ਨਵਾਂ ਸਿਆਸੀ ਮੋੜ

ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਇਕੱਲਿਆਂ ਪੂਰਨ ਬਹੁਮਤ ਨਾ ਮਿਲਣ ਕਾਰਨ ਮੁਲਕ ਦੀ ਸਿਆਸਤ ਵਿਚ ਮੋੜਾ ਆਉਣ ਦੀ ਭਵਿੱਖਬਾਣੀ ਕੀਤੀ ਜਾਣ ਲੱਗੀ ਹੈ। ਪਹਿਲਾਂ 2014 ਅਤੇ ਫਿਰ 2019 ਵਾਲੀਆਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਇਕੱਲਿਆਂ ਪੂਰਨ ਮਿਲਿਆ ਸੀ ਅਤੇ ਇਨ੍ਹਾਂ ਦਸਾਂ ਸਾਲਾਂ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਿਆਸੀ ਸਰਪ੍ਰਸਤ, ਕੱਟੜ ਹਿੰਦੂ ਜਥੇਬੰਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਨੇ ਚੰਮ ਦੀਆਂ ਚਲਾਈਆਂ ਸਨ।

ਇਸ ਸਮੇਂ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੂੰ ਵੱਡੇ ਪੱਧਰ ‘ਤੇ ਰਗੜੇ ਲਾਏ ਗਏ ਅਤੇ ਐੱਨ.ਡੀ.ਏ. ਦੀਆਂ ਭਾਈਵਾਲ ਪਾਰਟੀਆਂ ਨੂੰ ਉਕਾ ਹੀ ਦਰਕਿਨਾਰ ਕਰ ਦਿੱਤਾ ਗਿਆ ਸੀ। ਇਹੀ ਨਹੀਂ, ਇਕ-ਇਕ ਕਰ ਕੇ ਸਭ ਖੁਦਮੁਖਤਾਰ ਸੰਸਥਾਵਾਂ ਮੋਦੀ ਸਰਕਾਰ ਨੇ ਆਪਣੇ ਕੰਟਰੋਲ ਹੇਠ ਕਰ ਲਈਆਂ ਸਨ। ਅਦਾਲਤਾਂ ਅਤੇ ਜੱਜਾਂ ਤੱਕ ਨੂੰ ਸਖਤ ਸੁਨੇਹੇ ਭੇਜੇ ਜਾਣ ਲੱਗੇ ਸਨ। ਹੁਣ ਭਾਵੇਂ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਪਰ ਇਸ ਵਾਰ ਉਸ ਨੂੰ ਆਪਣੇ ਭਾਈਵਾਲਾਂ ਉਤੇ ਨਿਰਭਰ ਕਰਨਾ ਪੈ ਰਿਹਾ ਹੈ। ਇਸ ਲਈ ਆਸ ਕੀਤੀ ਜਾ ਰਹੀ ਹੈ ਕਿ ਹੁਣ ਉਹ ਹਿੰਦੂ ਰਾਸ਼ਟਰ ਵਾਲਾ ਏਜੰਡਾ ਪਹਿਲਾਂ ਵਰਗੀ ਸਖਤੀ ਨਾਲ ਲਾਗੂ ਨਹੀਂ ਕਰ ਸਕਣਗੇ ਅਤੇ ਨਾ ਹੀ ਮਰਜ਼ੀ ਮੁਤਾਬਿਕ ਸੰਵਿਧਾਨ ਵਿਚ ਸੋਧਾਂ ਕਰ ਸਕਣਗੇ। ਭਾਰਤੀ ਜਨਤਾ ਪਾਰਟੀ ਚਿਰਾਂ ਤੋਂ ਕਾਂਗਰਸ-ਮੁਕਤ ਭਾਰਤ ਦੇ ਹੋਕਰੇ ਲਾ ਰਹੀ ਸੀ ਪਰ ਐਤਕੀਂ ਕਾਂਗਰਸ ਨੇ ਲੋਕ ਸਭਾ ਵਿਚ ਚੰਗੀ ਵਾਪਸੀ ਕਰ ਕੇ ਇਸ ਦਾ ਮੂੰਹ ਬੰਦ ਕਰ ਦਿੱਤਾ ਹੈ। ਇਸੇ ਕਰ ਕੇ ਭਾਰਤੀ ਜਨਤਾ ਪਾਰਟੀ ਨੂੰ ਇਕੱਲਿਆਂ ਬਹੁਮਤ ਨਾ ਮਿਲਣ ਨੂੰ ਭਾਰਤ ਦੇ ਲੋਕਤੰਤਰ ਲਈ ਚੰਗੀ ਖ਼ਬਰ ਕਿਹਾ ਜਾ ਰਿਹਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ ਤਾਨਾਸ਼ਾਹੀ ਵਾਲਾ ਵਿਹਾਰ ਅਖ਼ਤਿਆਰ ਨਹੀਂ ਕਰ ਸਕੇਗੀ।
ਲੋਕ ਸਭਾ ਨਤੀਜਿਆਂ ਦੇ ਗੁਆਂਢੀ ਮੁਲਕਾਂ ਨਾਲ ਵਿਹਾਰ ਵਿਚ ਵੀ ਅਸਰ ਪੈਣ ਦੇ ਆਸਾਰ ਦੱਸੇ ਜਾ ਰਹੇ ਹਨ। ਮੋਦੀ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਭਾਵੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ਸ਼ਰੀਫ ਨੂੰ ਸੱਦਾ ਨਹੀਂ ਭੇਜਿਆ ਪਰ ਉਨ੍ਹਾਂ ਵੱਲੋਂ ਮੋਦੀ ਨੂੰ ਵਧਾਈ ਦਿੱਤੇ ਜਾਣ ਤੋਂ ਬਾਅਦ ਦੋਹਾਂ ਮੁਲਕਾਂ ਵਿਚ ਕਈ ਚਿਰ ਤੋਂ ਆਈ ਖੜੋਤ ਟੁੱਟਣ ਦੀਆਂ ਕਿਆਸਆਰਾਈਆਂ ਹਨ।ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਵਜੋਂ ਦੂਜੀ ਵਾਰ ਅਹੁਦਾ ਸੰਭਾਲਦਿਆਂ ਐੱਸ. ਜੈਸ਼ੰਕਰ ਨੇ ਪਾਕਿਸਤਾਨ ਦੇ ਹਵਾਲੇ ਨਾਲ ਆਖਿਆ ਹੈ ਕਿ ਭਾਰਤ ਸਰਹੱਦ ਪਾਰ ਦਹਿਸ਼ਤਵਾਦ ਦਾ ਹੱਲ ਲੱਭਣਾ ਚਾਹੁੰਦਾ ਹੈ। ਜੈਸ਼ੰਕਰ ਦਾ ਇਹ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਵੱਡੇ ਭਰਾ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਨਰਿੰਦਰ ਮੋਦੀ ਨੂੰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ `ਤੇ ਵਧਾਈ ਸੰਦੇਸ਼ ਦੇਣ ਤੋਂ ਬਾਅਦ ਆਇਆ ਹੈ। ਚੇਤੇ ਰਹੇ ਕਿ ਪਾਕਿਸਤਾਨ ਦੀ ਹਰ ਸਰਕਾਰ ਉਤੇ ਫੌਜ ਦਾ ਪ੍ਰਛਾਵਾਂ ਰਹਿੰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਭਾਰਤ ਬਾਰੇ ਪਾਕਿਸਤਾਨੀ ਫੌਜ ਦੀ ਸੋਚ ਅਤੇ ਪਹੁੰਚ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਪਾਕਿਸਤਾਨੀ ਫੌਜ ਹੁਣ ਭਾਰਤ ਨਾਲ ਤਾਲਮੇਲ ਚਾਹੁੰਦੀ ਹੈ ਪਰ ਤ੍ਰਾਸਦੀ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅੱਧੀ ਸਿਆਸਤ ਤਾਂ ਪਾਕਿਸਤਾਨ ਖਿਲਾਫ ਲੋਕਾਂ ਨੂੰ ਭੜਕਾ ਕੇ ਚੱਲਦੀ ਹੈ। ਦੂਜੇ ਬੰਨੇ, ਅੱਜ ਪਾਕਿਸਤਾਨ ਆਰਥਿਕ, ਸਿਆਸੀ ਅਤੇ ਸਮਾਜਿਕ ਤੌਰ ‘ਤੇ ਇੰਨਾ ਫਸਿਆ ਹੋਇਆ ਹੈ ਕਿ ਇਹ ਹੁਣ ਹਰ ਹਾਲ ਭਾਰਤ ਨਾਲ ਤਾਲਮੇਲ ਦਾ ਇੱਛੁਕ ਹੈ। ਪਾਕਿਸਤਾਨ ਆਰਥਿਕ ਪੱਖੋਂ ਬੁਰੇ ਹਾਲੀਂ ਹੈ ਅਤੇ ਸਿਆਸੀ ਅਸਥਿਰਤਾ ਕਾਰਨ ਮੁਲਕ ਵਿਚ ਅਫਰਾ-ਤਫਰੀ ਵਾਲਾ ਮਾਹੌਲ ਹੈ। ਜਦੋਂ ਤੋਂ ਫੌਜ ਨੇ ਇਮਰਾਨਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਹਿਆ ਹੈ, ਲੋਕ ਸੜਕਾਂ ਉਤੇ ਲਗਾਤਾਰ ਧਰਨੇ ਮੁਜ਼ਾਹਰੇ ਕਰ ਰਹੇ ਹਨ। ਅਜਿਹੇ ਹਾਲਾਤ ਵਿਚ ਸੰਭਵ ਹੈ ਕਿ ਆਉਣ ਵਾਲੇ ਸਾਲਾਂ ਦੌਰਾਨ ਦੋਹਾਂ ਮੁਲਕਾਂ ਵਿਚਕਾਰ ਕੋਈ ਤਾਲਮੇਲ ਬਣੇ।
ਇਨ੍ਹਾਂ ਚੋਣ ਨਤੀਜਿਆਂ ਦਾ ਪੰਜਾਬ ਉਤੇ ਵੀ ਅਸਰ ਪੈਣ ਬਾਰੇ ਵਿਚਾਰ ਪ੍ਰਗਟਾਏ ਜਾ ਰਹੇ ਹਨ। ਪੰਜਾਬ ਵਿਚ ਭਾਵੇਂ ਭਾਰਤੀ ਜਨਤਾ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ ਪਰ ਇਸ ਦਾ ਵੋਟਸ਼ੇਅਰ ਪਹਿਲਾਂ ਦੇ ਮੁਕਾਬਲੇ ਕਾਫੀ ਵਧਿਆ ਹੈ। ਇਸ ਦੀ ਕਾਰਗੁਜ਼ਾਰੀ ਅਕਾਲੀ ਦਲ ਨਾਲੋਂ ਕਿਤੇ ਬਿਹਤਰ ਰਹੀ ਹੈ। ਇਸ ਨੂੰ ਕੁੱਲ 18.56 ਫੀਸਦ ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਸਿਰਫ 13.42 ਫੀਸਦ ਵੋਟਾਂ ਹੀ ਲੈ ਸਕਿਆ ਹੈ ਹਾਲਾਂਕਿ ਅਕਾਲੀ ਦਲ ਇਕ ਸੀਟ ‘ਤੇ ਜਿੱਤ ਦਰਜ ਕੀਤੀ ਹੈ। ਉਂਝ, ਅਕਾਲੀ ਦਲ ਲਈ ਮਾੜੀ ਖਬਰ ਇਹ ਹੈ ਕਿ ਇਸ ਦੇ ਕੁੱਲ 13 ਵਿਚੋਂ 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਉਧਰ, ਅਕਾਲੀ ਦਲ ਦਾ ਸ਼ਰੀਕ ਅੰਮ੍ਰਿਤਪਾਲ ਸਿੰਘ ਬਹੁਤ ਵੱਡੇ ਫਰਕ ਨਾਲ ਜੇਤੂ ਰਿਹਾ ਹੈ। ਇਨ੍ਹਾਂ ਚੋਣਾਂ ਵਿਚ ਬੇਹੱਦ ਮਾੜੀ ਕਾਰਗੁਜ਼ਾਰੀ ਕਰ ਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਦਬਾਅ ਝੱਲਣਾ ਪੈ ਰਿਹਾ ਹੈ। ਸਿਆਸੀ ਮਾਹਿਰ ਵੀ ਇਹੀ ਕਹਿ ਰਹੇ ਹਨ ਕਿ ਜਿੰਨਾ ਚਿਰ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਮੁਕਤ ਨਹੀਂ ਕਰਵਾਇਆ ਜਾਂਦਾ, ਦਲ ਦੀ ਪੁਨਰ-ਸੁਰਜੀਤੀ ਮੁਸ਼ਕਿਲ ਹੈ। ਇਹੀ ਹਾਲ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਹੈ। ਇਹ ਪਾਰਟੀ ਢਾਈ ਸਾਲ ਪਹਿਲਾਂ 92 ਵਿਧਾਨ ਸਭਾ ਹਲਕੇ ਜਿੱਤ ਕੇ ਸੱਤਾ ਵਿਚ ਆਈ ਸੀ। ਪਹਿਲਾਂ ਤਾਂ ਇਸ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਪਛਾੜ ਵੱਜੀ ਜੋ ਭਗਵੰਤ ਮਾਨ ਦੇ ਅਸਤੀਫੇ ਕਾਰਨ ਖਾਲੀ ਹੋਈ ਸੀ। ਹੁਣ ਲੋਕ ਸਭਾ ਚੋਣਾਂ ਵਿਚ ਇਸ ਨੂੰ ਸਿਰਫ ਤਿੰਨ ਸੀਟਾਂ ਹੀ ਮਿਲ ਸਕੀਆਂ ਜਦਕਿ ਦਾਅਵੇ 13 ਦੀਆਂ 13 ਸੀਟਾਂ ਜਿੱਤਣ ਦੇ ਸਨ।ਹੁਣ ਦੇਖਣਾ ਇਹ ਹੈ ਕਿ ਪੰਜਾਬ ਵਿਚ ਅਕਾਲੀ ਦਲ ਦੀ ਥਾਂ ਕੌਣ ਮੱਲੇਗਾ;ਪੰਜਾਬ ਦੀ ਸਿਆਸਤ ‘ਤੇ ਇਸ ਦਾ ਤਕੜਾ ਪ੍ਰਭਾਵ ਪਵੇਗਾ।