ਪ੍ਰਿੰ. ਸਰਵਣ ਸਿੰਘ
ਦਾਰਾ ਸਿੰਘ ਪਹਿਲਵਾਨ ਵੀ ਸੀ ਤੇ ਫਿਲਮੀ ਅਦਾਕਾਰ ਵੀ। ਉਹ ਅਖਾੜਿਆਂ ਵਿਚ ਵੀ ਦਰਸ਼ਕਾਂ ਦੀਆਂ ਅੱਖਾਂ ਸਾਹਵੇਂ ਰਿਹਾ ਤੇ ਸਿਨੇਮਾਂ ਘਰਾਂ `ਚ ਵੀ। ਉਸ ਨੇ 500 ਕੁਸ਼ਤੀਆਂ ਲੜੀਆਂ ਤੇ 144 ਫਿਲਮਾਂ ਵਿਚ ਕੰਮ ਕੀਤਾ। 1947 ਵਿਚ ਸਿੰਗਾਪੁਰ ਜਾਣ ਤੋਂ ਲੈ ਕੇ 1983 ਤਕ ਉਹ ਕੁਸ਼ਤੀਆਂ ਘੁਲਦਾ ਰਿਹਾ ਤੇ 1952 ਤੋਂ 2007 ਤਕ ਫਿਲਮਾਂ `ਚ ਕੰਮ ਕਰਦਾ ਰਿਹਾ। ਉਸ ਦੀਆਂ ਕੁਸ਼ਤੀਆਂ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮੁਰਾਰ ਜੀ ਡਿਸਾਈ, ਚੌਧਰੀ ਚਰਨ ਸਿੰਘ, ਇੰਦਰਾ ਗਾਂਧੀ, ਚੰਦਰ ਸ਼ੇਖਰ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੋਰੀਂ ਵੀ ਵੇਖਦੇ ਰਹੇ। ਉਹ ਫਰੀ ਸਟਾਈਲ ਕੁਸ਼ਤੀ ਦਾ ਰੁਸਤਮੇ ਹਿੰਦ, ਕਾਮਨਵੈੱਲਥ ਦੇਸ਼ਾਂ ਦਾ ਚੈਂਪੀਅਨ ਤੇ ਰੁਸਤਮੇ ਜ਼ਮਾਂ ਸੀ।
ਫਿਲਮਾਂ `ਚ ਕਦੇ ਉਹ ਸੈਮਸਨ, ਕਦੇ ਹਰਕੁਲੀਸ, ਜੱਗਾ ਡਾਕੂ, ਭੀਮ ਸੈਨ, ਧਿਆਨੂੰ ਭਗਤ, ਸੂਰਮਾ ਸਿੰਘ, ਸਰਪੰਚ, ਲੰਬੜ ਤੇ ਕਦੇ ਹਨੂੰਮਾਨ ਬਣਦਾ ਰਿਹਾ। ਕਈ ਫਿਲਮਾਂ ਦਾ ਉਹ ਡਾਇਰੈਕਟਰ ਬਣਿਆ ਤੇ ਕੁਝ ਫਿਲਮਾਂ ਆਪ ਵੀ ਬਣਾਈਆਂ। ਉਸ ਨੇ ਹਿੰਦੀ ਦੀਆਂ 122 ਤੇ ਪੰਜਾਬੀ ਦੀਆਂ 22 ਫਿਲਮਾਂ `ਚ ਕੰਮ ਕੀਤਾ। ਫਿਲਮਾਂ ਵਿਚ ਉਸ ਨੂੰ ਸੁਪਰਮੈਨ ਵਜੋਂ ਪੇਸ਼ ਕੀਤਾ ਜਾਂਦਾ ਰਿਹਾ। ‘ਦਾਰਾ ਸਿੰਘ’ ਨਾਂ ਤਾਕਤ ਦਾ ਠੱਪਾ ਬਣ ਗਿਆ। ਦੁਕਾਨਦਾਰ ਨਕਲੀ ਘਿਓ ਦੇ ਡੱਬਿਆਂ `ਤੇ ਉਹਦੀ ਫੋਟੋ ਛਾਪ ਕੇ ਦੇਸੀ ਘਿਓ ਦੇ ਭਾਅ ਵੇਚਣ ਲੱਗੇ। ਦਾਰੇ ਨੂੰ ਬਿਨਾਂ ਜ਼ੋਰ ਲਾਇਆਂ ਮਸ਼ਹੂਰੀ ਮਿਲਣ ਲੱਗੀ ਅਤੇ ਇਸ਼ਤਿਹਾਰਬਾਜ਼ੀ ਦੀ ਕਮਾਈ ਵਾਧੂ ਦੀ ਹੋਣ ਲੱਗੀ। ਦੰਦ ਕਥਾਵਾਂ ਚੱਲ ਪਈਆਂ ਪਈ ਦਾਰੇ ਨੇ ਮਾਰਨਖੰਡੇ ਸਾਹਨ ਦੇ ਸਿੰਗ ਫੜ ਕੇ ਉਹਦੀ ਮੋਕ ਵਗਾ ਦਿੱਤੀ। ਖੱਡੇ `ਚ ਡਿੱਗਿਆ ਟਰੱਕ ਇੰਜਣ ਨੂੰ ਜੱਫਾ ਮਾਰ ਕੇ ਬਾਹਰ ਧੂਹ ਖੜਿਆ!
ਸਿੰਗਾਪੁਰ `ਚ ਦਾਰਾ ਸਿੰਘ ਨੂੰ ਦਾਰਾ ਦਾਸ ਵੀ ਪ੍ਰਚਾਰਿਆ ਜਾਂਦਾ ਸੀ! ਉਥੋਂ ਦੇ ਹੈਪੀ ਵਰਲਡ ਸਟੇਡੀਅਮ ਵਾਲੇ ਕੁਸ਼ਤੀਆਂ ਦੇ ਇਸ਼ਤਿਹਾਰਾਂ ਵਿਚ ਉਹਦਾ ਨਾਂ ਦਾਰਾ ਦਾਸ ਵੀ ਪ੍ਰਚਾਰਦੇ। ਦਾਰਾ ਦਾਸ ਪ੍ਰਚਾਰਨ ਨਾਲ ਹੋ ਸਕਦੈ ਉਨ੍ਹਾਂ ਦੀਆਂ ਟਿਕਟਾਂ ਵੱਧ ਵਿਕਦੀਆਂ ਹੋਣ। ਕੁਝ ਵੀ ਹੋਵੇ ਦਾਰਾ, ਦਾਰਾ ਈ ਸੀ। ਪਹਿਲਵਾਨਾਂ ਬਾਰੇ ਆਮ ਹੀ ਕਿਹਾ ਜਾਣ ਲੱਗਾ ਸੀ, “ਤੂੰ ਕਿਹੜਾ ਦਾਰਾ ਭਲਵਾਨ ਐਂ!”
ਵੱਡਾ ਦਾਰਾ ਜੋ ਦਾਰਾ ਕਿੱਲਰ ਵੱਜਦਾ ਸੀ, 1918 ਤੋਂ 88 ਤਕ ਜੀਵਿਆ ਸੀ। ਕਈ ਕਹਿੰਦੇ ਹਨ ਕਿ ਛੋਟੇ ਦਾਰੇ ਨੇ ਵੱਡੇ ਦਾਰੇ ਦਾ ਨਾਂ ਵਰਤ ਕੇ ਉਸ ਦੀ ਖੱਟੀ ਖਾਧੀ। ਪਰ ਇਹ ਗੱਲ ਸਹੀ ਨਹੀਂ। ਹਾਂ, ਇਹ ਸਹੀ ਹੈ ਕਿ ‘ਦਾਰਾ’ ਨਾਂ ਤਕੜੇ ਭਲਵਾਨਾਂ ਦੇ ਨਾਵਾਂ ਨਾਲ ਆਪਣੇ ਆਪ ਜੁੜਨ ਲੱਗ ਪਿਆ ਸੀ। ਦਾਰਾ ਸਿੰਘ ਨੇ ਆਪਣੀ ‘ਆਤਮ ਕਥਾ’ ਵੀ ਲਿਖੀ ਜੋ ਦਿਲਚਸਪ ਸਵੈ-ਜੀਵਨੀ ਹੈ। ਮਹਾਤਮਾ ਗਾਂਧੀ ਵੱਲੋਂ ਆਪਣੀ ਕਮਜ਼ੋਰੀ ਲਿਖਣ ਵਾਂਗ ਉਸ ਨੇ ਵੀ ਆਪਣੀ ਕਮਜ਼ੋਰੀ ਲਿਖ ਦਿੱਤੀ ਪਈ ਉਸ ਦਾ ਵੱਡੀ ਉਮਰ ਤਕ ਸੁੱਤੇ ਪਿਆਂ ਪਿਸ਼ਾਬ ਨਿਕਲ ਜਾਂਦਾ ਸੀ। ਇਹ ਭਾਣਾ ਤਾਂ ਉੱਦਣ ਵੀ ਵਰਤ ਗਿਆ ਜਿੱਦਣ ਉਹ ਲਾੜਾ ਬਣ ਕੇ ਆਪਣੇ ਸਹੁਰੀਂ ਢੁੱਕਾ ਸੀ!
ਇਕ ਦੀ ਥਾਂ ਆਪਣੀਆਂ ਦੋ ਜਨਮ ਤਰੀਕਾਂ ਦੇ ਰੋਲ-ਘਚੋਲੇ ਬਾਰੇ ਉਸ ਨੇ ਲਿਖਿਆ, “ਪੱਕੀ ਗੱਲ ਤਾਂ ਇਹ ਹੈ ਕਿ ਅਸੀਂ ਜੰਮੇ ਜ਼ਰੂਰ ਸੀ ਤੇ ਸੁਣਿਆ ਹੈ ਕਿ ਘਰ ਵਾਲਿਆਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਭਈ ਪਲੇਠੀ ਦਾ ਪੁੱਤ ਜੰਮਿਆ। ਕੱਪੜੇ ਲੱਤੇ ਤੋਂ ਇਲਾਵਾ ਮੇਰੇ ਮਾਮਿਆਂ ਨੇ ਮੇਰੇ ਕੰਨਾਂ ਵਿਚ ਨੱਤੀਆਂ ਪਾਈਆਂ, ਜਿਨ੍ਹਾਂ ਦੇ ਨਿਸ਼ਾਨ ਹਾਲੀਂ ਤਕ ਮੌਜੂਦ ਨੇ। ਮੇਰੀ ਮਾਂ ਦੱਸਦੀ ਸੀ ਕਿ ਨੱਤੀਆਂ ਪਾਉਣ ਨਾਲ ਮੇਰੇ ਕੰਨ ਸੁੱਜ ਕੇ ਭੜੋਲਾ ਹੋ ਗਏ ਸਨ। ਮੈਂ ਰੋਣੋਂ ਚੁੱਪ ਨਾ ਕਰਾਂ। ਇਕ ਰਾਤ ਮੈਂ ਏਨਾ ਰੋਇਆ ਕਿ ਮੇਰੇ ਬਾਪੂ ਨੇ ਮੇਰੀ ਮਾਂ ਨੂੰ ਕਿਹਾ, ਏਹਨੂੰ ਬਾਹਰ ਪਰਨਾਲੇ ਥੱਲੇ ਸੁੱਟ ਦੇ। ਬਾਹਰ ਮੀਂਹ ਵਰ੍ਹਨ ਦਾ ਸ਼ੋਰ ਤੇ ਅੰਦਰ ਮੇਰੇ ਰੋਣ ਦਾ, ਬਾਪੂ ਵਿਚਾਰਾ ਦੁਖੀ ਹੋ ਗਿਆ ਹੋਣੈ। ਬੜੇ ਦਿਨਾਂ ਬਾਅਦ, ਨਾਨਕਿਆਂ ਦੀ ਰਈ ਮਰਜ਼ੀ ਨਾਲ ਮੇਰੇ ਕੰਨਾਂ ਦੀਆਂ ਨੱਤੀਆਂ ਲਾਹੀਆਂ ਗਈਆਂ ਤਾਂ ਜਾ ਕੇ ਮੈਂ ਘਰਦਿਆਂ ਨੂੰ ਸੁਖ ਦੀ ਨੀਂਦੇ ਸੌਣ ਦਿੱਤਾ!”
ਦਾਰਾ ਸਿੰਘ ਦਾ ਜਨਮ ਸੂਰਤ ਸਿੰਘ ਦੇ ਘਰ ਮਾਤਾ ਬਲਵੰਤ ਕੌਰ ਦੀ ਕੁੱਖੋਂ ਹੋਇਆ ਸੀ। ਉਹਦੀ ਜਨਮ ਤਾਰੀਖ਼ ਉਸ ਦੇ ਪਾਸਪੋਰਟ `ਤੇ 19 ਨਵੰਬਰ 1928 ਦਰਜ ਹੈ। ਮਾਪਿਆਂ ਨੇ ਉਹਦਾ ਨਾਂ ਦੀਦਾਰ ਸਿੰਘ ਰੱਖਿਆ। ਪਹਿਲਾਂ ਉਸ ਨੂੰ ਦਾਰੀ, ਫਿਰ ਦਾਰਾ, ਦਾਰਾ ਰੰਧਾਵਾ, ਦਾਰਾ ਧਰਮੂਚੱਕੀਆ ਤੇ ਅਖ਼ੀਰ ਫਿਲਮਾਂ ਵਾਲਾ ਦਾਰਾ ਕਿਹਾ ਜਾਂਦਾ ਰਿਹਾ। ਦਾਰੇ ਧਰਮੂਚੱਕੀਏ ਦੀ ਮਸ਼ਹੂਰੀ ਦਾਰੇ ਦੁਲਚੀਪੁਰੀਏ ਤੋਂ ਕਿਤੇ ਵੱਧ ਹੋਈ। ਇਹਦਾ ਕਾਰਨ ਉਹਦਾ ਭਲਵਾਨ ਹੋਣ ਨਾਲ ਫਿਲਮੀ ਐਕਟਰ ਹੋਣਾ ਵੀ ਸੀ। ਟੀਵੀ ਦੇ ਰਾਮਾਇਣ ਲੜੀਵਾਰ `ਚ ਹਨੂੰਮਾਨ ਦਾ ਰੋਲ ਕਰਨ ਨਾਲ ਉਹਦੀਆਂ ਘਰ-ਘਰ ਗੱਲਾਂ ਹੋਈਆਂ। ਉਹ ਰਾਜ ਸਭਾ ਦਾ ਮੈਂਬਰ ਤੇ ਭਾਰਤੀ ਜੱਟ ਸਮਾਜ ਦਾ ਪ੍ਰਧਾਨ ਬਣਿਆ। ਮਸ਼ਹੂਰੀ ਕਰਾਉਣ `ਚ ਉਹ ਸਭਨਾਂ ਭਲਵਾਨਾਂ ਨੂੰ ਮਾਤ ਪਾ ਗਿਆ। ਜੰਮਣ ਵੇਲੇ ਕੱਖਪਤੀ ਸੀ, ਕੁਸ਼ਤੀਆਂ ਵੇਲੇ ਲੱਖਪਤੀ ਪਰ ਫਿਲਮੀ ਨਗਰੀ `ਚ ਕਰੋੜਪਤੀ ਬਣ ਕੇ ਸਵਰਗ ਸਿਧਾਇਆ। ਕਰੋੜਾਂ ਲੋਕਾਂ ਨੇ ਉਹਦੀ ਮੌਤ ਦਾ ਮਾਤਮ ਮਨਾਇਆ।
ਮੈਂ ਦਾਰਾ ਸਿੰਘ ਦੀਆਂ ਕੁਸ਼ਤੀਆਂ ਅੱਖੀਂ ਵੇਖੀਆਂ ਸਨ। ਸਕਰੀਨ ਉਤੇ ਵੀ ਉਸ ਨੂੰ ਕਈ ਰੰਗਾਂ-ਰੂਪਾਂ ਵਿਚ ਤੱਕਿਆ ਸੀ। 1962 ਤੋਂ 67 ਤਕ ਦਿੱਲੀ ਰਹਿੰਦਿਆਂ ਮੈਂ ਦੇਸ਼ ਦੇ ਕਾਫੀ ਖਿਡਾਰੀਆਂ ਨੂੰ ਮਿਲ ਚੁੱਕਾ ਸਾਂ ਤੇ ਉਨ੍ਹਾਂ ਬਾਰੇ ਲਿਖਣਾ ਵੀ ਸ਼ੁਰੂ ਕਰ ਲਿਆ ਸੀ ਪਰ ਦਾਰਾ ਸਿੰਘ ਨੂੰ ਮਿਲਣ ਦਾ ਮੌਕਾ ਨਹੀਂ ਸੀ ਮਿਲਿਆ। ਉਹ 1954 ਵਿਚ ਇੰਡੀਆ ਤੇ 1959 ਵਿਚ ਕਮਨਵੈੱਲਥ ਦੇਸ਼ਾਂ ਦਾ ਚੈਂਪੀਅਨ ਬਣ ਚੁੱਕਾ ਸੀ। ਰਾਜੀਵ ਗਾਂਧੀ ਤੇ ਸੰਜੇ ਗਾਂਧੀ ਵਰਗੇ ਵਿਸ਼ੇਸ਼ ਕਾਕੇ ਹੀ ਉਹਦੇ ਨਾਲ ਫੋਟੋ ਖਿਚਵਾ ਸਕਦੇ ਸਨ। ਮੇਰੇ ਵਰਗਿਆਂ ਦੇ ਮਨਾਂ `ਚ ਖੁਤਖੁਤੀ ਹੁੰਦੀ, ਕਾਸ਼! ਅਸੀਂ ਵੀ ਦਾਰਾ ਸਿੰਘ ਨਾਲ ਹੱਥ ਮਿਲਾ ਸਕੀਏ।
1967 `ਚ ਮੈਂ ਦਿੱਲੀ ਤੋਂ ਢੁੱਡੀਕੇ ਦੇ ਕਾਲਜ ਵਿਚ ਆ ਗਿਆ ਜੋ ਜਸਵੰਤ ਸਿੰਘ ਕੰਵਲ ਦਾ ਪਿੰਡ ਹੈ। ਬਲਰਾਜ ਸਾਹਨੀ ਕੰਵਲ ਦਾ ਮਿੱਤਰ ਸੀ ਜੋ ਢੁੱਡੀਕੇ ਆਉਂਦਾ ਜਾਂਦਾ ਰਹਿੰਦਾ ਸੀ। ਉਥੇ ਉਸ ਨੂੰ ਇਕਾਂਤ ਮਿਲ ਜਾਂਦੀ ਸੀ। ਉਹ ਪੰਜਾਬੀ `ਚ ਕਿਤਾਬਾਂ ਲਿਖਦਾ। ਉਸ ਕੋਲ ਛੋਟਾ ਟਾਈਪ ਰਾਈਟਰ ਹੁੰਦਾ ਸੀ ਜਿਸ ਉਤੇ ਖ਼ੁਦ ਗੁਰਮੁਖੀ `ਚ ਟਾਈਪ ਕਰਦਾ। ‘ਮੇਰਾ ਰੂਸੀ ਸਫ਼ਰਨਾਮਾ’ ਤੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਉਸ ਨੇ ਟਿਊਬਵੈੱਲ ਦੀ ਕੋਠੜੀ ਵਿਚ ਟਾਈਪ ਕੀਤੇ। ਕੰਵਲ ਵੀ ਬੰਬਈ ਬਲਰਾਜ ਸਾਹਨੀ ਕੋਲ ਜਾਂਦਾ ਰਹਿੰਦਾ ਸੀ। ਉਥੇ ਦਾਰਾ ਸਿੰਘ ਕੰਵਲ ਦਾ ਬੇਲੀ ਬਣ ਗਿਆ ਸੀ। ਕੰਵਲ ਨੇ ਢੁੱਡੀਕੇ ਕਾਲਜ ਦੀ ਮਾਇਕ ਮਦਦ ਲਈ 1967 `ਚ ਦਾਰਾ ਸਿੰਘ ਦੇ ਦੋ ਇਮਦਾਦੀ ਦੰਗਲ ਕਰਵਾਏ। ਇਕ ਮੋਗੇ, ਦੂਜਾ ਫਿਰੋਜ਼ਪੁਰ।
ਉਦੋਂ ਮੈਂ ਦੰਗਲ ਦੀ ਪ੍ਰਬੰਧਕੀ ਡਿਊਟੀ ਉਤੇ ਹੁੰਦਾ ਹੋਇਆ ਵੀ ਦਾਰਾ ਸਿੰਘ ਨਾਲ ਮੁਲਾਕਾਤ ਨਹੀਂ ਸਾਂ ਕਰ ਸਕਿਆ। ਦਾਰਾ ਸਿੰਘ ਪੁਲਿਸ ਦੇ ਪਹਿਰੇ ਹੇਠ ਆਉਂਦਾ, ਗੱਡੀ `ਚੋਂ ਗਾਊਨ ਪਾਈ ਨਿਕਲਦਾ, ਰਿੰਗ `ਚ ਗਾਊਨ ਉਤਾਰਦਾ, ਉਹਦਾ ਗੋਰਾ-ਗੰਦਵੀਂ ਜੁੱਸਾ ਲਿਸ਼ਕਦਾ ਤੇ ਕੁਸ਼ਤੀ ਸ਼ੁਰੂ ਹੋ ਜਾਂਦੀ। ਪਹਿਲਵਾਨ ਇਕ ਦੂਜੇ ਨੂੰ ਚੁੱਕ-ਚੁੱਕ ਮਾਰਦੇ। ਉਹ ਵਿਰੋਧੀ ਪਹਿਲਵਾਨ ਨੂੰ ਬਾਹਾਂ `ਤੇ ਬਾਲਾ ਕੱਢਣ ਵਾਂਗ ਚੁੱਕ ਲੈਂਦਾ ਤੇ ਘੁਮਾ ਕੇ ਸੁੱਟਦਾ। ਵਿਰੋਧੀ ਫਿਰ ਉਠ ਨਾ ਸਕਦਾ ਤੇ ਕੁਸ਼ਤੀ ਖ਼ਤਮ ਹੋ ਜਾਂਦੀ। ਦਰਸ਼ਕਾਂ ਦੀ ਬੱਲੇ-ਬੱਲੇ ਨਾਲ ਹੀ ਦਾਰਾ ਸਿੰਘ ‘ਔਹ ਜਾਂਦਾ-ਔਹ ਜਾਂਦਾ’ ਹੋ ਜਾਂਦੀ। ਮੇਰੇ ਕੋਲ ਦਾਰਾ ਸਿੰਘ ਬਾਰੇ ਜਾਣਕਾਰੀ ਤਾਂ ਕਾਫੀ ਸੀ ਪਰ ਮੈਂ ਉਹਦੇ ਬਾਰੇ ਲਿਖਣ ਲਈ ਮੁਲਾਕਾਤ ਦੀ ਉਡੀਕ ਕਰਦਾ ਰਿਹਾ। ਇਹ ਗੱਲ ਮੈਂ ਅਕਸਰ ਕੰਵਲ ਨਾਲ ਸਾਂਝੀ ਕਰਦਾ।
ਇੱਕ ਸਵੇਰ ਮੈਂ ਘਰੋਂ ਨਿਕਲਿਆ ਤਾਂ ਕੰਵਲ ਆਪਣੇ ਘਰ ਮੂਹਰੇ ਮਿਲਿਆ। ਕਹਿਣ ਲੱਗਾ, “ਅੱਜ ਜਲੰਧਰ ਦਾਰੇ ਦੀ ਕੁਸ਼ਤੀ ਐ। ਤੂੰ ਕਈ ਵਾਰ ਕਹਿ ਚੁੱਕੈਂ, ਚੱਲ ਕਰ ਲਈਂ ਅੱਜ ਖੁੱਲ੍ਹੀਆਂ ਗੱਲਾਂ। ਮੈਂ ਕਾਦਰ ਕੋਲ ਦਾਰੇ ਨੂੰ ਸੁਨੇਹਾ ਭੇਜ ਦਿੱਤੈ।”
ਜੂਨ 1978 ਦਾ ਤਪਿਆ ਦਿਨ ਸੀ। ਅਸੀਂ ਤਿੱਖੜ ਦੁਪਹਿਰੇ ਢੁੱਡੀਕੇ ਤੋਂ ਜਲੰਧਰ ਨੂੰ ਚਾਲੇ ਪਾਏ। ਉਦੋਂ ਮੇਰੀ ਕਿਤਾਬ ‘ਪੰਜਾਬ ਦੇ ਉੱਘੇ ਖਿਡਾਰੀ’ ਛਪੀ ਹੀ ਸੀ। ਉਹ ਮੈਂ ਦਾਰਾ ਸਿੰਘ ਨੂੰ ਭੇਟ ਕਰਨ ਲਈ ਝੋਲੇ `ਚ ਪਾ ਲਈ। ਅਸੀਂ ਜਲੰਧਰ ਦੇ ਸਕਾਈ ਲਾਰਕ ਹੋਟਲ ਦੀਆਂ ਪੌੜੀਆਂ ਚੜ੍ਹਨ ਲੱਗੇ ਤਾਂ ਪੌੜੀਆਂ ਉਤਰਦਾ ਕਸ਼ਮੀਰ ਕਾਦਰ ਮਿਲ ਪਿਆ। ਉਹ ਬੌਂਦਲਿਆ ਫਿਰਦਾ ਸੀ। ਉਸ ਨੇ ਹੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਦਾਰੇ ਦੀ ਕੁਸ਼ਤੀ ਦਾ ਪ੍ਰਬੰਧ ਕੀਤਾ ਸੀ। ਬਾਅਦ ਦੁਪਹਿਰ ਖ਼ਬਰ ਮਿਲੀ ਕਿ ਅਕਾਲ ਤਖ਼ਤ ਤੋਂ ਨਿਰੰਕਾਰੀਆਂ ਖ਼ਿਲਾਫ਼ ਹੁਕਮਨਾਮਾ ਜਾਰੀ ਹੋਣ ਕਰਕੇ ਪੰਜਾਬ `ਚ ਕਰਫੂ ਲੱਗ ਸਕਦੈ। ਤਦੇ ਦਫ਼ਾ ਚੁਤਾਲੀ ਲੱਗਣ ਦੀ ਖ਼ਬਰ ਆ ਗਈ। ਅਸੀਂ ਦਾਰਾ ਸਿੰਘ ਦੇ ਕਮਰੇ `ਚ ਗਏ ਤਾਂ ਅੰਦਰ ਬੈਠੇ ਭਲਵਾਨਾਂ `ਚੋਂ ਇਕ ਨੇ ਕਿਹਾ, “ਦਾਰਾ ਜੀ ਹਾਲੇ ਨਹੀਂ ਆਏ। ਆਓ ਬੈਠੋ, ਉਹ ਆਉਣ ਈ ਵਾਲੇ ਨੇ।”
ਮੈਂ ਭਲਵਾਨਾਂ ਦੇ ਜੁੱਸਿਆਂ, ਕਲੀਆਂ ਵਾਲੇ ਕੁੜਤਿਆਂ ਤੇ ਭੋਥਿਆਂ `ਤੇ ਨਜ਼ਰ ਮਾਰੀ, ਉਹ ਜਾਨੀਆਂ ਵਾਂਗ ਸਜੇ ਬੈਠੇ ਸਨ। ਉਤਲੀ ਮੰਜ਼ਿਲ ਤੋਂ ਹੇਠਾਂ ਨਜ਼ਰ ਮਾਰੀ ਤਾਂ ਦਰਸ਼ਕ ਦਾਰਾ ਸਿੰਘ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਸਨ। ਜਿਵੇਂ-ਜਿਵੇਂ ਸ਼ਾਮ ਢਲਣੀ ਸ਼ੁਰੂ ਹੋਈ ਦਰਸ਼ਕਾਂ ਨੂੰ ਪੱਕ ਹੁੰਦਾ ਗਿਆ ਕਿ ਹੁਣ ਕੁਸ਼ਤੀਆਂ ਨਹੀਂ ਹੋਣਗੀਆਂ। ਸ਼ਾਮੀਂ ਸਾਡੀ ਦਾਰਾ ਸਿੰਘ ਨਾਲ ਮੁਲਾਕਾਤ ਹੋ ਸਕੀ। ਉਹ ਮੁਸਕਰਾ ਕੇ ਤਪਾਕ ਨਾਲ ਮਿਲਿਆ। ਕੰਵਲ ਤੋਂ ਘਰ ਪਰਿਵਾਰ ਦਾ ਹਾਲ-ਚਾਲ ਪੁੱਛਿਆ। ਹਾਲ-ਚਾਲ ਦੱਸ ਕੇ ਕੰਵਲ ਨੇ ਮੇਰੀ ਖੇਡ ਲੇਖਕ ਵਜੋਂ ਜਾਣ-ਪਛਾਣ ਕਰਾ ਦਿੱਤੀ। ਉਹ ਦੋ ਮਿੰਟ ਦੀ ਆਗਿਆ ਲੈ ਕੇ ਬਾਹਰ ਟੈਰਸ `ਤੇ ਖੜ੍ਹੇ ਪਹਿਲਵਾਨ ਪ੍ਰੋਫ਼ੈਸਰ ਕਸ਼ਮੀਰਾ ਸਿੰਘ ਕੋਲ ਚਲਾ ਗਿਆ। ਹੇਠਾਂ ਉਹਦੇ ਦਰਸ਼ਨ ਅਭਿਲਾਸ਼ੀ ਖ਼ੁਸ਼ੀ ਨਾਲ ਚਾਂਭਲ ਪਏ, “ਔਹ ਦਾਰਾ ਸਿੰਘ, ਔਹ ਦੇਖੋ ਦਾਰਾ ਸਿੰਘ!”
ਟੈਰਸ `ਤੇ ਖੜ੍ਹ ਕੇ ਦਾਰਾ ਸਿੰਘ ਨੇ ਹੇਠਾਂ ਖੜ੍ਹੇ ਸ਼ਰਧਾਲੂਆਂ ਨੂੰ ਹੱਥ ਹਿਲਾ ਕੇ ਦਰਸ਼ਨ ਦਿੱਤੇ। ਫਿਰ ਉਹ ਸਾਡੇ ਵਿਚਕਾਰ ਆਣ ਬੈਠਾ ਤੇ ਕਹਿਣ ਲੱਗਾ, “ਹੁਣ ਕਰੋ ਕੋਈ ਗੱਲ ਸ਼ੁਰੂ।” ਮੈਂ ਗੱਲ ਸ਼ੁਰੂ ਕਰਨ ਲੱਗਾ ਤਾਂ ਕੁਝ ਫੌਜੀ ਕਮਰੇ `ਚ ਆ ਗਏ। ਉਨ੍ਹਾਂ ਨਾਲ ਇਕ ਫੋਟੋਗਰਾਫਰ ਸੀ। ਉਨ੍ਹਾਂ ਨੇ ਅਰਜ਼ ਕੀਤੀ, “ਪਹਿਲਵਾਨ ਜੀ, ਹਮ ਨੇ ਆਪ ਕੇ ਸਾਥ ਫੋਟੋ ਉਤਰਵਾਨੀ ਹੈ। ਮਿਹਰਬਾਨੀ ਕੀਜੀਏ।”
ਦਾਰਾ ਸਿੰਘ ਅੱਖਾਂ ਹੀ ਅੱਖਾਂ ਨਾਲ ਸਾਥੋਂ ਪੁੱਛ ਕੇ ਸੀਟ ਤੋਂ ਉੱਠ ਖੜ੍ਹਾ ਹੋਇਆ। ਫੌਜੀ ਉਹਦੀਆਂ ਕੱਛਾਂ ਹੇਠ ਆ ਗਏ। ਕੈਮਰੇ ਦੀ ਅੱਖ ਜਗੀ ਤਾਂ ਇਕ ਲਾਲਾ ਜੀ ਕਹਿਣ ਲੱਗੇ, “ਮੈਂ ਜੀ ਆਪਣੇ ਬੱਚੇ ਦੀ ਫੋਟੋ ਤੁਹਾਡੇ ਨਾਲ ਖਿਚਾਉਣੀ ਐਂ।” ਉਹ ਫੋਟੋ ਵੀ ਖਿੱਚੀ ਗਈ। ਫਿਰ ਹੋਟਲ ਦਾ ਬਹਿਰਾ ਫੋਟੋ ਖਿਚਾਉਣ ਲੱਗਾ। ਅਖ਼ੀਰ ਪਹਿਲਵਾਨ ਦਾ ਖਹਿੜਾ ਓਦੋਂ ਛੁੱਟਾ ਜਦੋਂ ਕੈਮਰੇ ਦੀ ਰੀਲ੍ਹ ਈ ਮੁੱਕ ਗਈ। ਦਾਰਾ ਸਿੰਘ ਦੁਬਾਰਾ ਮੇਰੇ ਕੋਲ ਗੋਡੇ ਨਾਲ ਗੋਡਾ ਜੋੜ ਕੇ ਬਹਿ ਗਿਆ। ਉਹਦੇ ਕਾਸ਼ਨੀ ਧਾਰੀਆਂ ਵਾਲੀ ਕਾਲੀ ਪਤਲੂਣ ਪਾਈ ਹੋਈ ਸੀ ਤੇ ਚਿੱਟੇ ਫੁੱਲਾਂ ਵਾਲੀ ਕਾਲੀ ਬੁਸ਼ਰਟ। ਗੋਡੇ ਨਾਲ ਗੋਡਾ ਜੋੜੀ ਮੈਂ ਰੁਸਤਮ ਪਹਿਲਵਾਨ ਦੀ ਛੋਹ ਪਹਿਲੀ ਵਾਰ ਮਹਿਸੂਸ ਕੀਤੀ। ਪੈਂਟ ਉਹਦੇ ਪੱਟਾਂ ਵਿਚ ਫਸੀ ਪਈ ਸੀ ਤੇ ਛਾਤੀ ਉਭਰੀ ਹੋਈ ਸੀ। ਹੱਥ ਵੱਡੇ ਤੇ ਨਿੱਗਰ ਸਨ।
ਮੈਂ ਕਿਹਾ, “ਮੈਂ ਤੇ ਕੰਵਲ ਸਾਹਿਬ ਰਾਹ `ਚ ਤੁਹਾਡੇ ਬਾਰੇ ਗੱਲਾਂ ਕਰਦੇ ਆਏ ਆਂ। ਤੁਹਾਡੀਆਂ ਕਈ ਗੱਲਾਂ ਕੰਵਲ ਸਾਹਿਬ ਨੇ ਦੱਸੀਆਂ।”
“ਇਹ ਜਾਣੀਜਾਣ ਜੁ ਹੋਏ।” ਦਾਰਾ ਸਿੰਘ ਫਿਰ ਮੁਸਕਰਾਇਆ।
ਕੰਵਲ ਸਾਹਿਬ ਨੇ ਹਾਸੇ ਵਿਚ ਕਿਹਾ, “ਬੇਫ਼ਿਕਰ ਰਹੋ ਮੈਂ ਘਰ ਦੀ ਕੋਈ ਗੱਲ ਨਹੀਂ ਦੱਸੀ।” ਮਾਹੌਲ ਸਹਿਜ ਸੁਖਾਵਾਂ ਹੋ ਗਿਆ। ਹੁਣ ਇਕੋ ਡਰ ਸੀ ਕਿ ਕੋਈ ਹੋਰ ਨਾ ਫੋਟੋ ਖਿਚਾਉਣ ਆ ਜਾਵੇ। ਮੈਂ ਮਨ `ਚ ਸੋਚਿਆ, ਪਹਿਲਵਾਨ ਨੇ ਦੁਨੀਆ ਘੁੰਮੀ ਐਂ। ਫਜ਼ੂਲ ਗੱਲਾਂ `ਚ ਸਮਾਂ ਗੁਆਉਣ ਦੀ ਥਾਂ ਜਿਹੜੇ ਗਿਣਤੀ ਦੇ ਮਿੰਟ ਹਨ ਪਹਿਲਵਾਨ ਦੀਆਂ ਗੱਲਾਂ ਸੁਣੀਆਂ ਜਾਣ।
ਮੈਂ ਕਿਹਾ, “ਆਪਣੇ ਬਚਪਨ ਬਾਰੇ ਕੁਝ ਦੱਸੋ।” ਦਾਰਾ ਸਿੰਘ ਕੁਰਸੀ `ਤੇ ਠੀਕ ਠਾਕ ਹੋਇਆ। ਮੈਂ ਉਹਦੀ ਠੋਡੀ ਵਿਚ ਪੈਂਦਾ ਟੋਆ, ਮੱਥੇ ਦੀ ਲਕੀਰ, ਹੱਥਾਂ ਦੀਆਂ ਉਭਰੀਆਂ ਨਾੜਾਂ ਤੇ ਚਿੱਟੇ ਦੰਦਾਂ ਦੀ ਤਸਵੀਰ ਮਨ ਵਿਚ ਉਤਾਰ ਲਈ। ਹੇਠਲੀ ਪਾਲ ਦਾ ਇਕ ਦੰਦ ਰਤਾ ਕੁ ਅੱਗੇ ਨੂੰ ਵਧਿਆ ਹੋਇਆ ਸੀ। ਖੱਬੀ ਸਿਹਲੀ `ਤੇ ਚੋਟ ਦਾ ਨਿਸ਼ਾਨ ਸੀ। ਪੇਟ ਨਾਮਾਤਰ ਵਧਿਆ, ਹੱਥ ਚੌੜੇ ਤੇ ਸਮੁੱਚਾ ਵਜੂਦ ਸਡੌਲਤਾ ਵਿਚ ਢਲਿLਆ ਹੋਇਆ ਸੀ। ਸਿਹਲੀਆਂ ਸੰਘਣੀਆਂ ਤੇ ਕੰਨ ਆਮ ਪਹਿਲਵਾਨਾਂ ਵਾਂਗ ਲਾਟੂਆਂ ਵਾਂਗ ਗੋਲ ਸਨ। ਉਸ ਨੇ ਦੱਸਣਾ ਸ਼ੁਰੂ ਕੀਤਾ, “ਮੇਰਾ ਜਨਮ ਧਰਮੂਚੱਕ `ਚ ਹੋਇਆ। 1928 ਦਾ ਮੇਰਾ ਜਨਮ ਆਂ। ਡੇਰੇ ਦੇ ਸੰਤ ਬਾਬਾ ਸ਼ਾਮ ਸਿੰਘ ਕੋਲੋਂ ਗੁਰਮੁਖੀ ਸਿੱਖੀ। ਫਿਰ ਦਾਦੇ ਨੇ ਸਕੂਲੋਂ ਹਟਾ ਕੇ ਕਿਸਾਨੀ ਦੇ ਕੰਮਾਂ `ਚ ਲਾ ਲਿਆ। ਫਿਰ ਮੈਂ ਘੁਲਣ ਅੱਲੇ ਆ ਗਿਆ…।”
ਦਾਰਾ ਸਿੰਘ ਨਾਲ ਅੱਧਾ ਘੰਟਾ ਖੁੱਲ੍ਹੀਆਂ ਗੱਲਾਂ ਬਾਤਾਂ ਹੋਈਆਂ ਜਿਨ੍ਹਾਂ ਤੋਂ ਅਹਿਸਾਸ ਹੋਇਆ ਕਿ ਉਹ ਚੋਟੀ ਦਾ ਭਲਵਾਨ ਹੀ ਨਹੀਂ, ਵਧੀਆ ਇਨਸਾਨ ਵੀ ਸੀ। ਉਹਦੇ ਚਿਹਰੇ ਦਾ ਖੇੜਾ ਤੇ ਮਿਲਣਸਾਰ ਤਬੀਅਤ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਂਦੀ ਸੀ। ਛੇ ਫੁੱਟ ਦੋ ਇੰਚ ਕੱਦ ਤੇ ਪੰਜਾਹ ਇੰਚ ਛਾਤੀ ਵਾਲੇ ਸੁੰਦਰ ਸਡੌਲ ਸਰੀਰ ਵੱਲ ਸਭ ਪਰਸੰLਸਾ ਦੀਆਂ ਨਜ਼ਰਾਂ ਨਾਲ ਤੱਕਦੇ ਸਨ। ਉਹਦੀ ਮਿੱਤ੍ਰਤਾ ਦਾ ਘੇਰਾ ਖੇਡਾਂ ਤੇ ਫਿਲਮੀ ਹਸਤੀਆਂ ਤੋਂ ਲੈ ਕੇ ਸਿਆਸਤਦਾਨਾਂ, ਸਾਹਿਤਕਾਰਾਂ ਤੇ ਹਾਲੀਆਂ ਪਾਲੀਆਂ ਸਭਨਾਂ ਤਕ ਸੀ। ਬੱਚਿਆਂ ਤੇ ਨੌਜੁਆਨਾਂ ਵਿਚ ਉਸ ਨੂੰ ਨੇੜਿਓਂ ਵੇਖਣ ਦੀ ਪਰਬਲ ਰੀਝ ਸੀ। ਬੇਸ਼ਕ ਉਸ ਨੇ ਏਸ਼ਿਆਈ, ਕਾਮਨਵੈੱਲਥ ਤੇ ਓਲੰਪਿਕ ਖੇਡਾਂ `ਚੋਂ ਕੋਈ ਤਗਮLਾ ਨਹੀਂ ਸੀ ਜਿੱਤਿਆ ਪਰ ਉਹ ਫਰੀ ਸਟਾਈਲ ਕੁਸ਼ਤੀ ਦਾ ਵਿਸ਼ਵ ਚੈਂਪੀਅਨ ਸੀ।
ਦਾਰਾ ਸਿੰਘ ਤੋਂ ਵਿਦਾ ਹੁੰਦਿਆਂ ਮੈਂ ਪੁੱਛਿਆ ਸੀ, “ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਕਦੋਂ ਮਿਲੀ?”
ਉਸ ਨੇ ਹੱਥ ਮਿਲਾਂਦਿਆਂ ਕਿਹਾ ਸੀ, “ਖ਼ੁਸ਼ੀ ਦੇ ਬੜੇ ਮੌਕੇ ਆਏ। ਖ਼ੁਸ਼ੀ ਤਾਂ ਮਨ ਦੀ ਕਨਸੈਪਟ ਆ। ਨਿੱਕੇ ਹੁੰਦਿਆਂ ਵੇਲੇ ਨਾਲ ਪੱਠੇ ਵੱਢ ਲੈਣੇ ਤਾਂ ਮਨ ਖ਼ੁਸ਼ ਹੋ ਜਾਂਦਾ ਸੀ। ਹੁਣ ਵੱਡੀਆਂ ਤੋਂ ਵੱਡੀਆਂ ਮੱਲਾਂ ਮਾਰ ਲਈਏ ਤਾਂ ਵੀ ਮਨ ਓਤਰ੍ਹਾਂ ਖ਼ੁਸ਼ ਨਹੀਂ ਹੁੰਦਾ। ਉਂਜ ਮਨ ਨੂੰ ਖ਼ੁਸ਼ ਈ ਰੱਖਣਾ ਚਾਹੀਦਾ।”
ਉਸ ਨੇ ਚੰਡੀਗੜ੍ਹ ਲਾਗੇ ਮੁਹਾਲੀ ਵਿਚ ਬੜਾ ਵੱਡਾ ਦਾਰਾ ਫਿਲਮ ਸਟੂਡੀਓ ਬਣਵਾਇਆ। ਆਪਣੇ ਪਿੰਡ, ਗੁਆਂਢੀ ਪਿੰਡ ਤੇ ਮੇਰਠ ਵਿਚ ਜ਼ਮੀਨ ਖਰੀਦੀ, ਅੰਮ੍ਰਿਤਸਰ ਮਕਾਨ ਲਿਆ ਤੇ ਮੁੰਬਈ ਵਿਚ ਬੰਗਲੇ ਲਏ। ਦਾਰੇ ਤੇ ਐਕਟਰ ਧਰਮਿੰਦਰ ਵਿਚਕਾਰ ਭਰਾਵਾਂ ਵਰਗਾ ਪਿਆਰ ਸੀ। ਉਹਦੀ ਮਿੱਤ੍ਰਤਾ ਦਾ ਦਾਇਰਾ ਬੜਾ ਵਸੀਹ ਸੀ। ਉਹ ਫਿਲਮ ਜਗਤ ਦੇ ਕਹਿੰਦੇ ਕਹਾਉਂਦੇ ਕਲਾਕਾਰਾਂ, ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਦੇ ਸਤਿਕਾਰ ਦਾ ਪਾਤਰ ਸੀ। ਫਿਲਮ ਨਗਰੀ ਦੇ ਜਿੰਨੇ ਕਲਾਕਾਰ ਤੇ ਅਦਾਕਾਰ ਉਹਦੀ ਅਰਥੀ ਨਾਲ ਗਏ ਉਨੇ ਪਹਿਲਾਂ ਕਦੇ ਨਹੀਂ ਸਨ ਵੇਖੇ ਗਏ।
ਉਹਦਾ ਦੇਹਾਂਤ 11 ਜੁਲਾਈ 2012 ਨੂੰ ਮੁੰਬਈ ਵਿਚ ਹੋਇਆ। ਉਹਦੀ ਮੌਤ ਦੀ ਖ਼ਬਰ ਮੀਡੀਏ ਨੇ ‘ਬ੍ਰੇਕਿੰਗ ਨਿਊਜ਼’ ਵਜੋਂ ਫਲੈਸ਼ ਕੀਤੀ। ਜੀਹਨੂੰ ਨਹੀਂ ਸੀ ਪਤਾ ਉਹਨੂੰ ਵੀ ਦਾਰੇ ਪਹਿਲਵਾਨ ਦੇ ਸਵਰਗ ਸਿਧਾਰ ਜਾਣ ਦਾ ਪਤਾ ਲੱਗ ਗਿਆ। ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤਕ ਨੇ ਸ਼ੋਕ ਸੁਨੇਹੇ ਭੇਜੇ। ਦੇਸ਼ ਵਿਦੇਸ਼ ਦੀਆਂ ਅਖ਼ਬਾਰਾਂ, ਰੇਡੀਓ ਤੇ ਟੀਵੀ ਰਾਹੀਂ ਉਸ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਰਹੀਆਂ। ਬੀਬੀਸੀ ਨੇ ਵੀ ਉਚੇਚਾ ਤਬਸਰਾ ਕੀਤਾ। ਅਖ਼ਬਾਰਾਂ ਰਸਾਲਿਆਂ ਵਿਚ ਉਹਦੇ ਬਾਰੇ ਵਿਸ਼ੇਸ਼ ਫੀਚਰ ਛਪੇ। ਟੀਵੀ ਚੈਨਲਾਂ ਨੇ ਉਹਦੀਆਂ ਫਿਲਮੀ ਝਾਕੀਆਂ ਵਿਖਾਈਆਂ। ਉਹਦੀ ਮਹਿਮਾ ਦੇਸ਼ ਵਿਦੇਸ਼ ਦੀਆਂ ਹੱਦਾਂ ਬੰਨੇ ਟੱਪ ਗਈ ਜਦ ਕਿ ਦਾਰੇ ਦੁਲਚੀਪੁਰੀਏ ਦੀ ਮੌਤ ਗੁੰਮਨਾਮ ਜਿਹੀ ਹੋਈ ਸੀ। ਤਦ ਤੱਕ ਲੋਕਾਂ ਨੂੰ ਭੁੱਲ ਹੀ ਗਿਆ ਸੀ ਕਿ ਕੋਈ ਹੋਰ ਦਾਰਾ ਪਹਿਲਵਾਨ ਵੀ ਹੁੰਦਾ ਸੀ। ਦਾਰਾ ਕਿੱਲਰ ਵੱਡਾ ਭਲਵਾਨ ਹੋਣ ਦੇ ਬਾਵਜੂਦ ਵੱਡੇ ਬੰਦਿਆਂ ਦੀਆਂ ਨਜ਼ਰਾਂ ਵਿਚ ਨਹੀਂ ਸੀ ਆ ਸਕਿਆ। ਵੱਡਾ ਦਾਰਾ ਬਦਕਿਸਮਤ ਰਿਹਾ, ਛੋਟਾ ਦਾਰਾ ਖੁਸ਼ਕਿਸਮਤ। ਉਂਜ ਦੋਵੇਂ ਦਾਰੇ ਪੰਜਾਬ ਦਾ ਮਾਣ ਸਨ ਤੇ ਦੇਸ਼ ਦੀ ਸ਼ਾਨ!