ਤਲਵੰਡੀ ਸਾਬੋ: ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵਾਰ ਫਿਰ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਅਕਾਲੀ ਆਗੂ ਦੇ ਘਰੋਂ ਖਤਰਨਾਕ ਅਪਰਾਧੀ ਅਸਲੇ ਸਣੇ ਫੜੇ ਗਏ। ਲੰਘੇ ਦਿਨੀਂ ਤਲਵੰਡੀ ਸਾਬੋ ਨਜ਼ਦੀਕੀ ਪਿੰਡ ਜਗਾ ਰਾਮ ਤੀਰਥ ਦੇ ਖੇਤਾਂ ਵਿਚ ਵਸੀ ਜੰਬਰ ਬਸਤੀ ਦੀ ਸਰਪੰਚ ਦੇ ਪਤੀ ਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਬਿੱਟੂ ਦੇ ਘਰੋਂ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ।
ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਬਠਿੰਡਾ ਪੁਲਿਸ ਵਲੋਂ ਫੜੇ ਗਰੋਹ ਤੋਂ ਗੱਲ ਸਾਫ ਹੋ ਗਈ ਹੈ ਕਿ ਇਹ ਸਿਆਸੀ ਸਰਪ੍ਰਸਤੀ ਹੇਠ ਕੰਮ ਕਰ ਰਿਹਾ ਸੀ। ਉਨ੍ਹਾਂ ਆਖਿਆ ਕਿ ਪੀਪਲਜ਼ ਪਾਰਟੀ ਦੇ ਆਗੂ ਲੱਖਾ ਸਧਾਣਾ ‘ਤੇ ਵੀ ਇਸ ਗਰੋਹ ਦੇ ਮੈਂਬਰਾਂ ਨੇ ਹਮਲਾ ਕੀਤਾ ਸੀ ਤੇ ਉਦੋਂ ਵੀ ਉਨ੍ਹਾਂ ਨੇ ਇਹ ਗੱਲ ਆਖੀ ਸੀ ਕਿ ਸਿਆਸੀ ਸਾਜ਼ਿਸ਼ ਤਹਿਤ ਹਮਲਾ ਹੋਇਆ ਹੈ।
ਉਨ੍ਹਾਂ ਆਖਿਆ ਕਿ ਐਮਪੀ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮਾਂ ਵਿਚ ਯੂਥ ਨੇਤਾ ਹਰਜਿੰਦਰ ਬਿੱਟੂ ਅੱਗੇ ਅੱਗੇ ਹੁੰਦਾ ਸੀ। ਸ਼ ਬਾਦਲ ਨੇ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਅਜਿਹੇ ਬੰਦਿਆਂ ਦੀ ਕੀ ਲੋੜ ਹੈ। ਉਨ੍ਹਾਂ ਆਖਿਆ ਕਿ ਸਿਆਸੀ ਨੇਤਾ ਇਨ੍ਹਾਂ ਗਰੋਹ ਮੈਂਬਰਾਂ ਦੇ ਸਿਰਾਂ ਤੋਂ ਆਪਣਾ ਹੱਥ ਚੁੱਕਣ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਹੀ ਪੰਜਾਬ ਹਰ ਫਰੰਟ ‘ਤੇ ਬਰਬਾਦ ਹੋਇਆ ਹੈ।
ਸੂਤਰਾਂ ਅਨੁਸਾਰ ਫੜੇ ਗਏ ਵਿਅਕਤੀਆਂ ਵਿਚ ਜਗਸੀਰ ਸਿੰਘ ਸੀਰਾ ਸੁਧਾਣਾ, ਯੋਧਾ ਸਿੰਘ ਕੋਠਾਗੁਰੂ, ਅਣਪਛਾਤਾ ਵਿਅਕਤੀ ਤੇ ਘਰ ਦਾ ਮਾਲਕ ਬਿੱਟੂ ਸ਼ਾਮਲ ਹਨ। ਪੁਲਿਸ ਨੇ ਮੌਕੇ ‘ਤੇ ਭਾਰੀ ਅਸਲਾ ਤੇ ਦਰਜਨ ਦੇ ਕਰੀਬ ਮੋਬਾਈਲ ਵੀ ਬਰਾਮਦ ਕੀਤੇ ਹਨ। ਸੂਤਰਾਂ ਅਨੁਸਾਰ ਅਕਾਲੀ ਆਗੂ ਦੇ ਘਰੋਂ ਫੜੇ ਗਏ ਨੌਜਵਾਨ ਪੁਲਿਸ ਨੂੰ ਡਕੈਤੀਆਂ, ਸੁਪਾਰੀ ਲੈ ਕੇ ਕਤਲ ਤੇ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਦੌਰਾਨ ਰਾਮਪੁਰਾ ਫੂਲ ਹਲਕੇ ਨਾਲ ਸਬੰਧਤ ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਲੱਖਾ ਸੁਧਾਣਾ ਤੇ ਉਸ ਦੇ ਸਾਥੀਆਂ ਉਪਰ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਲੋੜੀਂਦੇ ਸਨ।
ਅਕਾਲੀ ਆਗੂ ਵੱਲੋਂ ਗੈਂਗਸਟਾਰ ਨੂੰ ਪਨਾਹ ਦੇਣ ਕਾਰਨ ਇਸ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਅਕਸ ਨੂੰ ਹੋਰ ਧੱਕਾ ਲੱਗਾ ਹੈ ਕਿਉਂਕਿ ਇਥੇ ਅਕਾਲੀ ਦਲ ਅੰਦਰ ਪਹਿਲਾਂ ਹੀ ਸਭ ਕੁਝ ਅੱਛਾ ਨਹੀਂ ਚੱਲ ਰਿਹਾ। ਕੁਝ ਦਿਨ ਪਹਿਲਾਂ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਿੰਡ ਜਗਾ ਰਾਮ ਤੀਰਥ ਵਿਚ ਉਕਤ ਅਕਾਲੀ ਯੂਥ ਆਗੂ ਤੇ ਉਸ ਦੀ ਸਰਪੰਚ ਪਤਨੀ ਨੂੰ ਜੰਬਰ ਬਸਤੀ ਦੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਦਿੱਤੇ ਸਨ।
ਬਠਿੰਡਾ ਦੇ ਐਸਐਸਪੀ ਰਵਚਰਨ ਸਿੰਘ ਬਰਾੜ ਅਨੁਸਾਰ ਉਨ੍ਹਾਂ ਨੇ ਵੱਡਾ ਅਪਰੇਸ਼ਨ ਕਰਕੇ ਪਿੰਡ ਜਗਾ ਰਾਮ ਤੀਰਥ (ਜੰਬਰ ਬਸਤੀ) ਵਿਚੋਂ ਹਰਜਿੰਦਰ ਸਿੰਘ ਬਿੱਟੂ ਦੇ ਘਰੋਂ ਛੁਪੇ ਚਾਰ ਅਪਰਾਧੀ ਫੜੇ ਹਨ ਜਿਨ੍ਹਾਂ ‘ਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਦਰਜਨਾਂ ਪੁਲਿਸ ਕੇਸ ਦਰਜ ਹਨ। ਐਸਐਸਪੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਬਿੱਟੂ ਗਰੋਹ ਮੈਂਬਰਾਂ ਨੂੰ ਆਪਣੇ ਘਰ ਵਿਚ ਪਨਾਹ ਦਿੰਦਾ ਸੀ। ਗਰੋਹ ਦੇ ਮੈਂਬਰ ਜਗਸੀਰ ਸਿੰਘ ਸੀਰਾ ‘ਤੇ ਥਾਣਾ ਦਿਆਲਪੁਰਾ ਵਿਚ ਪੰਚਾਇਤੀ ਚੋਣਾਂ ਤੋਂ ਤਿੰਨ ਦਿਨ ਪਹਿਲਾਂ 16 ਮਈ ਨੂੰ ਪੀਪਲਜ਼ ਪਾਰਟੀ ਦੇ ਆਗੂ ਲੱਖਾ ਸਧਾਣਾ ‘ਤੇ ਪਿੰਡ ਆਦਮਪੁਰਾ ਵਿਚ ਹਮਲਾ ਕਰਨ ਦਾ ਕੇਸ ਦਰਜ ਸੀ।
ਇਸ ਗਰੋਹ ਕੋਲੋਂ ਦੋ ਬਾਰਾਂ ਬੋਰ ਰਾਈਫਲਾਂ, ਦੋ ਚੀਨ ਦੇ ਬਣੇ ਵਿਦੇਸ਼ੀ ਪਿਸਤੌਲ, ਦੋ 32 ਬੋਰ ਦੇ ਪਿਸਤੌਲ, ਵਿਦੇਸ਼ੀ ਰਿਵਾਲਵਰ, ਦਰਜਨਾਂ ਕਾਰਤੂਸ ਤੇ ਫਰਜ਼ੀ ਨੰਬਰ ਵਾਲੀ ਇਨੋਵਾ ਗੱਡੀ ਬਰਾਮਦ ਕੀਤੀ ਹੈ। ਪਤਾ ਲੱਗਾ ਹੈ ਕਿ ਇਸ ਗਰੋਹ ਨੇ ਥੋੜੇ ਦਿਨ ਪਹਿਲਾਂ ਕੋਟੇ ਵਿਚ ਵੀ ਬੈਂਕ ਡਕੈਤੀ ਕੀਤੀ ਹੈ। ਇਹ ਗੈਂਗ ਕਾਫੀ ਵੱਡਾ ਬਣ ਚੁੱਕਾ ਹੈ ਜਿਸ ਦਾ ਇਹੋ ਤਰੀਕਾ ਸੀ ਕਿ ਉਹ ਛੋਟੇ ਗੈਂਗਾਂ ਨੂੰ ਵੀ ਨਾਲੋ-ਨਾਲ ਖਤਮ ਕਰ ਰਿਹਾ ਸੀ।
Leave a Reply