ਲੋਕ ਸਭਾ ਚੋਣਾਂ: ਪੰਜਾਬ ਵਿਚ ਆਪ ਦੀ ਹਾਰ ਲਈ ਆਤਮ ਮੰਥਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਦੀ ਸਮੀਖਿਆ ਕਰਨ ਵਾਸਤੇ ਆਤਮ ਮੰਥਨ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਫਿਰੋਜ਼ਪੁਰ ਤੇ ਪਟਿਆਲਾ ਹਲਕੇ ਦੇ ਵਿਧਾਇਕਾਂ ਅਤੇ ਚੇਅਰਮੈਨਾਂ ਤੋਂ ਇਲਾਵਾ ਪ੍ਰਮੁੱਖ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਪਹਿਲੇ ਪੜਾਅ ‘ਚ ਆਨੰਦਪੁਰ ਸਾਹਿਬ ਦੇ ਵਿਧਾਇਕਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ।

ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਦਲੀਲ ਦਿੱਤੀ ਕਿ 2019 ਦੀਆਂ ਚੋਣਾਂ ਵਿਚ ਪਾਰਟੀ ਕੋਲ ਸਿਰਫ ਇਕ ਸੰਸਦ ਮੈਂਬਰ ਸੀ ਜਦੋਂ ਕਿ ਹੁਣ ਗਿਣਤੀ ਤਿੰਨ ਹੋ ਗਈ ਹੈ। ਕਾਂਗਰਸ ਕੋਲ ਪਿਛਲੀ ਚੋਣ ਸਮੇਂ ਅੱਠ ਸੰਸਦ ਮੈਂਬਰ ਸਨ ਜੋ ਹੁਣ ਸੱਤ ਰਹਿ ਗਏ ਹਨ। ਵਿਧਾਇਕਾਂ ਨੇ ਆਪੋ- ਆਪਣੇ ਹਲਕੇ ਬਾਰੇ ਫੀਡਬੈਕ ਦਿੱਤੀ। ਇਸ ਦੌਰਾਨ ਲੋਕ ਭਲਾਈ ਦੀਆਂ ਸਕੀਮਾਂ ‘ਤੇ ਜ਼ਿਆਦਾ ਚਰਚਾ ਹੋਈ ਹੈ। ਮੀਟਿੰਗ ਵਿਚ ‘ਆਪ‘ ਦੇ ਪਟਿਆਲਾ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਅਤੇ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਆਪੋ-ਆਪਣੇ ਖੇਤਰਾਂ ਦੇ ਵਿਧਾਇਕਾਂ ਅਤੇ ‘ਆਪ‘ ਟੀਮਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਮੀਟਿੰਗ ਵਿਚ ਚਰਚਾ ਹੋਈ ਕਿ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ‘ਆਪ` ਦਾ ਦੋਵਾਂ ਹਲਕਿਆਂ ਵਿਚ ਵੋਟ ਸ਼ੇਅਰ ਵਧਿਆ ਹੈ ਅਤੇ ਅੰਤ ਵਿਚ ਪਾਰਟੀ ਬਹੁਤ ਹੀ ਘੱਟ ਫ਼ਰਕ ਨਾਲ ਪਿੱਛੇ ਰਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵੇਂ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਚੰਗੇ ਕੰਮ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਕਿਹਾ, ‘‘ਸਾਨੂੰ ਜ਼ਮੀਨੀ ਪੱਧਰ `ਤੇ ਹੋਰ ਮਿਹਨਤ ਕਰਨ ਦੀ ਲੋੜ ਹੈ।“ ਭਗਵੰਤ ਮਾਨ ਨੇ ‘ਆਪ` ਆਗੂਆਂ ਨਾਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਲੋਕ ਸਭਾ ਚੋਣ ਪਾਰਟੀ ਲਈ ਕਾਫ਼ੀ ਉਤਸ਼ਾਹਜਨਕ ਰਹੀ।
ਨਵੇਂ ਸੰਸਦ ਮੈਂਬਰ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ: ਭਗਵੰਤ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ` ਦੇ ਤਿੰਨੋਂ ਜੇਤੂ ਸੰਸਦ ਮੈਂਬਰਾਂ ਨਾਲ ਇੱਥੇ ਆਪਣੀ ਰਿਹਾਇਸ਼ `ਤੇ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਸ੍ਰੀ ਮਾਨ ਨੇ ਕਿਹਾ ਕਿ ਹੁਣ ਲੋਕ ਸਭਾ ਵਿਚ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਉਨ੍ਹਾਂ (ਸੰਸਦ ਮੈਂਬਰਾਂ) ਦੀ ਜ਼ਿੰਮੇਵਾਰੀ ਹੋਵੇਗੀ ਅਤੇ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ। ਮਾਨ ਨੇ ‘ਆਪ` ਦੇ ਜੇਤੂ ਉਮੀਦਵਾਰਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਨੁਮਾਇੰਦਗੀ ਕਰਨ ਜਾ ਰਹੇ ਹਨ। ਇਸ ਲਈ ਉਹ ਹਮੇਸ਼ਾ ਸੰਸਦ ਵਿਚ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ।