ਆਰਮੀਨੀਆ ਦੀ ਜੇਲ੍ਹ `ਚ ਫਸੇ ਪੰਜਾਬੀ ਨੌਜਵਾਨਾਂ ਵੱਲੋਂ ਮਦਦ ਦੀ ਅਪੀਲ

ਜਲੰਧਰ: ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇਕ ਵੀਡੀਓ ਮੁਤਾਬਕ ਪੰਜਾਬ ਦੇ ਇਕ ਦਰਜਨ ਤੋਂ ਵੱਧ ਨੌਜਵਾਨ ਯੂਰਪ ਜਾਣ ਦੇ ਸੁਨਹਿਰੀ ਸੁਪਨੇ ਦੇਖਦਿਆਂ ਧੋਖੇਬਾਜ਼ ਟਰੈਵਲ ਏਜੰਟਾਂ ਦਾ ਸ਼ਿਕਾਰ ਹੋ ਗਏ ਤੇ ਉਹ ਆਰਮੀਨੀਆ ਦੀ ‘ਅਮਰਾਵੀਰ ਜੇਲ੍ਹ‘ ਵਿਚ ਫਸ ਗਏ। ਸੋਸ਼ਲ ਪਲੇਟਫਰਮਾਂ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਚਾਰ ਪੰਜ ਨੌਜਵਾਨ ਆਪਣੇ ਦੁੱਖੜੇ ਸੁਣਾ ਰਹੇ ਹਨ।

ਉਹ ਭਾਰਤ ਸਰਕਾਰ ਨੂੰ ਬਚਾਉਣ ਦੀਆਂ ਅਪੀਲਾਂ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਯੂਰਪ ਦੀਆਂ ਹਰੀਆਂ-ਭਰੀਆ ਚਰਾਂਦਾ ਦਿਖਾਉਣ ਦਾ ਵਾਅਦਾ ਕਰਕੇ ਇਨ੍ਹਾਂ ਚਰਾਂਦਾ ਦੇ ਨੇੜੇ ਹੀ ਵੱਗਦੀ ਸਾਫ ਪਾਣੀ ਦੀ ਨਦੀ ਨੇੜੇ ਝੌਪੜੀਨੁਮਾ ਘਰ ਵਿਚ ਰੱਖਣ ਦਾ ਵਾਅਦਾ ਕੀਤਾ ਸੀ। ਇਹ ਨੌਜਵਾਨ ਜੇਲ੍ਹ ਵਿਚਲੇ ਲੋਹੇ ਦੇ ਬੈਂਚ ਦਿਖਾਉਂਦੇ ਹਨ ਜਿਨ੍ਹਾਂ ਉਪਰ ਉਨ੍ਹਾਂ ਨੂੰ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਵੀਡੀਓ ਵਿਚ ਇਕ ਹੋਰ ਨੌਜਵਾਨ ਨੇ ਦੱਸਿਆ ਕਿ ਧੋਖੇਬਾਜ਼ ਟਰੈਵਲ ਏਜੰਟਾਂ ਨੇ ਉਨ੍ਹਾਂ ਨਾਲ ਯੂਰਪ ਵਿਚ ਵਧੀਆ ਕੰਮ ਦੁਆਉਣ ਦਾ ਝੂਠਾ ਵਾਅਦਾ ਵੀ ਕੀਤਾ ਸੀ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਵਿਚ ਰੱਖਿਆ ਗਿਆ ਹੈ ਅਤੇ ਤਿੰਨ ਤੋਂ ਛੇ ਸਾਲ ਦੀ ਸਜ਼ਾ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕੋਲੋਂ ਅਜਿਹੀ ਭਾਸ਼ਾ ਵਾਲੇ ਦਸਤਾਵੇਜ਼ਾਂ ‘ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਜਿਹੜੀ ਭਾਸ਼ਾ ਉਹ ਜਾਣਦੇ ਤੱਕ ਨਹੀਂ ਹਨ।
ਇਨ੍ਹਾਂ ਮੁੰਡਿਆ ਨੇ ਦੱਸਿਆ ਕਿ ਅਜਿਹੇ ਜਾਨਵਰਾਂ ਦਾ ਮਾਸ ਖਾਣੇ ਵਿਚ ਦਿੱਤਾ ਜਾਂਦਾ ਹੈ ਜਿਹੜੇ ਜਾਨਵਰਾਂ ਦਾ ਮਾਸ ਉਤਰੀ ਭਾਰਤ ਵਿਚ ਆਮ ਨਹੀਂ ਖਾਧਾ ਜਾਂਦਾ। ਹਾਲਾਂਕਿ, ਵਾਇਰਲ ਹੋਈ ਸੰਖੇਪ ਜਿਹੀ ਵੀਡੀਓ ਕਲਿੱਪ ਵਿਚ ਉਹ ਭਾਰਤ ਵਿਚ ਨੌਜਵਾਨ ਕਿਹੜੇ ਖਿਤੇ ਵਿਚ ਰਹਿੰਦੇ ਹਨ, ਉਸ ਦਾ ਖੁਲਾਸਾ ਨਹੀਂ ਕਰਦੇ। ਜਦੋਂ ਇਹ ਵੀਡੀਓ ਫੁਟੇਜ਼ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿਚ ਆਈ ਤਾਂ ਉਨ੍ਹਾਂ ਨੇ ਤੁਰਤ ਵਿਦੇਸ਼ ਮੰਤਰਾਲੇ ਅਤੇ ਅਰਮੀਨੀਅ ਦੇ ਭਾਰਤੀ ਦੂਤਾਵਾਸ ਨੂੰ ਪੱਤਰ ਈਮੇਲ ਕੀਤਾ ਹੈ ਤੇ ਜੇਲ੍ਹ ਵਿਚ ਫਸੇ ਇਨ੍ਹਾਂ ਨੌਜਵਾਨਾਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਸਹਾਇਤਾ ਦੇਣ ਦੀ ਅਪੀਲ ਕੀਤੀ। ਸੰਤ ਸੀਚੇਵਾਲ ਨੇ ਆਪਣੇ ਫੇਸਬੁਕ ਅਕਾਊਂਟ ‘ਤੇ ਕਲਿੱਪ ਸਾਂਝੀ ਕੀਤੀ, ਲੋਕਾਂ ਨੂੰ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ। ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ।