ਸਿੱਖ ਗੁਰੂ ਸਾਹਿਬਾਨ ਨੇ ਜਾਤ-ਪਾਤ ਨੂੰ ਨਿਖੇਧ ਕੀਤਾ। ਬਾਵਜੂਦ ਇਸ ਦੇ ਪੰਜਾਬ ਵਿਚ ਅੱਜ ਵੀ ਇਹ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਹੈ। ਇਸ ਊਚ-ਨੀਚ ਵਿਚੋਂ ਹੀ ਸਮਾਜ ਅੰਦਰ ਅਨੇਕਾਂ ਕੁਰੀਤਾਂ ਬਣੀਆਂ। ਜਾਤ ਦੀ ਹਊਮੈ ਵਿਚ ਕੁਝ ਲੋਕ ਬਾਬੇ ਨਾਨਕ ਦੇ ‘ਨੀਚਾਂ ਅੰਦਰ ਨੀਚ ਜਾਤ ਨੀਚੀ ਹੀ ਅਤਿ ਨੀਚ॥ ਨਾਨਕ ਤਿਨ ਕੇ ਸੰਗ ਸਾਥ ਵਡਿਆ ਸਿਉ ਕਿਆ ਰੀਸ’ ਦੇ ਆਦੇਸ਼ ਨੂੰ ਵੀ ਭੁੱਲ ਭੁਲਾ ਬੈਠੇ ਹਨ। ਇਸੇ ਵਿਚੋਂ ਹੀ ਅਜੋਕੇ ਪਰਵਾਸ ਦਾ ਅਰੰਭ ਹੋਇਆ। ਪ੍ਰੋæ ਅਵਤਾਰ ਸਿੰਘ ਨੇ ‘ਜਾਤ-ਪਾਤ ਦੇ ਕੋਹੜ’ ਉਤੇ ਉਂਗਲ ਧਰਦਿਆਂ ਪਰਵਾਸ ਦੇ ਦਰਦ ਨੂੰ ਇਸ ਲੇਖ ਵਿਚ ਛੋਹਿਆ ਹੈ। -ਸੰਪਾਦਕ
ਪ੍ਰੋæ ਅਵਤਾਰ ਸਿੰਘ
ਫੋਨ: 91-94175-18384
ਤਨ ਅਤੇ ਮਨ ਕਿਸੇ ਇੱਕੋ ਸ਼ੈ ਦੇ ਦੋ ਸੰਕਲਪ ਹਨ, ਜਿਸ ਕਰਕੇ ਤਨ ਹਮੇਸ਼ਾਂ ਮਨ ਦੀ ਓਟ ਭਾਲਦਾ ਹੈ ਅਤੇ ਮਨ ਤਨ ਦੀ। ਵਿਯੋਗ ਸਵੈ ਉਪਜ ਹੋਵੇ ਤਾਂ ਬਹੁਤ ਵੱਡਾ ਰੋਗ ਮੰਨਿਆਂ ਜਾਂਦਾ ਹੈ, ਜੇ ਇਸ ਦਾ ਕਾਰਣ ਗ਼ੈਰ ਹੋਵੇ ਤਾਂ ਸਖ਼ਤ ਸਜ਼ਾ, “ਨਾਲੇ ਲੰਮੀ ਤੇ ਨਾਲੇ ਕਾਲੀ, ਚੰਨਾ ਵੇ ਰਾਤ ਜੁਦਾਈਆਂ ਵਾਲੀ।” ਗ਼ਾਲਿਬ ਨੇ ਕਿਹਾ, “ਸੁਬਹ ਕਰਨਾ ਸ਼ਾਮ ਕਾ ਲਾਨਾ ਹੈ ਜੂਇ ਸ਼ੀਰ ਕਾ।”
ਰਾਜੇ ਅਤੇ ਪ੍ਰੇਮੀ ਦੇਸ਼ ਛੱਡ ਕੇ ਨਵੀਆਂ ਥਾਂਵਾਂ ਦੀ ਖੋਜ ਕਰਨ ਵਾਲੇ ਕੌਤਕੀ ਆਪਣੇ ਮਨੋਰਥ ਪ੍ਰਤੀ ਇਤਨੇ ਉਤਸੁਕ ਹੁੰਦੇ ਕਿ ਸ਼ਾਇਦ ਹੀ ਹੇਰਵੇ ਦਾ ਸ਼ਿਕਾਰ ਹੋਣ। ਸਰਬੱਤ ਦੇ ਭਲੇ ਨੂੰ ਪ੍ਰਣਾਏ ਪ੍ਰਚਾਰਕ ਧਰਤੀ ਅਤੇ ਖ਼ਲਕਤ ਨੂੰ ਇੱਕ ਮੰਨਦੇ ਹੋਏ ਉਦਰੇਵੇਂ ਤੋਂ ਨਿਰਲੇਪ ਰਹਿੰਦੇ। ਘੁਮੱਕੜ ਤਾਂ ਫ਼ਕੀਰੀ ਲਿਬਾਸ ਵਿਚ ਜਗਤ ਤਮਾਸ਼ਾ ਦੇਖਦੇ, “ਬਨਾ ਕਰ ਫ਼ਕੀਰੋਂ ਕਾ ਹਮ ਭੇਸ ਗ਼ਾਲਿਬ, ਤਮਾਸ਼ਾਇ ਅਹਲੇ ਕਰਮ ਦੇਖਤੇ ਹੈਂ।”
ਗੁਰੂ ਨਾਨਕ ਉਚਰਿਤ ਬਾਰਾਮਾਹਾ ਦੇ ਲੌਕਿਕ ਦ੍ਰਿਸ਼ ਬਾਰ ਨਾਲ ਸਬੰਧਤ ਹਨ। ਲੌਕਿਕ ਤੇ ਪ੍ਰਾਲੌਕਿਕ ਨੂੰ ਚਿਤਵਣਾ ਹੇਰਵਾ ਨਹੀਂ। ਬਾਣੀ ਵਿਚ ਪੇਸ਼ ਮਨੋਅਵਸਥਾ ਬਾਣੀਕਾਰ ਨਾਲ ਸਬੰਧਤ ਨਹੀਂ। ਬਾਬਾ ਫ਼ਰੀਦ ਦਾ ਪ੍ਰਚਾਰ ਢੰਗ ਵਿਚਰਨ ਸੀ। ਜੇ ਉਨ੍ਹਾਂ ਦੇ ਮਨ ਵਿਚ ਕੋਈ ਪਰਵਾਸ ਦਾ ਉਦਰੇਵਾਂ ਹੁੰਦਾ ਤਾਂ ਉਨ੍ਹਾਂ ਨਾਲ ਲਕਬ ਬਾਬਾ ਨਾ ਜੁੜਦਾ। ਹੇਰਵੇ ਵਾਲਾ ਮਨ ਓਪਰੀ ਭਾਸ਼ਾ ਨਾਲ ਮੁਹੱਬਤ ਨਹੀਂ ਪਾਲ਼ਦਾ। ਠੇਠ ਪੰਜਾਬੀ ਮਿਠਾਸ ਉਨ੍ਹਾਂ ਦੇ ਪ੍ਰਵਾਸੀ ਅਹਿਸਾਸ ਦੀ ਹੋਂਦ ‘ਤੇ ਕਾਂਟਾ ਹੈ।
ਮੋਨਿਅਰ ਨੇ ਅਹਿਸਾਸ ਨੂੰ ਵ੍ਰਿਤੀ ਕਿਹਾ। ਪਤੰਜਲੀ ਨੇ ਕਿਹਾ, “ਯੋਗਾਹ ਚਿੱਤ ਵ੍ਰਿਤੀ ਨਿਰੋਧਹ।” ਵ੍ਰਿਤੀ ਰੋਕਣਾ ਯੋਗਾ ਹੈ। ਚਿੱਤ ਦਾ ਖ਼ਲਾਅ ਹੋਣਾ ਹੀ ਬ੍ਰਹਮ ਹੋਣਾ ਹੈ। ਵ੍ਰਿਤੀ ਪਰਮਾਤਮਾ ਨੂੰ ਜੀਵਾਤਮਾ ਕਰਦੀ ਅਤੇ ਰੁਕਣ ‘ਤੇ ਜੀਵਾਤਮਾ ਪਰਮਾਤਮਾ ਹੁੰਦੀ ਹੈ। ਗ਼ਾਲਿਬ ਨੇ ਕਿਹਾ, “ਨਾ ਥਾ ਕੁਛ ਤੋ ਖ਼ੁਦਾ ਥਾ, ਕੁਛ ਨਾ ਹੋਤਾ ਤੋ ਖ਼ੁਦਾ ਹੋਤਾ, ਡੁਬੋਯਾ ਮੁਝ ਕੋ ਹੋਨੇ ਨੇ, ਨਾ ਹੋਤਾ ਮੈਂ ਤੋ ਕਯਾ ਹੋਤਾ!” ਇਹ ਸਵਾਲ ਨਹੀਂ, ਵ੍ਰਿਤੀ ਦੀ ਯਾਤਨਾ ਹੈ। ਮਨ ਦਾ ਨਾ ਹੋਣਾ ਹੀ ਅਮਨ ਹੈ।
ਗੁਰੂ ਨਾਨਕ ਨੇ ਇਸ ਨੂੰ ਨਾਮ ਯੋਗ ਕਿਹਾ। ਯੋਗ ਜੁਟਣਾ ਹੈ ਤੇ ਇਹੀ ਸਿੱਖੀ ਹੈ। ਬਲਦਾਂ ਦਾ ਜੋੜਾ ਜੋਗ ਹੈ। ਪਰਮਾਤਮਾ ਨਾਲ ਜੁੜਨਾ ਸੰਗਤ। ਗੁਰੂ ਨਾਨਕ ਨੇ ਇਸ ਨੂੰ ਪਰਮ ਕਰਮ ਕਿਰਸਾਣੀ ਦੇ ਦ੍ਰਿਸ਼ਟਾਂਤ ਵਿਚ ਪੇਸ਼ ਕੀਤਾ। ਧਰਤੀ ‘ਚੋਂ ਅਨਾਜ ਹਾਸਲ ਕਰਨ ਲਈ ਮੁਸ਼ੱਕਤ ਕਰਨੀ ਪੈਂਦੀ ਹੈ, ਜਿਸ ਵਿਚ ਕਿਰਤੀ ਹਮਰਕਾਬ ਹੁੰਦੇ ਹਨ। ਕਿਰਸਾਣੀ ਨਿਜਨਿਰਭਰ ਪੇਸ਼ਾ ਨਹੀਂ, ਪਰਨਿਰਭਰਤਾ ਇਸ ਦੀ ਬੁਨਿਆਦ ਅਤੇ ਜੁੜਨਾ ਅਨਿਵਾਰੀ। ਪੰਚਮ ਪਾਤਸ਼ਾਹ ਦਾ ਅੰਮ੍ਰਿਤਸਰ ਵਿਖੇ ਬਵੰਜਾ ਕਿਸਮ ਦੇ ਕਿਰਤੀ ਅਤੇ ਹੁਨਰੀ ਲੋਕਾਂ ਨੂੰ ਵਸਾਉਣਾ ਸੰਗਤ ਦੀ ਸੰਕਲਪਨਾ ਦਾ ਮਹਾਂ ਅਭਿਆਸ ਸੀ। ਗੁਰੂ ਨਾਨਕ ਦੀ ਸੰਗਤ ਵਿਚ ਕਿਰਤੀਆਂ ਨੇ ਕਿਰਸਾਣ ਨੂੰ ਆਪਣਾ ਭਾਈ ਮੰਨਿਆਂ ਹੋਇਆ ਸੀ ਅਤੇ ਉਹ ਭਾਈ ਦਾ ਧਰਮ ਵੀ ਪਾਲ਼ਦਾ। ਹੁਨਰੀ ਕਿਰਤੀਆਂ ਨੇ ਕਿਰਸਾਣ ਦੀ ਸਹਾਇਤਾ ਦਾ ਧਰਮ ਪਾਲਿਆ, ਜਿਸ ਦੇ ਬਦਲੇ ਕਿਰਸਾਣ ਵੀ ਹੁਨਰੀ ਭਾਈਆਂ ਦੀ ਕਦਰ ਕਰਦਾ ਰਿਹਾ। ਸਭਿਆਚਾਰ ਦਾ ਆਧਾਰ ਪਰਨਿਰਭਰਤਾ ਹੈ। ਨਿਜਮੁਖ ਅਭਿਆਸ ਵਿਚ ਸਭਿਆਚਾਰ ਗਤੀਸ਼ੀਲ ਨਹੀਂ ਰਹਿੰਦਾ, ਪ੍ਰਫੁੱਲਤਾ ਹਾਸਲ ਨਹੀਂ ਹੁੰਦੀ ਅਤੇ ਸਾਂਝੀਵਾਲਤਾ ਦਾ ਤ੍ਰਿਸਕਾਰ ਹੁੰਦਾ ਹੈ। ਪਰ ਮੁਖਤਾ ਹੀ ਗਤੀਸ਼ੀਲ ਅਤੇ ਸਿਹਤਮੰਦ ਸਭਿਆਚਾਰ ਦੀ ਆਧਾਰਸ਼ਿਲਾ ਹੈ।
ਮੜ੍ਹੀ ਦੇ ਦੀਵੇ ਵਿਚਲਾ ਕਿਰਸਾਣ ਭ੍ਰਾਤਰੀ ਧਰਮ ਪਾਲਣ ਕਰਕੇ ਹੀ ਧਰਮ ਸਿੰਘ ਹੈ। ਸਮੇਂ ਦੇ ਫ਼ੇਰ ਨਾਲ ਧਰਮ ਸਿੰਘ ‘ਭੰਤਾ’ ਹੋ ਗਿਆ। ਕਿਰਸਾਣ ਜ਼ਿਮੀਦਾਰ ਹੋ ਗਿਆ ਅਤੇ ਧਰਤੀ ਦਾ ਪੁੱਤ ਨਿੱਕਾ ਜਿਹਾ ਭੂਪਤੀ ਬਣ ਗਿਆ। ਰਿਸ਼ਤਿਆਂ ‘ਤੇ ਹਾਵੀ ਅਸ਼ਿਸ਼ਟਤਾ ਅਨੈਤਕ ਸਮਾਜਿਕ ਤ੍ਰੇੜ ਬਣ ਉਭਰੀ। ਗੁਰਦਿਆਲ ਸਿੰਘ ਦੇ ਗਲਪੀ ਕਿਰਸਾਣ ਧਰਮ ਸਿੰਘ ਦੇ ਪੁੱਤਰ ਜ਼ਿਮੀਦਾਰ ਭੰਤੇ ਦੇ ਨਾਂ, ਸੋਚ ਅਤੇ ਵਿਵਹਾਰ ਵਿਚ ਉਸ ਤ੍ਰੇੜ ਦਾ ਸੰਕੇਤ ਹੈ, ਜਿਸ ਕਾਰਣ ਕਿਰਸਾਣ ਨੇ ਹੁਨਰੀ ਭਾਈਆਂ ਨੂੰ ਨਾਰਾਜ਼ ਕਰ ਲਿਆ। ਜਦੋਂ ਦੀ ‘ਭਈਆਂ’ ਨੇ ‘ਭਾਈਆਂ’ ਦੀ ਥਾਂ ਮੱਲੀ ਹੈ ਉਦੋਂ ਦਾ ਕਿਰਸਾਣੀ ‘ਚੋਂ ਹੁਨਰੀ ਲਗਾਉ, ਆਪਸੀ ਪ੍ਰੇਮ ਅਤੇ ਸੇਵਾ ਭਾਵ ਬੇਕਿਰਕ ਮੁਨਾਫ਼ੇ ਵਿਚ ਢਲ ਗਿਆ। ‘ਮਾਤਾ ਧਰਤਿ’ ਨੂੰ ‘ਪਾਣੀ ਪਿਤਾ’ ਦੇ ਨੁਕਤੇ ਤੋਂ ਦੇਖਣ ਕਰਕੇ, ਮੂੰਹਾਂ ‘ਤੇ ਨਕਾਬ ਦੀ ਤਰ੍ਹਾਂ ਰੁਮਾਲ ਬੰਨ੍ਹੀ ਸਫ਼ਰ ਕਰਦੇ ਧਰਤੀ ਦੇ ਪੁੱਤ ‘ਪਵਣੁ ਗੁਰੂ’ ਦੀ ਪ੍ਰਦੂਸ਼ਤ ਤਸ਼੍ਰੀਹ ਹਨ।
ਗੁਰੂ ਕਾਲ ਵਿਚ ਸਿੱਖ ਨੇ ਆਪਣੀ ਕਰਨੀ ਦੇ ਬਲਬੂਤੇ ਭਾਈ ਦਾ ਮਹਾਂ ਲਕਬ ਕਮਾਇਆ। ਮਿਸਲਾਂ ਵੇਲੇ ਸਿੱਖ ਪਹਿਲਾਂ ਜ਼ਿਮੀਦਾਰ ਫਿਰ ਸਰਦਾਰ ਬਣੇ ਅਤੇ ਹੰਨੇ ਹੰਨੇ ਮੀਰਾਂ ਨੇ ਪੀਰੀ ਵੱਲ ਪਿੱਠ ਕਰ ਲਈ। ਬੇਪੀਰ ਜ਼ਿਮੀਦਾਰ, ਮੀਰ ਸਰਦਾਰਾਂ ਨੇ ਕਿਰਤੀਆਂ ਦੇ ਲਕਬ ਭਾਈ ਦੀ ਮਹਾਨਤਾ ਨੂੰ ਘਟਾਉਂਦੇ ਘਟਾਉਂਦੇ ਪਾਠੀ ਤੱਕ ਸੀਮਤ ਕਰ ਦਿਤਾ। ਹੁਣ ਸਿੱਖ ਗੁਰੂ ਘਰਾਂ ਵਿਚ ਸਰਦਾਰ ਕੇਵਲ ਪ੍ਰਧਾਨ ਦੇ ਅਹੁਦੇ ‘ਤੇ ਹੀ ਸੁਸ਼ੋਭਿਤ ਹੁੰਦੇ ਹਨ। ਪਾਠੀ, ਰਾਗੀ ਤੇ ਲਾਂਗਰੀ ਦੀ ਸੇਵਾ ਤੱਕ ਮਹਿਦੂਦ ਕਿਰਤੀ ਸਿੱਖ ਭਾਈ ਲਈ ਸਵੈਮਾਣ ਦੇ ਸਭ ਦਰਵਾਜ਼ੇ ਬੰਦ।
ਕਿਰਸਾਣੀ ਛੱਡ ਚੁੱਕੇ, ਠੇਕੇ, ਹਾਲ਼ੇ, ਜ਼ਮੀਨੀ ਵੇਚ ਵੱਟ ਅਤੇ ਰਾਜਸੀ ਅਹੁਦਿਆਂ ਦੀ ਚੜ੍ਹਤ ਚੜ੍ਹਾਵੇ ‘ਤੇ ਪਲਣ ਵਾਲੇ ਸਰਦਾਰ ਨੇ ਕਿਰਤੀ ਦੀ ਜਗ੍ਹਾ ਘਟਾ ਘਟਾ ਕੇ ਸਿਫ਼ਰ ਤੱਕ ਲੈ ਆਂਦੀ ਅਤੇ ਉਸ ਨੂੰ ਆਪਣੀ ਜਨਮ ਭੂਮੀ ਨੂੰ ਹੀ ਅਲਵਿਦਾ ਕਹਿਣ ਲਈ ਮਜਬੂਰ ਕਰ ਦਿਤਾ। ਅੰਗਰੇਜ਼ੀ ਭਾਸ਼ਾ ਵਿਚ ਇਸ ਨੂੰ ਪਰਵਾਸੀ ਰੁਝਾਨ ਦਾ ਪੁਸ਼ ਫ਼ੈਕਟਰ ਕਿਹਾ ਜਾਂਦਾ ਹੈ। ਜਿਨ੍ਹਾਂ ਨੂੰ ਇਸ ਜ਼ਮੀਨ ਵਿਚ ਆਪਣੇ ਬਾਪ ਦੀ ਮੜ੍ਹੀ ਬਣਾਉਣ ਜੋਗੀ ਥਾਂ ਵੀ ਨਸੀਬ ਨਾ ਹੋਵੇ ਅਤੇ ਮੜ੍ਹੀ ਦੀਆਂ ਇੱਟਾਂ ਆਪਣੇ ਘਰ ਅੰਦਰ ਲਿਆ ਰੱਖਣ ਤੋਂ ਬਿਨਾ ਕੋਈ ਚਾਰਾ ਨਾ ਰਹੇ, ਉਹ ਇਸ ਮੁਲਕ ਤੋਂ ‘ਸਦਕੇ’ ਜਾਣ ਦੀ ਥਾਂ ‘ਛੱਡ ਕੇ’ ਨਾ ਜਾਣ ਤਾਂ ਹੋਰ ਕੀ ਕਰਨ! ਮੜ੍ਹੀ ਜੋਗੀ ਥਾਂ ਵੀ ਨਾ ਮਿਲਣ ਦੀ ਯਾਤਨਾ ਸਾਹਮਣੇ ਭੁੱਖ ਦਾ ਦੁੱਖ ਵੀ ਨਿਗੂਣਾ ਰਹਿ ਜਾਂਦਾ ਹੈ। ਹਵੇਲੀਆਂ ‘ਚ ਮੌਜਾਂ ਲੁੱਟਣ ਵਾਲਾ ਵੀਰ ਜੇ ਆਪਣੇ ਭਾਈ ਦਾ ਰੀਝ ਨਾਲ ਪਾਲਿਆ, ਛਾਂ ਦਾ ਇਕੋ ਇਕ ਕੁਦਰਤੀ ਸਾਧਨ, ਟਾਹਲੀ ਦਾ ਰੁੱਖ ਵੀ ਵੱਢ ਕੇ ਵੇਚ ਦੇਵੇ ਤਦ ਉਹ ਕਿਵੇਂ ਇਸ ਮੁਲਕ ਅਤੇ ਸਭਿਆਚਾਰ ਨਾਲ ਮੋਹ ਕਾਇਮ ਰੱਖ ਸਕਦਾ ਹੈ!
‘ਮਾਲ ਢਾਂਡਾ ਸਾਂਭਣੇ ਨੂੰ (ਜਿਸ ਨੂੰ ਘਰੇ) ਛੱਡ ਕੇ’ ਮੇਲਿਆਂ ‘ਚ ‘ਦਮਾਮੇ’ ਵੱਜਦੇ ਹਨ, ਉਸ ਦੀ ‘ਕਿਰਤ’ ਵਿਚ ਹਾਲੇ ਇਤਨੀ ਕੁ ਤਰੱਕੀ ਹੋਈ ਹੈ ਕਿ ਉਸ ਦੇ ਪੂਰਵਜ਼, ਜਿਨ੍ਹਾਂ ਦਾ ਕਦੀ ਮੈਲ਼ਾ ਢੋਂਦੇ ਸਨ, ਅੱਜ ਉਨ੍ਹਾਂ ਦੇ ਡੰਗਰਾਂ ਦਾ ਗੋਹਾ ਕੂੜਾ ਸਿਰ ‘ਤੇ ਚੁੱਕਦੇ ਹਨ। ਇਨਸਾਨੀ ਮੈਲ਼ ਤੋਂ ਪਸ਼ੂ ਮੈਲ਼ ਤੱਕ ਦੀ ‘ਤਰੱਕੀ’ ਵੀ ਸਾਡੇ ਲਈ ਅਸਹਿ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਾਠ ਪੁਸਤਕ ਵਿਚ ਧਨੀ ਰਾਮ ਚਾਤ੍ਰਿਕ ‘ਮੇਲੇ ਵਿਚ ਜੱਟ’ ਦੇ ਇਸ ਕਾਵਿਕ ਕਲੰਕ ਨੂੰ ‘ਕਾਮਾ’ ਲਿਖ ਕੇ ਬੇਸ਼ੱਕ ਢਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਮਾਜ ਦੇ ਇਸ ਪਰਮ ਸੇਵਕ ਦੀ ਇਜ਼ਤ ਆਬਰੂ ਦੀ ਕਦਰ ਸਾਡੇ ਮਨਾਂ ਵਿਚ ਇਤਨੀ ਕੁ ਹੈ, ਜਿਸ ਦੇ ਕੇਵਲ ਇੱਕ ਦ੍ਰਿਸ਼ਟਾਂਤ ਵਿਚ ਹੀ ਸਾਡੇ ਸਮਾਜ ਦੇ ਪਤਨ ਦਾ ਕੁੱਲ੍ਹ ਸਮਾਨ ਹੈ। ਮਾਲਵੇ ਦੇ ਇਕ ਪਿੰਡ ਦੀ ਦਲਿਤ ਬੇਟੀ ਨਾਲ ਪਿੰਡ ਦੇ ਹੀ ਸਰਦਾਰ ਕਾਕੇ ਨੇ ਮੂੰਹ ਕਾਲ਼ਾ ਕਰ ਲਿਆ। ਪੰਚਾਇਤ ਨੇ ਪੱਚੀ ਹਜ਼ਾਰ ਛਿਲੜ ਦੇ ਕੇ ਗੱਲ ‘ਰਫ਼ਾ ਦਫ਼ਾ’ ਕਰਨ ਦਾ ਫ਼ੈਸਲਾ ਸੁਣਾਇਆ। ‘ਰਫ਼ਾ ਦਫ਼ਾ’ ਸੁਣਦਿਆਂ ਲੜਕੀ ਦੇ ਪਿਉ ਦੀ ਭੁੱਬ ਨਿਕਲ ਗਈ, ਜਿਸ ਦੇ ਜਵਾਬ ਵਿਚ, ਮੂੰਹ ਕਾਲਾ ਕਰੀ ਬੈਠੇ ‘ਸ਼ੇਰ’ ਨੇ ਬੁੱਭ ਮਾਰੀ, ‘ਤੈਨੂੰ ਪੱਚੀ ਹਜ਼ਾਰ ਡੰਝ ਦਿਤਾ, ਹੋਰ ਕੀ ਦੇ ਦੇਈਏ!’ ਗ਼ਰੀਬ ਦਲਿਤ ਦੀ ‘ਭੁੱਬ’ ਅਤੇ ਸ਼ੇਰ ਕਾਕੇ ਦੀ ‘ਬੁੱਭ’ ਵਿਚ ਗੁਰਮੁਖੀ ਦੇ ਬੱਬੇ ਅਤੇ ਭੱਬੇ ਅੱਖਰ ਦੇ ਇਧਰ ਉਧਰ ਹੋਣ ਜਿਤਨਾ ਹੀ ਫ਼ਰਕ ਸਮਝਿਆ ਗਿਆ, ਜਿਸ ਕਰਕੇ ਭਾਈਚਾਰਕ ਤ੍ਰੇੜਾਂ ਤੇ ਕਸ਼ਮਕਸ਼ ਦੇ ਚਿੰਨ੍ਹ ਪ੍ਰਤੱਖ ਹੋਣੇ ਅਰੰਭ ਹੋ ਗਏ। ਸਾਡੀ ਗੁਰਮੁਖਤਾਈ ਬੁੱਭ ਤੇ ਭੁੱਬ ਦੇ ਹੇਰ ਫ਼ੇਰ ਨੂੰ ਸਮਝਣੋ ਨਾਬਰ ਹੈ। ਖ਼ਤਰੇ ਦੀ ਘੰਟੀ ਸੁਣਨ ਲਈ ਸਾਡੇ ਕੰਨ ਰਾਜ਼ੀ ਨਹੀਂ। ਲੇਖਾਂ ਤੇ ਕਹਾਣੀਆਂ ਦੇ ਬੀਜ ਸਮੋਏ, ਜਲੰਧਰ ਕੈਂਟ ਦੇ ਰੇਲਵੇ ਸਟੇਸ਼ਨ ‘ਤੇ ਖੜ੍ਹੀ, ਸੜੀ ਹੋਈ ਗੱਡੀ ਦੇ ਨਾਵਲੀ ਦ੍ਰਿਸ਼ ਦਾ ਯਥਾਰਥ ਸਾਡੇ ਚਿੰਤਨ ਅਤੇ ਗਲਪ ਦਾ ਤੀਸਰਾ, ਪਰ ਬੰਦ ਨੇਤਰ ਖੁੱਲਣ ਦੀ ਉਡੀਕ ਵਿਚ ਹੈ।
ਅਨੰਦਪੁਰ ਸਾਹਿਬ ਵਿਖੇ ਬਣੀ ‘ਖ਼ਾਲਸਾ ਵਿਰਾਸਤ’ ਵਿਚ ਦਾਖ਼ਲ ਹੁੰਦਿਆਂ ਹੀ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦੇ ਸ਼ੋਰ ਵਿਚ, ਖ਼ਾਲਸਾ ਵਿਰਾਸਤ ਨੂੰ ਇਕ ਵਿਸ਼ੇਸ਼ ਜ਼ਾਤੀ ਸਭਿਆਚਾਰ ਦੀ ਪੁੱਠ ਚਾੜ੍ਹਨ ਦੀ ‘ਸ਼ਰਧਾ’ ਡੁਲ੍ਹ ਡੁਲ੍ਹ ਪੈਂਦੀ ਹੈ। ਖੇਤੀਬਾੜੀ ਨਾਲ ਸਬੰਧਤ ਗੀਤਾਂ, ਜ਼ਿਮੀਦਾਰ ਢਾਬੇ, ਟਰੱਕ ਅਤੇ ਛਕਦੇ ਛਕਾਉਂਦੇ ਡਰਾਇਵਰਾਂ ਦੇ ਕੰਧ ਚਿਤਰਾਂ ਨੂੰ ਖ਼ਾਲਸਾ ਵਿਰਾਸਤ ਵਿਚ ਘਸੋੜਨਾ ‘ਰਾਜ’ ਹੈ, ‘ਸੇਵਾ’ ਨਹੀਂ। ਜ਼ਿਮੀਦਾਰਾ ਢਾਬੇ ਦਾ ਖ਼ਾਲਸਾ ਵਿਰਾਸਤ ਨਾਲ ਇਤਨਾ ਹੀ ਸਬੰਧ ਹੈ ਕਿ ਉਥੇ ਸ਼ਿਰੋਮਣੀ ਕਮੇਟੀ ਦੇ ਵਰ੍ਹਿਆਂ ਤੱਕ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਹੱਥ ਦਾ ਅੰਗੂਠਾ ਸ਼ਹੀਦ ਹੋ ਗਿਆ ਸੀ। ਭਾਰ ਢੋਣ ਵਾਲਾ ‘ਨਿੱਤ ਬੰਬਿਓਂ ਪਠਾਣਕੋਟ’ ਜਾਣ ਵਾਲਾ ‘ਯਾਰਾਂ ਦਾ ਟਰੱਕ’ ਨਸ਼ਿਆਂ ਦੀ ਬਿਮਾਰੀ ਤੇ ਏਡਜ਼ ਦੀ ਮਹਾਂਮਾਰੀ ਦਾ ਵਾਹਕ ਸਮਝਿਆ ਜਾਂਦਾ ਹੈ ਅਤੇ ‘ਜੱਟ ਦਿੱਲੀਓਂ ਮਰਸੀਡੀਜ਼ ਲਿਆਇਆ ਨੀਂ, ਸੁਣ ਜੱਟੀਏ’ ਸਵਰਗੀ ਮਾਣਕ ਦਾ ਗਾਣਾ ਟਰੱਕ ਨੂੰ ਜ਼ਾਤੀ ਵਿਸ਼ੇਸ਼ ਨਾਲ ਹੀ ਜੋੜਦਾ ਹੈ। ਸੱਚ ਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਜਾਇਬਘਰ ਦੀ ਸ਼ਾਨ ਅਤੇ ਖ਼ਾਲਸੇ ਦੀ ਸ਼ੁੱਧ ਵਿਰਾਸਤੀ ਆਨ ਨੂੰ ਇੱਕ ਹੋਰ ਮਿਊਜ਼ੀਅਮ ਬਣਾਏ ਬਗ਼ੈਰ ਵਧਾਇਆ ਘਟਾਇਆ ਨਹੀਂ ਸੀ ਜਾ ਸਕਦਾ। ਖ਼ਾਲਸਾ ਵਿਰਾਸਤ ਨੂੰ ਪੰਜਾਬੀ ਸਭਿਆਚਾਰ ਦੇ ਜ਼ਰੀਏ ਜ਼ਾਤੀ ਖ਼ਾਸੇ ਤੱਕ ਸੀਮਤ ਕਰਨ ਅਤੇ ਜ਼ਾਤੀ ਫ਼ਿਤਰਤ ਨੂੰ ਪੰਜਾਬੀ ਸਭਿਆਚਾਰ ਦੇ ਬਹਾਨੇ ਖ਼ਾਲਸਾ ਵਿਰਾਸਤ ਤੱਕ ਫ਼ੈਲਾਉਣ ਦਾ ਦੋਤਰਫ਼ਾ ਅਭਿਆਨ ਜਾਰੀ ਹੈ। ਵਿਰਾਸਤ ਅਗਵਾ ਵੀ ਹੁੰਦੀ ਹੈ ਅਤੇ ਅਗਵਾਕਰ ਵਿਰਾਸਤ ਵਿਚੋਂ ਕਿਸੇ ਨੂੰ ਬੇਦਖ਼ਲ ਵੀ ਕਰ ਸਕਦੇ ਹਨ।
ਕਿਰਤੀ ਦੀ ਸਪੇਸ ਵਿਦਵਾਨਾਂ ਨੇ ਵੀ ਖ਼ਾਰਜ ਕੀਤੀ। ਸਿੱਖ ਚਿੰਤਨ ਅਤੇ ਮਾਰਕਸੀ ਖ਼ਿਆਲ ਦੇ ਮਰਮੱਗ ‘ਬਾਬਾ ਬੋਹੜ’ ਸੰਤ ਸਿੰਘ ਸੇਖੋਂ ਨੇ ‘ਰੀਝਾਂ ਤੇ ਰਮਜ਼ਾਂ’ ਪੁਸਤਕ ਵਿਚ ਆਪਣੀ ‘ਰੀਝ’ ਬਿਆਨ ਕੀਤੀ, ‘ਪੰਜਾਬੀ ਲੋਕਾਂ ਦੇ ਸੁਭਾਵ ਨੂੰ ਬਾਕੀ ਭਾਰਤੀਆਂ ਨਾਲੋਂ ਨਿਖੇੜਨ ਵਾਲੇ ਪਠਾਣ, ਤੁਰਕ, ਮੁਗਲ, ਈਰਾਨੀ ਜਾਂ ਅਰਬ ਲੋਕ ਨਹੀਂ। ਨਾ ਹੀ ਇਸ ਦੇਸ਼ ਦਾ ਵਿਸ਼ੇਸ਼ ਸੁਭਾਵ ਇਸ ਦੇਸ਼ ਦੇ ਆਦੀ ਵਾਸੀਆਂ ਨੇ, ਜਿਨ੍ਹਾਂ ਵਿਚ ਅਸੀਂ ਅੱਜ ਕਲ ਦੀਆਂ ਦਲਤ ਜਾਤੀਆਂ ਦੇ ਵਰਗਾਂ ਨੂੰ ਗਿਣ ਸਕਦੇ ਹਾਂ, ਨਿਰਣੇ ਕੀਤਾ ਹੈ ਤੇ ਨਾ ਹੀ ਪੁਰਾਣੇ ਬ੍ਰਾਹਮਣਾਂ ਕਸ਼ਤਰੀਆਂ ਨੇ। ਮੰਨਣ ਯੋਗ ਹੈ ਕਿ ਇਸ ਦੇਸ਼ ਦਾ ਸੁਭਾਵ ਨਿਰਮਾਣ ਕਰਨ ਵਾਲੀ ਜਾਤੀ ਇਸ ਦੇ ਕਿਰਸਾਣ ਜੱਟਾਂ ਆਦਿ ਦੀ ਹੈ ਕਿਉਂਕਿ ਉਹ ਹੀ ਇਸ ਦੇ ਬਹੁ ਗਿਣਤੀ ਵਾਲੇ, ਸਮਾਜਕ ਤੇ ਰਾਜਸੀ ਬਲ, ਅਭਿਮਾਨ ਤੇ ਚਲੰਤ (ਡਾਇਨਾਮਿਕ?) ਵਾਲੇ ਲੋਕ ਹਨ।’ ਬਾਰੀਕ ਅਤੇ ਤੰਗ ਨਜ਼ਰ ‘ਬਾਬੇ ਬੋਹੜ’ ਨੇ ਗ਼ੈਰ ਜੱਟ ਜਾਤੀਆਂ ਨੂੰ ਆਪਣੀ ਛਾਂ ‘ਚੋਂ ਬੇਦਖ਼ਲ ਕਰਕੇ, ਪੰਜਾਬੀ ਸਪੇਸ ‘ਚੋਂ ਵੀ ‘ਚਲੰਤ’ ਕਰ ਦਿੱਤਾ।
ਸੇਖੋਂ ਦੇ ਇਸ ‘ਚਲੰਤ’ ਪੁੱਤਰ ਨੇ ਪੋਸ਼ਣ ਦੀ ਥਾਂ ਧਰਤੀ ਮਾਂ ਦਾ ਸ਼ੋਸ਼ਣ ਅਰੰਭ ਦਿਤਾ। ਮੁਨਾਫ਼ੇ ਦੀ ਹੋੜ ਵਿਚ ਜ਼ਹਿਰੀਲੀਆਂ ਦਵਾਈਆਂ ਦੀ ਬੇਲੋੜੀ ਤੇ ਬੇਹਿਸਾਬੀ ਵਰਤੋਂ ਨੇ ਜ਼ਰਖ਼ੇਜ਼ ਧਰਤੀ ਨੂੰ ਰੋਗਣ ਕਰ ਦਿਤਾ। ਕਈ ਥਾਂ ਜ਼ਮੀਨ ਨੂੰ ਕੈਂਸਰ ਹੋ ਗਿਆ। ਮਰੀਜ਼ ਕੋਲ ਕੌਣ ਟਿਕੇ! ਨਵੇਂ ਜ਼ਿਮੀਦਾਰ ਦੇ ਮਨ ਵਿਚ ਪਰਵਾਸ ਦਾ ਖ਼ਿਆਲ ਆਉਣਾ ਹੀ ਸੀ।
ਨਵੇਂ ਭੂਪਤੀਆਂ ਵਲੋਂ ਦੁਰਕਾਰੇ ਹੋਏ, ਜਿਹੜੇ ਲੋਕ ਵਿਦੇਸ਼ਾਂ ‘ਚ ਰੋਜ਼ੀ ਲਈ ਰੁਲਣ ਲਈ ਮਜਬੂਰ ਹੋਏ ਅਤੇ ਸਖ਼ਤ ਮੁਸ਼ੱਕਤ ਨਾਲ ਆਪਣੀ ਜੂਨ ਸੁਧਾਰਨ ਵਿਚ ਕਾਮਯਾਬੀ ਹਾਸਲ ਕਰਨ ਉਪਰੰਤ, ਜਦ ਵੀ ਆਪਣੇ ਦੇਸ਼ ਪਰਤਦੇ, ਤਦ ਉਨ੍ਹਾਂ ਪਰਵਾਸੀ ਕਿਰਤੀਆਂ ਨੂੰ ਸੁਖੀ ਹਾਲ ਦੇਖ ਦੇਖ, ਭੂਪਤੀ ਦੇ ਮਨ ਵਿਚ ਵੀ ਲਾਲਸਾ ਉਤਪਨ ਹੋਈ ਤੇ ਉਹ ਵੀ ਪਰਵਾਸੀ ਰੁਝਾਨ ਵੱਲ ਆਕਰਸ਼ਤ ਹੋ ਗਿਆ। ਪਰਵਾਸ ਦੇ ਇਸ ਰੁਝਾਨ ਨੂੰ ਅੰਗਰੇਜ਼ੀ ਵਿਚ ਪੁੱਲ ਫ਼ੈਕਟਰ ਕਹਿੰਦੇ ਹਨ। ਕਿਸੇ ਨੂੰ ਇਧਰੋਂ ਧੱਕੇ ਪਏ ਤੇ ਕਿਸੇ ਨੂੰ ਉਧਰੋਂ ਖਿੱਚ ਪਈ ਤਾਂ ਪਰਵਾਸ ਦਾ ਰੁਝਾਨ ਵਧਦਾ ਗਿਆ।
ਧਰਤੀ ਦੇ ਪੁੱਤਰ ਭੂਪਤੀ ਤੋਂ ਐਨ ਆਰ ਆਈ ਹੋ ਗਏ, ਜਿਸ ਦਾ ਵੇਰਵਾ ਅਤੇ ਹੇਰਵਾ ਪੰਜਾਬੀ ਗਾਣਿਆਂ ਦਾ ‘ਸ਼ਿੰਗਾਰ’ ਹੈ, ‘ਆਪਣਾ ਪੰਜਾਬ ਹੋਵੇæææਬਾਣ ਵਾਲਾ ਮੰਜਾ ਹੋਵੇæææਮੰਜੇ ਉਤੇ ਬੈਠਾ ਜੱਟ ਬਣਿਆ ਨਵਾਬ ਹੋਵੇ।’ ਇਤਿਹਾਸ ਵਿਚ ਜਿਸ ਨਵਾਬੀ ਨੂੰ ਇਸ ‘ਮਾਤਾ ਧਰਤਿ ਮਹਤੁ’ ਦੇ ਬੱਚੇ ‘ਖ਼ਰਾਬੀ’ ਸਮਝ ਕੇ ਠੋਕਰਾਂ ਮਾਰਦੇ, ਹੁਣ ਪਰਵਾਸੀ ਸਰਦਾਰ ਉਸ ਦੇ ਹੇਰਵੇ ਵਿਚ ਹਨ। ਵਿਦੇਸ਼ੀ ਧਰਤੀ ‘ਤੇ ਚਮਕ, ਦਮਕ, ਸੁੱਖ, ਸਹੂਲਤਾਂ ਬਥੇਰੀਆਂ, ਪਰ ਖੋਟੀ ਨਵਾਬੀ ‘ਟੈਂ’ ਲਈ ਕੋਈ ਥਾਂ ਨਹੀਂ, ਜਿਸ ਦੀ ਪੂਰਤੀ ਲਈ ਪੰਜਾਬ ਦਾ ਹੇਰਵਾ ਜਾਗਦਾ ਹੈ, ਜਿਸ ਤਹਿਤ ਉਹ ਪੰਜਾਬ ਦੇ ਪਿੰਡ ਵਿਚ ਨਵਾਬ ਬਣ ਬਹਿਣਾ ਲੋਚਦਾ ਹੈ, ਜਿਸ ਦੇ ਅੱਗੇ ਕਿਰਤੀ, ਕੰਮੀ ਹੱਥ ਜੋੜੀ ਬੈਠੇ ਹੋਣ।
ਵਿਰਕ ਦੀ ਸ਼ਿਲਪਕਾਰੀ ਦੇ ‘ਉਤਮ’ ਨਮੂਨੇ ਉਜਾੜਾ ਕਹਾਣੀ ਦਾ ਪਾਤਰ ਆਲਾ ਸਿੰਘ ਇਤਨੀ ਮਾਤਰਾ ਵਿਚ ਦੁੱਧ ਦਾ ਸੇਵਨ ਕਰਦਾ ਹੈ ਕਿ ਸਾਰੇ ਅੰਮ੍ਰਿਤਸਰ ਵਿਚੋਂ ਉਸ ਦੀ ਵੀਣੀ ‘ਤੇ ਕੋਈ ਕੜਾ ਪੂਰਾ ਨਹੀਂ ਸੀ ਆਇਆ। ਪੁਰਾਣੇ ਦਿਨਾਂ ਨੂੰ ਝੂਰਦੇ ਇਸ ਤਕੜੇ ਜੁੱਸੇ ਵਾਲੇ ਮਹਾਂ ਨਾਇਕ ਦੀ ਮਾਰਫ਼ਤ ਕੁਲਵੰਤ ਸਿੰਘ ਵਿਰਕ ਨੇ ਇਕ ਗਿਲਾ ਪੇਸ਼ ਕੀਤਾ ਹੈ, ‘ਖ਼ੱਤਰੀ ਤੇ ਕਮੀਨ ਵੀ ਬਹਿਸਾਂ ਵਿਚ ਨਾਲ ਰਲ ਜਾਂਦੇ ਤੇ ਫਿਰ ਇਹ ਲੋਕ ਟੱਪ ਥੱਲੇ ਭੋਇੰ ਜਾਂ ਆਪਣੀ ਵਖਰੀ ਮੰਜੀ ‘ਤੇ ਬਹਿਣ ਦੀ ਥਾਂ ਬਹਿਸ ਕਰਦੇ ਜੱਟਾਂ ਦੇ ਨਾਲ ਹੀ ਤਖ਼ਤ ਪੋਸ਼ ਜਾਂ ਮੰਜੀ ‘ਤੇ ਬੈਠ ਜਾਂਦੇ। ਕਈ ਵੇਰੀ ਤੇ ਇਹ ਕਮੀਨ ਬਹਿਸ ਵਿਚ ਕਿਸੇ ਜੱਟ ਨੂੰ ਹੌਲਿਆਂ ਕਰ ਦਿੰਦੇ। ਆਲਾ ਸਿੰਘ ਲਈ ਇਹ ਕਲਜੁਗ ਦੀ ਝਾਕੀ ਹੁੰਦੀ।’ ਬਰਾਬਰੀ ਦੀਆਂ ਕਲਜੁਗੀ ਝਾਕੀਆਂ ਤੋਂ ਘਬਰਾ ਕੇ ਪ੍ਰਵਾਸੀ ਹੋਏ ‘ਮੂਸੇ’ ਨੂੰ ਅੱਗੋਂ ਬਰਾਬਰੀ ਦੇ ਸਮਾਜਕ ਹੱਕਾਂ ਦੇ ਹੋਰ ਵੀ ਘੋਰ ਅਤੇ ਉਗਰ ਰੂਪ ਦੇਖਣੇ ਪੈਣ ਤਾਂ ਉਹ ‘ਆਪਣਾ ਪੰਜਾਬ ਹੋਵੇ’ ਨਾ ਗਾਵੇ ਤਾਂ ਹੋਰ ਕੀ ਕਰੇ!
ਭਾਈ ਸਾਹਿਬ ਕਪੂਰ ਸਿੰਘ ਨੇ ‘ਰਾਜ ਕਰੇਗਾ ਖ਼ਾਲਸਾ’ ਨਿਬੰਧ ਵਿਚ ਦੱਸਿਆ ਸੀ ਕਿ ਛੋਟੇ ਮੁਲਕਾਂ ਵਿਚ ਗਏ ਸਿੱਖਾਂ ਨੇ ਆਪਣੀ ਸਾਬਤ ਸੂਰਤ ਕਾਇਮ ਰੱਖੀ, ਜਦਕਿ ਵੱਡੇ ਮੁਲਕਾਂ ਦੇ ਸਿੱਖ ਉਥੋਂ ਦੇ ਸ਼ੋਰ ਸ਼ਰਾਬੇ ਵਾਲੇ ਮਹਾਂ ਸਭਿਆਚਾਰ ਅੱਗੇ ਝੁਕ ਗਏ। ਉਨ੍ਹਾਂ ਲਿਖਿਆ, ‘ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਪੱਛਮੀ ਮੁਲਕਾਂ ਵਿਚ ਗਏ ਨੱਬੇ ਪ੍ਰਤੀਸ਼ਤ ਸਿੱਖ ਬੇਸ਼ਰਮੀ ਨਾਲ ਭੱਦਾ ਅਤੇ ਬਦਸੂਰਤ ਲੱਗਣ ਵਾਲਾ ਸਿਰ-ਮੂੰਹ ਮੁਨਾ ਲੈਣ ਵਾਲਾ ਫ਼ੈਸ਼ਨ ਅਪਨਾ ਚੁੱਕੇ ਹਨ ਅਤੇ ਉਨ੍ਹਾਂ ਵਿਚੋਂ ਕਈ ਸਿਗਰਟਨੋਸ਼ੀ ਵਰਗੀ ਬੁਰੀ ਆਦਤ ਦੇ ਵੀ ਸ਼ਿਕਾਰ ਹੋ ਗਏ ਹਨ, ਜਦੋਂ ਕਿ ਅਫ਼ਰੀਕਨ ਮਹਾਂਦੀਪ ਅਤੇ ਦੱਖਣੀ ਪੂਰਬੀ ਏਸ਼ੀਆ ਵਿਚ ਰਹਿ ਰਹੇ ਸਿੱਖ ਕੇਸਾਂ ਦੀ ਬੇਅਦਬੀ ਨਹੀਂ ਕਰਦੇ ਅਤੇ ਸਿਗਰਟ ਦੀ ਵੀ ਉਸ ਤਰ੍ਹਾਂ ਵਰਤੋਂ ਨਹੀਂ ਕਰਦੇ।’ ਇਸ ਸੱਚ ਨੂੰ ਇੱਕ ਹੋਰ ਪੱਖ ਤੋਂ ਵੀ ਦੇਖਣ ਦੀ ਜ਼ਰੂਰਤ ਹੈ ਕਿ ਗ਼ਰੀਬ ਮੁਲਕਾਂ ਵਿਚ ਗ਼ਰੀਬ ਕਿਰਤੀ, ਮਿਹਨਤੀ ਅਤੇ ਹੁਨਰੀ ਲੋਕ ਵਧੇਰੇ ਗਏ ਅਤੇ ਵੱਡੇ ਅਮੀਰ ਦੇਸ਼ਾਂ ਵਿਚ ਜ਼ਿਆਦਾਤਰ ਵੱਡੇ ਜ਼ਿਮੀਦਾਰ, ਦਿਹ ਰੱਖ ਅਤੇ ਸਲੋਨੇ ਸਰਦਾਰ ਲੋਕ ਗਏ, ਜਿਨ੍ਹਾਂ ਦੀ ਆਪਣਾ ਸਾਬਤ ਸੂਰਤ ਸਭਿਆਚਾਰ ਤਿਆਗ ਦੇਣ ਦੀ ਰਫ਼ਤਾਰ ‘ਕੰਮੀਆਂ’ ਦੇ ਮੁਕਾਬਲਤਨ ਤੇਜ ਅਤੇ ਪ੍ਰਬੱਲ ਹੈ।
ਗੁਰੂ ਨਾਨਕ ਨੇ ਪਵਣ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਆਖਿਆ। ਅਸੀਂ ਪੰਜਾਬ ਦਾ ਪੌਣ ਪਾਣੀ ਦੂਸ਼ਿਤ ਕਰ ਦਿਤਾ ਅਤੇ ਧਰਤੀ ਨੂੰ ਜ਼ਹਿਰੀਲੀ ਬਣਾ ਧਰਿਆ। ਹਰ ਤਰ੍ਹਾਂ ਦੇ ਸੰਸਕਾਰਾਂ ਤੋਂ ਸੱਖਣੀ ਨਵੀਂ ਪੀੜ੍ਹੀ ਦੇ ਪਾੜ੍ਹਿਆਂ ਲਈ ਧਰਤੀ ਮਾਂ, ਦੇਸ਼ ਪ੍ਰੇਮ, ਘਰ ਪਰਿਵਾਰ, ਮਾਤਾ ਪਿਤਾ ਅਤੇ ਭੈਣ ਭਾਈ ਦੇ ਕੋਈ ਅਰਥ ਨਹੀਂ ਰਹੇ। ਕਿਸੇ ਸਮੇਂ ਢਾਬਿਆਂ ਦੇ ਬਾਹਰ ਵੀ ‘ਘਰ ਵਰਗੇ ਖਾਣੇ’ ਦੇ ਹੋਕੇ ਸੁਣਦੇ ਸਾਂ। ਹੁਣ ਸ਼੍ਰੀ ਹਲ਼ਦੀ ਰਾਮ ਦੀ ਕਿਰਪਾ ਨਾਲ ਘਰ ਦੇ ਖਾਣੇ ਵੀ ਢਾਬਿਆਂ ਵਰਗੇ ਹੋ ਗਏ। ਘਰੋਂ ਬਾਹਰ ਰਹਿਣ ਦੇ ਸ਼ੌਂਕ ਨੇ ਪ੍ਰਵਾਸੀ ਤੇ ਪੈਰਾਸਾਈਟ ਵਿਚ ਫ਼ਰਕ ਮੇਟ ਦਿਤਾ ਹੈ। ਪੜ੍ਹਾਈ ਦੇ ਸਿਲਸਿਲੇ ਵਿਚ ਇੱਕ ਲੜਕੀ ਛੇ ਮਹੀਨੇ ਲਈ ਕੈਨੇਡਾ ਗਈ। ਦਾਦੀ ਨੇ ਫ਼ੋਨ ‘ਤੇ ਹਾਲ ਪੁੱਛਿਆ ਤਾਂ ਕਹਿਣ ਲੱਗੀ, ‘ਸੁਪਨੇ ਵਿਚ ਮੈਂ ਇੰਡੀਆ ਵਾਪਸ ਚਲੀ ਗਈ ਤਾਂ ਮੈਨੂੰ ਬਹੁਤ ਡਰ ਲੱਗਿਆ। ਜਦ ਜਾਗ ਆਈ ਤਾਂ ਖ਼ੁਦ ਨੂੰ ਕੈਨੇਡਾ ਵਿਚ ਦੇਖ ਕੇ ਸ਼ੁਕਰ ਕੀਤਾ।’ ਉਸ ਨੂੰ ਆਪਣੇ ਵਿਦੇਸ਼ੀ ਖ਼ਰਚੇ ਦਾ ਭਾਰ ਚੁੱਕਣ ਵਾਲੇ, ਸਦਾ ਵਿਅਸਤ ਪਾਪਾ, ਨਾਸਾਜ਼ ਮਾਂ, ਛੋਟੇ ਭਰਾ ਅਤੇ ਦਾਦੇ-ਦਾਦੀ ਦੀ ਯਾਦ, ਸਤਾ ਤਾਂ ਕਿਤੇ ਰਹੀ, ਆ ਵੀ ਨਹੀਂ ਰਹੀ ਸੀ ਅਤੇ ਦਾਦੀ ਨੂੰ ਵੀ ਇਸ ਦਾ ਕੋਈ ਰੰਜ ਨਹੀਂ ਸੀ। ਆਪਣੀ ਧਰਤੀ ਅਤੇ ਲੋਕਾਂ ਤੋਂ ਮੋਹ ਭੰਗ ਦੀ ਸ਼ਾਇਦ ਹੀ ਕੋਈ ਹੱਦ ਬਚੀ ਹੋਵੇ। ਉਹ ਵੀ ਸਮਾਂ ਸੀ ਜਦ ਇਸੇ ਧਰਤੀ ਦੇ ਮਹਾਨ ਸੁਪੂਤ ਆਪਣੇ ਪਿਤਾ ਦੇ ਵਿਛੋੜੇ ਵਿਚ ਬਿਹਬਲਤਾ ਭਰੀਆਂ ਚਿੱਠੀਆਂ ਲਿਖਦੇ ਸਨ, ‘ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ॥’
ਪ੍ਰਵਾਸੀ ਰੁਝਾਨ, ਯਾਤਨਾ ਅਤੇ ਚੇਤਨਾ ਦਾ ਮੂਲ ਧਰਮ ਸਿੰਘ ਦੇ ਭੰਤਾ, ਕਿਰਸਾਣ ਦੇ ਜ਼ਿਮੀਦਾਰ ਅਤੇ ਭੂਮੀ ਪੁੱਤਰ ਦੇ ਭੂਮੀ ਪਤੀ ਹੋਣ ਵਿਚ ਦੇਖਿਆ ਜਾ ਸਕਦਾ ਹੈ। ‘ਏ ਭੂਪਤਿ ਸਭ ਦਿਵਸ ਚਾਰਿ ਕੇ’ ਵਿਚਲੇ ਸੱਚ ਮੁਤਾਬਕ ਜਗੀਰਦਾਰੀ ਨਿਜ਼ਾਮ ਆਪਣਾ ਅੰਤ ਆਪਣੇ ਨਾਲ ਲੈ ਕੇ ਆਇਆ। ਜ਼ਿਮੀਦਾਰੀ, ਜ਼ਿਮੀਦਾਰ ਅਤੇ ਸਰਦਾਰ ਨੂੰ ਇਹ ਸੱਚ ਯਾਦ ਰੱਖਣਾ ਜ਼ਰੂਰੀ ਹੈ, ਜੋ ਉਸ ਦੇ ਵਰਤਮਾਨ ਸਵੈਘਾਤ ਵਿਚ ਰੰਗ ਦਿਖਾ ਰਿਹਾ ਹੈ। ਨਿੱਕੇ ਉਦਯੋਗਪਤੀ ਦੀ ਦਸ਼ਾ ਕਿਰਸਾਣ ਤੋਂ ਬਿਹਤਰ ਨਹੀਂ। ਮਿਹਨਤਕਸ਼ ਸੀਰੀ ਅਤੇ ਫ਼ੈਕਟਰੀ ਮਜਦੂਰ ਦੀ ਮੰਦਹਾਲੀ ਦੀ ਨਿਸਬਤ ਉਦਯੋਗਪਤੀ ਅਤੇ ਕਿਰਸਾਣ ਦੀ ਹਾਲਤ ਸੁਖਾਵੀਂ ਹੈ। ਫਿਰ ਵੀ ਪੰਜਾਬ ਵਿਚ ਹੋ ਰਹੀਆਂ ਕਿਸਾਨੀ ਖ਼ੁਦਕੁਸ਼ੀਆਂ ਆਰਥਕ ਤੰਗੀ ਨਾਲੋਂ ਵਧੇਰੇ ਉਸ ਦੀ ‘ਬੁਲੰਦ’ ਮਨੋਬਿਰਤੀ ਦੀਆਂ ਹੀ ਸੰਕੇਤਕ ਹਨ।
ਗਰੀਕ ਮਿੱਥ ਦੇ ਇਕ ਰਾਜੇ ਇਡੀਪਸ ਨੇ ਅਗਿਆਨ ਵੱਸ ਆਪਣੀ ਮਾਂ ਨਾਲ ਪਤੀ ਦਾ ਰਿਸ਼ਤਾ ਬਣਾ ਲਿਆ ਸੀ, ਜਿਸ ਦਾ ਗਿਆਨ ਹੋਣ ‘ਤੇ ਉਸ ਨੇ ਆਪਣੀਆਂ ਅੱਖਾਂ ਵਿਚ ਸੂਏ ਮਾਰ ਮਾਰ ਖ਼ੁਦ ਨੂੰ ਅੰਨ੍ਹਾ ਕਰ ਲਿਆ ਅਤੇ ਉਸ ਦੀ ਅਭਾਗੀ ਮਾਂ ਨੇ ਫ਼ਾਹਾ ਲੈ ਲਿਆ। ਭਾਰਤੀ ਬੜੇ ਫ਼ਖ਼ਰ ਨਾਲ ਵੰਦੇ ਮਾਤਰਮ ਗਾਉਂਦੇ ਅਤੇ ਪ੍ਰਾਰਥਨਾ ਕਰਦੇ, ‘ਹੇ ਪਿਆਰੀ ਭਾਰਤ ਮਾਂ ਅਸੀਂ ਤੈਨੂੰ ਸੀਸ ਨਿਵਾਉਂਦੇ ਹਾਂ ਤੇਰੇ ਤੋਂ ਸਦਕੇ ਜਾਂਦੇ ਹਾਂ।’ ਪੰਜਾਬ ਧਰਤੀ ਦਾ ਇਕ ਬਿਹਤਰੀਨ ਟੁਕੜਾ ਸੀ, ਜਿਸ ਦੇ ਅਸੀਂ ਖ਼ੁਦ ਨੂੰ ਹੋਣਹਾਰ ਸੁਪੂਤ ਅਨੁਮਾਨਦੇ ਸਾਂ। ਅਸੀਂ ਆਪਣੀਆਂ ਅੱਖਾਂ ਅੱਗੇ ਪੱਟੀ ਬੰਨ੍ਹ ਕੇ, ਇਸ ਨਾਲ ਇਡੀਪਸ ਵਾਲਾ ਰਿਸ਼ਤਾ ਕਾਇਮ ਕੀਤਾ ਅਤੇ ਉਗਰ ਪਾਪ ਉਪਰੰਤ ਕਿਤੇ ਮੂੰਹ ਦੇਣ ਜੋਗੇ ਨਹੀਂ। ਹੁਣ ਵਿਦੇਸ਼ਾਂ ‘ਚ ਮੂੰਹ ਛਿਪਾਉਣ ਦੀ ਕੋਸ਼ਿਸ਼ ਵਿਚ ਪ੍ਰਵਾਸੀ ਚੇਤਨਾ ਦੇ ਲਫ਼ਾਫ਼ੇ ਵਿਚ ਪਾਪ ਲੁਕੋਣ ਦਾ ਯਤਨ ਕਰਦੇ ਹਾਂ।
ਮਾਤ ਭੂਮੀ ਦੀ ਤ੍ਰਾਸਦੀ ਅਤੇ ਹਮਸਾਇਆਂ ਅੰਮਾਂ ਜਾਇਆਂ ਦੀ ਯਾਤਨਾ ਦੀ ਗੰਭੀਰਤਾ ਅਤੇ ਗਹਿਰਾਈ ਨੂੰ ਪੂਰੀ ਸੰਜੀਦਗੀ ਨਾਲ ਸਮਝਣ ਅਤੇ ਮਹਿਸੂਸ ਕਰਨ ਵਾਲੇ ਵਿਦਵਾਨ ਡਾæ ਸਵਰਾਜ ਸਿੰਘ ਨੇ ‘ਨਿਰਮਲ ਦੇਹੀ’ ਰਸਾਲੇ ਵਿਚ ਲਿਖਿਆ ਕਿ ਵਿਦੇਸ਼ ਜਾਣ ਵਾਲੇ ਤਮਾਮ ਭਾਰਤੀਆਂ ਵਿਚੋਂ ਨੱਬੇ ਪ੍ਰਤੀਸ਼ਤ ਪੰਜਾਬੀ ਹੁੰਦੇ ਹਨ ਅਤੇ ਇਨ੍ਹਾਂ ਪੰਜਾਬੀਆਂ ਵਿਚੋਂ ਵੀ ਨੱਬੇ ਪ੍ਰਤੀਸ਼ਤ ਜੱਟ। ਇਹ ਅੰਕੜਾ ਕਿੰਨਾ ਠੀਕ ਹੈ ਇਹ ਤਾਂ ਲੇਖਕ ਹੀ ਦੱਸ ਸਕਦਾ ਹੈ। ਪਰ ਇਹ ਪੰਜਾਬ ਦੀ ਧਰਤੀ ਦਾ ਮਹਾਂ ਅਪਮਾਨ ਹੈ, ਜਿਸ ਤੋਂ ਵਧੇਰੇ ਨਿਰਾਦਰ ਸ਼ਾਇਦ ਹੀ ਕਿਸੇ ਧਰਤੀ ਦੇ ਵਸਨੀਕ ਕਰਦੇ ਹੋਣ। ਪ੍ਰਾਚੀਨ ਭਾਰਤੀ ਪਰੰਪਰਾ ਵਿਚ ਦੇਸ਼ ਛੱਡਣ ਵਾਲਾ ਘੋਰ ਪਤਿਤ ਮੰਨਿਆ ਜਾਂਦਾ ਸੀ। ਪਰ ਅੱਜ ਬਾਹਰ ਜਾਣ ਦੀ ਹੋੜ ਵਿਚ ਭੈਣਾਂ, ਮਾਸੀਆਂ ਦੇ ਰਿਸ਼ਤੇ ਦਾਉ ‘ਤੇ ਲੱਗ ਰਹੇ ਹਨ। ਜਿਹੜੇ ਵੀ ਤੌਰ ਤਰੀਕੇ ਅਪਨਾ ਕੇ ਅਸੀਂ ਬਾਹਰ ਜਾ ਰਹੇ ਹਾਂ, ਜਾਗਦੀ ਜ਼ਮੀਰ ਨਾਲ ਸ਼ਾਇਦ ਅਸੀਂ ਉਹ ਖ਼ਬਰ ਰੂਪ ਵਿਚ ਵੀ ਪੜ੍ਹ ਨਾ ਸਕੀਏ। ਭੈਣ ਦੇ ਅਨਾਦਰ ਅਤੇ ਮਾਂ ਦੇ ਨਿਰਾਦਰ ਤੋਂ ਵੱਡਾ ਪਾਪ ਹੋਰ ਕੀ ਸਕਦਾ ਹੈ!
ਅਸੀਂ ਖ਼ੁਦ ਨੂੰ ਵਿਸ਼ਵ ਦੇ ਮਹਾਨ ਗ੍ਰੰਥ ਅਤੇ ਵਿਰਾਸਤ ਦੇ ਵਾਰਸ ਮੰਨਦੇ ਹਾਂ, ਪਰ ਚਰਿਤਰ ਵਿਚ ਇਸ ਕਦਰ ਪੱਛੜ ਗਏ ਹਾਂ ਕਿ ਸਾਡੇ ਬੱਚੇ ਸੁਰਤ ਸੰਭਲਦੇ ਹੀ ਸੋਚਦੇ ਹਨ ਕਿ ਇਸ ਡੁਬਦੀ ਕਿਸ਼ਤੀ ‘ਚੋਂ ਉਹ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਨਿਕਲ ਜਾਣ। ਬਿਮਾਰ ਬੁਢੇ ਦੇ ਸੱਤ ਪੁਤਰਾਂ ਕੋਲੋਂ ਇਕ ਇਕ ਸੋਟੀ ਦੇ ਟੁੱਟ ਜਾਣ, ਪਰ ਬੰਡਲ ਨੂੰ ਨਾ ਤੋੜ ਸਕਣ ਦੀ ਕਹਾਣੀ ਅਸੀਂ ਭੁੱਲ ਚੁੱਕੇ ਹਾਂ। ਪ੍ਰਗਤੀ ਦਾ ਪ੍ਰਥਮ ਸਬਕ ਸਾਂਝੀਵਾਲਤਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੈ। ਸਾਹਿਤ ਵਿਚੋਂ ਪ੍ਰਗਤੀ ਦਾ ਅਨੁਮਾਨ ਲਗ ਸਕਦਾ ਹੈ। ‘ਮਾਨ’ ਗੋਤ ਦਾ ਹੋਣ ਕਰਕੇ, ਪੰਜਾਬ ਦਾ ਮਾਣ ਸਦਾਉਂਦੇ ਕਲਾਕਾਰ ਦਾ ਵਿਅੰਗ ਉਦੋਂ ਤੱਕ ‘ਸੰਪੰਨ’ ਨਹੀਂ ਹੁੰਦਾ, ਜਦ ਤੱਕ ਬੂਟੀਦਾਰ ਪੱਗ ਵਾਲੇ ‘ਅਚਲੰਤ’ ਸਿੱਖ ਦਾ ਉਪਹਾਸ ਨਹੀਂ ਉੜਾਇਆ ਜਾਂਦਾ। ਸਾਡੇ ਹੱਸ ਹੱਸ ਢਿੱਡੀਂ ਪੀੜਾਂ ਪੈ ਜਾਂਦੀਆਂ, ਜਦੋਂ ਇਸ ਸਵਾਲ, ‘ਚਾਚਾ, ਛਿੰਦਾ ਜੱਟ ਐ’ ਦਾ ਜਵਾਬ ਸੁਣਦੇ ਹਾਂ, ‘ਨਹੀਂ ਭਤੀਜ, ਥੋੜਾ ਜਿਹਾ ਘੱਟ ਐ।’ ਜਿਥੇ ਇਕ ਵਿਸ਼ੇਸ਼ ਜ਼ਾਤੀ ਨਾਲ ਸਬੰਧਤ ਹੋਣਾ ਹੀ ‘ਪੂਰਾ’ ਹੋਣਾ ਹੋਵੇ, ਉਥੇ ‘ਊਣਿਆਂ’ ਦੇ ਪੱਲੇ ਸਿਵਾਇ ਰੋਣ ਦੇ ਕੀ ਹੋ ਸਕਦਾ ਹੈ!
ਕਦੇ ਕਦੇ ਬੰਦਾ ਔਝੜੇ ਪੈ ਜਾਂਦਾ ਹੈ, ਕੁਝ ਨਹੀਂ ਸੁਝਦਾ। ਅਜਿਹੇ ਸਮੇਂ ਪਿਛੇ ਮੁੜਨ ‘ਚ ਵੀ ਭਲਾ। ਬੈਕ ਗਿਅਰ ਬਗ਼ੈਰ ਗੱਡੀ ਠੀਕ ਰਸਤੇ ਨਹੀਂ ਲਿਆਂਦੀ ਜਾ ਸਕਦੀ। ਸਮੇਂ ਦਾ ਉਲਟ ਗੇੜ ਬੇਸ਼ੱਕ ਅਸੰਭਵ ਹੈ, ਪਰ ਕਦੀ ਕਦੀ ਪਿਛੇ ਮੁੜਨਾ ਵੀ ਅੱਗੇ ਵਧਣਾ ਹੁੰਦਾ। ਗ਼ਲਤੀ ਪਿੱਛੇ ਹੋਈ, ਕੋਈ ਚੀਜ਼ ਪਿੱਛੇ ਛੱਡ ਆਏ, ਜਿਸ ਲਈ ਪਿਛੇ ਪਰਤਣ ਬਗ਼ੈਰ ਕੋਈ ਚਾਰਾ ਨਹੀਂ। ਸਿਆਣੇ ਸੋਚਣ ਕਿ ਕਿਵੇਂ ‘ਭੰਤਾ’ ‘ਧਰਮ ਸਿੰਘ’ ਸਜ਼ੇ, ਜ਼ਿਮੀਦਾਰ ਕਿਰਸਾਣ ਬਣੇ, ਭੂਪਤੀ ਭੂਪੁੱਤਰ ਹੋਵੇ ਤੇ ਸਾਰੇ ਕਿਰਤੀ ਭੈਣ ਭਾਈ। ਇਸ ਲਈ ਗੁਰੂ ਨਾਨਕ ਦਾ ਸੁਝਾਇਆ ਸਿੱਖ ਯੋਗਾ ਹੀ ਇਕ ਰਾਹ ਹੈ, ਜਿਸ ‘ਤੇ ਤੁਰਿਆਂ ਮਾਤ ਭੂਮੀ ‘ਚੋਂ ਭੱਜੀਆਂ ਵਹੀਰਾਂ, ਭੱਜੀਆਂ ਬਾਹਾਂ ਦੀ ਤਰ੍ਹਾਂ ਮੁੜ ਗਲ਼ੇ ਵੱਲ ਪਰਤ ਸਕਦੀਆਂ ਹਨ। ਪਰਵਾਸੀ ਚੇਤਨਾ ਅਤੇ ਯਾਤਨਾ ਤੋਂ ਮੁਕਤ ਹੋਣ ਦਾ ਇਹੋ ਰਾਹ ਹੈ। ਪਿਛੇ ਰਹਿ ਗਈ ‘ਵਥ’ ਸੰਭਾਲ ਕੇ ਹੀ ਅਗੇ ਵਧਣਾ ਸਿਆਣਪ ਹੈ। ਡੁੱਲ੍ਹੇ ਬੇਰਾਂ ਦਾ ਕੁਝ ਨਾ ਵਿਗੜਨ ਦੀ ਕੋਈ ਸੀਮਾ ਹੈ। ਈਦੋਂ ਬਾਦ ਮਿਲਿਆ ਨਿਆਂ ਅਨਿਆਂ ਹੈ। ਸਾਹਿਰ ਨੇ ਲਿਖਿਆ, ‘ਚੁੱਪ ਰਹੇਗੀ ਜੁ ਜ਼ੁਬਾਨਿ ਖ਼ੰਜਰ, ਲਹੂ ਪੁਕਾਰੇਗਾ ਆਸਤੀਂ ਕਾ।’
Leave a Reply