-ਜਤਿੰਦਰ ਪਨੂੰ
ਸਾਨੂੰ ਇਸ ‘ਤੇ ਜ਼ਰਾ ਵੀ ਇਤਰਾਜ਼ ਨਹੀਂ ਕਿ ਗਵਾਂਢੀ ਹੋਣ ਕਰ ਕੇ ਪਾਕਿਸਤਾਨ ਨਾਲ ਸਬੰਧ ਸੁਧਰਨੇ ਵੀ ਚਾਹੀਦੇ ਹਨ ਤੇ ਸੁਧਾਰਨੇ ਵੀ ਚਾਹੀਦੇ ਹਨ। ਮੁਸ਼ਕਲ ਇਹ ਹੈ ਕਿ ਇਹ ਸਬੰਧ ਸੁਧਰ ਨਹੀਂ ਰਹੇ। ਦੋਵਾਂ ਪਾਸਿਆਂ ਤੋਂ ਕਈ ਲੋਕ ਇਹੋ ਜਿਹੇ ਹਨ, ਜਿਹੜੇ ਸਬੰਧ ਸੁਧਾਰਨ ਵਿਚ ਯੋਗਦਾਨ ਪਾਉਣ ਦੀ ਥਾਂ ਵਿਗਾੜਨ ਵਾਲੀਆਂ ਚਾਬੀਆਂ ਘੁੰਮਾਉਣ ਲੱਗੇ ਰਹਿੰਦੇ ਹਨ। ਇਹ ਕੋਸ਼ਿਸ਼ਾਂ ਹੁਣ ਵੀ ਜਾਰੀ ਹਨ ਤੇ ਜਾਪਦਾ ਹੈ ਜਾਰੀ ਰਹਿਣਗੀਆਂ ਵੀ।
ਸਭ ਤੋਂ ਵੱਡੀ ਮੁਸੀਬਤ ਇਹ ਹੈ ਕਿ ਭਾਰਤ ਵਿਚ ਦਹਿਸ਼ਤਗਰਦ ਵਾਰਦਾਤਾਂ ਹੋਣ ਤੋਂ ਨਹੀਂ ਰੁਕ ਰਹੀਆਂ ਤੇ ਹਰ ਵਾਰਦਾਤ ਦੀ ਪੈੜ ਅੰਤ ਨੂੰ ਪਾਕਿਸਤਾਨ ਵਿਚ ਜਾ ਕੇ ਨਿਕਲਦੀ ਹੈ। ਸਿਰਫ ਸਾਡੇ ਹੀ ਨਹੀਂ, ਕੀਨੀਆ ਦੇ ਇੱਕ ਸ਼ਾਪਿੰਗ ਮਾਲ ਵਿਚ ਵਾਰਦਾਤ ਹੋਈ ਤਾਂ ਓਥੇ ਵੀ ਜਿਹੜੇ ਲੋਕ ਦੋਸ਼ੀ ਨਿਕਲੇ, ਉਸ ਅਲ-ਸ਼ਬਾਬ ਨਾਂ ਦੇ ਧੜੇ ਦੀ ਸਿੱਧੀ ਤੰਦ ਪਾਕਿਸਤਾਨ ਨਾਲ ਜਾ ਜੁੜੀ ਹੈ। ਅਮਰੀਕਾ ਵਾਲੇ ਕਈ ਵਾਰੀ ਆਪਣੇ ਕਾਨੂੰਨ ਵਿਚ ਦੋਸ਼ੀ ਮੰਨੇ ਜਾਂਦੇ ਦਹਿਸ਼ਤਗਰਦਾਂ ਨੂੰ ਪਾਕਿਸਤਾਨ ਵਿਚੋਂ ਫੜ ਕੇ ਲਿਜਾ ਚੁੱਕੇ ਹਨ ਤੇ ਪਾਕਿਸਤਾਨ ਦੇ ਜਿਹੜੇ ਹਾਕਮ ਹਰ ਵੇਲੇ ਭਾਰਤ ਨੂੰ ਘੂਰੀਆਂ ਵੱਟ ਕੇ ਖੁਸ਼ ਹੁੰਦੇ ਹਨ, ਅਮਰੀਕੀ ਹਕੂਮਤ ਨੂੰ ਉਸ ਦੀ ਲੋੜ ਦੇ ਬੰਦੇ ਇਨ੍ਹਾਂ ਨੇ ਆਪ ਫੜ ਕੇ ਪੇਸ਼ ਕੀਤੇ ਹਨ। ਚੀਨ ਇਨ੍ਹਾਂ ਦਾ ਬੜੇ ਚਿਰਾਂ ਦਾ ਜੋੜੀਦਾਰ ਹੈ ਤੇ ਸ਼ਾਇਦ ਭਾਰਤ ਵਿਚ ਦਹਿਸ਼ਤਗਰਦੀ ਦੇ ਪਟਾਕੇ ਪੈਂਦੇ ਵੇਖ ਕੇ ਉਸ ਨੂੰ ਦੁੱਖ ਵੀ ਕਦੀ ਨਹੀਂ ਹੋਇਆ, ਹੁਣ ਉਸ ਦੇ ਆਪਣੇ ਪੱਛਮੀ ਸੂਬੇ ਵਿਚ, ਜਿਹੜਾ ਪਾਕਿਸਤਾਨ ਨਾਲ ਲੱਗਦਾ ਹੈ, ਇਹ ਕਹਾਣੀ ਸ਼ੁਰੂ ਹੋ ਗਈ ਹੈ ਤੇ ਉਸ ਨੂੰ ਵੀ ਪਾਕਿਸਤਾਨ ਵੱਲ ਅੱਖ ਕੌੜੀ ਕਰਨੀ ਪਈ ਹੈ। ਅੱਜ ਦੇ ਦੌਰ ਵਿਚ ਸੰਸਾਰ ਦਹਿਸ਼ਤਗਰਦੀ ਦਾ ਸਭ ਤੋਂ ਵੱਡਾ ਕੇਂਦਰ ਓਧਰ ਹੋਣਾ ਭਾਰਤ-ਪਾਕਿ ਸਬੰਧ ਵਿਚ ਵੱਡੀ ਰੁਕਾਵਟ ਹੈ।
ਪਾਕਿਸਤਾਨ ਦੀ ਸਰਕਾਰ ਚਲਾਉਣ ਵਾਲਿਆਂ ਦੀ ਕਿਸਮ ਬਦਲ ਜਾਂਦੀ ਹੈ, ਪਰ ਤਵਾ ਉਹ ਸਾਰੇ ਇਹੋ ਲਾਈ ਰੱਖਦੇ ਹਨ ਕਿ ਉਨ੍ਹਾਂ ਦਾ ਦੇਸ਼ ਤਾਂ ਖੁਦ ਦਹਿਸ਼ਤਗਰਦੀ ਦਾ ਸੇਕ ਹੰਢਾ ਰਿਹਾ ਹੈ। ਇਹ ਗੱਲ ਉਨ੍ਹਾਂ ਦੀ ਬਿਲਕੁਲ ਠੀਕ ਹੈ, ਪਰ ਭਾਰਤ ਦੇ ਤੇ ਉਨ੍ਹਾਂ ਦੇ ਹਾਲਾਤ ਵਿਚ ਇਕ ਫਰਕ ਹੈ। ਭਾਰਤ ਨੂੰ ਉਹ ਦਹਿਸ਼ਤਗਰਦੀ ਹੰਢਾਉਣ ਨੂੰ ਮਜਬੂਰ ਹੋਣਾ ਪੈਂਦਾ ਹੈ, ਜਿਹੜੀ ਗਵਾਂਢ ਤੋਂ ਪੈਦਾ ਕੀਤੀ ਜਾਂਦੀ ਹੈ, ਜਦ ਕਿ ਪਾਕਿਸਤਾਨ ਉਨ੍ਹਾਂ ਦਹਿਸ਼ਤਗਰਦਾਂ ਦੀ ਮਾਰ ਝੱਲ ਰਿਹਾ ਹੈ, ਜਿਹੜੇ ਉਸ ਨੇ ਆਂਢ-ਗਵਾਂਢ ਨੂੰ ਤੰਗ ਕਰਨ ਲਈ ਆਪ ਪੈਦਾ ਕੀਤੇ, ਪਰ ਲੋੜ ਤੋਂ ਵੱਧ ਪੈਦਾ ਹੋ ਜਾਣ ਕਰ ਕੇ ਹੁਣ ਉਸ ਦੇ ਆਪਣੇ ਘਰ ਅੰਦਰ ਘਮਸਾਣ ਮੱਚਿਆ ਪਿਆ ਹੈ। ਇਸ ਵਿਚ ਕਿਸੇ ਹੋਰ ਦਾ ਕਸੂਰ ਨਹੀਂ ਨਿਕਲ ਸਕਦਾ। ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਉਨ੍ਹਾਂ ਦੀ ਸਰਕਾਰ ਨਾਲ ਤਾਲਿਬਾਨ ਦੇ ਇਕ ਜਾਂ ਦੂਸਰੇ ਧੜੇ ਵੱਲੋਂ ਸੰਪਰਕ ਰੱਖਿਆ ਜਾਂਦਾ ਹੈ ਤੇ ਜਦੋਂ ਇਕ ਧੜਾ ਅਮਰੀਕਾ ਨਾਲ ਗੱਲਬਾਤ ਲਈ ਸਹਿਮਤ ਹੋ ਗਿਆ, ਉਸ ਦੇ ਲੀਡਰਾਂ ਨੂੰ ਬਿਨਾਂ ਪਾਸਪੋਰਟ ਤੋਂ ਕਤਰ ਵਿਚ ਪੁਚਾਉਣ ਲਈ ਟਰੈਵਲ ਡਾਕੂਮੈਂਟਸ ਪਾਕਿਸਤਾਨ ਦੀ ਸਰਕਾਰ ਵੱਲੋਂ ਦਿੱਤੇ ਗਏ ਸਨ।
ਅਫਗਾਨਿਸਤਾਨ ਸਰਕਾਰ ਜਦੋਂ ਤਾਲਿਬਾਨ ਦੇ ਇੱਕ ਧੜੇ ਨਾਲ ਗੱਲ ਕਰਨਾ ਚਾਹੁੰਦੀ ਸੀ ਤਾਂ ਪਾਕਿਸਤਾਨ ਨੇ ਉਸ ਧੜੇ ਦੇ ਆਗੂ ਨੂੰ ਫੜ ਕੇ ਸਾਰੀ ਕੋਸ਼ਿਸ਼ ਨੂੰ ਸਾਬੋਤਾਜ ਕਰ ਦਿੱਤਾ, ਪਰ ਜਿਸ ਵੇਲੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਾਈ ਨੇ ਆਪ ਆਣ ਕੇ ਤਰਲਾ ਮਾਰਿਆ ਤਾਂ ਉਸੇ ਤਾਲਿਬਾਨ ਲੀਡਰ ਨੂੰ ਜੇਲ੍ਹ ਤੋਂ ਛੱਡ ਕੇ ਗੱਲਬਾਤ ਲਈ ਸਾਰੀਆਂ ਸਹੂਲਤਾਂ ਵੀ ਪਾਕਿਸਤਾਨ ਦੀ ਸਰਕਾਰ ਨੇ ਦਿੱਤੀਆਂ ਹਨ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਪਾਕਿਸਤਾਨ ਦੀ ਸਰਕਾਰ ਦਹਿਸ਼ਤਗਰਦਾਂ ਦੇ ਕਮਾਂਡ ਕੇਂਦਰ ਦਾ ਕੰਮ ਕਰ ਰਹੀ ਹੈ।
ਪਿਛਲੇ ਐਤਵਾਰ ਅਮਰੀਕਾ ਵਿਚ ਜਾ ਕੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮਿਲੇ ਸਨ। ਪਾਕਿਸਤਾਨ ਦਾ ਪ੍ਰਧਾਨ ਮੰਤਰੀ ਉਹੋ ਨਵਾਜ਼ ਸ਼ਰੀਫ ਸੀ, ਜਿਸ ਨੇ ਡੇਢ ਦਹਾਕਾ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਲਾਹੌਰ ਵਿਚ ਜੱਫੀ ਪਾਈ ਸੀ। ਸਰਦੀਆਂ ਦੇ ਦਿਨਾਂ ਵਿਚ ਪਾਈ ਉਸ ਜੱਫੀ ਦਾ ਨਿੱਘ ਬਹੁਤੇ ਦਿਨ ਨਹੀਂ ਸੀ ਰਹਿ ਸਕਿਆ ਤੇ ਪਾਕਿਸਤਾਨ ਦੀ ਫੌਜ ਨੇ ਕਾਰਗਿਲ ਦੀਆਂ ਚੋਟੀਆਂ ਤੋਂ ਭਾਰਤ ਵੱਲ ਤੋਪਾਂ ਦਾਗਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਉਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਨਵਾਜ਼ ਸ਼ਰੀਫ ਨੂੰ ਇਹ ਪਤਾ ਹੋਣ ਦੇ ਬਾਵਜੂਦ ਕਿ ਉਸ ਦੀ ਫੌਜ ਨੇ ਹਮਲਾ ਕੀਤਾ ਹੈ, ਉਸ ਨੇ ਆਪਣੀ ਫੌਜ ਦੇ ਮੁਖੀ ਨੂੰ ਕੁਝ ਨਹੀਂ ਸੀ ਕਿਹਾ ਤੇ ਭਾਰਤ ਦੇ ਵਿਰੋਧ ਵਿਚ ਦਬਕੜੇ ਛੱਡਣੇ ਜਾਰੀ ਰੱਖੇ ਸਨ। ਆਪਣੇ ਵਿਰੁਧ ਰਾਜ-ਪਲਟੇ ਤੋਂ ਕਈ ਸਾਲ ਬਾਅਦ ਜਦੋਂ ਨਵਾਜ਼ ਸ਼ਰੀਫ਼ ਦੀ ਦੰਦਲ ਟੁੱਟੀ ਤਾਂ ਉਸ ਨੇ ਮੰਨਿਆ ਸੀ ਕਿ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਇਹ ਜੰਗ ਭਾਰਤ ਉਤੇ ਠੋਸੀ ਸੀ। ਏਨੀ ਦੇਰ ਕਰ ਕੇ ਇਹ ਗੁਨਾਹ ਮੰਨਣ ਦਾ ਨਾ ਉੁਸ ਨੂੰ ਆਪ ਨੂੰ ਲਾਭ ਹੋਣਾ ਸੀ ਤੇ ਨਾ ਭਾਰਤ ਦੇ ਹੋ ਚੁੱਕੇ ਨੁਕਸਾਨ ਦੀ ਭਰਪਾਈ ਹੋ ਸਕਣੀ ਸੀ। ਜੇ ਉਹ ਇਹ ਗੱਲ ਜਾਣਦਾ ਸੀ ਤਾਂ ਉਸ ਨੂੰ ਉਦੋਂ ਹੀ ਮੁਸ਼ੱਰਫ਼ ਦਾ ਪੱਖ ਨਹੀਂ ਸੀ ਲੈਣਾ ਚਾਹੀਦਾ।
ਨਵਾਜ਼ ਸ਼ਰੀਫ ਦੀ ਸ਼ਰਾਫਤ ਦਾ ਇੱਕ ਨਮੂਨਾ ਇਹ ਵੀ ਹੈ ਕਿ ਹੁਣ ਵੀ ਭਾਰਤ ਦੇ ਖਿਲਾਫ ਕੰਟਰੋਲ ਰੇਖਾ ਉਤੇ ਗੋਲੀਬਾਰੀ ਹੋਈ ਜਾਂਦੀ ਹੈ ਤੇ ਉਹ ਆਪਣੀ ਫੌਜ ਦੇ ਕਮਾਂਡਰਾਂ ਨੂੰ ਜ਼ਬਤ ਵਿਚ ਰਹਿਣ ਲਈ ਕਹਿਣ ਜੋਗਾ ਨਹੀਂ। ਜੇ ਦਸ ਕੁ ਸਾਲ ਹੋਰ ਲੰਘਾ ਕੇ ਉਹ ਫਿਰ ਕਹਿ ਦੇਵੇ ਕਿ ਉਸ ਨੂੰ ਪਤਾ ਸੀ ਕਿ ਜਨਰਲ ਕਿਆਨੀ ਨੇ ਜਨਰਲ ਮੁਸ਼ੱਰਫ਼ ਵਾਂਗ ਜ਼ਿਆਦਤੀ ਕੀਤੀ ਸੀ ਤਾਂ ਇਸ ਦਾ ਉਸ ਨੂੰ ਕੀ ਲਾਭ ਹੋਵੇਗਾ ਤੇ ਭਾਰਤ ਨੂੰ ਕੀ ਫਾਇਦਾ ਹੋਵੇਗਾ?
ਦੂਸਰਾ ਪੱਖ ਉਸ ਦੇਸ਼ ਵਿਚ ਉਨ੍ਹਾਂ ਲੋਕਾਂ ਦੇ ਭਾਰੂ ਹੁੰਦੇ ਜਾਣ ਵਾਲਾ ਹੈ, ਜਿਹੜੇ ਜਨੂੰਨ ਨੂੰ ਰਾਜਨੀਤਕ ਲਾਭਾਂ ਲਈ ਹੱਥਕੰਡੇ ਦੇ ਤੌਰ ਉਤੇ ਵਰਤਦੇ ਹਨ। ਇਨ੍ਹਾਂ ਵਿਚ ਇਸ ਵੇਲੇ ਸਭ ਤੋਂ ਉਭਰਵਾਂ ਨਾਂ ਇਮਰਾਨ ਖਾਨ ਦਾ ਹੈ, ਜਿਹੜਾ ਕ੍ਰਿਕਟ ਦੀ ਖੇਡ ਤੋਂ ਰਾਜਨੀਤੀ ਵਿਚ ਆਇਆ ਹੈ। ਜਿਸ ਪਿਸ਼ਾਵਰ ਵਿਚ 22 ਸਤੰਬਰ ਦੇ ਦਿਨ ਈਸਾਈ ਭਾਈਚਾਰੇ ਦੇ ਸਵਾ ਸਦੀ ਤੋਂ ਵੱਧ ਪੁਰਾਣੇ ਚਰਚ ਵਿਚ ਐਤਵਾਰ ਦੀ ਪ੍ਰਾਰਥਨਾ ਦੇ ਵਕਤ ਆਤਮਘਾਤੀ ਬੰਬਾਰ ਹਮਲੇ ਵਿਚ 70 ਤੋਂ ਵੱਧ ਲੋਕ ਮਾਰੇ ਗਏ, ਉਹ ਸ਼ਹਿਰ ਖੈਬਰ ਪਖਤੂਨਖਵਾ ਵਿਚ ਪੈਂਦਾ ਹੈ, ਜਿੱਥੇ ਇਮਰਾਨ ਖਾਨ ਦੀ ਪਾਰਟੀ ਦੀ ਸਰਕਾਰ ਹੈ। ਸਿਰਫ 7 ਦਿਨ ਬਾਅਦ ਅਗਲੇ ਐਤਵਾਰ ਫਿਰ ਉਸੇ ਸ਼ਹਿਰ ਵਿਚ ਕਾਰ ਬੰਬ ਹਮਲਾ ਕਰ ਕੇ ਕਈ ਦਰਜਨਾਂ ਲੋਕ ਮਾਰ ਦਿੱਤੇ ਗਏ। ਇਸ ਤੋਂ ਕੁਝ ਦਿਨ ਪਹਿਲਾਂ ਉਸ ਖੇਤਰ ਵਿਚ ਫੌਜ ਦਾ ਇੱਕ ਮੇਜਰ ਜਨਰਲ ਮਾਰ ਦਿੱਤਾ ਗਿਆ ਸੀ। ਪਾਕਿਸਤਾਨ ਦੀ ਫੌਜ ਆਪਣੇ ਮੇਜਰ ਜਨਰਲ ਦੇ ਕਾਤਲਾਂ ਦੇ ਖਿਲਾਫ ਕਾਰਵਾਈ ਕਰਨ ਤੁਰੀ ਤਾਂ ਉਸ ਰਾਜ ਦਾ ਗਵਰਨਰ ਇਸ ਕਾਰਵਾਈ ਦੇ ਵਿਰੋਧ ਵਿਚ ਇਹ ਕਹਿ ਕੇ ਅਸਤੀਫ਼ਾ ਦੇ ਗਿਆ ਕਿ ਫੌਜੀ ਕਾਰਵਾਈ ਵਿਚ ਸਾਡੇ ਆਪਣੇ ਲੋਕਾਂ ਨੂੰ ਮਾਰਿਆ ਜਾਣ ਲੱਗਾ ਹੈ।
ਹੁਣ ਇਮਰਾਨ ਖਾਨ ਨੇ ਵੀ ਇਸ ਕਾਰਵਾਈ ਦੇ ਵਿਰੁਧ ਲੰਮੀ-ਚੌੜੀ ਚਿੱਠੀ ਲਿਖ ਮਾਰੀ ਹੈ। ਉਹ ਕਹਿੰਦਾ ਹੈ ਕਿ ਫੌਜੀ ਕਾਰਵਾਈ ਦੇ ਨਾਲ ਅਸੀਂ ਪੂਰਬੀ ਪਾਕਿਸਤਾਨ ਗੁਆ ਲਿਆ ਸੀ, ਜਿੱਥੇ ਹੁਣ ਬੰਗਲਾ ਦੇਸ਼ ਬਣ ਗਿਆ ਹੈ, ਇਸ ਲਈ ਠੀਕ ਰਾਹ ਇਹ ਹੈ ਕਿ ਤਾਲਿਬਾਨ ਦੇ ਨਾਲ ਲੜਨ ਦੀ ਥਾਂ ਗੱਲਬਾਤ ਦਾ ਰਸਤਾ ਅਖਤਿਆਰ ਕੀਤਾ ਜਾਵੇ। ਜਿਹੜੀ ਗੱਲ ਇਮਰਾਨ ਖਾਨ ਨੇ ਕਹੀ ਹੈ, ਇਹ ਪਾਕਿਸਤਾਨ ਦੀ ਸਰਕਾਰ ਪਹਿਲਾਂ ਵੀ ਕਰ ਰਹੀ ਹੈ ਤੇ ਜਿਹੜਾ ਇੱਕ ਗਰੁਪ ਸਰਕਾਰ ਨਾਲ ਗੱਲਬਾਤ ਲਈ ਸਹਿਮਤ ਹੋਇਆ ਸੀ, ਦੂਸਰਿਆਂ ਨੇ ਉਸ ਨੂੰ ਨਿਗੂਣਾ ਸਾਬਤ ਕਰਨ ਵਾਸਤੇ ਉਸ ਦੇ ਅੱਡੇ ਉਤੇ ਹਮਲਾ ਕਰ ਕੇ ਵੀਹ ਤੋਂ ਵੱਧ ਬੰਦੇ ਮਾਰ ਦਿੱਤੇ ਸਨ। ਇਹੋ ਜਿਹੇ ਤਾਲਿਬਾਨੀ ਧੜਿਆਂ ਨੂੰ ਗੱਲ ਕਰਨ ਲਈ ਇਮਰਾਨ ਖਾਨ ਰਾਜ਼ੀ ਕਰ ਸਕੇ ਤਾਂ ਉਸ ਨੂੰ ਕਰਨਾ ਚਾਹੀਦਾ ਹੈ, ਪਰ ਇਸ ਬਹਾਨੇ ਦਹਿਸ਼ਤਗਰਦੀ ਦੇ ਵਿਰੋਧ ਦੀ ਮੁਹਿੰਮ ਨੂੰ ਚਾਲੀ ਸਾਲ ਪਹਿਲਾਂ ਦੇ ਪੂਰਬੀ ਪਾਕਿਸਤਾਨ ਤੋਂ ਬੰਗਲਾ ਦੇਸ਼ ਬਣਨ ਦੇ ਹਾਲਾਤ ਨਾਲ ਨਹੀਂ ਜੋੜਿਆ ਜਾ ਸਕਦਾ। ਪੂਰਬੀ ਪਾਕਿਸਤਾਨ ਦੇ ਲੋਕਾਂ ਦਾ ਸੱਭਿਆਚਾਰ ਦਾ ਵਖਰੇਵਾਂ ਸੀ, ਬੋਲੀ ਵੀ ਬਾਕੀ ਪਾਕਿਸਤਾਨ ਵਾਂਗ ਉਰਦੂ ਬੋਲਣ ਦੀ ਥਾਂ ਬੰਗਾਲੀ ਬੋਲਦੇ ਸਨ ਤੇ ਵੱਡੀ ਗੱਲ ਇਹ ਕਿ ਉਨ੍ਹਾਂ ਦੇ ਲੀਡਰ ਸ਼ੇਖ ਮੁਜੀਬ ਨੇ ਜਮਹੂਰੀ ਢੰਗ ਨਾਲ ਪਾਕਿਸਤਾਨੀ ਕੌਮੀ ਅਸੈਂਬਲੀ ਦੀ ਬਹੁ-ਸੰਮਤੀ ਜਿੱਤ ਲਈ ਸੀ। ਤਾਲਿਬਾਨ ਦੀ ਲੜਾਈ ਨਾ ਪਾਕਿਸਤਾਨ ਤੋਂ ਵੱਖਰੇ ਸੱਭਿਆਚਾਰ ਦੀ ਹੈ, ਨਾ ਕਿਸੇ ਖਾਸ ਬੋਲੀ ਨੂੰ ਬੋਲਣ ਦੇ ਹੱਕ ਦੀ ਤੇ ਨਾ ਉਨ੍ਹਾਂ ਕਦੀ ਪੰਚਾਇਤ ਦੀ ਚੋਣ ਵੀ ਲੜ ਕੇ ਜਿੱਤੀ ਹੈ, ਸਗੋਂ ਖੁੱਲ੍ਹਾ ਕਹਿੰਦੇ ਹਨ ਕਿ ਇਸਲਾਮ ਵਿਚ ਜਮਹੂਰੀ ਢੰਗ ਦੀਆਂ ਚੋਣਾਂ ਦੀ ਕੋਈ ਥਾਂ ਨਹੀਂ ਹੈ।
ਮਾੜੀ ਗੱਲ ਇਹ ਹੈ ਕਿ ਪਾਕਿਸਤਾਨ ਦਾ ਮੀਡੀਆ ਵੀ ਬਹੁਤਾ ਕਰ ਕੇ ਉਹ ਗੱਲਾਂ ਕਰਦਾ ਹੈ, ਜਿਨ੍ਹਾਂ ਦੀ ਉਸ ਦੇ ਕੰਨ ਵਿਚ ਕਿਸੇ ਪਾਸੇ ਤੋਂ ਫੂਕ ਮਾਰੀ ਜਾਂਦੀ ਹੈ। ਉਹ ਆਪਣੇ ਸਿਰ ਨਾਲ ਸਿਰਫ ਅੰਦਰੂਨੀ ਰਾਜਨੀਤੀ ਦੇ ਮਾਮਲੇ ਵਿਚ ਇੱਕ ਜਾਂ ਦੂਸਰੀ ਧਿਰ ਦਾ ਪੱਖ ਲੈਣ ਵੇਲੇ ਜਾਂ ਕ੍ਰਿਕਟ ਦੇ ਕੀੜੇ ਕੱਢਣ ਵੇਲੇ ਸੋਚਦਾ ਹੈ, ਭਾਰਤ ਨਾਲ ਸਬੰਧ ਸੁਧਾਰਨ ਵਿਚ ਉਸ ਦੀ ਕੋਈ ਦਿਲਚਸਪੀ ਨਹੀਂ ਜਾਪਦੀ, ਸਗੋਂ ਵਿਗਾੜ ਦੇ ਟੋਏ ਪੁੱਟਦਾ ਹੈ। ਇਸੇ ਸੋਚਣੀ ਦੇ ਨਾਲ ਪਾਕਿਸਤਾਨ ਦੇ ਇੱਕ ਪੱਤਰਕਾਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਵਾਜ਼ ਸ਼ਰੀਫ ਵੱਲੋਂ ‘ਦਿਹਾਤੀ ਔਰਤ ਵਰਗਾ’ ਆਖਣ ਦੀ ਉਹ ਮਨਘੜਤ ਟਿਪਣੀ ਪੇਸ਼ ਕਰ ਦਿੱਤੀ ਸੀ, ਜਿਹੜੀ ਓਥੇ ਬੈਠੀ ਭਾਰਤੀ ਪੱਤਰਕਾਰ ਵੀ ਕਹਿੰਦੀ ਹੈ ਕਿ ਨਵਾਜ਼ ਨੇ ਨਹੀਂ ਸੀ ਕਹੀ ਤੇ ਨਵਾਜ਼ ਨੇ ਵੀ ਇਸ ਦਾ ਖੰਡਨ ਕਰ ਦਿੱਤਾ ਹੈ। ਬਾਅਦ ਵਿਚ ਉਸ ਪੱਤਰਕਾਰ ਨੇ ਇਹ ਟਿਪਣੀ ਵਾਪਸ ਵੀ ਲੈ ਲਈ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਵਿਗਾੜਨ ਦਾ ਯਤਨ ਕਰਨ ਵਾਲੇ ਇਨ੍ਹਾਂ ਪੱਤਰਕਾਰਾਂ ਨੇ ਉਦੋਂ ਕੌੜਾ ਸੱਚ ਪ੍ਰਵਾਨ ਨਹੀਂ ਸੀ ਕੀਤਾ, ਜਦੋਂ ਕਾਰਗਿਲ ਦੀਆਂ ਚੋਟੀਆਂ ਤੋਂ ਪਾਕਿਸਤਾਨ ਦੇ ਫੌਜੀ ਗੋਲੇ ਦਾਗ ਰਹੇ ਸਨ ਤੇ ਫੌਜ ਦਾ ਮੁਖੀ ਜਨਰਲ ਮੁਸ਼ੱਰਫ਼ ਇਹ ਕਹਿੰਦਾ ਸੀ ਕਿ ਉਹ ਸਾਡੇ ਫੌਜੀ ਨਹੀਂ, ਜਹਾਦੀ ਹਨ। ਜਦੋਂ ਜਹਾਦੀ ਆਖੇ ਗਏ ਉਨ੍ਹਾਂ ਫੌਜੀਆਂ ਵਿਚੋਂ ਬਹੁਤ ਸਾਰੇ ਮਾਰੇ ਗਏ ਤੇ ਉਨ੍ਹਾਂ ਦੀਆਂ ਲਾਸ਼ਾਂ ਭਾਰਤ ਨੇ ਪਾਕਿਸਤਾਨ ਨੂੰ ਸੌਂਪਣ ਦਾ ਯਤਨ ਕੀਤਾ ਤਾਂ ਪਾਕਿਸਤਾਨੀ ਫੌਜ ਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕੀਤਾ ਸੀ ਕਿ ਸਾਡੇ ਬੰਦੇ ਨਹੀਂ ਹਨ। ਅਗਲੀ 14 ਅਗਸਤ ਨੂੰ ਜਦੋਂ ਪਾਕਿਸਤਾਨ ਦਾ ਆਜ਼ਾਦੀ ਦਿਨ ਮਨਾਇਆ ਜਾਣਾ ਸੀ, ਉਸ ਮੌਕੇ ਉਨ੍ਹਾਂ ਫੌਜੀਆਂ, ਜਿਨ੍ਹਾਂ ਦੀ ਕਬਰ ਭਾਰਤ ਵਿਚ ਬਣੀ ਸੀ, ਨੂੰ ਇਹ ਕਹਿ ਕੇ ਫੌਜੀ ਬਹਾਦਰੀ ਦੇ ਐਵਾਰਡ ਦਿੱਤੇ ਗਏ ਕਿ ਇਹ ਕਾਰਗਿਲ ਦੀ ਜੰਗ ਦੇ ‘ਸ਼ਹੀਦ’ ਹਨ। ਪਾਕਿਸਤਾਨ ਦਾ ਮੀਡੀਆ ਉਦੋਂ ਬੋਲਿਆ ਨਹੀਂ ਸੀ ਕਿ ਜੇ ਇਹ ਸਾਡੇ ‘ਸ਼ਹੀਦ’ ਸਨ ਤਾਂ ਇਨ੍ਹਾਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਿਉਂ ਕੀਤਾ ਸੀ? ਉਦੋਂ ਮੁਸ਼ੱਰਫ ਦਾ ਦੌਰ ਹਾਲੇ ਨਹੀਂ ਸੀ ਆਇਆ, ਨਵਾਜ਼ ਸ਼ਰੀਫ ਦਾ ਰਾਜ ਹੀ ਸੀ।
ਪਾਕਿਸਤਾਨ ਇਸ ਵਕਤ ਅੱਗ ਦੇ ਢੇਰ ਉਤੇ ਬੈਠਾ ਹੈ। ਓਥੋਂ ਕਦੀ ਵੀ ਕੋਈ ਮਾੜੀ ਖਬਰ ਆ ਸਕਦੀ ਹੈ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜਾਂ ਤਾਂ ਬਹੁਤਾ ਸ਼ਰੀਫ ਤੇ ਨਿਤਾਣਾ ਹੈ ਤੇ ਕੁਝ ਕਰਨ ਜੋਗਾ ਨਹੀਂ ਰਿਹਾ, ਜਾਂ ਫਿਰ ਉਹ ਆਪ ਦੋ ਬੇੜੀਆਂ ਦਾ ਸਵਾਰ ਬਣਨ ਦੀ ਉਹ ਕੋਸ਼ਿਸ਼ ਕਰ ਰਿਹਾ ਹੈ, ਜਿਹੜੀ ਕਦੀ ਕਿਸੇ ਨੂੰ ਪਾਰ ਨਹੀਂ ਲਾ ਸਕਦੀ। ਫੌਜ ਦਾ ਮੁਖੀ ਜਨਰਲ ਕਿਆਨੀ ਆਪਣੀ ਜਨਰਲ ਮੁਸ਼ੱਰਫ਼ ਦੇ ਵੇਲੇ ਦੀ ਚੁਸਤੀ ਅਜੇ ਛੱਡਣ ਨੂੰ ਤਿਆਰ ਨਹੀਂ। ਸਾਰੀ ਟੀਮ ਪੁਰਾਣੀ ਤੇ ਕਪਤਾਨ ਆਸਿਫ ਅਲੀ ਜ਼ਰਦਾਰੀ ਦੀ ਥਾਂ ਨਵਾਜ਼ ਸ਼ਰੀਫ ਬਣ ਜਾਣ ਨਾਲ ਖੇਡਣ ਦਾ ਪੈਂਤੜਾ ਨਹੀਂ ਬਦਲ ਗਿਆ। ਇਹ ਪੈਂਤੜਾ ਅੱਜ ਵੀ ਉਹੋ ਹੈ, ਜਿਹੜਾ ਚਿਰਾਂ ਤੋਂ ਚੱਲ ਰਿਹਾ ਸੀ। ਜੇ ਪਾਕਿਸਤਾਨੀ ਆਗੂਆਂ ਨੇ ਅਜੇ ਵੀ ਭਾਰਤ ਦੇ ਵਿਰੋਧ ਤੇ ਦਹਿਸ਼ਤਗਰਦੀ ਨੂੰ ਰਾਜਨੀਤੀ ਬਣਾ ਕੇ ਚੱਲਣ ਦਾ ਪੈਂਤੜਾ ਨਾ ਛੱਡਿਆ ਤਾਂ ਬਿਨਾਂ ਸ਼ੱਕ ਭਾਰਤ ਵੀ ਭੁਗਤੇਗਾ, ਪਰ ਉਨ੍ਹਾਂ ਦਾ ਆਪਣਾ ਘਰ ਵੀ ਇਸ ਅੱਗ ਦੀਆਂ ਲਪਟਾਂ ਤੋਂ ਬਚਿਆ ਨਹੀਂ ਰਹਿਣ ਲੱਗਾ। ਫਰਕ ਇਸ ਦੇ ਬਾਅਦ ਵੀ ਇਹ ਰਹੇਗਾ ਕਿ ਭਾਰਤ ਆਪਣੇ ਗਵਾਂਢ ਵਿਚ ਕੁਪੱਤਿਆਂ ਦੇ ਟੱਬਰ ਦੀ ਹੋਂਦ ਨੂੰ ਭੁਗਤੇਗਾ ਤੇ ਪਾਕਿਸਤਾਨ ਦੇ ਆਗੂ ਆਪਣੇ ਹੱਥੀਂ ਜੰਮਿਆਂ ਦੇ ਕੁਟਾਪੇ ਦਾ ਕਹਿਰ ਝੱਲਦੇ ਦਿਖਾਈ ਦੇਣਗੇ।
Leave a Reply