ਐ ਮਨਾ! ਔਕਾਤ ‘ਚ ਰਹਿ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਔਕਾਤ, ਹੈਸੀਅਤ, ਮਨੁੱਖ ਦਾ ਮਾਨਵੀ ਮੁਲਾਂਕਣ। ਗੁਣਾਂ ਦੀ ਗੁਥਲੀ। ਬਿਰਤੀਆਂ ਦਾ ਬਿਰਤਾਂਤ। ਮਨੁੱਖ-ਭਾਵੀ ਵਿਸ਼ੇਸ਼ਤਾਵਾਂ ਦੀ ਵਿਆਕਰਨ। ਇਨਸਾਨੀਅਤ ਦਾ ਪ੍ਰਕਾਸ਼। ਆਲੇ-ਦੁਆਲੇ ਫੈਲੇ ਚਾਨਣ ਦਾ ਸੁਦਰਸ਼ਨ ਚੱਕਰ।
ਔਕਾਤ ਕਦੇ ਵੀ ਖ਼ਾਨਦਾਨ, ਰੁਤਬੇ, ਡਿਗਰੀਆਂ, ਉਪਾਧੀਆਂ, ਜਾਇਦਾਦਾਂ, ਮਹੱਲਾਂ, ਕੋਠੀਆਂ, ਵੱਡੇ ਫਾਰਮਾਂ ਜਾਂ ਅਮੀਰੀ ਦੀ ਮੁਥਾਜ ਨਹੀਂਂ। ਕਈ ਵਾਰ ਕੁੱਲੀ ਵਿਚ ਰਹਿਣ ਵਾਲੇ ਫ਼ਕੀਰ ਦੀ ਔਕਾਤ ਵੀ ਮਹਿਲਾਂ ਵਿਚ ਰਹਿਣ ਵਾਲੇ ਰਈਸਜ਼ਾਦਿਆਂ ਤੋਂ ਉੱਪਰ ਹੁੰਦੀ।

ਔਕਾਤ, ਹਰ ਵਿਅਕਤੀ ਨੂੰ ਖ਼ੁਦਾ ਦੀ ਜਾਤ ਸਮਝਣਾ। ਮਨੁੱਖ ਦੇ ਭਾਵਾਂ ਦੀ ਕਦਰ ਕਰਨਾ। ਸਾਂਝੀਵਾਲਤਾ ਦਾ ਧਾਰਨੀ ਹੋਣਾ। ‘ਏਕ ਨੂਰ ਤੇ ਸਭ ਜੱਗ ਉਪਜਿਆ’ ਜਿਹੇ ਪ੍ਰਵਚਨਾਂ ਨੂੰ ਕਰਮ-ਧਰਮ ਵਿਚ ਧਾਰਨ ਦੀ ਚਾਹਨਾਂ। ਸਰਬੱਤ ਦੇ ਭਲੇ ਦਾ ਅਰਦਾਸੀਆ।
ਔਕਾਤ, ਕਿਸੇ ਦੀਆਂ ਲੋੜਾਂ ਥੋੜਾਂ ਵਿਚ ਪਸੀਜਣਾ। ਦਾਨ ਲਈ ਪਹਿਲ। ਦਸਵੰਧ ਦੀ ਕਰਮ ਯੋਗਤਾ। ਡਿਗਦੇ ਲਈ ਸਹਾਰਾ। ਜ਼ਖ਼ਮ ਲਈ ਮਰਹਮ। ਪੀੜ ਲਈ ਦੁਆ ਅਤੇ ਦਵਾ। ਹਉਕੇ ਲਈ ਦਿਲਾਸਾ, ਟੁੱਟਦੇ ਲਈ ਢਾਰਸ, ਤਿੜਕਣ ਵਿਚ ਧਰਵਾਸ, ਬੇਆਸੇ ਲਈ ਆਸ ਅਤੇ ਬੇਔਕਾਤੇ ਨੂੰ ਔਕਾਤ ਨਾਲ ਵਰੋਸਾਉਣਾ।
‘ਕੇਰਾਂ, ਟੀਵੀ ‘ਤੇ ਇਕ ਪ੍ਰੋਗਰਾਮ ਦੇਖਦਿਆਂ, ਕਿਸੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਜਵਾਕ ਦੇ ਬੋਲ ਮੇਰੀ ਰੂਹ ਨੂੰ ਝੰਬ ਗਏ ਅੱਖਾਂ ਸਿੱਲ੍ਹੀਆਂ ਹੋ ਗਈਆਂ ਅਤੇ ਸੋਚਾਂ ਵਿਚ ਤੂਫ਼ਾਨ ਉਮਡਿਆ। ਆਮ ਲੋਕਾਂ ਦੀ ਨੀਚਤਾ ਉੱਪਰ ਰੋਣਾ ਆਇਆ ਅਤੇ ਕਿਸੇ ਦੀ ਪੀੜਾ ਵਿਚੋਂ ਖ਼ੁਦ ਲਈ ਖ਼ੁਸ਼ੀ ਭਾਲਣ ਵਾਲਿਆਂ ਦੀ ਸੋਚ ‘ਤੇ ਸ਼ਰਮਸਾਰੀ ਵੀ। ਹੋਠਾਂ `ਤੇ ਚੁੱਪ ਅਤੇ ਇਹ ਚੁੱਪ ਮੇਰੇ ਅੰਤਰੀਵ ਵਿਚ ਉਤਰ, ਮੈਨੂੰ ਕੁਰੇਦਣ ਲੱਗੀ। 11 ਕੁ ਸਾਲ ਦੇ ਜਵਾਕ ਦਾ ਕਹਿਣਾ ਸੀ ਕਿ ਮੇਰੇ ਕਲਾਸ ਦੇ ਸਾਥੀ ਅਤੇ ਆਂਢ-ਗੁਆਂਢ ਦੇ ਲੋਕ ਅਕਸਰ ਕਹਿੰਦੇ ਨੇ ਕਿ ਤੇਰੀ ਔਕਾਤ ਹੀ ਕੀ ਆ? ਤੂੰ ਹੈ ਹੀ ਕੀ? ਤੈਨੂੰ ਕਿਹਨੇ ਪੁੱਛਣਾ? ਕੀਹਨੇ ਪਛਾਣਨਾ? ਤੇ ਬੱਚੇ ਨੇ ਮਾਸੂਮ ਜਿਹਾ ਜਵਾਬ ਦਿੱਤਾ ਕਿ ਮੈਂ ਸੋਚਦਾ ਸਾਂ ਕਿ ਔਕਾਤ ਕੋਈ ਬਹੁਤ ਹੀ ਮਹਿੰਗੀ ਚੀਜ਼ ਹੋਣੀ ਆ, ਜਿਹੜੀ ਮੇਰੇ ਗ਼ਰੀਬ ਮਾਪੇ ਖ਼ਰੀਦ ਨਹੀਂ ਸਕਦੇ। ਤਾਂ ਹੀ ਮੇਰੀ ਕੋਈ ਔਕਾਤ ਨਹੀਂ? ਮੈਂ ਤਾਂ ਆਪਣੀ ਔਕਾਤ ਨੂੰ ਭਾਲਣ ਲਈ ਹੀ ਇਸ ਮੁਕਾਬਲੇ ਵਿਚ ਆਇਆ ਹਾਂ। ਕਾਸ਼! ਮੈਨੂੰ ਪਤਾ ਲੱਗ ਜਾਵੇ ਕਿ ਮੇਰੀ ਔਕਾਤ ਕੀ ਆ? ਤੇ ਇਹ ਸੁਣ ਕੇ ਮੁਕਾਬਲੇ ਦੇ ਜੱਜ ਅਤੇ ਸਰੋਤੇ ਖ਼ਾਮੋਸ਼ ਹੋ ਗਏ। ਸਾਰਿਆਂ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਅਤੇ ਮਨਾਂ ਵਿਚ ਉੱਠੀ ਚੀਸ ਨੇ ਹਾਜ਼ਰੀਨ ਦੇ ਚਿਹਰਿਆਂ ਨੂੰ ਰੁਆਂਸ ਦਿੱਤਾ।
ਜ਼ਰਾ ਸੋਚਣਾ! ਬੱਚੇ ਨੂੰ ਔਕਾਤ ਦੱਸਣ ਅਤੇ ਪੁੱਛਣ ਵਾਲਿਆਂ ਦੀ ਆਪਣੀ ਕੀ ਔਕਾਤ ਹੋਵੇਗੀ? ਬੱਚੇ ਦੇ ਮਨ ‘ਤੇ ਕੀ ਬੀਤੀ ਹੋਵੇਗੀ ਜਦ ਉਸ ਨੂੰ ਔਕਾਤ ਦਾ ਮਿਹਣਾ ਮਾਰਿਆ ਹੋਵੇਗਾ? ਉਸ ਦਾ ਦਿਲ ਤਾਂ ਜ਼ਾਰ-ਜ਼ਾਰ ਰੋਇਆ ਹੋਵੇਗਾ। ਇਕ ਡੂੰਘਾ ਜ਼ਖ਼ਮ ਉਸ ਦੇ ਅੰਦਰ ਸਦਾ ਰਿਸਦਾ ਰਹੇਗਾ। ਉਸ ਦੀ ਮਸੂਮੀਅਤ ਨੂੰ ਵਲੂੰਧਰਨ ਦਾ ਦੋਸ਼ੀ ਕੌਣ ਹੋਵੇਗਾ? ਰੂਹ ਤੇ ਲੱਗੇ ਅਜੇਹੇ ਫੱਟ ਸਾਰੀ ਉਮਰ ਹੀ ਚਸਕਦੇ ਰਹਿੰਦੇ। ਪਰ ਇਹੀ ਫੱਟ ਹੀ ਕਿਸੇ ਬੇਔਕਾਤੇ ਨੂੰ ਔਕਾਤ ਦੇ ਦਿਸਹੱਦੇ ਦੀ ਦੱਸ ਪਾਉਂਦੇ ਅਤੇ ਔਕਾਤ ਦਾ ਨਵਾਂ ਸਿਰਨਾਵਾਂ ਸਿਰਜਦੇ। ਬਾਅਦ ‘ਚ ਮਿਹਣਾ ਮਾਰਨ ਵਾਲਿਆਂ ਨੂੰ ਆਪੇ ਹੀ ਪਤਾ ਲੱਗ ਜਾਂਦਾ ਕਿ ਔਕਾਤ ਕਿਸ ਨੂੰ ਕਹਿੰਦੇ ਅਤੇ ਕਿਸ ਦੀ ਕਿੰਨੀ ਕੁ ਔਕਾਤ ਹੈ? ਅਕਸਰ ਹੀ ਲੋਕ ਕਿਸੇ ਪੱਥਰ ਨੂੰ ਠੁੱਡ ਮਾਰਦੇ ਪਰ ਜਦ ਉਸੀ ਪੱਥਰ ਵਿਚੋਂ ਮੂਰਤੀ ਬਣਾਈ ਜਾਂਦੀ ਤਾਂ ਉਸ ਪੱਥਰ-ਰੂਪੀ ਮੂਰਤੀ ਨੂੰ ਨਤਮਸਤਕ ਹੋ, ਮੰਨਤਾਂ ਮੰਗਣ ਲੱਗ ਪੈਂਦੇ।
ਔਕਾਤ, ਬੰਦੇ ਦੇ ਹੱਥ ਵੱਸ। ਉਸ ਦੀ ਸੋਚ ਦੀ ਦਾਸੀ ਅਤੇ ਉਸ ਦੇ ਕਰਮਾਂ ਦੀ ਕਾਮਨੀ। ਕਰਮ-ਸਾਧਨਾ ਦੀ ਦੇਵੀ। ਉੱਦਮ ਦਾ ਆਵੇਸ਼। ਮਸਤਕ ‘ਚ ਉੱਗਿਆ ਸੂਰਜ। ਪੂਰਨਿਆਂ ‘ਚੋਂ ਪ੍ਰਗਟਦੀ ਵਰਨਮਾਲਾ। ਲਿਖਤ ਵਿਚੋਂ ਪਨਪਦੀ ਸੰਵੇਦਨਾ। ਸੁਹਜ, ਸਲੀਕਾ ਅਤੇ ਸੇਧ ਦਾ ਸੰਗਮ।
ਔਕਾਤ ਨਾ ਤਾਂ ਅਪਹੁੰਚ ਤੇ ਨਾ ਹੀ ਵਸੋਂ-ਬਾਹਰੀ। ਨਾ ਹੀ ਅਮੀਰਜ਼ਾਦਿਆਂ ਦੀ ਰਖੇਲ ਅਤੇ ਨਾ ਹੀ ਕਿਸੇ ਕੌਮ, ਮਜ਼੍ਹਬ, ਧਰਮ, ਵਰਨ ਜਾਂ ਜਾਤ ਦੀ ਗ਼ੁਲਾਮ।
ਔਕਾਤ ਵਿਰਾਸਤ ਵਿਚ ਵੀ ਨਹੀਂ ਮਿਲਦੀ। ਇਹ ਤਾਂ ਖ਼ੁਦ ਕਮਾਉਣੀ ਪੈਂਦੀ, ਆਪਣੀ ਸਾਵੀਂ ਤੇ ਸੱਚੀ ਸੋਚ, ਸੁੰਦਰ ਵਿਚਾਰ, ਸ਼ੁੱਭ-ਕਰਮ, ਸਚਿਆਰਾ ਆਚਾਰ-ਵਿਹਾਰ, ਸਿਰਜਣ ਸਮਰੱਥਾ ਅਤੇ ਤੱਕੜੀ ਤਪੱਸਿਆ ਨਾਲ।
ਔਕਾਤ ਦਾ ਗੱਲਬਾਤ ਵਿਚੋਂ ਪਤਾ ਨਹੀਂ ਲੱਗਦਾ। ਪਰ ਤੁਹਾਡਾ ਲੋਕਾਂ ਪ੍ਰਤੀ ਕੀ ਵਿਵਹਾਰ ਹੈ, ਤੁਹਾਡੀ ਔਕਾਤ ਦੀ ਚੁਗ਼ਲੀ ਕਰ ਜਾਂਦਾ।
ਆਪਣੀ ਹੈਸੀਅਤ ਨੂੰ ਐਸੀ ਬਣਾਓ ਕਿ ਤੁਹਾਨੂੰ ਮਿਲਣ ਵਾਲਾ ਆਪਣੀ ਔਕਾਤ ਹੀ ਭੁੱਲ ਜਾਵੇ। ਤੁਹਾਡਾ ਵਿਅਕਤੀਤਵ ਅਜਿਹਾ ਹੋਵੇ ਕਿ ਬੰਦਾ ਅਪਣਾ ਜਾਤ ਹੀ ਭੁੱਲ ਜਾਵੇ। ਤੁਹਾਡੇ ਮੁੱਖ ‘ਤੇ ਇੰਨਾ ਨੂਰ ਹੋਵੇ, ਕਿਸੇ ਨੂੰ ਵਿਹੜੇ ਉੱਤਰੀ ਪ੍ਰਭਾਤ ਹੀ ਭੁੱਲ ਜਾਵੇ।
ਕੁਝ ਲੋਕਾਂ ਨੂੰ ਇੰਨਾ ਫ਼ਤੂਰ ਹੁੰਦੈ ਕਿ ਉਹ ਅਕਸਰ ਹੀ ਕਿਸੇ ਨੂੰ ਕਹਿ ਦਿੰਦੇ ਕਿ ਮੇਰੀ ਔਕਾਤ ਦਾ ਅੰਦਾਜ਼ਾ ਲਗਾਉਣਾ ਤਾਂ ਤੇਰੀ ਔਕਾਤ ਹੀ ਨਹੀਂ ਹੈ।
ਬੰਦਿਆ! ਤੂੰ ਕਿਹੜੇ ਧਨ-ਦੌਲਤ ਸਦਕਾ ਆਪਣੀ ਔਕਾਤ ਦੀਆਂ ਡੀਂਗਾਂ ਮਾਰਦਾਂ। ਯਾਦ ਰਖ ਕਿ ਕਫ਼ਨ ਦੀ ਜੇਬ ਨਹੀਂ ਹੁੰਦੀ। ਸੁੱਕੇ ਪੱਤਿਆਂ ਨੂੰ ਤਾਂ ਟਾਹਣੀ ਵੀ ਆਪਣੇ ਕੋਲ ਨਹੀਂ ਰੱਖਦੀ।
ਔਕਾਤ ਵਿਚ ਰਹਿਣ ਵਾਲੇ ਲੋਕ ਆਪਣੀ ਔਕਾਤ ਦੀਆਂ ਕਦੇ ਵੀ ਗੱਲਾਂ ਨਹੀਂ ਕਰਦੇ। ਉਨ੍ਹਾਂ ਦੀ ਔਕਾਤ ਨੂੰ ਕਿਸੇ ਨੂੰ ਦੱਸਣ, ਦਿਖਾਉਣ ਜਾਂ ਅਸਰ-ਅੰਦਾਜ਼ ਕਰਨ ਦੀ ਲੋੜ ਹੀ ਨਹੀਂ ਹੁੰਦੀ।
ਰਾਹ ਜਾਂਦਿਆਂ ਠੇਡਾ ਖਾ ਕੇ ਡਿਗਣਾ, ਕਦੇ ਕਿਸੇ ਮਿਸ਼ਨ ਵਿਚ ਫ਼ੇਲ੍ਹ ਹੋ ਜਾਣਾ ਜਾਂ ਅਚਨਚੇਤ ਮਿਲੀ ਅਸਫਲਤਾ ਨਿਆਮਤ ਹੁੰਦੀ ਕਿਉਂਕਿ ਅਜਿਹੇ ਮੌਕਿਆਂ ਤੇ ਮਨੁੱਖ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਂਦਾ।
ਸਿਆਣਾ ਬੰਦਾ ਔਕਾਤ ਹੀ ਭੁੱਲ ਜਾਵੇ ਇੰਨਾ ਤਾਂ ਉਹ ਅਮੀਰ ਨਹੀਂ ਹੁੰਦਾ। ਪਰ ਕੋਈ ਉਸ ਨੂੰ ਉਸ ਦੀ ਔਕਾਤ ਬਾਰੇ ਕੁਝ ਕਹੇ, ਕਦੇ ਅਜਿਹਾ ਵੀ ਫ਼ਕੀਰ ਨਹੀਂ ਹੁੰਦਾ। ਹਰ ਬੰਦੇ ਦੀ ਕੋਈ ਨਾ ਕੋਈ ਤਾਂ ਔਕਾਤ ਹੁੰਦੀ ਹੀ ਆ।
ਰਿਸ਼ਤੇ ਉਨ੍ਹਾਂ ਨਾਲ ਬਣਾਓ, ਸੰਬੰਧ ਅਜਿਹਿਆਂ ਨਾਲ ਸਥਾਪਤ ਕਰੋ ਅਤੇ ਪਿਆਰ ਸਿਰਫ਼ ਉਸ ਨੂੰ ਹੀ ਕਰੋ ਜਿਸ ਦੀ ਵਫ਼ਾ ਪਾਲਣ ਦੀ ਔਕਾਤ ਹੋਵੇ। ਵਰਨਾ ਲੋਕ ਤਾਂ ਰਿਸ਼ਤਿਆਂ ਨੂੰ ਵਰਤ ਕੇ ਡੱਸਟਬਿਨ ਵਿਚ ਸੁੱਟ ਦਿੰਦੇ ਨੇ।
ਔਕਾਤ ਬਦਲਦਿਆਂ ਦੇਰ ਨਹੀਂ ਲੱਗਦੀ। ਸਹੀ ਸਮਾਂ, ਸਹੀ ਮੌਕਾ ਅਤੇ ਸਹੀ ਸੇਧ ਵਿਚ ਧਰਿਆ ਇਕ ਹੀ ਕਦਮ, ਮਨੁੱਖੀ ਹੈਸੀਅਤ ਵਿਚ ਬਦਲਾਅ ਪੈਦਾ ਕਰ ਦਿੰਦਾ।
ਕਦੇ ਮਹਾਨ ਵਿਅਕਤੀਆਂ, ਵਿਗਿਆਨੀਆਂ, ਕਲਾਕਾਰਾਂ, ਸਮਾਜ ਸੇਵਕਾਂ ਜਾਂ ਧਾਰਮਿਕ ਗੁਰੂਆਂ ਦੀ ਜੀਵਨ-ਗਾਥਾ ਪੜ੍ਹਨਾ, ਤੁਹਾਨੂੰ ਪਤਾ ਲੱਗੇਗਾ ਕਿ ਤਕਦੀਰ ਬਦਲਣ ਨਾਲ ਬੰਦੇ ਦੀ ਔਕਾਤ ਕਿਵੇਂ ਬਦਲਦੀ। ਜਦ ਕਿਸੇ ਕੰਮੀ ਦਾ ਬੱਚਾ ਉੱਚ-ਅਧਿਕਾਰੀ ਬਣ ਜਾਂਦਾ ਤਾਂ ਕੰਮੀ ਨੂੰ ਘੂਰਨ ਵਾਲੇ ਜ਼ਿਮੀਂਦਾਰ ਵੀ ਉਸ ਦਾ ਅਦਬ ਕਰਨ ਲੱਗਦੇ। ਡਰ ਹੁੰਦਾ ਕਿ ਪਤਾ ਨਹੀਂ ਸਾਨੂੰ ਇਸ ਦੀ ਕਿਹੜੇ ਵੇਲੇ ਲੋੜ ਪੈ ਜਾਵੇ। ਇਹੀ ਲੋੜ ਹੀ ਕਿਸੇ ਕੰਮੀਂ ਦੀ ਔਕਾਤ ਬਦਲਣ ਦਾ ਪ੍ਰਮਾਣ ਹੁੰਦੀ।
ਆਪਣੀ ਔਕਾਤ ਵਿਚ ਰਹਿੰਦਿਆਂ, ਸੀਮਤ ਸਾਧਨਾ ਨਾਲ ਜੀਵਨ ਨੂੰ ਸੁਖਦ ਅਤੇ ਸੁਪਨਮਈ ਬਣਾਉਣ ਵਾਲੇ, ਜ਼ਿੰਦਗੀ ਦੇ ਅਨਮੋਲ ਹੀਰੇ। ਔਕਾਤ ਤੋਂ ਬਾਹਰ ਜਾ ਕੇ ਆਪਣੀ ਹਉਮੈਂ, ਅਹੰਕਾਰ ਤੇ ਮੈਂ ਨੂੰ ਮੋਹਰੀ ਬਣਾਉਣ ਵਾਲੇ, ਜੀਵਨ ਦੇ ਨਾਲਾਇਕ ਪੁੱਤ। ਅਜਿਹੇ ਲੋਕ ਆਪਣੇ ਅਮਾਨਵੀ ਵਿਹਾਰ ਨਾਲ ਇਨਸਾਨੀਅਤ ਤੋਂ ਗਿਰਨ ਲੱਗਿਆਂ ਪਲ ਵੀ ਨਹੀਂ ਲਾਉਂਦੇ। ਦਰਅਸਲ ਇਹ ਮਨੁੱਖਤਾ ਦੇ ਮੱਥੇ ਤੇ ਲੱਗਿਆ ਇਕ ਧੱਬਾ ਹੁੰਦੇ।
ਜਦ ਕੋਈ ਹੈਂਕੜਬਾਜ਼ ਕਿਸੇ ਗ਼ਰੀਬ, ਸ਼ਰੀਫ਼, ਇਮਾਨਦਾਰ ਜਾਂ ਸੱਚੇ ਵਿਅਕਤੀ ਨੂੰ ਕਹੇ ਕਿ ਮੈਂ ਤੈਨੂੰ ਤੇਰੀ ਔਕਾਤ ਦੱਸਣਾ ਚਾਹੁੰਦਾ ਹਾਂ। ਤੂੰ ਆਪਣੀ ਔਕਾਤ ਵਿਚ ਰਹਿ। ਜਾਂ ਕਹੇ ਕਿ ਮੈਂ ਜਾਣਦਾ ਹਾਂ ਕਿ ਤੇਰੀ ਔਕਾਤ ਕੀ ਏ, ਤਾਂ ਸਮਝ ਜਾਣਾ ਕਿ ਹੈਂਕੜਬਾਜ਼ ਦੀ ਹੀ ਕੋਈ ਔਕਾਤ ਨਹੀਂ। ਯਾਦ ਰੱਖਣਾ ਕਿ ਜ਼ਿਆਦਾਤਰ ਝਗੜੇ, ਕਲੇਸ਼, ਰੋਸੇ, ਮਨ-ਮੁਟਾਈ, ਘ੍ਰਿਣਾ, ਮਨਮੁਖਾਂ ਜਾਂ ਦੁਸ਼ਮਣੀ ਦਾ ਪ੍ਰਗਟਾਵਾ, ਔਕਾਤ ਦਾ ਕਮੀਨਾ ਪ੍ਰਗਟਾਵਾ ਅਤੇ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਬਿਰਤੀ ਹੁੰਦੀ। ਲੋਕ ਆਪ ਵੱਡੇ ਨਹੀਂ ਹੋਣਾ ਚਾਹੁੰਦੇ ਸਗੋਂ ਉਹ ਉੱਪਰ ਉੱਠਣ ਵਾਲਿਆਂ ਨੂੰ ਨੀਵਾਂ ਸਾਬਤ ਕਰਨ ਲਈ ਕਿਸੇ ਦੀ ਔਕਾਤ ਨੂੰ ਨਿੰਦਣ ਅਤੇ ਬਦਖੋਹੀ ਕਰਨ ਤੀਕ ਉਤਾਰੂ ਹੋ ਜਾਂਦੇ।
ਅਕਸਰ ਲੋਕ ਔਕਾਤ ਨੂੰ ਨਕਾਰਾਤਮਿਕ ਰੂਪ ਵਿਚ ਹੀ ਜੱਗ-ਜ਼ਾਹਿਰ ਕਰਦੇ। ਕਦੇ ਸਮਾਜ ਵਿਚ ਆਪਣੀ ਗੱਲਬਾਤ, ਸਲੀਕੇ ਅਤੇ ਕਰਮ ਸ਼ੈਲੀ ਰਾਹੀਂ ਔਕਾਤ ਦਾ ਸਕਾਰਾਤਮਿਕ ਰੂਪ ਦਿਖਾਉਣਾ, ਦੁਨੀਆ ਤੁਹਾਨੂੰ ਸਲਾਮਾਂ ਕਰੇਗੀ।
ਔਕਾਤ ਤਾਂ ਸੇਵਾ ਭਾਵਨਾ, ਕਿਸੇ ਬੇਆਸਰੇ ਦੇ ਕੰਮ ਆਉਣ ਦੀ ਬਿਰਤੀ, ਅੱਖਰ ਦਾਨ ਦੇਣ ਦਾ ਸੁਭਾਅ, ਰੋਂਦੇ ਦੇ ਹੰਝੂ ਪੂੰਝਣ ਦੀ ਤੜਫ਼, ਅਬਲਾ ਦੇ ਸਿਰੋਂ ਲੱਥੀ ਚੁੰਨੀ ਨੂੰ ਸਿਰ ਤੇ ਟਿਕਾਉਣ ਦੀ ਦਲੇਰੀ, ਪਿਆਰ ਦਾ ਪੈਗ਼ਾਮ ਹਰ ਵਿਹੜੇ ਵਿਚ ਪਹੁੰਚਾਉਣ ਦੀ ਪਹਿਲਕਦਮੀ, ਮਨੁੱਖੀ ਬਰਾਬਰੀ ਦਾ ਅਹਿਸਾਸ, ਠੇਡੇ ਖਾ ਕੇ ਡਿੱਗੇ ਨੂੰ ਦਿੱਤਾ ਧਰਵਾਸ ਅਤੇ ਕਿਸੇ ਲਈ ਬਣਿਆ ਅਕਾਸ਼ ਹੁੰਦੀ।
ਇਹ ਕੇਹੀ ਔਕਾਤ ਕਿ ਬੰਦਾ ਧਨ ਤੇ ਤਾਕਤ ਦੇ ਨਸ਼ੇ ਵਿਚ ਬਿਫ਼ਰਿਆ ਫਿਰੇ, ਸੜਕਾਂ ਤੇ ਪੈਦਲ ਜਾਂਦੇ ਜਾਂ ਸੜਕ ਨਿਕਾਰੇ ਸੁੱਤੇ ਹੋਏ ਘਰ-ਹੀਣਾ ਨੂੰ ਕਾਰ ਹੇਠ ਦਰੜੇ, ਦਾਰੂ ਦੀ ਲੋਰ ‘ਚ ਕਾਨੂੰਨ ਦੀਆਂ ਧੱਜੀਆਂ ਉਡਾਏ, ਮਾਪਿਆਂ ਨੂੰ ਘਰੋਂ ਕੱਢ ਕੇ ਉਡਾਵਾ ਘਰਾਂ ਵਿਚ ਰੁਲਨ ਲਈ ਛੱਡੇ, ਉਨ੍ਹਾਂ ਦੇ ਜਾਅਲੀ ਅੰਗੂਠੇ ਲਗਵਾਏ ਅਤੇ ਜੱਦੀ ਜਾਇਦਾਦ ਤੋਂ ਆਪਣਿਆਂ ਨੂੰ ਹੀ ਮਹਿਰੂਮ ਕਰ, ਗੁਲਛਰੇ ਉਡਾਏ, ਅਧਰਮੀ ਹੁੰਦਿਆਂ ਖ਼ੁਦ ਨੂੰ ਧਰਮੀ ਅਖਵਾਏ, ਆਪਣਿਆਂ ਨੂੰ ਹੀ ਕੁੱਟੇ, ਲੁੱਟੇ ਅਤੇ ਕਬਰਾਂ ਪੁੱਟੇ। ਗ਼ਰੀਬਾਂ ਦੀਆਂ ਝੁੱਗੀਆਂ ਢਾਹੇ ਅਤੇ ਉਸ ਜਗਾ ਤੇ ਆਲੀਸ਼ਾਨ ਬੰਗਲਾ ਜਾਂ ਹੋਟਲ ਬਣਾਵੇ। ਮਾਇਕ ਲਾਭ ਖ਼ਾਤਰ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ਤੇ ਲਾਵੇ ਅਤੇ ਫਿਰ ਉਨ੍ਹਾਂ ਦੀ ਲਾਸ਼ਾਂ ਤੇ ਮਗਰ ਮੱਛੀ ਅੱਥਰੂ ਵਹਾਏ।
ਜਦ ਕੋਈ ਬੰਦਾ ਖ਼ੁਦ ਨੂੰ ਖ਼ੁਦਾ ਅਖਵਾਏ ਤਾਂ ਸਮਝੋ ਕਿ ਉਸ ਦੇ ਸਿਰ ‘ਤੇ ਮੰਡਰਾਉਂਦੀ ਹੈ ਮੌਤ ਅਤੇ ਉਸ ਦੀ ਔਕਾਤ ਨੇ ਬਹੁਤ ਜਲਦੀ ਹੋ ਜਾਣਾ ਹੈ ਫ਼ੌਤ। ਜਦ ਕੋਈ ਲੱਪ ਕੁ ਆਟਾ ਮੰਗਣ ਵਾਲਿਆਂ ਸਾਹਵੇਂ ਭਰੇ ਗੁਦਾਮਾਂ ‘ਤੇ ਕੁੰਡਲੀ ਮਾਰੇ ਤਾਂ ਸਮਝ ਲੈਣਾ ਕਿ ਭੁੱਖੀਆਂ ਆਂਦਰਾਂ ਦੀ ਬਦ-ਦੁਆ ਨੇ ਗ਼ਰਕ ਕਰ ਦੇਣਾ ਹੈ ਉਸ ਦਾ ਤਿਲਿਸਮੀ ਹੰਕਾਰ।
ਕਿਸੇ ਦੇ ਸਾਹਮਣੇ ਆਪਣੀ ਔਕਾਤ ਦਿਖਾਉਣਾ, ਆਪਣੇ ਆਪ ਦੀ ਹੇਠੀ, ਧਾਰਮਿਕ ਆਸਥਾ ਦੀ ਬਦਖੋਈ, ਖ਼ੁਦ ਦੀ ਦੁਰਦਸ਼ਾ, ਅੰਤਰੀਵ ਦਾ ਲਹੂ-ਲੁਹਾਨ ਹੋਣਾ ਅਤੇ ਆਪਣੇ ਅੰਦਰਲੇ ਸੋਗ ਦਾ ਪਤਾ ਹੀ ਨਾ ਹੋਣਾ। ਆਪਣੇ ਸਾਹਵੇਂ ਨਮੋਸ਼ੀ ਅਤੇ ਮਨ ਨੂੰ ਮੱਲ੍ਹੀ ਬੈਠੀ ਖ਼ਾਮੋਸ਼ੀ, ਬੋਲਾਂ ‘ਚ ਅੱਗ ਉਗਲਦਾ ਆਪਾ, ਅਤੇ ਆਪਣੇ ਹੀ ਸਾਹ-ਸਾਜ਼ਾਂ ਲਈ ਸਿਆਪਾ, ਨੈਣਾਂ ਵਿਚ ਜੰਮਿਆ ਭੈਅ ਅਤੇ ਕਰਮਾਂ ਵਿਚ ਕੁਕਰਮਾਂ ਦਾ ਕੁਹਰਾਮ।
‘ਕੇਰਾਂ ਮੈਂ ਔਕਾਤ ਨੂੰ ਮਿਲਿਆ
ਉਸ ਦੇ ਸਨਮੁੱਖ ਹੋ
ਉਸਨੂੰ ਪੁੱਛਿਆ
ਕਿ ਦੱਸ ਤਾਂ ਸਹੀ
ਤੇਰੀ ਉਹਨੂੰ ‘ਚ ਮੇਰੀ ਔਕਾਤ ਕੀ ਏ?
ਔਕਾਤ ਨੇ ਮੈਨੂੰ ਕਿਹਾ,
“ਮੈਨੂੰ ਦੱਸਣ ਦੀ ਲੋੜ ਹੀ ਨਹੀਂ,
ਕਦੇ ਤੂੰ ਆਪਣੇ ਆਪ ਨੂੰ ਮਿਲੀਂ ,
ਅਤੇ ਖ਼ੁਦ ਨੂੰ ਪੁੱਛੀਂ
ਕਿ ਤੂੰ ਕਿੰਨਿਆਂ ਦੇ ਅੱਥਰੂ ਪੂੰਝੇ ਨੇ?
ਕਦੇ ਮਾਂ ਬਾਪ ਕੋਲ ਬਹਿ ਕੇ
ਉਨ੍ਹਾਂ ਦਾ ਹਾਲ-ਚਾਲ ਪੁੱਛਿਆ
ਤੇ ਆਪਣਾ ਦੁੱਖ-ਸੁੱਖ ਦੱਸਿਆ?
ਮਾਪਿਆਂ ਦੀ ਜੀਵਨ-ਗਾਥਾ ਨੂੰ
ਕਦੇ ਚੇਤਨਾ ‘ਚ ਉਲਥਾਇਆ?
ਕੀ ਮਾਂ ਦੀਆਂ ਅਸੀਸਾਂ
ਤੇ ਬਾਪ ਦੀ ਮਾਣੀ ਛਾਂ ਦਾ ਸ਼ੁਕਰ ਕੀਤਾ?
ਕੀ ਕਦੇ ਕਿਸੇ ਦੇ
ਜੀਵਨ-ਰਾਹ ਦੇ ਰੋੜਿਆਂ ਨੂੰ ਹਟਾਇਆ?
ਪੈਰਾਂ ‘ਚ ਪੁੜੇ ਕੰਡੇ ਨੂੰ ਕੱਢਿਆ?
ਲੀਰਾਂ ਹੋਈ ਪੱਤ ਦਾ ਕੱਜਣ ਬਣਿਆਂ?
ਖੇਤਾਂ ਵਿਚ ਉੱਗਦੀਆਂ ਖੁਦਕੁਸ਼ੀਆਂ ਦੀ ਗੱਲ ਕੀਤੀ?
ਝੁੱਗੀਆਂ ਦੇ ਉੱਡਦੇ ਕੱਖਾਂ-ਕਾਨਿਆਂ ਨੂੰ ਮੁਖ਼ਾਤਬ ਹੋਇਆਂ?
ਛਤੀਰ ਨਾਲ ਲਟਕਦੀ ਲਾਸ਼ ਦੀਆਂ ਅੱਖਾਂ ‘ਚ ਝਾਕਿਆ?
ਅਬਲਾ ਦੇ ਦੀਦਿਆਂ ‘ਚ ਲਟਕਦੇ ਅੱਥਰੂਆਂ ਦੀ ਕਥਾ ਪੜ੍ਹੀ?
ਰਿਸਦੇ ਜ਼ਖ਼ਮ ਦੀ ਚੀਸ ਨੂੰ ਪਿੰਡੇ ‘ਤੇ ਹੰਢਾਇਆ?
ਕਦੇ ਬੋਲਾਂ ਵਿਚ ਹਮਦਰਦੀ ਦਾ ਨਾਦ ਪੈਦਾ ਹੋਇਆ?
ਨਫ਼ਰਤੀ ਯੁੱਗ ਵਿਚ ਪਿਆਰ ਦਾ ਨਗ਼ਮਾ ਗਾਇਆ?
ਜਾਤਾਂ, ਨਸਲਾਂ, ਅਤੇ ਧਰਮਾਂ ਦੀ ਵਰਨ ਵੰਡ ਵਿਚ
ਸਾਂਝੀਵਾਲਤਾ ਦਾ ਸੁਨੇਹਾ ਦਿੱਤਾ?
ਸ਼ਬਦਾਂ ਵਿਚ ਅਰਥਾਂ ਦੇ ਚਿਰਾਗ਼ ਧਰੇ?
ਬੋਲਾਂ ਵਿਚ ਅਨਾਥ ਬੱਚਿਆਂ ਦੀ ਲਿਲ੍ਹਕੜੀ ਗੂੰਜੀ?
ਕਦੇ ਆਪਣੇ ਆਪ ਨੂੰ ਮਿਲਿਆਂ?
ਕੀਰਤੀ ‘ਚੋਂ ਚੰਗਿਆਈ ਦੀ ਕਸ਼ੀਦਗੀ ਕੀਤੀ?
…………………………………
ਕਹਿੰਦਿਆਂ ਕਹਿੰਦਿਆਂ……”
ਔਕਾਤ ਖ਼ਾਮੋਸ਼ ਹੋ ਗਈ
ਅਤੇ
ਮੈਨੂੰ ਮੇਰੀ ਔਕਾਤ ਪਤਾ ਲੱਗ ਗਈ।
ਸਨਿਮਰੀ ਔਕਾਤ ਵਾਲੇ ਵਿਅਕਤੀ ਨਿਰਭਉ ਅਤੇ ਨਿਰਵੈਰ ਦਾ ਨਗ਼ਮਾ। ਜੀਵਨ-ਨਾਦ ਦਾ ਗੀਤ। ਕਲਾਮਈ ਵਰਤਾਰਿਆਂ ਦੀ ਕਾਵਿਕ-ਅਰਾਧਨਾ। ਨਿਮਰਤਾ ਦੀ ਕਸ਼ਿਸ਼। ਸੰਤੁਸ਼ਟੀ, ਸਹਿਜ ਤੇ ਸੰਤੋਖੀ ਪੁਣੇ ਦਾ ਸਮਤੋਲ ਅਤੇ ਸਰੂਪ। ਸਿਆਣਪ ਤੇ ਸਮਝ ਦਾ ਸੰਗਮ। ਜੀਵਨੀ ਦਾਰਸ਼ਨਿਕਤਾ ਦਾ ਮਹਾਂਕਾਵਿ। ਦਯਾ ਤੇ ਦਰਿਆ-ਦਿਲੀ ਦੀ ਦਿਲਗੀਰੀ। ਮੁਹੱਬਤ ਦਾ ਮੁਜੱਸਮਾ ਅਤੇ ਪਿਆਰ ਪਾਕੀਜ਼ਗੀ ਦੀ ਪਾਹੁਲ।
ਕੀ ਤੁਸੀਂ ਅਜਿਹੀ ਔਕਾਤ ਨੂੰ ਆਪਣੀ ਸੋਚ ਵਿਚ ਚਿੱਤਵਿਆ ਜਾਂ ਅਜਿਹੀ ਔਕਾਤ ਦਾ ਸਜੀਲਾ ਬਿੰਬ ਹੋ? ਸੋਚਣਾ ਜ਼ਰੂਰ। ਬਹੁਤ ਕੁਝ ਤੁਹਾਡੇ ਮਸਤਕ ਵਿਚ ਖ਼ੁਦ-ਬਖ਼ੁਦ ਪ੍ਰਗਟ ਹੋ ਜਾਵੇਗਾ ਅਤੇ ਤੁਸੀਂ ਉਸ ਔਕਾਤ ਦਾ ਮਾਣ ਹੋਵੋਗੇ ਜਿਸ ਦੀ ਤਮੰਨਾ ਤੁਹਾਡਾ ਦਿਲ ਕਰਦਾ ਹੈ।