ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਅਮਰੀਕਾ ਵੀ ਗੂੰਜਿਆ

ਅੰਮ੍ਰਿਤਸਰ: ਖਡੂਰ ਸਾਹਿਬ ਹਲਕੇ ਤੋਂ ਪੰਜਾਬ ਭਰ ਵਿਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕਰਨ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਰਿਹਾਅ ਨਾ ਕਰਨ ਦਾ ਮਾਮਲਾ ਅਮਰੀਕਾ ਦੇ ਰਾਜਸੀ ਗਲਿਆਰਿਆਂ ‘ਚ ਵੀ ਗੂੰਜ ਰਿਹਾ ਹੈ।
ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਅਤੇ ਖਡੂਰ ਸਾਹਿਬ ਤੋਂ ਐੱਮ.ਪੀ. ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਬਲਵਿੰਦਰ ਕੌਰ ਤੇ ਤਰਸੇਮ ਸਿੰਘ, ਪਰਮਜੀਤ ਕੌਰ ਖਾਲੜਾ ਅਤੇ ਚਾਚਾ ਸੁਖਚੈਨ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਮਿਲ ਕੇ ਉਥੋਂ ਦੇ ਨਾਮਵਰ ਵਕੀਲ ਜਸਪ੍ਰੀਤ ਸਿੰਘ ਨੂੰ ਇਹ ਸਾਰਾ ਮਾਮਲਾ ਅਮਰੀਕੀ ਸਰਕਾਰ ਅੱਗੇ ਉਠਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਤਹਿਤ ਉਨ੍ਹਾਂ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਆਧਾਰ ‘ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ 5 ਜੂਨ ਨੂੰ ਅਮਰੀਕਾ ਦੀ ਉਪ ਰਾਸ਼ਟਰਪਤੀ ਕੈਮਿਲਾ ਹੈਰਿਸ ਨੂੰ ਪੱਤਰ ਵੀ ਲਿਖਿਆ। ਉਪ ਰਾਸ਼ਟਰਪਤੀ ਦੀ ਚੀਫ ਆਫ ਸਟਾਫ ਸ਼ੀਲਾ ਨਿੱਕਸ ਨੇ ਜਸਪ੍ਰੀਤ ਸਿੰਘ ਨੂੰ ਲਿਖਤੀ ਰੂਪ ਵਿਚ ਜਵਾਬ ਦਿੱਤਾ ਹੈ ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਏਸ਼ੀਆ-ਪ੍ਰਸ਼ਾਂਤ ਮਾਮਲੇ ਅਤੇ ਹਥਿਆਰ ਕੰਟਰੋਲ ਲਈ ਵਿਸ਼ੇਸ਼ ਸਲਾਹਕਾਰ ਸਿਧਾਰਥ ਅਈਅਰ ਨੇ ਉਪ ਰਾਸ਼ਟਰਪਤੀ ਨਾਲ ਮੀਟਿੰਗ ਵਿਚ ਸ਼ਾਮਲ ਹੋਣ ਲਈ ਜਸਪ੍ਰੀਤ ਸਿੰਘ ਨੂੰ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਜਸਪ੍ਰੀਤ ਸਿੰਘ ਨਿਊ ਜਰਸੀ ਵਿਚ ਜਿਨ੍ਹਾਂ ਸੈਨੇਟਰਾਂ ਨੂੰ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਰਿਹਾਈ ਲਈ ਮਿਲ ਚੁੱਕੇ ਹਨ, ਉਨ੍ਹਾਂ ‘ਚ ਸੈਨੇਟਰ ਬੁਕਰ ਇਵੈਂਟ, ਕਾਂਗਰਸਮੈਨ ਰੌਬ ਮੇਨੇਡੇਜ਼, ਸੈਨੇਟਰ ਜੈਕੀ ਰੋਜ਼ਨ ਅਤੇ ਕਾਂਗਰਸਮੈਨ ਰੂਬੇਨ ਗੈਲੇਗੋ ਸ਼ਾਮਿਲ ਹਨ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਸਪਸ਼ਟ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਅਗਲਾ ਕੋਈ ਵੀ ਬਿਆਨ ਬੀਬੀ ਪਰਮਜੀਤ ਕੌਰ ਖਾਲੜਾ, ਮਾਤਾ ਬਲਵਿੰਦਰ ਕੌਰ, ਪਿਤਾ ਤਰਸੇਮ ਸਿੰਘ, ਚਾਚਾ ਸੁਖਚੈਨ ਸਿੰਘ ਰਾਹੀਂ ਹੀ ਜਾਰੀ ਕੀਤਾ ਜਾਵੇਗਾ।