ਰਵਨੀਤ ਬਿੱਟੂ ਦੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਬਾਰੇ ਬਿਆਨ ਤੋਂ ਭਾਜਪਾ `ਚ ਘਮਸਾਣ

ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਅਤੇ ਡਿਬਰਗੂੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਮਿਲਣ ਜਾਣ ਦੇ ਬਿਆਨ ਤੋਂ ਭਾਜਪਾ ਅੰਦਰ ਘਮਸਾਣ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਬੁਲਾਰੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਇਸ ਸਬੰਧੀ ਕਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਭਾਜਪਾ ਦੀ ਵਿਚਾਰਧਾਰਾ ਦੇ ਉਲਟ ਅਜਿਹੇ ਬਿਆਨ ਦੇਣਾ ਸੋਭਾ ਨਹੀਂ ਦਿੰਦੇ

। ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਂਡ ਨੇ ਰਵਨੀਤ ਸਿੰਘ ਬਿੱਟੂ ਦੇ ਚੋਣ ਹਾਰ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਮੰਤਰੀ ਬਣਾ ਕੇ ਪੰਜਾਬ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ ਪਰ ਉਨ੍ਹਾਂ ਦੇ ਬਿਆਨ ਲੋਕਾਂ ਨੂੰ ਦੁਬਿਧਾ ‘ਚ ਪਾ ਰਹੇ ਹਨ। ਬਰਾੜ ਨੇ ਆਖਿਆ ਕਿ ਬਿੱਟੂ ਨੂੰ ਹੁਣ ਕਾਂਗਰਸ ਦੀ ਕਥਿਤ ਦੋ-ਮੂੰਹੀਂ ਰਾਜਨੀਤੀ ਭੁੱਲ ਕੇ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਹੁਣ ਭਾਜਪਾ ਆਗੂ ਅਤੇ ਸਰਕਾਰ ਵਿਚ ਮੰਤਰੀ ਹਨ। ਬਰਾੜ ਨੇ ਕਿਹਾ ਕਿ ਉਹ ਕਿ ਪਾਰਟੀ ਦੀ ਹਾਈਕਮਾਂਡ ਨੂੰ ਪੱਤਰ ਲਿਖ ਕੇ ਬਿੱਟੂ ਨੂੰ ਅਜਿਹੇ ਬਿਆਨ ਦੇਣ ਤੋਂ ਵਰਜਣ ਦੀ ਅਪੀਲ ਕਰਨਗੇ।
ਦੱਸ ਦਈਏ ਕਿ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਕਿ ਉਹ ਪੰਜਾਬ ਅਤੇ ਖ਼ਾਸ ਕਰਕੇ ਕਿਸਾਨਾਂ ਦੇ ਹੱਕਾਂ ਅਤੇ ਹਿੱਤਾਂ ਲਈ ਪੂਰੀ ਵਾਹ ਲਗਾਉਣਗੇ ਅਤੇ ਪ੍ਰਧਾਨ ਮੰਤਰੀ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਗੇ। ਉਹ ਕੇਂਦਰੀ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਇੱਥੇ ਪੁੱਜੇ ਸਨ। ਉਨ੍ਹਾਂ ਸਰਕਟ ਹਾਊਸ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸੂਬੇ ਦੇ ਭਲੇ ਲਈ ਨਿਭਾਉਣਗੇ। ਉਨ੍ਹਾਂ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਸੰਪਰਕ ਕਰਨ ਲਈ ਕਿਹਾ ਹੈ। ਉਹ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਗੱਲਬਾਤ ਕਰਨਗੇ ਤਾਂ ਜੋ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸੰਭਵ ਹੋ ਸਕੇ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਜ਼ਾ ਭੁਗਤਣ ਮਗਰੋਂ ਵੀ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਵਿਚ ਉਹ ਧਿਰ ਬਣ ਕੇ ਕੋਈ ਰੁਕਾਵਟ ਨਹੀਂ ਪੈਦਾ ਕਰਨਗੇ ਸਗੋਂ ਕਾਨੂੰਨ ਅਨੁਸਾਰ ਕਾਰਵਾਈ ਯਕੀਨੀ ਬਣਾਉਣਗੇ।