ਖ਼ੂਬਸੂਰਤ ਕਿਤਾਬ

ਸਾਂਵਲ ਧਾਮੀ
‘ਬੰਦਾ ਤਾਂ ਤੁਰ ਜਾਂਦੈ ਪਰ ਜਿਹੜਾ ਖ਼ਲਾਅ ਉਹ ਛੱਡ ਜਾਂਦੈ, ਉਸ ਨਾਲ਼ ਨਜਿੱਠਣਾ ਬੜਾ ਮੁਸ਼ਕਲ ਹੁੰਦੈ।’
ਦਸੰਬਰ ਦੀ ਧੁੰਦਲੀ ਜਿਹੀ ਦੁਪਹਿਰ ਸੀ ਤੇ ਅਸੀਂ ਲਾਅਨ ’ਚ ਬੈਠੇ ਬਾਪੂ ਦੀਆਂ ਗੱਲਾਂ ਕਰ ਰਹੇ ਸਾਂ।

‘ਜਿਉਂਦੇ ਜੀ ਬੰਦਾ…’ ਰਾਜਪ੍ਰੀਤ ਦੇ ਜਵਾਬ ’ਚ ਮੈਂ ਗੱਲ ਸ਼ੁਰੂ ਕੀਤੀ।
‘…ਇੱਕ ਕੁਰਸੀ ’ਤੇ ਬਹਿੰਦਾ, ਇੱਕ ਬੈੱਡ ’ਤੇ ਸੌਂਦਾ ਤੇ ਇੱਕ ਰਾਹ ’ਤੇ ਤੁਰਦੈ। ਉਹ ਜਿੱਥੇ ਹੁੰਦੈ, ਕਰੀਬ-ਕਰੀਬ ਓਥੇ ਹੀ ਹੁੰਦਾ। ਮੌਤ ਪਿੱਛੋਂ ਉਸ ਦੀ ਗ਼ੈਰਹਾਜ਼ਰੀ, ਉਸ ਨੂੰ ਹਰ ਥਾਂ ਹਾਜ਼ਰ ਕਰ ਦਿੰਦੀ ਏ। ਉਸ ਦੀਆਂ ਯਾਦਾਂ ਦੀ ਭੀੜ ਸਾਨੂੰ ਕਦੇ ਉਦਾਸ ਕਰਦੀ ਤੇ ਕਦੇ…।’
ਚਾਣਚਕ ਘਰ ਮੂਹਰੇ ਕਾਰ ਆਣ ਰੁਕੀ। ਗੱਲ ਅਧੂਰੀ ਰਹਿ ਗਈ ਸੀ। ਭੌਂਕ ਰਹੇ ਕੁੱਤੇ ਨੂੰ ਪਿੰਜਰੇ ’ਚ ਡੱਕ, ਮੈਂ ਤੇਜ਼ ਕਦਮਾਂ ਨਾਲ਼ ਗੇਟ ਕੋਲ਼ ਪਹੁੰਚ ਗਿਆ ਸਾਂ। ਪਤਨੀ ਫੁਰਤੀ ਨਾਲ਼ ਘਰ ਅੰਦਰ ਜਾ ਵੜੀ।
ਕਾਰ ਦੀ ਪਿਛਲੀ ਸੀਟ ਤੋਂ ਬਾਹਰ ਆਉਂਦਿਆਂ ਖੂੰਡੀ ਨੇ ਮਲਕੜੇ ਜਿਹੇ ਫਰਸ਼ ਨੂੰ ਛੋਹਿਆ ਸੀ। ਸਫ਼ੈਦ ਸਾੜੀ ’ਚ ਲਿਪਟੀ ਬਜ਼ੁਰਗ ਔਰਤ ਅਹਿਸਤਾ-ਅਹਿਸਤਾ ਕਾਰ ’ਚੋਂ ਉਤਰੀ। ਸੁਨਹਿਰੀ ਫਰੇਮ ਵਾਲ਼ੀ ਐਨਕ ਦੇ ਮੋਟੇ-ਮੋਟੇ ਸ਼ੀਸ਼ਿਆਂ ਪਿੱਛੋਂ ਉਸ ਦੀਆਂ ਖ਼ੂਬਸੂਰਤ ਪਰ ਉਦਾਸ ਅੱਖਾਂ ਘਰ ਨੂੰ ਬੜੀ ਅਪਣਤ ਨਾਲ਼ ਨੁਹਾਰ ਰਹੀਆਂ ਸਨ। ਉਸਨੂੰ ਕਿਧਰੇ ਵੇਖਿਆ ਤਾਂ ਜ਼ਰੂਰ ਲੱਗਦਾ ਸੀ ਪਰ ਕਿੱਥੇ? ਇਹ ਯਾਦ ਨਹੀਂ ਸੀ ਆ ਰਿਹਾ। ਮਨ ਉਸ ਦੇ ਚਿਹਰੇ ਨੂੰ ਬੁੱਝਣ ’ਚ ਲੱਗਾ ਰਿਹਾ ਤੇ ਮੈਂ ਉਸ ਦੇ ਕੋਲ਼ ਹੁੰਦਿਆਂ ਥੋੜ੍ਹਾ ਜਿਹਾ ਝੁਕ ਗਿਆ।
‘ਗੁਰਿੰਦਰ ਕਿ ਕਰਨਵੀਰ?’ ਮੇਰੇ ਸਿਰ ’ਤੇ ਹੱਥ ਰੱਖਦਿਆਂ, ਉਸ ਨੇ ਉਦਾਸ ਮੁਸਕਾਨ ਨਾਲ਼ ਸਵਾਲ ਕੀਤਾ।
‘ਕਰਨ ਲੱਗਦਾ ਏ ਮੈਨੂੰ ਤਾਂ!’ ਮੇਰਾ ਹੁੰਗਾਰਾ ਉਡੀਕੇ ਬਗ਼ੈਰ ਉਹਨੇ ਆਪ ਹੀ ਜਵਾਬ ਵੀ ਦੇ ਦਿੱਤਾ।
ਵਰਿ੍ਹਆਂ ਤੋਂ ਬੰਦ ਪਿਆ ਦਰਵਾਜ਼ਾ ਖੁੱਲ੍ਹ ਗਿਆ।
‘ਓਹ ਹੋ! ਪੂਨਮ ਆਂਟੀ!!’ ਮੈਂ ਉਹਦੇ ਪੈਰਾਂ ’ਤੇ ਝੁਕ ਗਿਆ।
‘ਕਾਹਦੀ ਪੂਨਮ! ਹੁਣ ਤਾਂ ਮੈਂ ਤੇਰੀ ਅਮਾਵਸ ਆਂਟੀ ਆਂ!’ ਉਹ ਠੰਢਾ ਹਉਕਾ ਭਰਦਿਆਂ ਬੋਲੀ ਸੀ।
ਫਿੱਕੀ ਜਿਹੀ ਮੁਸਕਾਨ ਤੋਂ ਬਿਹਤਰ ਮੇਰੇ ਕੋਲ ਹੋਰ ਕੋਈ ਜਵਾਬ ਨਹੀਂ ਸੀ।
‘ਮੈਨੂੰ ਤਾਂ ਕੱਲ੍ਹ ਈ ਪਤਾ ਚੱਲਿਆ! ਕਿਸੇ ਸਾਹਿਤ ਸਭਾ ਵਲੋਂ ਸ਼ੋਕ ਸਮਾਚਾਰ ਛਪਿਆ ਸੀ, ਅਖ਼ਬਾਰ ਵਿਚ!’ ਇਹ ਕਹਿੰਦਿਆਂ ਆਪਣੇ ਖੱਬੇ ਹੱਥ ਨੂੰ ਮੇਰੇ ਸੱਜੇ ਹੱਥ ’ਚ ਫੜਾਉਂਦਿਆਂ, ਉਹਨੇ ਗੇਟ ਤੋਂ ਘਰ ਵੱਲ ਨੂੰ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ।
ਉਹ ਆਲ਼ੇ-ਦੁਆਲ਼ੇ ਦੀ ਹਰ ਸ਼ੈਅ ਨੂੰ ਬੜੇ ਮੋਹ ਨਾਲ਼ ਨਿਹਾਰ ਰਹੀ ਸੀ।
‘ਤੁਸੀਂ ਪੱਚੀ-ਤੀਹ ਵਰਿ੍ਹਆਂ ਬਾਅਦ ਕਿਵੇਂ ਪਛਾਣ ਲਿਆ ਮੈਨੂੰ?’ ਮੈਂ ਸਵਾਲ ਕੀਤਾ।
‘ਪਛਾਣਾਂ ਕਿਉਂ ਨਾ? ਤੂੰ ਹੂ-ਬ-ਹੂ ਮੇਰੇ ਜਗਰੂਪ ਸਰ ਵਰਗਾ ਏ! ਗੁਰੀ ਆਪਣੀ ਮਾਂ ਵਰਗਾ ਹੁੰਦਾ ਸੀ; ਗੋਰਾ-ਚਿੱਟਾ ਤੇ ਤਿੱਖੇ ਤਿੱਖੇ ਨੈਣ-ਨਕਸ਼ਾਂ ਵਾਲ਼ਾ!…’ ਸਹਿਜਤਾ ਨਾਲ਼ ਕਦਮ ਪੁੱਟਦੀ ਉਹ ਬੋਲੀ ਗਈ।
‘…ਵਾਹ! ਬਿਰਖਾਂ ਨੇ ਤਾਂ ਆਸ਼ਰਮ ਬਣਾ ਦਿੱਤਾ ਏ, ਇਸ ਘਰ ਨੂੰ। ਮੁੱਦਤਾਂ ਪਹਿਲਾਂ ਦੀ ਗੱਲ ਏ! ਉਦੋਂ ਇਹ ਬਿਰਖ, ਨਿੱਕੇ-ਨਿੱਕੇ ਪੌਦੇ ਹੁੰਦੇ ਸੀ! ਤੈਨੂੰ ਵੀ ਤਾਂ ਮੈਂ ਬਲੂਰ ਜਿਹੇ ਨੂੰ ਹੀ ਵੇਖਿਆ ਹੋਇਆ। ਸੁੱਖ ਨਾਲ਼ ਕੇਡਾ ਸੋ੍ਹਣਾ ਜਵਾਨ ਨਿਕਲਿਆਂ ਏਂ ਤੂੰ! ਬਿਲਕੁਲ ਆਪਣੇ ਪਾਪਾ ਵਰਗਾ!’
ਉਹ ਛਿਣ ਕੁ ਲਈ ਚੁੱਪ ਹੋਈ।
‘ਕਿੰਨਾਂ ਕੁਝ ਬਦਲ ਗਿਆ! ਹੁਣ ਤੂੰ ਮੇਰੇ ਵੱਲ ਈ ਵੇਖ! ਤੈਨੂੰ ਯਾਦ ਏ ਨਾ ਕਿ ਕੇਡੀ ਖ਼ੂਬਸੂਰਤ ਹੁੰਦੀ ਸਾਂ ਮੈਂ? ਹਾਏ! ਕਿੱਥੇ ਗੁਆਚ ਗਏ ਉਹ ਖ਼ੂਬਸੂਰਤ ਦਿਨ! ਉਹ ਖ਼ੂਬਸੂਰਤ ਚਿਹਰੇ! ਉਹ ਖ਼ੂਬਸੂਰਤ ਰਿਸ਼ਤੇ! ਕੌਣ ਖੋਹ ਕੇ ਲੈ ਗਿਆ ਸਾਥੋਂ ਸਾਡੇ ਜਗਰੂਪ ਸਰ ਨੂੰ!’
‘ਦੁੱਖ ਦਾ ਵੀ ਇੱਕ ਆਪਣਾ ਸਰੂਰ ਹੁੰਦੈ।’ ਮੈਂ ਸੋਚਿਆ।
‘ਖੋਹਣ ਵਾਲ਼ਾ ਉਹੀ ਹੈ ਆਟੀ!’ ਮੈ ਆਖਿਆ।
‘ਮਤਲਬ?’ ਉਹ ਬੋਲੀ।
‘ਉਹ ਜੋ ਬੀਜ ਨੂੰ ਪੌਦਾ ਤੇ ਪੌਦੇ ਨੂੰ ਰੁੱਖ ਬਣਾਉਂਦੈ! ਜੋ ਬੱਚੇ ਨੂੰ ਜਵਾਨ ਤੇ ਜਵਾਨ ਨੂੰ ਬੁੱਢਾ ਕਰ ਦਿੰਦੈ। ਬਸ ਉਸੀ ਨੇ ਖੋਹ ਲਿਆ ਪਾਪਾ ਨੂੰ!’
‘ਕੌਣ ਹੈ ਉਹ’? ਉਹਨੇ ਯਕਦਮ ਰੁਕਦਿਆਂ ਸਵਾਲ ਕੀਤਾ।
‘ਵਕਤ!’ ਮੇਰਾ ਜਵਾਬ ਸੀ।
‘ਵਾਹ!…’ ਉਸ ਦਾ ਝੁਰੜਾਇਆ ਚਿਹਰਾ ਟਹਿਕ ਪਿਆ ਸੀ।
‘…ਜਗਰੂਪ ਸਰ ਨੂੰ ਜਦੋਂ ਮੈਂ ਪਹਿਲੀ ਵਾਰ ਵੇਖਿਆ ਸੀ ਤਾਂ ਉਦੋਂ ਉਹ ਤੇਰੀ ਉਮਰ ਦੇ ਹੋਣਗੇ। ਬਿਲਕੁਲ ਤੇਰੇ ਵਾਂਗ ਤੁਰਦੇ, ਤੇਰੇ ਵਾਂਗ ਵੇਖਦੇ ਤੇ ਤੇਰੇ ਵਾਂਗ ਹੀ ਗੱਲਾਂ ਕਰਦੇ! ਜਿਉਂ ਵਕਤ ਨੂੰ ਪੁੱਠਾ ਗੇੜਾ ਆ ਗਿਆ ਹੋਵੇ ਤੇ ਮੈਂ ਤੀਹ-ਪੈਂਤੀ ਵਰ੍ਹੇ ਪਿਛਾਂਹ ਪਰਤ ਗਈ ਹੋਵਾਂ! ਤੈਨੂੰ ਵੇਖ-ਸੁਣ ਕੇ ਇਉਂ ਮਹਿਸੂਸ ਹੋਇਆ ਕਿ ਜਗਰੂਪ ਸਰ ਕਿਤੇ ਨਹੀ ਗਏ। ਉਹ ਤੇਰੇ ਅੰਦਰ ਜੀ ਰਹੇ ਨੇ। ਉਹ ਤੇਰੇ ਹੋਠਾਂ ਰਾਹੀਂ ਮੇਰੇ ਨਾਲ਼ ਗੱਲਾਂ ਕਰ ਰਹੇ ਨੇ! ਉਹ ਤੇਰੀਆਂ ਅੱਖਾਂ ਵਿਚੋਂ ਮੈਨੂੰ ਵੇਖਦੇ ਪਏ ਨੇ!’ ਉਹ ਨਿਰੰਤਰ ਬੋਲੀ ਗਈ।
ਰਾਜਪ੍ਰੀਤ ਨੇ ਆਉਂਦਿਆਂ ਪੈਰੀਂ ਹੱਥ ਲਾਇਆ। ਮੇਰੀ ਥਾਂ ਆਂਟੀ ਦਾ ਹੱਥ ਫੜਦਿਆਂ ਜਿਉਂ ਹੀ ਡਰਾਇੰਗ-ਰੂਮ ਵੱਲ ਕਦਮ ਪੁੱਟਿਆ ਤਾਂ ਆਂਟੀ ਦੇ ਕਦਮ ਰੁਕ ਗਏ।
‘ਸਾਰੀ ਉਮਰ ਕੰਧਾਂ ਦੀ ਕੈਦ ਅੰਦਰ ਹੀ ਕੱਟ ਲਈ! ਚਲੋ ਓਥੇ ਬਹਿੰਦੇ ਹਾਂ, ਫੁੱਲਾਂ ਦੇ ਸਿਰ੍ਹਾਣੇ! ਓਸ ਮਹਿਕਦੀ ਸ਼ਖ਼ਸੀਅਤ ਦੇ ਅਫ਼ਸੋਸ ਲਈ…’ ਉਹਨੇ ਸ਼ਰਧਾ-ਭਾਵ ’ਚ ਗੱਲ ਸ਼ੁਰੂ ਕੀਤੀ।
‘…ਇਸ ਨਾਲੋਂ ਬਿਹਤਰ ਭਲਾ ਹੋਰ ਕਿਹੜੀ ਥਾਂ ਹੋ ਸਕਦੀ ਏ!’ ਗੱਲ ਕਰਦਿਆਂ ਉਹਨੇ ਲਾਅਨ ਵੱਲ ਇਸ਼ਾਰਾ ਕੀਤਾ।
ਅਸੀਂ ਲਾਅਨ ਵੱਲ ਤੁਰ ਪਏ! ਹੌਲ਼ੀ-ਹੌਲ਼ੀ ਕਦਮ ਪੁੱਟਦੀ ਉਹ ਉਦਾਸ ਨਜ਼ਰ ਨਾਲ ਆਲ਼ਾ-ਦੁਆਲ਼ਾ ਨਿਹਾਰ ਰਹੀ ਸੀ। ਜਿਉਂ ਵਰਿ੍ਹਆਂ ਦੀ ਯਾਤਰਾ ਦੇ ਬਾਅਦ ਆਪਣੇ ਘਰ ਪਰਤੀ ਹੋਵੇ।
ਆਂਟੀ ਨੂੰ ਕੁਰਸੀ ’ਤੇ ਬਿਠਾ ਰਾਜਪ੍ਰੀਤ ਰਸੋਈ ਵੱਲ ਤੁਰ ਗਈ।
ਬੇਟੇ ਨੇ ਸੰਗਦਿਆਂ-ਸੰਗਦਿਆਂ ਪੈਰੀਂ ਹੱਥ ਲਾਇਆ ਤਾਂ ਉਹ ਹੱਸਦਿਆਂ ਬੋਲੀ,’ਆਹ ਸੰਗ ਤਾਂ ਤਾ੍ਹਢੇ ਟੱਬਰ ਨੇ ਲਗਦੈ ਪੇਟੈਂਟ ਈ ਕਰਵਾ ਲਈ ਏ। ਏਧਰ ਆ ਉਏ, ਮੈਂ ਵੀ ਦਾਦੀ ਆਂ ਤੇਰੀ!’
ਜਗਤ ਨੂੰ ਬੁੱਕਲ ’ਚ ਲੈਂਦਿਆਂ, ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ’ਚ ਰੁਝ ਗਈ ਸੀ।
ਮਲਕੜੇ ਜਿਹੇ ਉੱਠਦਿਆਂ ਮੈਂ ਵੀ ਘਰ ਅੰਦਰ ਚਲਾ ਗਿਆ।
‘ਕੌਣ ਨੇ ਇਹ?’ ਟ੍ਰੇਅ ’ਚ ਪਾਣੀ ਦਾ ਗਿਲਾਸ ਰੱਖਦਿਆਂ ਪਤਨੀ ਨੇ ਸਵਾਲ ਕੀਤਾ।
‘ਇਹ ਪੂਨਮ ਮੈਡਮ ਨੇ! ਰਿਟਾਇਰਡ ਡਰਾਇੰਗ ਮਿਸਟ੍ਰੈਸ!’ ਮੈਂ ਜਵਾਬ ਦਿੱਤਾ।
‘ਮੰਮਾ ਦੇ ਫਰੈਂਡ ਹੋਣਗੇ!’ ‘ਫਰੈਂਡ ਤਾਂ ਪਾਪਾ ਜੀ ਦੇ ਸਨ, ਮੰਮਾ ਦੇ ਤਾਂ ਸੌਂਕਣ ਰਹੇ ਨੇ!’
ਪਤਨੀ ਨੂੰ ਮੇਰਾ ਜਵਾਬ ਮਜ਼ਾਕ ਲੱਗਿਆ।
‘ਚਾਹ ਬਣਾਵਾਂ ਕਿ ਕੌਫ਼ੀ?’ ਉਹਨੇ ਥੋੜ੍ਹਾ ਖਿੱਝਦਿਆਂ ਪੁੱਛਿਆ।
‘ਕੌਫ਼ੀ ਬਣਾਓ ਜੀ ਕੌਫ਼ੀ! ਨਾਲ਼ ਉਹ ਮੇਥੀ ਵਾਲ਼ੇ ਬਿਸਕੁਟ ਜ਼ਰੂਰ ਰੱਖਿਓ! ਆਂਟੀ ਨੂੰ ਇਹ ਬੜੇ ਪਸੰਦ ਸਨ!’ ਇਹ ਆਖ ਮੈਂ ਬਾਹਰ ਵੱਲ ਤੁਰ ਆਇਆ।
ਉਹ ਹਾਲੇ ਵੀ ਜਗਤ ਨਾਲ਼ ਤੋਤਲੀ ਜ਼ੁਬਾਨ ’ਚ ਗੱਲਾਂ ਕਰਨ ’ਚ ਰੁਝੀ ਪਈ ਸੀ।
‘ਕਿਸੇ ਉਚੇਚ ਦੇ ਚੱਕਰ ’ਚ ਨਾ ਪੈ ਜਾਇਓ ਐਵੇਂ! ਵਹੁਟੀ ਨੂੰ ਵੀ ’ਵਾਜ ਮਾਰ ਲੈ। ਮੁੱਦਤਾਂ ਬੀਤ ਗਈਆਂ, ਕਿਸੇ ਨਾਲ਼ ਰੱਜ ਕੇ ਗੱਲਾਂ ਨਹੀਂ ਕੀਤਿਆਂ!’ ਟ੍ਰੇਅ ’ਚੋਂ ਪਾਣੀ ਵਾਲ਼ਾ ਗਿਲਾਸ ਚੁੱਕਦਿਆਂ ਉਹ ਬੋਲੀ।
‘ਆਂਟੀ ਜੀ, ਤੁਸੀਂ ਇਕੱਲੇ ਰਹਿੰਦੇ ਓ?’ ਮੈਂ ਝਿਜਕਦਿਆਂ ਪੁੱਛਿਆ।
‘ਮੈਂ ਤਾਂ ਹਮੇਸ਼ਾਂ ਤੋਂ ’ਕੱਲੀ ਆਂ ਪੁੱਤਰਾ!’ ਉਹਨੇ ਉਦਾਸ ਮੁਸਕਾਨ ਨਾਲ਼ ਜਵਾਬ ਦਿੱਤਾ।
ਆਂਟੀ ਦੇ ਇਸ ਜਵਾਬ ਨੇ ਵਰਿ੍ਹਆਂ ਪੁਰਾਣੇ ‘ਸਵਾਲ’ ਨੂੰ ਮੁੜ ਜਿਉਂਦਾ ਕਰ ਦਿੱਤਾ। ਉਹ ਸਵਾਲ, ਜੋ ਮੈਨੂੰ ਬਚਪਨ ਤੋਂ ਬੇਚੈਨ ਕਰਦਾ ਰਿਹਾ ਸੀ। ਉਹ ਸਵਾਲ, ਜੋ ਸ਼ਰਾਬ ’ਚ ਮਦਹੋਸ਼ ਹੋ ਕੇ ਬਾਪੂ ਰੁੱਖਾਂ ਨੂੰ ਕਰਦਾ ਹੁੰਦਾ ਸੀ। ਉਹ ਸਵਾਲ, ਜਿਹਦੇ ਜਵਾਬ ਲਈ ਵੱਡਾ ਵੀਰਾ ਹੁਣ ਤੱਕ ਔਝੜਦਾ ਪਿਆ ਏ।
ਪਿਛਲੇ ਮਹੀਨੇ ਵੱਡਾ ਵੀਰਾ ਬਾਪੂ ਦੇ ਸਸਕਾਰ ’ਤੇ ਕੈਨੇਡਾ ਤੋਂ ਆਇਆ ਸੀ। ਭੋਗ ਵਾਲੀ ਸ਼ਾਮ ਅਸੀਂ ਰੱਜ ਕੇ ਗੱਲਾਂ ਕੀਤੀਆਂ। ਮਾਂ ਦੇ ਸਿਰੜ, ਸਮਰਪਣ ਤੇ ਬਿਮਾਰੀ ਦੀਆਂ ਗੱਲਾਂ। ਬਾਪੂ ਦੀ ਖੁੱਲ੍ਹ-ਦਿਲੀ, ਮੁਹੱਬਤ ਤੇ ਡਿਪਰੈਸ਼ਨ ਦੀਆਂ ਗੱਲਾਂ। ਪੂਨਮ ਆਂਟੀ ਦੇ ਸੁਹੱਪਣ, ਸਲੀਕੇ ਤੇ ਟੌਹਰ-ਟੱਪੇ ਦੀਆਂ ਗੱਲਾਂ।
ਗੱਲਾਂ-ਗੱਲਾਂ ’ਚ ਉਹੀ ਪੁਰਾਣਾ ਸਵਾਲ ਫਿਰ ਤੋਂ ਉੱਗ ਆਇਆ ਸੀ।
ਅਸੀਂ ਵੱਡੀ ਰਾਤ ਤੱਕ ਵਿਚਾਰ ਕਰਦੇ ਰਹੇ। ਆਖ਼ਰ ਵੀਰੇ ਨੇ ਹੱਥ ’ਤੇ ਹੱਥ ਮਾਰਦਿਆਂ ਆਖਿਆ ਸੀ,’ਸਿੱਧੀ ਜਿਹੀ ਗੱਲ ਆ ਕਿ ਜਦੋਂ ਬਾਪੂ ਢਹਿੰਦੀਆਂ ਕਲਾਵਾਂ ’ਚ ਗਿਆ ਤਾਂ ਆਟੀ ਦੀ ਜ਼ਿੰਦਗੀ ’ਚ ਕੋਈ ਹੋਰ ਆ ਗਿਆ ਹੋਣਾ। ਉਸ ਨਾਲ਼ ਘਰ ਵਸਾਉਣ ਲਈ ਫਿਰ ਆਂਟੀ ਨੂੰ ਸਾਡੇ ਵਾਲ਼ਾ ਬਾਪੂ ਤਾਂ ਤਿਆਗਣਾ ਹੀ ਪੈਣਾ ਸੀ!’
‘ਏਡੀ ਛੇਤੀ ਕੀ ਹੋ ਗਿਆ ਸੀ, ਜਗਰੂਪ ਸਰ ਨੂੰ?’ ਜਗਤ ਨੂੰ ਆਪਣੀ ਬੱੁੱਕਲ ’ਚੋਂ ਆਜ਼ਾਦ ਕਰਦਿਆਂ ਉਹਨੇ ਸਵਾਲ ਕੀਤਾ।
ਮਾਂ ਦੀ ਮੌਤ ਮਗਰੋਂ ਬਾਪੂ ਦੇ ਨਿਰੰਤਰ ਉਦਾਸ ਰਹਿਣ, ਡਿਪਰੈਸ਼ਨ ’ਚ ਜਾਣ ਤੇ ਆਖ਼ਰ ਤੁਰ ਜਾਣ ਦੀ ਸਾਰੀ ਵਾਰਤਾ ਸੁਣਾ ਕੇ ਮੈਂ ਆਂਟੀ ਦੇ ਚਿਹਰੇ ਨੂੰ ਪੜ੍ਹਨ ਲੱਗਾ। ਮਿੰਨ੍ਹਾਂ-ਮਿੰਨ੍ਹਾਂ ਮੁਸਕਰਾ ਰਹੀ ਸੀ ਉਹ। ਜਿਵੇਂ ਜਨਮ-ਮਰਨ ਦੇ ਮਹਾਂ-ਵਰਤਾਰੇ ’ਚ ਇਸ ਮਮੂਲੀ ਜਿਹੀ ਘਟਨਾ ਉੱਤੇ ਉਦਾਸ ਹੋਣ ਦੀ ਉਸ ਕੋਲ਼ ਕੋਈ ਗੁੰਜਾਇਸ਼ ਨਾ ਹੋਵੇ।
‘ਦਰਅਸਲ,’ ਉਸ ਨੇ ਸਹਿਜ ਭਾਵ ਗੱਲ ਸ਼ੁਰੂ ਕੀਤੀ।
‘…ਇਹ ਕੁਲਹਿਣੀ ਇਕਲੱਤਾ ਨਈ ਲਿਹਾਜ ਕਰਦੀ ਕਿਸੇ ਦਾ! ਇਹ ਨਿਖ਼ਸਮੀ ਤਾਂ ਜਮ੍ਹਾਂ ਜਾਨੋਂ ਈ ਮਾਰ ਸੁੱਟਦੀ ਏ! ਇਸ ਦਾ ਮੁਕਾਬਲਾ ਬੜੀਆਂ ਜੁਗਤਾਂ ਨਾਲ਼ ਕਰਨਾ ਪੈਂਦਾ। ਜੁੱਗ ਬੀਤ ਗਏ ਨੇ ਮੈਨੂੰ ਕੱਲ-ਮੁਕੱਲੇ ਰਹਿੰਦਿਆਂ। ਮੈਂ ਮੌਤ ਦੇ ਹੱਥ ਨਈਂ ਆਈ! ਪਤਾ ਏ ਕਿਉਂ?…’ ਉਹ ਚੁੱਪ ਹੁੰਦਿਆਂ ਮੇਰੀਆਂ ਅੱਖਾਂ ’ਚ ਸਿੱਧਾ ਝਾਕਣ ਲੱਗ ਪਈ।
ਮੈਂ ਉਹਦੇ ਚਿਹਰੇ ਨੂੰ ਗਹੁ ਨਾਲ਼ ਵੇਖਿਆ।
ਘੜੀ ਕੁ ਪਹਿਲਾਂ ਵਾਲ਼ੀ ਦਾਰਸ਼ਨਿਕ ਨਰਮਾਈ ਹੁਣ ਅਲੋਪ ਹੋ ਗਈ ਸੀ। ਚਾਣਚਕ ਉੱਭਰ ਆਈ ਕਠੋਰਤਾ ਵੱਧ ਸੁਭਾਵਕ ਲੱਗ ਰਹੀ ਸੀ। ਉਮਰ, ਐਨਕ ਤੇ ਚਿਹਰੇ ਨਾਲ਼ ਮੇਲ਼ ਖਾਂਦੀ। ਝੁਰੜੀਆਂ ’ਚੋਂ ਉੱਗੀ ਹੋਈ ਕੋਈ ਉਮਰਾਂ ਦੀ ਕਮਾਈ।
‘…ਮੇਰੀ ਗੱਲ ਹੋਰ ਹੈ ਪੁੱਤਰਾ!…’ ਉਹ ਬੋਲੀ।
‘…ਮੈਂ ਘੜੀ-ਮੁੜੀ ਕਿਸੇ ਹੱਡ-ਮਾਸ ਦੇ ਬੁੱਤ ’ਚੋਂ ਜਿਊਣ ਦਾ ਮਕਸਦ ਨਈਂ ਲੱਭਿਆ! ਬੱਸ ਇਸ ਇਕੱਲਤਾ ਨੂੰ ਹੀ ਆਪਣੀ ਆਦਤ ਬਣਾ ਲਿਆ!…’ ਉਹ ਮਾਣ ਜਿਹੇ ’ਚ ਮੁਸਕਰਾਈ ਸੀ, ਜਿਉਂ ਇਹ ਇਕੱਲਤਾ ਮਜ਼ਬੂਰੀ ਨਹੀਂ ਕੋਈ ਫ਼ਖ਼ਰਯੋਗ ਪ੍ਰਾਪਤੀ ਹੋਵੇ।
‘…ਜਗਰੂਪ ਸਰ ਤਾਂ ਉਂਝ ਵੀ ਬੜੇ ਇਮੋਸ਼ਨਲ ਵਿਅਕਤੀ ਸਨ। ਕੋਈ ਭੋਰਾ ਕੁ ਅਪਣੱਤ ਵਿਖਾਉਂਦਾ ਤਾਂ ਉਸ ਲਈ ਦਿਲ ਦੇ ਦਰਵਾਜ਼ੇ ਖੋਲ੍ਹ ਦਿੰਦੇ। ਨਾਲ਼ੇ ਤੁਹਾਢੀ ਮਾਂ ’ਚ ਤਾਂ ਉਨ੍ਹਾਂ ਦਾ ਦਿਲ ਧੜਕਦਾ ਸੀ। ਉਦ੍ਹੇ ਜਾਣ ਦਾ ਸਦਮਾ ਕਿੰਝ ਸਹਾਰ ਲੈਂਦੇ? ਇਹ ਏਦ੍ਹਾਂ ਹੀ ਹੋਣਾ ਸੀ ਪੁੱਤਰਾ, ਪਰ ਮਾੜਾ ਹੋਇਆ! ਬਹੁਤ ਮਾੜਾ!!’ ਗੱਲ ਮੁਕਾਉਂਦਿਆਂ ਆਂਟੀ ਨੇ ਅੱਥਰੂ-ਭਰੀਆਂ ਅੱਖਾਂ ਨੂੰ ਝੁਕਾ ਲਿਆ ਸੀ।
ਮੈਨੂੰ ਗੁਜ਼ਰੇ ਦਿਨ ਯਾਦ ਆ ਗਏ।
ਕਦੇ-ਕਦਾਈ ਮੈਂ ਵੀ ਬਾਪੂ ਨਾਲ ਉਹਦੇ ਸਕੂਲ ਚਲਾ ਜਾਂਦਾ ਸਾਂ। ਪੂਨਮ ਆਂਟੀ ਮੈਨੂੰ ਸਾਰਾ ਦਿਨ ਆਪਣੇ ਕੋਲ਼ ਰੱਖਦੀ। ‘ਪੁੱਤ’ ਆਖ ਬੁਲਾਉਂਦੀ। ਮੁੜ-ਮੁੜ ਮੇਰਾ ਮੱਥਾ ਚੁੰਮਦੀ! ਗੋਦੀ ’ਚ ਬਿਠਾ ਮੇਰੀਆਂ ਗੱਲ੍ਹਾਂ ਪੁੱਟਦੀ ਰਹਿੰਦੀ!
ਇੱਕ ਵਾਰ ਮੇਰੀ ਗਲ੍ਹ ’ਤੇ ਨੀਲ ਪੈ ਗਿਆ ਸੀ। ਬਾਪੂ ਮੈਨੂੰ ਪੱਕਾ ਕਰਦਾ ਰਿਹਾ ਸੀ ਕਿ ਮੈਂ ਭੀਮ ਮਾਸਟਰ ਦਾ ਨਾਂ ਲੈ ਦੇਵਾਂ ਪਰ ਜਦੋਂ ਮਾਂ ਨੇ ਮੂੰਗੀ ਦਾ ਕੜਾਹ ਮੂਹਰੇ ਰੱਖਦਿਆਂ ਕਾਰਨ ਪੁੱਛਿਆ ਤਾਂ ਸੱਚ ਤੋਂ ਪਰਦਾ ਉੱਠਦਿਆਂ ਦੇਰ ਨਹੀਂ ਸੀ ਲੱਗੀ।
‘ਵੱਸਣ ਵਾਲ਼ੀ ਹੁੰਦੀ ਤਾਂ ਅੱਜ ਉਹ ਵੀ ਆਰ-ਪਰਿਵਾਰ ਵਾਲੀ ਹੁੰਦੀ! ਕੀੜੇ ਪੈਣ ਇਸ…’ ਅੱਧ-ਰੋਂਦੀ ਅਵਾਜ਼ ’ਚ ਮਾਂ ਨੇ ਪੂਨਮ ਆਂਟੀ ਨੂੰ ਬੜੀਆਂ ਬਦ-ਅਸੀਸਾਂ ਦਿੱਤੀਆਂ ਸਨ। ਮੈਂ ਹੈਰਾਨ ਸਾਂ ਕਿ ਅੰਤਾਂ ਦਾ ਪਿਆਰ ਕਰਨ ਵਾਲ਼ੀ ਉਸ ਔਰਤ ਨੂੰ ਮਾਂ ਬੁਰਾ-ਭਲਾ ਕਿਉਂ ਆਖ ਰਹੀ ਏ!
ਅਗਲੇ ਸ਼ਨੀਵਾਰ ਮੈਂ ਬਾਪੂ ਨਾਲ਼ ਸਕੂਲੇ ਜਾਣ ਲਈ ਜ਼ਿੱਦ ਕੀਤੀ ਤਾਂ ਉਹ ਫਿੱਕਾ ਜਿਹਾ ਹੱਸਦਿਆਂ ਬੋਲਿਆ, ‘ਯਾਰ! ਬੜਾ ਚੁਗਲਖ਼ੋਰ ਬੰਦਾ ਏਂ ਤੂੰ! ਉਹ ਵਿਚਾਰੀ ਕਿੰਨਾ ਖ਼ਿਆਲ ਰੱਖਦੀ ਏ ਤੇਰਾ, ਤੇ ਤੂੰ? ਤੂੰ ਤਾਂ ਹਰ ਵਾਰੀ ਮਾਂ ਦੇ ਝਾਂਸੇ ’ਚ ਆ ਜਾਂਦੈ! ਜੇ ਇਉਂ ਤੂੰ ਕੜਾਹ ਜਾਂ ਸੇਵੀਆਂ ’ਤੇ ਹੀ ਡੁੱਲ੍ਹੀ ਜਾਣਾ ਤਾਂ ਫਿਰ ਪਿਉ-ਪੁੱਤਰ ਦੀ ਕਾ੍ਹਦੀ ਯਾਰੀ ਹੋਈ?’
ਬਾਪੂ ਸਾਨੂੰ ਆਪਣੇ ਹੱਕ ’ਚ ਭੁਗਤਣ ਲਈ ਤਿਆਰ ਕਰਦਾ ਰਹਿੰਦਾ ਪਰ ਅਸੀਂ ਹਰ ਵਾਰ ਮਾਂ ਦੇ ਸਿਰ ਤੋਂ ਬਾਪੂ ਦੀ ਯਾਰੀ ਨੂੰ ਵਾਰ ਸੁੱਟਦੇ।
‘ਅੱਜ ਕਿਹੜੇ ਰੰਗ ਦਾ ਸੂਟ ਪਾ ਕੇ ਆਈ ਸੀ, ਤਾ੍ਹਢੀ ਉਹ ਪੂਨਮ ਆਂਟੀ?’ ਇੱਕ ਵਾਰ ਸਾਡੇ ਮੂਹਰੇ ਖੋਏ ਦੀਆਂ ਪਿੰਨੀਆਂ ਰੱਖਦਿਆਂ ਮਾਂ ਨੇ ਪੁੱਛਿਆ ਸੀ। ਬਾਪੂ ਵਲੋਂ ਖੁਆਏ ਦਹੀਂ-ਭੱਲਿਆਂ ਦੀ ਲਾਜ ਰੱਖਦਿਆਂ ਮੈਂ ਤਾਂ ਚੁੱਪ ਰਿਹਾ ਪਰ ਵੱਡੀ ਜਿਹੀ ਪਿੰਨੀ ਨੂੰ ਹੱਥ ਪਾਉਂਦਿਆਂ ਵੱਡਾ ਵੀਰਾ ਯਕਦਮ ਬੋਲ ਉੱਠਿਆ, ‘ਹਰੇ ਰੰਗ ਦਾ!’
ਮਾਂ ਤੜਫ਼ ਉੱਠੀ ਸੀ।
‘ਹਰੀ ਪੈਂਟ, ਹਰੀ ਪੱਗ ਤੇ ਹਰੀ ਟਾਈ! ਮੇਰੀ ਜਾਣੇ ਬਲਾ ਕਿ ਅੱਜ ਤੋਤੇ ਜਿਹੇ ਬਣ ਕੇ ਕਿਉਂ ਗਏ ਸੀ, ਆਪਣੇ ਲੇਖਕ ਸਾਹਬ! ਕੱਪੜੇ ਧੋੋਵਾਂ ਮੈਂ, ਪਰੈੱਸ ਕਰਾਂ ਮੈਂ ਤੇ ਮੈਚਿੰਗਾਂ ਹੋਣ ਓਸ ਨਿਖ਼ਸਮੀ, ਮੇਰੀ ਸੌਂਕਣ ਨਾਲ਼!’
ਉਸ ਦਿਨ ਮੈਂ ਪਹਿਲੀ ਵਾਰ ‘ਸੌਂਕਣ’ ਲਫ਼ਜ਼ ਸੁਣਿਆ ਸੀ।
ਮਾਂ ਕੋਲ਼ੋ ਇਸ ਦੇ ਅਰਥ ਪੁੱਛੇ ਤਾਂ ਉਹ ਘਿਰਣਾ ’ਚ ਬੋਲੀ ਸੀ, ‘ਦੁਨੀਆਂ ਦਾ ਸਭ ਨਾਲ਼ੋਂ ਮਨਹੂਸ ਸ਼ਬਦ ਹੈ ਇਹ। ਹਾਲੇ ਛੋਟਾ ਏਂ ਤੂੰ। ਜੇ ਲੈਲਾ-ਮਜਨੂੰ ਦੀ ਇਸ ਜੋੜੀ ਨੇ ਮੈਨੂੰ ਜਿਉਂਦੀ ਛੱਡਿਆ ਤਾਂ ਇਹਦੇ ਅਰਥ ਮੈਂ ਤੈਨੂੰ ਜ਼ਰੂਰ ਸਮਝਾਵਾਂਗੀ! ਜੇ ਤੁਰ ਗਈ ਤਾਂ ਵੇਖ ਲੈਣਾ ਕਿ ਇਨ੍ਹਾਂ ਮੇਰਾ ਸਿਵਾ ਠੰਢਾ ਨਈਂ ਪੈਣ ਦੇਣਾ। ਉਨ੍ਹੇਂ, ਭੇਡ ਨੇ ਮੇਰੇ ਘਰ ’ਚ ਆ ਵੱਸਣਾ…’ ਮਾਂ ਦੀਆਂ ਅੱਖਾਂ ’ਚੋਂ ਆਪ-ਮੁਹਾਰੇ ਅੱਥਰੂ ਵਹਿ ਤੁਰੇ ਸਨ।
‘…ਪੁੱਛੀ ਜਾਇਓ ਫਿਰ ਆਪਣੀ ਓਸ ਪੂਨਮ ਆਂਟੀ ਨੂੰ!’
ਕੁਝ ਵਰਿ੍ਹਆਂ ਬਾਅਦ ਜਦੋਂ ਇਸ ਸ਼ਬਦ ਦੇ ਅਰਥ ਸਮਝ ਆਏ ਤਾਂ ਮਾਂ ਦੇ ਧੁੰਦਲੇ ਜਿਹੇ ਦੁੱਖ ਪੂਰੀ ਤਰ੍ਹਾਂ ਸਪਸ਼ਟ ਹੋ ਗਏ ਸਨ।
‘… ਓਸ ਚੁੜੇਲ ਨੇ ਝੱਲਾ ਕਰ ਸੁੱਟਿਆ ਹੈ ਤਾ੍ਹਨੂੰ! ਬਣੇ ਫਿਰਦੇ ਹੋ ਵੱਡੇ ਰਾਈਟਰ! ਸਮਾਜ ਸੁਧਾਰਨਾ ਤੁਸੀਂ ਸਵਾਹ ਨਾਲ਼ੇ ਖੇਹ! ਪਹਿਲਾਂ ਆਪਣੇ ਆਪ ਨੂੰ ਤਾਂ ਸੁਧਾਰ ਲਓ! ਦੱਸੋ ਆਹੀ ਕ੍ਰੀਏਟੀਵਿਟੀ ਏ ਤੁਹਾਡੀ? ਉਹ ਕੱਲ੍ਹ ਦੀ ਛੋਕਰੀ ਤਾ੍ਹਨੂੰ ਬਾਂਦਰ ਵਾਂਗੂੰ ਨਚਾਈ ਫਿਰਦੀ ਆ। ਮੈਂ ਸਭ ਜਾਣਦੀ ਆਂ ਜਿਹੜੀਆਂ ਰੋਜ਼ ਮੈਚਿੰਗਾਂ ਹੁੰਦੀਆਂ ਨੇ, ਓਸ ਹਰਾਮਣ ਨਾਲ਼! ਬੁੱਢੇ ਤੋਤੇ!’
‘ਕੇਦ੍ਹੀ ਗੱਲ ਪਈ ਕਰਦੀ ਏਂ ਤੂੰ?’ ਬਾਪੂ ਨੇ ਨਾਟਕੀ ਹੈਰਾਨੀ ਨਾਲ਼ ਪੁੱਛਿਆ ਸੀ।
‘ਨਾ ਕਿੰਨ੍ਹੀਆਂ ਕੁ ਨੇ?’ ਮਾਂ ਨੇ ਫਿੱਕਾ ਜਿਹਾ ਮੁਸਕਾਉਂਦਿਆਂ ਮੋੜਵਾਂ ਸਵਾਲ ਕੀਤਾ।
‘ਹੈਗੀਆਂ ਨੇ ਤਿੰਨ-ਚਾਰ, ਤੂੰ ਦੱਸ ਕਿਹੜੀ ਵਾਲ਼ੀ ਦੀ ਗੱਲ ਕਰਦੀ ਏਂ?’ ਬਾਪੂ ਸਹਿਜਤਾ ਨਾਲ਼ ਬੋਲਿਆ ਸੀ।
‘ਹੈਂਅ! ਤਿੰਨ-ਚਾਰ!! ਐਡਾ ਕਿਤੇ ਪਟਿਆਲੇ ਵਾਲਾ ਭੂਪਾ ਏਂ ਤੂੰ! ਮੈ ਉਸੇ ਦੀ ਗੱਲ ਕਰਦੀ ਆਂ, ਡਿਵੋਰਸੀ ਦੀ!’
ਪੂਨਮ ਆਂਟੀ ਲਈ ਵਰਤੇ ਗਏ ਇਸ ਵਿਸ਼ੇਸ਼ਣ ਨੇ ਬਾਪੂ ਦੀ ਸਹਿਜਤਾ ਵਾਲਾ ਨਾਟਕ ਖਤਮ ਕਰ ਦਿੱਤਾ।
‘ਕੋਈ ਸ਼ੌਕ ਨਾਲ਼ ਨਈਂ ਬਣਦਾ ਡਿਵੌਰਸੀ!…’ ਬਾਪੂ ਦੀ ਦੇਹ ਗੁੱਸੇ ’ਚ ਕੰਬਣ ਲੱਗ ਪਈ।
‘…ਤੈਨੂੰ ਕੀ ਪਤਾ ਕਿ ਕੀ ਮਜ਼ਬੂਰੀਆਂ ਸਨ, ਓਸ ਵਿਚਾਰੀ ਦੀਆਂ! ਜੇ ਤੇਰਾ ਵੀ ਜੀ ਕਰਦੈ ਤਾਂ ਤੂੰ ਵੀ ਲੈ ਲਾ ਡਿਵੌਰਸ ਮੈਥੋਂ। ਬਣ ਜਾ ਡਿਵੌਰਸੀ ਤੂੰ ਵੀ!’
‘ਮੈਂ ਤਾਂ ਕਹਿੰਦੀ ਆਂ ਕਿ ਕੱਖ ਨਾ ਰਹੇ ਤਾਢ੍ਹੀ ਓਸ ਭੋਲ਼ੀ-ਭਾਲ਼ੀ, ਮਸੂਮ ਤੇ ਵਿਚਾਰੀ ਪੂਨਮ ਦਾ।’ ਮਾਂ ਨੇ ਪੂਨਮ ਆਂਟੀ ਨੂੰ ਬਦ-ਅਸੀਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਬੁੜ-ਬੁੜ ਕਰਦਾ ਬਾਪੂ ਘਰੋਂ ਨਿਕਲ ਕੇ ਖੇਤਾਂ ਵੱਲ ਚਲਾ ਗਿਆ ਸੀ। ਡੁਸਕਦੀ ਮਾਂ ਚਾਣਚਕ ਦੁਹੱਥੜੀਂ ਪਿੱਟਣ ਲੱਗ ਪਈ। ਫਿਰ ਉਹ ਤੇਜ਼ ਕਦਮਾਂ ਨਾਲ਼ ਬਾਪੂ ਦੀ ਕਿਤਾਬ ‘ਜਿਉਣਾ ਕਦੇ ਨਾ ਵਿਸਰੇ’ ਚੁੱਕ ਲਿਆਈ ਸੀ।
‘ਜ਼ਿੰਦਗੀ ਨਰਕ ਕਰ ਦਿੱਤੀ ਏਸ ਬੰਦੇ ਨੇ!…’ ਕਿਤਾਬ ਨੂੰ ਵਗਾਹ ਕੇ ਵਿਹੜੇ ’ਚ ਮਾਰਦਿਆਂ ਉਹ ਬੋਲੀ।
‘..ਆਹ ਗੱਲਾਂ ਲਿਖਦਿਆਂ ਰੱਬ ਜਾਣੇ ਸ਼ਰਮ ਕਿਉਂ ਨਈਂ ਆਉਂਦੀ, ਇਨ੍ਹਾਂ ਛੁਣਛਣਿਆਂ ਨੂੰ? ਪਤਾ ਨਈਂ ਇਹ ਦੁਨੀਆਂ ਨੂੰ ਕਿਹੜੇ ਮੂੰਹ ਨਾਲ਼ ਜਿਊਣ ਦਾ ਸਲੀਕਾ ਸਿਖਾਉਂਦੇ ਨੇ?’
ਗੁੱਭ-ਗੁਭਾਟ ਕੱਢ ਕੇ ਮਾਂ ਨੇ ਸਾਨੂੰ ਹੋਮ-ਵਰਕ ਲਈ ਬਿਠਾਇਆ ਤੇ ਆਪ ਘਰ ਦੇ ਕੰਮਾਂ ’ਚ ਰੁਝ ਗਈ ਸੀ।
‘ਕਰਨ ਪੁੱਤ…’ ਪੂਨਮ ਆਂਟੀ ਦੀ ਆਵਾਜ਼ ਨੇ ਮੈਨੂੰ ਅਤੀਤ ’ਚੋਂ ਖਿੱਚ ਲਿਆਂਦਾ ਸੀ।
‘…ਤੈਨੂੰ ਪਤੈ ਕਿ ਮੈਂ ਤੈਨੂੰ ਆਪਣਾ ਪੁੱਤ ਬਣਾਉਣਾ ਚਾਹੁੰਦੀ ਸਾਂ?’
ਮੈਂ ਇਸ ਗੱਲ ’ਤੇ ਹੈਰਾਨ ਹੋਇਆ ਸਾਂ। ਜਵਾਬ ਵਜੋਂ ‘ਨਾਂਹ’ ਕਰਾਂ ਕਿ ‘ਹਾਂਅ’ ਮੈਂ ਇਹ ਫ਼ੈਸਲਾ ਨਹੀਂ ਸਾਂ ਕਰ ਸਕਿਆ।
‘ਤੇਰੇ ਪਾਪਾ ਵੀ ਏਹੋ ਚਾਹੁੰਦੇ ਸੀ। ਦਰਅਸਲ, ਕੁੱਲ ਦੁਨੀਆਂ ’ਚ ਸਿਰਫ਼ ਇੱਕ ਉਹੀ ਸਨ, ਜਿਨ੍ਹਾਂ ਨੂੰ ਮੇਰੀ ਤਨਹਾਈ ਦਾ ਅਹਿਸਾਸ ਸੀ। ਉਦੋਂ ਤੇਰੀ ਮਾਂ ਮੰਨ ਜਾਂਦੀ ਤਾਂ ਅੱਜ ਤੂੰ ਮੇਰੇ ਕੋਲ਼ ਹੁੰਦਾ। ਮੇਰੇ ਵਿਹੜੇ ’ਚ ਵੀ ਬੱਚੇ ਖੇਡਦੇ! ਚਲੋ ਜੋ ਹੋਣਾ ਸੀ, ਉਹੀ ਹੋਇਆ! ਮੇਰੀ ਤਾਂ ਕੋਈ ਵੀ ਰੀਝ ਨਈਂ ਪੂਰੀ ਕੀਤੀ, ਓਸ ਚੰਦਰੇ ਭਗਵਾਨ ਨੇ!’
ਰਾਜਪ੍ਰੀਤ ਕੌਫ਼ੀ ਲੈ ਕੇ ਆ ਗਈ।
‘ਆਂਟੀ ਤੁਸੀਂ ਕੁਲੀਗ ਰਹੇ ਹੋ ਪਾਪਾ ਦੇ?’ ਆਂਟੀ ਨੂੰ ਅਪਣੱਤ ਭਰੀਆਂ ਨਜ਼ਰਾਂ ਨਾਲ਼ ਨਿਹਾਰਦਿਆਂ ਉਹਨੇ ਪੁੱਛਿਆ।
‘ਹਾਂ ਧੀਏ…।’ ਗੱਲ ਸ਼ੁਰੂ ਕਰਦਿਆਂ ਪੂਨਮ ਆਂਟੀ ਮੁਸਕਰਾ ਪਈ ਸੀ।
‘…ਅਸੀਂ ਕੋਈ ਵੀਹ-ਪੱਚੀ ਵਰ੍ਹੇ ਇੱਕੋ ਸਕੂਲੇ ਪੜ੍ਹਾਇਆ! ਮੇਰੇ ਨਾਲੋਂ ਬਾਰ੍ਹਾਂ ਕੁ ਵਰ੍ਹੇ ਪਹਿਲਾਂ ਰਿਟਾਇਰ ਹੋ ਗਏ ਸਨ ਉਹ! ਉਨ੍ਹਾਂ ਮੇਰਾ ਬੜਾ ਸਾਥ ਦਿੱਤਾ! ਵਕਤਾਂ ਦੀ ਰੋਲ਼ੀ ਨੂੰ ਜਿਊਣਾ ਸਿਖਾਇਆ! ਕੀ ਦੱਸਾਂ ਧੀਏ, ਮੇਰੀ ਕਹਾਣੀ ਵੀ ਬੜੀ ਅਜਬ ਏ!’ ਇਹ ਕਹਿੰਦਿਆਂ ਉਹਦੇ ਬੋਲ ਭਾਰੇ ਹੋ ਗਏ ਸਨ।
‘ਇਉਂ ਇਮੋਸ਼ਨਲ ਨਾ ਹੋਵੋ ਤੁਸੀਂ!’ ਉਸ ਦੇ ਝੁਰੜਾਏ ਹੱਥਾਂ ਨੂੰ ਆਪਣੇ ਹੱਥਾਂ ’ਚ ਲੈਂਦਿਆਂ ਰਾਜਪ੍ਰੀਤ ਬੋਲੀ।
‘ਸਰਦਾ-ਪੁੱਜਦਾ ਟੱਬਰ ਸੀ ਸਾਡਾ। ਮੈਂ ਘਰੋਂ ਦੌੜ ਕੇ ਮਰਜ਼ੀ ਦੀ ਸ਼ਾਦੀ ਕਰਵਾਈ ਸੀ। ਉਹ ਵੀ ਇੱਕ ਠੇਕੇ ਦੇ ਕਰਿੰਦੇ ਨਾਲ਼। ਅਸੀਂ ਸ਼ਹਿਰ ਰਹਿਣ ਲੱਗ ਪਏ ਸਾਂ। ਓਥੇ ਈ ਮੈਂ ਬੀ. ਐਡ. ਕੀਤੀ। ਫਿਰ ਨੌਕਰੀ ਮਿਲ ਗਈ। ਪਹਿਲਾਂ ਪਲਾਟ ਲਈ ਕਰਜ਼ਾ ਚੁੱਕਿਆ ਤੇ ਫਿਰ ਘਰ ਲਈ। ਮਸਾਂ-ਮਸਾਂ ਘਰ ਉਸਰਿਆ ਸੀ ਕਿ…।’ ਇਹ ਕਹਿੰਦਿਆਂ ਉਹ ਹੋਰ ਵੀ ਬੇਵਸ, ਬਿਰਧ ਤੇ ਕਮਜ਼ੋਰ ਜਿਹੀ ਲੱਗਣ ਲੱਗ ਪਈ।
‘…ਮੈਂ ਪਤੀ ਨੂੰ ਕਰਿਆਨੇ ਦੀ ਦੁਕਾਨ ਪਾ ਕੇ ਦਿੱਤੀ। ਸੋਚਿਆ ਤਾਂ ਏਹੋ ਕਿ ਜ਼ਿੰਦਗੀ ਲੀਹ ’ਤੇ ਆ ਜਾਏਗੀ ਤਾਂ ਬੱਚੇ ਬਾਰੇ ਵੀ ਸੋਚ ਲਵਾਂਗੇ। ਪਰ ਕਿੱਥੇ? ਵੇਖਦੇ-ਵੇਖਦੇ, ਉਹ ਨਿਮਾਣਾ ਜਿਹਾ ਸ਼ਖ਼ਸ ਮੇਰਾ ‘ਮਾਲਕ’ ਬਣ ਬੈਠਾ। ਮੈਂ ਸਜ-ਸੰਵਰ ਕੇ ਸਕੂਲ ਜਾਂਦੀ ਤਾਂ ਉਹ ਮੈਨੂੰ ਸਾੜੇ ਭਰੀਆਂ ਨਜ਼ਰਾਂ ਨਾਲ਼ ਘੂਰਦਾ ਰਹਿੰਦਾ। ਘੂਰੀਆਂ ਤੋਂ ਬਾਅਦ ਉਹ ਗਾਲ਼ੀ-ਗਲ਼ੋਚ ’ਤੇ ਆ ਗਿਆ ਸੀ। ਆਖ਼ਰ ਜਦੋਂ ਉਨ੍ਹੇ ਮੇਰੇ ’ਤੇ ਹੱਥ ਚੁੱਕਿਆ ਤਾਂ ਮੇਰਾ ਸਬਰ ਜਵਾਬ ਦੇ ਗਿਆ। ਮੈਂ ਉਦ੍ਹਾ ਹੱਥ ਫੜਿਆ ਤੇ ਬਾਂਹ ਨੂੰ ਮਰੋੜਾ ਦਿੰਦਿਆਂ, ਉਹਨੂੰ ਦਰਵਾਜ਼ਿਓਂ ਬਾਹਰ ਕੱਢ ਦਿੱਤਾ!’ ਆਂਟੀ ਦੇ ਚਿਹਰੇ ’ਤੇ ਵਰਿ੍ਹਆਂ ਪੁਰਾਣਾ ਰੋਹ ਫਿਰ ਤੋਂ ਉੱਭਰ ਆਇਆ ਸੀ।
‘ਵੈੱਲ-ਡਨ ਆਂਟੀ!’ ਔਰਤ ਦੇ ਹੱਕ ’ਚ ਅਵਾਜ਼ ਬੁਲੰਦ ਕਰਦਿਆਂ ਰਾਜਪ੍ਰੀਤ ਨੇ ਮੇਰੇ ਵੱਲ ਵੇਖਿਆ।
‘ਮੈਂ ਅੰਦਰੋਂ ਬਾਹਰੋਂ ਟੁੱਟ ਗਈ ਸਾਂ। ਅਗਰ ਓਸ ਵੇਲੇ ਜਗਰੂਪ ਸਰ ਮੇਰੀ ਬਾਂਹ ਨਾ ਫੜਦੇ ਤਾਂ ਮੈਂ ਸੱਚੀਓਂ ਬਿਖ਼ਰ ਜਾਣਾ ਸੀ। ਉਨ੍ਹਾਂ ਮੈਨੂੰ ਪੈਰਾਂ ’ਤੇ ਖੜ੍ਹਨ ਦਾ ਵਲ ਸਿਖਾਇਆ। ਉਨ੍ਹਾਂ ਦੀਆਂ ਕਵਿਤਾਵਾਂ ਤੇ ਲੇਖ ਪੜ੍ਹ-ਪੜ੍ਹ ਮੈਨੂੰ ਖੁਦ ਨਾਲ਼ ਮੁਹੱਬਤ ਕਰਨ ਦਾ ਸਲੀਕਾ ਆਇਆ। ਉਨ੍ਹਾਂ ਦੀ ਕਿਤਾਬ ‘ਜਿਊਣਾ ਕਦੇ ਨਾ ਵਿਸਰੇ’ ਤਾਂ ਮੈਂ ਹਮੇਸ਼ਾ ਆਪਣੇ ਕੋਲ਼ ਰੱਖਦੀ। ਕਰਨ ਨੂੰ ਪੁੱਛ ਖਾਂ ਕਿ ਕੇਡੀ ਗੂੜ੍ਹੀ ਸਾਂਝ ਹੁੰਦੀ ਸੀ ਸਾਡੀ। ਮੇਰੇ ਲਈ ਤਾਂ ਉਹ ਰੱਬ ਦੀ ਥਾਂ ਸਨ! ਇਨ੍ਹਾਂ ਦੋਹਾਂ ਭਰਾਵਾਂ ਨੇ ਜਦੋਂ ਕਦੇ ਸਕੂਲ ਆਉਣਾ ਤਾਂ ਮੈਨੂੰ ਚਾਅ ਚੜ ਜਾਣਾ! ਤੇਰਾ ਕਰਨ ਤਾਂ ਬੜਾ ਪਿਆਰਾ ਹੁੰਦਾ ਸੀ! ਗੋਭਲੂ ਜਿਹਾ!! ਓਹ..ਹੋਅ…ਹੋਅ..ਕੇਡੇ ਹੁਸੀਨ ਦਿਨ ਸਨ ਉਹ!!!’ ਸਰੂਰ ਜਿਹੇ ’ਚ ਸਿਰ ਮਾਰਦਿਆਂ ਸ਼ਾਇਦ ਉਹ ਗੁਜ਼ਰੇ ਜ਼ਮਾਨੇ ’ਚ ਗੁਆਚ ਗਈ ਸੀ।
ਬਿਨਾ ਸ਼ੱਕ ਉਹ ਦਿਨ ਬਹੁਤ ਹੁਸੀਨ ਸਨ ਤੇ ਉਨ੍ਹਾਂ ਦਿਨਾਂ ਨਾਲੋਂ ਵੀ ਵੱਧ ਹੁਸੀਨ ਪੂਨਮ ਆਂਟੀ ਸੀ।
ਸਾਡੀ ਮਾਂ ਵੀ ਕੋਈ ਘੱਟ ਸੋਹਣੀ ਨਹੀਂ ਸੀ ਪਰ ਉਨ੍ਹੀਂ ਦਿਨੀਂ ਉਹਨੂੰ ਆਪਣਾ ਖ਼ਿਆਲ ਰੱਖਣਾ ਭੁੱਲ-ਭੁਲਾ ਗਿਆ ਸੀ! ਉਹ ਚੱਤੋ-ਪਹਿਰ ਆਪਣੇ-ਆਪ ’ਚ ਹੀ ਉਲਝੀ ਰਹਿੰਦੀ। ਉਹਦੀ ਠਰੰਮੇ-ਭਰੀ ਮੁਸਕਾਨ ਪਤਾ ਨਹੀਂ ਕਿਧਰ ਉੱਡ-ਪੁੱਡ ਗਈ ਸੀ!
ਫਿਰ ਉਹ ਦਿਨ ਵੀ ਆਏ ਜਦੋਂ ਸਾਡੇ ਮਾਂ-ਪਿਉ ਨੇ ਇੱਕ-ਦੂਜੇ ਨਾਲ਼ ਗੱਲ ਕਰਨੀ ਛੱਡ ਦਿੱਤੀ।
‘ਆਪਣੀ ਮਾਂ ਨੂੰ ਕਹਿ ਦਿਓ ਕਿ ਅੱਜ ਰਾਤ ਮੈਂ ਸੇਠੀ ਦੀ ਕੁੜੀ ਦੇ ਵਿਆਹ ਜਾਣਾ।’
‘ਆਪਣੇ ਪਾਪਾ ਨੂੰ ਕਹਿ ਦਿਓ ਕਿ ਸਿਲੰਡਰ ਮੁੱਕਣ ’ਤੇ ਆਇਆ ਹੋਇਆ।’
ਉਹ ਸਾਡੇ ਰਾਹੀਂ ਗੱਲਾਂ ਕਰਨ ਲੱਗੇ।
‘ਤਾ੍ਹਢੀ ਕੁਲਗਦੀ ਓਸ ਪੂਨਮ ਆਂਟੀ ਨੇ ਤਾ੍ਹਢੀ ਮਾਂ ਨੂੰ ਕਿਸੇ ਜੋਗੀ ਨਈਂ ਛੱਡਿਆ!’
ਮਾਂ ਸਾਨੂੰ ਬੁੱਕਲ ’ਚ ਲੈ ਕੇ ਸਿਸਕੀਆਂ ਭਰਨ ਲੱਗ ਪੈਂਦੀ। ਮੈਂ ਹੈਰਾਨ ਹੁੰਦਾ ਕਿ ਬਾਤਾਂ ਵਿਚਲੀਆਂ ਪਰੀਆਂ ਵਰਗੀ ਖ਼ੂਬਸੂਰਤ ਪੂਨਮ ਆਂਟੀ ਸਾਡੀ ਮਾਂ ਨੂੰ ਪਸੰਦ ਕਿਉਂ ਨਹੀਂ ਆ ਰਹੀ!
ਅਸੀਂ ਮਾਂ-ਪਿਉ ਦੇ ਦਰਮਿਆਨ ਬਹੁਤ ਗੂੜ੍ਹਾ ਪਿਆਰ ਵੇਖਿਆ ਸੀ।
ਉਹ ਵੀ ਦਿਨ ਸਨ, ਜਦੋਂ ਉਹ ਇੱਕ-ਦੂਜੇ ਵੱਲ ਵੇਖ ਕੇ ਮੁਸਕਰਾਉਂਦੇ ਰਹਿੰਦੇ। ਸੈਰ ਕਰਦਿਆਂ ਉਹ ਇਕ ਦੂਜੇ ਦਾ ਹੱਥ ਫੜ ਲੈਂਦੇ। ਮਾਂ ਹਰੇਕ ਕੰਮ ਨੱਠ-ਨੱਠ ਕੇ ਕਰਦੀ ਤੇ ਬਾਪੂ ਉਹਨੂੰ ‘ਜਥੇਦਾਰਨੀਏ’ ਆਖ ਮੁਖ਼ਾਤਬ ਹੁੰਦਾ।
ਪਿੰਡ ਵਾਲਾ ਜੱਦੀ ਘਰ ਵੇਚ ਕੇ ਜਦੋਂ ਅਸੀਂ ਬਾਹਰ ਖੇਤਾਂ ’ਚ ਘਰ ਬਣਾਉਣਾ ਸ਼ੁਰੂ ਕੀਤਾ ਤਾਂ ਮਾਂ ਦੇ ਕੰਮ ਹੋਰ ਵੀ ਵੱਧ ਗਏ। ਕਈ ਨਵੀਆਂ ਜ਼ਿੰਮੇਵਾਰੀਆਂ ਤੇ ਰੰਗ-ਬਿਰੰਗੇ ਹਿਸਾਬ-ਕਿਤਾਬ ਉਹਦੇ ਪੱਲੇ ਆਣ ਪਏ। ਕਿੰਨਾਂ ਚਾਅ ਸੀ ਉਹਨੂੰ, ਨਵੇਂ ਘਰ ਦਾ। ਘਰ ਉਸਰਿਆ ਸੀ ਕਿ…!
ਜਦੋਂ ਕਿਧਰੇ ਅਸੀਂ ਦੋਵਾਂ ਭਰਾਵਾਂ ਨੇ ਲੜ ਪੈਣਾ ਤਾਂ ਮਾਂ ਨੇ ਸਾਨੂੰ ਸਮਝਾਉਣਾ,’ਸਾਡੇ ਵੱਲ ਵੇਖੋ! ਤੁਸੀਂ ਕਦੇ ਸਾਨੂੰ ਝਗੜਦੇ ਵੇਖਿਆ? ਜੇ ਹੁਣ ਤੁਸੀਂ ਲੜੇ ਤਾਂ ਅਸੀਂ ਵੀ ਲੜਨਾ ਸ਼ੁਰੂ ਕਰ ਦੇਣਾ!’
ਅਸੀਂ ਤਾਂ ਮਾਂ ਦੀ ਗੱਲ ਮੰਨ ਗਏ ਪਰ…!
ਮਾਂ ਹੁਣ ਉਹ ਨਹੀਂ ਸੀ ਰਹੀ। ਉਹ ਘਰ ਵਿਚਲੀ ਹਰ ਇੱਕ ਸ਼ੈਅ ਨੂੰ ਘੂਰ ਕੇ ਵੇਖਦੀ। ਬਿਸਤਰਿਆਂ ਨੂੰ ਮੁੜ-ਮੁੜ ਸੁੰਘਦੀ। ਕਿਸੇ-ਕਿਸੇ ਦਿਨ ਬੈੱਡ-ਰੂਮ ’ਚੋਂ ਸ਼ੁਦੈਣਾਂ ਵਾਂਗ ਦੌੜਦੀ ਹੋਈ ਨਿਕਲਦੀ ਤੇ ਵਿਹੜੇ ’ਚ ਆ ਕੇ ਚੀਕ-ਚਿਹਾੜਾ ਪਾ ਦਿੰਦੀ। ਉਹਦੇ ਹੱਥਾਂ ’ਚ ਕਦੇ ਵਾਲ਼, ਕਦੇ ਹਾਰ-ਸ਼ਿੰਗਾਰ ਦਾ ਕੋਈ ਨਿੱਕਾ-ਮੋਟਾ ਸਮਾਨ, ਕਦੇ ਕੁਝ ਤੇ ਕਦੇ ਕੁਝ ਹੁੰਦਾ।
‘ਅੱਜ ਫਿਰ ਆਈ ਸੀ, ਉਹ ਡਾਇਣ ਮੇਰੇ ਘਰ! ਮੈਨੂੰ ਕੰਧਾਂ ’ਚੋਂ ਬਦਬੂ ਆਉਂਦੀ ਏ। ਮੈਨੂੰ ਸਿਰ੍ਹਾਣਿਆਂ ’ਚੋਂ ਬਦਬੂ ਆਉਂਦੀ ਏ। ਮੈਨੂੰ ਬੈੱਡ-ਰੂਮ ਦੀ ਚਾਦਰ ’ਚੋਂ ਬਦਬੂ ਆਉਂਦੀ ਏ। ਮੈਨੂੰ ਸਾਰੇ ਘਰ ’ਚੋਂ ਬਦਬੂ ਆਉਂਦੀ ਏ। ਉਸ ਆਦਮਖਾਣੀ ਦੀ ਬਦਬੂ ਹੁਣ ਤਾਂ ਮੈਨੂੰ ਆਪਣੀ ਦੇਹ ’ਚੋਂ ਵੀ ਆਉਣ ਲੱਗ ਪਈ ਏ!’ ਉਹ ਬੜੀ ਦੇਰ ਤੱਕ ਵਿਲਕਦੀ ਰਹਿੰਦੀ।
ਉਹਦੀਆਂ ਇਹ ‘ਹਰਕਤਾਂ’ ਹੁਣ ਸਾਨੂੰ ਵੀ ਡਰਾਉਣ ਲੱਗ ਪਈਆਂ।
ਉਨ੍ਹਾਂ ਦਿਨਾਂ ’ਚ ਬਾਪੂ ਨੂੰ ਕਿਸੇ ਸਾਹਿਤਕ ਸਮਾਗਮ ’ਚ ਕਲਕੱਤੇ ਜਾਣਾ ਪਿਆ।
ਜਦੋਂ ਉਹ ਮੁੜਿਆ ਤਾਂ ਉਹਦੇ ‘ਤੌਰ-ਤਰੀਕੇ’ ਚਾਣਚਕ ਬਦਲਦੇ ਗਏ ਸਨ। ਉਹ ਸਕੂਲੋਂ ਸਿੱਧਾ ਘਰ ਆਉਣ ਲੱਗ ਪਿਆ ਸੀ। ਉਹਨੇ ਫੁੱਲ਼ਾਂ ਵੱਲ ਵੇਖਣਾ ਛੱਡ ਦਿੱਤਾ ਸੀ। ਰੋਜ਼ਾਨਾ ਸ਼ਰਾਬ ਪੀਣ ਲੱਗ ਪਿਆ ਸੀ। ਦਾੜੀ-ਮੁੱਛਾਂ ਨੂੰ ਰੰਗਣਾ ਤਾਂ ਜਿਉਂ ਉਹਨੂੰ ਭੁੱਲ ਹੀ ਗਿਆ ਹੋਵੇ।
ਇੱਕ ਰਾਤ ਦੀ ਗੱਲ ਏ। ਨਸ਼ੇ ’ਚ ਟੁੰਨ ਬਾਪੂ ਬੋਟਲ ਪਾਮ ਦਾ ਕਲ਼ਾਵਾ ਭਰੀ ਡੁਸਕਦਾ ਹੋਇਆ ਬੋਲੀ ਜਾ ਰਿਹਾ ਸੀ,’ਪੂਨਮ, ਦੱਸ ਤੂੰ ਕਿਉਂ ਛੱਡਿਆ ਮੈਨੂੰ? ਹਾਏ! ਤੈਨੂੰ ਮੇਰੇ ਕੋਲ਼ੋਂ ਕਿਸ ਭੈਣ…ਨੇ ਖੋਹ ਲਿਆ? ਤੂੰ ਮੈਨੂੰ ਧੋਖਾ ਕਿਉਂ ਦੇ ਗਈ? ਮੈਂ ਤੇਰੇ ਲਈ ਕੀ ਨਈਂ ਕੀਤਾ! ਮੈਨੂੰ ਮੇਰਾ ਕਸੂਰ ਤਾਂ ਦੱਸ ਦਿੰਦੀ! ਮੈਂ..ਮੈਂ..ਮੈਂ ਸਬਰ ਨਾਲ਼ ਮਰ ਤਾਂ ਜਾਂਦਾ।’
ਬਾਪੂ ਦਿਨ-ਬ-ਦਿਨ ਦੁੱਖਾਂ ’ਚ ਉਲਝਦਾ ਜਾ ਰਿਹਾ ਸੀ।
ਸਭ ਸ਼ਿਕਵੇ-ਸ਼ਿਕਾਇਤਾਂ ਨੂੰ ਦਰਕਿਨਾਰ ਕਰਦਿਆਂ ਮਾਂ ਉਹਨੂੰ ਸੰਭਾਲਣ ਲੱਗ ਪਈ ਸੀ। ਉਹ ਇੱਕ-ਦੂਸਰੇ ਦੀ ਗੱਲ ਦਾ ਹੁੰਗਾਰਾ ਵੀ ਭਰਨ ਲੱਗ ਪਏ ਸਨ। ਮਾਂ ਮੁੜ ਤੋਂ ਰੋਟੀ ਵਾਲ਼ੀ ਥਾਲੀ ਲੈ ਕੇ ਖੁਦ ਉਸ ਕੋਲ਼ ਜਾਣ ਲੱਗ ਪਈ ਸੀ।
ਕਿਸੀ-ਕਿਸੀ ਸਵੇਰ ਸੰਘਣੀ ਧੁੰਦ ਨੇ ਵਿਹੜਾ ਭਰਿਆ ਹੁੰਦੈ। ਅਸੀਂ ਕਿਆਸ ਲਗਾਉਂਦੇ ਕਿ ਇਹ ਧੁੰਦ ਹੁਣ ਕਈ ਦਿਨਾਂ ਤੱਕ ਪਸਰੀ ਰਹੇਗੀ ਤੇ ਸਭ ਕੁਝ ਇੰਝ ਹੀ ਧੁੰਦਲਕੇ ’ਚ ਗੁਆਚਿਆ ਰਹੇਗਾ। ਸੂਰਜ ਦੇ ਦਰਸ਼ਨ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਹੋਣਗੇ। ਡਰ ’ਚ ਗ੍ਰਸਤ ਅਸੀਂ ਆਉਣ ਵਾਲ਼ੇ ਬੁਰੇ ਵਕਤ ਨੂੰ ਉਡੀਕਣ ਲੱਗ ਜਾਂਦੇ। ਫਿਰ ਚਾਣਚੱਕ ਕੋਈ ਕ੍ਰਿਸ਼ਮਾ ਹੋ ਜਾਂਦੈ! ਧੁੰਦ ਛਟ ਜਾਂਦੀ। ਸੂਰਜ ਵੀ ਦਿਖਾਈ ਦੇਣ ਲੱਗ ਜਾਂਦੈ। ਚੁਫ਼ੇਰਾ ਉਜਵਲ ਹੋ ਜਾਂਦੈ!
ਅਸਾਡੇ ਨਾਲ਼ ਕੁਝ ਅਜਿਹਾ ਹੀ ਵਾਪਰਿਆ ਸੀ!
‘ਅਸੀਂ ਤੁਹਾਡੇ ਪਾਪਾ ਦੀ ਦਵਾਈ ਲੈਣ ਚੱਲੇ ਆਂ। ਪਿੱਛਿਓਂ ਖ਼ਿਆਲ ਰੱਖਿਓ ਘਰ ਦਾ!’
ਇੱਕ ਸ਼ਾਮ ਅਸੀਂ ਦੋਹਾਂ ਨੂੰ ਸਕੂਟਰ ’ਤੇ ਸਵਾਰ ਹੋ ਕੇ ਸ਼ਹਿਰ ਜਾਂਦੇ ਵੇਖਿਆ ਸੀ।
ਮੇਰੇ ਨੈਣ ਖ਼ੁਸ਼ੀ ਦੇ ਹੰਝੂਆਂ ’ਚ ਉਛਲ ਗਏ ਸਨ।
ਜਿਉਂ-ਜਿਉਂ ਬਾਪੂ ਢਹਿੰਦੀਆਂ ਕਲਾਵਾਂ ਵੱਲ ਜਾ ਰਿਹਾ ਸੀ, ਮਾਂ ਆਪਣੇ ਪਹਿਲਾਂ ਵਾਲ਼ੇ ਸਰੂਪ ਵੱਲ ਪਰਤਦੀ ਗਈ ਸੀ। ਉਹਦਾ ਹਾਰ-ਸ਼ਿੰਗਾਰ ਵਧਦਾ ਗਿਆ ਸੀ। ਕੰਧਾਂ ਤੇ ਬਿਸਤਰਿਆਂ ਨੂੰ ਸੁੰਘਣਾ ਤਾਂ ਉਹ ਭੁੱਲ ਹੀ ਗਈ ਹੋਵੇ। ਬਾਪੂ ਨਾਲ ਤਲਖ਼-ਕਲਾਮੀ ਵੀ ਉਹਨੇ ਤਿਆਗ਼ ਦਿੱਤੀ ਸੀ।
ਹੁਣ ਉਹ ਬਾਪੂ ਦੇ ਮੂਹਰਿਓਂ ਸ਼ਰਾਬ ਦੀ ਬੋਤਲ ਚੁੱਕ ਲੈਂਦੀ। ਵੱਡੇ ਤੜਕੇ ਉਸਨੂੂੰੰ ਮੱਲੋ-ਜ਼ੋਰੀ ਅੱਧਰਿੜਕੇ ਦੇ ਦੋ ਗਿਲਾਸ ਪਿਆਉਂਦੀ। ਉਸਦੀ ਦਾੜੀ-ਮੁੱਛਾਂ ’ਤੇ ਆਪ ਰੰਗ ਲਗਾਉਂਦੀ। ਬਾਪੂ ਰੋਕਦਾ ਤਾਂ ਸਾਨੂੰ ਅਵਾਜ਼ ਮਾਰਦੀ, ‘ਆਓ ਮੁੰਡਿਓ! ਫੜੋ ਜ਼ਰ੍ਹਾ ਬਾਹਵਾਂ, ਇਸ ਮਾਓ ਜ਼ੇ ਤੁੰਗ ਦੀਆਂ।’ ਬਾਪੂ ਫਿੱਕਾ ਜਿਹਾ ਹੱਸ ਕੇ ਚੁੱਪ ਕਰ ਜਾਂਦਾ।
‘ਐਡੀ ਛੇਤੀ ਹਥਿਆਰ ਨਹੀਂ ਸੁੱਟੀਦੇ ਕਾਮਰੇਡ ਸਾਹਿਬ! ਤੁਸੀਂ ਆਪ ਹੀ ਤਾਂ ਲਿਖਿਐ ਕਿ ਆਸ ਦਾ ਪੱਲਾ ਨਈਂ ਛੱਡਣਾ ਚਾਹੀਦਾ। ਯਾਰ ਹੋਣਗੇ ਮਿਲਣਗੇ ਆਪੇ, ਦਿਲ ਨੂੰ ਟਿਕਾਣੇ ਰੱਖੀਏ! ਸ਼ਾਇਦ ਤੁਰ ਜਾਣ ਵਾਲੇ ਕਿਸੇ ਦਿਨ ਪਰਤ ਹੀ ਆਉਣ! ਇਹ ਵੀ ਤਾਂ ਹੋ ਸਕਦੈ ਕਿ ਕੋਈ ਨਵਾਂ ਚਿਹਰਾ…!’ ਉਹ ਮੋਹ-ਭਰੇ ਨਖ਼ਰੇ ਨਾਲ਼ ਬੋਲੀ ਜਾਂਦੀ।
ਬਾਪੂ ਨੀਵੀਂ ਪਾਈ ਫਿੱਕਾ ਜਿਹਾ ਮੁਸਕਰਾਉਂਦਾ ਰਹਿੰਦਾ।
ਇੱਕ ਸ਼ਾਮ ਦੀ ਗੱਲ ਏ। ਘੋਰ ਨਿਰਾਸ਼ਾ ’ਚ ਡੁੱਬਾ ਬਾਪੂ ਡੁੱਬਦੇ ਸੂਰਜ ਵੱਲ ਇਉਂ ਵੇਖ ਰਿਹਾ ਸੀ, ਜਿਉਂ ਉਹਨੂੰ ਆਖ਼ਰੀ ਵਾਰ ਵੇਖ ਰਿਹਾ ਹੋਵੇ।
‘ਤੁਸੀਂ ਕਿਉਂ ਤੋਰੀ ਵਾਂਗੂ ਮੂੰਹ ਲਮਕਾਇਆ?’ ਉਹਨੂੰ ਹਲੂਣਦਿਆਂ ਮਾਂ ਨੇ ਪੁੱਛਿਆ ਸੀ।
ਬਾਪੂ ਕੁਝ ਨਹੀਂ ਸੀ ਬੋਲ ਸਕਿਆ। ਮੂੰਹ ਭੰਵਾਂ ਕੇ ਡੁਸਕਣ ਲੱਗ ਪਿਆ ਸੀ।
ਮਾਂ ਕਾਹਲੇ ਕਦਮਾਂ ਨਾਲ਼ ਅੰਦਰੋਂ ਬਾਪੂ ਦੀ ਕਿਤਾਬ ਚੁੱਕ ਲਿਆਈ ਸੀ। ਕਾਹਲ਼ੀ-ਕਾਹਲ਼ੀ ਪੰਨੇ ਫਰੋਲ਼ਦਿਆਂ ਉਸ ਕਿਤਾਬ ’ਚੋਂ ‘ਦਿਲ ਤੋ ਹਾਰਿਆਂ ਦੇ ਨਾਂ’ ਮਜ਼ਮੂਨ ਲੱਭ ਲਿਆ ਸੀ।
‘ਦੋਸਤੋ…ਜ਼ਿੰਦਗੀ ’ਚ ਕਦੇ ਵੀ ਰੀ-ਟੇਕ ਨਹੀਂ ਹੁੰਦਾ।…’ ਉਹ ਉੱਚੀ-ਉੱਚੀ ਪੜ੍ਹਨ ਲੱਗੀ।
‘…ਮੰਨਿਆਂ ਕਿ ਉਦਾਸ ਹੋਣਾ ਇਨਸਾਨ ਦਾ ਹੱਕ ਹੈ ਪਰ ਨਿਰਾਸ਼ਤਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ, ਉਸ ਦੇ ਦਿਲ ਅੰਦਰ। ਤੁਰਦੇ-ਤੁਰਦੇ ਅੱਧਵਾਟੇ ਦਿਲ ਹਾਰ ਬਹਿਣਾ ਠੀਕ ਨਹੀ, ਜ਼ਿੰਦਗੀ ਕੁਝ ਹੋਰ ਵੀ ਹੈ, ਮੌਤ ਦੀ ਉਡੀਕ ਨਹੀਂ। ਧਾਰਮਿਕ ਲੋਕ ਜੋ ਪਰਮਾਤਮਾ ਦੇ ਹੁਕਮ ਨੂੰ ਅਟੱਲ ਮੰਨਦੇ ਹਨ, ਉਨ੍ਹਾਂ ਕੋਲ਼ ਤਾਂ ਕੋਈ ਤਰਕ ਹੀ ਨਹੀਂ ਬਚਦਾ ਕਿ ਕਿਸੇ ਨੂੰ ਮਿਹਣੇ ਮਾਰਨ ਤੇ ਨਿਰਾਸ਼ਤਾ ’ਚ ਡੁੱਬ ਜਾਣ! ਹਰ ਚੰਗੀ-ਮੰਦੀ ਘਟਨਾ ਲਈ ਉਨ੍ਹਾਂ ਦਾ ਪ੍ਰਤੀਕਰਮ ਹਮੇਸ਼ਾ ਉਸਾਰੂ ਹੋਣਾ ਚਾਹੀਦਾ ਹੈ।’
ਬਾਪੂ ਕੋਲ਼ ਮੂੰਹ ਉਠਾਉਣ ਤੋਂ ਬਗ਼ੈਰ ਕੋਈ ਚਾਰਾ ਨਹੀਂ ਸੀ ਬਚਿਆ।
‘…ਉਹ ਜੋ ਆਪਣੇ ਆਪ ਨੂੰ ਨਾਸਤਕ ਆਖਦੇ ਹਨ। ਉਨ੍ਹਾਂ ਕੋਲ਼ ਤਾਂ…।’
ਬਾਪੂ ਨੇ ਇਸ਼ਾਰੇ ਨਾਲ਼ ਮਾਂ ਨੂੰ ਚੁੱਪ ਹੋ ਜਾਣ ਲਈ ਆਖਿਆ ਸੀ।
‘…ਆਪਣੀ ਕਿਸਮ ਦੇ ਦਾਅਵੇ ਹੁੰਦੇ ਹਨ।…’ ਮਾਂ ਨੇ ਪੜ੍ਹਨਾ ਜਾਰੀ ਰੱਖਿਆ ਸੀ।
‘…ਉਹ ਖੁਦ ਨੂੰ ਹਾਲਾਤ ਦੀ ਉਪਜ ਮੰਨਦੇ ਨੇ ਤੇ ਉਨ੍ਹਾਂ ਦੀ ਸੋਚ ਅਨੁਸਾਰ ਉਹ ਹਾਲਾਤ ਦੇ ਸਿਰਜਕ ਵੀ ਹੁੰਦੇ ਨੇ। ਫਿਰ ਉਹ ਕਿਸ ਤਰ੍ਹਾਂ ਡੋਲ ਸਕਦੇ ਹਨ ਅਗਰ ਉਹ ਇਹ ਸਮਝਦੇ ਹਨ ਕਿ….!’
‘ਬੱਸ ਵੀ ਕਰ ਹੁਣ, ਸੁਖਜੀਤ ਕੁਰੇ!’ ਅੱਖਾਂ ਪੂੰਝਦਿਆਂ ਬਾਪੂ ਮੁਸਕਰਾ ਪਿਆ ਸੀ।
ਮਾਂ ਨੇ ਪੜ੍ਹਨਾ ਬੰਦ ਕਰ ਦਿੱਤਾ ਤੇ ਬਾਪੂ ਦੀਆਂ ਅੱਖਾਂ ’ਚ ਸਿੱਧਾ ਝਾਕਦਿਆਂ, ਮੁਸਕਰਾ ਕੇ ਬੋਲੀ ਸੀ,’ਕੀ ਇਹ ਤੁਹਾਡੇ ਸ਼ਬਦ ਨਹੀਂ ਜਨਾਬ?’
‘ਹੋਣਗੇ! ਫਿਰ ਕੀ ਕਰਾਂ ਮੈਂ?’ ਬਾਪੂ ਨੇ ਥੋੜ੍ਹਾ ਖਿੱਝ ਕੇ ਪੁੱਛਿਆ ਸੀ।
‘ਕਰਨ ਨੂੰ ਅਸੀਂ ਕਿਹੜਾ ਕੱਥਕ ਕਰਵਾਉਣਾ ਜੀ, ਤੁਹਾਡੇ ਕੋਲ਼ੋਂ! ਬੱਸ ਆਪਣੇ ਸਿਰਜੇ ਹੋਏ ਸ਼ਬਦਾਂ ’ਤੇ ਪਹਿਰਾ ਦਿਓ, ਜਨਾਬ!’ ਪਤਾ ਨਹੀਂ ਮਾਂ ਨੇ ਇਹ ਲਫ਼ਜ਼ ਗੰਭੀਰਤਾ ਨਾਲ਼ ਕਹੇ ਸਨ ਕਿ ਮਜ਼ਾਕ ਵਿਚ। ਬਾਪੂ ਸ਼ਾਂਤ ਹੋ ਗਿਆ ਸੀ। ਉਹਨੇ ਸਿਰ ਹਿਲਾਇਆ ਸੀ। ਸਮਝ ਨਹੀਂ ਸੀ ਆ ਰਹੀ, ਸਹਿਮਤੀ ’ਚ ਕਿ ਅਸਹਿਮਤੀ ’ਚ। ਉਦਾਸੀ ਛੰਡਦਿਆਂ, ਉਹ ਮਾਂ ਵੱਲ ਵੇਖਣ ਲੱਗ ਪਿਆ ਸੀ। ਉਸ ਦੇ ਮਨ ’ਚ ਸਾਡੀ ਮਾਂ ਲਈ ਇੱਜ਼ਤ ਸੀ ਕਿ ਘਿਰਣਾ, ਓਸ ਘੜੀ ਇਹ ਸਮਝਣਾ ਡਾਹਢਾ ਔਖਾ ਸੀ।
ਉਸਨੇ ਡੁਬੱਦੇ ਸੂਰਜ ਤੋਂ ਪਿੱਠ ਕਰ ਲਈ ਤੇ ਉਦਾਸ ਅੱਖਾਂ ਨਾਲ਼ ਫੁੱਲਾਂ ਨੂੰ ਵੇਖਣ ਲੱਗ ਪਿਆ।
‘ਅੱਜ ਫਿਰ ਕਿ੍ਹੜਾ ਸੂਟ ਪਰੈੱਸ ਕਰਾਂ?’ ਕਿਸੀ-ਕਿਸੀ ਸਵੇਰ ਮਾਂ ਨਖ਼ਰੇ ਨਾਲ਼ ਪੁੱਛਦੀ।
‘ਕਰਦੇ ਜਿਹੜਾ ਕਰਨਾ!’ ਬਾਪੂ ਲਾਪ੍ਰਵਾਹੀ ’ਚ ਜਵਾਬ ਦਿੰਦਾ।
‘ਪਤਾ ਤਾਂ ਲੱਗੇ ਕਿ ਅੱਜ ‘ਉਨ੍ਹਾਂ’ ਕਿਹੜੇ ਰੰਗ ਦਾ ਸੂਟ ਪਾ ਕੇ ਆਉਣਾ?’ ਮਾਂ ਨਖ਼ਰੇ ਨਾਲ਼ ਪੁੱਛਦੀ ਤਾਂ ਬਾਪੂ ਬਨਾਉਟੀ ਜਿਹਾ ਗੁੱਸਾ ਜ਼ਾਹਰ ਕਰਦਿਆਂ, ਕਮਰੇ ’ਚੋਂ ਬਾਹਰ ਨਿਕਲ ਜਾਂਦਾ।
ਹੁਣ ਉਹ ਬਾਪੂ ਨੂੰ ਸਵੇਰ ਵੇਲੇ ਸੈਰ ’ਤੇ ਵੀ ਲੈ ਜਾਂਦੀ।
ਜਦ ਕਦੇ ਬਾਪੂ ਟਾਲ਼-ਮਟੋਲ ਕਰਦਾ ਤਾਂ ਹੱਸ ਕੇ ਪੁੱਛਦੀ,’ਲੇਖਕ ਸਾਹਬ, ਕਦੇ ਤੁਸੀਂ ਪ੍ਰਗਤੀਵਾਦੀ ਬਣੇ, ਕਦੇ ਮਾਨਵਵਾਦੀ ਤੇ ਕਦੇ ਆਹ ਵਾਦੀ, ਕਦੇ ਉਹ ਵਾਦੀ। ਦੱਸੋ ਜੇ ਕਦੇ ਰੋਕਿਆ-ਟੋਕਿਆ ਹੋਏ ਅਸੀਂ ਤੁਹਾਨੂੰ? ਹੁਣ ਤੁਸੀਂ ਇਉਂ ਨਿਰਾਸ਼ਾਵਾਦੀ ਬਣੋ, ਇਹ ਬਿਲਕੁਲ ਵੀ ਮਨਜ਼ੂਰ ਨਈਂ ਸਾਨੂੰ! ਗ਼ਮ ਨੂੰ ਇਉਂ ਵੀ ਦਿਲ ’ਤੇ ਨਹੀਂ ਲਾਈਦਾ ਜਨਾਬ। ਜੋ ਹੋਣਾ ਹੁੰਦਾ, ਉਹੀ ਤਾਂ ਹੁੰਦਾ। ਪਹਾੜ ਦੀ ਚੋਟੀ ਤੋਂ ਬਾਅਦ ਢਲਾਨ ਹੀ ਤਾਂ ਹੁੰਦੀ ਹੈ। ਤੁਸੀਂ ਆਪ ਹੀ ਤਾਂ ਲਿਖਿਐ ਕਿ ਵਿਛੋੜੇ ਦਾ ਬੀਜ ਵਸਲ ਦੀ ਮਿੱਟੀ ’ਚ ਹੀ ਪੁੰਗਰਦੈ ਤੇ ਇਹ ਮੁਹੱਬਤ ਅਕਸਰ ਨਫ਼ਰਤ ਦੀ ਭੂਮਿਕਾ ਹੀ ਸਾਬਿਤ ਹੁੰਦੀ ਏ।’
ਬਾਪੂ ਕੁਝ ਨਾ ਬੋਲਦਾ। ਮਾਂ ਨੂੰ ਮੁਸਕਰਾ ਕੇ ਵੇਖਦਾ ਰਹਿੰਦਾ।
‘…ਹੁਣ ਕਿਸ ਮੂੰਹ ਨਾਲ਼, ਹਕੀਕਤ ਤੋਂ ਮੂੰਹ ਮੋੜ ਰਹੇ ਹੋ? ਇਹ ਵਿਛੋੜਾ ਕਿਹੜਾ ਖ਼ਲਾਅ ’ਚੋਂ ਉੱਗਿਐ? ਇਹ ਵੀ ਤਾਂ ਹਾਲਾਤ ਦੀ ਹੀ ਉਪਜ ਐ। ਕਿਹੜੇ ਭਾਰੇ-ਭਾਰੇ ਲਫ਼ਜ਼ ਵਰਤਦੇ ਹੁੰਦੇ ਸੋ ਤੁਸੀਂ? ਹਾਂ, ਯਾਦ ਆਇਆ, ਪਦਾਰਥਕ ਪ੍ਰਸਥਿਤੀਆਂ ਦੀ ਉਪਜ! ਨਾਲ਼ੇ ਉਹਦੇ ਜਾਣ ਦਾ ਐਡਾ ਵੀ ਕੀ ਦੁੱਖ? ਉਹ ਕਿਹੜੀ ਲਾਵਾਂ ਲੈ ਕੇ ਆਈ ਸੀ, ਤੁਹਾਡੀ ਜ਼ਿੰਦਗੀ ਵਿਚ?…’
ਬਾਪੂ ਹੱਥ ਜੋੜਦਿਆਂ ਉਹਨੂੰ ਚੁੱਪ ਹੋ ਜਾਣ ਦਾ ਵਾਸਤਾ ਪਾਉਂਦਾ, ਪਰ ਉਹ ਬੋਲੀ ਜਾਂਦੀ।
‘…ਦੱਸੋ ਐਡੀ ਵੀ ਕੀ ਅਨਹੋਣੀ ਹੋ ਗਈ ਏ ਜੀ ਤੁਹਾਡੇ ਨਾਲ਼? ਫਿਕਰ ਕਾਹਤੋਂ ਕਰਦੇ ਪਏ ਓ ਜਨਾਬ? ਆਹ ਸੁਖਜੀਤ ਕੌਰ ਹਾਲੇ ਜਿਉਂਦੀ ਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਚਾਰ ਲਾਵਾਂ ਲੈ ਕੇ ਤੁਹਾਡੇ ਲੜ ਲੱਗੀ ਸਾਂ ਮੈਂ। ਮੌਤ ਤੱਕ ਇਹ ਨਈਂ ਮੋੜਨ ਲੱਗੀ, ਮੁੱਖ ਤੁਹਾਥੋਂ!’
ਬਾਪੂ ਨੂੰ ਆਖਰ ਮੁਸਕਰਾਉਣਾ ਪੈਂਦਾ। ਉਸ ਦੀਆਂ ਵੈਰਾਨ ਜਿਹੀਆਂ ਅੱਖਾਂ ’ਚ ਮੋਹ ਉਮੜ ਆਉਂਦਾ। ਓਸ ਪਲ ਉਹ ਮਾਂ ਵੱਲ ਇਉਂ ਵੇਖਦਾ, ਜਿਉਂ ਉਸ ’ਤੇ ਰੱਬ ਜੇਡਾ ਯਕੀਨ ਹੋਵੇ।
‘ਵੇਖੀ ਆ ਜਨਾਬ, ਤਾ੍ਹਢੀ ਉਹ ਪੂਨਮ ਮੈਡਮ ਵੀ!…’ ਮਾਂ ਗੱਲ ਨੂੰ ਅਗਾਂਹ ਤੋਰਦੀ।
‘…ਦਰਪਣ ’ਚ ਖੁਦ ਨੂੰ ਵੀ ਵੇਖਿਆ ਹੈ ਹਜ਼ਾਰ ਵਾਰ! ਐਡੀ ਵੀ ਹੂਰਾ-ਪਰੀ ਨਹੀਂ ਐ ਉਹ ਤੇ ਨਾ ਹੀਂ ਅਸੀਂ ਵੀ ਕੋਈ ਐੇਡੇ ਗਏ ਗੁਜ਼ਰੇ ਆਂ!’ ਮਾਂ ਮਾਣ ’ਚ ਗੱਲ ਮੁਕਾਉਂਦੀ।
‘ਕਿਹੜੀਆਂ ਸੋਚਾਂ ’ਚ ਡੁੱਬ ਗਿਆਂ ਏਂ, ਕਰਨ ਪੁੱਤਰ?’ ਆਂਟੀ ਦੇ ਸਵਾਲ ਨੇ ਹਲੂਣ ਸੁੱਟਿਆ ਸੀ ਮੈਨੂੰ।
ਮੈਂ ਡੌਰ-ਭੌਰ ਹੋਏ ਨੇ ਆਲ਼ੇ-ਦੁਆਲ਼ੇ ਵੇਖਿਆ। ਪਤਨੀ ਟ੍ਰੇਅ ’ਚ ਖ਼ਾਲੀ ਕੱਪ ਰੱਖ ਕੇ ਤੁਰੀ ਜਾ ਰਹੀ ਸੀ।
‘ਸੱਚ ਆਖਾਂ ਕਰਨ ਪੁੱਤਰ…ਦਿਨ ਢਲੇ, ਜਦ ਬੰਦਾ ਮੰਜ਼ਿਲ ਦੇ ਕਰੀਬ ਪਹੁੰਚਦੈ ਤਾਂ ਉਹ ਰਾਹਵਾਂ ’ਚ ਹੋਈਆਂ ਭੁੱਲਾਂ ਦਾ ਹਿਸਾਬ ਕਰਨ ਲੱਗ ਜਾਂਦਾ। ਖ਼ੂਬਸੂਰਤ ਦ੍ਰਿਸ਼ਾਂ ਤੇ ਬੰਦਿਆਂ ਦੀ ਯਾਦ ਉਹਨੂੰ ਸਕੂਨ ਘੱਟ ਤੇ ਤੜਫ਼ ਜ਼ਿਆਦਾ ਬਖ਼ਸ਼ਦੀ ਏ! ਸਿਖ਼ਰ-ਦੁਪਹਿਰੇ ਹੋਈਆਂ ਭੁੱਲਾਂ ਉਹਨੂੰ ਪਛਤਾਵੇ ਨਾਲ਼ ਭਰ ਦਿੰਦੀਆਂ ਨੇ। ਦੁਨੀਆਂ ’ਚ ਕਿਸੇ ਨੂੰ ਕੋਈ ਖ਼ਬਰ ਹੋਵੇ ਜਾਂ ਨਾ ਪਰ ਕਾਤਲ ਨੂੰ ਆਪਣੇ ਗੁਨਾਹ ਦਾ ਅਹਿਸਾਸ ਹੁੰਦੈ। ਇਹ ਅਹਿਸਾਸ ਉਹਨੂੰ ਨਾ ਤਾਂ ਚੰਗੀ ਤਰ੍ਹਾਂ ਜਿਉਣ ਦਿੰਦੈ ਤੇ ਨਾ ਹੀ ਮਰਨ ਦਿੰਦਾ। ਸੱਚੀ ਗੱਲ ਤਾਂ ਇਹ ਹੈ ਕਿ…’ ਮੈਂ ਹੈਰਾਨ ਹੋਈ ਜਾ ਰਿਹਾ ਸਾਂ। ਉਹੀ ਬਾਪੂੂ ਵਾਲ਼ਾ ਅੰਦਾਜ਼ ਅਤੇ ਉਹੀ ਬਾਪੂ ਜਿਹੀਆਂ ਗੱਲਾਂ!
‘…ਜਗਰੂਪ ਸਰ ਦਾ ਤਾਂ ਕਸੂਰ ਹੀ ਨਹੀਂ ਸੀ ਕੋਈ। ਆਪਣੇ ਘਰ ਤੇ ਆਪਣੀ ਜ਼ਿੰਦਗੀ ’ਚ ਪੂਰੇ ਤਰ੍ਹਾਂ ਰਚੇ-ਮਿਚੇ ਸਨ ਉਹ। ਰੱਬ ਦਾ ਦਿੱਤਾ ਸਭੋ ਕੁਸ਼ ਸੀ ਉਨ੍ਹਾਂ ਕੋਲ਼! ਮੈਂ ਹੀ ਚੰਦਰੇ ਵਕਤਾਂ ਦੀ ਝੰਬੀ ਹੋਈ ਸਾਂ। ਮੇਰੇ ਪੱਲੇ ਦੀਆਂ ਤਾਂ ਚਾਰੋਂ ਕੰਨੀਆਂ ਸੱਖਣੀਆਂ ਸਨ, ਪੁੱਤਰਾ! ਮੈਨੂੰ ਹੀ ਕਿਸੇ ਭਰੋਸੇਯੋਗ ਸਾਥ ਦੀ ਤਲਾਸ਼ ਸੀ!…’ ਠੰਢਾ ਹਉਕਾ ਭਰਦਿਆਂ ਪਛਤਾਵੇ ’ਚ ਸਿਰ ਹਿਲਾਉਣ ਲੱਗ ਪਈ ਸੀ ਉਹ।
‘..ਲੰਬੇ-ਝੰਬੇ, ਹੈਂਡਸਮ ਤੇ ਕਮਾਲ ਦੇ ਬੁਲਾਰੇ ਸਨ ਤੇਰੇ ਪਾਪਾ! ਉਨ੍ਹਾਂ ਨੂੰ ਪਹਿਲੀ ਨਜ਼ਰੇ ਵੇਖਦਿਆਂ ਮਹਿਸੂਸ ਹੋਇਆ ਸੀ ਕਿ ਇਸ ਬੰਦੇ ਕੋਲ਼ ਦੁਨੀਆਂ ਨਾਲ਼ੋਂ ‘ਕੁਝ’ ਤਾਂ ਵੱਖਰਾ ਜ਼ਰੂਰ ਏ। ਧੁਰ-ਦਿਲੋਂ ਆਵਾਜ਼ ਆਈ ਸੀ ਕਿ ਜਿਉਣ-ਢੰਗ ਤੋਂ ਲੈ ਕੇ ਮਰਨ ਦੇ ਸਲੀਕੇ ਤੱਕ, ਇਸ ਕੋਲ਼ੋਂ ਕੁਝ ਵੀ ਸਿੱਖਿਆ ਜਾ ਸਕਦੈ। ਮੈਂ ਉਨ੍ਹਾਂ ਦੇ ਹੌਲ਼ੀ-ਹੌਲ਼ੀ ਕਰੀਬ ਆਈ ਸਾਂ। ਬਹੁਤ ਦੇਰ ਸ਼ਾਇਦ ਉਨ੍ਹਾਂ ਨੂੰ ਵੀ ਅਹਿਸਾਸ ਨਈਂ ਸੀ ਹੋਣ ਦਿੱਤਾ! ਆਪਣੇ ਦੁੱਖ ਸੁਣਾ ਕੇ ਪਹਿਲਾਂ ਤਾਂ ਮੈਂ ਉਨ੍ਹਾਂ ਦੀ ਹਮਦਰਦੀ ਖੱਟੀ ਤੇ ਫਿਰ ਉਸ ਹਮਦਰਦੀ ਨੂੰ….!’ ਉਹ ਚਾਣਚਕ ਚੁੱਪ ਹੋ ਗਈ ਸੀ ।
‘…ਕਾਸ਼ ਅੱਜ ਤੇਰੀ ਮਾਂ ਜਿਉਂਦੀ ਹੁੰਦੀ !…’ ਉਦਾਸ ਜਿਹੀ ਮੁਸਕਾਨ ਨਾਲ਼ ਉਸ ਨੇ ਨਵੀਂ ਗੱਲ ਦੀ ਤੰਦ ਛੋਹ ਲਈ।
‘…ਮੈਂ ਉਸ ਕੋਲ਼ੋਂ ਹੱਥ ਜੋੜ ਕੇ ਮੁਆਫ਼ੀ ਮੰਗ ਲੈਂਦੀ।’ ਇਹ ਆਖ ਉਸ ਨੇ ਚਿਹਰੇ ਨੂੰ ਝੁਰੜਾਏ ਹੱਥਾਂ ’ਚ ਲੁਕੋ ਲਿਆ ਸੀ।
ਮੈਨੂੰ ਮਾਂ ਦੇ ਆਖਰੀ ਦਿਨ ਯਾਦ ਆ ਗਏ ਸਨ।
ਬਾਪੂ ਵੀ ਮਾਂ ਅੱਗੇ ਹੱਥ ਜੋੜ-ਜੋੜ ਭੁੱਲਾਂ ਬਖ਼ਸ਼ਾਉਂਦਾ ਹੁੰਦਾ ਸੀ। ਮਾਂ ਕੌੜਾ ਜਿਹਾ ਮੁਸਕਰਾ ਛੱਡਦੀ। ਧੀਮੀ ਤੇ ਟੁੱਟਵੀਂ ਜਿਹੀ ਆਵਾਜ਼ ’ਚ ਬਾਪੂ ਨੂੰ ਸਵਾਲ ਕਰਦੀ,’ਤੁ..ਅਸੀ ਕੀਅ.. ਕੀ…ਅਤਾ? ਹੈਂਅ?’
ਬਾਪੂ ਇੱਕ-ਇੱਕ ਕਰਕੇ ਆਪਣੀਆਂ ਗ਼ਲਤੀਆਂ ਗਿਣਾਉਣ ਲੱਗ ਜਾਂਦਾ। ਸੱਜੇ ਹੱਥ ਦੀ ਪਹਿਲੀ ਉਂਗਲ਼ ਨੂੰ ਨਾਂਹ ਦੇ ਭਾਵ ’ਚ ਹਿਲਾਉਂਦੀ ਹੋਈ ਉਹ ਕਹਿੰਦੀ,’ਇਉਂ..ਨਾ…ਕਹੋ! ਬੱਅਚੇ ਸੁਅਣਦੇ ਨੇ! ਤਾ੍ਹਅਡੇ ਜਿਨ੍ਹਾਂ ਪਿਆ..ਰ ਭਅਲਾ ਕਿਅਨੇ ਕਅਰਨਾ ਹੋਇਆ? ਉਹ ਵੀ ਮੇਰੇ ਜੇਹੀ ਆਮ ਔਰਤ ਨੂੰ!’
ਅਜਿਹੀ ਗੱਲ ਸੁਣ ਕੇ ਬਾਪੂ ਹੋਰ ਵੀ ਤੜਫ਼ ਉੱਠਦਾ।
‘ਤੂੰ ਆਮ ਔਰਤ ਕਿਵੇਂ ਹੋਈ?’ ਉਹ ਸਵਾਲ ਕਰਦਾ।
‘ਨਾ ਕੁਅਝ ਲਿਅਖਣ ਦੀ ਅਕਲ, ਨਾ ਪਅੜ੍ਹਨ ਦੀ!’ ਉਹ ਨਿਰਾਸ਼ਾ ’ਚ ਬੋਲਦੀ।
‘ਹੁਣ ਤਾਂ ਮੁਆਫ਼ ਕਰਦੇ ਮੈਨੂੰ!’ ਮਾਂ ਨੂੰ ਬੁੱਕਲ ’ਚ ਲੈਂਦਿਆਂ, ਉਹ ਡੁਸਕਣ ਲੱਗ ਜਾਂਦਾ।
‘ਮੇਰੇ ਮਅਨ ’ਚ ਤਾਂ ਕੁਅਝ ਵੀ ਨਅਈਂ! ਮੁਆਫ਼ੀਆਂ.ਆਂ.ਆਂ! ਸਭ ਨੂੰ ਮੁਆਫ਼ੀਆਂ..ਆਂ…ਆਂ!’ ਮਾਂ ਦੀਆਂ ਖ਼ਾਲੀ-ਖ਼ਾਲੀ ਅੱਖਾਂ ਹੰਝੂਆਂ ’ਚ ਡੁੱਬ ਜਾਂਦੀਆਂ।
‘…ਮੇਰੇ ਕੋਲ਼ ਤਾਂ ਹੁਣ ਕੰਧਾਂ ਹੀ ਬਚੀਆਂ ਨੇ, ਦੁੱਖ-ਸੁੱਖ ਸਾਂਝਾ ਕਰਨ ਵਾਸਤੇ!’ ਉਵੇਂ ਹੱਥਾਂ ’ਚ ਲੁਕੇ ਚਿਹਰੇ ਨੂੰ ਸੱਜੇ-ਖੱਬੇ ਹਿਲਾਉਂਦਿਆਂ ਪੂਨਮ ਆਂਟੀ ਅਗਾਂਹ ਬੋਲੀ ਸੀ।
‘ਆਂਟੀ ਜੀ, ਇਸ ਗੱਲ ਦੀ ਕਦੇ ਸਮਝ ਨਹੀਂ ਆਈ ਕਿ ਤੁਸੀਂ ਪਾਪਾ ਕੋਲ਼ੋਂ ਦੂਰ ਕਿਉਂ ਹੋ ਗਏ?’ ਮਨ-ਮਸਤਕ ’ਤੇ ਵਰਿ੍ਹਆਂ ਤੋਂ ਬੋਝ ਬਣੇ ਸਵਾਲ ਨੂੰ ਪੁੱਛਣ ਵਾਸਤੇ ਮਿਲਿਆ ਮੁਨਾਸਿਬ ਮੌਕਾ ਮੈਂ ਸੰਭਾਲ਼ ਲਿਆ।
ਮੇਰੀ ਗੱਲ ਸੁਣ ਕੇ ਉਹ ਸੋਚੀਂ ਪੈ ਗਈ।
‘ਇਸ ਸਵਾਲ ਦਾ ਜਵਾਬ ਏਡਾ ਸੌਖਾ ਤੇ ਸਿੱਧਾ ਨਈਂ ਪੁੱਤਰਾ। ਤੂੰ ਮੇਰਾ ਪਤਾ ਨੋਟ ਕਰ…’ ਬੈਂਤ ਦੀ ਕੁਰਸੀ ਨਾਲ਼ ਟਿਕਾਈ ਖੂੰਡੀ ਨੂੰ ਹੱਥ ਪਾਉਂਦਿਆ, ਉਨ੍ਹਾਂ ਮੈਨੂੰ ਮਿੱਠਾ ਜਿਹਾ ਘੂਰਿਆ ਸੀ।
‘…ਜਦੋਂ ਦਿਲ ਕਰੇ, ਆ ਜਾਈਂ!’ ਮੈਨੂੰ ਆਪਣਾ ਪਤਾ ਲਿਖਵਾਉਂਦਿਆਂ ਉਹ ਲਹਿੰਦੇ ਵੱਲ ਸਰਕ ਚੁੱਕੇ ਸੂਰਜ ਨੂੰ ਵੇਖਦੀ ਰਹੀ ਸੀ।
ਫਿਰ ਉਹ ਉੱਠ ਖੜੋਤੀ ਸੀ।
‘ਆਂਟੀ ਜੀ ਏਡੀ ਕਾਹਲ? ਆਓ ਥੋੜ੍ਹਾ ਹੋਰ ਬਹਿੰਦੇ ਆਂ!’ ਰਾਜਪ੍ਰੀਤ ਕਾਹਲ਼ੇ ਕਦਮਾ ਨਾਲ਼ ਕੋਲ਼ ਆਉਂਦਿਆਂ ਬੋਲੀ।
‘ਹੁਣ ਤੁਸੀਂ ਆਇਓ!’ ਉਦਾਸ ਅੱਖਾਂ ਨਾਲ਼ ਘਰ ਨੂੰ ਨਿਹਾਰਦੀ ਉਹ ਚਲੀ ਗਈ ਸੀ।
ਮਨ-ਮਸਤਕ ’ਚ ਖੋਰੂ ਪਾਉਂਦੇ ਸਵਾਲ ਦਾ ਬੋਝ ਚੁੱਕੀ ਅੱਜ ਮੈਂ ਪੂਨਮ ਆਂਟੀ ਦੇ ਘਰ ਮੂਹਰੇ ਪਹੁੰਚ ਗਿਆ ਹਾਂ।
ਖੂੰਡੀ ਦੀ ‘ਠੱਕ-ਠੱਕ’ ਨੇ ਦਰਵਾਜ਼ੇ ਤੱਕ ਪਹੁੰਚਣ ਲਈ ਕਾਫ਼ੀ ਦੇਰ ਲਗਾ ਦਿੱਤੀ ਹੈ।
‘ਹੈਂਅ! ਕਰਨ ਪੁੱਤ ਤੂੰ? ਮੋਸਟ ਵੈਅਲ-ਕਮ!!’ ਉਸ ਦੇ ਝੁਰੜਾਏ ਚਿਹਰੇ ’ਤੇ ਖ਼ੁਸ਼ੀ ਟਹਿਕ ਪਈ ਏ।
‘ਮੈਂ ਤਾਂ…’ ਉਹਨੇ ਰਤਾ ਕੁ ਰੁਕਦਿਆਂ ਸਾਹ ਲਿਆ।
‘…ਉਸੀ ਦਿਨ ਤੋਂ ਉਡੀਕ ਰਹੀ ਆਂ ਤੈਨੂੰ!’ ਰੁਕ-ਰੁਕ ਕੇ ਗੱਲਾਂ ਕਰਦੀ ਉਹ ਹੌਲ਼ੀ-ਹੌਲ਼ੀ ਵਰਾਂਡੇ ਵੱਲ ਨੂੰ ਤੁਰ ਪਈ ਏ।
ਛੋਟਾ, ਪੁਰਾਣਾ ਪਰ ਡਾਹਢਾ ਕਲਾਤਮਕ ਜਿਹਾ ਘਰ ਏ।
ਉਵੇਂ ਡਾਂਟਾਂ ਵਾਲ਼ਾ ਵਰਾਂਡਾ ਤੇ ਵਰਾਂਡੇ ਵਾਲ਼ੇ ਫ਼ਰਸ਼ ’ਤੇ ਉਵੇਂ ਚਿਪਸ ਦੇ ਰੰਗ-ਬਿਰੰਗੇ ਪੈਟਰਨ। ਉਸੀ ਤਰ੍ਹਾਂ ਦੇ ਫੁੱਲ-ਬੂਟੇ! ਬਨੇਰਿਆਂ ਉੱਤੇ ਜੰਗਲਿਆਂ ਦੇ ਪਾਵੇ ਵੀ ਹੂ-ਬ-ਹੂ ਉਹੀ ਨੇ। ਉਸੇ ਤਰ੍ਹਾਂ ਦਾ ਡਿਜ਼ਾਇਨ ਤੇ ਉਹੋ ਜਿਹਾ ਸੁਮੇਲ ਹੈ ਰੰਗਾਂ ਦਾ! ਵਰਾਂਢੇ ’ਚ ਪਈਆਂ ਬੈਂਤ ਦੀਆਂ ਕੁਰਸੀਆਂ ਵੀ ਉਸੀ ਰੰਗ-ਢੰਗ ਦੀਆਂ ਨੇ।
ਇੱਕ ਛਿਣ ਲਈ ਮੈਨੂੰ ਲੱਗਿਆ ਜਿਉਂ ਸਾਡੇ ਘਰ ਨੂੰ ਛੋਟਾ ਕਰ ਦਿੱਤਾ ਗਿਆ ਹੋਵੇ।
‘ਉਹ ਪਹਿਲਾਂ ਵਾਲਾ ਵੇਚ ਕੇ ਮੈਂ ਇਹ ਘਰ ਬਣਾਇਆ ਸੀ!’ ਮੈਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਉਹ ਉਦਾਸ ਜਿਹਾ ਮੁਸਕਰਾਈ ਏ।
ਕੁਰਸੀਆਂ ਸਾਹਵੇਂ ਪਏ ਬੌਣੇ ਜਿਹੇ ਟੇਬਲ ’ਤੇ ਕੋਈ ਪੁਸਤਕ ਖੁੱਲ੍ਹੀ ਪਈ ਏ।
‘ਮੈਨੂੰ ਇਨ੍ਹਾਂ ਪੁਸਤਕਾਂ ਦੇ ਲੜ ਵੀ ਤੇਰੇ ਪਾਪਾ ਲਗਾ ਗਏ ਸੀ!…’ ਖੁੱਲੀ ਕਿਤਾਬ ਨੂੰ ਸਤਿਕਾਰ ਤੇ ਸਲੀਕੇ ਨਾਲ਼ ਬੰਦ ਕਰਦਿਆਂ ਉਹ ਨਿੱਕਾ ਜਿਹਾ ਹੱਸ ਪਈ ਏ।
‘…ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਬੇਨਾਮ ਰਿਸ਼ਤੇ ਹਮੇਸ਼ਾਂ ਲਈ ਨਈਂ ਨਿਭਦੇ ਹੁੰਦੇ। ਉਂਝ ਵੀ ਤਨਹਾਈ ਦਾ ਕੋਈ ਤੋੜ ਤਾਂ ਹੋਣਾ ਚਾਹੀਦੈ ਬੰਦੇ ਕੋਲ਼! ਉਹ ਮੇਰੀ ਜ਼ਿੰਦਗੀ ’ਚ ਆਏ ਤਾਂ ਮੈਂ ਸਾਰੀ ਦੁਨੀਆਂ ਭੁੱਲ ਗਈ! ਜਦੋਂ ਗਏ ਤਾਂ ਬਸ ਇਹ ਕਿਤਾਬਾਂ ਯਾਦ ਆਈਆਂ। ਹੁਣ ਤਾਂ ਬਸ ਇਨ੍ਹਾਂ ਦਾ ਈ ਸਾਥ ਰਹਿ ਗਿਐ। ਤੂੰ ਰਤਾ ਗਹੁ ਨਾਲ਼ ਵੇਖ ਤਾਂ ਸਹੀ! ਮੈਂ ਤਨਹਾਈ ਜੋਗੀ ਜਗ੍ਹਾ ਛੱਡੀ ਕਿੱਥੇ ਆ! ਇਸ ਘਰ ਦਾ ਹਰ ਕੋਨਾ ਕਿਤਾਬਾਂ ਨਾਲ਼ ਭਰ ਲਿਆ ਏ। ਮੇਰੀ ਬਹੁਤੀ ਪੈਂਨਸ਼ਨ ਇਨ੍ਹਾਂ ‘ਸਹੇਲੀਆਂ’ ਦੇ ਹੀ ਲੇਖੇ ਲੱਗ ਜਾਂਦੀ ਏ। ਚੱਲ ਛੱਡ ਮੇਰੀਆਂ ਗੱਲਾਂ। ਤੂੰ ਇਹ ਦੱਸ ਕਿ ਸਾਡੀ ਨੂੰਹ-ਰਾਣੀ ਤੇ ਜਗਤ ਕਿਉਂ ਨਹੀਂ ਆਏ?’
ਕੋਈ ਝੂਠਾ ਬਹਾਨਾ ਘੜਨ ਨਾਲ਼ੋਂ ਮੈਂ ਚੁੱਪ ਰਹਿੰਦਿਆਂ ਮੁਸਕਰਾਉਣਾ ਬਿਹਤਰ ਸਮਝਿਆ।
ਮੇਰੇ ਰੋਕਦੇ-ਰੋਕਦੇ ਉਹ ਖੂੰਡੀ ਨੂੰ ਕੌਲ਼ੇ ਦੇ ਆਸਰੇ ਟਿਕਾ ਕੇ ਹੌਲ਼ੀ ਹੌਲ਼ੀ ਰਸੋਈ ਵੱਲ ਤੁਰ ਗਈ।
‘ਇਹ ਔਰਤ ਕਦੇ ਹਵਾਵਾਂ ਨਾਲ਼ ਗੱਲਾਂ ਕਰਦੀ ਹੁੰਦੀ ਸੀ!’ ਪੂਨਮ ਆਂਟੀ ਦੀ ਉਮਰ ਵਿਚੋਂ ਤੀਹ-ਪੈਂਤੀ ਵਰ੍ਹੇ ਮਨਫ਼ੀ ਕਰਦਿਆਂ, ਮੈਂ ਓਸ ਪਲ ਬਾਰੇ ਸੋਚਿਆ, ਜਦ ਬਾਪੂ ਨੇ ਇਹਨੂੰ ਪਹਿਲੀ ਵਾਰ ਵੇਖਿਆ ਹੋਵੇਗਾ। ਬਿੰਦ ਕੁ ਲਈ ਬਾਪੂ ਦੀ ਪਸੰਦ ਤੇ ਪਹੁੰਚ ’ਤੇ ਰਸ਼ਕ ਜਿਹਾ ਹੋਇਆ।
ਇੱਕ ਹੱਥ ਨਾਲ਼ ਕੰਧ ਦਾ ਆਸਰਾ ਲਈ ਤੇ ਦੂਸਰੇ ਹੱਥ ’ਚ ਸ਼ਰਬਤ ਦਾ ਗਿਲਾਸ ਫੜੀ ਉਹ ਰਸੋਈ ’ਚੋਂ ਬਾਹਰ ਆਈ। ਕਾਹਲ਼ੀ ਨਾਲ਼ ਉੱਠਦਿਆਂ ਮੈਂ ਉਸ ਹੱਥੋਂ ਗਿਲਾਸ ਫੜ ਲਿਆ। ਉਹਦਾ ਸਾਹ ਫੁੱਲਿਆ ਪਿਆ ਏ। ਆਪਣੀ ਬੇਬਸੀ ਤੋਂ ਖਿੱਝ ਕੇ ਮੱਥੇ ’ਤੇ ਤਿਊੜੀ ਪਾਉਂਦਿਆਂ ਉਹਨੇ ਛਿਣ ਕੁ ਲਈ ਅੱਖਾਂ ਮੀਟ ਲਈਆਂ।
‘ਕਰਨ ਪੁੱਤ…!’ ਉਦਾਸ ਮੁਸਕਾਨ ਨਾਲ਼ ਅੱਖਾਂ ਖੋਹਲਦਿਆਂ ਉਹਨੇ ਮੈਨੂੰ ਡਾਹਢੇ ਗਹੁ ਨਾਲ ਤੱਕਣਾ ਸ਼ੁਰੂ ਕੀਤਾ ਏ।
‘…ਆਹ ਫੁੱਲਾਂ ਦਾ ਸ਼ੌਕ ਵੀ ਜਗਰੂਪ ਸਰ ਨੇ ਹੀ ਬਖ਼ਸ਼ਿਆ ਸੀ ਮੈਨੂੰ।’ ਡਾਟਦਾਰ ਵਰਾਂਡੇ ਦੇ ਬਾਹਰ ਕਤਾਰ ’ਚ ਪਏ ਗਮਲਿਆਂ ਵੱਲ ਇਸ਼ਾਰਾ ਕਰਦਿਆਂ ਉਹ ਮੁਸਕਰਾ ਕੇ ਬੋਲੀ।
‘…ਹੁਣ ਤਾਂ ਇਨ੍ਹਾਂ ਨੂੰ ਪਾਣੀ ਵੀ ਨਈਂ ਪੈਂਦਾ! ਸਭ ਕੁਝ ਵੀਰਾਨ ਹੋ ਗਿਆ! ਮੇਰੇ ਵਾਂਗ! ਬਿਲਕੁਲ, ਮੇਰੇ ਵਾਂਗ!!’
ਰੁੰਡ-ਮਰੁੰਡ ਟੰਡਲ਼ ਮੈਨੂੰ ਸੱਚਮੁਚ ਪੂਨਮ ਆਂਟੀ ਜਿਹੇ ਮਹਿਸੂਸ ਹੋਏ ਨੇ।
‘ਆਂਟੀ ਮੇਰਾ ਉਹ ਸਵਾਲ?’ ਮੈਂ ਉਹਨੂੰ ਆਪਣੇ ਆਉਣ ਦਾ ਮਕਸਦ ਯਾਦ ਕਰਵਾਇਆ।
ਉਹ ਖਿੜਖਿੜਾ ਕੇ ਹੱਸ ਪਈ ਏ ਤੇ ਅਗਲੇ ਛਿਣ ਗੰਭੀਰ ਹੁੰਦਿਆਂ ਉਦਾਸ ਸੁਰ ’ਚ ਬੋਲੀ,’ਇਹ ਸਵਾਲ ਤਾਂ ਜਗਰੂਪ ਸਰ ਵੀ ਪੁੱਛਦੇ ਰਹੇ ਸਨ ਮੈਥੋਂ। ਇੱਕ ਵਾਰ ਨਹੀਂ, ਬਾਰ-ਬਾਰ, ਹਜ਼ਾਰ ਵਾਰ! ਉਨ੍ਹਾਂ ਤਾਂ ਮੇਰੇ ਉੱਪਰ ਬੇਵਫ਼ਾਈ ਦੀਆਂ ਤੁਹਮਤਾਂ ਵੀ ਲਗਾਈਆਂ। ਮੈਂ ਏਹੋ ਬਹਾਨਾ ਬਣਾਇਆ ਕਿ ਇਸ ਅਨੈਤਿਕ ਰਿਸ਼ਤੇ ਲਈ ਹੁਣ ਮੇਰੀ ਜ਼ਮੀਰ ਨਈਂ ਮੰਨਦੀ। ਉਨ੍ਹਾਂ ਮਿਹਣੇ ਮਾਰੇ ਕਿ ਉਨ੍ਹਾਂ ਨੂੰ ਨਈਂ, ਮੈਨੂੰ ਉਨ੍ਹਾਂ ਦੀ ਲੋੜ ਸੀ। ਖੈਰ ਇਹ ਸੀ ਵੀ ਸੱਚ! ਉਸ ਰਿਸ਼ਤੇ ਦਾ ਆਗਾਜ਼ ਮੈਂ ਹੀ ਕੀਤਾ ਸੀ। ਸੋ, ਮੈਂ ਕੀ ਸਫ਼ਾਈਆਂ ਦਿੰਦੀ। ਹੱਥ ਜੋੜ ਕੇ ਆਪਣੀਆਂ ਭੁੱਲਾਂ ਬਖ਼ਸ਼ਾ ਲਈਆਂ। ਕਾਰਨ ਦੱਸਦੀ ਵੀ ਤਾਂ ਕੀ ਦੱਸਦੀ? ਜੋ ਉਹ ਸੋਚਦੇ ਸਨ, ਉਹੋ ਜਿਹਾ ਤਾਂ ਮੇਰੀ ਜ਼ਿੰਦਗੀ ’ਚ ਕੁਝ ਵੀ ਨਈਂ ਸੀ ਵਾਪਰਿਆ। ਸੱਚ ਤਾਂ ਕੁਝ ਹੋਰ ਸੀ ਪੁੱਤਰਾ…।’
ਮੈਂ ਜਗਿਆਸਾ ਨਾਲ਼ ਨੱਕੋ-ਨੱਕ ਭਰ ਗਿਆ ਹਾਂ।
‘…ਤੇਰੇ ਪਾਪਾ ਬਹੁਤ ਰੋਏ, ਬਹੁਤ ਤੜਫ਼ੇ! ਦਰਅਸਲ, ਗਲ਼ਤ ਉਹ ਵੀ ਨਈਂ ਸਨ। ਵਿਛੜਨ ਬਾਰੇ ਤਾਂ ਆਪਾਂ ਕਦੇ ਸੁਪਨੇ ’ਚ ਵੀ ਨਈਂ ਸੀ ਸੋਚਿਆ? ਉਨ੍ਹਾਂ ਦੇ ਦਿਲ ਅੰਦਰ ਮੈਂ ਬਹੁਤ ਡੂੰਘਾ ਉੱਤਰ ਗਈ ਸਾਂ। ਮੈਂ ਕਿਹੜਾ ਕੋਈ ਘੱਟ ਤੜਫ਼ੀ ਸਾਂ! ਉਨ੍ਹਾਂ ਕੋਲ਼ ਤਾਂ ਖ਼ੂਬਸੂਰਤ ਤੇ ਰੱਜ ਕੇ ਪਿਆਰ ਕਰਨ ਵਾਲੀ ਪਤਨੀ ਸੀ। ਮੂਰਤਾਂ ਵਰਗੇ ਦੋ ਬੱਚੇ ਸਨ। ਆਪਣੇ ਖ਼ਿਆਲਾਂ ਨੂੰ ਸ਼ਬਦਾਂ ’ਚ ਢਾਲ਼ਣ ਲਈ ਕਲ਼ਾ ਸੀ ਤੇ ਗ਼ਮ ਨੂੰ ਗ਼ਲਤ ਕਰਨ ਲਈ ਸ਼ਰਾਬ ਵੀ! ਤੇ ਮੈਂ? ਮੇਰੇ ਕੋਲ਼ ਤਾਂ ਵੰਨ-ਸੁਵੰਨੇ ਦੁੱਖ ਸਨ। ਮੈਂ ਤਾਂ ਦੁਨੀਆਂ ਦੇ ਭਰੇ ਮੇਲੇ ’ਚ ਇਕੱਲੀ ਹੋ ਗਈ ਸਾਂ! ਯੱਕਦਮ ਇਕੱਲੀ!!’
ਅੱਖਾਂ ਮੀਟਦਿਆਂ ਉਹਨੇ ਸੱਜਾ ਹੱਥ ਮੱਥੇ ’ਤੇ ਰੱਖ ਲਿਆ ਏ। ਇਉਂ ਲੱਗ ਰਿਹੈ ਜਿਉਂ ਕਿ ਉਹ ਗਸ਼ ਖਾ ਕੇ ਡਿੱਗ ਜਾਏਗੀ ਤੇ ਹਮੇਸ਼ਾਂ-ਹਮੇਸ਼ਾਂ ਲਈ ਚੁੱਪ ਹੋ ਜਾਏਗੀ।
‘ਹੋਇਆ ਇਉਂ ਕਿ…!’ ਉਹ ਬੋਲੀ ਤਾਂ ਮੈਨੂੰ ਸੁੱਖ ਦਾ ਸਾਹ ਆਇਆ।
‘…ਜਗਰੂਪ ਸਰ ਉਨ੍ਹੀਂ ਦਿਨੀ ਕਿਸੇ ਸਾਹਿਤਕ ਸੰਮੇਲਨ ’ਤੇ ਕਲਕੱਤਾ ਗਏ ਹੋਏ ਸਨ। ਸਕੂਲ ਵਾਲੇ ਫੋਨ ’ਤੇ ਤੇਰੀ ਮਾਂ ਦਾ ਫੋਨ ਆਇਆ। ਮੈਂ ਪੁੱਛਿਆ ਕੌਣ ਤਾਂ ਉਨ੍ਹੇ ਬੜੀ ਸਹਿਜਤਾ ਨਾਲ ਆਪਣਾ ਪੂਰਾ ਨਾਂ-ਪਤਾ ਦੱਸਿਆ। ਇਉਂ ਜਿਉਂ ਅਸੀਂ ਇੱਕ-ਦੂਸਰੇ ਤੋਂ ਅਨਜਾਣ ਹੋਈਏ। ਮੇਰੀ ਦੇਹ ਨੂੰ ਤਾਂ ਕਾਂਬਾ ਜਿਹਾ ਛਿੜ ਗਿਆ! ਹੱਥ-ਪੈਰ ਝੂਠੇ ਪੈਣ ਲੱਗੇ। ਪਹਿਲਾਂ ਤਾਂ ਸੋਚਿਆ ਸੀ ਕਿ ਫੋਨ ਕੱਟ ਦੇਵਾਂ ਪਰ ਪ੍ਰਿੰਸੀਪਲ ਸਰ ਕੋਲ਼ ਬੈਠੇ ਸਨ। ਅਗਲੇ ਦਿਨ ਛੁੱਟੀ ਸੀ। ਤੇਰੀ ਮਾਂ ਨੇ ਮੈਨੂੰ ਬੜੇ ਸਤਿਕਾਰ ਨਾਲ਼ ਲੰਚ ਲਈ ਆਪਣੇ ਘਰ ਆਉਣ ਦਾ ਸੱਦਾ ਦਿੱਤਾ। ਬਸ ਡਰਦਿਆਂ ਹੀ ਮੈਥੋਂ ‘ਠੀਕ ਜੀ…ਥੈਂਕਸ’ ਕਹਿ ਹੋ ਗਿਆ ਸੀ। ਫਿਰ ਉਹ ਮੈਨੂੰ ਘਰ ਦਾ ਰਾਹ ਸਮਝਾਉਣ ਲੱਗ ਪਈ ਸੀ। ਇਉਂ, ਜਿਉਂ ਮੈਂ ਓਥੇ ਪਹਿਲੀ ਵਾਰ ਜਾਣਾ ਹੋਵੇ। ‘ਹਾਂ’ ਤਾਂ ਮੈਂ ਕਰ ਬੈਠੀ ਸਾਂ ਪਰ ਬਾਅਦ ’ਚ ਡਰ ਬਹੁਤ ਲੱਗਿਆ ਸੀ। ਏਹੋ ਖ਼ੌਫ ਕਿ ਮੇਰੇ ਖ਼ਿਲਾਫ ਕੋਈ ਸਾਜ਼ਿਸ਼ ਰਚੀ ਜਾ ਰਹੀ ਏ। ਜਗਰੂਪ ਸਰ ਅਕਸਰ ਤੇਰੇ ਮਾਮਿਆਂ ਦੇ ‘ਕਾਰਨਾਮਿਆਂ’ ਦਾ ਜ਼ਿਕਰ ਕਰਦੇ ਰਹਿੰਦੇ ਸਨ। ਮੈਂ ਸੋਚਿਆ ਕਿ ਤੇਰੀ ਮਾਂ ਨੇ ਆਪਣੇ ਭਰਾ ਜ਼ਰੂਰ ਸੱਦੇ ਹੋਣਗੇ। ਮੈਨੂੰ ਕਤਲ ਕਰ ਕੇ ਕਿਧਰੇ ਖੇਤਾਂ ’ਚ ਹੀ ਦੱਬ-ਦੁੱਬ ਦੇਣਗੇ। ਜਾਂ ਤੇਰੀ ਮਾਂ ਮੇਰੇ ਖਾਣੇ ’ਚ ਪਾਰਾ ਜਾਂ ਜ਼ਹਿਰ ਮਿਲਾ ਦੇਵੇਗੀ। ਜੇ ਕੁਝ ਹੋਰ ਨਾ ਵੀ ਬਣਿਆ-ਸਰਿਆ ਤਾਂ ਉਹ ਮੇਰੀ ਗੁੱਤ ਤਾਂ ਜ਼ਰੂਰ ਪੁੱਟੇਗੀ। ਮੇਰੇ ਸੰਸੇ ਸੱਚੇ ਸਨ। ਆਖ਼ਰ ਮੈਂ ਉਹਦੀ ਗੁਨਾਹਗਾਰ ਸਾਂ! ਮੈਂ ਉਹਦੇ ਕੋਲ਼ੋ ਜਗਰੂਪ ਵਰਗਾ ਖ਼ੂਬਸੂਰਤ ਇਨਸਾਨ ਖੋਹ ਲਿਆ ਸੀ…!’ ਨਿੱਕਾ ਜਿਹਾ ਮਾਣ-ਮੱਤਾ ਹਾਸਾ ਹੱਸਦਿਆਂ ਉਹ ਅੱਖਾਂ ਮੀਟ ਕੇ ਕਿਸੇ ਸਰੂਰ ਜਿਹੇ ’ਚ ਸਿਰ ਮਾਰਨ ਲੱਗ ਪਈ।
‘ਫਿਰ ਤੁਸੀਂ ਗਏ?’ ਮੈਂ ਪੁੱਛਿਆ।
‘ਜਗਰੂਪ ਸਰ ਦੀ ਵਾਈਫ਼ ਨੇ ਐਡੇ ਸਲੀਕੇ ਤੇ ਅਪਣੱਤ ਨਾਲ਼ ਬੁਲਾਇਆ ਸੀ, ਫਿਰ ਜਾਣਾ ਤਾਂ ਪੈਣਾ ਈ ਸੀ! ਪਰ ਉਸ ਰਾਤ ਮੈਂ ਸੌਂ ਨਾ ਸਕੀ। ਮੁੜ-ਮੁੜ ਏਹੋ ਪਛਤਾਵਾ ਖਾਈ ਜਾਵੇ ਕਿ ਮੌਕੇ ’ਤੇ ਕੋਈ ਬਹਾਨਾ ਕਿਉਂ ਨਾ ਘੜ ਲਿਆ…!’ ਉਸ ਰਾਤ ਹੰਢਾਇਆ ਤਣਾਅ ਮਲਕੜੇ ਜਿਹੇ ਆਂਟੀ ਦੇ ਅਵਚੇਤਨ ’ਚੋਂ ਨਿਕਲ ਕੇ ਉਹਦੇ ਝੁਰੜਾਏ ਚਿਹਰੇ ’ਤੇ ਫ਼ੈਲ ਗਿਆ।
‘…ਅਗਲੇ ਦਿਨ ਮੈਂ ਡਰਦੀ-ਡਰਦੀ ਤਾ੍ਹਢੇ ਘਰ ਪਹੁੰਚੀ। ਮੇਰਾ ਕਲ਼ਾਵਾ ਭਰਦਿਆਂ ਬੜੀ ਗਰਮਜੋਸ਼ੀ ਨਾਲ਼ ‘ਵੈਲਕਮ’ ਕਿਹਾ ਸੀ ਉਹਨੇ। ਮੈਂ ਹੋਰ ਵੀ ਪ੍ਰੇਸ਼ਾਨ ਹੋ ਗਈ! ਬੜੇ ਸਲੀਕੇ ਨਾਲ਼ ਮੇਰੀ ਬਾਂਹ ਫੜਦਿਆਂ, ਉਹ ਮੈਨੂੰ ਘਰ ਦੇ ਅੰਦਰ ਲੈ ਗਈ ਤੇ ਬੜੀ ਇੱਜ਼ਤ ਨਾਲ਼ ਡਰਾਇੰਗ-ਰੂਮ ’ਚ ਲਿਜਾ ਬਿਠਾਇਆ। ਉਹ ਘਰ ਜਿੱਥੇ ਮੈਂ ਕਈ ਵਾਰ ਗਈ ਸਾਂ, ਉਸ ਦਿਨ ਮੈਨੂੰ ਆਪਣੀ ਕਤਲਗਾਹ ਲੱਗ ਰਿਹਾ ਸੀ। ਇਸ ਗੱਲ ਨਾਲ਼ ਥੋੜ੍ਹੀ ਢਾਰਸ ਜ਼ਰੂਰ ਮਿਲੀ ਕਿ ਘਰ ’ਚ ਕੋਈ ਹੋਰ ਨਹੀਂ ਸੀ। ਪਰ ਉਹਦਾ ਇਉਂ ਸਹਿਜਤਾ ਨਾਲ਼ ਮਿਲਣਾ ਮੇਰੇ ਲਈ ਬਹੁਤ ਵੱਡੀ ਬੁਝਾਰਤ ਬਣ ਗਿਆ। ਕੁੱਲ ਮਿਲਾ ਕੇ ਮੈਂ ਮੰਨ ਹੀ ਲਿਆ ਸੀ ਕਿ ਉਹ ਮੇਰਾ ਆਖ਼ਰੀ ਦਿਨ…!’ ਪੂਨਮ ਆਂਟੀ ਨੇ ਪਹਿਲਾਂ ਨਾਲੋਂ ਵੀ ਉੱਚੀ ਹੱਸਦਿਆਂ ਫਿਰ ਤੋਂ ਮਸਤੀ ’ਚ ਸਿਰ ਮਾਰਿਆ।
‘…ਸਭ ਤੋਂ ਪਹਿਲਾਂ ਉਹਨੇ ਮੇਰੀ ਪਸੰਦ ਦਾ ਜੂਸ ਪਿਲਾਇਆ। ਮੈਂ ਇਹਨੂੰ ਮਹਿਜ ਇਤਫ਼ਾਕ ਹੀ ਸਮਝਿਆ। ਫਿਰ ਉਹ ਆਪਣੇ ਵਿਆਹ ਦੀ ਐਲਬਮ ਲੈ ਆਈ। ਕਿਸੇ ਚਾਅ ਜਿਹੇ ’ਚ ’ਕੱਲੀ-’ਕੱਲੀ ਫੋਟੋ ਬਾਰੇ ਦੱਸਦੀ ਰਹੀ ਸੀ। ਆਪਣੇ ਪੇਕਿਆਂ-ਸਹੁਰਿਆਂ ਸਭ ਦੇ ਬਾਰੇ। ਉਸ ਦੇ ਆਦਰਸ਼ ਉਸ ਦੇ ਦਾਦਾ ਜੀ ਸਨ। ਗਦਰ ਪਾਰਟੀ ’ਚ ਸਰਗਰਮ ਰਹੇ ਸਨ ਉਹ। ਉਨ੍ਹਾਂ ਕਾਲ਼ੇ-ਪਾਣੀ ਅੰਦਰ ਉਮਰ-ਕੈਦ ਕੱਟੀ ਸੀ। ਮੈਨੂੰ ਉਨ੍ਹਾਂ ਦੀ ਬਲੈਕ ਐਂਡ ਵਾਈਟ ਫੋਟੋ ਵਿਖਾਉਂਦਿਆਂ ਉਹ ਬੜੇ ਮਾਣ ਜਿਹੇ ’ਚ ਬੋਲੀ-ਭਾਈ ਗਿਆਨ ਸਿੰਘ ਦਾ ਲਹੂ ਹੈ ਮੇਰੇ ਅੰਦਰ। ਮੈਂ ਸਹਿਜੇ ਕੀਤਿਆਂ ਡੋਲ ਨਹੀਂ ਸਕਦੀ। ਮੈਂ ਉੱਪਰੋ-ਉੱਪਰੋਂ ਤਾਂ ਖੁਸ਼ ਹੋ ਕੇ ਐਲਬਮ ਵੇਖ ਰਹੀ ਸਾਂ। ਪ੍ਰਸ਼ੰਸਾ ਵੀ ਕਰ ਰਹੀ ਸਾਂ ਪਰ ਧੁਰ-ਅੰਦਰੋਂ ‘ਡਰਾਉਣੇ ਪਲ’ ਦੀ ਉਡੀਕ ਕਰਦੀ ਪਈ ਸਾਂ। ਵੱਡੀ ਘਬਰਾਹਟ ਤਾਂ ਇਸ ਗੱਲ ਦੀ ਸੀ ਕਿ ਉਹਦੇ ‘ਉਨ੍ਹਾਂ’ ਸਵਾਲਾਂ ਦੇ ਮੈਂ ਕਿਸ ਤਰ੍ਹਾਂ ਜਵਾਬ ਦੇ ਸਕਦੀ ਸਾਂ।’
ਥੋੜ੍ਹਾ ਉਦਾਸ ਹੁੰਦਿਆ ਉਹ ਚੁੱਪ ਹੋ ਗਈ ਏ ਪਰ ਇਹ ਪਲ ਮੇਰੇ ਲਈ ਨਿਰੰਤਰ ਬੋਝਲ ਹੁੰਦੇ ਜਾ ਰਹੇ ਨੇ।
‘ਫਿਰ ਕੀ ਹੋਇਆ?’ ਮੈਂ ਥੋੜ੍ਹਾ ਉਤਾਵਲੇ ਹੁੰਦਿਆਂ ਪੁੱਛਿਆ।
‘ਫਿਰ ਪੁੱਤਰਾ…?’ ਬਿੰਦ ਕੁ ਲਈ ਉਹਨੇ ਕੁਝ ਯਾਦ ਕੀਤਾ।
‘…ਮੇਰੇ ਹੱਥਾਂ ’ਚ ਐਲਬਮ ਦੇ ਕੇ ਉਹ ਤੁਰ ਗਈ। ਮੈਂ ਕਿਸੇ ਅਦਿੱਖ ਡਰ ਨਾਲ ਕੰਨਸੋਆਂ ਲੈ ਰਹੀ ਸਾਂ। ਰੰਗ-ਬਿਰੰਗੀਆਂ ਸੋਚਾਂ ਨੇ ਦਿਲੋ-ਦਿਮਾਗ਼ ’ਚ ਖੌਰੂ ਪਾਇਆ ਹੋਇਆ ਸੀ। ਮੈਂ ਉਸ ਵੇਲੇ ਨੂੰ ਪਛਤਾ ਰਹੀ ਸਾਂ, ਜਦੋਂ ਜਗਰੂਪ ਸਰ ਮੈਨੂੰ ਦੁਨੀਆਂ ਤੋਂ ਵੱਖਰੇ-ਵੱਖਰੇ ਜਿਹੇ ਲੱਗਣ ਲੱਗ ਪਏ ਸਨ। ‘ਕੀ ਲੋੜ ਸੀ ਇੱਕ ਵਿਆਹੇ-ਵਰ੍ਹੇ ਬੰਦੇ ਦੀ ਜ਼ਿੰਦਗੀ ’ਚ ਖਲ਼ਲ ਪਾਉਣ ਦੀ?’ ਉਸ ਵਕਤ ਮੈਂ ਏਹੋ ਸੋਚ ਰਹੀ ਸਾਂ। ਮੈਨੂੰ ਆਪਣਾ ਗੁਨਾਹ ਸ਼ੀਸ਼ੇ ਵਾਂਗ ਸਾਫ਼-ਸਾਫ਼ ਦਿਖਾਈ ਦੇਣ ਲੱਗ ਪਿਆ ਸੀ।
‘ਮੁਆਫ਼ੀ ਮੰਗ ਕੇ ਛੁਟਕਾਰਾ ਕਰਵਾਉਣਾ ਠੀਕ ਰਹੇਗਾ!’ ਇਸ ਸੋਚ ਨੇ ਥੋੜ੍ਹਾ ਸਕੂਨ ਬਖ਼ਸ਼ਿਆ ਹੀ ਸੀ ਕਿ ਉਹ ਚਾਹ ਤੇ ਬਿਸਕੁਟ ਲੈ ਕੇ ਆ ਗਈ। ਦੋਵੇਂ ਮੇਰੀ ਪਸੰਦ ਦੇ। ਹੁਣ ਮੈਂ ਸੱਚਮੁਚ ਉਲਝ ਗਈ ਸਾਂ। ਮੇਰੀ ਪਸੰਦ-ਨਾਪਸੰਦ ਬਾਰੇ ਕਿਸਨੇ ਦੱਸਿਆ ਸੀ ਉਸਨੂੰ? ਮੈਂ ਕੰਬਦੇ ਹੱਥਾਂ ਨਾਲ ਮਸਾਂ ਇੱਕ ਬਿਸਕੁਟ ਖਾਧਾ ਸੀ। ਡਰੇ ਮਨ ਤੇ ਬੁਝੀਆਂ ਬੁਝੀਆਂ ਅੱਖਾਂ ਨਾਲ਼ ਸਭ ਕੁਝ ਵੇਖਦੀ ਰਹੀ ਸਾਂ।…’
ਥੋੜ੍ਹਾ ਸਾਹ ਲੈਣ ਲਈ ਉਹ ਚੁੱਪ ਹੋ ਗਈ ਏ। ਮੇਰਾ ਮਨ ਅਸਲ ਜਵਾਬ ਲਈ ਤਰਲੋ-ਮੱਛੀ ਹੋ ਰਿਹਾ ਏ।
‘….ਆਓ ਤੁਹਾਨੂੰ ਘਰ ਵਿਖਾਈਏ ਆਪਣਾ! ਇਹ ਕਹਿੰਦਿਆਂ ਤੇਰੀ ਮਾਂ ਨੇ ਮੈਨੂੰ ਬੜੀ ਅਪਣੱਤ ਨਾਲ਼ ਬਾਹੋਂ ਫੜ ਕੇ ਉਠਾ ਲਿਆ। ਮੈਂ ਸੋਚਿਆ ਸੀ ਕਿ ਉਹਨੇ ਜ਼ਰੂਰ ਕਿਸੇ ਕਮਰੇ ’ਚ ਆਪਣੇ ਭਰਾ ਬਿਠਾਏ ਹੋਣਗੇ। ਤੇਰੀ ਮਾਂ ਨੇ ਡਰਾਇੰਗ-ਰੂਮ ਤੋਂ ਸ਼ੁਰੂਆਤ ਕੀਤੀ। ਉਹ ਕਿਸੇ ਚਾਅ ਜਿਹੇ ’ਚ ਬੋਲੀ ਸੀ-ਪੂਨਮ ਮੈਡਮ ਆਹ ਸੌਫ਼ੇ ਅਸੀਂ ਸ਼ਹਿਰ ਦੀਆਂ ਕੋਈ ਤੀਹ ਦੁਕਾਨਾਂ ਘੁੰਮ ਕੇ ਪਸੰਦ ਕੀਤੇ ਨੇ। ਆਹ ਟੇਬਲ ਵੀ ਸਾਡੀ ਦੋਹਾਂ ਦੀ ਪਸੰਦ ਦਾ ਏ। ਫਿਰ ਉਹ ਪਰਦੇ ਵਿਖਾਂਦਿਆਂ ਬੋਲੀ -ਪੂਨਮ ਮੈਡਮ ਇਹ ਪੂਰਾ ਸ਼ਹਿਰ ਘੁੰਮ ਕੇ ਮੈਂ ਤੇ ਜਗਰੂਪ ਜੀ ਪਸੰਦ ਕੀਤੇ ਨੇ। ਇਨ੍ਹਾਂ ਪਰਦਿਆਂ ’ਚ ਆਹ ਸਕਾਈ-ਬਲਿਊ ਸ਼ੇਡ ਉਨ੍ਹਾਂ ਦੀ ਪਸੰਦ ਦੀ ਏ ਤੇ ਆਹ ਹਲਕੇ ਗੁਲ਼ਾਬੀ ਜਿਹੇ ਫੁੱਲ਼ ਮੇਰੀ ਪਸੰਦ ਦੇ। ਆਹ ਕੰਧਾਂ ’ਤੇ ਹੋਇਆ ਰੰਗ ਵੇਖੋ! ਇਸਦੀ ਚੁਆਇਸ ਕਰਦਿਆਂ, ਅਸੀਂ ਕੋਈ ਵੀਹ ਦਿਨ ਲਗਾ ਦਿੱਤੇ ਹੋਣਗੇ। ਆਹ ਕਲੀਨ ਅਸੀਂ ਸ਼੍ਰੀਨਗਰ ਘੁੰਮਣ ਗਿਆਂ ਨੇ ਪਸੰਦ ਕੀਤਾ ਸੀ। ਇਹ ਤਾਂ ਸਾਨੂੰ ਦੋਹਾਂ ਨੂੰ ਪਹਿਲੀ ਨਜ਼ਰੇ ਹੀ ਜਚ ਗਿਆ ਸੀ। ਫਿਰ ਉਹ ਮੈਨੂੰ ਡਾਇਨਿੰਗ-ਟੇਬਲ ਦੀ ਕਹਾਣੀ ਸੁਣਾਉਣ ਲੱਗ ਪਈ। ਫਿਰ ਰਸੋਈ ਦੀ ਕੱਲੀ-ਕੱਲੀ ਸ਼ੈਅ ਵਿਖਾਉਂਦੀ ਰਹੀ। ਉਸ ਤੋਂ ਬਾਅਦ ਵਾਰੀ ਆਈ ਬੈੱਡ-ਰੂਮਾਂ ਦੀ। ਉਸ ਕੋਲ਼ ਤਾਂ ਘਰ ਵਿਚਲੀ ਹਰ ਸ਼ੈਅ ਦੀ ਕਹਾਣੀ। ਜਦੋਂ ਉਹ ਮੈਨੂੰ ਟੌਪ-ਫਲੋਰ ’ਤੇ ਲੈ ਕੇ ਗਈ ਤਾਂ ਮੈਂ ਸੋਚਿਆ ਕਿ ਇੱਥੋਂ ਧੱਕਾ ਦੇਵੇਗੀ ਮੈਨੂੰ। ਪਰ ਬੜੇ ਸਲੀਕੇ ਨਾਲ ਬਾਲਕੋਨੀ ’ਚ ਪਈ ਕੁਰਸੀ ’ਤੇ ਬਿਠਾਂਦਿਆਂ ਉਹ ਬੜੇ ਮਾਣ ਜਿਹੇ ’ਚ ਬੋਲੀ -ਵੇਖੋ ਮੈਡਮ ਇੱਥੋਂ ਦੂਰ-ਦੂਰ ਤੱਕ ਕਿੰਨ੍ਹਾਂ ਸੋ੍ਹਣਾ ਨਜ਼ਾਰਾ ਦਿੱਸਦਾ ਹੈ! ਨਿਪੱਤਰੇ ਪੌਪਲਰ ਵੀ ਕੇਡੇ ਸੋ੍ਹਣੇ ਪਏ ਲੱਗਦੇ ਨੇ। ਪਰ ਇਹ ਸਦਾ ਇਸ ਤਰ੍ਹਾਂ ਨਈਂ ਰਹਿਣੇ। ਥੋੜ੍ਹੀ ਦੇਰ ਤੱਕ ਪੱਤਿਆਂ ’ਚ ਲੁਕ ਜਾਣਗੇ। ਅਸੀਂ ਐਥੇ ਬੈਠ ਕੇ, ਕਈ-ਕਈ ਦੇਰ ਗੱਲਾਂ ਕਰਦੇ ਰਹਿੰਦੇ ਆਂ। ਆਹ, ਮੇਰੇ ਜਗਰੂਪ ਦੀ ਪਸੰਦੀਦਾ ਜਗ੍ਹਾ ਏ। ਤੇਰੀ ਮਾਂ ਵਲੋਂ ਵਰਤਿਆ ਗਿਆ ‘ਮੇਰੇ’ ਲਫ਼ਜ਼ ਉਦੋਂ ਬਿਲਕੁਲ ਨਹੀਂ ਸੀ ਚੁੱਭਿਆ ਮੈਨੂੰ। ਸੱਚ ਕਹਾਂ ਤਾਂ ਉਦੋਂ ਮੈਨੂੰ ਇਉਂ ਲੱਗਣ ਲੱਗ ਪਿਆ ਕਿ ਤੇਰੀ ਮਾਂ ਸ਼ੁਦੈਣ ਹੋ ਗਈ ਏ ਤੇ ਮੈਨੂੰ ਵੀ ਸ਼ੁਦੈਣ ਕਰ ਕੇ ਛੱਡੇਗੀ।’
ਪੂਨਮ ਆਂਟੀ ਚੁੱਪ ਹੋ ਗਈ ੇ! ਐਨਕ ਦੇ ਮੋਟੇ-ਮੋਟੇ ਸ਼ੀਸ਼ਿਆਂ ਵਿਚੋਂ ਉਹਦੀਆਂ ਬੁੱਢੀਆਂ ਅੱਖਾਂ ਮੈਨੂੰ ਘੂਰ ਰਹੀਆਂ ਨੇ। ਸ਼ਾਇਦ ਉਹ ਇਹ ਵੇਖਣਾ ਚਾਹੁੰਦੀ ਹੋਵੇ ਕਿ ਮੇਰੀ ਮਾਂ ਨੂੰ ਸ਼ੁਦੈਣ ਕਹਿਣ ’ਤੇ ਮੈਂ ਕੋਈ ਗੁੱਸਾ ਤਾਂ ਨਹੀਂ ਕੀਤਾ।
‘ਜਗਰੂਪ ਸਰ ਨਾਲ਼ ਵਿਚਰਦਿਆਂ ਤਾਂ ਇਉਂ ਲੱਗਦਾ ਰਹਿੰਦਾ ਸੀ ਕਿ ਉਸ ਘਰ ਦੀ ਹਰੇਕ ਸ਼ੈਅ ’ਤੇ ਮੇਰਾ ਵੀ ਹੱਕ ਏ। ਪਰ ਉਸ ਦਿਨ? ਉਸ ਦਿਨ ਤੇਰੀ ਮਾਂ ਮੈਨੂੰ ’ਕੱਲੀ-’ਕੱਲੀ ਸ਼ੈਅ ’ਚੋਂ ਮਨਫ਼ੀ ਕਰਦੀ ਗਈ। ਫਿਰ ਉਹਨੇ ਮੈਨੂੰ ਲੰਚ ਕਰਵਾਇਆ। ਰਾਜ ਮਾਂਹ, ਚਾਵਲ ਤੇ ਨਾਲ਼ ਪੁਦੀਨੇ ਦੀ ਚਟਣੀ। ਮੈਂ ਫਿਰ ਤੋਂ ਹੈਰਾਨ-ਪ੍ਰੇਸ਼ਾਨ ਸਾਂ! ਇਹ ਤਿੰਨੋਂ ਚੀਜ਼ਾਂ ਫਿਰ ਮੇਰੀ ਪਸੰਦ ਦੀਆਂ! ਉਦੋਂ ਤਾਂ ਮੈਂ ਸੁੰਨ ਹੀ ਹੋ ਗਈ, ਜਦੋਂ ਦੁੱਧ ਵਾਲੀਆਂ ਸੇਵੀਆਂ ਦਾ ਬਾਊਲ ਮੇਰੇ ਮੂਹਰੇ ਲਿਆ ਰੱਖਿਆ ਸੀ ਉਹਨੇ!…’
ਆਂਟੀ ਦੀਆਂ ਗੱਲਾਂ ਮੇਰੇ ਅੰਦਰ ਕੋਈ ਠੰਢੀ-ਮਿੱਠੀ ਜਿਹੀ ਝਰਨਾਹਟ ਪੈਦਾ ਕਰ ਰਹੀਆਂ ਹਨ।
‘…ਲੰਚ ਤੋਂ ਬਾਅਦ ਤੇਰੀ ਮਾਂ ਮੈਨੂੰ ਘਰੋਂ ਬਾਹਰ ਵੱਲ ਲੈ ਤੁਰੀ ਸੀ। ਕੱਲੇ-ਕੱਲੇ ਪੌਦੇ, ਕੱਲੇ-ਕੱਲੇ ਰੁੱਖ ਬਾਰੇ ਗੱਲਾਂ ਕੀਤੀਆਂ ਸੀ ਉਹਨੇ। ਇਨ੍ਹਾਂ ਪੌਦਿਆਂ ਲਈ ਉਨ੍ਹਾਂ ਕਿੱਥੇ ਕਿੱਥੇ, ਕਿਹੜੀਆਂ ਕਿਹੜੀਆਂ ਨਰਸਰੀਆਂ ਘੁੰੰਮੀਆਂ ਸਨ, ਇਹ ਸਭ ਕੁਝ ਉਹਦੇ ਜ਼ਿਹਨ ’ਚ ਉਕਰਿਆ ਪਿਆ ਸੀ। ਉਨ੍ਹਾਂ ਪਲਾਂ ’ਚ ਮੈਨੂੰ ਇਉਂ ਮਹਿਸੂਸ ਹੋਇਆ, ਜਿਉਂ ’ਕੱਲੇ-’ਕੱਲੇ ਪੱਤੇ ’ਤੇ ਤੇਰੇ ਮੰਮੀ-ਪਾਪਾ ਦੇ ਨਾਂ ਉੱਕਰੇ ਪਏ ਨੇ; ਇਕੱਠੇ, ਨਾਲ਼-ਨਾਲ਼! ਤੇ ਮੈਂ? ਮੈਂ ਤਾਂ ਉਸ ਘਰ ’ਚ ਕਿਤੇ ਵੀ ਨਹੀਂ ਸਾਂ!’ ਹੁਣ ਆਂਟੀ ਦੇ ਚਿਹਰੇ ’ਤੇ ਕਈ ਤਰ੍ਹਾਂ ਦੇ ਹਾਵ-ਭਾਵ ਰਲ਼ਗੱਡ ਜਿਹੇ ਹੋ ਗਏ ਨੇ।
‘ਲਾਅਨ ’ਚ ਬੜੇ ਅਦਬ ਨਾਲ ਉਹਨੇ ਮੈਨੂੰ ਕੁਰਸੀ ਉੱਤੇ ਲਿਜਾ ਬਿਠਾਇਆ ਸੀ। ਕੁਝ ਛਿਣ ਉਹ ਭਰੀਆਂ ਅੱਖਾਂ ਨਾਲ਼ ਆਪਣੇ ਘਰ ਨੂੰ ਨਿਹਾਰਦੀ ਰਹੀ ਸੀ। ਫਿਰ ਚਾਣਚਕ ਮੇਰੇ ਮੁਲਾਇਮ ਹੱਥ ਆਪਣੇ ਖੁਰਦਰੇ ਹੱਥਾਂ ’ਚ ਘੁੱਟਦਿਆਂ, ਉਹ ਆਪਣਿਆਂ ਵਾਂਗ ਬੋਲੀ -ਸਾਨੂੰ ਚਾਰ ਵਰ੍ਹੇ ਹੋ ਗਏ ਨੇ, ਇਸ ਘਰ ਨੂੰ ਉਸਾਰਦਿਆਂ! ਅਸੀਂ ਦਿਨ-ਰਾਤ ਇੱਕ ਕਰ ਦਿੱਤਾ ਏ। ਨਾ ਚੰਗਾ ਖਾ ਕੇ ਵੇਖਿਆ, ਨਾ ਹੰਢਾਅ ਕੇ। ਤੁਸੀਂ ਤਾਂ ਖੁਦ ਪੜ੍ਹੇ-ਲਿਖੇ ਹੋ ਮੈਡਮ! ਤੁਹਾਨੂੰ ਤਾਂ ਪਤਾ ਈ ਹੋਣੈ ਕਿ ਇਹ ਘਰ ਕਿੰਨੀਆਂ ਮੁਸ਼ਕਲਾਂ ਨਾਲ ਉਸਰਦੇ ਨੇ! ਉਮਰਾਂ ਲੱਗ ਜਾਂਦੀਆਂ ਨੇ ਇਨ੍ਹਾਂ ਨੂੰ ਉਸਾਰਦਿਆਂ! ਇਹ ਕਹਿੰਦਿਆਂ ਤੇਰੀ ਮਾਂ ਪਲ ਕੁ ਲਈ ਭਾਵੁਕ ਹੋਈ ਸੀ ਬਸ ਤੇ ਅਗਲੇ ਪਲ ਉਹਨੇ ਆਪਣੇ-ਆਪ ਨੂੰ ਸੰਭਾਲ ਲਿਆ ਸੀ। ਬੇਸ਼ੱਕ ਬਾਬੇ ਗਿਆਨ ਸਿੰਘ ਦੀ ਪੋਤਰੀ ਸੀ ਉਹ…’
ਗੱਲ ਮੁਕਾ ਆਂਟੀ ਨੇ ਲੰਮਾ ਹਉਕਾ ਭਰਿਆ।
ਆਪਣੇ ਹੰਝੂਆਂ ਨੂੰ ਲੁਕਾਉਣ ਲਈ ਮੈਂ ਉੱਠ ਖੜੋਤਾ ਹਾਂ ਤੇ ਉਸ ਦੇ ਘਰ ਨੂੰ ਵੇਖਣ ਦਾ ਬਹਾਨਾ ਕਰਦਿਆਂ ਲੌਬੀ ’ਚ ਵੜ ਗਿਆ। ਸੱਚ-ਮੁੱਚ ਕਿਤਾਬਾਂ ਹੀ ਕਿਤਾਬਾਂ ਨੇ ਸਭ ਪਾਸੇ।
‘ਆਂਟੀ ਜੀ, ਇਹ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਨੇ ਤੁਹਾਡੀਆਂ?’ ਮੈਂ ਗੱਲ ਕਰਨ ਲਈ ਹੀ ਗੱਲ ਕੀਤੀ।
‘ਹੋਰ ਭਲਾ ਮੈਂ ਕੀ ਕੀਤਾ ਸਾਰੀ ਜ਼ਿੰਦਗੀ!’ ਉਹਦੀ ਗੱਲ ’ਚ ਮਾਣ ਤੇ ਪਛਤਾਵਾ ਘੁਲ਼ੇ-ਮਿਲ਼ੇ ਹੋਏ ਨੇ।
ਪੈਰ ਛੂਹਦਿਆਂ ਧੰਨਵਾਦ ਆਖ ਮੈਂ ਤੁਰ ਪਿਆ।
ਹੌਲ਼ੀ-ਹੌਲ਼ੀ ਤੁਰਦੀ ਉਹ ਮੈਨੂੰ ਦਰਵਾਜ਼ੇ ਤੱਕ ਛੱਡਣ ਆਈ।
‘ਇਨ੍ਹਾਂ ’ਚੋਂ ਤੁਹਾਡੀ ਪਸੰਦੀਦਾ ਕਿਤਾਬ ਕਿਹੜੀ ਏ?’ ਮੈਂ ਆਖਰੀ ਸਵਾਲ ਕੀਤਾ।
‘ਮੈਂ ਹਜ਼ਾਰਾਂ ਕਿਤਾਬਾਂ ਪੜ੍ਹੀਆਂ ਨੇ ਪੁੱਤਰਾ। ਹਰ ਜ਼ੁਬਾਨ ਦਾ ਕਲਾਸਿਕ ਸਾਹਿਤ ਵੀ ਪੜ੍ਹ ਲਿਆ ਏ। ਮੇਰੀ ਪਸੰਦੀਦਾ ਕਿਤਾਬ? ਹਾਂ, ਉਹ ਵੀ ਹੈ ਇੱਕ। ਪਰ ਉਹ ਇਨ੍ਹਾਂ ਵਿਚੋਂ ਕੋਈ ਨਹੀਂ। ਉਹ ਕਿਸੇ ਲਾਇਬ੍ਰੇਰੀ ’ਚ ਵੀ ਨਹੀਂ। ਸੱਚ ਆਖਾਂ ਤਾਂ ਹੁਣ ਉਹ ਕਿਤੇ ਵੀ ਨਹੀਂ। ਤੂੰ ਸੋਚ ਵੀ ਨਹੀਂ ਸਕਦਾ ਕਿ ਮੈਂ ਕਿਸ ਕਿਤਾਬ ਦਾ ਨਾਂ ਲਵਾਂਗੀ।’ ਮਿੰਨ੍ਹਾ-ਮਿੰਨ੍ਹਾਂ ਮੁਸਕਾਉਂਦਿਆਂ ਉਹ ਬੋਲੀ।
‘ਕੋਈ ਕਲੂਅ?’ ਮੈਂ ਕਿਹਾ।
‘ਕ੍ਰੀਏਟੀਵਿਟੀ ਦਾ ਸਿਖ਼ਰ ਸੀ, ਉਹ ਕਿਤਾਬ। ਜੀਵਨ-ਦਰਸ਼ਨ ਨਾਲ਼ ਗੁੰਨ੍ਹੀ ਹੋਈ। ਉਹਦੀ ਭਾਸ਼ਾ ਬੜੀ ਸਰਲ, ਸਹਿਜ ਪਰ ਅੰਤਾਂ ਦੀ ਸਿੰਬੌਲਿਕ ਸੀ! ਬੜਾ ਕੁਝ ਅਣਕਿਹਾ ਸੀ, ਉਸ ਵਿਚ। ਬੱਸ ਕਮਾਲ ਦੀ ਕਿਤਾਬ ਸੀ ਉਹ!’ ਥੋੜ੍ਹਾ ਕਰੀਬ ਆਉਂਦਿਆਂ ਉਹਨੇ ਨਜ਼ਰਾਂ ਮੇਰੇ ਚਿਹਰੇ ’ਤੇ ਗੱਡ ਦਿੱਤੀਆਂ ਨੇ।
‘ਨੋ ਡਾਊਟ..ਇਹ ਪਾਪਾ ਦੀ ਬੁੱਕ ਹੋਵੇਗੀ!’ ਮੈਂ ਖ਼ੁਸ਼ ਹੁੰਦਿਆਂ ਆਖਿਆ।
‘ਉਨ੍ਹਾਂ ਦੀਆਂ ਤਾਂ ਗਿਆਰਾਂ ਕਿਤਾਬਾਂ ਨੇ! ਤੂੰ ਕਿਸ ਦੀ ਗੱਲ ਕਰ ਰਿਹਾਂ?’ ਆਂਟੀ ਨੇ ਮੁਸਕਰਾਉਂਦਿਆਂ ਸਵਾਲ ਕੀਤਾ।
‘ਜਿਉਣਾ ਕਦੇ ਨਾ ਵਿਸਰੇ।’ ਆਪਣੇ ਵਲੋਂ ਸੌ ਪ੍ਰਤੀਸ਼ਤ ਸਹੀ ਉੱਤਰ ਦਿੰਦਿਆਂ, ਮੈਂ ਮਾਣ ਜਿਹੇ ’ਚ ਆਂਟੀ ਦੇ ਚਿਹਰੇ ਵੱਲ ਵੇਖਣ ਲੱਗ ਪਿਆ।
ਉਹ ਖਿੜ੍ਹ-ਖਿੜ੍ਹਾ ਕੇ ਹੱਸ ਪਈ। ਖੂੰਡੀ ਨੂੰ ਉਸ ਨੇ ਚੁਗਾਠ ਨਾਲ਼ ਟਿਕਾ ਦਿੱਤਾ। ਮੇਰੇ ਮੋਢੇ ਦੇ ਆਸਰੇ ਨਾਲ਼ ਇੱਕ ਕਦਮ ਮੇਰੇ ਵੱਲ ਪੁੱਟਿਆ। ਮੈਨੂੰ ਮਿੱਠਾ ਜਿਹਾ ਝਿੜਕਦਿਆਂ ਬਹੁਤ ਹੀ ਧੀਮੀ ਆਵਾਜ਼ ’ਚ ਬੋਲੀ,’ਨਈਂ ਭੋਂਦੂਆ ਨਈਂ! ਉਸ ਖ਼ੂਬਸੂਰਤ ਕਿਤਾਬ ਦਾ ਨਾਂ ਏ ਸ਼੍ਰੀਮਤੀ ਸੁਖਜੀਤ ਕੌਰ! ਮਿਸਿਜ਼ ਜਗਰੂਪ! ਤੇਰੀ ਮਾਂ!’