ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਦਲਿਤ ਵੋਟ ਬੈਂਕ `ਤੇ ਰੱਖੀ ਟੇਕ

ਚੰਡੀਗੜ੍ਹ: ਭਾਜਪਾ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਕਰਾਰੀ ਹਾਰ ਮਗਰੋਂ 2027 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਵੋਟ ਬੈਂਕ 6 ਫ਼ੀਸਦ ਤੋਂ ਵੱਧ ਕੇ 19 ਫ਼ੀਸਦ ‘ਤੇ ਪਹੁੰਚ ਗਿਆ ਹੈ, ਪਰ ਉਸ ਦੇ ਹੱਥ ਕੁਝ ਨਾ ਲੱਗਿਆ। ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਭਾਜਪਾ ਦੀ ਹਾਰ ਤੋਂ ਬਾਅਦ ਪੰਜਾਬ ਭਾਜਪਾ ਵੱਲੋਂ ਚੋਣਾਂ ‘ਚ ਹੋਈ ਹਾਰ ਦੇ ਕਾਰਨਾਂ ਦੀ ਪੜਚੋਲ ਕੀਤੀ ਗਈ। ਇਸ ਸਬੰਧੀ ਮੀਟਿੰਗ ਲਈ ਸੂਬੇ ਭਰ ਤੋਂ ਵੱਡੀ ਗਿਣਤੀ ‘ਚ ਭਾਜਪਾ ਆਗੂ ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਪਹੁੰਚੇ।

ਇਸ ਦੌਰਾਨ ਉਨ੍ਹਾਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਢਣ ‘ਤੇ ਜ਼ੋਰ ਦਿੱਤਾ। ਮੀਟਿੰਗ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਵਿਚ ਭਾਜਪਾ ਦੇ ਵਧ ਰਹੇ ਵੋਟ ਬੈਂਕ ਤੋਂ ਸਪੱਸ਼ਟ ਹੈ ਕਿ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ, ਪਰ ਇਹ ਕਾਫ਼ੀ ਨਹੀਂ ਹੈ ਤੇ ਇਸ ਨੂੰ ਬਰਕਰਾਰ ਰੱਖ ਕੇ ਬਿਹਤਰ ਕਰਨ ਦੀ ਲੋੜ ਹੈ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਹਾਜ਼ਰ ਸਨ ਜਿਨ੍ਹਾਂ ਦਾ ਜਾਖੜ ਵੱਲੋਂ ਸਨਮਾਨ ਕੀਤਾ ਗਿਆ।
ਸ੍ਰੀ ਜਾਖੜ ਨੇ ਪਾਰਟੀ ਵਰਕਰਾਂ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲੋਕਾਂ ਦੀ ਸੇਵਾ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਨਾਲ ਭਾਜਪਾ ਸਾਲ 2027 ‘ਚ ਪੰਜਾਬ ਵਿਚ ਸਰਕਾਰ ਬਣਾ ਕੇ ਰਹੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜਿਨ੍ਹਾਂ ਹਲਕਿਆਂ ਵਿਚ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਉਨ੍ਹਾਂ ‘ਚ ਮੰਡਲਾਂ ਤੇ ਬੂਥ ਪ੍ਰਧਾਨਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਵਿਧਾਨ ਸਭਾ ਵਿੱਚ ਭਾਜਪਾ ਦੇ ਭਾਵੇਂ ਦੋ ਵਿਧਾਇਕ ਹਨ, ਪਰ ‘ਆਪ‘ ਅਤੇ ਕਾਂਗਰਸ ਦੇ ‘ਗੱਠਜੋੜ‘ ਨੂੰ ਬੇਨਕਾਬ ਕਰਨ ਲਈ ਭਾਜਪਾ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ‘ਆਪ‘ ਅਤੇ ਕਾਂਗਰਸ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਖ਼ਿਲਾਫ਼ ਪ੍ਰਚਾਰ ਕੀਤਾ ਸੀ, ਪਰ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਭਾਜਪਾ ਦੀ ਵੋਟ ਫ਼ੀਸਦ ਵਿਚ ਵਾਧਾ ਹੋਇਆ ਹੈ।
ਜਲੰਧਰ ਜ਼ਿਮਨੀ ਚੋਣ: ਦਲ-ਬਦਲੂ ਮੁੜ ਹੋਣਗੇ ਆਹਮੋ-ਸਾਹਮਣੇ
ਜਲੰਧਰ: ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿਚ ਚੋਣ ਸਰਗਮੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਮੋਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਭਾਜਪਾ ਨੇ ਵੀ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਆਪਣਾ ਉਮੀਦਵਾਰ ਬਣਾ ਐਲਾਨ ਦਿੱਤਾ ਹੈ। ਦਿਲਚਸਪ ਗੱਲ ਹੈ ਕਿ ਭਾਜਪਾ ਵਿਚੋਂ ਆਏ ਮੋਹਿੰਦਰ ਭਗਤ ਨੂੰ ਆਪ ਨੇ, ਜਦ ਕਿ ਭਾਜਪਾ ਨੇ ਆਪ ਛੱਡ ਕੇ ਭਾਜਪਾ ਵਿਚ ਗਏ ਸ਼ੀਤਲ ਅੰਗੁਰਾਲ ਨੂੰ ਆਪਣਾ ਉਮੀਦਵਾਰ ਐਲਾਨਿਆ। ਸਾਲ 2022 ਦੀਆਂ ਚੋਣਾਂ ਦੌਰਾਨ ਵੀ ਮੋਹਿੰਦਰ ਭਗਤ ਤੇ ਸ਼ੀਤਲ ਅੰਗੁਰਾਲ ਇਕ ਦੂਜੇ ਦੇ ਵਿਰੁੱਧ ਚੋਣਾਂ ਲੜੀਆਂ ਸਨ, ਉਦੋਂ ਮਹਿੰਦਰ ਭਗਤ ਭਾਜਪਾ ਦਾ ਉਮੀਦਵਾਰ ਸੀ ਤੇ ਸ਼ੀਤਲ ਅੰਗੁਰਾਲ ਆਪ ਦਾ ਉਮੀਦਵਾਰ ਸੀ।