ਗੁਲਜ਼ਾਰ ਸਿੰਘ ਸੰਧੂ
ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਿਛੋਂ ਪੰਜਾਬ ਦੀ ਆਗਾਮੀ ਰਾਜਨੀਤੀ ਬਾਰੇ ਸੋਸ਼ਲ ਮੀਡੀਆ ਵਿਚ ਭਾਂਤ ਸੁਭਾਂਤੀ ਟਿੱਪਣੀ ਪੜ੍ਹਨ ਨੂੰ ਮਿਲੀ ਹੈ| ਜੇ ਤੇਰਾਂ ਵਿਚੋਂ ਤਿੰਨ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਚੁੱਪ ਹੈ ਤਾਂ ਕਾਂਗਰਸ ਪਾਰਟੀ ਦੇ ਜਾਣੇ ਪਹਿਚਾਣੇ ਨੇਤਾ ਆਪਣੀ ਪਾਰਟੀ ਦੀ ਜਿੱਤ ਨੂੰ ਵੱਖਰੇ ਢੰਗ ਨਾਲ ਵੇਖ ਰਹੇ ਹਨ| ਉਹ ਸਮਝਦੇ ਹਨ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝ ਟੁੱਟਣ ਕਾਰਨ ਕਾਂਗਰਸ ਦੀ ਜਿੱਤ ਉਨੀ ਪ੍ਰਭਾਵੀ ਨਹੀਂ ਜਿੰਨੀ ਹੋ ਸਕਦੀ ਸੀ|
ਇਹ ਟਿੱਪਣੀ ਕਾਂਗਰਸ ਵਿਧਾਇਕ ਪਰਗਟ ਸਿੰਘ ਦੀ ਹੈ ਤੇ ਇਸਨੂੰ ਵੱਡੀਆਂ ਅਖ਼ਬਾਰਾਂ ਨੇ, ਪਰਗਟ ਸਿੰਘ ਦੀਆਂ ਦਲੀਲਾਂ ਸਮੇਤ, ਉਚੇਚੀ ਥਾਂ ਦਿੱਤੀ ਹੈ| ਓਧਰ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਜਿੱਤ ਬਾਰੇ ਤਾਂ ਚੁੱਪ ਹੈ ਪਰ ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੇ ਸਨਮੁੱਖ ਭਗਵੰਤ ਮਾਨ ਕੋਲੋਂ ਮੁੱਖ ਮੰਤਰੀ ਦੀ ਕੁਰਸੀ ਛੱਡਣ ਦੀ ਮੰਗ ਕਰ ਰਹੀ ਹੈ| ਸ੍ਰੀਮਤੀ ਬਾਦਲ ਦੀ ਭਾਵਨਾ ਕੋਈ ਵੀ ਹੋਵੇ ਪਰਗਟ ਸਿੰਘ ਦੀ ਨਜ਼ਰ ਵਿਧਾਇਕ ਨਾਲੋਂ ਵਡੇਰੀ ਪਦਵੀ ਉੱਤੇ ਟਿਕੀ ਹੋਈ ਸਪੱਸ਼ਟ ਹੈ| ਰਾਜਨੀਤੀ ਵਿਚ ਏਸ ਤਰ੍ਹਾਂ ਦੀ ਭਾਵਨਾ ਪਾਲਣਾ ਕੁਦਰਤੀ ਹੈ ਪਰ ਉਹ ਭੁੱਲੀ ਬੈਠਾ ਹੈ ਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਹਾਰਨ ਵਾਲਾ ਸਾਬਕਾ ਮੁੱਖ ਮੱਤਰੀ ਬੇਅੰਤ ਸਿੰਘ ਦਾ ਪੋਤਰਾ ਰਵਨੀਤ ਸਿੰਘ ਬਿੱਟੂ ਉਹਦੇ ਨਾਲੋਂ ਬਹੁਤ ਵੱਡਾ ਖਿਡਾਰੀ ਹੈ| ਉਸਦੇ ਪੰਜਾਬ ਦੀ ਰਾਜਨੀਤੀ ਵਿਚ ਪਰਗਟ ਸਿੰਘ ਨਾਲੋਂ ਕਿੱਤੇ ਵੱਡੇ ਪੈਰ ਹਨ| ਜੇ ਕੱਲ੍ਹ ਦੀ ਗੱਲ ਹੀ ਕਰੀਏ ਉਸਨੇ ਭਾਜਪਾ ਨੇਤਾ ਅਮਿਤ ਸ਼ਾਹ ਦੇ ਗੋਡੇ ਮੁੱਢ ਬਹਿ ਕੇ ਰਾਜ ਮੰਤਰੀ ਦੀ ਪਦਵੀ ਹਥਿਆ ਲਈ ਹੈ| ਕੌਣ ਨਹੀਂ ਜਾਣਦਾ ਕਿ ਥੋੜ੍ਹੇ ਦਿਨ ਪਹਿਲਾਂ ਤੱਕ ਉਹ ਕਾਂਗਰਸ ਪਾਰਟੀ ਦਾ ਜਾਣਿਆ ਪਹਿਚਾਣਿਆ ਚਿਹਰਾ ਸੀ ਅਤੇ ਉਸਨੂੰ ਰਾਜਨੀਤੀ ਦੇ ਰਾਹੇ ਤੋਰਨ ਵਾਲਾ ਰਾਹੁਲ ਗਾਂਧੀ ਸੀ| ਜਿਹੜਾ ਭਾਜਪਾ ਵਿਚ ਦਾਖਲ ਹੋਣ ਲਈ ਫੋਰਾ ਨਹੀਂ ਲਾਉਂਦਾ ਉਹਦੇ ਲਈ ਪਰਗਟ ਸਿੰਘ ਨੂੰ ਚਿੱਤ ਕਰਨ ਲਈ ਰਾਤੋ ਰਾਤ ਆਪਣੀ ਮਾਂ ਪਾਰਟੀ ਵਿਚ ਪਰਤਣਾ ਕੀ ਔਖਾ ਹੈ| ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਿੱਛੋਂ ਪੰਜਾਬ ਦੀ ਰਾਜਨੀਤੀ ਕਿਹੜੇ ਮਾਰਗ ਤੁਰਦੀ ਹੈ ਸਮੇਂ ਨੇ ਦੱਸਣਾ ਹੈ|
ਪੱਤਰਕਾਰ ਵਿਦਿਆ ਪ੍ਰਕਾਸ਼ ਪਰਭਾਕਰ
ਮੇਰੇ ਲਈ ਉਜਾਗਰ ਸਿੰਘ ਤੇ ਸ਼ਾਰਧਾ ਰਾਣਾ ਵੱਲੋਂ ਸੰਪਾਦਤ ਤੇ ਸਪਤਰਿਸ਼ੀ ਪਬਲੀਕੇਸ਼ਨ ਵਲੋਂ ਪ੍ਰਕਾਸ਼ਤ ਵੀ ਪੀ ਪਰਭਾਕਰ ਦੀ ਜੀਵਨੀ ਤੇ ਰਚਨਾ ਵਾਲੀ ਅੰਗਰੇਜ਼ੀ ਪੁਸਤਕ ਪੜ੍ਹਨਾ ਆਪਣੇ ਜੀਵਨ ਦੇ ਵਰਕੇ ਫਰੋਲਣਾ ਹੈ| 19 ਮਾਰਚ 1937 ਦਾ ਜਨਮਿਆ ਵਿਦਿਆ ਪ੍ਰਕਾਸ਼ ਮੇਰੇ (ਜਨਮ 22 ਮਾਰਚ 1934) ਨਾਲੋਂ ਤਿੰਨ ਸਾਲ ਛੋਟਾ ਹੈ| ਉਸਦੇ ਪਿਤਾ ਦਾ ਜੱਦੀ ਪੁਸ਼ਤੀ ਕਸਬਾ ਫਗਵਾੜਾ ਹੈ| ਇਹ ਕਸਬਾ ਬੰਗਾ, ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਤੇ ਜੇਜੋਂ ਦੁਆਬਾ ਨੂੰ ਦਿੱਲੀ ਤੋਂ ਲਾਹੌਰ ਜਾਂਦੀ ਰੇਲਵੇ ਲਾਈਨ ਨਾਲ ਜੋੜਨ ਸਦਕਾ ਜੰਕਸ਼ਨ ਕਹਾਉਂਦਾ ਹੈ| ਪਰਭਾਕਰ ਦਾ ਜਨਮ ਲਾਹੌਰ ਦਾ ਹੈ ਜਿੱਥੇ ਉਸਦੇ ਪਿਤਾ ਜੀ ਪੰਜਾਬ ਸਰਕਾਰ ਵਿਚ ਸਹਾਇਕ ਸਕੱਤਰ ਸਨ| ਮੇਰਾ ਪਿੰਡ ਸੋਨੀ ਜੇਜੋਂ ਵਾਲੀ ਰੇਲਵੇ ਲਾਈਨ ਉੱਤੇ ਪੈਂਦੇ ਸੈਲਾ ਖ਼ੁਰਦ ਸਟੇਸ਼ਨ ਤੋਂ ਕੇਵਲ ਢਾਈ ਕਿਲੋਮੀਟਰ ਹੈ|
ਇਸ ਪੁਸਤਕ ਤੋਂ ਪਤਾ ਲੱਗਿਆ ਕਿ ਪਰਭਾਕਰ ਵੀ ਮੇਰੇ ਵਾਂਗ ਪੰਜਾਬ ਤੋਂ ਬੀ ਏ ਪਾਸ ਕਰ ਕੇ ਦਿੱਲੀ ਚਲਾ ਗਿਆ ਸੀ ਤੇ ਹਾਰਕੋਰਟ ਬਟਲਰ ਸਕੂਲ ਦੀ ਇਮਾਰਤ ਵਿਚ ਪਾਕਿਸਤਾਨ ਤੋਂ ਉੱਜੜ ਕੇ ਆਏ ਸ਼ਰਨਾਰਥੀਆਂ ਲਈ ਸਥਾਪਤ ਕੀਤੇ ਕੈਂਪ ਕਾਲਜ ਵਿਚ ਪੜ੍ਹਦਾ ਰਿਹਾ ਹੈ|
ਭਾਵੇਂ ਇਹ ਕਾਲਜ ਸ਼ਰਨਾਰਥੀਆਂ ਲਈ ਸਥਾਪਤ ਕੀਤਾ ਗਿਆ ਸੀ ਤਾਂ ਕਿ ਉਹ ਦਿਨ ਵੇਲੇ ਨੌਕਰੀ ਕਰਦਿਆਂ ਕੈਂਪ ਕਾਲਜ ਨਾਂ ਦੇ ਇਸ ਕਾਲਜ ਵਿਚ ਦਾਖਲਾ ਲੈ ਕੇ ਪੜ੍ਹਾਈ ਜਾਰੀ ਰੱਖਣ ਪਰ ਇਸਦੇ ਦਰਵਾਜੇ ਉਚੇਰੀ ਵਿਦਿਆ ਦੇ ਬਾਕੀ ਚਾਹਵਾਨਾਂ ਲਈ ਵੀ ਖੁੱਲ੍ਹੇ ਸਨ| ਪਰਭਾਕਰ ਤੋਂ ਤਿੰਨ ਸਾਲ ਪਹਿਲਾਂ ਮੈਂ ਵੀ ਉਸ ਕਾਲਜ ਤੋਂ ਅੰਗਰੇਜ਼ੀ ਐਮ ਏ ਕੀਤੀ ਸੀ ਜਿੱਥੇ ਮੇਰੇ ਵੇਲੇ ਪ੍ਰੇਮ ਕੁਮਾਰ ਤੇ ਅਰਵਿੰਦ ਵੀ ਪੜ੍ਹਦੇ ਰਹੇ ਹਨ| ਉਨ੍ਹਾਂ ਦੋਨਾਂ ਦਾ ਪਰਭਾਕਰ ਨੂੰ ਪੱਤਰਕਾਰੀ ਦੇ ਰਾਹ ਤੋਰਨ ਵਿਚ ਵੱਡਾ ਹੱਥ ਸੀ|
ਜਿਥੋਂ ਤੱਕ ਮੇਰਾ ਸਬੰਧ ਹੈ ਉਹ ਦੋਵੇਂ ਮੇਰੇ ਮਿੱਤਰ ਸਨ| ਅਰਵਿੰਦ ਤੇ ਮੈਂ ਦਿੱਲੀ ਦੀ ਕਰੋਲ ਬਾਗ ਬਸਤੀ ਵਿਚ ਇਕ ਦੂਜੇ ਦੇ ਨੇੜੇ ਰਹਿੰਦੇ ਰਹੇ ਹਾਂ| ਮੇਰੀਆਂ ਮੁਢਲੀਆਂ ਕਹਾਣੀਆਂ ਵਿਚੋਂ ‘ਸੀਤ ਪੋਟੇ’ ਨਾਂ ਦੀ ਕਹਾਣੀ ਨੂੰ ਅੰਗਰੇਜ਼ੀ ਵਿਚ ‘ਫਰੋਜ਼ਨ ਫਿੰਗਰਜ਼’ ਤੇ ਹਿੰਦੀ ਵਿਚ ‘ਠੰਢਾ ਹਾਥ’ ਨਾਂ ਹੇਠ ਕ੍ਰਮਵਾਰ ਅੰਗਰੇਜ਼ੀ ਮਾਸਕ ‘ਕੈਰਾਵਾਲ’ ਤੇ ਹਿੰਦੀ ਮਾਸਕ ‘ਸਾਰਿਕਾ’ ਵਿਚ ਛਪਵਾਉਣ ਵਾਲਾ ਵੀ ਉਹੀਓ ਸੀ| ਇਨ੍ਹਾਂ ਦੋਨਾਂ ਰਸਾਲਿਆਂ ਦਾ ਮਾਲਕ ਇੱਕ ਸੀ ਤੇ ਅਰਵਿੰਦ ਉਸ ਸੰਸਥਾ ਦੇ ਸੰਪਾਦਕੀ ਅਮਲੇ ਵਿਚ ਕੰਮ ਕਰਦਾ ਸੀ|
ਇੱਕ ਹੋਰ ਗੱਲ, ਜਿਸਦਾ ਪਰਭਾਕਰ ਨਾਲ ਸਿੱਧਾ ਸਬੰਧ ਨਹੀਂ, 1965 ਦੀ ਭਾਰਤ-ਪਾਕਿ ਲੜਾਈ ਸਮੇਂ ਸਾਡੇ ਵੱਲੋਂ ਪਾਕਿਸਤਾਨ ਦੇ ਕੁੱਝ ਪਿੰਡ ਜਿੱਤਣ ਨਾਲ ਸਬੰਧ ਰਖਦੀ ਹੈ| ਉਦੋਂ ਅੰਬਾਲਾ ਵਾਲੇ ਗਿਰਜਾ ਘਰ ਉੱਤੇ ਪਾਕਿਸਤਾਨ ਨੇ ਬੰਬ ਸੁੱਟਿਆ ਸੀ| ਉਸਦੀ ਅਖ਼ਬਾਰੀ ਰਿਪੋਰਟ ਤਾਂ ਪਰਭਾਕਰ ਨੇ ਲਿਖਣੀ ਸੀ ਪਰ ਭਾਰਤ ਵੱਲੋਂ ਪਾਕਿਸਤਾਨ ਦੇ ਜਿੱਤੇ ਹੋਏ ਪਿੰਡ ਵੇਖਣ ਵਾਲੇ ਵਾਪਸੀ ’ਤੇ ਅੰਬਾਲਾ ਵਾਲਾ ਗਿਰਜਾ ਘਰ ਵੀ ਵੇਖਦੇ ਸਨ| ਮੈਂ ਤੇ ਪੰਜਾਬੀ ਕਵੀ ਤਾਰਾ ਸਿੰਘ ਕਾਮਿਲ ਵੀ ਉਨ੍ਹਾਂ ਵਰਗੇ ਹੀ ਸਾਂ| ਅਸੀਂ ਨਵੀਂ ਦਿੱਲੀ ਤੋਂ ਮੋਟਰ ਸਾਈਕਲ ਉੱਤੇ ਗਏ ਸਾਂ| ਇੱਕ ਰਾਤ ਮੇਰੇ ਜੱਦੀ ਪਿੰਡ ਰਹਿ ਕੇ| ਜਦੋਂ ਅਸੀਂ ਵਾਪਸੀ ਉੱਤੇ ਗਿਰਜਾ ਘਰ ਵੇਖਣ ਲਈ ਰੁਕੇ ਤਾਂ ਮੁੰਬਈ ਤੋਂ ਆਈ ਫਿਲਮੀ ਹਸਤੀ ਬਲਰਾਜ ਸਾਹਨੀ ਵੀ ਉੱਥੇ ਹਾਜ਼ਰ ਸੀ| ਮੇਰੀ ਤੇ ਤਾਰਾ ਸਿੰਘ ਦੀ ਉਸ ਨਾਲ ਇਹ ਮਿਲਣੀ ਪਹਿਲੀ ਹੀ ਨਹੀਂ ਆਖਰੀ ਵੀ ਸੀ|
ਇਨ੍ਹਾਂ ਨਿੱਜੀ ਗੱਲਾਂ ਤੋਂ ਬਾਹਰ ਦੀ ਜਿਹੜੀ ਗੱਲ ਇਸ ਪੁਸਤਕ ਬਾਰੇ ਕਹਿਣ ਵਾਲੀ ਹੈ ਉਹ ਇਸ ਵਿਚਲੇ ਅੱਧੀ ਦਰਜਨ ਲੇਖਕਾਂ ਦੇ ਪਰਭਾਕਰ ਬਾਰੇ ਲੇਖ ਤਾਂ ਹਨ ਹੀ ਪਰ ਇੱਕ ਦਰਜਨ ਉਸਦੀਆਂ ਆਪਣੀਆਂ ਰਿਪੋਰਟਾਂ ਤੇ ਟਿੱਪਣੀ ਵੀ ਹੈ ਜਿਨ੍ਹਾਂ ਦੀ ਸੁਚੱਜੀ ਚੋਣ ਕਰਨ ਲਈ ਉਜਾਗਰ ਸਿੰਘ ਤੇ ਸ਼ਾਰਧਾ ਵਧਾਈ ਦੇ ਹੱਕਦਾਰ ਹਨ|
ਅੰਤਿਕਾ
ਲਹਿੰਦੇ ਪੰਜਾਬ ਤੋਂ ਤਾਹਿਰਾ ਸਜਾ॥
ਦਮ ਦਾ ਕੋਈ ਵਸਾਹ ਨਹੀਂ ਹੁੰਦਾ,
ਦਮ ਦਾ ਆਪ ਵਸਾਹ ਲੈਣਾ ਏ|
ਡਾਹਢੇ ਨਾਲ ਮੁਕੱਦਮਾ ਚਲਦਾ,
ਵੇਲਾ ਅਸਾਂ ਗਵਾ ਲੈਣਾ ਏ|
ਤਾਹਿਰਾ ਪਿਆਰ ਜੇ ਵਿਕਣਾ ਆਵੇ,
ਲੋਕਾਂ ਅੰਨ੍ਹੇਵਾਹ ਲੈਣਾ ਏ|