ਅੰਮ੍ਰਿਤਪਾਲ ਸਿੰਘ ਦੀ ਜਿੱਤ ਨੇ 35 ਸਾਲ ਪੁਰਾਣਾ ਇਤਿਹਾਸ ਦੁਹਰਾਇਆ

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਦੋ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਪੰਜਾਬ ਦਾ ਤਕਰੀਬਨ 35 ਸਾਲ ਪੁਰਾਣਾ ਰਾਜਸੀ ਇਤਿਹਾਸ ਦੁਹਰਾ ਦਿੱਤਾ ਹੈ। ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ 1,97,120 ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਜ਼ੀਰਾ ਖ਼ਿਲਾਫ਼ ਜਿੱਤ ਹਾਸਲ ਕੀਤੀ ਹੈ। ਚੇਤੇ ਰਹੇ ਕਿ ਅੰਮ੍ਰਿਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।

ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਫ਼ਰੀਦਕੋਟ ਹਲਕੇ ਤੋਂ ‘ਆਪ` ਉਮੀਦਵਾਰ ਕਰਮਜੀਤ ਅਨਮੋਲ ਨੂੰ 70,053 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਉਪਰੋਕਤ ਦੋਵੇਂ ਸੀਟਾਂ ਤੋਂ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਇਕ ਨਵੇਂ ਰਾਜਸੀ ਖ਼ਾਸੇ ਵੱਲ ਮੋੜਾ ਦਿੱਤਾ ਹੈ।
ਫ਼ਰੀਦਕੋਟ ਤੋਂ ਜੇਤੂ ਰਹੇ ਸਰਬਜੀਤ ਸਿੰਘ ਖ਼ਾਲਸਾ ਆਪਣੇ ਪਰਿਵਾਰ ਵਿਚੋਂ ਤੀਜੇ ਮੈਂਬਰ ਹਨ ਜੋ ਲੋਕ ਸਭਾ ਦੀ ਪੌੜੀ ਚੜ੍ਹਨਗੇ। ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਦੀ ਮਾਤਾ 1989 ਵਿਚ ਰੋਪੜ ਹਲਕੇ ਤੋਂ ਅਕਾਲੀ ਦਲ (ਮਾਨ) ਦੀ ਟਿਕਟ `ਤੇ 4.24 ਲੱਖ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਸਨ ਜਦੋਂ ਕਿ ਸਰਬਜੀਤ ਸਿੰਘ ਦਾ ਦਾਦਾ ਸੁੱਚਾ ਸਿੰਘ ਮਲੋਆ 1989 ਵਿਚ ਬਠਿੰਡਾ ਹਲਕੇ ਤੋਂ ਅਕਾਲੀ ਦਲ (ਮਾਨ) ਦੇ ਉਮੀਦਵਾਰ ਵਜੋਂ 3.16 ਲੱਖ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਸਨ। ਸਭ ਤੋਂ ਪਹਿਲਾਂ 1989 ਦੀ ਲੋਕ ਸਭਾ ਚੋਣ ਵਿਚ ਤਿੰਨ ਆਜ਼ਾਦ ਉਮੀਦਵਾਰ ਚੋਣ ਜਿੱਤੇ ਸਨ ਜਿਨ੍ਹਾਂ ਵਿਚ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਕਿਰਪਾਲ ਸਿੰਘ ਨੇ 2.72 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਉਦੋਂ ਫ਼ਿਰੋਜ਼ਪੁਰ ਹਲਕੇ ਤੋਂ ਆਜ਼ਾਦ ਉਮੀਦਵਾਰ ਧਿਆਨ ਸਿੰਘ ਮੰਡ 2.02 ਲੱਖ ਵੋਟਾਂ ਦੇ ਫ਼ਰਕ ਨਾਲ ਤੇ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਅਤਿੰਦਰਪਾਲ ਸਿੰਘ ਨੇ 2.94 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਉਸ ਮਗਰੋਂ ਆਜ਼ਾਦ ਉਮੀਦਵਾਰ ਵਜੋਂ ਜਿੱਤਣ ਵਾਲੇ ਸਤਨਾਮ ਸਿੰਘ ਕੈਂਥ ਸਨ।
ਪੰਥਕ ਹਲਕਾ ਖਡੂਰ ਸਾਹਿਬ (ਪਹਿਲਾਂ ਤਰਨ ਤਾਰਨ) ਨੇ ਦੂਸਰੀ ਦਫ਼ਾ ਜੇਲ੍ਹ ਵਿਚ ਬੰਦ ਉਮੀਦਵਾਰ ਨੂੰ ਚੋਣ ਵਿਚ ਜਿਤਾਇਆ ਹੈ। 1989 ਵਿਚ ਜਦੋਂ ਸਿਮਰਨਜੀਤ ਸਿੰਘ ਮਾਨ ਜੇਲ੍ਹ ਵਿਚ ਬੰਦ ਸਨ ਤਾਂ ਉਸ ਵਕਤ ਤਰਨ ਤਾਰਨ ਹਲਕੇ ਤੋਂ 5.27 ਲੱਖ ਵੋਟਾਂ ਦੇ ਫ਼ਰਕ ਨਾਲ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਸੀ।
ਉਮੀਦਵਾਰਾਂ ਨੂੰ ਜੱਦੀ ਹਲਕਿਆਂ ‘ਚ ਵੀ ਚਿੱਤ ਕੀਤਾ
ਤਰਨ ਤਾਰਨ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ 1,97,120 ਵੋਟਾਂ ਦੇ ਭਾਰੀ ਫ਼ਰਕ ਨਾਲ ਜੇਤੂ ਰਹੇ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਵਿਚ ਸ਼ਾਨਦਾਰ ਇਤਿਹਾਸ ਰਚਿਆ ਹੈ। ਅੰਮ੍ਰਿਤਪਾਲ ਸਿੰਘ ਨੇ ਕੁੱਲ 4,04,430 ਵੋਟਾਂ ਹਾਸਲ ਕੀਤੀਆਂ ਜਦੋਂਕਿ ਉਨ੍ਹਾਂ ਦੇ ਨੇੜੇ ਦੇ ਵਿਰੋਧੀ ਕਾਂਗਰਸ ਪਾਰਟੀ ਦੇ ਕੁਲਬੀਰ ਸਿੰਘ ਜ਼ੀਰਾ ਨੂੰ 2,07,310 ਵੋਟਾਂ ਮਿਲੀਆਂ ਹਨ। ਇੰਨਾ ਹੀ ਨਹੀਂ, ਅੰਮ੍ਰਿਤਪਾਲ ਸਿੰਘ ਨੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਜੱਦੀ ਹਲਕਿਆਂ ਤੋਂ ਵੀ ਵਧੇਰੇ ਵੋਟਾਂ ਲੈ ਕੇ ਚਿੱਤ ਕੀਤਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਵਿਰੋਧੀਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਹਾਲੇ ਦੋ ਸਾਲ ਪਹਿਲਾਂ ਹੀ ਪੱਟੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਹਨ। ਕਾਂਗਰਸੀ ਉਮੀਦਵਾਰ ਕੁਲਬੀਰ ਜ਼ੀਰਾ ਵਿਧਾਨ ਸਭਾ ਦੀ 2017 ਦੀ ਚੋਣ ਜਿੱਤ ਕੇ ਵਿਧਾਇਕ ਬਣੇ ਸਨ।