ਅਮਰੀਕਾ ਨੇ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ ਵੀਜ਼ੇ ਜਾਰੀ ਕੀਤੇ

ਨਵੀਂ ਦਿਲੀ: ਪਿਛਲੇ ਸਾਲ ਰਿਕਾਰਡ 1,40,000 ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕਰਨ ਮਗਰੋਂ ਭਾਰਤ ਸਥਿਤ ਅਮਰੀਕੀ ਕੌਂਸੁਲੇਟ ਇਸ ਸਾਲ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ‘ਚ ਸੰਭਾਵੀ ਵਾਧੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਦੂਤਾਵਾਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਵੀਜ਼ਿਆਂ ਦੀ ਅਨੁਮਾਨਤ ਕੁੱਲ ਗਿਣਤੀ ਪਿਛਲੇ ਸਾਲ ਦੇ ਬਰਾਬਰ ਜਾਂ ਉਸ ਤੋਂ ਵੱਧ ਹੋਵੇਗੀ।
ਭਾਰਤ ‘ਚ ਅਮਰੀਕੀ ਮਿਸ਼ਨ ਨੇ ਦੇਸ਼ ਭਰ ‘ਚ ਆਪਣਾ 8ਵਾਂ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ। ਇਸ ਤਹਿਤ ਨਵੀਂ ਦਿੱਲੀ, ਚੇਨੱਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਵਿਚਲੇ ਕੌਂਸੁਲੇਟ ਦੂਤਾਵਾਸ ਅਧਿਕਾਰੀਆਂ ਨੇ ਵਿਦਿਆਰਥੀ ਵੀਜ਼ੇ ਦੇ ਅਰਜ਼ੀਕਾਰਾਂ ਨਾਲ ਇੰਟਰਵਿਊਜ਼ ਕੀਤੀਆਂ। ਦਿੱਲੀ ਸਥਿਤ ਅਮਰੀਕੀ ਦੂਤਾਵਾਸ ‘ਚ ਸਵੇਰ ਤੋਂ ਹੀ ਵਿਦਿਆਰਥੀਆਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਅਮਰੀਕੀ ਯੂਨੀਵਰਸਿਟੀਆਂ ‘ਚ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਪੜ੍ਹਦੇ ਹਨ ਅਤੇ ਪਿਛਲੇ ਸਾਲ ਭਾਰਤ ‘ਚ ਅਮਰੀਕੀ ਕੌਂਸੁਲੇਟ ਨੇ 1,40,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਜੋ ਕਿਸੇ ਵੀ ਹੋਰ ਮੁਲਕ ਮੁਕਾਬਲੇ ਵੱਧ ਸਨ।
ਅਮਰੀਕੀ ਦੂਤਾਵਾਸ ਦੇ ਕਾਰਜਕਾਰੀ ਕੌਂਸੁਲ ਜਨਰਲ ਸਯਦ ਮੁਜਤਬਾ ਅੰਦਰਾਬੀ ਨੇ ਦੱਸਿਆ ਕਿ ਵਿਦਿਆਰਥੀ ਵੀਜ਼ੇ ਉਨ੍ਹਾਂ ਦੀਆਂ ਤਰਜੀਹਾਂ ‘ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਿੱਦਿਅਕ ਆਦਾਨ-ਪ੍ਰਦਾਨ ਇਸ ਪ੍ਰਸ਼ਾਸਨ ਤੇ ਉਨ੍ਹਾਂ ਦੇ ਮਿਸ਼ਨ ਦੀ ਸਭ ਤੋਂ ਵੱਡੀਆਂ ਤਰਜੀਹਾਂ ‘ਚੋਂ ਇਕ ਹੈ।