ਈਟਾਨਗਰ: ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਵਿਧਾਨ ਸਭਾ ਲਈ 19 ਅਪਰੈਲ ਨੂੰ ਪਈਆਂ ਵੋਟਾਂ ਦੇ ਐਲਾਨੇ ਗਏ ਨਤੀਜਿਆਂ ਵਿਚ ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਸੱਤਾ ‘ਚ ਵਾਪਸੀ ਕੀਤੀ ਹੈ ਜਦਕਿ ਸਿੱਕਮ ‘ਚ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸ.ਕੇ.ਐਮ) ਹੂੰਝਾ ਫੇਰ ਜਿੱਤ ਹਾਸਲ ਕਰਕੇ ਲਗਾਤਾਰ ਦੂਜੀ ਵਾਰ ਸੱਤਾ ‘ਚ ਆ ਗਿਆ ਹੈ।
ਭਾਜਪਾ ਨੇ ਅਰੁਣਾਚਲ ਪ੍ਰਦੇਸ਼ ‘ਦੀ 60 ਮੈਂਬਰੀ ਵਿਧਾਨ ਸਭਾ ‘ਚ 46 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ ਜਦਕਿ ਐਸ.ਕੇ.ਐਮ. ਨੇ ਸਿੱਕਮ ਦੀ 32 ਮੈਂਬਰੀ ਵਿਧਾਨ ਸਭਾ ‘ਚ 31 ਸੀਟਾਂ ਜਿੱਤੀਆਂ ਹਨ। ਇਸੇ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਰਾਜਪਾਲ ਲੈਫਟੀਨੈਂਟ ਜਨਰਲ ਕੇਟੀ ਪਰਨਾਇਕ ਨੂੰ ਮਿਲ ਕੇ ਅਸਤੀਫਾ ਸੌਂਪ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਨੇ ਅਰੁਣਾਚਲ ਪ੍ਰਦੇਸ਼ ਦੀਆਂ 10 ਸੀਟਾਂ ਪਹਿਲਾਂ ਹੀ ਬਿਨਾਂ ਵਿਰੋਧ ਜਿੱਤ ਲਈਆਂ ਸਨ। ਅਧਿਕਾਰੀਆਂ ਅਨੁਸਾਰ ਜਿਨ੍ਹਾਂ 50 ਸੀਟਾਂ ‘ਤੇ ਵੋਟਾਂ ਪਈਆਂ, ਉਨ੍ਹਾਂ ‘ਚੋਂ ਭਾਜਪਾ ਨੇ 36 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ ਅਤੇ ਮੁੱਖ ਮੰਤਰੀ ਪੇਮਾ ਖਾਂਡੂ ਬਿਨਾਂ ਵਿਰੋਧ ਜਿੱਤਣ ਵਾਲੇ ਉਮੀਦਵਾਰਾਂ ‘ਚੋਂ ਇਕ ਹਨ। ਇਨ੍ਹਾਂ ਚੋਣਾਂ ਵਿਚ ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਨੂੰ ਪੰਜ ਸੀਟਾਂ ਮਿਲੀਆਂ ਜਦਕਿ ਪੀਪਲਜ਼ ਪਾਰਟੀ ਆਫ ਅਰੁਣਾਚਲ ਨੇ ਦੋ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਨੇ ਤਿੰਨ ਸੀਟਾਂ ‘ਤੇ ਜਿੱਤ ਦਰਜ ਕੀਤੀ। ਕਾਂਗਰਸ ਨੇ ਇਕ ਸੀਟ ਜਿੱਤੀ ਹੈ ਅਤੇ ਤਿੰਨ ਸੀਟਾਂ ‘ਤੇ ਆਜ਼ਾਦ ਉਮੀਦਵਾਰ ਜਿੱਤੇ ਹਨ। ਭਾਜਪਾ ਨੇ ਅਰੁਣਾਚਲ ਪ੍ਰਦੇਸ਼ ‘ਚ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ 41 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਉਸ ਦੀਆਂ ਪੰਜ ਸੀਟਾਂ ਵਧੀਆਂ ਹਨ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਇਨ੍ਹਾਂ ਨਤੀਜਿਆਂ ਨੂੰ ਇਤਿਹਾਸਕ ਕਰਾਰ ਦਿੱਤਾ ਤੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਦਾ ਬਦਲਾ ਚੁਕਾਇਆ ਹੈ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਜਿੱਤ ‘ਤੇ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਦੂਜੇ ਪਾਸੇ ਹਿਮਾਲਿਅਨ ਸੂਬੇ ‘ਚ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸ.ਕੇ.ਐੱਮ) ਹੂਝਾ ਫੇਰ ਜਿੱਤ ਹਾਸਲ ਕਰਕੇ ਲਗਾਤਾਰ ਦੂਜੀ ਵਾਰ ਸੱਤਾ ‘ਚ ਆ ਗਿਆ ਹੈ।
ਐਸ.ਕੇ.ਐੱਮ. ਨੇ 32 ਮੈਂਬਰੀ ਵਿਧਾਨ ਸਭਾ ‘ਚ 31 ਸੀਟਾਂ ਜਿੱਤੀਆਂ ਹਨ। ਵਿਰੋਧੀ ਸਿੱਕਮ ਡੈਮੋਕਰੈਟਿਕ ਫਰੰਟ (ਐਸ.ਡੀ.ਐਫ), ਜਿਸ ਨੇ 2019 ਤੱਕ ਲਗਾਤਾਰ 25 ਵਰਿ੍ਹਆਂ ਤੱਕ ਸੂਬੇ ‘ਚ ਰਾਜ ਕੀਤਾ ਸੀ, ਸਿਰਫ਼ ਇਕ ਸੀਟ ਹੀ ਜਿੱਤ ਸਕਿਆ। ਪਾਰਟੀ ਪ੍ਰਧਾਨ ਅਤੇ ਪੰਜ ਵਾਰ ਦਾ ਮੁੱਖ ਮੰਤਰੀ ਤੇ ਅੱਠ ਵਾਰ ਵਿਧਾਇਕ ਰਿਹਾ ਪਵਨ ਕੁਮਾਰ ਚਾਮਲਿੰਗ ਦੋ ਸੀਟਾਂ ਤੋਂ ਚੋਣ ਲੜਿਆ ਸੀ ਅਤੇ ਉਹ ਦੋਹਾਂ ਤੋਂ ਹਾਰ ਗਿਆ। ਐਸ.ਕੇ.ਐਮ. ਪ੍ਰਧਾਨ ਅਤੇ ਮੌਜੂਦਾ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੋਵੇਂ ਸੀਟਾਂ ਜਿੱਤਣ ‘ਚ ਕਾਮਯਾਬ ਰਿਹਾ ਅਤੇ ਪਾਰਟੀ ਨੂੰ 58.38 ਫ਼ੀਸਦ ਵੋਟਾਂ ਮਿਲੀਆਂ। ਤਮਾਂਗ ਰੇਹਨੌਕ ਅਤੇ ਸੋਰੇਂਗ-ਚਕੁੰਗ ਹਲਕਿਆਂ ਤੋਂ 7-7 ਹਜ਼ਾਰ ਤੋਂ ਵੱਧ ਵੋਟਾਂ ਤੋਂ ਚੋਣ ਜਿੱਤੇ ਹਨ। ਤਮਾਂਗ ਦੀ ਪਤਨੀ ਕ੍ਰਿਸ਼ਨਾ ਕੁਮਾਰੀ ਰਾਏ ਨਾਮਚੀ-ਸਿੰਗੀਥਾਂਗ ਹਲਕੇ ਤੋਂ ਚੋਣ ਜਿੱਤ ਗਈ। ਉਨ੍ਹਾਂ ਆਪਣੇ ਨਜ਼ਦੀਕੀ ਉਮੀਦਵਾਰ ਐਸ.ਡੀ.ਐਫ. ਦੇ ਬਿਮਲ ਰਾਏ ਨੂੰ 5,302 ਵੋਟਾਂ ਨਾਲ ਹਰਾਇਆ। ਭਾਜਪਾ ਅਤੇ ਕਾਂਗਰਸ ਸਿੱਕਮ ‘ਚ ਖ਼ਾਤਾ ਖੋਲ੍ਹਣ ‘ਚ ਨਾਕਾਮ ਰਹੇ। ਭਾਜਪਾ ਨੇ 31 ਸੀਟਾਂ ‘ਤੇ ਚੋਣ ਲੜੀ ਸੀ ਅਤੇ ਉਸ ਨੂੰ 5.18 ਫ਼ੀਸਦ ਵੋਟ ਮਿਲੇ। ਇਸੇ ਤਰ੍ਹਾਂ ਕਾਂਗਰਸ ਨੂੰ ਮਹਿਜ਼ 0.32 ਫ਼ੀਸਦ ਵੋਟ ਮਿਲੇ ਜੋ ਨੋਟਾ (0.99 ਫ਼ੀਸਦ) ਤੋਂ ਵੀ ਘੱਟ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਮਾਂਗ ਅਤੇ ਐਸ.ਕੇ.ਐਮ. ਦੀ ਜਿੱਤ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ‘ਐਕਸ‘ ‘ਤੇ ਕਿਹਾ ਕਿ ਉਹ ਆਉਂਦੇ ਸਮੇਂ ‘ਚ ਸਿੱਕਮ ਦੀ ਹੋਰ ਤਰੱਕੀ ਲਈ ਸੂਬਾ ਸਰਕਾਰ ਨਾਲ ਰਲ ਕੇ ਕੰਮ ਕਰਨਾ ਚਾਹੁਣਗੇ। ਇਸ ਦੇ ਜਵਾਬ ‘ਚ ਤਮਾਂਗ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਿੱਕਮ ਦੇ ਵਿਕਾਸ ਅਤੇ ਖੁਸ਼ਹਾਲੀ ਦੀਆਂ ਕੋਸ਼ਿਸ਼ਾਂ ਪ੍ਰਤੀ ਵਚਨਬੱਧ ਹਨ। ਸਿੱਕਮ ਭਾਜਪਾ ਪ੍ਰਧਾਨ ਦਿਲੀ ਰਾਮ ਥਾਪਾ ਅਪਰ ਬਰਟੁਕ ਹਲਕੇ ਤੋਂ ਐਸ.ਕੇ.ਐਮ. ਦੇ ਕਾਲਾ ਰਾਏ ਤੋਂ 2,968 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ। ਹੂੰਝਾ ਫੇਰ ਜਿੱਤ ਮਗਰੋਂ ਤਮਾਂਗ ਨੇ ਪਾਰਟੀ ਵਰਕਰਾਂ ਅਤੇ ਸਿੱਕਮ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ।
25 ਸਾਲ ਰਾਜ ਕਰਨ ਵਾਲੇ ਚਾਮਲਿੰਗ ਦੋਵੇਂ ਸੀਟਾਂ ਤੋਂ ਹਾਰੇ
ਗੰਗਟੋਕ: ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਐਸ.ਡੀ.ਐਫ. ਸੁਪਰੀਮੋ ਪਵਨ ਕੁਮਾਰ ਚਾਮਲਿੰਗ ਦੋਵੇਂ ਪੋਕਲੋਕ ਕਾਮਰੰਗ ਤੇ ਨਾਮਚੇਯਬੁੰਗ ਹਲਕਿਆਂ ਤੋਂ ਚੋਣ ਹਾਰ ਗਏ। ਜੱਦੀ ਨਾਮਚੀ ਜ਼ਿਲ੍ਹੇ ‘ਚ ਪੈਂਦੇ ਪੋਕਲੋਕ ਕਾਮਰੰਗ ਸੀਟ ‘ਤੇ ਉਨ੍ਹਾਂ ਨੂੰ ਸਿੱਕਮ ਕ੍ਰਾਂਤੀਕਾਰੀ ਮੋਰਚੇ ਦੇ ਭੋਜ ਰਾਜ ਰਾਏ ਨੇ 3,063 ਵੋਟਾਂ ਨਾਲ ਹਰਾਇਆ। ਨਾਮਚੇਯਬੁੰਗ ਵਿਧਾਨ ਸਭਾ ਸੀਟ ‘ਤੇ ਉਹ ਐਸ.ਕੇ.ਐਮ. ਦੇ ਰਾਜੂ ਬਸਨੇਤ ਤੋਂ 2,256 ਵੋਟਾਂ ਨਾਲ ਹਾਰ ਗਏ। ਚਾਮਲਿੰਗ 1994 ਤੋਂ 2019 ਤੱਕ 25 ਸਾਲਾਂ ਤੱਕ ਸਿੱਕਮ ਦੇ ਮੁੱਖ ਮੰਤਰੀ ਰਹੇ ਸਨ। ਪਿਛਲੇ 39 ਸਾਲਾਂ ‘ਚ ਐਤਕੀਂ ਪਹਿਲੀ ਵਾਰ ਹੋਵੇਗਾ ਕਿ ਚਾਮਲਿੰਗ ਸਿੱਕਮ ਵਿਧਾਨ ਸਭਾ ਅੰਦਰ ਵਿਧਾਇਕ ਵਜੋਂ ਮੌਜੂਦ ਨਹੀਂ ਰਹਿਣਗੇ।