ਹੁੱਲੜਬਾਜ਼ਾਂ ਵੱਲੋਂ ਗੁਰਦੁਆਰੇ ਦੀ ਭੰਨਤੋੜ
ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਆਂਧਰਾ ਪ੍ਰਦੇਸ਼ ਦੇ ਟੋਟੇ ਕਰ ਕੇ ਵੱਖਰਾ ਤਿਲੰਗਾਨਾ ਰਾਜ ਬਣਾਉਣ ਖ਼ਿਲਾਫ਼ ਹਿੰਸਕ ਸੰਘਰਸ਼ ਜਾਰੀ ਹੈ ਪਰ ਗ੍ਰਹਿ ਮੰਤਰੀ ਸੁਸ਼ੀਲ ਸ਼ਿੰਦੇ ਨੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ ਤੇ ਸੰਕੇਤ ਦਿੱਤੇ ਹਨ ਕਿ ਬਿਜਲੀ ਸਪਲਾਈ ਦੀ ਬਦਤਰ ਹੋ ਰਹੀ ਸਥਿਤੀ ਕਾਰਨ ਜ਼ਰੂਰੀ ਸੇਵਾਵਾਂ ਤੇ ਆਵਾਜਾਈ ਠੱਪ ਹੋਣ ਕਿਨਾਰੇ ਪੁੱਜਣ ਕਰ ਕੇ ਐਸਮਾ (ਈæਐਸ਼ਐਮæਏæ) ਲਾਗੂ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਕੁਝ ਹੁੱਲੜਬਾਜ਼ਾਂ ਨੇ ਰਾਤ ਨੂੰ ਜ਼ਿਲ੍ਹਾ ਵਿਜਿਆਨਾਗਰਮ ਸਥਿਤ ਗੁਰਦੁਆਰਾ ਸਾਹਿਬ ਦੀ ਭੰਨਤੋੜ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਬੀੜਾਂ ਨੂੰ ਅਗਨਭੇਟ ਕਰ ਦਿੱਤਾ। ਇਸ ਦੌਰਾਨ ਹੁੱਲੜਬਾਜ਼ਾਂ ਨੇ ਦੱਖਣੀ ਸਿੱਖਾਂ ਦੇ ਘਰਾਂ ਤੇ ਵਾਹਨਾਂ ਨੂੰ ਵੀ ਅੱਗ ਲਾ ਕੇ ਦਹਿਸ਼ਤ ਮਚਾਈ ਜਿਸ ਦੌਰਾਨ ਸਿੱਖ ਪਰਿਵਾਰਾਂ ਨੇ ਭੱਜ ਕੇ ਜਾਨਾਂ ਬਚਾਈਆਂ ਤੇ ਗ੍ਰੰਥੀ ਦੇ ਮਾਮੂਲੀ ਸੱਟਾਂ ਵੀ ਲੱਗੀਆਂ।
ਇਸ ਦੌਰਾਨ ਹੈਦਰਾਬਾਦ ਤੇ ਸਿਕੰਦਰਾਬਾਦ ਸਥਿਤ 20 ਤੋਂ ਵੱਧ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਵਫ਼ਦ ਨੇ ਆਂਧਰਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਮੰਤਰੀ ਬਾਤਸਾ ਸੱਤਿਆ ਨਰਾਇਣਨ ਨੂੰ ਮਿਲ ਕੇ ਸਾਰੀ ਹਾਲਤ ਤੋਂ ਜਾਣੂ ਕਰਵਾਇਆ ਹੈ ਤੇ ਉਨ੍ਹਾਂ ਨੇ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਮੁਜ਼ਾਹਰਾਕਾਰੀਆਂ ਵੱਲੋਂ ਗੁਰਦੁਆਰੇ ਉਪਰ ਹਮਲਾ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੇ ਪੀੜੇ ਨੂੰ ਸੜਕ ਵਿਚ ਰੱਖ ਕੇ ਅਗਨ ਭੇਟ ਕਰਨ ਦੀ ਨਿੰਦਾ ਕੀਤੀ ਤੇ ਇਸ ਨੂੰ ਕਾਇਰਤਾ ਪੂਰਨ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੰਗਾਕਾਰੀਆਂ ਵੱਲੋਂ ਪਹਿਲਾਂ ਉਥੇ ਵੱਸਦੇ ਘੱਟ-ਗਿਣਤੀ ਸਿਕਲੀਗਰ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਦੇ ਘਰਾਂ ਦੀ ਭੰਨ-ਤੋੜ ਕੀਤੀ ਗਈ।
ਉਧਰ ਆਂਧਰਾ ਪ੍ਰਦੇਸ਼ ਦੇ ਟੋਟੇ ਕਰਨ ਦੇ ਮੁੱਦੇ ਨੂੰ ਲੈ ਕੇ ਦਿੱਲੀ ਵਿਚ ਆਂਧਰਾ ਪ੍ਰਦੇਸ਼ ਭਵਨ ਵਿਚ ਅਣਮਿਥੇ ਸਮੇਂ ਦੀ ਭੁੱਖ ਹੜਤਾਲ ‘ਤੇ ਬੈਠੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਭਵਨ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਪਰ ਉਨ੍ਹਾਂ ਨੇ ਉਥੋਂ ਹਿੱਲਣੋਂ ਇਨਕਾਰ ਕਰ ਦਿੱਤਾ। ਆਂਧਰਾ ਪ੍ਰਦੇਸ਼ ਦੀ ਵੰਡ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਤੱਟੀ ਆਂਧਰਾ ਤੇ ਰਾਇਲਸੀਮਾ ਖੇਤਰਾਂ ਵਿਚ ਲੋਕ ਲਗਾਤਾਰ ਬਿਜਲੀ ਦੀ ਕਿੱਲਤ ਝੱਲ ਰਹੇ ਹਨ।
ਮੁੱਖ ਮੰਤਰੀ ਐਨæ ਕਿਰਨ ਕੁਮਾਰ ਰੈਡੀ ਨੇ ਮਸਲੇ ਦੇ ਹਾਲ ਲਈ ਮੀਟਿੰਗਾਂ ਦਾ ਸਿਲਸਿਲਾ ਵਿੱਢਿਆ ਹੋਇਆ ਹੈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲ ਰਹੀ। ਰਿਪੋਰਟਾਂ ਅਨੁਸਾਰ ਬਿਜਲੀ ਦੇ ਸੰਕਟ ਦਾ ਸਭ ਤੋਂ ਵੱਧ ਅਸਰ ਹਸਪਤਾਲ ਸੇਵਾਵਾਂ ‘ਤੇ ਪਿਆ ਜਦਕਿ ਸੀਮਾਂਧਰਾ ਦੇ ਹਵਾਈ ਅੱਡੇ ਬੈਕਅੱਪ ਸਿਸਟਮ ਆਸਰੇ ਚੱਲਦੇ ਰਹੇ। ਰੇਲ ਸੇਵਾਵਾਂ ਦਾ ਵੀ ਮੰਦਾ ਹਾਲ ਰਿਹਾ ਤੇ ਪੂਰਬ ਤੱਟੀ ਰੇਲਵੇ ਨੂੰ ਜਾਂ ਤਾਂ ਆਪਣੀਆਂ ਕਈ ਅਹਿਮ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਜਾਂ ਫਿਰ ਉਨ੍ਹਾਂ ਦਾ ਸਮਾਂ ਬਦਲਿਆ ਗਿਆ। ਸੂਬੇ ਵਿਚ ਸਭ ਤੋਂ ਵੱਡਾ ਸੰਕਟ ਬਿਜਲੀ ਦਾ ਹੈ। ਮੁੱਖ ਬਿਜਲੀ ਘਰਾਂ ਵਿਚ ਬਿਜਲੀ ਦਾ ਉਤਪਾਦਨ ਠੱਪ ਹੈ ਜਿਸ ਕਰ ਕੇ 3 ਤੋਂ 10 ਘੰਟੇ ਦੇ ਬਿਜਲੀ ਕੱਟ ਲਾਉਣੇ ਪਏ ਹਨ। ਸਰਕਾਰੀ ਸੂਤਰਾਂ ਅਨੁਸਾਰ ਸੂਬੇ ਵਿਚ ਬਿਜਲੀ ਦੀ ਕੁੱਲ ਮੰਗ 11000 ਮੈਗਾਵਾਟ ਹੈ ਪਰ ਸਪਲਾਈ 7500 ਮੈਗਾਵਾਟ ਰਹੀ। ਸੂਬੇ ਦੇ ਅਹਿਮ ਖੇਤਰਾਂ ਵਿਚ ਹਨੇਰਾ ਛਾਇਆ ਰਿਹਾ। ਰਾਜ ਦੀ ਵੰਡ ਦੇ ਖ਼ਿਲਾਫ਼ ਤੱਟੀ ਆਂਧਰਾ ਤੇ ਰਾਇਲਸੀਮਾ ਵਿਚ ਜ਼ੋਰ-ਸ਼ੋਰ ਨਾਲ ਰੋਸ ਪ੍ਰਦਰਸ਼ਨ ਹੋਏ।
ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਨੇ ਪਾਰਟੀ ਵੱਲੋਂ ਸੀਮਾਂਧਰਾ ਦੇ ਲੋਕਾਂ ਨੂੰ ਅੰਦੋਲਨ ਦਾ ਰਾਹ ਛੱਡਣ ਦੀ ਅਪੀਲ ਕੀਤੀ ਹੈ। ਦਿੱਗਵਿਜੈ ਸਿੰਘ ਪਾਰਟੀ ਦੇ ਆਂਧਰਾ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸੀਮਾਂਧਰਾ ਦੇ ਲੋਕਾਂ ਦੇ ਸਾਰੇ ਫਿਕਰਾਂ ਵਿਚ ਭਾਈਵਾਲ ਹੈ ਤੇ ਤਿਲੰਗਾਨਾ ਵਿਚ ਰਹਿੰਦੇ ਉਨ੍ਹਾਂ ਲੋਕਾਂ, ਉਨ੍ਹਾਂ ਦੀ ਸਿੱਖਿਆ ਤੇ ਰੁਜ਼ਗਾਰ ਦੇ ਮੌਕਿਆਂ ਦੇ ਸਾਰੇ ਫ਼ਿਕਰਾਂ ਦਾ ਹੱਲ ਹਾਂਦਰੂ ਢੰਗ ਨਾਲ ਕੱਢਣ ਲਈ ਵਚਨਬੱਧ ਹੈ।
Leave a Reply