ਕੁਵੈਤ ’ਚ ਭਾਰਤੀ ਕਾਮਿਆਂ ਦੀ ਮੌਤ ਅਤੇ ਪਰਵਾਸ ਦੇ ਮਸਲੇ

ਨਵਕਿਰਨ ਸਿੰਘ ਪੱਤੀ
ਕੁਵੈਤ ਅਗਨੀ ਕਾਂਡ ਬਿਆਨ ਕਰਦਾ ਹੈ ਕਿ ਕੁਵੈਤ ਸਮੇਤ ਸਾਰੇ ਖਾੜੀ ਮੁਲਕਾਂ ਵਿਚ ਵਿਦੇਸ਼ੀ ਕਾਮਿਆਂ ਕਾਮੇ ਬਹੁਤ ਮਾੜੀਆਂ ਜਿਊਣ ਹਾਲਤਾਂ ਵਿਚ ਰਹਿ ਰਹੇ ਹਨ। ਜਿਸ ਇਮਾਰਤ ਵਿਚ ਅੱਗ ਲੱਗੀ, ਉਸ ਵਿਚ ਸਮਰੱਥਾ ਤੋਂ ਕਿਤੇ ਵੱਧ ਮਜ਼ਦੂਰ ਰਹਿ ਰਹੇ ਸਨ। ਇਮਾਰਤ ਵਿਚ ਅੱਗ ਲੱਗਣ ਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਕੋਈ ਠੋਸ ਪ੍ਰਬੰਧ ਨਹੀਂ ਸਨ। ਨੌਜਵਾਨ ਪੱਤਰਕਾਰ ਨਵਕਿਰਨ ਸਿੰਘ ਪੱਤੀ ਨੇ ਉਨ੍ਹਾਂ ਹਾਲਤਾਂ ਬਾਰੇ ਪੁਣਛਾਣ ਕੀਤੀ ਹੈ ਜਿਨ੍ਹਾਂ ਕਾਰਨ ਭਾਰਤੀ ਕਾਮੇ ਉਥੇ ਜਾਣ ਲਈ ਮਜਬੂਰ ਹਨ।

ਕੁਵੈਤ ਦੀ ਬਹੁ-ਮੰਜ਼ਿਲਾ ਇਮਾਰਤ ਵਿਚ ਲੱਗੀ ਅੱਗ ਕਾਰਨ ਜਾਨ ਗੁਆਉਣ ਵਾਲੇ 45 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਭਾਰਤੀ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਅਜੇ ਕੋਚੀ ਪੁੱਜਿਆ ਨਹੀਂ ਸੀ ਕਿ ਇਸ ਅਗਨੀ ਕਾਂਡ ਵਿਚ ਜ਼ਖ਼ਮੀ ਹੋਏ ਇੱਕ ਹੋਰ ਭਾਰਤੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਨਾਲ ਮ੍ਰਿਤਕ ਭਾਰਤੀਆਂ ਦੀ ਗਿਣਤੀ ਵਧ ਕੇ 46 ਹੋ ਗਈ। ਇਹਨਾਂ ਮ੍ਰਿਤਕਾਂ ਵਿਚ 31 ਨੌਜਵਾਨ ਭਾਰਤ ਦੇ ਦੱਖਣੀ ਸੂਬਿਆਂ ਨਾਲ ਸਬੰਧਿਤ ਹਨ ਜਿਨ੍ਹਾਂ ਵਿਚੋਂ 23 ਨੌਜਵਾਨ ਕੇਰਲ ਤੋਂ ਹਨ। ਮ੍ਰਿਤਕਾਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੱਕੋਂ ਦਾ ਰਹਿਣ ਵਾਲਾ ਹਿੰਮਤ ਰਾਏ ਵੀ ਸ਼ਾਮਲ ਹੈ।
ਅੱਗ ਲੱਗਣ ਦੀ ਇਹ ਘਟਨਾ ਬਿਆਨ ਕਰਦੀ ਹੈ ਕਿ ਕੁਵੈਤ ਸਮੇਤ ਸਾਰੇ ਖਾੜੀ ਮੁਲਕਾਂ ਵਿਚ ਵਿਦੇਸ਼ੀ ਕਾਮੇ ਬਹੁਤ ਮਾੜੀਆਂ ਹਾਲਤਾਂ ਵਿਚ ਰਹਿ ਰਹੇ ਹਨ। ਜਿਸ ਇਮਾਰਤ ਵਿਚ ਅੱਗ ਲੱਗੀ, ਉਸ ਵਿਚ ਸਮਰੱਥਾ ਤੋਂ ਕਿਤੇ ਵੱਧ ਮਜ਼ਦੂਰ ਉਥੇ ਰਹਿ ਰਹੇ ਸਨ। ਇਮਾਰਤ ਵਿਚ ਅੱਗ ਲੱਗਣ ਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਕੋਈ ਠੋਸ ਪ੍ਰਬੰਧ ਵੀ ਨਹੀਂ ਸਨ ਜਿਸ ਕਾਰਨ ਅੱਗ ਲੱਗਣ ‘ਤੇ ਮਜ਼ਦੂਰ ਆਪਣਾ ਬਚਾਅ ਕਰਨ ਵਿਚ ਅਸਮਰੱਥ ਰਹੇ। ਕੁਵੈਤ ਦੇ ਉਪ ਪ੍ਰਧਾਨ ਮੰਤਰੀ ਵਲੋਂ ਇਮਾਰਤ ਦਾ ਦੌਰਾ ਕਰਨ ਮਗਰੋਂ ਕੁਵੈਤ ਹਕੂਮਤ ਨੇ ਘਟਨਾ ਦੀ ਨਿਸ਼ਾਨਦੇਹੀ ਅਤੇ ਜਵਾਬਦੇਹੀ ਤੈਅ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੇ ਨਿਸ਼ਾਨੇ ਉੱਪਰ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਵਾਲੀਆਂ ਕੰਪਨੀਆਂ, ਟਰੈਵਲ ਏਜੰਟ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ ਵਾਲੇ ਰੀਅਲ ਅਸਟੇਟ ਕਾਰੋਬਾਰੀ ਹਨ ਪਰ ਸਾਡੇ ਲਈ ਅਹਿਮ ਸਵਾਲ ਇਹ ਬਣਦਾ ਹੈ ਕਿ ਆਖਰ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰ ਕੇ ਭਾਰਤੀ ਮਜ਼ਦੂਰ ਵਿਦੇਸ਼ਾਂ ਵਿਚ ਮਾੜੀਆਂ ਹਾਲਤਾਂ ਵਿਚ ਵੀ ਕੰਮ ਕਰਨ ਲਈ ਮਜਬੂਰ ਹੁੰਦੇ ਹਨ।
ਇਹ ਨਹੀਂ ਹੈ ਕਿ ਖਾੜੀ ਮੁਲਕਾਂ ਵਿਚਲੀਆਂ ਮਾੜੀਆਂ ਜਿਊਣ ਹਾਲਤਾਂ ਦਾ ਭਾਰਤ ਸਰਕਾਰ ਨੂੰ ਪਤਾ ਨਹੀਂ ਬਲਕਿ ਹਕੀਕਤ ਇਹ ਹਨ ਕਿ ਸਭ ਜਾਣਕਾਰੀ ਹੋਣ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਸਮੇਂ ਸਿਰ ਠੋਸ ਕਦਮ ਨਹੀਂ ਉਠਾਏ ਜਾਂਦੇ। ਕੁਵੈਤ ਵਿਚ ਭਾਰਤੀ ਦੂਤਾਵਾਸ ਨੂੰ ਉੱਥੇ ਕੰਮ ਕਰਦੇ ਭਾਰਤੀਆਂ ਵੱਲੋਂ ਪਿਛਲੇ ਦੋ ਸਾਲਾਂ ਵਿਚ ਤਨਖਾਹਾਂ ਮਿਲਣ `ਚ ਦੇਰੀ, ਮਾੜੇ ਰਹਿਣ-ਸਹਿਣ ਅਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀਆਂ 16 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। 2022 ਤੋਂ 2023 ਤੱਕ ਦੋ ਸਾਲਾਂ ਵਿਚ ਕੁਵੈਤ ਅੰਦਰ 1400 ਭਾਰਤੀ ਕਾਮਿਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਇਹਨਾਂ ਹੀ ਦਿਨਾਂ ਵਿਚ ਖਾੜੀ ਮੁਲਕ ਓਮਾਨ ਵਿਚ ਫਸੀਆਂ ਕੁੜੀਆਂ ਦੀ ਸ਼ੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਦੇਸ਼ ਵਾਪਸੀ ਲਈ ਗੁਹਾਰ ਲਾ ਰਹੀਆਂ ਉਹ ਕੁੜੀਆਂ ਕਹਿ ਰਹੀਆਂ ਸਨ ਕਿ ‘ਅਸੀਂ ਇੱਥੇ ਬਹੁਤ ਦਿੱਕਤ ਵਿਚ ਹਾਂ, ਕਿਰਪਾ ਕਰ ਕੇ ਸਾਨੂੰ ਇੱਥੋਂ ਕੱਢੋ। ਅਸੀਂ ਓਮਾਨ ਵਿਚ ਫਸੀਆਂ ਹੋਈਆਂ ਹਾਂ, ਸਾਡੀ ਹਾਲਤ ਬਹੁਤ ਖਰਾਬ ਹੈ`। ਕੁੜੀਆਂ ਦੀ ਵੀਡੀਓ ਤੋਂ ਸਮਝ ਪਿਆ ਸੀ ਕਿ ਇਹ ਕੁੜੀਆਂ ਅਣਮਨੁੱਖੀ ਹਾਲਤਾਂ ਵਿਚ ਭੁੱਖੀਆਂ ਤਿਹਾਈਆਂ ਰਹਿ ਰਹੀਆਂ ਸਨ। ਸਰਕਾਰਾਂ ਅਤੇ ਸਮਾਜ ਸੇਵੀ ਸੰਗਠਨਾਂ ਦੀਆਂ ਕੋਸ਼ਿਸ਼ਾਂ ਸਦਕਾ ਉਹ ਕੁੜੀਆਂ ਭਾਵੇਂ ਵਾਪਸ ਆ ਗਈਆਂ ਸਨ ਪਰ ਸਰਕਾਰਾਂ ਵੱਲੋਂ ਠੋਸ ਕਦਮ ਨਾ ਉਠਾਉਣ ਕਾਰਨ ਹਜ਼ਾਰਾਂ ਕੁੜੀਆਂ ਮੁੰਡੇ ਅਜੇ ਵੀ ਵਿਦੇਸ਼ਾਂ ਵਿਚ ਮਾੜੀਆਂ ਜਿਊਣ ਹਾਲਤਾਂ ਦਾ ਸਾਹਮਣਾ ਕਰਦਿਆਂ ਮਜ਼ਦੂਰੀ ਕਰ ਰਹੇ ਹਨ।
ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਖਰ ਜਾਨ ਜੋਖਮ ਵਿਚ ਪਾ ਕੇ ਨੌਜਵਾਨ ਵਿਦੇਸ਼ ਕਿਉਂ ਜਾਣਾ ਚਾਹੁੰਦੇ ਹਨ। ਮੰਨਿਆ ਕਿ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆਂ ਜਾਂ ਯੂਰਪੀ ਮੁਲਕਾਂ ਵਿਚ ਨੌਜਵਾਨਾਂ ਇੱਕ ਹਿੱਸਾ ਡਾਲਰਾਂ ਦੀ ਚਕਾਚੌਂਧ ਅਤੇ ਬਿਹਤਰ ਜੀਵਨ ਹਾਲਤਾਂ ਦਾ ਖਿੱਚਿਆ ਜਾਂਦਾ ਹੈ ਪਰ ਖਾੜੀ ਦੇਸ਼ਾਂ ਵਿਚ ਜਾਣ ਵਾਲੇ ਨੌਜਵਾਨਾਂ ਦਾ ਇੱਕੋ-ਇੱਕ ਕਾਰਨ ਭਾਰਤ ਦੀ ਬੇਰੁਜ਼ਗਾਰੀ ਅਤੇ ਗਰੀਬੀ ਹੈ। ਖਾੜੀ ਮੁਲਕਾਂ ਵਿਚ ਤਨਖਾਹਾਂ ਵੀ ਕੋਈ ਜ਼ਿਆਦਾ ਨਹੀਂ ਹਨ। ਭਾਰਤ ਤੋਂ ਜਾਣ ਵਾਲੇ ਮਜ਼ਦੂਰਾਂ ਨੂੰ 20 ਤੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਆਸ-ਪਾਸ ਤਨਖਾਹ ਦਿੱਤੀ ਜਾਂਦੀ ਹੈ। ਸੋ, ਜੇਕਰ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਮੁਲਕ ਵਿਚ ਇਸ ਤੋਂ ਅੱਧੀ ਤਨਖਾਹ ਵੀ ਮਿਲਣੀ ਯਕੀਨੀ ਬਣੇ ਤਾਂ ਇਹ ਨੌਜਵਾਨ ਖਾੜੀ ਮੁਲਕਾਂ ਦਾ ਰੁਖ ਕਰਨ ਦੀ ਬਜਾਇ ਭਾਰਤ ਵਿਚ ਹੀ ਰਹਿਣ ਨੂੰ ਤਰਜੀਹ ਦੇ ਸਕਦੇ ਹਨ।
ਖਾੜੀ ਮੁਲਕਾਂ ਵਿਚ ਕਰੀਬ 1.75 ਕਰੋੜ ਦੇ ਨੌਜਵਾਨ ਦੱਖਣੀ ਏਸ਼ੀਆ ਤੋਂ ਗਏ ਹੋਏ ਹਨ ਜਿਨ੍ਹਾਂ ਵਿਚ ਭਾਰਤ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ, ਸ੍ਰੀਲੰਕਾ, ਨੇਪਾਲ ਵਰਗੇ ਮੁਲਕਾਂ ਤੋਂ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਦੋ ਸਾਲ ਪੁਰਾਣੇ ਅੰਕੜਿਆਂ ਮੁਤਾਬਕ ਸਾਊਦੀ ਅਰਬ, ਯੂ.ਏ.ਈ., ਓਮਾਨ, ਬਹਿਰੀਨ, ਕਤਰ, ਕੁਵੈਤ ਵਰਗੇ ਖਾੜੀ ਮੁਲਕਾਂ ਵਿਚ ਕਰੀਬ 90 ਲੱਖ ਭਾਰਤੀ ਰਹਿ ਰਹੇ ਹਨ ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 35 ਲੱਖ ਦੇ ਕਰੀਬ ਇਕੱਲੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), 25 ਲੱਖ ਦੇ ਕਰੀਬ ਸਾਊਦੀ ਅਰਬ, 9 ਲੱਖ ਦੇ ਕਰੀਬ ਕੁਵੈਤ, 8 ਲੱਖ ਦੇ ਕਰੀਬ ਕਤਰ, ਸਾਢੇ ਛੇ ਲੱਖ ਦੇ ਲੱਗਭੱਗ ਓਮਾਨ, 3 ਲੱਖ ਦੇ ਕਰੀਬ ਬਹਿਰੀਨ ਵਿਚ ਹਨ।
ਖਾੜੀ ਮੁਲਕਾਂ ਵਿਚ ਜਾਣ ਵਾਲੇ ਜ਼ਿਆਦਾਤਰ ਵਿਅਕਤੀ ਉੱਥੇ ਭਾਰੀ ਸਰੀਰਕ ਮਿਹਨਤ ਵਾਲੇ ਗੈਰ-ਹੁਨਰਮੰਦ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਦਹਾਰਨ ਵਜੋਂ ਇਹ ਨੌਜਵਾਨ ਇਮਾਰਤ ਉਸਾਰੀ, ਢੋਆ-ਢੁਆਈ ਜਿਹੇ ਕੰਮਾਂ ਵਿਚ ਲੱਗੇ ਹੋਏ ਹਨ।
ਉਂਝ ਅਮਰੀਕਾ, ਕੈਨੇਡਾ ਜਾਂ ਯੂਰਪੀ ਮੁਲਕਾਂ ਵੱਲ ਹੋ ਰਹੇ ਪਰਵਾਸ ਦਾ ਖਾੜੀ ਮੁਲਕਾਂ ਵੱਲ ਹੋ ਰਹੇ ਪਰਵਾਸ ਨਾਲੋਂ ਬੁਨਿਆਦੀ ਫਰਕ ਇਹ ਹੈ ਕਿ ਕੈਨੇਡਾ ਵਰਗੇ ਵਿਕਸਤ ਮੁਲਕਾਂ ਵੱਲ ਜਾਣ ਵਾਲੇ ਨੌਜਵਾਨ ਉੱਥੇ ਪੱਕੇ ਤੌਰ ‘ਤੇ ਸੈੱਟ ਹੋਣ ਦੇ ਮੰਤਵ ਨਾਲ ਜਾ ਰਹੇ ਹਨ ਅਤੇ ਫੀਸਾਂ, ਫੰਡਾਂ ਦੇ ਰੂਪ ਵਿਚ ਲੱਖਾਂ ਰੁਪਏ ਨਾਲ ਲਿਜਾ ਰਹੇ ਹਨ; ਖਾੜੀ ਮੁਲਕਾਂ ਵਿਚ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਰੋਜ਼ੀ-ਰੋਟੀ ਦੀ ਤਲਾਸ਼ ਲਈ ਜਾ ਰਹੇ ਹਨ ਤੇ ਉਹ ਪੈਸੇ ਨਾਲ ਲਿਜਾਣ ਦੀ ਬਜਾਇ ਭਾਰਤ ਲਿਆ ਰਹੇ ਹਨ। ਖਾੜੀ ਮੁਲਕਾਂ ਵਿਚ ਕੰਮ ਕਰ ਰਹੇ ਮਜ਼ਦੂਰਾਂ ਵੱਲੋਂ ਨਿਗੂਣੀਆਂ ਤਨਖਾਹਾਂ ਨਾਲ ਜਮ੍ਹਾਂ ਕੀਤੀ ਪੂੰਜੀ ਭਾਰਤ ਲਿਆਉਣ ਨਾਲ ਉਹਨਾਂ ਦੇ ਪਰਿਵਾਰਾਂ ਦੇ ਨਾਲ-ਨਾਲ ਭਾਰਤ ਸਰਕਾਰ ਨੂੰ ਕਾਫੀ ਆਰਥਿਕ ਹੁਲਾਰਾ ਮਿਲ ਰਿਹਾ ਹੈ।
ਇਹਨਾਂ ਮਜ਼ਦੂਰਾਂ ਦੀ ਸਖਤ ਮਿਹਨਤ ਦਾ ਹੀ ਨਤੀਜਾ ਹੈ ਕਿ ਭਾਰਤ ਨੂੰ ਖਾੜੀ ਮੁਲਕਾਂ ਤੋਂ 2021 ਵਿਚ 87 ਅਰਬ ਅਮਰੀਕੀ ਡਾਲਰ, 2022 ਵਿਚ 115 ਅਰਬ ਅਮਰੀਕੀ ਡਾਲਰ ਅਤੇ 2023 ਵਿਚ ਕਰੀਬ 125 ਅਰਬ ਅਮਰੀਕੀ ਡਾਲਰ ਹਾਸਲ ਹੋਏ ਹਨ। ਖਾੜੀ ਮੁਲਕਾਂ ਵਿਚੋਂ ਵੀ ਭਾਰਤ ਨੂੰ ਸਭ ਤੋਂ ਵੱਧ ਪੈਸਾ ਯੂ.ਏ.ਈ. ਤੋਂ ਮਿਲਦਾ ਹੈ।
ਇਸੇ ਹਫਤੇ ਆਰਮੀਨੀਆ ਦੀ ਅਰਮਾਵੀਰ ਜੇਲ੍ਹ ਵਿਚੋਂ ਦਰਜਨ ਦੇ ਕਰੀਬ ਭਾਰਤੀ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਵੀਡੀਓ ਨੇ ਵਿਦੇਸ਼ਾਂ ਵਿਚਲੀ ਹਕੀਕਤ ਬਿਆਨ ਕੀਤੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਪੰਜਾਬੀ ਹਨ ਜੋ ਫਰਵਰੀ-ਮਾਰਚ 2024 ਦੌਰਾਨ ਪੱਛਮੀ ਮੁਲਕਾਂ ਵਿਚ ਜਾਣ ਦੇ ਮੰਤਵ ਤਹਿਤ ਗੈਰ-ਕਾਨੂੰਨੀ ਢੰਗ ਨਾਲ ਆਰਮੀਨੀਆ-ਜਾਰਜੀਆ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਫੜੇ ਗਏ ਸਨ। ਇਸ ਵੀਡਿਓ ਦੇ ਵਾਇਰਲ ਹੋਣ ਤੋਂ ਬਾਅਦ ਬੇਸ਼ੱਕ ਭਾਰਤੀ ਦੂਤਾਵਾਸ ਨੇ ਉਨ੍ਹਾਂ ਨਾਲ ਜੇਲ੍ਹ ਵਿਚ ਮੁਲਾਕਾਤ ਕਰ ਲਈ ਹੈ ਪਰ ਇਹ ਸਭ ਨੂੰ ਪਤਾ ਹੈ ਕਿ ਟਰੈਵਲ ਏਜੰਟ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ‘ਡੌਂਕੀ` ਰਸਤੇ ਆਰਮੀਨੀਆ-ਜਾਰਜੀਆ ਸਰਹੱਦ ਪਾਰ ਕਰਵਾਉਂਦੇ ਹਨ।
ਨੌਜਵਾਨਾਂ ਨੂੰ ਇਹ ਪਤਾ ਹੋਣ ਦੇ ਬਾਵਜੂਦ ਕਿ ਡੌਂਕੀ ਰਸਤਿਆਂ ਰਾਹੀਂ ਉਹ ਜੇਲ੍ਹ ਵਿਚ ਫਸ ਸਕਦੇ ਹਨ, ਜੰਗਲਾਂ ਵਿਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਹੋ ਸਕਦੇ ਹਨ, ਸਮੁੰਦਰ ਵਿਚ ਡੁੱਬ ਸਕਦੇ ਹਨ ਪਰ ਤਾਂ ਵੀ ਹਰ ਰੋਜ਼ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਤਾਂ ਇੱਥੋਂ ਸਮਝਿਆ ਜਾ ਸਕਦਾ ਹੈ ਕਿ ਭਾਰਤ ਦੀਆਂ ਮਾੜੇ ਹਾਲਤਾਂ ਕਾਰਨ ਨੌਜਵਾਨ ਪਰਦੇਸਾਂ ਜਾਣਾ ਪਸੰਦ ਕਰਦੇ ਹਨ। ਵਿਦੇਸ਼ ਜਾਣ ਸਮੇਂ ਵਾਪਰੀਆਂ ਕਈ ਘਟਨਾਵਾਂ ਉੱਪਰ ਫਿਲਮਾਂ ਬਣ ਚੁੱਕੀਆਂ ਹਨ, ਫਿਰ ਵੀ ਸਾਡੀਆਂ ਸਰਕਾਰਾਂ ਨੇ ਰੁਜ਼ਗਾਰ ਦੇ ਵਸੀਲੇ ਪੈਦਾ ਨਹੀਂ ਕੀਤੇ। ਦਸੰਬਰ 1996 ਵਿਚ ਸਮੁੰਦਰੀ ਰਸਤੇ ਅਫਰੀਕਾ ਤੋਂ ਯੂਰਪ ਜਾਣ ਦਾ ਤਰੱਦਦ ਕਰਦੇ ਮੁੰਡਿਆਂ ਦੀ ਕਿਸ਼ਤੀ ਡੁੱਬ ਜਾਣ ਕਾਰਨ 270 ਮੌਤਾਂ ਹੋਈਆਂ ਸਨ ਜਿਨ੍ਹਾਂ ਵਿਚੋਂ 170 ਮੁੰਡੇ ਸਾਡੇ ਪੰਜਾਬੀ ਸਨ ਪਰ ਅੱਜ ਤੱਕ ਸਾਡੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸਿਲਸਿਲੇ ਵਿਚ ਕਮੀ ਨਹੀਂ ਆਈ ਹੈ।
ਸਚਾਈ ਇਹ ਹੈ ਕਿ ਜਿਸ ਹਿਸਾਬ ਨਾਲ ਸਾਡੇ ਦੇਸ਼ ਖਾਸ ਕਰ ਕੇ ਪੰਜਾਬ, ਗੁਜਰਾਤ, ਕੇਰਲਾ ਵਰਗੇ ਸੂਬਿਆਂ ਤੋਂ ਪਰਵਾਸ ਹੋ ਰਿਹਾ ਹੈ, ਉਸ ਨਾਲ ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਜੇ ‘ਬਰੇਨ-ਡਰੇਨ` ਅਤੇ ਭਾਰਤੀ ਪੂੰਜੀ ਵਿਦੇਸ਼ ਲਿਜਾਣ ਦਾ ਇਹ ਵਰਤਾਰਾ ਇਸੇ ਅਨੁਪਾਤ ਨਾਲ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਭਾਰਤ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵੈਸੇ ਤਾਂ ਪਰਵਾਸ ਆਪਣੇ ਆਪ ਵਿਚ ਕੋਈ ਮਾੜਾ ਵਰਤਾਰਾ ਨਹੀਂ; ਮਨੁੱਖ ਨੂੰ ਜਦ ਤੋਂ ਸੋਝੀ ਆਈ ਹੈ, ਉਹ ਉਪਜਾਊ ਭੂਮੀ, ਸਾਫ ਪਾਣੀ, ਰਹਿਣ ਦੇ ਅਨੁਕੂਲ ਵਾਤਾਵਰਨ ਵੱਲ ਖਿੱਚਿਆ ਪਰਵਾਸ ਕਰ ਰਿਹਾ ਹੈ ਪਰ ਅੱਜ ਕੁਦਰਤੀ ਸਾਧਨਾਂ ਨਾਲ ਭਰਪੂਰ ਭਾਰਤ ਦੀ ਧਰਤੀ ਤੋਂ ਹੋ ਰਿਹਾ ਪਰਵਾਸ ਸਾਡੇ ਰਾਜ ਪ੍ਰਬੰਧ ਦੀ ਨਾਕਾਮੀ ਦਾ ਸਿੱਟਾ ਹੈ।
ਭਾਰਤ ਦੇ ਹਾਕਮ ਟਾਹਰਾਂ ਤਾਂ ਦੁਨੀਆ ਵੱਡੀ ਅਰਥ ਵਿਵਸਥਾ ਬਣਨ ਦੀਆਂ ਮਾਰ ਰਹੇ ਹਨ ਪਰ ਉਹ ਨੌਜਵਾਨਾਂ ਨੂੰ ਕੋਈ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਦੀਆਂ ਸਥਾਈ ਨੌਕਰੀਆਂ ਵੀ ਨਹੀਂ ਦੇ ਸਕੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਨੌਜਵਾਨ ਲਈ ਦੇਸ਼ ਵਿਚ ਹੀ ਉਸ ਦੀ ਯੋਗਤਾ ਅਨੁਸਾਰ ਰੁਜ਼ਗਾਰ ਦੇਣਾ ਯਕੀਨੀ ਬਣਾਏ; ਜਦ ਤੱਕ ਸਰਕਾਰ ਰੁਜ਼ਗਾਰ ਨਹੀਂ ਦੇ ਸਕਦੀ, ਤਦ ਤੱਕ ਉਸ ਨੂੰ ਬੇਰੁਜ਼ਾਗਰੀ ਭੱਤਾ ਦਿੱਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਹੈ ਕਿ ‘ਅੰਗਰੇਜ਼ ਇੱਥੇ ਆ ਕੇ ਨੌਕਰੀ ਕਰਿਆ ਕਰਨਗੇ` ਜਿਹੇ ਹੋਛੇ ਟੋਟਕੇ ਛੱਡਣ ਨਾਲੋਂ ਖਾੜੀ ਮੁਲਕਾਂ ਵਿਚ ਜਾ ਰਹੇ ਨੌਜਵਾਨਾਂ ਨੂੰ ਹੀ ਇੱਥੇ ਨੌਕਰੀਆਂ ਮੁਹੱਈਆ ਕਰ ਦੇਵੋ ਤਾਂ ਚੰਗਾ ਹੈ।