ਈ.ਵੀ.ਐਮ. ਬਾਰੇ ਮਸਕ ਦੇ ਬਿਆਨ ਨਾਲ ਭਾਰਤ `ਚ ਸਿਆਸੀ ਤੂਫ਼ਾਨ

ਨਵੀਂ ਦਿੱਲੀ: ਹੈਕਿੰਗ ਦੇ ਜੋਖਮ ਦੇ ਹਵਾਲੇ ਨਾਲ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ) ਨੂੰ ਖ਼ਤਮ ਕਰਨ ਦੇ ‘ਸਪੇਸਐਕਸ` ਅਤੇ ਟੈਸਲਾ ਦੇ ਸੀ.ਈ.ਓ. ਐਲਨ ਮਸਕ ਦੇ ਸੱਦੇ ਮਗਰੋਂ ਭਾਰਤ ਵਿਚ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ। ਲੰਮੇ ਸਮੇਂ ਤੋਂ ਈ.ਵੀ.ਐਮ. ਦੀ ਭਰੋਸੇਯੋਗਤਾ `ਤੇ ਸਵਾਲ ਉਠਾ ਰਹੀਆਂ ਵਿਰੋਧੀ ਧਿਰਾਂ ਨੇ ਮਸਕ ਦੀ ਇਸ ਟਿੱਪਣੀ ਦਾ ਸਮਰਥਨ ਕੀਤਾ ਹੈ। ਵਿਰੋਧੀ ਧਿਰਾਂ ਪਿਛਲੇ ਕੁਝ ਸਮੇਂ ਤੋਂ ਈ.ਵੀ.ਐਮ. ਨੂੰ ਲੈ ਕੇ ਫ਼ਿਕਰ ਜ਼ਾਹਰ ਕਰ ਰਹੀਆਂ ਹਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਵੀ.ਵੀ.ਪੈਟ ਪਰਚੀਆਂ ਦੇ 100 ਫੀਸਦੀ ਮਿਲਾਨ ਦੀ ਮੰਗ ਕੀਤੀ ਸੀ, ਜਿਸ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਮਸਕ ਦਾ ਇਹ ਪ੍ਰਤੀਕਰਮ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਆਜ਼ਾਦ ਉਮੀਦਵਾਰ ਰਾਬਰਟ ਐੱਫ. ਕੈਨੇਡੀ ਜੂਨੀਅਰ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਮਗਰੋਂ ਆਇਆ ਹੈ। ਉਨ੍ਹਾਂ ਨੇ ਪਿਊਰਟੋ ਰੀਕੋ ਦੀਆਂ ਮੁੱਢਲੀਆਂ ਚੋਣਾਂ ਵਿਚ ਵਰਤੀਆਂ ਗਈਆਂ ਈ.ਵੀ.ਐਮ. ਨਾਲ ਸਬੰਧਤ ਬੇਨੇਮੀਆਂ ਦਾ ਜ਼ਿਕਰ ਕੀਤਾ ਸੀ। ਮਸਕ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ` ਉਤੇ ਇਕ ਪੋਸਟ ਵਿਚ ਕਿਹਾ, “ਸਾਨੂੰ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਹਟਾ ਦੇਣੀਆਂ ਚਾਹੀਦੀਆਂ ਹਨ। ਇਨਸਾਨਾਂ ਜਾਂ ਮਸਨੂਈ ਬੌਧਿਕਤਾ (ਏ.ਆਈ) ਵੱਲੋਂ ਹੈਕ ਕਰਨ ਦਾ ਜੋਖਮ ਹਾਲਾਂਕਿ, ਘੱਟ ਹੈ, ਪਰ ਫਿਰ ਵੀ ਬਹੁਤ ਜ਼ਿਆਦਾ ਹੈ।“
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਇਲੈਕਟਰੌਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ‘ਬਲੈਕ ਬਾਕਸ` ਹਨ, ਜਿਨ੍ਹਾਂ ਦੀ ਜਾਂਚ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿਚ ਚੋਣ ਪ੍ਰਕਿਰਿਆ ਨੂੰ ਲੈ ਕੇ ‘ਗੰਭੀਰ ਚਿੰਤਾਵਾਂ` ਜਤਾਈਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਦੀ ਇਹ ਪ੍ਰਤੀਕਿਰਿਆ ਤਕਨੀਕੀ ਦਿੱਗਜ ਐਲਨ ਮਸਕ ਦੀ ਉਸ ਟਿੱਪਣੀ `ਤੇ ਆਈ ਹੈ ਜਿਸ ਵਿਚ ਉਨ੍ਹਾਂ ਨੇ ਈ.ਵੀ.ਐਮ. ਦੀ ‘ਦੁਰਵਰਤੋਂ` `ਤੇ ਸਵਾਲ ਉਠਾਇਆ ਸੀ।
ਰਾਹੁਲ ਨੇ ‘ਐਕਸ` ਉਤੇ ਪੋਸਟ ਵਿਚ ਕਿਹਾ, “ਜਦੋਂ ਅਦਾਰਿਆਂ ਦੀ ਜਵਾਬਦੇਹੀ ਹੀ ਨਹੀਂ ਹੁੰਦੀ ਤਾਂ ਜਮਹੂਰੀਅਤ ਸਿਰਫ਼ ਇਕ ਦਿਖਾਵਾ ਬਣ ਕੇ ਰਹਿ ਜਾਂਦੀ ਹੈ ਅਤੇ ਹੇਰਾਫੇਰੀ ਦਾ ਖ਼ਦਸ਼ਾ ਵਧ ਜਾਂਦਾ ਹੈ।“
ਇਸ ਪੋਸਟ ਨਾਲ ਰਾਹੁਲ ਨੇ ਮੀਡੀਆ ਰਿਪੋਰਟ ਵੀ ਸਾਂਝੀ ਕੀਤੀ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁੰਬਈ ਦੇ ਉੱਤਰ-ਪੱਛਮ ਤੋਂ 48 ਵੋਟਾਂ ਨਾਲ ਜੇਤੂ ਰਹੇ ਸ਼ਿਵ ਸੈਨਾ ਦੇ ਇਕ ਉਮੀਦਵਾਰ ਦੇ ਰਿਸ਼ਤੇਦਾਰ ਕੋਲ ਇਕ ਫੋਨ ਅਜਿਹਾ ਹੈ ਜਿਸ ਨਾਲ ਈ.ਵੀ.ਐਮ. ਨੂੰ ਖੋਲਿ੍ਹਆ ਜਾ ਸਕਦਾ ਸੀ।