ਡਾ. ਗੁਰਬਖ਼ਸ਼ ਸਿੰਘ ਭੰਡਾਲ
ਅਸੀਂ ਅਹਿਸਾਸ ਵਿਹੂਣੇ ਲੋਕ। ਨਹੀਂ ਕਿਸੇ ਦੇ ਅਹਿਸਾਸ ਦੀ ਪ੍ਰਵਾਹ। ਕਿਸੇ ਨੂੰ ਚੋਭ ਲਾਉਣ ਲੱਗਿਆਂ ਪਲ ਵੀ ਨਹੀਂ ਲਾਉਂਦੇ। ਕਿਸੇ ਦੇ ਦਰਦ ਵਿਚ ਅਸੀਂ ਖ਼ੁਸ਼ੀ ਮਨਾਉਂਦੇ। ਕਿਸੇ ਦੇ ਨੁਕਸਾਨ ਵਿਚੋਂ ਨਿੱਜੀ ਲਾਭ ਦੀ ਤਵੱਕੋ। ਕਿਸੇ ਦੀਆਂ ਸਿੱਲ੍ਹੀਆਂ ਅੱਖਾਂ ਵਿਚੋਂ ਆਪਣੇ ਨੈਣਾਂ ਦੇ ਸੁਪਨਿਆਂ ਦੀ ਝਾਕ।
ਅਹਿਸਾਸ ਮਰ ਜਾਣ ਤਾਂ ਬੰਦਾ ਮਰਦਾ। ਉਸ ਦੀ ਇਨਸਾਨੀਅਤ ਕਬਰ ਭਾਲਦੀ। ਉਸ ਦੇ ਅੰਤਰੀਵ ਵਿਚਲਾ ਸੋਕਾ ਉਸ ਨੂੰ ਹੀ ਰੱਕੜ ਬਣਾਉਂਦਾ। ਉਹ ਆਪਣੀ ਰੂਹ ਦੇ ਵੈਣਾਂ ਵਿਚ ਆਪਣੇ ਆਪ ਨੂੰ ਰੁਆਉਂਦਾ ਤੇ ਸਾਹਾਂ ਦੀ ਅਮੁੱਲਤਾ ਨੂੰ ਹੱਥੀਂ ਗਵਾਉਂਦਾ।
ਅਸੀਂ ਰੋਬੋਟ ਬਣ ਗਏ। ਸਾਨੂੰ ਆਪਣੇ ਅਹਿਸਾਸਾਂ ਦੀ ਸੁੱਧ ਤਾਂ ਹੈ ਹੀ ਨਹੀਂ। ਭਲਾ ਅਸੀਂ ਕਿਸੇ ਦੇ ਅਹਿਸਾਸਾਂ ਨੂੰ ਕੀ ਤਵੱਜੋ ਦੇਵਾਂਗੇ? ਕਿਸੇ ਦੇ ਨੈਣਾਂ ਵਿਚਲੀ ਤਰਾਸਦੀ ਨੂੰ ਕਿਵੇਂ ਕਿਆਸਾਂਗੇ?
ਅਹਿਸਾਸ ਮਨ ਦੀਆਂ ਕੋਮਲ ਭਾਵਨਾਵਾਂ। ਕਿਸੇ ਦੇ ਦਰਦ ਵਿਚ ਪਸੀਜ ਜਾਣਾ। ਕਿਸੇ ਦੀ ਭਾਵੀ ਨੂੰ ਜਾਣ ਕੇ ਉਸ ਦੀ ਰੂਹ ਵਿਚ ਉੱਤਰਨਾ। ਚੌਗਿਰਦੇ ਵਿਚ ਕਿਸੇ ਚੀਖ਼ ਨੂੰ ਸੁਣ ਕੇ ਚੁੱਪ ਕਰਵਾਉਣ ਲਈ ਉਤਸ਼ਾਹ। ਕਿਸੇ ਦੀਆਂ ਲੋੜਾਂ ਥੋੜ੍ਹਾਂ ਨੂੰ ਪੂਰੀਆਂ ਕਰਕੇ ਉਸ ਦੇ ਮੁੱਖ ਤੇ ਹੁਲਾਸ ਪੈਦਾ ਕਰਨ ਦੀ ਤਮੰਨਾ। ਅੱਖਰ ਹੀਣ ਦੇ ਝੋਲੇ ਵਿਚ ਅੱਖਰਾਂ ਦੀ ਦਾਤ ਪਾਉਣ ਅਤੇ ਉਸ ਦੇ ਮਸਤਕ ਵਿਚ ਦੀਵਾ ਜਗਾਉਣ ਦੀ ਜੁਗਤੀ।
ਅਹਿਸਾਸ ਦਿਸਦੇ ਨਹੀਂ ਪਰ ਇਨ੍ਹਾਂ ਦਾ ਅਸਰ ਪ੍ਰਤੱਖ। ਇਹ ਉਸੇ ਨਹੀਂ ਜਾ ਸਕਦੇ । ਸਗੋਂ ਇਹ ਆਪੂੰ ਹੀ ਮਨ ਵਿਚ ਪਨਪਦੇ। ਇਹ ਸਾਨੂੰ ਆਪਣੇ ਪਰਿਵਾਰ, ਬਜ਼ੁਰਗਾਂ ਅਤੇ ਸਮਾਜ ਵਿਚੋਂ ਮਿਲਦੇ। ਚੰਗੀ ਸੰਗਤ ਵਿਚੋਂ ਇਨ੍ਹਾਂ ਦਾ ਜਾਗ ਲੱਗਦਾ। ਅਹਿਸਾਸ ਨੂੰ ਨਾ ਤਾਂ ਖ਼ਰੀਦਿਆ ਜਾ ਸਕਦਾ ਅਤੇ ਨਾ ਹੀ ਇਹ ਵਿਕਾਊ। ਇਹ ਤਾਂ ਰੂਹ ਵਿਚਲੀ ਤਰਲਤਾ ਅਤੇ ਮਾਸੂਮੀਅਤ ਵਿਚੋਂ ਖ਼ੁਦ-ਬਖ਼ੁਦ ਪੈਦਾ ਹੁੰਦੇ।
ਅਹਿਸਾਸ ਸਿਰਫ਼ ਅਹਿਸਾਸ ਹੁੰਦੇ। ਇਨ੍ਹਾਂ ਵਿਚੋਂ ਕਿਸੇ ਨਿੱਜੀ ਮੁਫ਼ਾਦ ਦੀ ਆਸ ਰੱਖਣਾ, ਅਹਿਸਾਸਾਂ ਦੀ ਤੌਹੀਨ। ਅਹਿਸਾਸ ਨੂੰ ਜਿਊਂਦੇ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਅਹਿਸਾਸਾਂ ਵਿਚੋਂ ਜ਼ਿੰਦਗੀ ਨੂੰ ਸਮਝਣ ਅਤੇ ਮਾਣਨ ਦਾ ਗੁਰ ਆਪਣੀ ਜੀਵਨ-ਜਾਚ ਦੇ ਨਾਮ ਕਰੀਏ।
ਅਹਿਸਾਸ ਮਰ ਜਾਂਦੇ ਤਾਂ ਰਿਸ਼ਤਿਆਂ ਨੂੰ ਸੱਪ ਸੁੰਘਦਾ, ਸੰਬੰਧਾਂ ਵਿਚ ਕੁੜੱਤਣ, ਪਰਿਵਾਰ ਟੁੱਟਦਾ ਅਤੇ ਸਮਾਜ ਵਿਚ ਵਿਸੰਗਤੀਆਂ ਦਾ ਪਹਿਰਾ ਲੱਗਦਾ। ਅਹਿਸਾਸ ਦੇ ਮਰਨ ਤੇ ‘ਮੈਂ’ ਅਤੇ ‘ਤੂੰ’ ਤੀਕ ਹੀ ਸੀਮਤ ਹੋ ਜਾਂਦੇ ਪਰ ਕਦੇ ਵੀ ‘ਅਸੀਂ’ ਵਾਲੇ ਰਾਹ ਨਹੀਂ ਤੁਰਦੇ।
ਅਹਿਸਾਸ ਮਰਦੇ ਤਾਂ ਅਸੀਂ ਬਜ਼ੁਰਗਾਂ ਦੇ ਅਦਬ ਤੋਂ ਕੋਰੇ ਹੋ ਜਾਂਦੇ। ਸਾਡੀ ਔਲਾਦ ਸਾਡੇ ਤੋਂ ਬੇਮੁਖ ਹੋ ਜਾਂਦੀ। ਅਸੀਂ ਧਾਰਮਿਕ ਬੇਅਦਬੀਆਂ ਦੇ ਰਾਹ ਤੁਰਦੇ ਅਤੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ‘ਤੇ ਸੱਟ ਮਾਰਦੇ। ਆਪਣੇ ਧਰਮ ਦੀ ਉੱਚਮਤਾ ਅਤੇ ਦੂਸਰੇ ਧਰਮ ਦੀ ਨੀਚਤਾ ਰਾਹੀਂ ਆਪਣੀ ਉੱਤਮਤਾ ਨੂੰ ਜ਼ਾਹਿਰ ਕਰਦੇ।
ਅਹਿਸਾਸ ਹੀ ਮਰ ਗਏ ਨੇ ਕਿ ਅਸੀਂ ਕਿਸੇ ਬੇਆਸਰੇ ਦੀਆਂ ਲੇਰਾਂ ਨੂੰ ਅਣਸੁਣਿਆ ਕਰਦੇ। ਕਿਸੇ ਦੇ ਚੀਖ਼-ਕੁਰਲਾਟ ਨੂੰ ਸੁਣਨ ਤੋਂ ਬਚਣ ਲਈ ਘਰ ਦੇ ਬੂਹੇ, ਬਾਰੀਆਂ ਤੇ ਰੌਸ਼ਨਦਾਨ ਢੋਅ ਲੈਂਦੇ। ਹਨੇਰੇ ਵਰਗੇ ਲੋਕ ਹੁੰਦੇ ਨੇ ਅਹਿਸਾਸ ਹੀਣ ਤਾਂ ਹੀ ਉਨ੍ਹਾਂ ਦੇ ਘਰਾਂ ਵਿਚ ਮੋਟੇ ਪਰਦਿਆਂ ਵਿਚੋਂ ਅਹਿਸਾਸ ਤਾਂ ਕੀ ਰੌਸ਼ਨੀ ਦੀ ਵੀ ਮਨਾਹੀ ਹੁੰਦੀ।
ਅਹਿਸਾਸ ਨੂੰ ਬੰਦੇ ਦੀ ਅਜੋਕੀ ਭੱਜ-ਦੌੜ ਨੇ ਹਜ਼ਮ ਲਿਆ। ਉਹ ਦੌੜਦਾ, ਮੰਜ਼ਲ ਦੇ ਸਰਨਾਵਿਆਂ ਤੋਂ ਕੋਰਾ ਸਿਰਨਾਵਾਂ ਖੋਪੇ ਪਾਈ ਬਲਦ ਵਾਂਗ ਦੌੜਨ ਵਿਚ ਮਸਰੂਫ਼ ਅਤੇ ਆਖ਼ਰ ਨੂੰ ਹਫਦਾ ਹੋਇਆ ਹੀ ਆਪਣੀ ਫਾਤਿਹਾ ਪੜ੍ਹ ਜਾਂਦਾ।
ਅਹਿਸਾਸ ਕਿਵੇਂ ਮਰ ਗਏ ਸਾਡੇ, ਇਹ ਦੇਖ ਅਤੇ ਮਹਿਸੂਸ ਕਰਕੇ ਮਨ ਬਹੁਤ ਦੁਖੀ। ਮਾਯੂਸ ਅਤੇ ਉਦਾਸ। ਇਸ ਉਦਾਸੀ ਕਾਰਨ ਹੀ ਮਨ ਤੇ ਚੁੱਪ ਹਾਵੀ ਹੋ ਜਾਂਦੀ। ਇਹੀ ਚੁੱਪ ਜਦ ਸੰਵੇਦਨਸ਼ੀਲ ਬੰਦੇ ਦੇ ਅੰਦਰ ਉੱਤਰਦੀ ਤਾਂ ਉਹ ਚੁੱਪ ਹੋ ਜਾਂਦਾ। ਅੱਜ ਕੱਲ੍ਹ ਸੰਵੇਦਨਸ਼ੀਲ ਲੋਕ ਚੁੱਪ ਹੋ ਗਏ ਨੇ ਅਤੇ ਅਹਿਸਾਸ ਹੀਣ ਲੋਕ ਸਮਾਜਿਕ ਦਾਇਰਿਆਂ ਵਿਚ ਹਾਵੀ ਹੋ ਗਏ।
ਅਹਿਸਾਸਾਂ ਨੂੰ ਕਿਸੇ ਦੇ ਦੀਦਿਆਂ ਵਿਚੋਂ ਵੀ ਪੜ੍ਹਿਆ ਜਾ ਸਕਦਾ। ਭਾਵੀ ਚੁੱਪ ਵੀ ਅਹਿਸਾਸਾਂ ਨੂੰ ਬਾਖ਼ੂਬੀ ਬਿਆਨਦੀ। ਕਿਸੇ ਦੇ ਫਰਕਦੇ ਹੋਠਾਂ ਵਿਚਲੇ ਅਹਿਸਾਸਾਂ ਨੂੰ ਅਨੁਭਵ ਕਰਨਾ। ਜਦ ਕੋਈ ਫੁੱਲ ਨਾਲੋਂ ਇੱਕ ਪੱਤੀ ਤੋੜੀ ਜਾਂਦੀ ਤਾਂ ਬਾਕੀ ਪੱਤੀਆਂ ਦੇ ਦੁੱਖ ਨੂੰ ਫੁੱਲ ਕਿਵੇਂ ਮਹਿਸੂਸ ਕਰਦਾ, ਕੁਝ ਕੁ ਵਿਰਲਿਆਂ ਨੂੰ ਹੀ ਪਤਾ ਲੱਗਦਾ।
ਕਿਸੇ ਕਿਤਾਬ ਦੇ ਕੁਝ ਖ਼ਾਲੀ ਵਰਕਿਆਂ ‘ਤੇ ਉੱਕਰੇ ਅਹਿਸਾਸਾਂ ਨੂੰ ਪੜ੍ਹਨਾ, ਤੁਹਾਨੂੰ ਪਤਾ ਲੱਗੇਗਾ ਕਿ ਕੋਰੇ ਵਰਕਿਆਂ ਤੇ ਅਹਿਸਾਸ ਪੜ੍ਹਨ ਵਾਲੇ ਦਰਅਸਲ ਅਹਿਸਾਸ ਪਰੁੱਚੇ ਲੋਕ ਹੁੰਦੇ ਜੋ ਬਿਨ-ਅੱਖਰੇ ਅਹਿਸਾਸਾਂ ਨੂੰ ਰੂਹ ਤੀਕ ਸਮਾਉਣ ਦੇ ਸਮਰੱਥ। ਕਦੇ ਕਿਸੇ ਦਰਿਆ ਦੀ ਹਿੱਕ ਵਿਚ ਉੱਗੇ ਬਰੇਤੇ ਕਾਰਨ, ਦਰਿਆ ਦੀ ਅੱਖ ਵਿਚ ਖਾਰੇ ਹੰਝੂ ਦੀ ਇਬਾਦਤ ਪੜ੍ਹਨਾ, ਤੁਹਾਨੂੰ ਪਤਾ ਲੱਗੇਗਾ ਕਿ ਦਰਿਆ ਕਿੰਨਾ ਤਰਸਿਆ ਪਿਆ ਹੈ ਕਿ ਬਰੇਤਾ ਵੀ ਪਹਿਲਾਂ ਵਾਂਗ ਦਰਿਆ ਦਾ ਹਿੱਸਾ ਬਣ ਜਾਵੇ।
ਕਿਸੇ ਉੱਜੜੇ ਖੋਲ਼ੇ ਵਿਚ ਬਿਨ ਤੇਲ ਦੀਵੇ ਦੇ ਨੈਣਾਂ ਵਿਚ ਚਾਨਣ ਲਈ ਉੱਗੀ ਤ੍ਰੇਹ ਨੂੰ ਕਿਆਸਣਾ, ਤੁਹਾਨੂੰ ਅਹਿਸਾਸ ਹੋਵੇਗਾ ਕਿ ਚਾਨਣ ਵੰਡਣ ਵਾਲਾ ਦੀਵਾ ਕਿੰਨਾ ਓਦਰਿਆ ਪਿਆ ਹੈ ਚਾਨਣ ਵੰਡਣ ਦੀ ਬਿਰਤੀ ਤੋਂ ਮਹਿਰੂਮ ਹੋ ਕੇ। ਘਰ ਦੀਆਂ ਕੰਧਾਂ ਦਾ ਉੱਖੜਿਆ ਪਲੱਸਤਰ ਜਾਂ ਛੱਤ ਤੇ ਬੇਮਾਲੂਮ ਜਿਹੇ ਨਾਵਾਂ ਨੂੰ ਪਛਾਣਨ ਵਾਲੇ ਜਦ ਅਹਿਸਾਸ ਵਿਹੂਣੇ ਹੋ ਕੇ ਘਰਾਂ ਨੂੰ ਨਹੀਂ ਪਰਤਦੇ ਤਾਂ ਘਰ, ਘਰ ਨਹੀਂ ਰਹਿੰਦਾ, ਸਗੋਂ ਇਹ ਖੋਲ਼ਾ ਬਣ ਕੇ ਕਿਸੇ ਉੱਜੜੀ ਬਸਤੀ ਦਾ ਹਿੱਸਾ ਬਣ ਜਾਂਦਾ।
ਪਾਕਿਸਤਾਨ ਦਾ ਇਕ ਟੀਵੀ ਸੀਰੀਅਲ ਦੇਖ ਰਿਹਾ ਸਾਂ। ਇਕ ਨੌਜਵਾਨ ਪੁੱਤ ਆਪਣੇ ਬੁੱਢੇ ਬਾਪ ਨੂੰ ਕਾਰ ਵਿਚ ਲੈ ਕੇ ਬਜ਼ੁਰਗ ਸੰਭਾਲ ਕੇਂਦਰ ਵਿਚ ਛੱਡ ਕੇ ਜਾਂਦਾ ਹੈ। ਬੁੱਢਾ ਬਾਪ ਹੌਲੀ ਹੌਲੀ ਬਜ਼ੁਰਗ ਘਰ ਵਿਚ ਦਾਖਲ ਹੁੰਦਿਆਂ ਮਨ ਹੀ ਮਨ ਸੋਚਦਾ ਹੈ, “ਮੈਂ ਤੁਹਾਡੇ ਤੋਂ ਬਗੈਰ ਕਿਵੇਂ ਰਹਾਂਗਾ। ਮੈਨੂੰ ਘਰ ਦੇ ਕਿਸੇ ਖੂੰਜੇ ਵਿਚ ਹੀ ਥੋੜ੍ਹੀ ਜਿਹੀ ਥਾਂ ਦੇ ਦਿੰਦੇ ਤਾਂ ਮੈਂ ਸੌਖੀ ਮੌਤੇ ਮਰ ਜਾਂਦਾ।” ਤੇ ਮੈਂ ਇਹ ਦੇਖ ਕੇ ਸੋਚਦਾ ਰਿਹਾ ਕਿ ਬਾਪ ਕੀ ਸੋਚਦਾ ਹੋਵੇਗਾ ਕਿ ਮੈਂ ਸਾਰੀ ਉਮਰ ਘਰ ਹੀ ਬਣਾਉਂਦਾ ਅਤੇ ਇਸ ਨੂੰ ਆਪਣਾ ਸਮਝਦਾ ਰਿਹਾ। ਕੀ ਮੇਰਾ ਕੋਈ ਵੀ ਘਰ ਨਹੀਂ? ਮੇਰੇ ਸਿਰ ਦੀ ਛੱਤ ਆਪਣਿਆਂ ਨੇ ਹੀ ਕਿਉਂ ਖੋਹੀ? ਕੀ ਮੇਰੇ ਬੱਚਿਆਂ ਦਾ ਮੇਰੇ ਪ੍ਰਤੀ ਇੰਨਾ ਹੀ ਅਦਬ ਸੀ ਕਿ ਮੈਨੂੰ ਬੇਘਰ ਕਰਕੇ, ਬਜ਼ੁਰਗ ਕੇਂਦਰ ਵਿਚ ਧੁਖਦਾ ਸਿਵਾ ਬਣਾ ਕੇ ਹੀ ਛੱਡ ਦਿੱਤਾ। ਦਰਅਸਲ ਇਹ ਅਹਿਸਾਸਹੀਣ ਔਲਾਦ ਹੈ ਜਿਹੜੀ ਆਪਣੇ ਬਜ਼ੁਰਗਾਂ ਦੀ ਤੌਹੀਨ ਤੇ ਤਰਾਸਦੀ ਵਿਚੋਂ ਹੀ ਆਪਣਾ ਸੁਖਨ ਭਾਲਦੀ। ਕੀ ਔਲਾਦ ਨੂੰ ਇੰਨਾ ਅਹਿਸਾਸ ਵੀ ਨਹੀਂ ਕਿ ਜਿਸ ਬਾਪ ਨੂੰ ਇੱਥੇ ਛੱਡ ਕੇ ਜਾ ਰਹੇ ਹਾਂ, ਕੀ ਇਸ ਨੇ ਕਦੇ ਸਾਡਾ ਵਸਾਹ ਕੀਤਾ ਸੀ? ਇਸ ਨੇ ਤਾਂ ਆਪਣੇ ਖ਼ਾਲੀ ਬੋਝੇ ਨਾਲ ਵੀ ਮੇਰੀਆਂ ਲੋੜਾਂ ਅਤੇ ਚਾਅ ਪੂਰੇ ਕਰਦਿਆਂ ਕੋਈ ਕਸਰ ਨਹੀਂ ਸੀ ਛੱਡੀ। ਮਰ ਗਏ ਅਹਿਸਾਸ ਵਾਲੇ ਲੋਕ ਜਦ ਘਰਾਂ ਦੇ ਮਾਲਕ ਬਣ ਜਾਣ ਤਾਂ ਘਰ ਨੂੰ ਕਬਰ ਬਣਦਿਆਂ ਦੇਰ ਨਹੀਂ ਲੱਗਦੀ। ਅਜੇਹੇ ਘਰਾਂ ਦੇ ਕਮਰਿਆਂ ਵਿਚ ਸਿਰਫ਼ ਹੌਕੇ, ਹਾਵੇ ਅਤੇ ਹਿਚਕੀਆਂ ਦਾ ਸ਼ੋਰ ਬੰਦੇ ਨੂੰ ਅੰਦਰੋਂ ਕੋਂਹਦਾ, ਉਸ ਦਾ ਜਿਊਣਾ ਹਰਾਮ ਕਰ ਦਿੰਦਾ।
ਅਮਰੀਕਾ ਵਿਚ ਇਕ ਔਰਤ ਆਪਣੇ 16 ਮਹੀਨਿਆਂ ਦੇ ਬੱਚੇ ਨੂੰ ਘਰ ਵਿਚ ਬੰਦ ਕਰਕੇ, ਆਪ ਛੁੱਟੀਆਂ ਮਨਾਉਣ ਚਲੇ ਗਈ। ਜਦ ਦਸ ਦਿਨਾਂ ਬਾਅਦ ਘਰ ਆਈ ਤਾਂ ਉਹ ਬੱਚਾ ਭੁੱਖਣ-ਭਾਣਾ, ਰੋ ਰੋ ਕੇ ਆਪਣੀ ਮਾਂ ਨੂੰ ਹਾਕਾਂ ਮਾਰਦਾ ਮਰ ਗਿਆ। ਹੁਣ ਮਾਂ ਨੂੰ ਉਮਰ ਕੈਦ ਹੋ ਗਈ। ਕੀ ਕੋਈ ਅਜਿਹੀ ਮਾਂ ਹੋ ਸਕਦੀ ਹੈ ਜਿਹੜੀ ਨਿੱਕੇ ਜਿਹੇ ਬੱਚੇ ਨੂੰ ਘਰ ਵਿਚ ਬੰਦ ਕਰਕੇ ਆਪ ਛੁੱਟੀਆਂ ਮਨਾਵੇ। ਮਾਵਾਂ ਤਾਂ ਆਪਣਾ ਬੱਚੇ ਨੂੰ ਪਲ ਵੀ ਅੱਖੋਂ ਓਝਲ ਨਹੀਂ ਕਰਦੀਆਂ। ਕੀ ਉਹ ਮਾਂ ਸੀ ਜਾਂ ਮਾਂ ਦੇ ਰੂਪ ਵਿਚ ਮੌਤ ਸੀ? ਜਦ ਕਿਸੇ ਮਾਂ ਦੀ ਮਮਤਾ ਮਰ ਜਾਵੇ ਤਾਂ ਉਸ ਦੇ ਮਨ ਵਿਚ ਅਹਿਸਾਸ ਕਿੰਝ ਪੈਦਾ ਹੋਣਗੇ? ਅਜਿਹੀਆਂ ਮਾਵਾਂ ਆਪਣੇ ਬੱਚਿਆਂ ਨੂੰ ਕਈ ਵਾਰ ਜੰਮਦਿਆਂ ਹੀ ਮਾਰ ਦਿੰਦੀਆਂ ਜਾਂ ਅਤੇ ਉਨ੍ਹਾਂ ਨੂੰ ਮਰਨ ਲਈ ਇੰਝ ਛੱਡ ਦਿੰਦੀਆਂ। ਕੀ ਅਜਿਹੀ ਔਰਤ ਨੂੰ ਮਾਂ ਬਣਨ ਦਾ ਹੱਕ ਹੈ? ਅਜਿਹੀਆਂ ਅਹਿਸਾਸ ਹੀਣ ਔਰਤਾਂ ਜਦ ਕਿਸੇ ਸਮਾਜ ਨੂੰ ਕਲੰਕਿਤ ਕਰਦੀਆਂ ਤਾਂ ਸਮੁੱਚਾ ਸਮਾਜ ਨਮੋਸ਼ੀ ਵਿਚ ਡੁੱਬ ਜਾਂਦਾ।
ਅਹਿਸਾਸ ਇੰਜ ਵੀ ਹੁੰਦੇ ਕਿ ਇਹ ਕਿਸੇ ਲਾਚਾਰ ਦੇ ਮੁੱਖ ਤੇ ਖੇੜਾ ਪੈਦਾ ਕਰਕੇ ਆਪਣੇ ਆਪ ਨੂੰ ਧੰਨਭਾਗ ਸਮਝਦੇ। ਜਦ ਕੋਈ ਇਕ ਸੰਵੇਦਨਸ਼ੀਲ ਅਤੇ ਧਾਰਮਿਕ ਬਿਰਤੀ ਵਾਲਾ ਵਿਅਕਤੀ ਕਾਪੀਆਂ ਤੇ ਪੈਨਸਿਲ ਵੇਚਣ ਵਾਲੇ ਬੱਚੇ ਕੋਲੋਂ ਸਭ ਕੁਝ ਖ਼ਰੀਦ ਕੇ ਕੀਮਤ ਨਾਲੋਂ ਵੱਧ ਪੈਸੇ ਦੇ ਦਿੰਦਾ ਹੈ ਤਾਂ ਬੱਚੇ ਦੇ ਮੁੱਖ ‘ਤੇ ਉਪਜਿਆ ਹੁਲਾਸ ਅਤੇ ਖ਼ੁਸ਼ੀ, ਖ਼ਰੀਦਦਾਰ ਦੇ ਮਨ ਵਿਚ ਪੈਦਾ ਹੋਏ ਅਹਿਸਾਸਾਂ ਦੇ ਸਦਕੇ ਜਾਂਦਾ ਹੈ। ਜਦ ਉਸ ਦਾ ਸਾਥੀ ਪੁੱਛਦਾ ਹੈ ਕਿ ਤੂੰ ਇੰਨੀਆਂ ਕਾਪੀਆਂ ਅਤੇ ਪੈਨਸਿਲਾਂ ਦਾ ਕੀ ਕਰਨਾ ਹੈ ਤਾਂ ਉਹ ਕਹਿੰਦਾ ਹੈ ਕਿ ਲੋੜਵੰਦ ਬੱਚੇ ਦੇ ਮੁੱਖ ਤੇ ਪੈਦਾ ਹੋਏ ਚਾਅ ਨੂੰ ਦੇਖਣਾ ਮੇਰੇ ਲਈ ਸਭ ਤੋਂ ਅਮੁੱਲ ਅਤੇ ਕੀਮਤੀ ਪਲ ਹਨ। ਕਦੇ ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਦੇਖਣਾ, ਤੁਹਾਨੂੰ ਦੁਨੀਆ ਦੀ ਅਜਿਹੀ ਖ਼ੁਸ਼ੀ ਹਾਸਲ ਹੋਵੇਗੀ ਜਿਸ ਲਈ ਸਮੁੱਚੀ ਦੁਨੀਆ ਹੀ ਤਰਸੀ ਪਈ ਹੈ।
ਅਹਿਸਾਸ, ਨਿੱਕੀਆਂ-ਨਿੱਕੀਆਂ ਗੱਲਾਂ, ਹੁੰਗਾਰਿਆਂ, ਇਸ਼ਾਰਿਆਂ ਅਤੇ ਭਾਵਾਂ ਰਾਹੀਂ ਪ੍ਰਗਟ ਹੁੰਦੇ। ਤਰੇਲੀ ਵੱਟ ਤੇ ਤੁਰਦਿਆਂ ਮਨ ਵਿਚ ਪੈਦਾ ਹੋਏ ਅਹਿਸਾਸ ਨੂੰ ਬਿਆਨਣ ਲਈ ਤੁਹਾਨੂੰ ਬੋਲ ਨਹੀ ਅਹੁੜਨਗੇ। ਕਦੇ ਨੰਗੇ ਪੈਰੀਂ ਕੱਚੇ ਰਾਹਾਂ ਦੀ ਧੁੱਧਲ ਉਡਾਉਣਾ, ਤੁਹਾਡੇ ਅਹਿਸਾਸ ਬਚਪਨ ਅੰਗੜਾਈਆਂ ਭਰਨਗੇ ਜਦ ਤੁਸੀਂ ਨਿੱਕੇ ਹੁੰਦਿਆਂ ਧੁੱਧਲ ਉਡਾ ਕੇ ਹੀ ਹੱਸਦੇ ਹੁੰਦੇ ਸੀ। ਕਦੇ ਬੱਚਿਆਂ ਨੂੰ ਖੜੇ ਪਾਣੀ ਵਿਚ ਪੈਰ ਮਾਰ ਕੇ ਖੇਡਦਿਆਂ ਅਤੇ ਖ਼ੁਸ਼ ਹੁੰਦਿਆਂ ਦੇਖਣਾ, ਤੁਹਾਨੂੰ ਆਪਣੇ ਬੀਤੇ ਦਿਨਾਂ ਦੀ ਯਾਦ ਆਵੇਗੀ।
ਜਦ ਕਿਸੇ ਘਰ ਵਿਚ ਬਨਾਵਟੀ ਫੁੱਲਾਂ ਦੀ ਸਜਾਵਟ ਹੁੰਦੀ। ਫੁੱਲ ਦੀਆਂ ਪੱਤੀਆਂ ਨੂੰ ਪੈਰਾਂ ਹੇਠ ਮਸਲਿਆ ਜਾਂਦਾ ਜਾਂ ਤੁਰੇ ਜਾਂਦਿਆਂ ਕਿਸੇ ਦੇ ਲਾਏ ਹੋਏ ਫੁੱਲਾਂ ਨੂੰ ਮਰੁੰਡ ਕੇ ਤੋੜਿਆ ਜਾਂਦਾ ਤਾਂ ਅਹਿਸਾਸਹੀਣਤਾ ਤੁਹਾਨੂੰ ਸਾਖਸ਼ਾਤ ਨਜ਼ਰ ਆਉਂਦੀ।
ਕਈ ਵਾਰ ਬੰਦੇ ਨੂੰ ਦੂਰੀਆਂ ਦਾ ਅਹਿਸਾਸ ਇੰਝ ਹੁੰਦਾ ਕਿ ਸੱਜਣ ਨੇ ਪਿਆਰੇ ਨੂੰ ਹਾਲ-ਚਾਲ ਪੁੱਛਿਆ। ਪਿਆਰੇ ਨੇ ਕਿਹਾ ਕਿ ਮੈਂ ਠੀਕ ਹਾਂ ਅਤੇ ਸੱਜਣ ਨੇ ਮੰਨ ਲਿਆ।
ਅਹਿਸਾਸ ਦਾ ਮਰ ਜਾਣਾ, ਮੌਤ ਦੀ ਪਹਿਲੀ ਦਸਤਕ। ਕੌਣ ਇਸ ਦਸਤਕ ਨੂੰ ਸੁਣਦਾ ਅਤੇ ਕੌਣ ਨਹੀਂ ਸੁਣਦਾ, ਇਸ ਨੇ ਹੀ ਕਿਸੇ ਦੀ ਉਮਰ ਨੂੰ ਇਸੇ ‘ਚ ਮਿਣਨਾ ਜਾਂ ਸਾਲਾਂ ਵਿਚ ਗਿਣਨਾ।
ਕਈ ਵਾਰ ਇੰਜ ਵੀ ਹੁੰਦਾ ਕਿ ਕੁਝ ਮਾੜਾ ਹੋ ਰਿਹਾ ਤਾਂ ਬਹੁਤਿਆਂ ਨੂੰ ਬੁਰਾ ਲੱਗਦਾ। ਕੁਝ ਇਸ ਨੂੰ ਅਹਿਸਾਸਾਂ ਰਾਹੀਂ ਪ੍ਰਗਟ ਕਰਦੇ। ਪਰ ਕੁਝ ਕੁ ਅਜਿਹੇ ਵੀ ਹੁੰਦੇ ਕਿ ਇਸ ਨੂੰ ਅਹਿਸਾਸਾਂ ਵਿਚ ਪ੍ਰਗਟ ਹੀ ਨਾ ਹੋਣ ਦਿੰਦੇ। ਅਹਿਸਾਸਾਂ ਨੂੰ ਆਪਣੇ ਆਪ ਤੋਂ ਹੀ ਲੁਕਾ ਲੈਣਾ ਵੀ ਇਕ ਗੁਨਾਹ ਅਤੇ ਅੱਜ ਕੱਲ੍ਹ ਅਕਸਰ ਹੀ ਅਸੀਂ ਅਜਿਹੇ ਗੁਨਾਹਗਾਰ ਬਣ ਗਏ ਹਾਂ।
ਜਦ ਕੋਈ ਮਨੁੱਖ ਅਹਿਸਾਸ ਹੀਣ ਤੋਂ ਅਹਿਸਾਸਵੰਤ ਹੋਇਆ ਤਾਂ ਉਹ ਅੰਦਰੋਂ-ਅੰਦਰੀਂ ਬਹੁਤ ਰੋਇਆ ਜਦ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਅਜਿਹਾ ਬੰਦਾ ਕੱਫਣ ਵਿਚ ਲਪੇਟੀ ਲਾਸ਼ ਕੋਲੋਂ ਖਿਮਾ ਜਾਚਨਾ ਕਿਵੇਂ ਕਰੇ, ਕਿਉਂਕਿ ਲਾਸ਼ ਕਦੇ ਬੋਲਦੀ ਜਾਂ ਹੁੰਗਾਰਾ ਨਹੀਂ ਭਰਦੀ।
ਅਹਿਸਾਸ ਵਿਹੂਣੇ ਬੰਦਿਆਂ ਪੱਲੇ, ਰਹਿੰਦਾ ਦੱਸੋ ਕੀ?
ਵਿਚ ਚੌਰਾਹੇ ਲਾਇਆਂ ਹੁੰਦਾ, ਬੋਲੀ ਆਪਣਾ ਜੀਅ।
ਅਹਿਸਾਸ ਵਿਗੁੱਤੇ ਲੋਕਾਂ ਭਲਾ, ਕਰਨੀ ਕੀ ਤਲਾਸ਼।
ਤਲੀ ਉੱਪਰ ਫਿਰਨ ਟਿਕਾਈ, ਆਪਣੇ ਮਨ ਦੀ ਲਾਸ਼।
ਅਹਿਸਾਸਹੀਣ ਮਨੁੱਖਾਂ ਕੋਲੋਂ, ਰੱਖਣੀ ਕਾਹਦੀ ਆਸ?
ਨਾ ਰੋਣ ਲਈ ਮੋਢਾ ਦੇਂਦੇ, ਤੇ ਨਾ ਦੇਵਣ ਧਰਵਾਸ।
ਅਹਿਸਾਸੋਂ ਵਿਰਵੀ ਜਾਤ ਦੇ ਮੱਥੇ, ਰਹੇ ਪਲੱਤਣੀ ਭਾਅ।
ਨਾ ਕਿਸੇ ਦੇ ਸੋਗ ‘ਚ ਸੋਗੀ, ਤੇ ਨਾ ਮਨਾਉਂਦੇ ਚਾਅ।
ਅਹਿਸਾਸ ਮਰੇ ਤਾਂ ਬੰਦਾ ਮਰਦਾ, ਤੇ ਮਰਦੀ ਔਕਾਤ।
ਰੂਹ ਦੇ ਵਿਹੜੀਂ ਰਹੇ ਹਨੇਰਾ, ਨਾ ਉੱਗਦੀ ਪ੍ਰਭਾਤ।
ਅਹਿਸਾਸ ਵਾਲੇ ਜਿਊੜੇ ਹੁੰਦੇ, ਚਾਨਣ ਦਾ ਸਿਰਨਾਵਾਂ।
ਮਨ ਦੀ ਮੰਜ਼ਲ ਦੱਸਣ ਵਾਲੀਆਂ, ਰੰਗ ਰੱਤੀਆਂ ਰਾਹਵਾਂ।
ਯਾਦ ਰਹੇ ਕਿ ਰਿਸ਼ਤੇ ਸਿਰਫ਼ ਖ਼ੂਨ ਦੇ ਹੀ ਨਹੀਂ ਹੁੰਦੇ। ਰਿਸ਼ਤੇ ਤਾਂ ਵਿਸ਼ਵਾਸ ਦੇ, ਧਰਵਾਸ ਦੇ ਅਤੇ ਅਹਿਸਾਸ ਦੇ ਹੁੰਦੇ। ਅਹਿਸਾਸਹੀਣ ਕਦੋਂ ਕਿਸੇ ਰਿਸ਼ਤੇ ਨੂੰ ਕੋਈ ਅਹਿਮੀਅਤ ਦਿੰਦੇ।
ਸ਼ਬਦਾਂ ਵਿਚ ਅਹਿਸਾਸ ਤਾਂ ਹੀ ਪੈਦਾ ਹੁੰਦੇ ਜਦ ਕਲਮ ਵਿਚ ਜਜ਼ਬਾਤ, ਭਾਵਾਂ ਵਿਚ ਅਲਫ਼ਾਜ਼ ਤੇ ਅਰਥਾਂ ਵਿਚ ਅੰਦਾਜ਼ ਹੁੰਦੇ ਅਤੇ ਰੂਹ ਵਿਚ ਅੰਬਰੀ ਪਰਵਾਜ਼ ਹੁੰਦੀ।
ਸਮੇਂ ਨਾਲ ਲੋਕ ਤਾਂ ਭਾਵੇਂ ਉਹੀ ਹੁੰਦੇ ਪਰ ਉਨ੍ਹਾਂ ਦੇ ਅਹਿਸਾਸ ਬਦਲ ਜਾਂਦੇ। ਗੱਲਾਂ ਉਹੀ ਹੁੰਦੀਆਂ, ਅੰਦਾਜ਼ ਬਦਲ ਜਾਂਦੇ। ਕੋਲ ਕੋਲ ਹੁੰਦਿਆਂ ਵੀ ਦੂਰੀਆਂ ਦੇ ਅਹਿਸਾਸ ਹੁੰਦੇ ਅਤੇ ਸੰਬੰਧਾਂ ਲਈ ਸਿਰਫ਼ ਆਖ਼ਰੀ ਸਵਾਸ ਹੁੰਦੇ।
ਜਦ ਸਾਡੇ ਸ਼ਬਦਾਂ ਵਿਚੋਂ, ਬੋਲਾਂ ਵਿਚੋਂ, ਤੱਕਣੀ ਵਿਚੋਂ, ਸਰੀਰਕ ਕਿਰਿਆਵਾਂ ਵਿਚੋਂ, ਕੀਰਤੀ ਵਿਚੋਂ, ਧਰਮ ਵਿਚੋਂ ਅਤੇ ਸੁਭਾਅ ਵਿਚੋਂ ਅਹਿਸਾਸ ਗੁੰਮ ਜਾਂਦੇ ਤਾਂ ਅਸੀਂ ਸਿਰਫ਼ ਇੱਕ ਤਾਬੂਤ ਹੁੰਦੇ। ਅੱਜ ਕੱਲ੍ਹ ਅਸੀਂ ਤਾਬੂਤਾਂ ਦੀ ਸ਼ੈਣੀ ਪਰ ਖ਼ੁਦ ਨੂੰ ਬਹੁਤ ਕਿਸਮਤ ਵਾਲੇ ਸਮਝਣ ਲੱਗ ਪਏ ਹਾਂ।
ਅਹਿਸਾਸ ਹੀ ਮਰ ਗਏ ਕਿ ਅਸੀਂ ਹੁਣ ਬੰਦੇ ਨੂੰ ਵਰਤਦੇ ਹਾਂ। ਉਸ ਦੀ ਲਿਆਕਤ, ਮਨੋਂ ਕਾਮਨਾਵਾਂ, ਭਾਵਨਾਵਾਂ ਅਤੇ ਸੁਪਨਿਆਂ ਨੂੰ ਵਰਤੋਂ ਦੀ ਵਸਤ ਬਣਾ ਦਿੱਤਾ। ਜਦ ਕਿਸੇ ਨੂੰ ਵਰਤੋਂ ਦੀ ਵਸਤ ਬਣਾ ਵਪਾਰੀਕਰਨ ਕੀਤਾ ਜਾਂਦਾ ਤਾਂ ਅਹਿਸਾਸ ਕਬਰਾਂ ਵਿਚ ਦਫ਼ਨ ਹੋ ਜਾਂਦੇ।
ਮਨ ਦੇ ਬੂਹੇ ਟੰਗੀਏ ਸੁੰਨ ਹੋਏ ਅਹਿਸਾਸ।
ਤਾਂ ਕਿ ਜਿਉਂਦੇ ਹੋਣ ਦਾ ਲੋਕੀਂ ਕਰਨ ਆਭਾਸ।
ਰੂਹ ਨੂੰ ਕਦੇ ਬਣਾਈਏ ਅਹਿਸਾਸਾਂ ਦੀ ਜੂਹ।
ਤਾਂ ਕਿ ਸਾਡੜੇ ਚਾਅ ਵੀ ਲੈਂਦੇ ਰਹਿਣਗੇ ਸੂਹ।
ਸਾਡੇ ਸ਼ਬਦੀ ਜਗ ਪਵੇ ਜੇ ਅਹਿਸਾਸਾਂ ਦੀ ਜੋਤ।
ਤਾਂ ਹਰ ਪਲ ਸਾਨੂੰ ਯਾਦ ਰਹੇ ਆਪਣੀ ਭਾਵੀ ਮੌਤ।
ਸਾਡੇ ਬੋਲੀਂ ਅਹਿਸਾਸ ਜੇ ਭਰਨ ਕਦੇ ਪਰਵਾਜ਼।
ਤਾਂ ਸਾਡੀ ਜੀਵਨ-ਜਾਚ ਨੂੰ ਆਵੇ ਜਿਊਣ-ਅੰਦਾਜ਼
ਸਾਡੇ ਕਰਮੀਂ ਜੇ ਲੱਗ ਜੇ ਅਹਿਸਾਸਾਂ ਦਾ ਜਾਗ।
ਤਾਂ ਮਸਤਕੀਂ ਲਿਸ਼ਕਣੇ ਸੂਰਜ ਰੰਗੇ ਭਾਗ।
ਅੰਬਰੀ ਜੇ ਅਹਿਸਾਸ ਦੇ ਟਿਮਕਣ ਲੱਗਣ ਤਾਰੇ।
ਤਾਂ ਦੁਨੀਆ ਤੋਂ ਦੂਰ ਹੋਣ ਪਸਰੇ ਹੋਏ ਹਨੇਰੇ।
ਅਹਿਸਾਸ ਨੂੰ ਜਿਊਂਦੇ ਰੱਖਣ ਲਈ ਜ਼ਰੂਰੀ ਹੈ ਕਿ ਬੰਦਾ ਜਿਊਂਦਾ ਰਹੇ। ਉਸ ਦਾ ਅੰਦਰਲਾ ਮਨੁੱਖ ਸੰਜੀਵ ਰਹੇ। ਉਸ ਦੀਆਂ ਤਮੰਨਾਵਾਂ ਵਿਚ ਲੋਭ ਨਾ ਆਵੇ। ਉਹ ਦਿਮਾਗ਼ ਨਾਲੋਂ ਮਨ ਦੇ ਆਖੇ ਲੱਗ ਕੇ ਜੀਵਨ ਦੀਆਂ ਪਹਿਲਾਂ ਨਿਰਧਾਰਿਤ ਕਰੇ। ਅਹਿਸਾਸ ਦਿਲਾਂ ਦੇ ਹੁੰਦੇ, ਰੂਹਾਂ ਦੇ ਹੁੰਦੇ, ਮਨ ਦੇ ਹੁੰਦੇ, ਭਾਵਨਾਵਾਂ ਦੇ ਹੁੰਦੇ ਅਤੇ ਪਨਪੇ ਚਾਵਾਂ ਦੇ ਹੁੰਦੇ। ਸਾਡੀਆਂ ਅਦਾਵਾਂ ਦੇ ਵੀ, ਕਾਮਨਾਵਾਂ ਦੇ ਵੀ ਅਤੇ ਦੁਆਵਾਂ ਦੇ ਵੀ। ਅਸੀਂ ਕਿਹੜੇ ਅਹਿਸਾਸਾਂ ਵਿਚੋਂ ਖ਼ੁਦ ਨੂੰ ਆਪਣੀ ਤਕਦੀਰ ਦਾ ਸਿਰਜਣਹਾਰਾ ਬਣਾਉਣਾ, ਇਹ ਸਾਡੇ ਤੇ ਨਿਰਭਰ ਅਤੇ ਇਸ ਨੇ ਹੀ ਸਾਡੀ ਮਨੁੱਖੀ ਸ਼ਖ਼ਸੀਅਤ ਨੂੰ ਉਸਾਰਨਾ।
ਅਸੀਂ ਰੋਬੋਟ ਬਣਨਾ ਜਾਂ ਸੂਖਮ ਭਾਵੀ ਮਨੁੱਖ ਬਣਨਾ, ਇਹ ਸਾਡੀ ਸੋਚ ਤੇ ਤਰਜੀਹ `ਤੇ ਨਿਰਭਰ ਜਿਸ ਨੂੰ ਤੁਸੀਂ ਹੀ ਨਿਰਧਾਰਿਤ ਕਰਨਾ।
ਕਦੇ ਮਨੁੱਖ ਬਣ ਕੇ ਇਨਸਾਨ ਬਣਨ ਵੰਨੀ ਪਹਿਲ-ਕਦਮੀ ਕਰਨਾ, ਬਾਕੀ ਕਦਮ ਖ਼ੁਦ ਬਖ਼ੁਦ ਉੱਠ ਜਾਣਗੇ।