ਕਾਂਗਰਸ ਪਾਰਟੀ ਦੀ ਰਾਜਨੀਤਕ ਰਣਨੀਤੀ

ਭਾਜਪਾ ਕੁਝ ਵੀ ਕਹੇ ਕਾਂਗਰਸ ਪਾਰਟੀ ਦੀ ਲੋਕ ਸਭਾ ਚੋਣਾਂ ਵਿਚ ਸਫਲਤਾ ਨੇ ਇਸਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਾ ਦਿੱਤੀ ਹੈ| ਖਾਸ ਕਰਕੇ ਕੇਰਲ ਤੇ ਉੱਤਰ ਪ੍ਰਦੇਸ਼ ਵਿਚ| ਪ੍ਰਿਯੰਕਾ ਗਾਂਧੀ ਵਾਡਰਾ ਦਾ ਵਾਇਨਾਡ ਦੀ ਜ਼ਿਮਨੀ ਚੋਣ ਲਈ ਨਿਤਰਨਾ ਇਸਦਾ ਆਗਾਮੀ ਪੈਂਤੜਾ ਹੈ|

ਨਿਸ਼ਚੇ ਹੀ ਗਾਂਧੀ ਪਰਿਵਾਰ ਦੀ ਵਾਇਨਾਡ ਵਿਚ ਸੰਭਾ ਵੀ ਜਿੱਤ ਸਿੱਧ ਕਰ ਸਕਦੀ ਹੈ ਕਿ ਕਾਂਗਰਸ ਪਾਰਟੀ ਓਨੀ ਗਈ ਗੁਜ਼ਰੀ ਨਹੀਂ ਜਿੰਨੀ ਭਾਜਪਾ ਦਰਸਾ ਰਹੀ ਹੈ| ਓਧਰ ਉੱਤਰ ਪ੍ਰਦੇਸ਼ ਵਿਚ ਅਖਿਲੇਸ਼ ਯਾਦਵ ਦੀ ਸਹਾਇਤਾ ਨੇ ਇਸ ਵਿਚ ਨਵੀਂ ਰੂਹ ਫੂਕ ਦਿੱਤੀ ਹੈ ਜਿਸਦਾ ਬਾਨ੍ਹਣੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਬੰਨ੍ਹ ਚੁੱਕੀ ਸੀ|
ਕੇਂਦਰੀ ਤੇ ਰਾਜ ਸਰਕਾਰਾਂ ਦੇ ਪੁਰਸਕਾਰ
ਭਾਰਤੀ ਸਾਹਿਤ ਅਕਾਡਮੀ ਨੇ ਅਕਾਡਮੀ ਪ੍ਰਵਾਨਤ 24 ਭਾਸ਼ਾਵਾਂ ਦੇ ਉਨ੍ਹਾਂ ਲੇਖਕਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਆਪੋ ਆਪਣੀ ਭਾਸ਼ਾ ਦੇ ਯੁਵਾ ਤੇ ਬਾਲ ਸਾਹਿਤ ਪੁਰਸਕਾਰਾਂ ਲਈ ਚੁਣਿਆ ਗਿਆ ਹੈ| ਯੁਵਾ ਪੁਰਸਕਾਰ ਜੇਤੁਆਂ ਵਿਚ ਹਿੰਦੀ ਲੇਖਕ ਗੌਰਵ ਪਾਂਡੇ, ਪੰਜਾਬੀ ਕਵੀ ਰਣਧੀਰ ਤੇ ਉਰਦੂ ਲੇਖਕ ਜਾਵੇਦ ਅੰਬਰ ਮਿਸਬਾਹੀ ਸਮੇਤ 23 ਰਚਨਾਕਾਰ ਸ਼ਾਮਲ ਹਨ ਜਦ ਕਿ ਬਾਲ ਸਾਹਿਤ ਪੁਰਸਕਾਰ ਜੇਤੂਆਂ ਵਿਚ ਹਿੰਦੀ ਦਾ ਦੇਵੇਂਦਰ ਕੁਮਾਰ, ਪੰਜਾਬੀ ਦਾ ਕੁਲਦੀਪ ਸਿੰਘ ਦੀਪ ਤੇ ਉਰਦੂ ਭਾਸ਼ਾ ਲੇਖਕ ਸ਼ਮਸੁਲ ਇਸਲਾਮ ਫਾਰੂਖ਼ੀ| ਸਾਹਿਤ ਅਕਾਡਮੀ ਦੀ ਸਥਾਪਨਾ ਪੰਡਤ ਨਹਿਰੂ ਦੇ ਕਾਰਜ ਕਾਲ ਸਮੇਂ 1955 ਵਿਚ ਹੋਈ ਸੀ| ਉਦੋਂ ਅਕਾਡਮੀ ਵਲੋਂ ਕੇਵਲ 11 ਭਾਸ਼ਾਵਾਂ ਅਸਾਮੀ, ਬੰਗਾਲੀ, ਗੁਜਰਾਤੀ, ਮਰਾਠੀ, ਕੱਨੜ, ਮਲਿਆਲਮ, ਤਾਮਿਲ, ਤੈਲੇਗੂ, ਉਰਦੂ, ਪੰਜਾਬੀ ਤੇ ਹਿੰਦੀ ਹੀ ਪ੍ਰਵਾਨਤ ਸਨ| ਇਹ ਗਿਣਤੀ ਹੁਣ ਉਦੋਂ ਨਾਲੋਂ ਦੁਗਣੀ ਤੋਂ ਵੱਧ ਭਾਵ 24 ਹੋ ਗਈ ਹੈ| ਯੁਵਾ ਪੁਰਸਕਾਰ ਦੇ ਸੰਸਕ੍ਰਿਤ ਜੇਤੂ ਦਾ ਐਲਾਨ ਠਹਿਰ ਕੇ ਕੀਤਾ ਜਾਵੇਗਾ|
ਪੁਰਸਕਾਰਾਂ ਦੀ ਕੱਚੀ ਸੂਚੀ ਸਬੰਧਤ ਭਾਸ਼ਾ ਦੀ ਤਿੰਨ ਮੈਂਬਰੀ ਕਮੇਟੀ ਪੇਸ਼ ਕਰਦੀ ਹੈ ਜਿਸਨੂੰ ਅਕਾਡਮੀ ਦੀ ਸਮੁੱਚੀ ਬੈਠਕ ਨੇ ਪ੍ਰਵਾਨ ਕਰਨਾ ਹੁੰਦਾ ਹੈ| ਆਰੰਭਕ ਸਾਲਾਂ ਵਿਚ ਕੇਵਲ ਮਹਾਰਥੀਆਂ ਨੂੰ ਚੁਣਿਆ ਜਾਂਦਾ ਸੀ ਭਾਵੇਂ ਚੋਣ ਵਿਧੀ ਇਹੀਓ ਸੀ ਜਿਹੜੀ ਯੁਵਾ ਤੇ ਬਾਲ ਸਾਹਿਤ ਪੁਰਸਕਾਰਾਂ ਲਈ ਅਪਣਾਈ ਗਈ ਹੈ|
ਓਦੋਂ ਚੁਣੇ ਗਏ ਮੁਢਲੇ ਪੰਜਾਬੀ ਲੇਖਕ ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਨਾਨਕ ਸਿੰਘ ਤੇ ਬਲਵੰਤ ਗਾਰਗੀ ਸਨ| ਲਗਪਗ 70 ਸਾਲ ਦੇ ਲੰਬੇ ਸਮੇਂ ਵਿਚ ਇਕ ਦੋ ਸਾਲਾਂ ਨੂੰ ਛੱਡ ਕੇ ਕਿਸੇ ਨੇ ਇਸ ਵਿਧਾ ਬਾਰੇ ਕਿੰਤੂ ਪ੍ਰੰਤੂ ਨਹੀਂ ਕੀਤਾ ਹੈ| ਜੇ ਹੁੰਦਾ ਸੀ ਤਾਂ ਇਸਦਾ ਨਿਬੇੜਾ ਲੰਬਾ ਸਮਾਂ ਨਹੀਂ ਸੀ ਲੈਂਦਾ| ਸ਼ਿਵ ਕੁਮਾਰ ਦੇ ਬਹੁਤ ਛੋਟੀ ਉਮਰ ਵਿਚ ਸਨਮਾਨੇ ਜਾਣ ਅਤੇ ਪੰਜਾਬੀ ਸਾਹਿਤ ਦੇ ਪਿਤਾਮਾ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਅਣਸਨਮਾਨੇ ਤੁਰ ਜਾਣ ਉੱਤੇ ਵੀ ਨਹੀਂ| ਇਸਦਾ ਭਾਵ ਇਹ ਨਹੀਂ ਕਿ ਗੁਰਬਖਸ਼ ਸਿੰਘ ਕਿਸੇ ਪੱਖੋਂ ਹਲਕਾ ਲੇਖਕ ਸੀ ਤੇ ਨਾ ਹੀ ਇਹ ਕਿ ਚੋਣ ਕਮੇਟੀ ਜਾਂ ਇਸਦੇ ਕਿਸੇ ਮੈਂਬਰ ਨੂੰ ਉਹਦੇ ਨਾਲ ਕਿੜ ਸੀ| ਇਸਦਾ ਉੱਤਰ ਸ਼ਾਇਦ ਇਸ ਗੱਲ ਤੋਂ ਮਿਲ ਜਾਵੇ ਕਿ ਮੈਨੂੰ ਇਹ ਪੁਰਸਕਾਰ 1982 ਵਿਚ ਮਿਲ ਗਿਆ ਸੀ| ਤੇ ਮੇਰੇ ਨਾਲੋਂ ਵਧੀਆ ਕਹਾਣੀ ਲੇਖਕ ਸੰਤੋਖ ਸਿੰਘ ਧੀਰ ਨੂੰ 14 ਸਾਲ ਪਿੱਛੋਂ 1996 ਵਿਚ ਤੇ ਉਹ ਵੀ ਮੇਰੀ ਵੋਟ ਨਾਲ ਜਦੋਂ ਮੈਂ ਤਿੰਨ ਮੈਂਬਰੀ ਚੋਣ ਕਮੇਟੀ ਦਾ ਮੈਂਬਰ ਸਾਂ|
ਮੈਨੂੰ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਪੁਰਸਕਾਰਾਂ ਦੀ ਵੀ ਪੂਰੀ ਜਾਣਕਾਰੀ ਹੈ ਜਿਹੜੇ ਕਿਸੇ ਇਕ ਵਿਅਕਤੀ ਦੀ ਅਣਗਹਿਲੀ ਜਾਂ ਜ਼ਿੱਦ ਕਾਰਨ ਪਿਛਲੇ ਅੱਠ-ਦਸ ਸਾਲਾਂ ਤੋਂ ਨਹੀਂ ਦਿੱਤੇ ਗਏ| ਮੈਂ ਇਹ ਵੀ ਜਾਣਦਾ ਹਾਂ ਕਿ ਕਈ ਵਾਰੀ ਸਰਕਾਰ ਦੇ ਮੰਤਰੀ ਦਾ ਮੁੱਖ ਮੰਤਰੀ ਜਲਦੀ ਕਰਵਾ ਕੇ ਕਿਸੇ ਤਰ੍ਹਾਂ ਦੀ ਬੇਨਿਯਮੀ ਕਰਵਾ ਦਿੰਦੇ ਹਨ ਜਿਹੜੀ ਬਿਖੇੜੇ ਦੀ ਜੜ੍ਹ ਬਣ ਜਾਂਦੀ ਹੈ| ਇਸਨੂੰ ਸੋਧਣ ਦਾ ਇੱਕੋ ਇੱਕ ਤਰੀਕਾ ਉਚੇਰੀ ਅਦਾਲਤ ਦੀ ਆਗਿਆ ਨਾਲ ਅਜਿਹੀ ਕਮੇਟੀ ਦਾ ਗਠਨ ਕਰਨਾ ਹੁੰਦਾ ਹੈ ਜਿਹੜੀ ਅਜਿਹੇ ਮਸਲੇ ਦਾ ਹੱਲ ਸੁਝਾਅ ਸਕੇ| ਇਸ ਕਮੇਟੀ ਵਿਚ ਕੋਈ ਸੇਵਾ ਮੁਕਤ ਜੱਜ ਵੀ ਲਿਆ ਜਾ ਸਕਦਾ ਹੈ ਤੇ ਭਾਰਤੀ ਸਾਹਿਤ ਅਕਾਡਮੀ ਦਾ ਨਿਰਪੱਖ ਵਿਅਕਤੀ ਵੀ| ਅੱਜ-ਕੱਲ੍ਹ ਤਾਂ ਸਬੱਬ ਨਾਲ ਭਾਰਤੀ ਸਾਹਿਤ ਅਕਾਡਮੀ ਦਾ ਪ੍ਰਧਾਨ ਹੀ ਮਾਧਵ ਕੌਸ਼ਿਕ ਹੈ ਜਿਹੜਾ ਚੰਡੀਗੜ੍ਹ ਦਾ ਵਸਨੀਕ ਹੈ| ਯੁਵਾ ਤੇ ਬਾਲ ਸਾਹਿਤ ਪੁਰਸਕਾਰਾਂ ਦਾ ਫੈਸਲਾ ਕਰਨ ਵਾਲੀ ਮੀਟਿੰਗ ਗੁਜਰਾਤ ਵਿਚ ਹੋਈ ਸੀ| ਜੇ ਉਹ ਚੰਡੀਗੜ੍ਹ ਤੋਂ ਗੁਜਰਾਤ ਜਾ ਸਕਦਾ ਹੈ ਤਾਂ ਸਥਾਨਕ ਬੈਠਕ ਤਾਂ ਉਹਦੇ ਲਈ ਉੱਕਾ ਹੀ ਕੋਈ ਮਸਲਾ ਨਹੀਂ| ਕਚਹਿਰੀ ਦਾ ਕੁੰਡਾ ਖੜਕਾਉਣ ਵਾਲੇ ਸਾਰੇ ਲੋਕ ਨਿਆਂ ਦੇ ਭੁੱਖੇ ਨਹੀਂ ਹੁੰਦੇ| ਉਨ੍ਹਾਂ ਨੇ ਆਪਣੇ ਪੇਸ਼ੇ ਦੀ ਲਾਜ ਰੱਖਣੀ ਹੁੰਦੀ ਹੈ| ਜਦੋਂ ਉਨ੍ਹਾਂ ਦੀ ਬੱਲੇ-ਬੱਲੇ ਹੋ ਜਾਵੇ ਸ਼ਾਂਤ ਹੋ ਜਾਂਦੇ ਹਨ| ਏਸ ਤਰ੍ਹਾਂ ਕੀਤਿਆਂ ਦੇਰ ਤਾਂ ਹੁੰਦੀ ਹੈ ਹਨੇਰ ਨਹੀਂ ਹੁੰਦਾ|
ਹਰ ਸਾਲ ਛੇ ਦਰਜਨ ਤੋਂ ਵੱਧ ਪੁਰਸਕਾਰ ਦੇਣ ਵਾਲੀ ਭਾਰਤੀ ਸਾਹਿਤ ਅਕਾਡਮੀ ਦੀ ਵਡਿਆਈ ਇਸ ਵਿਚ ਹੈ ਕਿ ਇਹ ਹਰ ਉਮੀਦਵਾਰ ਤੋਂ ਲੰਘੇ ਤਿੰਨ ਸਾਲਾਂ ਵਿਚ ਘੱਟੋ-ਘੱਟ ਇਕ ਮਿਆਰੀ ਪੁਸਤਕ ਦਾ ਰਚੇਤਾ ਹੋਣ ਦੀ ਮੰਗ ਕਰਦੀ ਹੈ| ਏਥੇ ਨੌਜਵਾਨ ਵਡੇਰੀ ਉਮਰ ਵਾਲਿਆਂ ਤੋਂ ਬਾਜ਼ੀ ਮਾਰ ਜਾਂਦੇ ਹਨ ਤੇ ਬਜ਼ੁਰਗ ਵਿਰਵੇ ਰਹਿ ਜਾਂਦੇ ਹਨ| ਇਸ ਸ਼ਰਤ ਦਾ ਮੁੱਖ ਲਾਭ ਇਹ ਹੈ ਕਿ ਇਸ ਨਾਲ ਉਮੀਦਵਾਰ ਲੇਖਕ ਦੀ ਰਚਣ ਪ੍ਰਕਿਰਿਆ ਜਾਰੀ ਹੋਣ ਦਾ ਸਬੂਤ ਮਿਲ ਜਾਂਦਾ ਹੈ|

ਅੰਤਿਕਾ
ਸੁਰਿੰਦਰ ਸੀਰਤ॥
ਡੁੱਬ ਗਿਆ ਇਕ ਹੋਰ ਸੂਰਜ, ਟੁੱਟਿਆ ਤਾਰਾ ਜਿਹਾ
ਕਹਿਕਸ਼ਾਂ ਵਿਚ ਦਰਦ ਕੰਬਿਆ ਧਰਤ ’ਤੇ ਪਾਰਾ ਜਿਹਾ
ਪੀੜ ਦੀ ਵਾਦੀ ’ਚ ਗੁੰਮ ਸੁੰਮ ਰਾਤ ਤੜਪੀ ਏ ਬਹੁਤ
ਕਲਪਨਾ ਵਿਚ ਉੱਤਰ ਆਇਆ ਕੋਈ ਨਵਾਂ ਠਾਰਾ ਜਿਹਾ
ਭਿਸ਼ਨਗੀ ਦੀ ਤਾਬ ਅੰਦਰ ਸੁਕ ਗਈ ਚਾਹਤ ਨਦੀ
ਢੇਰ ਚਿਰ ਤੋਂ ਹੈ ਤਲਬ ਵਿਚ ਆਬ ਹੀ ਖ਼ਾਰਾ ਜਿਹਾ
ਹੋਰ ਸਭ ਜੰਗਲ ’ਚ ਰੁਖ ਨੇ ਝੁਮਦੇ ਲਹਿਰਾਉਂਦੇ
ਬਿਰਖ ਮੇਰੇ ’ਤੇ ਹੀ ‘‘ਸੀਰਤ’’ ਚਲ ਰਿਹੈ ਆਰਾ ਜਿਹਾ।