ਪੰਜਾਬੀਆਂ ਦਾ ‘ਆਪ` ਵਾਲਾ ਚਾਅ ਲੱਥਾ, ਕਾਂਗਰਸ ਦਾ ‘ਹੱਥ` ਫੜਿਆ

ਚੰਡੀਗੜ੍ਹ: ਲੋਕ ਸਭਾ ਚੋਣਾਂ ‘ਚ ਇਸ ਵਾਰ ਪੰਜਾਬ ਨੇ ਕਾਂਗਰਸ ਦਾ ‘ਹੱਥ‘ ਫੜਿਆ ਹੈ। ਪੰਜਾਬੀਆਂ ਨੇ ਇਨ੍ਹਾਂ ਚੋਣਾਂ ਵਿਚ ਸੱਤਾਧਾਰੀਆਂ ਦੇ ਉਲਟ ਭੁਗਤਣ ਦੀ ਆਪਣੀ ਰਵਾਇਤ ਨੂੰ ਵੀ ਕਾਇਮ ਰੱਖਿਆ। ਕਾਂਗਰਸ ਨੂੰ ਪੰਜਾਬ ਦੀਆਂ 13 ਸੀਟਾਂ ‘ਚੋਂ 7 ਸੀਟਾਂ ਮਿਲੀਆਂ ਹਨ ਜਦੋਂ ਕਿ ‘ਆਪ‘ ਦੇ ਹਿੱਸੇ ਸਿਰਫ 3 ਸੀਟਾਂ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸੀਟ ਜਿੱਤ ਕੇ ਆਪਣਾ ਗੜ੍ਹ ਬਚਾਉਣ ਵਿਚ ਸਫਲ ਰਿਹਾ ਹੈ। ਭਾਜਪਾ ਇਕ ਵੀ ਸੀਟ ਨਹੀਂ ਜਿੱਤ ਸਕੀ।

ਪੰਜਾਬ ਵਿਚ ਸਭ ਤੋਂ ਵੱਡੀ ਜਿੱਤ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਤੇ ‘ਵਾਰਸ ਪੰਜਾਬ ਦੇ` ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨੇ ਦਰਜ ਕੀਤੀ। ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਐਨ.ਐਸ.ਏ. ਤਹਿਤ ਬੰਦ ਅੰਮ੍ਰਿਤਪਾਲ ਸਿੰਘ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਲਈ ਜ਼ਿੰਮੇਵਾਰ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਨੇ ਹਲਕਾ ਫ਼ਰੀਦਕੋਟ ਤੋਂ ਵਿਰੋਧੀ ‘ਆਪ` ਉਮੀਦਵਾਰ ਕਰਮਜੀਤ ਅਨਮੋਲ ਨੂੰ 70,053 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਖਡੂਰ ਸਾਹਿਬ ਅਤੇ ਫ਼ਰੀਦਕੋਟ ਹਲਕੇ ਵਿਚ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨੀ ਮੁੱਦੇ ਅਤੇ ਨਸ਼ਿਆਂ ਦੇ ਮੁੱਦੇ ਭਾਰੂ ਰਹੇ।
ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਡੇ ਫਰਕ ਨਾਲ ਜਿੱਤੇ ਹਨ। ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ 3,64,085 ਹਾਸਲ ਕਰ ਕੇ ਜੇਤੂ ਰਹੇ ਹਨ। ਮੀਤ ਹੇਅਰ ਨੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 1,72,560 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੂੰ ਸਿਰਫ 62,488 ਵੋਟਾਂ ਪਈਆਂ ਹਨ।
ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਕੁੱਲ 3,32,591 ਵੋਟਾਂ ਹਾਸਲ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ 34,202 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ 3,05,616 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਹਰਾਇਆ ਹੈ। ਬਲਬੀਰ ਸਿੰਘ ਨੂੰ 2,90,785 ਵੋਟਾਂ ਪਈਆਂ ਹਨ। ਭਾਜਪਾ ਉਮੀਦਵਾਰ ਪ੍ਰਨੀਤ ਕੌਰ 2,88,998 ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੇ ਹਨ।
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ 40,301 ਵੋਟਾਂ ਦੇ ਫਰਕ ਨਾਲ ‘ਆਪ` ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਹਰਾਇਆ ਹੈ। ਗੁਰਜੀਤ ਔਜਲਾ ਨੂੰ ਕੁੱਲ 2,55,181 ਵੋਟਾਂ ਅਤੇ ਕੁਲਦੀਪ ਧਾਲੀਵਾਲ ਨੂੰ 2,14,880 ਹਾਸਲ ਹੋਈਆਂ ਹਨ। ਇਸ ਦੌਰਾਨ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ 2,07,205 ਵੋਟਾਂ ਨਾਲ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ 1,62,896 ਵੋਟਾਂ ਨਾਲ ਚੌਥੇ ਸਥਾਨ `ਤੇ ਰਹੇ।
ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ 2,66,626 ਵੋਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ‘ਆਪ` ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ 3,242 ਵੋਟਾਂ ਦੇ ਫਰਕ ਨਾਲ ਹਰਾਇਆ। ਬਰਾੜ ਨੂੰ 2,63,384 ਵੋਟਾਂ ਮਿਲੀਆਂ ਹਨ। ਅਕਾਲੀ ਦਲ ਲਈ ਵੱਕਾਰੀ ਸੀਟ ਲੋਕ ਸਭਾ ਹਲਕਾ ਬਠਿੰਡਾ ਤੋਂ ਇਕ ਵਾਰ ਫਿਰ ਹਰਸਿਮਰਤ ਕੌਰ ਬਾਦਲ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ 3,76,558 ਵੋਟਾਂ ਹਾਸਲ ਕਰ ਕੇ ‘ਆਪ` ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ 49,656 ਵੋਟਾਂ ਦੇ ਫਰਕ ਨਾਲ ਹਰਾਇਆ। ਗੁਰਮੀਤ ਸਿੰਘ ਖੁੱਡੀਆਂ ਨੂੰ 3,26,902 ਵੋਟਾਂ ਮਿਲੀਆਂ ਹਨ।
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ‘ਆਪ` ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ 3,03,859 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ। ਚੱਬੇਵਾਲ ਨੇ 2,59,748 ਵੋਟਾਂ ਹਾਸਲ ਕਰਨ ਵਾਲੀ ਕਾਂਗਰਸੀ ਉਮੀਦਵਾਰ ਯਾਮਨੀ ਗੋਮਰ ਨੂੰ 44,111 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ‘ਆਪ` ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ 3,13,217 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ `ਤੇ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਨੇ 3,02,371 ਵੋਟਾਂ ਹਾਸਲ ਕੀਤੀਆਂ।
ਲੋਕ ਸਭਾ ਹਲਕਾ ਲੁਧਿਆਣਾ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਦਬਦਬਾ ਕਾਇਮ ਕਰਦਿਆਂ 3,22,224 ਵੋਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 20,942 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਰਵਨੀਤ ਸਿੰਘ ਬਿੱਟੂ ਨੂੰ 3,01,282 ਵੋਟਾਂ ਪਈਆਂ ਹਨ। ਗੁਰਦਾਸਪੁਰ ਦੀ ਸੀਟ ਵੀ ਕਾਂਗਰਸ ਦੀ ਝੋਲੀ ਪਈ ਹੈ। ਇੱਥੋਂ ਕਾਂਗਰਸ ਦੇ ਸੀਨੀਅਰ ਆਗੁ ਸੁਖਜਿੰਦਰ ਰੰਧਾਵਾ ਨੇ 3,64,043 ਵੋਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ 82,861 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਬੱਬੂ ਨੂੰ 2,81,182 ਵੋਟਾਂ ਪਈਆਂ ਹਨ।