ਵਿਆਹ ਬੰਧਨ ‘ਚ ਬੱਝੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ

ਜ਼ੀਰਕਪੁਰ: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਵਿਚ ਬੱਝ ਗਏ। ਜ਼ੀਰਕਪੁਰ ਦੇ ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਵਿਖੇ ਉਨ੍ਹਾਂ ਨੇ ਬਲਟਾਣਾ ਵਸਨੀਕ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਲਾਵਾਂ ਲੈ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ।

ਵਿਆਹ ਬਹੁਤ ਸਾਦੇ ਢੰਗ ਨਾਲ ਕੀਤਾ ਗਿਆ ਜਿੱਥੇ ਦੋਵਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਖ਼ਾਸ ਦੋਸਤ ਹੀ ਸ਼ਾਮਲ ਹੋਏ। ਵਿਆਹ ਤੋਂ ਬਾਅਦ ਦੋਵਾਂ ਨੇ ਸਾਰੇ ਮਹਿਮਾਨਾਂ ਨਾਲ ਲੰਗਰ ਛਕਿਆ। ਵਿਆਹ ਤੋਂ ਬਾਅਦ ਨਿੱਜੀ ਪੈਲੇਸ ਵਿਚ ਪਾਰਟੀ ਰੱਖੀ ਗਈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਨਾਲ ਪਹੁੰਚ ਕੇ ਨਵੇਂ ਜੋੜੇ ਨੂੰ ਆਸ਼ੀਰਵਾਦ ਦਿੱਤਾ। ਨਮੋਲ ਗਗਨ ਮਾਨ ਮਾਨਸਾ ਦੀ ਜੰਮਪਲ ਹੈ ਜਿਸ ਨੇ ਆਪਣਾ ਕਰੀਅਰ ਮਾਡਲਿੰਗ ਤੋਂ ਸ਼ੁਰੂ ਕੀਤਾ। ਉਨ੍ਹਾਂ ਸਾਲ 2004 ਤੋਂ 2013 ਤੱਕ ਮਾਡਲਿੰਗ ਕੀਤੀ।
ਇਸ ਮਗਰੋਂ 2014 ਤੋਂ ਪੰਜਾਬੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ। ਸਾਲ 2020 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ। ਸਾਲ 2022 ਵਿਚ ਉਹ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੀ ਗਈ। ਪਾਰਟੀ ਵੱਲੋਂ ਉਨ੍ਹਾਂ ਨੂੰ ਸੈਰ-ਸਪਾਟਾ ਸਣੇ ਚਾਰ ਮਹਿਕਮਿਆਂ ਦਾ ਮੰਤਰੀ ਬਣਾਇਆ ਗਿਆ।
ਉਧਰ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸੋਹੀ ਜ਼ੀਰਕਪੁਰ ਦੇ ਬਲਟਾਣਾ ਖੇਤਰ ਦੇ ਮਰਹੂਮ ਕਾਂਗਰਸੀ ਆਗੂ ਰਵਿੰਦਰ ਸਿੰਘ ਕੁਕੂ ਸੋਹੀ ਦੇ ਛੋਟੇ ਪੁੱਤਰ ਹਨ। ਸੋਹੀ ਪਰਿਵਾਰ ਇਸ ਖੇਤਰ ਦੇ ਵੱਡੇ ਜ਼ਿਮੀਂਦਾਰ ਹਨ। ਸ਼ਾਹਬਾਜ਼ ਸੋਹੀ ਦੀ ਮਾਤਾ ਸ਼ੀਲਮ ਸੋਹੀ ਕਾਂਗਰਸ ਵੱਲੋਂ ਸਾਲ 2002 ‘ਚ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ, ਜੋ ਉਹ ਹਾਰ ਗਏ ਸੀ। ਸ਼ੀਲਮ ਸੋਹੀ ਲੰਮੇ ਸਮੇਂ ਤੋਂ ਅਕਾਲੀ ਦਲ ਵਿਚ ਸੀ ਤੇ ਉਨ੍ਹਾਂ ਇਕ ਮਹੀਨੇ ਪਹਿਲਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਸ਼ਾਹਬਾਜ਼ ਸੋਹੀ ਦਾ ਦਾਦਾ ਮਰਹੂਮ ਬਲਬੀਰ ਸਿੰਘ ਬਲਟਾਣਾ ਆਜ਼ਾਦ ਤੌਰ ‘ਤੇ ਜਿੱਤ ਕੇ ਵਿਧਾਇਕ ਰਹਿ ਚੁੱਕੇ ਹਨ।