ਗਿੰਨੀਜ਼ ਬੁੱਕ ‘ਚ ਕਰਾਇਆ ਨਾਂ ਦਰਜ
ਦਲਬਾਰਾ ਸਿੰਘ ਮਾਂਗਟ
ਜਲੰਧਰ ਨੇੜਲੇ ਪਿੰਡ ਕੰਗ ਖੁਰਦ ਵਿਚ ਜਨਮ ਲੈਣ ਵਾਲਾ ਆਰਟਿਸਟ ਗੁਰਮੇਜ ਸਿੰਘ ਅੱਜ ਕੱਲ੍ਹ ਅੰਬਰੀਂ ਉਡਾਣਾਂ ਭਰ ਰਿਹਾ ਹੈ। ਉਹ ਮਸਾਂ ਤਿੰਨ ਸਾਲ ਦਾ ਸੀ ਜਦੋਂ ਆਰਟ ਨੇ ਉਸ ਦੇ ਦਿਲ ਦਾ ਬੂਹਾ ਆਣ ਖੜਕਾਇਆ ਸੀ। ਛੋਟੀ ਉਮਰ ਵਿਚ ਕੁਦਰਤ ਦੇ ਬਾਗ-ਬਗੀਚਿਆਂ, ਫੁੱਲਾਂ, ਮੋਰ ਤੇ ਹੋਰ ਪੰਛੀ ਦੇਖ ਕੇ ਉਹ ਆਪਣੇ ਮਨ ਵਿਚ ਤਸਵੀਰ ਧਾਰ ਲੈਂਦਾ। ਮਾਤਾ ਪਿਤਾ ਗੁਰਦਾਸ ਸਿੰਘ ਤੇ ਹਰਬੰਸ ਕੌਰ ਨੂੰ ਦੁਬਈ ਵਿਚ ਨੌਕਰੀ ਮਿਲਣ ਕਰ ਕੇ ਉਸ ਨੇ ਸਕੂਲੀ ਵਿਦਿਆ ਉਥੋਂ ਹੀ ਸ਼ੁਰੁ ਕੀਤੀ ਅਤੇ ਵੱਡੇ ਹੋ ਕੇ ਆਰਟ ਕਲਾਸਾਂ ਵੀ ਲਾਈਆਂ। ਸਾਲ 1998 ਵਿਚ ਸਕਾਲਿਰਸ਼ਿਪ ਜ਼ਰੀਏ ਪੜ੍ਹਾਈ ਲਈ ਅਮਰੀਕਾ ਪੁੱਜ ਗਿਆ ਤੇ ਕੈਨਸਸ ਸਿਟੀ ਯੂਨੀਵਰਸਿਟੀ ਤੋਂ ਆਰਟ ਦੀ ਡਿਗਰੀ ਹਾਸਲ ਕੀਤੀ। ਗੱਡੀਆਂ, ਕਾਰਾਂ ਦੀ ਮੁਰੰਮਤ ਕਰ ਕੇ ਆਪਣੀ ਪੜ੍ਹਾਈ ਲਈ ਫੀਸ ਦਾ ਪ੍ਰਬੰਧ ਕਰਨ ਵਾਲੇ ਇਸ ਆਰਟਿਸਟ ਨੇ ਸਪਰਿੰਗ ਹਾਰਬਰ ਯੂਨੀਵਰਸਿਟੀ ਤੋਂ ਐਮæਬੀæਏæ ਕਰ ਲਈ। ਉਂਜ ਉਸ ਨੇ ਆਰਟ ਨੂੰ ਆਪਣੇ ਜੀਵਨ ਦਾ ਮੁੱਖ ਮਕਸਦ ਬਣਾਇਆ ਅਤੇ ਕੈਲਮਜ਼ੂ ਵਿਚ ਆਪਣੇ ਨਿਵਾਸ ਉਤੇ ਹੀ ‘ਆਰਟਿਸਟ ਸਿੰਘ’ ਦੇ ਨਾਂ ਤਹਿਤ ਕਾਰੋਬਾਰ ਖੋਲ੍ਹ ਲਿਆ।
ਆਪਣੇ ਘਰ ਦੇ ਬਾਹਰ ‘ਆਰਟਿਸਟ ਸਿੰਘ’ ਵਿਖੇ ਹੀ ਗੁਰਮੇਜ ਸਿੰਘ ਨੇ ਸ਼ੈਡ ਤਿਆਰ ਕਰ ਕੇ ਪਲੇਟਫਾਰਮ ਬਣਾਇਆ। ਸਪਾਂਸਰ ਦੀ ਮਦਦ ਨਾਲ 35000 ਡਾਲਰ ਦੀ ਕੈਨਵਸ, 27000 ਡਾਲਰ ਦਾ ਪੇਂਟ ਖਰੀਦ ਕੇ ਗਰੈਂਡ ਰੈਪਿਡਜ਼ ਵਿਚ ਹੋ ਰਹੇ ‘ਆਰਟ ਪਰਾਈਜ਼ ਇੰਟਰਨੈਸ਼ਨਲ ਕੰਪੀਟੀਸ਼ਨ’ ਲਈ ਪੇਂਟਿੰਗ ਦਾ ਕੰਮ ਸ਼ੁਰੂ ਕੀਤਾ। 38 ਦਿਨਾਂ ਵਿਚ ਹਰ ਰੋਜ਼ 20 ਘੰਟੇ ਕੰਮ ਕਰ ਕੇ 4500 ਪੇਟਿੰਗਾਂ ਤਿਆਰ ਕੀਤੀਆਂ। ਫਿਰ 9 ਬੰਦਿਆਂ ਦੀ ਟੀਮ ਨੇ 9 ਘੰਟੇ ਵਿਚ ਤਕਰੀਬਨ ਚਾਰ ਮੀਲ ਲੰਮੀ ਪੇਂਟਿੰਗ ਵਿਛਾ ਕੇ ਗਰੈਂਡ ਰੈਪਿਡਜ਼ ਸ਼ਹਿਰ ਨੂੰ ਰੰਗਾਂ ਵਿਚ ਰੰਗ ਦਿੱਤਾ। ਇੰਜ ਲਗਦਾ ਸੀ ਜਿਵੇਂ ਸਾਰਾ ਸ਼ਹਿਰ ਪੇਂਟਿੰਗ ਦੀ ਚਾਰ-ਦੀਵਾਰੀ ਅੰਦਰ ਵਸਿਆ ਹੋਵੇ। ਹੁਣ ਇਹ ਸਾਬਤ ਕਰਨਾ ਸੀ ਕਿ ਇਹ ਦੁਨੀਆਂ ਦੀ ਸਭ ਤੋਂ ਲੰਮੀ ਪੇਂਟਿੰਗ ਹੈ।
ਇਸ ਕੰਮ ਦੀ ਜ਼ਿੰਮੇਵਾਰੀ ਰੌਬਰਟ ਹੈਨਕੇਨ ਜੋ ਵਕੀਲ ਹਨ, ਨੂੰ ਸੌਂਪੀ ਗਈ ਅਤੇ ਗਿੰਨੀਜ਼ ਬੁੱਕ ਰਿਕਾਰਡ ਆਰਗੇਨਾਈਜੇਸ਼ਨ ਦੇ ਨੇਮਾਂ ਮੁਤਾਬਕ ਮਿਣਤੀ ਸ਼ੁਰੂ ਕੀਤੀ ਗਈ। ਇਹ ਮਿਣਤੀ ਮਨਜ਼ੂਰਸ਼ੁਦਾ ਔਜਾਰਾਂ ਨਾਲ ਕੀਤੀ ਜਾਂਦੀ ਹੈ। ਨਾਪਣ ਵਾਲੀ ਮਸ਼ੀਨ ਉਪਰ ਕੈਮਰਾਂ ਫਿੱਟ ਕਰ ਕੇ ਨਾਲ-ਨਾਲ ਵੀਡੀਓ ਵੀ ਬਣਾਈ ਗਈ। ਗਲੀਆਂ, ਮੁਹੱਲਿਆਂ ਵਿਚੋਂ ਗੁਜ਼ਰਦੇ ਹੋਏ ਜਦੋਂ ਇੰਸਪੈਕਟਰ ਰੌਬਰਟ ਹੈਨਕੇਨ ਆਖ਼ਰੀ ਪੜਾਅ ‘ਤੇ ਪਹੁੰਚੇ ਤਾਂ ਦੇਖਿਆ ਕਿ ਗੁਰਮੇਜ ਸਿੰਘ ਨੇ 10652 ਫੁੱਟ ਲੰਮੀ ਪੇਂਟਿੰਗ ਬਣਾ ਕੇ ਸੰਸਾਰ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਗੁਰਮੇਜ ਸਿੰਘ ਨੂੰ ਗਿੰਨੀਜ਼ ਬੁੱਕ ਵਿਚ ਨਾਂ ਦਰਜ ਕਰਵਾਉਣ ਦੀ ਮੁਬਾਰਕ ਆਖੀ।
ਇਹ ਪਹਿਲਾ ਮੌਕਾ ਹੈ ਕਿ ਕਿਸੇ ਇੰਡੀਅਨ ਤੇ ਪੰਜਾਬੀ ਨੇ, ਉਹ ਵੀ 30 ਸਾਲ ਦੀ ਉਮਰ ਵਿਚ ਦੁਨੀਆਂ ਦੀ ਸਭ ਤੋਂ ਲੰਮੀ ਪੇਂਟਿੰਗ ਬਣਾ ਕੇ ਇਤਿਹਾਸ ਸਿਰਜਿਆ ਹੈ। ਪੰਜਾਬੀ ਭਾਈਚਾਰੇ ਲਈ ਇਹ ਬੜੇ ਫ਼ਖਰ ਅਤੇ ਮਾਣ ਵਾਲੀ ਗੱਲ ਹੈ ਕਿ ਗੁਰਮੇਜ ਸਿੰਘ ਨੇ ਜਿਥੇ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਪੰਜਾਬੀ ਭਾਈਚਾਰੇ ਦਾ ਸਿਰ ਵੀ ਉਚਾ ਕੀਤਾ ਹੈ। ਰੇਡੀਓ ਚੰਨ ਪਰਦੇਸੀ ਅਤੇ ਗਲੋਬਲ ਪੰਜਾਬ ਟੀæਵੀæ ਉਤੇ ਵੀ ਇਸ ਬਾਰੇ ਚਰਚਾ ਹੋ ਰਹੀ ਹੈ। ਸਿੱਖ ਰਿਲੀਜੀਅਸ ਸੁਸਾਇਟੀ ਆਫ਼ ਮਿਸ਼ੀਗਨ, ਬੈਟਲ ਕਰੀਕ ਗੁਰੂਘਰ ਵਲੋਂ ਉਸ ਦਾ ਸਿਰੋਪਾਉ ਅਤੇ ਮਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਉਸ ਪੇਂਟਿੰਗ ਵਿਚੋਂ ‘ਆਰਟ ਨੁਮਾਇਸ਼’ ਲਾਈ ਗਈ ਤਾਂ ਕਿ ਨਵੀਂ ਪਨੀਰੀ ਨੂੰ ਉਤਸ਼ਾਹ ਮਿਲ ਸਕੇ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਗੁਰਮੇਜ ਸਿੰਘ ਤੋਂ ਪ੍ਰੇਰਣਾ ਲੈ ਕੇ ਕੋਈ ਹੋਰ ਵੀ ਸਿਤਾਰਾ ਬਣ ਜਾਵੇ, ਐਨ ਜਿਵੇਂ ਇਥੋਂ ਦੀ ਅਮਨਦੀਪ ਕੌਰ ਨੇ ਪਿਛਲੇ ਸਾਲ ਆਰਟ ਮੁਕਾਬਲਿਆਂ ਵਿਚ ਸਿਲਵਰ ਮੈਡਲ ਜਿਤਿਆ ਸੀ।
ਗੁਰਮੇਜ ਸਿੰਘ ਮੁਤਾਬਕ ਇਹ ਉਸ ਦੀ ਦੂਜੀ ਕੋਸ਼ਿਸ਼ ਸੀ। ਉਸ ਦਾ ਕਹਿਣਾ ਹੈ ਕਿ ਜਦ ਤਕ ਟੀਚਾ ਪ੍ਰਾਪਤ ਨਹੀਂ ਹੋ ਜਾਂਦਾ, ਹਰ ਇਨਸਾਨ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਉਸ ਨੇ ਗੁਰਦੁਆਰਾ ਬੈਟਲ ਕਰੀਕ ਦੇ ਪ੍ਰਬੰਧਕਾਂ ਦਾ ਦਿਤੇ ਮਾਣ-ਸਨਮਾਨ ਲਈ ਧੰਨਵਾਦ ਕੀਤਾ ਹੈ। ਗੁਰਮੇਜ ਸਿੰਘ ਨਾਲ ਸੰਪਰਕ ਫ਼ੋਨ (267-978-0808) ਰਾਹੀਂ ਕੀਤਾ ਜਾ ਸਕਦਾ ਹੈ।
Leave a Reply