ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਨਵੀਂ ਦਿੱਲੀ: ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ। ਰਾਸ਼ਟਰਪਤੀ ਭਵਨ ਵਿਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਮੋਦੀ ਦੇ ਨਾਲ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਨਿਰਮਲਾ ਸੀਤਾਰਾਮਨ ਅਤੇ ਐੱਸ ਜੈਸ਼ੰਕਰ ਸਣੇ ਸਾਰੇ ਸੀਨੀਅਰ ਭਾਜਪਾ ਆਗੂਆਂ (ਜੋ ਕਿ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਦੂਜੇ ਕਾਰਜਕਾਲ ਵਿਚ ਵੀ ਮੰਤਰੀ ਸਨ) ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ।

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੋਦੀ ਅਤੇ 30 ਕੈਬਨਿਟ ਮੰਤਰੀਆਂ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਜਵਾਹਰ ਲਾਲ ਨਹਿਰੂ ਤੋਂ ਬਾਅਦ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਦੂਜੇ ਆਗੂ ਹਨ। ਮੋਦੀ 3.0 ਸਰਕਾਰ ਵਿੱਚ 33 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਅਤੇ ਘੱਟੋ-ਘੱਟ ਛੇ ਅਜਿਹੀਆਂ ਸ਼ਖ਼ਸੀਅਤਾਂ ਹਨ ਜੋ ਕਿ ਮਸ਼ਹੂਰ ਸਿਆਸੀ ਪਰਿਵਾਰਾਂ ਨਾਲ ਸਬੰਧਤ ਹਨ।
ਹਾਲ ਹੀ ਵਿੱਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਬਹੁਮਤ ਹਾਸਲ ਕਰਨ ਵਿਚ ਅਸਫਲ ਰਹੀ, ਜਿਸ ਕਾਰਨ ਉਸ ਨੂੰ ਭਾਈਵਾਲ ਪਾਰਟੀਆਂ ‘ਤੇ ਨਿਰਭਰ ਹੋਣਾ ਪੈ ਰਿਹਾ ਹੈ। ਇਨ੍ਹਾਂ ਭਾਈਵਾਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਹਲਫ਼ ਲਿਆ। ਇਨ੍ਹਾਂ ਭਾਈਵਾਲ ਪਾਰਟੀਆਂ ਦੇ ਆਗੂਆਂ ਵਿਚ ਜੇਡੀ (ਐੱਸ) ਆਗੂ ਐੱਚ.ਡੀ. ਕੁਮਾਰਸਵਾਮੀ, ਐਚ.ਏ.ਐਮ. (ਸੈਕੁਲਰ) ਦੇ ਮੁਖੀ ਜਿਤਿਨ ਰਾਮ ਮਾਂਝੀ, ਜੇਡੀ (ਯੂ) ਆਗੂ ਰਾਜੀਵ ਰੰਜਨ ਸਿੰਘ ‘ਲਲਨ‘, ਟੀ.ਡੀ.ਪੀ. ਦੇ ਕੇ ਰਾਮ ਮੋਹਨ ਨਾਇਡੂ ਅਤੇ ਐਲ.ਜੇ.ਪੀ-ਆਰਵੀ ਆਗੂ ਚਿਰਾਗ ਪਾਸਵਾਨ ਸ਼ਾਮਲ ਹਨ। ਇਨ੍ਹਾਂ ਪੰਜ ਭਾਈਵਾਲ ਪਾਰਟੀਆਂ ਨੂੰ ਇਕ ਇਕ ਕੈਬਨਿਟ ਰੈਂਕ ਮਿਲਿਆ ਹੈ।
ਭਾਜਪਾ ਪ੍ਰਧਾਨ ਜੇਪੀ ਨੱਢਾ ਦੀ ਪੰਜ ਸਾਲਾਂ ਬਾਅਦ ਮੰਤਰੀ ਮੰਡਲ ਵਿਚ ਵਾਪਸੀ ਹੋਈ ਹੈ ਜਦਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੋਦੀ ਮੰਤਰੀ ਮੰਡਲ ਵਿਚ ਨਵੇਂ ਚਿਹਰੇ ਹਨ। ਭਾਜਪਾ ਆਗੂ ਪ੍ਰਿਯੂਸ਼ ਗੋਇਲ, ਜਯੋਤਿਰਦਿੱਤਿਆ ਸਿੰਧੀਆ, ਧਰਮੇਂਦਰ ਪ੍ਰਧਾਨ ਅਤੇ ਭੁਪੇਂਦਰ ਯਾਦਵ ਜੋ ਕਿ ਪਹਿਲਾਂ ਰਾਜ ਸਭਾ ਮੈਂਬਰ ਸਨ ਪਰ ਹੁਣ ਚੁਣ ਕੇ ਲੋਕ ਸਭਾ ਵਿਚ ਆਏ ਹਨ, ਨੂੰ ਵੀ ਮੰਤਰੀਆਂ ਦੇ ਅਹੁਦੇ ‘ਤੇ ਕਾਇਮ ਰੱਖਿਆ ਗਿਆ ਹੈ। ਇਸ ਦੌਰਾਨ ਨਵੀਂ ਬਣੀ ਐਨ.ਡੀ.ਏ. ਸਰਕਾਰ ਵਿੱਚ ਕਰਨਾਟਕ ਦੇ ਪੰਜ ਮੰਤਰੀ ਬਣੇ ਹਨ ਜਦਕਿ ਪਿਛਲੀ ਸਰਕਾਰ ਵਿਚ ਸੂਬੇ ਤੋਂ ਤਿੰਨ ਮੰਤਰੀ ਸਨ।
ਕੈਬਨਿਟ ਮੰਤਰੀ ਵਜੋਂ ਹਲਫ਼ ਲੈਣ ਵਾਲਿਆਂ ਵਿਚ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਅਸ਼ਵਨੀ ਵੈਸ਼ਨਵ, ਵਿਰੇਂਦਰ ਕੁਮਾਰ, ਪ੍ਰਹਿਲਾਦ ਜੋਸ਼ੀ, ਗਿਰੀਰਾਜ ਸਿੰਘ, ਜੁਆਲ ਓਰਮ, ਗੁਜਰਾਤ ਭਾਜਪਾ ਦੇ ਪ੍ਰਧਾਨ ਸੀਆਰ ਪਾਟਿਲ, ਮਨਸੁੱਖ ਮਾਂਡਵੀਆ, ਜੀ ਕਿਸ਼ਨ ਰੈੱਡੀ, ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ, ਅੰਨਪੂਰਨਾ ਦੇਵੀ ਅਤੇ ਗਜੇਂਦਰ ਸਿੰਘ ਸ਼ੇਖਾਵਤ ਸ਼ਾਮਲ ਹਨ। ਮੋਦੀ ਨੂੰ ਤੀਜੇ ਕਾਰਜਕਾਲ ਵਿਚ ਲੋਕ ਫ਼ਤਵਾ ਪਹਿਲੇ ਦੋ ਕਾਰਜਕਾਲਾਂ ਵਾਂਗ ਨਹੀਂ ਮਿਲਿਆ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿਚ ਭਾਜਪਾ ਆਪਣੇ ਜ਼ੋਰ ‘ਤੇ ਬਹੁਮਤ ਹਸਲ ਕਰਨ ਵਿਚ ਅਸਫ਼ਲ ਰਹੀ। ਲੋਕ ਸਭਾ ਚੋਣਾਂ ਵਿਚ ਕਾਂਗਰਸ ਤੇ ‘ਇੰਡੀਆ‘ ਗੱਠਜੋੜ ਦੀਆਂ ਹੋਰ ਭਾਈਵਾਲ ਪਾਰਟੀਆਂ ਵੱਲੋਂ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਰਗੇ ਸੂਬਿਆਂ ਵਿਚ ਕੀਤੇ ਗਏ ਪ੍ਰਦਰਸ਼ਨ ਨਾਲ ਭਾਜਪਾ ਸਦਮੇ ਵਿਚ ਹੈ। ਇਨ੍ਹਾਂ ਦੋਵੇਂ ਸੂਬਿਆਂ ਵਿਚ ਭਾਜਪਾ ਦਾ ਕਾਫੀ ਆਧਾਰ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਨੂੰ ਮਿਲੀਆਂ 240 ਸੀਟਾਂ ਕਾਰਨ ਪਾਰਟੀ ਦੇ ਕੱਟੜ ਸਮਰਥਕਾਂ ਨੂੰ ਨਿਰਾਸ਼ਾ ਝੱਲਣੀ ਪਈ ਅਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਮੋਦੀ ਦੀ ‘ਨੈਤਿਕ ਹਾਰ‘ ਕਰਾਰ ਦਿੱਤਾ। ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ 99 ਸੀਟਾਂ ਮਿਲੀਆਂ। ਭਾਜਪਾ ਦੀ ਅਗਵਾਈ ਵਿੱਚ ਕੌਮੀ ਜਮਹੂਰੀ ਗੱਠਜੋੜ ਨੇ 293 ਸੀਟਾਂ ਜਿੱਤੀਆਂ ਹਨ।
ਸੱਤ ਸਾਬਕਾ ਮੁੱਖ ਮੰਤਰੀ ਕੈਬਨਿਟ ਦਾ ਹਿੱਸਾ ਬਣੇ
ਨਵੀਂ ਦਿੱਲੀ: ਨਰਿੰਦਰ ਮੋਦੀ ਸਮੇਤ ਸੱਤ ਸਾਬਕਾ ਮੁੱਖ ਮੰਤਰੀਆਂ ਨੇ ਨਵੇਂ ਮੰਤਰੀ ਮੰਡਲ ਦੇ ਮੰਤਰੀਆਂ ਵਜੋਂ ਹਲਫ਼ ਲਿਆ। ਛੇ ਹੋਰ ਸਾਬਕਾ ਮੁੱਖ ਮੰਤਰੀਆਂ ਵਿਚ ਸ਼ਿਵਰਾਜ ਚੌਹਾਨ (ਮੱਧ ਪ੍ਰਦੇਸ਼), ਰਾਜਨਾਥ ਸਿੰਘ (ਉਤਰ ਪ੍ਰਦੇਸ਼), ਮਨੋਹਰ ਲਾਲ ਖੱਟਰ (ਹਰਿਆਣਾ), ਸਰਬਨੰਦ ਸੋਨੋਵਾਲ (ਅਸਾਮ), ਐਚ.ਡੀ. ਕੁਮਾਰਸਵਾਮੀ (ਕਰਨਾਟਕ) ਅਤੇ ਜੀਤਨ ਰਾਮ ਮਾਂਝੀ (ਬਿਹਾਰ) ਸ਼ਾਮਲ ਹਨ। ਇਨ੍ਹਾਂ ‘ਚੋਂ ਪੰਜ ਸਾਬਕਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਜਦਕਿ ਕੁਮਾਰਸਵਾਮੀ (ਜਨਤਾ ਦਲ-ਐੱਸ) ਅਤੇ ਮਾਂਝੀ (ਹਿੰਦੁਸਤਾਨੀ ਅਵਾਮ ਮੋਰਚਾ) ਭਾਈਵਾਲ ਪਾਰਟੀਆਂ ਨਾਲ ਸਬੰਧਤ ਹਨ।