ਨਵੀਂ ਦਿੱਲੀ: ਭਾਰਤ ਵਿਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਮਾਹਿਰਾਂ ਦੀਆਂ ਗਿਣਤੀਆਂ-ਮਿਣਤੀਆਂ ਹਿਲਾ ਕੇ ਰੱਖ ਦਿੱਤੀਆਂ ਹਨ। ਚੋਣ ਨਤੀਜਿਆਂ ਵਿਚ ਇੰਡੀਆ ਗੱਠਜੋੜ ਨੇ ‘ਇਸ ਵਾਰ 400 ਪਾਰ` ਦਾ ਨਾਅਰਾ ਮਾਰਨ ਵਾਲੀ ਭਾਜਪਾ ਨੂੰ ਪੈਰੋਂ ਕੱਢ ਦਿੱਤਾ ਹੈ। 400 ਤਾਂ ਦੂਰ ਦੀ ਗੱਲ, ਭਗਵਾ ਧਿਰ 300 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ।
ਆਪਣੇ ਦਮ ਉਤੇ ਬਹੁਮਤ ਦਾ ਦਾਅਵਾ ਕਰ ਰਹੀ ਭਾਜਪਾ 240 ਸੀਟਾਂ ਉਤੇ ਸਿਮਟ ਗਈ। ਐਨ.ਡੀ.ਏ. ਗੱਠਜੋੜ ਪੱਲੇ ਤਕਰੀਬਨ 292 ਸੀਟਾਂ ਪਈਆਂ ਹਨ ਜਦ ਕਿ ਇੰਡੀਆ ਗੱਠਜੋੜ 234 ਸੀਟਾਂ ਜਿੱਤਣ ਵਿਚ ਕਾਮਯਾਬ ਰਿਹਾ ਹਾਲਾਂਕਿ ਐਗਜ਼ਿਟ ਪੋਲਾਂ ਵਿਚ ਇੰਡੀਆ ਗੱਠਜੋੜ ਨੂੰ 180 ਤੱਕ ਸੀਟਾਂ ਮਿਲਣ ਦੇ ਦਾਅਵੇ ਕੀਤੇ ਗਏ ਸਨ। ਗੱਠਜੋੜ ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਗ਼ਲਤ ਸਾਬਤ ਕਰਦਿਆਂ ਯੂ.ਪੀ., ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਤੇ ਕਰਨਾਟਕ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਰਾਮ ਮੰਦਰ ਦੇ ਨਾਮ ਉਤੇ ਵੋਟਾਂ ਮੰਗਣ ਵਾਲੀ ਭਗਵਾ ਧਿਰ ਲਈ ਸਭ ਤੋਂ ਨਮੋਸ਼ੀ ਵਾਲੀ ਗੱਲ ਇਹ ਰਹੀ ਕਿ ਉਤਰ ਪ੍ਰਦੇਸ਼ ਵਿਚ ਇਹ 80 ਵਿਚੋਂ ਸਿਰਫ 33 ਸੀਟਾਂ ਹੀ ਜਿੱਤ ਸਕੀ। ਭਗਵਾ ਧਿਰ ਰਾਮ ਮੰਦਰ ਵਾਲੀ ਅਯੁੱਧਿਆ ਸੀਟ ਵੀ ਹਾਰ ਗਈ। ਚੋਣ ਨਤੀਜਿਆਂ ਵਿਚ ਨਰਿੰਦਰ ਮੋਦੀ ਦਾ ਜਾਦੂ ਕਿਤੇ ਨਜ਼ਰ ਨਹੀਂ ਆਇਆ। ਵੋਟਾਂ ਦੀ ਗਿਣਤੀ ਸਮੇਂ ਇਕ ਵਾਰ ਹਾਲਾਤ ਇਹ ਬਣ ਗਏ ਸਨ ਕਿ ਮੋਦੀ ਆਪਣੀ ਵਾਰਾਣਸੀ ਸੀਟ ਉਤੇ ਕਾਂਗਰਸੀ ਉਮੀਦਵਾਰ ਅਜੈ ਰਾਏ ਤੋਂ ਪੱਛੜ ਗਏ। ਭਾਜਪਾ ਨੇ ਲਖੀਮਪੁਰ ਖੀਰੀ ਤੋਂ ਕਿਸਾਨ ਜਥੇਬੰਦੀਆਂ ਨੂੰ ਵੰਗਾਰਦੇ ਹੋਏ ਅਜੈ ਮਿਸ਼ਰਾ ਟੈਨੀ ਨੂੰ ਮੈਦਾਨ ਵਿਚ ਉਤਾਰਿਆ ਸੀ ਪਰ ਉਹ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਉਤਕਰਸ਼ ਵਰਮਾ ਤੋਂ 34329 ਵੋਟਾਂ ਦੇ ਫਰਕ ਨਾਲ ਹਾਰ ਗਿਆ। ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ‘ਤੇ ਕਿਸਾਨਾਂ ਉੱਤੇ ਜੀਪ ਚੜ੍ਹਾਉਣ ਦਾ ਦੋਸ਼ ਲੱਗਿਆ ਸੀ। ਇਸ ਦੌਰਾਨ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਟੈਨੀ ਮੰਤਰੀ ਬਣੇ ਰਹੇ ਅਤੇ ਭਾਜਪਾ ਨੇ ਮੁੜ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ।
ਇਧਰ, ਕਾਂਗਰਸੀ ਆਗੂ ਰਾਹੁਲ ਗਾਂਧੀ ਚੋਣ ਨਤੀਜਿਆਂ ਵਿਚ ਵੱਡਾ ਚਿਹਰਾ ਬਣ ਕੇ ਉਭਰੇ ਹਨ। ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੇ ਕੇਰਲਾ ਦੇ ਵਾਇਨਾਡ ਸੰਸਦੀ ਹਲਕਿਆਂ ‘ਤੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ। ਉਨ੍ਹਾਂ ਵਾਇਨਾਡ ਲੋਕ ਸਭਾ ਹਲਕੇ ਤੋਂ ਸੀ.ਪੀ.ਆਈ. ਦੀ ਐਨੀ ਰਾਜਾ ਨੂੰ 3.5 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਕਾਂਗਰਸੀ ਆਗੂ ਨੇ ਰਾਏਬਰੇਲੀ ਸੀਟ ‘ਤੇ 3.9 ਲੱਖ ਤੋਂ ਵੱਧ ਵੋਟਾਂ ਤੋਂ ਜਿੱਤ ਦਰਜ ਕੀਤੀ ਹੈ ਜਦ ਕਿ ਮੋਦੀ ਦੀ ਜਿੱਤ ਦਾ ਇਸ ਵਾਰ ਫ਼ਰਕ 1,52,513 ਰਿਹਾ ਜੋ 2019 ਅਤੇ 2014 ਦੀ ਜਿੱਤ ਨਾਲੋਂ ਘੱਟ ਹੈ। ਸਾਲ 2019 ‘ਚ ਮੋਦੀ ਦੀ ਜਿੱਤ ਦਾ ਫ਼ਰਕ 4,79,505 ਰਿਹਾ ਸੀ ਜਦੋਂ ਉਨ੍ਹਾਂ ਸਮਾਜਵਾਦੀ ਪਾਰਟੀ ਦੀ ਸ਼ਾਲਿਨੀ ਯਾਦਵ ਨੂੰ ਹਰਾਇਆ ਸੀ। ਇਹ ਅੰਕੜੇ ਸਾਫ ਇਸ਼ਾਰਾ ਕਰਦੇ ਹਨ ਕਿ ਮੋਦੀ ਦੀ ਮਕਬੂਲੀਅਤ ਵਿਚ ਵੱਡੀ ਗਿਰਾਵਟ ਆਈ ਹੈ।
ਪਿਛਲੀ ਵਾਰ ਹਰਿਆਣਾ ਦੀਆਂ ਸਾਰੀਆਂ ਸੀਟਾਂ ਉਤੇ ਕਬਜ਼ਾ ਕਰਨ ਵਾਲੀ ਭਗਵਾ ਧਿਰ ਇਸ ਵਾਰ ਸਿਰਫ ਪੰਜ ਸੀਟਾਂ ਹੀ ਜਿੱਤ ਸਕੀ। ਹਰਿਆਣਾ ਦੀਆਂ 10 ਸੀਟਾਂ ‘ਤੇ ਭਾਜਪਾ ਅਤੇ ਕਾਂਗਰਸ ਨੇ 5-5 ਸੀਟਾਂ ਜਿੱਤੀਆਂ ਹਨ। ਸੂਬੇ ਵਿਚੋਂ ਜੇ.ਜੇ.ਪੀ. ਅਤੇ ਇਨੈਲੋ ਦਾ ਸਫਾਇਆ ਹੋ ਗਿਆ ਹੈ। ਪੱਛਮੀ ਬੰਗਾਲ ਵਿਚ ਵੀ ਭਗਵਾ ਧਿਰ ਨੂੰ ਵੱਡਾ ਝਟਕਾ ਲੱਗਾ ਹੈ। ਇਥੇ ਭਾਜਪਾ 18 ਤੋਂ 10 ਸੀਟਾਂ ਉਤੇ ਆ ਗਈ ਹੈ।
ਕਾਂਗਰਸ ਨੇ 20 ਸਾਲਾਂ ਬਾਅਦ ਨਾਗਾਲੈਂਡ ਦੀ ਇਕੋ-ਇਕ ਲੋਕ ਸਭਾ ਸੀਟ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਪਾਰਟੀ ਦਾ ਸੂਬੇ ਦੀ ਵਿਧਾਨ ਸਭਾ ‘ਚ ਕੋਈ ਵਿਧਾਇਕ ਨਹੀਂ ਹੈ। ਕਾਂਗਰਸੀ ਉਮੀਦਵਾਰ ਐੱਸ ਸੁਪੋਂਗਮੈਰੇਨ ਜਮੀਰ ਨੇ ਆਪਣੇ ਨੇੜਲੇ ਵਿਰੋਧੀ ਅਤੇ ਨੈਸ਼ਨਲਿਸਟ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ (ਐਨ.ਡੀ.ਪੀ.ਪੀ.) ਉਮੀਦਵਾਰ ਚੁੰਬੇਨ ਮੂਰੀ ਨੂੰ 50,984 ਵੋਟਾਂ ਦੇ ਫਰਕ ਨਾਲ ਹਰਾਇਆ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਭਾਜਪਾ ਆਪਣੇ ਭਾਈਵਾਲਾਂ ਨਾਲ ਮਿਲ ਕੇ ਸਰਕਾਰ ਬਣਾਉਣ ਵਿਚ ਸਫਲ ਰਹੇਗੀ ਪਰ ਇਹ ਨਤੀਜੇ ਆਪਣੇ ਆਪ ਨੂੰ ‘ਅਜਿੱਤ‘ ਦੱਸਣ ਵਾਲੀ ਭਗਵਾ ਧਿਰ ਲਈ ਵੱਡਾ ਝਟਕਾ ਹਨ।