ਮੋਦੀ ਹਾਰ ਕੇ ਵੀ ਵਿਨਾਸ਼ਕਾਰੀ ਯੋਜਨਾ ਨਹੀਂ ਛੱਡਣ ਲੱਗਾ

ਸਿਧਾਰਥ ਵਰਧਰਾਜਨ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਭਾਰਤ ਦੇ ਵੋਟਰਾਂ ਨੇ ਭਾਰਤੀ ਲੋਕਤੰਤਰ ਲਈ ਉਹ ਕਰ ਦਿਖਾਇਆ ਜੋ ਮੁਲਕ ਦਾ ਚੋਣ ਕਮਿਸ਼ਨ ਅਤੇ ਨਿਆਂਪਾਲਿਕਾ ਕਰਨ ਵਿਚ ਅਸਫ਼ਲ ਰਹੇ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕ ਦੂਜੇ ਦੇ ਵਿਰੁੱਧ ਖੜਾ ਕਰਨ ਦੀ ਕੋਸ਼ਿਸ਼ ਕਰਨ ਲਈ ਅਤੇ ਵੱਡੇ ਕਾਰੋਬਾਰਾਂ ਨਾਲ ਉਸ ਦੀ ਯਾਰੀ ਲਈ ਅਨੁਸ਼ਾਸਨ ‘ਚ ਲਿਆਉਣਾ ਅਤੇ ਤਾੜਨਾ ਕਰਨਾ – ਜਿਨ੍ਹਾਂ ਦੇ ਸ਼ੱਕੀ ਫੰਡਾਂ ਦੀ ਮਦਦ ਨਾਲ ਸਰਕਾਰ ਦੀਆਂ ਨੀਤੀਆਂ ਨੇ ਅਸਮਾਨਤਾ ਅਤੇ ਆਰਥਕ ਸੰਕਟ ਵਿਚ ਵਾਧਾ ਕੀਤਾ ਹੈ।

10 ਸਾਲ ਸੱਤਾ ਵਿਚ ਰਹਿਣ ਤੋਂ ਬਾਅਦ, ਮੋਦੀ ਦੀ ਭਾਰਤੀ ਜਨਤਾ ਪਾਰਟੀ ਨੇ ਸੰਸਦੀ ਬਹੁਮਤ ਗੁਆ ਲਿਆ ਹੈ ਅਤੇ ਹੁਣ ਉਹ ਗੱਠਜੋੜ ਭਾਈਵਾਲਾਂ ਦੀ ਹਮਾਇਤ ਨਾਲ ਘੱਟਗਿਣਤੀ ਵਾਲੀ ਸਰਕਾਰ ਚਲਾਉਣਗੇ, ਜਿਨ੍ਹਾਂ ਵਿੱਚੋਂ ਕੁਝ ਬੇਹੱਦ ਪਲਟੂਰਾਮ ਹਨ। ਇਸ ਨਾਲ ਕੋਈ ਮੱਦਦ ਨਹੀਂ ਮਿਲਦੀ ਕਿ ਉਸਨੇ ਖੁਦ ਕਦੇ ਵੀ ਕਾਲਪਨਿਕ ਦੀ ਬਜਾਏ ਹਕੀਕੀ ਗੱਠਜੋੜ ਨਹੀਂ ਚਲਾਇਆ ਹੈ। ਤਿੰਨ ਸਾਲ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੱਲੋਂ ਪਾਸ ਕੀਤੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਲੈ ਕੇ ਉਸ ਨੂੰ ਚੁਣੌਤੀ ਦਿੱਤੀ ਸੀ, ਤਾਂ ਉਹ ਅੜਿਆ ਰਿਹਾ ਸੀ ਅਤੇ ਅਕਾਲੀਆਂ ਨੂੰ ਹੀ ਗੱਠਜੋੜ ਛੱਡਣਾ ਪਿਆ ਸੀ। ਪਰ ਜਿਨ੍ਹਾਂ ਸਹਿਯੋਗੀਆਂ ਨੂੰ ਭਾਰਤ ਦੇ ਵੋਟਰਾਂ ਨੇ ਹੁਣ ਸਮਝਾ ਦਿੱਤਾ ਹੈ, ਉਹ ਚੁੱਪਚਾਪ ਉਸਦੀ ਝੋਲੀ ਨਹੀਂ ਚੁੱਕਣਗੇ। ਉਨ੍ਹਾਂ ਕੋਲ ਉਸਦੀ ਸਰਕਾਰ ਨੂੰ ਡੇਗਣ ਦੀ ਸਮਰੱਥਾ ਹੋਵੇਗੀ।
ਮੋਦੀ ਨੇ ਬਹਾਦਰੀ ਦਾ ਮਖੌਟਾ ਪਾ ਕੇ ਇਸ ਤੱਥ ਦਾ ਗੁਣਗਾਣ ਕੀਤਾ ਕਿ ਉਹ ਤੀਜੀ ਵਾਰ ਸੱਤਾ ਵਿਚ ਵਾਪਸ ਆ ਗਏ ਹਨ, ਇਹ ਇਕ “ਇਤਿਹਾਸਕ ਕਾਰਨਾਮਾ” ਹੈ। ਸੱਚਾਈ ਇਹ ਹੈ ਕਿ ਇਹ ਨਤੀਜਾ ਉਸ ਸ਼ਖਸ ਲਈ ਇਕ ਹੈਰਾਨਕੁਨ ਨਿੱਜੀ ਝਟਕਾ ਹੈ ਜਿਸਨੂੰ ਆਪਣੀ ਜਿੱਤ ਨੂੰ ਲੈ ਕੇ ਏਨਾ ਯਕੀਨ ਸੀ ਕਿ ਉਸਨੇ ਦੈਵੀ ਜਨਮ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਨੇ ਚੋਣ ਪ੍ਰਚਾਰ ਦੌਰਾਨ ਇਕ ਇੰਟਰਵਿਊ ਲੈਣ ਵਾਲੇ ਨੂੰ ਕਿਹਾ “ਜਦ ਤੱਕ ਮੇਰੀ ਮਾਂ ਜਿਊਂਦੀ ਸੀ, ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਜੀਵ-ਵਿਗਿਆਨਕ ਤੌਰ `ਤੇ ਪੈਦਾ ਹੋਇਆ ਹਾਂ। ਪਰ ਉਸ ਦੀ ਮੌਤ ਤੋਂ ਬਾਅਦ, ਆਪਣੇ ਸਾਰੇ ਤਜਰਬਿਆਂ ਨੂੰ ਵੇਖਦਿਆਂ, ਮੈਨੂੰ ਯਕੀਨ ਹੋ ਗਿਆ ਹੈ … ਕਿ ਮੈਨੂੰ ਰੱਬ ਨੇ ਭੇਜਿਆ ਹੈ। ਊਰਜਾ (ਮੇਰੇ `ਚ) ਕਿਸੇ ਜੈਵਿਕ ਸਰੀਰ ਤੋਂ ਨਹੀਂ ਆਈ ਹੈ।” ਵੋਟਰਾਂ ਨੇ ਰੱਬ ਦੇ ਇਸ ਆਪੇ ਬਣੇ ਦੂਤ ਨੂੰ ਜ਼ੋਰ ਨਾਲ ਧਰਤੀ `ਤੇ ਪਟਕਾ ਮਾਰਿਆ ਹੈ।
ਸੰਯੋਗ ਨਾਲ, ਮੋਦੀ ਦਾ ਧਰਮਾਤਮਾ ਹੋਣ ਦਾ ਦਾਅਵਾ, ਉਸੇ ਇੰਟਰਵਿਊ ਵਿਚ ਆਇਆ ਜਿੱਥੇ ਉਸਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਵਿਚ ਹੀ ਦਿੱਤੇ ਇਕ ਚੋਣ ਭਾਸ਼ਣ ਬਾਰੇ ਸਰੇਆਮ ਝੂਠ ਬੋਲਿਆ। ਬਾਂਸਵਾੜਾ ਵਿਚ ਉਸਨੇ ਸਪਸ਼ਟ ਤੌਰ ‘ਤੇ ਭਾਰਤ ਦੇ ਮੁਸਲਮਾਨਾਂ ਨੂੰ “ਘੁਸਪੈਠੀਏ” ਅਤੇ “ਵੱਧ ਬੱਚੇ ਜੰਮਣ ਵਾਲੇ” ਕਿਹਾ ਸੀ। ਮੋਦੀ ਸਿਰਫ਼ ਮੁਸਲਮਾਨਾਂ ਨੂੰ ਗਾਲ੍ਹਾਂ ਨਹੀਂ ਸੀ ਕੱਢ ਰਿਹਾ, ਸਗੋਂ ਭਾਰਤ ਦੇ ਹਿੰਦੂ ਵੋਟਰਾਂ ਵਿਚ ਤਰਕਹੀਣ ਚਿੰਤਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕਿਵੇਂ ਉਹੀ ਵਾਹਦ ਆਗੂ ਹੈ ਜੋ ਵਿਰੋਧੀ-ਧਿਰ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਨੂੰ ਮੁਸਲਮਾਨਾਂ ਦੇ ਹਵਾਲੇ ਕਰਨ ਤੋਂ ਰੋਕਣ ਦੇ ਸਮਰੱਥ ਹੈ।
ਇਹੀ ਇਲਜ਼ਾਮ ਮੋਦੀ ਥੋੜ੍ਹੇ ਫ਼ਰਕ ਨਾਲ, ਰੈਲੀ ਦਰ ਰੈਲੀ ਦੁਹਰਾਉਂਦਾ ਰਿਹਾ। ਉਸ ਦੀ ਪਾਰਟੀ ਨੇ ਹਿੰਦੂਆਂ ਨੂੰ ਇਸ ਬੇਤੁਕੇ ਦਾਅਵੇ ‘ਤੇ ਯਕੀਨ ਕਰਨ ਲਈ ਡਰਾਉਣ ਦੇ ਉਦੇਸ਼ ਨਾਲ ਘਿਣਾਉਣੇ ਐਨੀਮੇਟਡ ਵੀਡੀਓ ਬਣਾਏ। ਇਕ ਹੋਰ ਇੰਟਰਵਿਊ ਵਿਚ, ਉਸਨੇ ਆਪਣੇ ਹੀ ਦਫ਼ਤਰ ਦੇ ਖੋਜਕਰਤਾਵਾਂ ਦੁਆਰਾ ਵਿਆਪਕ ਤੌਰ ‘ਤੇ ਪ੍ਰਚਾਰੇ ਗਏ ਅਧਿਐਨ ਦੇ ਸ਼ੱਕੀ ਨਤੀਜਿਆਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ – ਜਿਨ੍ਹਾਂ ਨੂੰ ਮੁਸਲਿਮ ਵਿਰੋਧੀ ਚੋਣ ਬਿਰਤਾਂਤ ਦੇ ਨਾਲ ਮੇਲ ਖਾਂਦੇ ਦਰਸਾਉਣ ਦੇ ਮਨੋਰਥ ਨਾਲ ਜਾਰੀ ਕੀਤਾ ਗਿਆ ਸੀ – ਤਾਂ ਜੋ ਹਿੰਦੂਆਂ ਨੂੰ ਇਹ ਯਕੀਨ ਦਿਵਾਇਆ ਜਾ ਸਕੇ ਕਿ ਭਾਰਤ ਦੀ ਮੁਸਲਮਾਨ ਆਬਾਦੀ ਏਨੀ ਤੇਜ਼ੀ ਨਾਲ ਵਧ ਰਹੀ ਹੈ ਕਿ ਉਹ ਛੇਤੀ ਹੀ ਇਸ ਵਿਚ ਡੁੱਬ ਜਾਣਗੇ।
ਮੋਦੀ ਮੁਸਲਮਾਨਾਂ ਪ੍ਰਤੀ ਏਨਾ ਜਨੂੰਨੀ ਕਿਉਂ ਹੈ? ਇਕ ਤਾਂ ਇਹ ਉਸ ਦੇ ਰਾਜਨੀਤਕ ਡੀਐਨਏ ਦਾ ਹਿੱਸਾ ਹੈ। ਉਸਦਾ ਕਰੀਅਰ ਭਾਜਪਾ ਦੀ ਮੂਲ ਜਥੇਬੰਦੀ – ਰਾਸ਼ਟਰੀ ਸੋਇਮ ਸੇਵਕ ਸੰਘ – ਵਿਚ ਸ਼ੁਰੂ ਹੋਇਆ ਅਤੇ ਇਹ ਆਰਐੱਸਐੱਸ ਦੀ ਇਸ ਧਾਰਨਾ ਦੇ ਆਲੇ-ਦੁਆਲੇ ਬਣਿਆ ਹੈ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ ਜੋ 800 ਸਾਲ ਮੁਸਲਮਾਨਾਂ ਦਾ ਗ਼ੁਲਾਮ ਰਿਹਾ ਹੈ। ਮੋਦੀ ਦਾ ਮੰਨਣਾ ਹੈ ਕਿ ਅੱਜ ਭਾਰਤੀ ਮੁਸਲਮਾਨ – ਅੰਕੜਿਆਂ ਦੇ ਤੌਰ ‘ਤੇ ਮੁਲਕ ਦੇ ਸਭ ਤੋਂ ਗ਼ਰੀਬ ਸਮੂਹਾਂ ਵਿੱਚੋਂ ਇਕ – ਦਰਅਸਲ ‘ਵਿਸ਼ੇਸ਼ ਅਧਿਕਾਰ ਪ੍ਰਾਪਤ‘ ਹਨ ਅਤੇ ਹਿੰਦੂਆਂ ਨਾਲੋਂ ਵੱਧ ਅਧਿਕਾਰਾਂ ਤੇ ਲਾਭਾਂ ਦਾ ਆਨੰਦ ਮਾਣਦੇ ਹਨ, ਅਤੇ ਇਹ ਕਿ ਜਦੋਂ ਤੱਕ ਮੁਸਲਮਾਨਾਂ ਦਾ ‘ਤੁਸ਼ਟੀਕਰਨ‘ ਜਾਰੀ ਹੈ, ਭਾਰਤ ਸੱਚਾ ਗੌਰਵ ਪ੍ਰਾਪਤ ਨਹੀਂ ਕਰ ਸਕਦਾ।
ਪਰ ਉਸ ਦੇ ਮੁਸਲਿਮ ਵਿਰੋਧੀ ਐਲਾਨਾਂ/ਬਿਆਨਾਂ ਵਿਚ ਹਾਲੀਆ ਵਾਧੇ ਦਾ ਇਕ ਦੂਜਾ ਕਾਰਨ ਵੀ ਹੈ। ਜਦੋਂ ਤੁਹਾਡੇ ਕੋਲ ਦਿਖਾਉਣ ਲਈ ਕੋਈ ਅਸਲ ਪ੍ਰਾਪਤੀਆਂ ਨਹੀਂ ਹਨ ਅਤੇ ਇਸ ਹਾਲਤ ‘ਚ – ਜਦੋਂ ਮੁਲਕ ਵਿਚ ਬੇਰੁਜ਼ਗਾਰੀ ਅਤੇ ਪੇਂਡੂ ਨਿਰਾਸ਼ਾ ਵਿਆਪਕ ਫੈਲੀ ਹੋਈ ਹੈ ਅਤੇ 80 ਕਰੋੜ ਭਾਰਤੀ ਸਰਕਾਰ ਦੁਆਰਾ ਦਿੱਤੇ ਜਾਣ ਵਾਲੇ ਮੁਫ਼ਤ ਅਨਾਜ ਦੇ ਮੁਥਾਜ ਹਨ – ਤੁਸੀਂ ਚੋਣ ਵਿਚ ਜਾਂਦੇ ਹੋ ਤਾਂ ਮੁਸਲਮਾਨਾਂ ਨੂੰ ਵੱਡੀ ਮਾਤਰਾ ਵਿਚ ਭੰਡਣ ਦਾ ਸਿਲਸਿਲਾ ਵੋਟਰਾਂ ਦਾ ਧਿਆਨ ਉੱਧਰੋਂ ਹਟਾਉਣ ਵਿਚ ਸਹਾਈ ਹੁੰਦਾ ਹੈ। ਮੋਦੀ ਅਤੇ ਉਸ ਦੀ ਪਾਰਟੀ ਨੇ ਇਹੀ ਕੁਝ ਕੀਤਾ।
ਇਹ ਇਕ ਖੁੱਲ੍ਹਾ ਭੇਤ ਹੈ ਕਿ ਧਰਮ ਦੀ ਸਿੱਧੀ ਜਾਂ ਅਸਿੱਧੀ ਅਪੀਲ ਦੇ ਅਧਾਰ ‘ਤੇ ਵੋਟਾਂ ਲਈ ਪ੍ਰਚਾਰ ਕਰਨਾ ਸਾਡੇ ਚੋਣ-ਕਾਨੂੰਨ ਦੇ ਤਹਿਤ ਗ਼ੈਰ-ਕਾਨੂੰਨੀ ਹੈ ਅਤੇ ਇਸ ਨਾਲ ਕਿਸੇ ਰਾਜਨੇਤਾ ਉੱਪਰ ਛੇ ਸਾਲ ਲਈ ਚੋਣ ਲੜਨ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਹਾਲਾਂਕਿ, ਮੋਦੀ ਨੇ ਸਹੀ ਹਿਸਾਬ ਲਗਾਇਆ ਕਿ ਜਿਨ੍ਹਾਂ ਤਿੰਨ ਚੋਣ ਕਮਿਸ਼ਨਰਾਂ ਨੇ ਇਸ ਕਾਨੂੰਨ ਨੂੰ ਲਾਗੂ ਕਰਨਾ ਹੈ (ਅਤੇ ਜਿਨ੍ਹਾਂ ਨੂੰ ਉਸ ਨੇ ਇਸ ਕੰਮ ਲਈ ਚੁਣਿਆ) ਉਹ ਕੁਝ ਨਹੀਂ ਕਹਿਣਗੇ। ਜਦੋਂ ਕੁਝ ਨਾਗਰਿਕਾਂ ਨੇ ਦਿੱਲੀ ਹਾਈ ਕੋਰਟ ਤੱਕ ਪਹੁੰਚ ਕਰਕੇ ਬੇਨਤੀ ਕੀਤੀ ਕਿ ਚੋਣ ਕਮਿਸ਼ਨ ਨੂੰ ਮੋਦੀ ਦੇ ਨਫ਼ਰਤ ਭਰੇ ਭਾਸ਼ਣਾਂ ਲਈ ਉਸ ਵਿਰੁੱਧ ਕੇਸ ਦਰਜ ਕਰਨ ਲਈ ਕਿਹਾ ਜਾਵੇ, ਤਾਂ ਉਨ੍ਹਾਂ ਨੂੰ ਇਹ ਸਲਾਹ ਦੇ ਕੇ ਵਾਪਸ ਮੋੜ ਦਿੱਤਾ ਗਿਆ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ (ਈਸੀ) ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ। ਨਿਰਸੰਦੇਹ, ਮਗਰਲੇ ਨੇ ਕੁਝ ਨਹੀਂ ਕੀਤਾ, ਅਤੇ ਜਦੋਂ ਮੁੱਖ ਚੋਣ ਕਮਿਸ਼ਨਰ ਨੂੰ ਪੁੱਛਿਆ ਗਿਆ (ਵੋਟਿੰਗ ਖ਼ਤਮ ਹੋਣ ਤੋਂ ਬਾਅਦ) ਕਿ ਉਸਨੇ ਕਾਰਵਾਈ ਕਿਉਂ ਨਹੀਂ ਕੀਤੀ, ਤਾਂ ਉਸਦਾ ਜਵਾਬ ਸੀ ਕਿ ਅਦਾਲਤਾਂ ਨੇ ਉਹ ਪਟੀਸ਼ਨਾਂ ਰੱਦ ਕਰ ਦਿੱਤੀਆਂ ਸਨ, ਜਿਨ੍ਹਾਂ ਵਿਚ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀ।
ਅਦਾਲਤਾਂ ਅਤੇ ਚੋਣ ਕਮਿਸ਼ਨ ਨੇ ਜ਼ਿੰਮੇਵਾਰੀ ਇਕ ਦੂਜੇ ਵੱਲ ਖਿਸਕਾਈ ਹੋ ਸਕਦੀ ਹੈ ਅਤੇ ਕੁਝ ਨਹੀਂ ਕੀਤਾ ਪਰ ਜਿੱਥੋਂ ਤੱਕ ਮੋਦੀ ਦਾ ਸਵਾਲ ਹੈ, ਕਾਫ਼ੀ ਹਿੰਦੂ ਵੋਟਰਾਂ ਨੇ ਉਸਦੀ ਗੇਮ ਤਾੜ ਲਈ ਅਤੇ ਫ਼ੈਸਲਾ ਕੀਤਾ ਕਿ ਉਹ ਹੁਣ ਫਿਰਕੂ ਝਗੜੇ ਦੇ ਜਾਲ ‘ਚ ਨਹੀਂ ਫਸਣਗੇ ਜਿਨ੍ਹਾਂ ਵਿਚ ਮੋਦੀ ਸਪਸ਼ਟ ਤੌਰ ‘ਤੇ ਉਨ੍ਹਾਂ ਨੂੰ ਉਲਝਾ ਰਿਹਾ ਹੈ। ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਭਾਜਪਾ ਦਾ ਵੋਟ ਸ਼ੇਅਰ ਡਿਗ ਗਿਆ। ਇੱਥੋਂ ਤੱਕ ਕਿ ਅਯੁੱਧਿਆ – ਜਿਸ ਨੂੰ ਮੋਦੀ ਦੀ ਅੰਧਰਾਸ਼ਟਰਵਾਦੀ ਰਾਜਨੀਤੀ ਵਿਚ ਵਿਸ਼ੇਸ਼ ਜਗਾ੍ਹ ਦਿੱਤੀ ਗਈ ਹੈ – ਨੇ ਵੀ ਉਸ ਨੂੰ ਗਲੋਂ ਲਾਹੁਣ ਦਾ ਫ਼ੈਸਲਾ ਕਰ ਲਿਆ। ਰਾਜਸਥਾਨ ਅਤੇ ਹਰਿਆਣਾ ਵਿਚ, ਮੋਦੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਨਾਰਾਜ਼ ਪੇਂਡੂ ਵੋਟਰਾਂ ਨੇ ਵਿਰੋਧੀ ਧਿਰ ਨੂੰ ਹਮਾਇਤ ਦਿੱਤੀ। ਪੂਰੇ ਭਾਰਤ ਵਿਚ, ਘੱਟੋਘੱਟ 22 ਮੌਜੂਦਾ ਮੰਤਰੀ – ਉਸ ਦੀ ਵਜ਼ਾਰਤ ਦਾ ਲੱਗਭੱਗ ਚੌਥਾ ਹਿੱਸਾ – ਆਪਣੀਆਂ ਸੀਟਾਂ ਹਾਰ ਗਏ।
ਹਾਲਾਂਕਿ, ਭਾਜਪਾ ਵੱਲੋਂ ਧਨ ਦੀ ਤਾਕਤ ਨਾਲ ਚੋਣ ਯੁੱਧ ਦੇ ਮੈਦਾਨ ਨੂੰ ਆਪਣੇ ਪੱਖ ‘ਚ ਭੁਗਤਾਉਣ, ਵੱਡੇ ਮੀਡੀਆ ਦੇ ਪੱਖਪਾਤ ਅਤੇ ਵਿਰੋਧੀ ਧਿਰ ਦੇ ਖਿਲਾਫ਼ ਰਾਜ ਦੇ ਦਬਾਅ ਦੀ ਵਰਤੋਂ ਕਰਨ ਦੀ ਆਪਣੀ ਇੱਛਾ ਸਦਕਾ, ਮੋਦੀ ਗੱਠਜੋੜ ਦੀ ਮੱਦਦ ਨਾਲ ਆਪਣੇ ਨੁਕਸਾਨ ਨੂੰ ਸੀਮਤ ਕਰਨ ਅਤੇ ਚੋਣ ਦੌੜ ਮਸਾਂ ਹੀ ਜਿੱਤਣ ਵਿਚ ਕਾਮਯਾਬ ਰਿਹਾ ਹੈ। ਸ਼ਨੀਵਾਰ 8 ਜੂਨ (ਦਰਅਸਲ 9 ਜੂਨ) ਨੂੰ ਉਹ ਤੀਜੀ ਵਾਰ ਅਹੁਦੇ ਦੀ ਸਹੁੰ ਚੁੱਕੇਗਾ। ਇਹ ਤੱਥ ਤਾਂ ਭਾਰਤ ਦੇ ਲੋਕਤੰਤਰ ਲਈ ਚੰਗੀ ਖ਼ਬਰ ਹੈ ਕਿ ਉਹ ਕਮਜ਼ੋਰ ਹੋ ਗਿਆ ਹੈ ਪਰ ਜਿਸ ਹੱਦ ਤੱਕ ਉਹ ਬੇਪਰਵਾਹੀ ਨਾਲ ਪੇਸ਼ ਆ ਰਿਹਾ ਹੈ, ਉਸਦੇ ਮੱਦੇਨਜ਼ਰ ਇਹ ਪੁੱਛਣਾ ਵਾਜਬ ਹੈ ਕਿ ਇਸ ਵਾਰ ਉਸ ਦੀਆਂ ਤਰਜ਼ੀਹਾਂ ਕੀ ਹੋਣਗੀਆਂ।
ਕੀ ਉਸ ਦੇ ਚੋਣ ਹਾਰ ਜਾਣ ਦਾ ਮਤਲਬ ਇਹ ਹੈ ਕਿ ਉਹ ਹੁਣ ਆਪਣੇ ਹਿੰਦੂ ਅੰਧਰਾਸ਼ਟਰਵਾਦੀ ਏਜੰਡੇ ਨੂੰ ਅੱਗੇ ਨਹੀਂ ਵਧਾ ਸਕੇਗਾ? ਕੀ ਉਸਨੂੰ ਹੁਣ ਅਸਹਿਮਤੀ ਨੂੰ ਦਬਾਉਣ ਅਤੇ ਪ੍ਰੈੱਸ ਦੀ ਆਜ਼ਾਦੀ ਨੂੰ ਕਮਜ਼ੋਰ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ‘ਚ ਢਿੱਲ ਦੇਣੀ ਪਏਗੀ? ਕੀ ਉਹ ਇਹ ਨਿਰਣਾ ਲਏਗਾ ਕਿ ਹੁਣ ਵੱਡੇ ਕਾਰੋਬਾਰਾਂ ਪ੍ਰਤੀ ਘੱਟ ਕ੍ਰਿਪਾਲੂ ਹੋਣ ਦਾ ਸਮਾਂ ਹੈ? ਜਾਂ ਕੀ ਉਹ ਅਸਲ ਵਿਚ ਆਪਣੇ ਮੌਜੂਦਾ ਏਜੰਡੇ ਨੂੰ ਦੁੱਗਣਾ ਕਰ ਸਕਦਾ ਹੈ?
ਤੁਰਕੀ ਤੋਂ ਇਕ ਦੋਸਤ ਨੇ ਮੈਨੂੰ ਚੇਤੇ ਕਰਾਇਆ ਕਿ ਜਦੋਂ ਕੋਈ ਤਾਕਤਵਰ ਬੰਦਾ ਕਮਜ਼ੋਰ ਮਹਿਸੂਸ ਕਰਦਾ ਹੈ ਤਾਂ ਚੀਜ਼ਾਂ ਖ਼ਾਸ ਤੌਰ ‘ਤੇ ਖ਼ਤਰਨਾਕ ਹੋ ਸਕਦੀਆਂ ਹਨ। ਤੁਰਕੀ ਵਿਚ ਰੇਸੇਪ ਤੈਯਪ ਏਰਦੋਗਨ ਨਾਲ ਇਹੀ ਅਨੁਭਵ ਰਿਹਾ ਹੈ ਅਤੇ ਮੋਦੀ ਤੋਂ ਇਸ ਤੋਂ ਵੱਖਰਾ ਚੱਲਣ ਦੀ ਉਮੀਦ ਰੱਖਣ ਦੀ ਕੋਈ ਵਜਾ੍ਹ ਨਹੀਂ ਹੈ। ਆਪਣੇ ਦੂਜੇ ਕਾਰਜਕਾਲ ਵਿਚ, ਮੋਦੀ ਨੇ ਭਾਰਤ ਦੇ ਸ਼ਕਤੀਸ਼ਾਲੀ ਡਿਜੀਟਲ ਮੀਡੀਆ ਉੱਪਰ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ – ਜੋ ਹੁਣ ਤੱਕ ਉਨ੍ਹਾਂ ਖ਼ਤਰਿਆਂ ਅਤੇ ਲਾਲਚਾਂ ਦੇ ਬਾਵਜੂਦ ਲੱਖਾਂ ਪਾਠਕਾਂ ਅਤੇ ਦਰਸ਼ਕਾਂ ਤੱਕ ਪਹੁੰਚਣ ਵਿਚ ਕਾਮਯਾਬ ਰਿਹਾ ਹੈ ਜਿਸ ਨੇ ਭਾਰਤ ਦੇ ਵਿਰਾਸਤੀ ਮੀਡੀਆ ਨੂੰ ਰਾਸ਼ਟਰੀ ਸਰਮਿੰਦਗੀ ‘ਚ ਬਦਲ ਦਿੱਤਾ ਹੈ। ਆਪਣੇ ਤੀਜੇ ਕਾਰਜਕਾਲ ਵਿਚ, ਮੋਦੀ ਦੇ ਮੀਡੀਆ ਵਿਰੁੱਧ ਕਾਨੂੰਨ ਦੀ ਵਰਤੋਂ ‘ਚ ਵਧੇਰੇ ਹਮਲਾਵਰ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ, ਇਕ ਵਾਰ ਫਿਰ ਉਹ ਵਿਰੋਧੀ ਧਿਰ ਨੂੰ ਰੋਕਣ ਲਈ ਵਿਅਕਤੀਗਤ ਆਗੂਆਂ ਦੇ ਪਿੱਛੇ ਪੈ ਕੇ ਸਰਕਾਰ ਦੀਆਂ ਐਨਫੋਰਸਮੈਂਟ ਏਜੰਸੀਆਂ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੇਗਾ।
ਜੇਕਰ ਮੋਦੀ ਹੁਣ ਤੱਕ ਅਪਣਾਏ ਰਾਹ ‘ਤੇ ਚੱਲਦਾ ਰਹਿੰਦਾ ਹੈ, ਤਾਂ ਇਹ ਉਨ੍ਹਾਂ ਦੇ ਗੱਠਜੋੜ ਭਾਈਵਾਲਾਂ ਅਤੇ ਨਿਆਂਪਾਲਿਕਾ ‘ਤੇ ਨਿਰਭਰ ਕਰੇਗਾ ਕਿ ਉਹ ਦਖ਼ਲਅੰਦਾਜ਼ੀ ਕਰਨ। ਇਹ ਤੱਥ ਕਿ ਮੋਦੀ ਗਿਣਤੀ ਪੱਖੋਂ ਕਮਜ਼ੋਰ ਹੈ, ਇਸ ਨਾਲ ਇਸ ਗੱਲ ਦੀ ਸੰਭਾਵਨਾ ਵਧ ਜਾਂਦੀ ਹੈ ਕਿ ਉਸ ਨੂੰ ਇਨ੍ਹਾਂ ਹਿੱਸਿਆਂ ਤੋਂ ਕੁਝ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਜਿਹਾ ਹੋਵੇਗਾ।
ਆਪਣੇ ਪਹਿਲੇ ਦੋ ਕਾਰਜਕਾਲਾਂ ਵਿਚ, ਮੋਦੀ ਨੇ ਆਪਣੇ ਆਪ ਨੂੰ ਰਾਜਨੀਤਿਕ ਤੌਰ ‘ਤੇ ਮਜ਼ਬੂਤ ਕਰਨ ਲਈ ਬਦੇਸ਼ੀ ਤਾਕਤਾਂ, ਖ਼ਾਸ ਕਰਕੇ ਅਮਰੀਕਾ ਅਤੇ ਯੂਰਪ ਦੀਆਂ ਤਾਕਤਾਂ ਦੀ ਹਮਾਇਤ ਅਤੇ ਸਦਭਾਵਨਾ ਦੀ ਵਰਤੋਂ ਸ਼ਕਤੀ-ਵਰਧਕ ਦੇ ਰੂਪ ‘ਚ ਕੀਤੀ ਸੀ। ਉਹ ਵੀ ਜ਼ਰੂਰੀ ਤੌਰ ‘ਤੇ ਬਦਲਣ ਵਾਲਾ ਨਹੀਂ ਹੈ। ਸੱਤਾ ਵਿਚ ਵਾਪਸ ਆਉਣ ਤੋਂ ਬਾਅਦ, ਆਪਣੇ ਸਰੇਆਮ ਇਸਲਾਮੋਫੋਬੀਆ ਅਤੇ ਤਾਨਾਸ਼ਾਹ ਪ੍ਰਵਿਰਤੀਆਂ ਨਾਲ ਪੈਦਾ ਹੋਈ ਕਿਸੇ ਵੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਉਸ ਵੱਲੋਂ ਪੱਛਮੀ ਕੰਪਨੀਆਂ ਲਈ ਆਕਰਸ਼ਕ/ਮੁਨਾਫ਼ੇ ਵਾਲੇ ਕਾਰੋਬਾਰੀ ਮੌਕਿਆਂ ਅਤੇ ਅਮਰੀਕਾ ਤੇ ਚੀਨ ਦਰਮਿਆਨ ਵਧ ਰਹੀ ਦਰਾੜ ਦਾ ਫ਼ਾਇਦਾ ਉਠਾਉਣਾ ਨਿਸ਼ਚਿਤ ਹੈ।
ਭਾਰਤ ਦੇ ਲੋਕ ਹੁਣ ਸੁੱਖ ਦਾ ਸਾਹ ਲੈ ਰਹੇ ਹਨ, ਇਸ ਭਰੋਸੇ ਨਾਲ ਕਿ ਉਹ ਭਾਰਤੀ ਲੋਕਤੰਤਰ ਨੂੰ ਤਬਾਹੀ ਦੇ ਕੰਢੇ ਤੋਂ ਪਿੱਛੇ ਖਿੱਚਣ ਵਿਚ ਕਾਮਯਾਬ ਹੋ ਗਏ ਹਨ। ਉਹ ਇਹ ਵੀ ਜਾਣਦੇ ਹਨ ਕਿ ਮੋਦੀ ਨੇ ਆਪਣੀ ਜੋ ਦੈਵੀ ਰੂਪ ‘ਚ ਪੇਸ਼ ਆਉਣ ਦੀ ਜ਼ਿਹਨੀਅਤ ਬਣਾਈ ਹੋਈ ਹੈ, ਉਸ ਨੂੰ ਉਸ ਮੋਡ ‘ਚ ਪਰਤਣ ‘ਚ ਦੇਰ ਨਹੀਂ ਲੱਗੇਗੀ। ਭਾਜਪਾ ਦੀ ਮੁਸਲਿਮ ਵਿਰੋਧੀ ਰਾਜਨੀਤੀ ਲਈ ਹਮਾਇਤ ਚਾਹੇ ਭਾਰਤ ਦੇ ਉੱਤਰ ਅਤੇ ਪੱਛਮ ਵਿਚ ਸਿਖ਼ਰ ‘ਤੇ ਹੋਵੇ, ਪਰ ਉਹ ਦੱਖਣ ਅਤੇ ਪੂਰਬ ਵਿਚ ਆਪਣੀ ਪਹੁੰਚ ਵਧਾਉਣ ਲਈ ਉਤਸੁਕ ਹੈ। ਇਹ ਉਹ ਵਿਅਕਤੀ ਹੈ ਜਿਸ ਨੂੰ ਇਹ ਘੁਮੰਢ ਹੈ ਕਿ ਉਸ ਕੋਲ ਭਾਰਤ ਲਈ ਇਕ ਹਜ਼ਾਰ ਸਾਲ ਦੀ ਯੋਜਨਾ ਹੈ – ਜੋ ਆਰਐੱਸਐੱਸ ਦੇ ਵਿਨਾਸ਼ਕਾਰੀ ਨਜ਼ਰੀਏ ਦਾ ਇਕ ਟੈਕਨੋ-ਕਾਰਪੋਰੇਟ ਰੂਪ ਹੈ – ਅਤੇ ਉਹ ਇਸਨੂੰ ਐਨਾ ਸੌਖਿਆਂ ਛੱਡਣ ਵਾਲਾ ਨਹੀਂ ਹੈ। ਭਾਰਤ ਦੇ ਵੋਟਰਾਂ ਨੇ ਇਸ ਨਜ਼ਰੀਏ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਪਰ ਸੱਚਾਈ ਇਹ ਹੈ ਕਿ ਮੋਦੀ ਮੁੜ ਆ ਗਿਆ ਹੈ। ਭਾਰਤੀ, ਜੋ ਆਪਣੇ ਸੰਵਿਧਾਨ – ਆਪਣੇ ਅਧਿਕਾਰਾਂ, ਆਪਣੀ ਸੱਭਿਅਤਾ ਅਤੇ ਆਪਣੇ ਭਾਈਚਾਰੇ – ਨੂੰ ਪਿਆਰ ਕਰਦੇ ਹਨ ਅਤੇ ਉਸ ਨੂੰ ਮਹੱਤਵ ਦਿੰਦੇ ਹਨ ਉਨ੍ਹਾਂ ਨੂੰ ਇਕ ਹੋਰ ਫ਼ੈਸਲਾਕੁਨ ਦੌਰ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੋਵੇਗਾ ਜੋ ਨਿਸ਼ਚਿਤ ਤੌਰ ‘ਤੇ ਆਉਣ ਹੀ ਵਾਲਾ ਹੈ। ਚਲੇ ਚਲੋ, ਜਿਵੇਂ ਕਿ ਫੈਜ ਨੇ ਨਵੀਂ ਸਵੇਰ ਦੀ ਤਲਾਸ਼ ਬਾਰੇ ਲਿਖਿਆ, ਕੀ ਵੋਹ ਮੰਜਲਿ ਅਭੀ ਨਹੀਂ ਆਈ। ਮਹਿਫੂਜ਼ ਟਿਕਾਣਾ ਅਜੇ ਵੀ ਥੋੜ੍ਹੀ ਦੂਰ ਹੈ।