹੈ।” ਜਰਨੈਲ ਸਿੰਘ ਹੱਸਦਿਆਂ ਹੱਸਦਿਆਂ ਬਾਂਹ ਮੇਰੇ ਦੁਆਲੇ ਵਲ੍ਹ ਲੈਂਦਾ ਹੈ।
ਸਾਡੇ ਕੋਲ ਫਿਰਦੇ ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ ਤੇ ਅੰਗਰੇਜ਼ ਬਰਾੜ ਵੀ ਹੱਸਣ ਲੱਗਦੇ ਹਨ। ਹੱਸਦਿਆਂ ਹੱਸਦਿਆਂ ਮੈਂ ਅੱਖ ਬਚਾ ਕੇ ਆਪਣੀਆਂ ਅੱਖਾਂ ‘ਚ ਉੱਤਰ ਆਇਆ ਪਾਣੀ ਸਾਫ਼ ਕਰ ਲੈਂਦਾ ਹਾਂ।
********************