ਇਜ਼ਰਾਇਲੀ ਹਮਲੇ ‘ਚ 274 ਫਲਸਤੀਨੀਆਂ ਦੀ ਮੌਤ

ਦੀਰ ਅਲ ਬਲਾਹ: ਹਮਾਸ ਵੱਲੋਂ ਬੰਧਕ ਬਣਾਏ ਗਏ ਚਾਰ ਲੋਕਾਂ ਨੂੰ ਛੁਡਾਉਣ ਲਈ ਇਜ਼ਰਾਇਲੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਔਰਤਾਂ ਤੇ ਬੱਚਿਆਂ ਸਮੇਤ ਘੱਟੋ-ਘੱਟ 274 ਫਲਸਤੀਨੀਆਂ ਦੀ ਮੌਤ ਹੋ ਗਈ ਅਤੇ ਸੈਂਕੜੇ ਜ਼ਖ਼ਮੀ ਹੋ ਗਏ। ਇਹ ਦਾਅਵਾ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕੀਤਾ। ਉਧਰ, ਇਜ਼ਰਾਇਲੀ ਫੌਜ ਮੁਤਾਬਕ ਦਿਨ ਸਮੇਂ ਚਲਾਏ ਅਪਰੇਸ਼ਨ ਦੌਰਾਨ ਉਸ ਨੂੰ ਭਾਰੀ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ। ਚਾਰ ਬੰਧਕਾਂ ਨੂੰ ਜਿਊਂਦਾ ਬਚਾਏ ਜਾਣ ‘ਤੇ ਇਜ਼ਰਾਇਲੀਆਂ ਨੇ ਅਪਰੇਸ਼ਨ ਦੀ ਸਫਲਤਾ ਦੀ ਖੁਸ਼ੀ ਮਨਾਈ।

ਮੰਨਿਆ ਜਾ ਰਿਹਾ ਹੈ ਕਿ ਬੰਧਕਾਂ ਨੂੰ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਜਾਂ ਹਮਾਸ ਦੀਆਂ ਸੁਰੰਗਾਂ ਅੰਦਰ ਰੱਖਿਆ ਗਿਆ। ਇਸ ਤਰ੍ਹਾਂ ਇਹ ਕਾਰਵਾਈ ਵਧੇਰੇ ਗੁੰਝਲਦਾਰ ਅਤੇ ਜੋਖਮ ਵਾਲੀ ਬਣ ਗਈ। ਫਰਵਰੀ ਵਿਚ ਇਸੇ ਤਰ੍ਹਾਂ ਦੀ ਕਾਰਵਾਈ ਦੌਰਾਨ ਦੋ ਬੰਧਕਾਂ ਨੂੰ ਛੁਡਵਾਇਆ ਗਿਆ ਸੀ। ਇਸ ਦੌਰਾਨ 74 ਫਲਸਤੀਨੀ ਵੀ ਮਾਰੇ ਗਏ ਸਨ।
ਕਾਰਵਾਈ ਦੌਰਾਨ ਲਗਪਗ 700 ਲੋਕ ਜ਼ਖ਼ਮੀ ਹੋ ਗਏ। ਮੰਤਰਾਲੇ ਨੇ ਅਜੇ ਤੱਕ ਔਰਤਾਂ ਅਤੇ ਬੱਚਿਆਂ ਸਮੇਤ ਮਰਨ ਵਾਲਿਆਂ ਦੀ ਗਿਣਤੀ ਨਹੀਂ ਦੱਸੀ, ਪਰ ਨੇੜਲੇ ਸ਼ਹਿਰ ਦੀਰ ਅਲ-ਬਲਾਹ ਦੇ ਹਸਪਤਾਲ ਵਿਚ ਕਈ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਜ਼ਰਾਇਲੀਆਂ ਨੇ 26 ਸਾਲਾ ਨੋਆ ਅਰਗਾਮਨੀ, 22 ਸਾਲਾ ਅਲਮੋਗ ਮੀਰ ਜਾਨ, 27 ਸਾਲਾ ਆਂਦਰੇ ਕੋਜ਼ਲੋਵ ਅਤੇ 41 ਸਾਲਾ ਸ਼ਲੋਮੀ ਜ਼ਿਵ ਦੀ ਵਾਪਸੀ ਦਾ ਜਸ਼ਨ ਮਨਾਇਆ।