ਕੁਦਰਤ ਕੌਰ
ਆਸਕਰ ਅਤੇ ਗ੍ਰੈਮੀ ਪੁਰਸਕਾਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਵੱਲੋਂ ਹਾਲ ਹੀ ਵਿਚ ਰਿਲੀਜ਼ ਐਲਬਮ ‘ਅਮਰ ਸਿੰਘ ਚਮਕੀਲਾ` ਲੋਕਾਂ ਨੇ ਕਾਫ਼ੀ ਪਸੰਦ ਕੀਤੀ ਹੈ। ਇਸ ਦੌਰਾਨ ਉਨ੍ਹਾਂ ਆਪਣਾ ਪੁਰਾਣਾ ਵਕਤ ਯਾਦ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਇੱਕ ਵਾਰ ਪੇਸ਼ੇਵਰ ਅਤੇ ਵਿਅਕਤੀਗਤ ਤੌਰ `ਤੇ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ।
ਸੰਗੀਤਕਾਰ ਰਹਿਮਾਨ ਨੇ ਕਿਹਾ, “ਉਸ ਵੇਲੇ ਮੈਂ ਅਜੇ ਕੰਮ ਲਈ ਜੂਝ ਰਿਹਾ ਸਾਂ। ਇਹ ਗੱਲ 1986-1987 ਦੀ ਹੈ। ਮੈਂ ਇੱਕ ਫਿਲਮ ਲਈ ਸੰਗੀਤ ਤਿਆਰ ਕਰ ਰਿਹਾ ਸਾਂ ਤੇ ਮੇਰੀ ਭੈਣ ਬਿਮਾਰ ਹੋ ਗਈ। ਫਿਲਮ ਦੇ ਨਿਰਮਾਤਾ ਲਈ ਬਜਟ ਦੀ ਸਮੱਸਿਆ ਸੀ ਅਤੇ ਪ੍ਰੋਜੈਕਟ ਸ਼ਾਮ ਪੰਜ ਵਜੇ ਤੱਕ ਮੁਕੰਮਲ ਕਰਨਾ ਸੀ। ਉਸ ਦਿਨ ਪੰਜ ਬੜੀ ਮੁਸ਼ਕਿਲ ਨਾਲ ਵੱਜੇ ਸਨ। ਮੈਂ ਆਪਣਾ ਕੰਮ ਮੁਕੰਮਲ ਕੀਤਾ ਅਤੇ ਸਿੱਧਾ ਹੀ ਹਸਪਤਾਲ ਪੁੱਜਿਆ। ਸ਼ੁਕਰ ਹੋਇਆ ਕਿ ਭੈਣ ਛੇਤੀ ਹੀ ਠੀਕ ਹੋ ਗਈ। ਬਾਅਦ ਵਿਚ ਉਸ ਦਿਨ ਤਿਆਰ ਕੀਤਾ ਸੰਗੀਤ ਬਹੁਤ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਫਿਰ ਮੈਂ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।”
ਉਨ੍ਹਾਂ ਕਿਹਾ ਕਿ ਕਲਾਕਾਰਾਂ ਦੀ ਜ਼ਿੰਦਗੀ ਵਿਚ ਅਜਿਹੇ ਮਰਹੱਲੇ ਅਕਸਰ ਆਉਂਦੇ ਰਹਿੰਦੇ ਜਦੋਂ ਤੁਹਾਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਵਕਤ ਤੁਸੀਂ ਭਾਵੇਂ ਕੰਮ ਕਰਨ ਲਈ ਤਿਆਰ ਨਹੀਂ ਹੁੰਦੇ ਪਰ ਤੁਹਾਨੂੰ ਇਹ ਹਰ ਹਾਲ ਕਰਨਾ ਪੈਂਦਾ ਹੈ। ਕਈ ਵਾਰ ਤੁਸੀਂ ਖੁਸ਼ੀ ਦੇ ਗੀਤ `ਤੇ ਕੰਮ ਕਰ ਰਹੇ ਹੁੰਦੇ ਹੋ ਪਰ ਤੁਹਾਡਾ ਮਨ ਬਹੁਤ ਉਦਾਸ ਹੋ ਸਕਦਾ ਹੈ। ਕਈ ਵਾਰ ਤੁਸੀਂ ਬਹੁਤ ਖੁਸ਼ ਹੋ ਸਕਦੇ ਹੋ ਪਰ ਤੁਹਾਨੂੰ ਗਮੀ ਬਾਰੇ ਗੀਤ `ਤੇ ਕੰਮ ਕਰਨਾ ਪੈਂਦਾ ਹੈ।
ਯਾਦ ਰਹੇ ਕਿ ਰਹਿਮਾਨ ਅਜਿਹਾ ਕਲਾਕਾਰ ਹੈ ਜਿਸ ਨੂੰ ਬਹੁਤ ਛੋਟੀ ਉਮਰ ਵਿਚ ਹੀ ਬਹੁਤ ਪ੍ਰਸਿੱਧੀ ਮਿਲ ਗਈ ਸੀ। ਉਦੋਂ ਹੀ ਉਸ ਦੀ ਗਿਣਤੀ ਸੰਸਾਰ ਦੇ ਚੋਣਵੇਂ ਕਲਾਕਾਰਾਂ ਵਿਚ ਹੋਣ ਲੱਗ ਪਈ ਸੀ। ਅਸਲ ਵਿਚ, ਉਸ ਨੇ ਜਿਹੜਾ ਕੰਮ ਆਰੰਭ ਕੀਤਾ ਸੀ, ਉਹ ਐਨ ਮੌਲਿਕ ਸੀ ਸਗੋਂ ਬਾਅਦ ਵਿਚ ਉਸ ਦੇ ਕੰਮ ਦੀ ਬਹੁਤ ਸਾਰੇ ਕਲਾਕਾਰਾਂ ਨੇ ਨਕਲ ਤੱਕ ਮਾਰੀ ਪਰ ਰਹਿਮਾਨ ਆਪਣੇ ਹਰ ਨਵੇਂ ਕੰਮ ਵਿਚ ਨਵਾਂ ਰੰਗ ਭਰਦਾ ਰਿਹਾ। ਬੱਸ, ਆਪਣੇ ਇਸੇ ਕੰਮ ਦੀ ਬਦੌਲਤ ਅੱਜ ਉਹ ਸੰਗੀਤ ਦੀ ਦੁਨੀਆ ਦਾ ਬਾਦਸ਼ਾਹ ਬਣਿਆ ਹੋਇਆ ਹੈ। ਅੱਜ ਉਸ ਕੋਲ ਇੰਨਾ ਕੰਮ ਹੈ ਕਿ ਉਸ ਨੂੰ ਕਈ ਵਾਰ ਨਿਰਮਾਤਾਵਾਂ ਨੂੰ ਇਨਕਾਰ ਕਰਨਾ ਪੈ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਬਹੁਤ ਸੋਚ-ਸਮਝ ਕੇ ‘ਹਾਂ’ ਕਰਦਾ ਹੈ ਪਰ ਜਦੋਂ ‘ਹਾਂ’ ਕਰ ਦਿੰਦਾ ਹੈ ਤਾਂ ਫਿਰ ‘ਨਾਂਹ’ ਦਾ ਤਾਂ ਕੋਈ ਮਤਲਬ ਹੀ ਨਹੀਂ ਭਾਵੇਂ ਉਹ ਕਿੰਨੇ ਵੀ ਸੰਕਟ ਵਿਚ ਕਿਉਂ ਨਾ ਫਸਿਆ ਹੋਵੇ!