ਲੋਕ ਸਭਾ ਚੋਣਾਂ ਦੇ ਨਤੀਜੇ ਤੇ ਮੋਦੀ ਸਾਹਿਬ ਦਾ ਚਿਹਰਾ

ਗੁਲਜ਼ਾਰ ਸਿੰਘ ਸੰਧੂ
ਜੇ ਕਿਸੇ ਨੇ 2024 ਦੀਆਂ ਲੋਕ ਸਭਾ ਚੋਣਾਂ ਦਾ ਕੱਚ-ਸੱਚ ਨਿਤਾਰਨਾ ਹੋਵੇ ਤਾਂ ਪੰਡਤ ਨਹਿਰੂ ਤੇ ਇੰਦਰਾ ਗਾਂਧੀ ਵਰਗਿਆਂ ਦੀ 70 ਸਾਲ ਦੀ ਪ੍ਰਾਪਤੀ ਨੂੰ ਆਪਣੇ ਸੱਤ ਸਾਲਾਂ ਨਾਲ ਤੋਲਣ ਵਾਲੇ ਤੇ ਰਾਹੁਲ ਗਾਂਧੀ ਨੂੰ ਵਿਅੰਗ ਨਾਲ ਸ਼ਹਿਜ਼ਾਦਾ ਕਹਿਣ ਵਾਲੇ ਨਰਿੰਦਰ ਮੋਦੀ ਦੀ ਮੱਤਦਾਨ ਤੋਂ ਪਿੱਛੋਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਚਿਹਰੇ ਦੀ ਸ਼ਰਮ ਵੇਖਣੀ ਕਾਫੀ ਹੈ|

ਜਦੋਂ ਮੋਦੀ ਸਾਹਬ ਆਪਣੇ ਕਾਰਜ ਕਾਲ ਵਿਚ ਪੁਲਾੜ ਵਿਗਿਆਨੀਆਂ ਦੀ ਚੰਦਰਮਾ ਤੱਕ ਪਹੁੰਚ ਦਾ ਜ਼ਿਕਰ ਵੀ ਕਰਦੇ ਹਨ ਤਾਂ ਉਨ੍ਹਾਂ ਦਾ ਮਨ ਇੰਟਰਨੈਸ਼ਨਲ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਸਥਾਪਤ ਕਰਨ ਵਾਲੇ ਨਹਿਰੂ ਵੱਲ ਚਲਿਆ ਜਾਂਦਾ ਹੈ| ਹੁਣ ਤਾਂ ਉਨ੍ਹਾਂ ਨੂੰ ਕੌਮੀ ਜਮਹੂਰੀ ਗੱਠਜੋੜ ਵਲੋਂ 400 ਸੀਟਾਂ ਤੇ ਇਨ੍ਹਾਂ ਵਿਚ ਭਾਜਪਾ ਦੀਆਂ 370 ਸੀਟਾਂ ਜੋੜ ਕੇ ਮੱਲਾਂ ਮਾਰਨ ਵਾਲੀ ਗੱਲ ਵੀ ਅੰਦਰੋ ਅੰਦਰੀ ਕੋਸ ਰਹੀ ਹੈ| ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ 2019 ਵਿਚ ਕੇਵਲ 15 ਸੀਟਾਂ ਜਿੱਤਣ ਦੇ ਟਾਕਰੇ 2024 ਵਿਚ 60 ਸੀਟਾਂ ਜਿੱਤਣ ਦੇ ਸੰਦਰਭ ਵਿਚ| ਐਨ ਡੀ ਏ ਤੇ ਭਾਜਪਾ ਦੇ ਗਰਾਫ ਦਾ ਥੱਲੇ ਗਿਰਨਾ ਉਨ੍ਹਾਂ ਵਾਸਤੇ ਹੋਰ ਵੀ ਪ੍ਰੇਸ਼ਾਨੀ ਵਾਲੀ ਗੱਲ ਹੈ| ਹੁਣ ਤਾਂ ਜੇ ਕਿਸੇ ਪਾਸਿਓਂ ਥੋੜ੍ਹੀ ਬਹੁਤ ਆਕਸੀਜਨ ਮਿਲਣ ਉੱਤੇ ਪਹਿਲਾਂ ਵਾਂਗ ਹਿੱਕ ਥਾਪੜ ਕੇ ਗਲ ਕਰਨਗੇ ਤਾਂ ਰੱਸੀ ਦੇ ਸੜਨ ਉਪਰੰਤ ਵਲ ਨਾ ਜਾਣ ਵਾਲੀ ਗੱਲ ਹੋਵੇਗੀ|
ਦਾਦਰਾ ਨਗਰ ਹਵੇਲੀ ਤੋਂ ਆਈ ਪ੍ਰਾਹੁਣੀ
ਮਈ ਮਹੀਨੇ ਦੇ ਅੰਤਲੇ ਦਿਨਾਂ ਵਿਚ ਅਣਜਾਣੇ ਨੰਬਰ ਤੋਂ ਫ਼ੋਨ ਆਇਆ ਤਾਂ ਕੋਈ ਰਣਜੀਤ ਕੌਰ ਬੋਲ ਰਹੀ ਸੀ| ਉਹ ਆਪਣੇ ਬੇਟੇ ਸਮੇਤ ਕਿਸੇ ਵੱਡੇ ਟੋਲੇ ਨਾਲ ਦਾਦਰਾ ਦੀ ਰਾਜਧਾਨੀ ਸਿਲਵਾਸਾ ਤੋਂ ਮਨਾਲੀ ਜਾ ਰਹੀ ਸੀ| ਪੁੱਛਣ `ਤੇ ਪਤਾ ਲੱਗਿਆ ਉਹ ਮੇਰੀ ਨਾਨੀ ਵਲੋਂ ਪਾਲੇ ਗਏ ਉਸ ਮੁਸਲਮਾਨ ਬੱਚੇ ਦੀ ਧੀ ਸੀ ਜਿਸਨੂੰ ਅਗਸਤ 1947 ਵਿਚ ਮੇਰਾ ਨਾਨਾ ਫਤਿਹਗੜ੍ਹ ਸਾਹਿਬ ਨੇੜਲੇ ਪਿੰਡ ਅਬਦੁਲਾਪੁਰ ਤੋਂ ਆਪਣੇ ਕਤਲ ਹੋਏ ਮਾਪਿਆਂ ਕੋਲ ਰੋ ਰਹੇ ਨੂੰ ਚੁੱਕ ਲਿਆਇਆ ਸੀ| ਮੇਰੀ ਨਾਨੀ ਨੇ ਉਸ ਬੱਚੇ ਨੂੰ ਵੀ ਆਪਣੇ ਬੱਚਿਆਂ ਵਾਂਗ ਪਾਲਿਆ| ਬਾਹਰੋਂ ਆਏ ਬੱਚੇ ਦਾ ਨਾਂ ਰਾਮ ਸਿੰਘ ਰੱਖ ਕੇ ਨਾਨੀ ਉਸਨੂੰ ਸਾਡੇ ਸਾਰਿਆਂ ਨਾਲੋਂ ਵੱਧ ਪਿਆਰ ਕਰਦੀ; ਸ਼ਾਇਦ ਮਾਪਿਆਂ ਬਾਹਰ ਹੋਣ ਕਾਰਨ|
ਜਦ ਮੈਂ ਕਾਲਜ ਦੀ ਪੜ੍ਹਾਈ ਖ਼ਤਮ ਕਰ ਕੇ ਦਿੱਲੀ ਚਲਾ ਗਿਆ ਤਾਂ ਮੈਂ ਰਾਮ ਸਿੰਘ ਨੂੰ ਉਥੇ ਸੱਦ ਕੇ ਨਾਨੀ ਦੇ ਭਰਾਵਾਂ ਕੋਲ ਛਡਾ ਦਿੱਤਾ ਜਿਹੜੇ ਟੈਕਸੀਆਂ ਦੇ ਮਾਲਕ ਸਨ| ਰਾਮ ਸਿੰਘ ਉਰਫ ਰਾਮੂ ਉਨ੍ਹਾਂ ਦੀਆਂ ਟੈਕਸੀਆਂ ਦੀ ਸਾਫ-ਸਫਾਈ ਕਰਦਾ ਡਰਾਈਵਰੀ ਵੀ ਸਿੱਖ ਗਿਆ| ਸਮਾਂ ਪਾ ਕੇ ਅਸੀਂ ਸਾਰਿਆਂ ਨੇ ਉਸਦਾ ਮੁੰਬਈ ਤੋਂ ਉੱਜੜ ਕੇ ਆਈ ਇੱਕ ਯੁਵਤੀ ਨਾਲ ਵਿਆਹ ਕਰਾ ਦਿੱਤਾ ਤੇ ਉਸਦਾ ਨਾਂ ਮਨਜੀਤ ਕੌਰ ਰੱਖ ਲਿਆ ਗਿਆ|
ਮੇਰੀ ਨਾਨੀ ਨੂੰ ਸਿੱਖੀ ਮਰਯਾਦਾ ਉੱਤੇ ਅੰਤਾਂ ਦਾ ਮਾਣ ਸੀ| ਸ਼ਾਇਦ ਇਸ ਲਈ ਕਿ ਉਹ ਨਾਮਧਾਰੀਆਂ ਦੀ ਧੀ ਸੀ| ਮੈਨੂੰ ਕੱਲ੍ਹ ਵਾਂਗ ਚੇਤੇ ਹੈ ਕਿ ਜੇ ਕਦੀ ਮੇਰਾ ਨਾਨਾ ਉਸਨੂੰ ਉੱਚੀ ਨੀਵੀਂ ਗੱਲ ਕਹਿ ਦਿੰਦਾ ਤਾਂ ਨਾਨੀ ਉਸਨੂੰ ਆਪਣਾ ਕੂਕਿਆਂ ਵਾਲਾ ਪਿਛੋਕੜ ਦੱਸ ਕੇ ਚੁਪ ਕਰਾ ਦਿੰਦੀ| ਰਾਮ ਸਿੰਘ ਦੇ ਮਨ ਵਿਚ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਬੰਦਾ ਬਹਾਦਰ ਦੀ ਸੂਰਮਗਤੀ ਦਾ ਜਲਵਾ ਭਰਨ ਵਾਲੀ ਵੀ ਉਹੀਓ ਸੀ| ਇਹ ਗੱਲ ਨਾਨੀ ਦੇ ਦਿੱਲੀ ਵਾਲੇ ਭਰਾਵਾਂ ਤੇ ਮੇਰੇ ਬਿਨਾ ਕਿਸੇ ਨੂੰ ਨਹੀਂ ਪਤਾ ਕਿ ਜਦੋਂ ਉਸਦੀ ਸੱਜ ਵਿਆਹੀ ਵਹੁਟੀ ਨੂੰ ਪਤਾ ਲੱਗਿਆ ਕਿ ਰਾਮ ਸਿੰਘ ਮੁਸਲਮਾਨਾਂ ਦੀ ਔਲਾਦ ਹੈ ਤਾਂ ਮਨਜੀਤ ਉਸਨੂੰ ਪਤਿਤ ਹੋਣ ਦੀ ਸਲਾਹ ਦੇ ਬੈਠੀ ਸੀ| ਇਸ ਗੱਲ ਨੇ ਰਾਮ ਸਿੰਘ ਨੂੰ ਏਨਾ ਖ਼ਫਾ ਕੀਤਾ ਕਿ ਜੇ ਨਾਨੀ ਦਾ ਦਿੱਲੀ ਵਾਲਾ ਪਰਿਵਾਰ ਦਖ਼ਲ ਨਾ ਦਿੰਦਾ ਤਾਂ ਤੋੜ ਵਿਛੋੜਾ ਹੋ ਸਕਦਾ ਸੀ|
ਸਮਾਂ ਪਾ ਕੇ ਮਨਜੀਤ ਕੌਰ ਨੇ ਵੀ ਰਾਮ ਸਿੰਘ ਵਾਲੀ ਭਾਵਨਾ ਅਪਣਾ ਲਈ| ਉਨ੍ਹਾਂ ਦੇ ਘਰ ਚਾਰ ਧੀਆਂ ਅਤੇ ਤਿੰਨ ਪੁੱਤਰਾਂ ਨੇ ਜਨਮ ਲਿਆ ਤਾਂ ਉਨ੍ਹਾਂ ਨੇ ਸਾਰੇ ਬੱਚਿਆਂ ਦੇ ਨਾਂ ਨਾਲ ਕੌਰ ਤੇ ਸਿੰਘ ਲਾਇਆ| ਮੈਨੂੰ ਵੀਰ ਜੀ ਕਹਿ ਕੇ ਆਪਣਾ ਨਾਂ ਰਣਜੀਤ ਕੌਰ ਦੱਸਣ ਵਾਲੀ ਵੀ ਉਨ੍ਹਾਂ ਵਿਚੋਂ ਹੀ ਸੀ| ਰਾਮ ਸਿੰਘ ਤੇ ਮਨਜੀਤ ਕੌਰ ਦੇ ਵਿਆਹ ਤੋਂ 4-5 ਸਾਲ ਪਿੱਛੋਂ ਮਨਜੀਤ ਨੇ ਆਪਣੇ ਮੁੰਬਈ ਵਾਲੇ ਮਾਪੇ ਵੀ ਲੱਭ ਲਏ ਤੇ ਉਨ੍ਹਾਂ ਨਾਲ ਮੇਲ ਜੋਲ ਬਣਾ ਲਿਆ| ਏਥੋਂ ਤੱਕ ਕਿ ਰਾਮ ਸਿੰਘ ਦੇ ਬੱਚੇ ਵੀ ਆਪਣੇ ਨਾਨਕੇ ਘਰ ਜਾਣ ਲੱਗ ਪਏ| ਦੋ ਬੱਚੇ ਤਾਂ ਪੱਕੇ ਤੌਰ `ਤੇ ਮੁੰਬਈ ਚਲੇ ਗਏ| ਰਣਜੀਤ ਨੂੰ ਦਾਦਰਾ ਨਗਰ ਹਵੇਲੀ ਦੇ ਨੌਜਵਾਨ ਨਾਲ ਵਿਆਹ ਕੇ ਸਿਲਵਾਸਾ ਭੇਜਣ ਵਾਲੇ ਵੀ ਉਹੀਓ ਸਨ|
ਰਾਮ ਸਿੰਘ ਦੇ ਸੁਭਾਅ ਕਾਰਨ ਉਸਨੂੰ ਪਸੰਦ ਕਰਨ ਵਾਲੇ ਵੀ ਬਹੁਤ ਸਨ| ਉਹ ਬਿਰਲਿਆਂ ਦਾ ਡਰਾਈਵਰ ਬਣ ਕੇ ਸਤਨਾ ਵੀ ਰਿਹਾ ਤੇ ਰਾਂਚੀ ਵੀ| ਉਸਦੇ ਦੋ ਬੱਚੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਜੰਮਪਲ ਹਨ| ਦੋ ਧੀਆਂ ਅਮਲੋਹ ਤੇ ਨੂਰਮਹਿਲ ਵਿਆਹੀਆਂ ਹੋਈਆਂ ਹਨ| ਸਤਿੰਦਰ ਕੌਰ ਤੇ ਸਤਿਬੀਰ ਕੌਰ| ਉਨ੍ਹਾਂ ਵਿਚੋਂ ਸਤਿਬਾਰ ਤਾਂ ਪੰਜ ਕਕਾਰ ਦੀ ਪੱਕੀ ਹੈ ਤੇ ਸਦਾ ਕਿਰਪਾਨ ਪਹਿਨ ਕੇ ਰੱਖਦੀ ਹੈ| ਮੈਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਜਾਣਦਾ ਹਾਂ| ਜਦੋਂ ਮਈ ਮਹੀਨੇ ਰਣਜੀਤ ਚੰਡੀਗੜ੍ਹ ਵਿਚੋਂ ਲੰਘਦਿਆਂ ਸਾਰਿਆਂ ਨੂੰ ਮਿਲੀ ਤਾਂ ਮੇਰੀ ਵੀ ਮੁਲਾਕਾਤ ਹੋ ਗਈ| ਮੈਂ ਰਣਜੀਤ ਨੂੰ ਪਹਿਲੀ ਵਾਰ ਮਿਲਿਆ| ਉਸ ਦਿਨ ਪਟਿਆਲਾ ਤੋਂ ਜਸਬੀਰ ਕੌਰ ਵੀ ਮੈਨੂੰ ਮਿਲਣ ਆਈ ਹੋਈ ਸੀ| ਉਹ ਵੀ ਰਣਜੀਤ ਨੂੰ ਮਿਲ ਕੇ ਬੜੀ ਖ਼ੁਸ਼ ਹੋਈ| ਮੁੰਬਈ ਰਹਿ ਰਹੀ ਧਰਮਿੰਦਰ ਕੌਰ ਮੈਂ ਅੱਜ ਤੱਕ ਨਹੀਂ ਵੇਖੀ|
1947 ਵਿਚ ਤੁਰ ਗਏ ਮਾਪਿਆਂ ਦੀ ਤਾਂ ਰਾਮ ਸਿੰਘ ਨੂੰ ਵੀ ਯਾਦ ਨਹੀਂ| ਉਸਦੀ ਮਾਂ ਮੇਰੀ ਨਾਨੀ ਹੀ ਸਮਝੋ| ਏਸ ਤਰ੍ਹਾਂ ਪਲੇ ਬੱਚੇ ਦਾ ਬਾਲ ਪਰਿਵਾਰ ਏਨਾ ਵੱਡਾ ਹੋ ਜਾਵੇਗਾ ਕਦੀ ਸੋਚਿਆ ਨਹੀਂ ਸੀ| ਜਾਂਦੇ ਜਾਂਦੇ ਇਹ ਵੀ ਦੱਸ ਦਿਆਂ ਕਿ ਦਿੱਲੀ ਰਹਿੰਦਿਆਂ ਉਹਦੇ ਕੋਲੋਂ ਮੇਰੇ ਬਾਰੇ ਪੁੱਛਿਆ ਜਾਂਦਾ ਤਾਂ ਉਹ ਮੈਨੂੰ ਆਪਣਾ ਭਾਣਜਾ ਸਾਹਿਬ ਦੱਸਦਾ| ਉਹ ਜੋ 2005 ਵਿਚ ਰੱਬ ਨੂੰ ਪਿਆਰਾ ਹੋ ਗਿਆ ਹੈ|

ਅੰਤਿਕਾ
ਹਰਬੰਸ ਕੌਰ ਗਿੱਲ॥
ਇਸ ਦੁਨੀਆਂ ਵਿਚ ਸਭ ਤੋਂ ਵੱਡੀ ਹੈ ਏਹੋ ਚੰਗਿਆਈ|
ਮੰਜ਼ਿਲ ਬਿਨ ਬੰਦੇ ਨੂੰ ਕੁੱਝ ਨਾ, ਦੇਵੇ ਹੋਰ ਦਿਖਾਈ|