ਬਲਜੀਤ ਬਾਸੀ
ਜੂਨਾਂ ਦੇ ਕ੍ਰਮਵਿਕਾਸਵਾਦੀ ਸਿਧਾਂਤ ਨੇ ਮਨੁਖੀ ਜੂਨ ਦੀ ਵਿਗਿਆਨਕ ਵਿਆਖਿਆ ਕੀਤੀ ਹੈ ਜਿਸ ਅਨੁਸਾਰ ਇਹ ਇਕ-ਸੈਲ ਦੇ ਜੀਵ ਤੋਂ ਵਿਗਸਦਾ ਲੰਮੀ ਘਾਲਣਾ ਪਿਛੋਂ ਮਨੁਖੀ ਜੂਨ ਧਾਰ ਸਕਿਆ ਹੈ। ਇਹ ਸਭ ਜੀਵਾਂ ਤੋਂ ਸਿਰਮੌਰ ਹੈ। ਧਾਰਮਕ ਵਿਸ਼ਵਾਸ ਅਨੁਸਾਰ ਵੀ ਮਾਣਸ ਜਨਮ ਅਣਮੋਲ ਹੈ। ਪਰ ਇਹ ਆਵਾਗਮਨ ਦੇ ਗੇੜ ਵਿਚ ਪੈ ਕੇ ਮੁਸ਼ਕਿਲ ਨਾਲ ਹੀ ਇਸ ਜੂਨ ਵਿਚ ਆਉਂਦਾ ਹੈ। ਧਰਮ ਇਸ ਅਣਮੋਲ ਜੂਨ ਤੋਂ ਵੀ ਮੁਕਤੀ ਪਾਉਣ ‘ਤੇ ਜ਼ੋਰ ਦਿੰਦੇ ਹਨ। ਅਸਲ ਵਿਚ ਭੂਤਕਾਲ ਵਿਚ ਮਨੁਖ ਦਾ ਜੀਵਨ ਬਹੁਤ ਹੀ ਜਦੋਜਹਿਦ ਭਰਿਆ ਰਿਹਾ ਹੈ। ਬ੍ਿਰਹਮੰਡ ਦੇ ਭੇਦ ਉਸ ਦੀ ਸਮਝ ਤੋਂ ਬਾਹਰ ਰਹਿੰਦੇ ਸਨ। ਉਸ ਨੂੰ ਨਿਤ ਪੇਸ਼ ਆਫਤਾਂ ਦੀ ਸਮਝ ਨਹੀਂ ਸੀ ਆ ਰਹੀ। ਜਿੰਦਗੀ ਦੇ ਕਸ਼ਟਾਂ ਤੋਂ ਮੁਕਤੀ ਦਾ ਇਕ ਰਾਹ ਇਸ ਜੀਵਨ ਤੋਂ ਹੀ ਨਿਜਾਤ ਪਾ ਲੈਣਾ ਹੋ ਸਕਦਾ ਹੈ।
ਧਿਆਨ ਦਿਉ ਕਿ ਧਰਮ ਦੇ ਪ੍ਰਸੰਗ ਵਿਚ ਕਰਮ ਦੇ ਅਰਥ ਜੀਵਨ ਸੰਘਰਸ਼ ਨਾ ਹੋ ਕੇ ਕਰਮ ਕਾਂਡ ਬਣ ਜਾਂਦਾ ਹੈ ਪਰ ਧਰਮ ਇਸ ਸਮੱਸਿਆ ਦੇ ਹੱਲ ਨੂੰ ਇਸ ਤਰ੍ਹਾਂ ਨਹੀਂ ਸੀ ਪੇਸ਼ ਕਰ ਸਕਦਾ। ਧਰਮ ਨੇ ਇਸ ਦਾ ਰਹੱਸੀਕਰਣ ਕੀਤਾ। ਇਸ ਲਈ ਅਕਸਰ ਮੁਕਤੀ ਦਾ ਮਨੋਰਥ ਜਿੰਦਗੀ ਨੂੰ ਇਸ ਸਭ ਪਰਪੰਚ ਦੀ ਚਾਲਕ ਕਲਪਿਤ ਪਰਾਸਰੀਰਕ ਸ਼ਕਤੀ ਨੂੰ ਅਰਪਤ ਕਰ ਦੇਣਾ ਬਣ ਗਿਆ। ਮਿਸਾਲ ਵਜੋਂ ਮਹਾਨ ਕੋਸ਼ ਅਨੁਸਾਰ ਸਿੱਖ ਮਤ ਦੀ ਮੁਕਤੀ ਹੈ ਗੁਰਮੁਖਾਂ ਦੀ ਸੰਗਤ ਦੁਆਰਾ ਨਾਮ ਦੇ ਤੱਤ ਅਤੇ ਅਭਿਆਸ ਦੇ ਪ੍ਰਕਾਰ ਨੂੰ ਜਾਣ ਕੇ ਸਿਰਜਣਹਾਰ ਨਾਲ ਲਿਵ ਦਾ ਜੋੜਨਾ, ਹਊਮੈ ਤਿਆਗ ਕੇ ਪਰੋਪਕਾਰ ਕਰਨਾ, ਅੰਤਹਕਰਣ ਨੂੰ ਅਵਿਦਿਆ ਅਤੇ ਭ੍ਰਮਜਾਲ ਤੋਂ ਸ਼ਰੀਰ ਨੂੰ ਅਪਵਿਤ੍ਰਤਾ ਤੋਂ ਪਾਕ ਰੱਖਣਾ। ਸਾਰ ਇਹ ਹੈ ਕਿ ਧਰਮ ਅਨੁਸਾਰ ਇਸ ਜੀਵਨ ਦੌਰਾਨ ਇਸ ਦੀ ਮਾਇਆ ਅਰਥਾਤ ਪਦਾਰਥਾਂ ਨਾਲ ਲਗਾਉ ਹੀ ਮਨੁਖ ਦੀਆਂ ਸਮੱਸਿਆਵਾਂ ਦਾ ਕਾਰਨ ਹੈ ਜਦ ਕਿ ਮਨੁਖਾ ਜਿੰਦਗੀ ਕਿਸੇ ਹੋਰ ਵਡੇਰੇ ਮਨੋਰਥ ਲਈ ਹੈ। ਮਾਰੂ ਸੋਲਹੇ ਵਿਚ ਗੁਰੂ ਨਾਨਕ ਦੇ ਇਹ ਸ਼ਬਦ ਸੁਣੋ,
ਕਰਮ ਧਰਮ ਕਰਿ ਮੁਕਤਿ ਮੰਗਾਹੀ॥
ਮੁਕਤਿ ਪਦਾਰਥੁ ਸਬਦਿ ਸਲਾਹੀ॥
ਬਿਨ ਗੁਰਸਬਦੈ ਮੁਕਤਿ ਨ ਹੋਈ
ਪਰਪੰਚੁ ਕਰਿ ਭਰਮਾਈ ਹੇ॥
ਤੀਜੇ ਗੁਰੂ ਦਾ ਕਥਨ ਹੈ, ‘ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ॥’ ਇਸਲਾਮ, ਈਸਾਈ, ਬੁਧ, ਜੈਨ ਤੇ ਯੋਗ ਮਤ-ਹਰ ਧਰਮ ਨੇ ਮਨੁਖ ਦੀ ਮੁਕਤੀ ਦੀ ਗੱਲ ਕੀਤੀ ਹੈ ਜੋ ਤੱਤ ਰੂਪ ਵਿਚ ਜੀਵਨ ਤੋਂ ਕਿਨਾਰਾਕਸ਼ੀ ਵਾਲੀ ਹੈ। ਗੱਲ ਕੀ ਧਰਮ ਜੇ ਮਨੁਖ ਦੀ ਸਰੀਰਕ ਮੌਤ ਦਾ ਨਹੀਂ ਤਾਂ ਉਸ ਦੀ ਹਉਮੈ ਜਾਂ ਆਪੇ ਦੀ ਮੌਤ ਦਾ ਆਦਰਸ਼ੀਕਰਣ ਕਰਦਾ ਹੈ। ਗੌਰਤਲਬ ਹੈ ਕਿ ‘ਮੁੱਕਣਾ’ ਸ਼ਬਦ ਵੀ ਮੁਕਤੀ ਦਾ ਭਾਈਬੰਦ ਹੀ ਹੈ। ਮੁੱਕਣਾ ਵਿਚ ਕਿਸੇ ਚੀਜ਼ ਦੇ ਖਲਾਸ ਹੋਣ ਤੇ ਖਤਮ ਹੋਣ ਤੋਂ ਲੈ ਕੇ ਮਰਨ ਤੱਕ ਦੇ ਭਾਵ ਹਨ। ਸ਼ਾਹ ਹੁਸੈਨ ਨੇ ਮੁੱਕੀ ਸ਼ਬਦ ਜਿਸ ਤਰ੍ਹਾਂ ਵਰਤਿਆ ਹੈ ਉਸ ਵਿਚ ਮੁੱਕ ਜਾਣ ਤੇ ਮੁਕਤੀ ਦੇ ਭਾਵ ਇਕ ਮਿੱਕ ਹੋ ਗਏ ਪ੍ਰਤੀਤ ਹੁੰਦੇ, ‘ਮੇਰੇ ਸਾਹਿਬਾ ਮੈਂ ਤੇਰੀ ਹੋ ਮੁੱਕੀ ਆਂ। ਮਨਹੁੰ ਨਾ ਵਿਸਾਰੀ ਤੂੰ ਮੇਰੇ ਸਾਹਿਬਾ।’ ਤੀਸਰੇ ਗੁਰੂ ਦੇ ਬੋਲ ਹਨ, ‘ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ।’ ਭਾਵ ਪੈਰ ਹੱਥ ਤੇ ਅੱਖਾਂ ਵੇਖ ਵੇਖ ਕੇ ਤੇ ਕੰਨ ਸੁਣ ਸੁਣ ਕੇ ਥੱਕ ਗਏ ਹਨ, ਜਿੰਦਗਾਨੀ ਦੇ ਦਿਨ ਵੀ ਮੁੱਕ ਗਏ ਹਨ। ਮੂਰਖ ਆਪਣੀ ਇਸ ਜਿੰਦਗੀ ਵਿਚ ਸੱਚਾ ਨਾਮ ਨਹੀਂ ਧਿਆਉਂਦਾ।
ਸੰਸਕ੍ਰਿਤ ਦਾ ਇਕ ਧਾਤੂ ‘ਮੁਚ’ ਹੈ ਜਿਸ ਦਾ ਅਰਥ ਛੱਡਣਾ, ਖਲਾਸ ਕਰਨਾ ਆਦਿ ਹੈ। ਇਸ ਤੋਂ ਵਿਉਤਪਤ ਰੂਪ ਹੋਇਆ ‘ਮੁੱਕੁ’ ਜਿਸ ਤੋਂ ਭਾਵਵਾਚੀ ਨਾਂਵ ਮੁਕਤੀ ਬਣਿਆ। ਇਸ ਦਾ ਭੂਤਕਾਰਦੰਤਕ ਮੁਕਤ ਹੈ, ਅਰਥਾਤ ਖਲਾਸ ਹੋਇਆ।
ਮੁਕਤੀ ਦਾ ਪੰਜਾਬੀ ਵਿਚ ਇਕ ਹੋਰ ਰੂਪ ‘ਮੋਖ’ ਹੈ ਜਿਸ ਦਾ ਸੰਸਕ੍ਰਿਤ ਪਰਾਰੂਪ ਮੋਕਸ਼ ਹੈ। ਸੰਸਕ੍ਰਿਤ ਦੀ ‘ਕਸ਼’ ਧੁਨੀ ਅਕਸਰ ਹੀ ਪੰਜਾਬੀ ਤੇ ਹੋਰ ਭਾਰਤੀ ਬੋਲੀਆਂ ਵਿਚ ਆ ਕੇ ‘ਖ’ ਵਿਚ ਬਦਲ ਜਾਂਦੀ ਹੈ। ਗੁਰਬਾਣੀ ਵਿਚ ਮੋਖ ਰੂਪ ਬਹੁਤ ਵਾਰੀ ਆਇਆ ਹੈ, ‘ਸਰਬ ਬੈਕੁੰਠ ਮੁਕਤਿ ਮੋਖ ਪਾਏ’ -ਗੁਰੂ ਅਰਜਨ। ‘ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ’ -ਗੁਰੂ ਨਾਨਕ ਦੇਵ। ਗੁਰੂ ਗ੍ਰੰਥ ਵਿਚ ਮੋਖ ਸ਼ਬਦ ਬਹੁਤਾ ਗੁਰੂ ਅਮਰ ਦਾਸ ਨੇ ਹੀ ਵਰਤਿਆ ਹੈ। ਕਈ ਥਾਂਵਾਂ ‘ਤੇ ਮੁਕਤਿ ਮੋਖ ਇਕੱਠੇ ਵੀ ਆਏ ਹਨ ਜਿਵੇਂ ‘ਸਰਬ ਬੈਕੁੰਠ ਮੁਕਤਿ ਮੋਖ ਪਾਏ।’ ਧਾਰਮਿਕ ਪ੍ਰਸੰਗ ਵਿਚ ਮੁਕਤੀ ਤੇ ਮੋਖ ਦੇ ਅਰਥਾਂ ਵਿਚ ਥੋੜਾ ਭੇਦ ਮਾਲੂਮ ਹੁੰਦਾ ਹੈ। ਮੋਖ ਮੁਕਤੀ ਦਾ ਪਰਿਣਾਮ ਕਹਿ ਸਕਦੇ ਹਾਂ ਅਰਥਾਤ ਸਭ ਬੰਧਨਾਂ ਤੋ ਖਲਾਸ ਹੋ ਕੇ ਪ੍ਰਾਪਤ ਹੋਈ ਅਨੰਦ ਆਦਿ ਦੀ ਅਵਸਥਾ। ਪਰ ਬੋਲਚਾਲ ਜਾਂ ਆਮ ਭਾਸ਼ਾ ਵਿਚ ਅਸੀਂ ਮੁਕਤੀ ਸ਼ਬਦ ਛੁਟਕਾਰਾ, ਬੰਦ-ਖਲਾਸੀ ਜਾਂ ਆਜਾਦੀ ਦੇ ਭਾਵਾਂ ਵਿਚ ਵਰਤਦੇ ਹਾਂ। ਜਿਵੇਂ ਰਾਸ਼ਟਰੀ ਮੁਕਤੀ ਅੰਦੋਲਨ ਨੂੰ ਅਸੀਂ ਰਾਸਟਰੀ ਮੋਖ ਅੰਦੋਲਨ ਨਹੀਂ ਕਹਿ ਸਕਦੇ। ਮੋਖ ਦਾ ਇਕ ਹੋਰ ਵਿਉਤਪਤ ਰੂਪ ਮੋਖੰਤਰ ਵੀ ਹੈ, ‘ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰ ਪਾਏ’ -ਗੁਰੂ ਅਮਰ ਦਾਸ। ਜੋ ਜਿਉਂਦਿਆਂ ਹੀ ਇਕ ਤਰ੍ਹਾਂ ਸੰਸਾਰਕ ਤੌਰ ‘ਤੇ ਮੁਰਦਾ ਹੈ ਉਹ ਸਚਮੁਚ ਮਰ ਕੇ ਮੁਕਤੀ ਪਾ ਲੈਂਦਾ ਹੈ। ਮੋਖ ਦਾ ਇਕ ਅਰਥ ਪੈਸੇ ਚੁਕਤਾ ਕਰਨਾ ਵੀ ਹੈ ਅਰਥਾਤ ਕਰਜ਼ੇ ਆਦਿ ਤੋਂ ਛੁਟਕਾਰਾ ਪਾ ਲਿਆ ਗਿਆ ਹੈ। ਬਦਲਦਾ ਬਦਲਦਾ ਇਸ ਦਾ ਅਰਥ ਕੀਮਤ, ਭੇਟਾ ਵੀ ਹੋ ਗਿਆ ਹੈ। ਮੁਕਤੀ ਤੋਂ ਹੀ ਮੁਕਤੀਦਾਤਾ ਸ਼ਬਦ ਬਣਿਆ ਜੋ ਮੁਕਤੀ ਪ੍ਰਦਾਨ ਕਰਨ ਵਾਲਾ ਗੁਰੂ ਆਦਿ ਹੈ। ਮੁਕਤਾ ਦਾ ਅਰਥ ਹੈ, ਬੰਧਨ ਰਹਿਤ, ਮੁਕਤੀ ਨੂੰ ਪ੍ਰਾਪਤ ਹੋਇਆ ਵੀ ਹੈ, ‘ਹਰਖ ਸੋਗ ਦੋਹਾ ਤੇ ਮੁਕਤਾ’ -ਅਮਰ ਦਾਸ। ਕਿਸੇ ਲਗ ਮਾਤਰ ਤੋਂ ‘ਮੁਕਤ’ ਅੱਖਰ ਵੀ ਮੁਕਤਾ ਕਹਾਉਂਦਾ ਹੈ। ਮੁਕਤਾ ਦਾ ਬਹੁਵਚਨ ‘ਮੁਕਤੇ’ ਨਾਂਵ ਰੂਪ ਵਿਚ ਆਮ ਤੌਰ ‘ਤੇ ਚਾਲੀ ਮੁਕਤਿਆਂ ਦੇ ਪ੍ਰਸੰਗ ਵਿਚ ਹੀ ਵਰਤਿਆ ਜਾਂਦਾ ਹੈ ਪਰ ਭੂਤਕਾਰਦੰਤਕ ਕਿਰਿਆ ਦੇ ਰੂਪ ਵਿਚ ‘ਮੁਕਤ ਹੋਏ’ ਅਰਥ ਹੀ ਹੈ, ‘ਗੁਰ ਸਬਦੀ ਦਰੁ ਜੋਈਐ ਮੁਕਤੇ ਭੰਡਾਰਾ’ -ਗੁਰੂ ਨਾਨਕ।
ਜਿਵੇਂ ਉਪਰ ਜ਼ਿਕਰ ਆ ਚੁਕਾ ਹੈ, ‘ਮੁਕੂ’ ਤੋਂ ਹੀ ਮੁੱਕਣਾ ਸ਼ਬਦ ਵੀ ਬਣਿਆ ਹੈ। ਮੁੱਕਣ ਵਿਚ ਛੁਟਕਾਰਾ ਹੋਣ ਦਾ ਭਾਵ ਹੈ। ਮੌਤ ਤਾਂ ਖੈਰ ਹੈ ਹੀ ਜਿੰਦਗੀ ਦੇ ਜੰਜਾਲਾਂ ਤੋਂ ਛੁਟਕਾਰਾ; ਕੰਮ ਵੀ ਬੰਧਨ ਹੀ ਹੁੰਦਾ ਹੈ, ਇਸ ਲਈ ਕੰਮ ਮੁੱਕ ਗਿਆ ਦਾ ਮਤਲਬ ਕੰਮ ਦੇ ਬੰਧਨਾਂ ਤੋਂ ਛੁਟਕਾਰਾ ਹੋ ਗਿਆ। ਫਿਰ ਮੁਕਾਣ ਜਾਂ ਮਕਾਣ ਦੇਖ ਲਵੋ। ਕਿਸੇ ਦੇ ਮਰ ਮੁੱਕਣ ‘ਤੇ ਢੁਕਣਾ ਮਕਾਣ ਕਹਾਉਂਦਾ ਹੈ। ਏਹੀ ਮਕਾਣ ਹੌਲੀ ਹੌਲੀ ਇਕ ਰੀਤੀ ਬਣ ਕੇ ਪਿੱਟ ਸਿਆਪੇ ਵਿਚ ਬਦਲ ਗਈ। ਸੰਭਵ ਹੈ ਸੁਖਾਂ ਲੱਧੀ ਰੀਤੀ ‘ਮੁਕਲਾਵਾ’ ਦਾ ਵੀ ਇਸ ਨਾਲ ਸਬੰਧ ਹੋਵੇ ਪਰ ਹੋਰ ਸੋਚਣ ਦੀ ਲੋੜ ਹੈ। ਮੁਕਲਾਵਾ ਵੀ ਜ਼ਿੰਦਗੀ ਦੇ ਇਕ ਦੌਰ ਦੇ ਮੁੱਕਣ ਵੱਲ ਹੀ ਇਸ਼ਾਰਾ ਕਰਦਾ ਹੈ। ਭਾਸ਼ਾਵਾਂ ਵਿਚ ਇਸੇ ਤਰ੍ਹਾਂ ਹੁੰਦਾ ਹੈ। ਇਕੋ ਮੂਲ ਤੋਂ ਕਈ ਸ਼ਬਦ ਬਣਦੇ ਹਨ ਤੇ ਵਿਭਿੰਨ ਭਾਸ਼ਾਵਾਂ ਵਿਚ ਉਨ੍ਹਾਂ ਦੇ ਅਲੱਗ ਅਲੱਗ ਪਰ ਮਿਲਦੇ ਜੁਲਦੇ ਅਰਥ ਤੇ ਰੂਪ ਰੂੜ੍ਹ ਹੋ ਜਾਂਦੇ ਹਨ। ਕਈ ਵਾਰੀ ਕੁਝ ਸ਼ਬਦ, ਉਨ੍ਹਾਂ ਦੇ ਰੂਪਾਂਤਰ ਤੇ ਵਿਸ਼ੇਸ਼ ਅਰਥ ਸਮਾਂ ਪੈਣ ਨਾਲ ਵਰਤੋਂ ਵਿਚ ਆਉਣੋਂ ਬੰਦ ਹੋ ਜਾਂਦੇ ਹਨ। ਕੋਈ ਦੂਸਰੀ ਭਾਸ਼ਾ ਦਾ ਸ਼ਬਦ ਉਸ ਦੀ ਥਾਂ ਮੱਲ ਲੈਂਦਾ ਹੈ। ਸ਼ਬਦਾਂ ਦਾ ਇਹ ਵਰਤਾਰਾ ਬਹੁਤ ਹੀ ਦਿਲਚਸਪ ਹੈ।
‘ਮੁਕਤ’ ਹੋ ਜਾਣ ਤੋਂ ਹੀ ‘ਮੋਤੀ’ ਸ਼ਬਦ ਬਣਿਆ। ‘ਮੁਕਤੀ’ ਸ਼ਬਦ ਵਿਚੋਂ ‘ਕ’ ਧੁਨੀ ਮੁਕਤ ਹੋ ਗਈ ਤੇ ਹਾਸਿਲ ਆ ਗਿਆ ‘ਮੁੱਤ’ ਜਿਸ ਤੋਂ ਮੋਤੀ ਬਣਿਆ। ਪਰ ਮੋਤੀ ਜਿਹੀ ਸ਼ੈਅ ਦਾ ਮੁਕਤੀ ਦੇ ਭਾਵ ਨਾਲ ਕੀ ਰਿਸ਼ਤਾ ਹੈ? ਮੋਤੀ ਸਿੱਪ ਦੇ ਖੋਲ ਵਿਚੋਂ ਮੁਕਤ ਹੋ ਕੇ ਹੀ ਨਿਕਲਦਾ ਹੈ। ਮੋਤੀ ਜੇਹੀ ਕਲੀ ਵਾਲਾ ਪੌਦਾ ਵੀ ਮੋਤੀ ਕਹਾਉਂਦਾ ਹੈ ਜੋ ਰਾਇਬੇਲ ਜਾਤੀ ਦਾ ਹੈ। ਮੋਤੀ ਤੋਂ ਅੱਗੇ ਮੋਤੀਆ ਸ਼ਬਦ ਬਣ ਗਿਆ ਜਿਸ ਦਾ ਇਕ ਭਾਵ ਮੋਤੀ ਰੰਗਾ ਤੇ ਦੂਜਾ ਅੱਖਾਂ ਦੀ ਇਕ ਬੀਮਾਰੀ ਜਿਸ ਦਾ ਪੂਰਾ ਰੂਪ ਹੈ ਮੋਤੀਆਬਿੰਦ ਤੇ ਮੁਢਲਾ ਰੂਪ ਮੁਕਤਾਵਿੰਦੁ। ਭਾਈ ਕਾਹਨ ਸਿੰਘ ਨੇ ਇਸ ਦੀ ਬਹੁਤ ਖੂਬਸੂਰਤ ਵਿਆਖਿਆ ਕੀਤੀ ਹੈ, ‘ਮੋਤੀ ਦੇ ਅਕਾਰ ਦਾ ਇਕ ਰਤੂਬਤ ਦਾ ਦਾਣਾ, ਜੋ ਅੱਖ ਦੀ ਨਜ਼ਰ ਨੂੰ ਰੋਕ ਲੈਂਦਾ ਹੈ।æææਪਹਿਲਾਂ ਝਾਉਲਾ ਦਿਖਾਈ ਦਿੰਦਾ ਹੈ। ਫੇਰ ਜਿਉਂ ਜਿਉਂ ਰਤੂਬਤ ਗਾੜ੍ਹੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਨਿਗਹ ਘਟਦੀ ਜਾਂਦੀ ਹੈ ਅੰਤ ਨੂੰ ਰਤੂਬਤ ਬਹੁਤ ਗਾੜ੍ਹੀ ਹੋ ਕੇ ਮੋਤੀ ਦੇ ਅਕਾਰ ਦੀ ਬਣ ਕੇ ਨਜ਼ਰ ਨੂੰ ਪੂਰੀ ਤਰ੍ਹਾਂ ਰੋਕ ਲੈਂਦੀ ਹੈ। ਇਸੇ ਕਾਰਣ ਇਸ ਰੋਗ ਦਾ ਨਾਉਂ ਮੋਤੀਆਬਿੰਦ (ਵਿੰਦੁ) ਹੈ।’ ਵਰਤਿਆ ਗਿਆ ਸ਼ਬਦ ਰਤੂਬਤ ਅਰਬੀ ਅਸਲੇ ਦਾ ਹੈ ਤੇ ਇਸ ਦਾ ਅਰਥ ਤਰ ਹੈ। ਕਿਸੇ ਹੋਰ ਸਮੇਂ ਵਿਚਾਰ ਕਰਾਂਗੇ ਕਿ ਕਾਣਾ ਸ਼ਬਦ ਵਿਚ ਵੀ ਇਕ ਵਿਚਾਰ ਅਨੁਸਾਰ ਬਿੰਦੂ ਦਾ ਭਾਵ ਹੀ ਹੈ।
ਮੁਕਤ ਸ਼ਬਦ ਵਿਚ ਖੁਲ੍ਹ ਦਾ ਭਾਵ ਨਿਹਿਤ ਹੈ। ਆਖਰ ਛੁਟਕਾਰਾ, ਆਜ਼ਾਦੀ ਆਦਿ ਖੁਲ੍ਹ ਹੀ ਹੈ। ਖੁਲ੍ਹੀ ਜ਼ਮੀਨ ਆਦਿ ਲੰਬੀ ਚੌੜੀ ਹੈ ਭਾਵ ਸੀਮਾ ਦੇ ਬੰਨਣ ਵਿਚ ਨਹੀਂ ਬੰਨ੍ਹੀ ਹੋਈ। ਇਸੇ ਲਈ ਮੁਕੂ ਤੋਂ ਮੋਕਲਾ ਸ਼ਬਦ ਬਣਿਆ ਜੋ ਖੁਲ੍ਹਾ ਦੇ ਅਰਥ ਦਿੰਦਾ ਹੈ। ਹਿੰਦੀ ਦੇ ਇਕ ਸ਼ਬਦ ਮੁਕਲਾਈ ਦਾ ਭਾਵ ਮੁੱਕਣਾ ਹੀ ਹੈ ਹਾਲਾਂਕਿ ਹਿੰਦੀ ਵਿਚ ਮੁੱਕਣਾ ਸ਼ਬਦ ਮੌਜੂਦ ਨਹੀਂ। ਇਸ ਸ਼ਬਦ ਦਾ ਗੁਰੂ ਗ੍ਰੰਥ ਸਾਹਿਬ ਵਿਚ ਇਕ ਰੁਪਾਂਤਰ ‘ਮੋਕਲਾਈ’ ਮਿਲਦਾ ਹੈ, ‘ਭੀੜਹੁ ਮੋਕਲਾਈ ਕੀਤੀਅਨੁ ਸਭ ਰੈਖੈ ਕੁਟੰਬੇ ਨਾਲਿ’ -ਗੁਰੂ ਅਰਜਨ। ਏਥੈ ਮੋਕਲਾਈ ਦੇ ਦੋ ਅਰਥ ਕੀਤੇ ਜਾਂਦੇ ਹਨ। ਇਕ ਅਨੁਸਾਰ ‘ਉਸ ਨੇ ਮੇਰਾ ਭੀੜਾ ਰਸਤਾ (ਭੀੜਹੁ) ਮੋਕਲਾ ਕਰ ਦਿੱਤਾ ਹੈ ਤੇ ਪਰਿਵਾਰ ਸਹਿਤ ਮੇਰੀ ਰੱਖ ਲਈ ਹੈ’ ਦੂਜੇ ਅਰਥਾਂ ਅਨੁਸਾਰ ਏਥੇ ਮੋਕਲਾਈ ਸ਼ਬਦ ਖਲਾਸ ਕਰਨ ਦੇ ਅਰਥ ਦਿੰਦਾ ਹੈ ਤੇ ਭੀੜ ਮੁਸੀਬਤ ਦੇ, ਤੇ ਤੁਕ ਦਾ ਅਰਥ ਬਣਦਾ ਹੈ ਕਿ ਪ੍ਰਭੂ ਦੁਖਾਂ ਤੋਂ ਖਲਾਸੀ ਦਿੰਦਾ ਹੈ ਤੇ ਤੇਰੇ ਪਰਿਵਾਰ ਦੀ ਰੱਖਿਆ ਕਰਦਾ ਹੈ। ਪਰ ਮੈਨੂੰ ਏਥੇ ਭੀੜੀ ਗਲੀ ਨੂੰ ਖੁਲ੍ਹਾ ਕਰਨ ਦੇ ਭਾਵ ਵਧੇਰੇ ਦਰੁਸਤ ਲਗਦੇ ਹਨ। ਇਸ ਗੱਲ ਦੀ ਪੁਸ਼ਟੀ ਗੁਰੂ ਅਰਜਨ ਦੇਵ ਦੀ ਤੁਕ ‘ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ’ ਤੋਂ ਹੁੰਦੀ ਹੈ।
ਇਸ ਮੂਲ ਵਿਚ ਛੁੱਟਣ ਦੇ ਭਾਵ ਤੋਂ ਹੀ ‘ਮੋਕ’ ਸ਼ਬਦ ਬਣਿਆ ਜੋ ਮੁਢਲੇ ਤੌਰ ‘ਤੇ ਪਸ਼ੂਆਂ ਦਾ ਦਸਤ ਹੈ ਤੇ ਲਾਖਣਿਕ ਤੌਰ ‘ਤੇ ਮਨੁੱਖਾਂ ਦਾ। ਅਤਿ ਦੀ ਘਬਰਾਹਟ ਜਾਂ ਡਰ ਵਿਚ ਮੇਰੇ ਵਰਗੇ ਮਨੁਖ ਬਹੁਤ ਸਾਰੀਆਂ ਸਰੀਰਕ ਕ੍ਰਿਆਵਾਂ ‘ਤੇ ਕਾਬੂ ਨਹੀਂ ਰੱਖ ਸਕਦੇ ਇਸ ਲਈ ਇਹ ਕ੍ਰਿਆਵਾਂ ਖੁਲ੍ਹ ਖੇਲਦੀਆਂ ਹਨ। ਮੋਕ ਮਾਰਨਾ ਅਜਿਹੀ ਸਥਿਤੀ ਦਾ ਸੂਚਕ ਮੁਹਾਵਰਾ ਹੈ। ਦਿਲਚਸਪ ਗੱਲ ਹੈ ਕਿ ਹਿੰਦੀ ਵਿਚ ਮੋਕ ਦਾ ਅਰਥ ਮੋਖ ਵੀ ਹੈ। ਇਹ ਸਾਰੇ ਸ਼ਬਦ ਹਿੰਦ-ਆਰਿਆਈ ਅਸਲੇ ਦੇ ਹਨ ਇਸ ਲਈ ਹੋਰ ਭਾਰੋਪੀ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਮਿਲਦੇ ਹਨ। ਇਨ੍ਹਾਂ ਦਾ ਜ਼ਿਕਰ ਅਗਲੇ ਕਾਲਮ ਵਿਚ ਕਰਾਂਗੇ।
Leave a Reply