ਸਾਕਾ ਨੀਲਾ ਤਾਰਾ: ਨੌਜਵਾਨ ਪੀੜ੍ਹੀ ਨੂੰ ਭੜਕਾਉਣ ਦੀ ਥਾਂ ਸਿੱਖਾਂ ਨੂੰ ਸੁਹਿਰਦਤਾ ਨਾਲ ਸਬਕ ਸਿੱਖਣ ਦੀ ਲੋੜ!

ਹਰਚਰਨ ਸਿੰਘ ਪ੍ਰਹਾਰ
ਸਾਕਾ ਨੀਲਾ ਤਾਰਾ ਪੰਜਾਬੀ ਲੋਕ-ਇਤਿਹਾਸ ਦੀ ਅਤਿ ਦੁਖਦਾਈ ਘਟਨਾ ਹੈ। ਪੰਜਾਬੀ ਦੇ ਉਘੇ ਲਿਖਾਰੀ ਡਾ. ਹਰਭਜਨ ਸਿੰਘ ਨੇ ਇਸ ਨੂੰ ‘ਜੜ੍ਹਾਂ ਵਾਲਾ ਫੋੜਾ’ ਆਖਿਆ ਸੀ। ਉਨ੍ਹਾਂ ਲਿਖਿਆ ਸੀ ਕਿ ਇਹ ਅਜਿਹਾ ਲਾਇਲਾਜ ਨਾਸੂਰ ਹੈ ਜਿਹੜਾ ਲਗਾਤਾਰ ਵਗੀ ਜਾ ਰਿਹਾ ਹੈ। ਕੈਨੇਡਾ ਵੱਸਦੇ ਵਿਦਵਾਨ ਹਰਚਰਨ ਸਿੰਘ ਪ੍ਰਹਾਰ ਨੇ ਵੀ ਆਪਣੇ ਇਸ ਲੇਖ ਵਿਚ ਕਿਹਾ ਹੈ ਕਿ ਇਸ ਘਟਨਾ ਨੂੰ ਭੁੱਲਣਾ ਵਾਕਈ ਨਾਮੁਮਕਿਨ ਹੈ ਪਰ ਨਾਲ ਹੀ ਉਨ੍ਹਾਂ ਆਖਿਆ ਹੈ ਕਿ ਇਸ ਦੇ ਕਾਰਨਾਂ ਦੀ ਪੁਣਛਾਣ ਕਰ ਕੇ ਇਸ ਤੋਂ ਸਬਕ ਜ਼ਰੂਰ ਲਿਆ ਜਾ ਸਕਦਾ ਹੈ। ਇਨ੍ਹਾਂ ਕਾਰਨਾਂ ਦੀ ਵੱਡੀ ਤਫਸੀਲ ਉਨ੍ਹਾਂ ਆਪਣੇ ਇਸ ਲੇਖ ਵਿਚ ਬਿਆਨ ਕੀਤੀ ਹੈ।

ਅੰਗਰੇਜ਼ੀ ਦੇ ਇੱਕ ਮਸ਼ਹੂਰ ਕਵੀ ਰੁੱਡਯਾਰਡ ਕਿਪਲਿੰਗ ਦੀ 1897 ਵਿਚ ਲਿਖੀ ਕਵਿਤਾ ‘Lੲਸਟ ੱੲ ਾੋਰਗੲਟ’ ਭਾਵ ਅਸੀਂ ਭੁੱਲੇ ਨਹੀਂ ਜਾਂ ਭੁੱਲਾਂਗੇ ਨਹੀਂ, ਨੂੰ ਅਧਾਰ ਬਣਾ ਕੇ ਸਾਡੇ ਕੁਝ ਵਿਦਵਾਨਾਂ ਨੇ ਜੂਨ, 1984 ਦੇ ਸਾਕੇ ਲਈ ਸ਼ਬਦ ਪ੍ਰਚਲਤ ਕੀਤਾ ਸੀ, ‘ਨਹੀਂ ਭੁੱਲਣਾ ਜੂਨ 84…’। ਇਹ ਨਾਹਰਾ ਪਿਛਲੇ 40 ਸਾਲ ਤੋਂ ਲਗਾਤਾਰ ਦੇਸ਼-ਵਿਦੇਸ਼ ਵਿਚ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫਤੇ ਦੁਹਰਾਇਆ ਜਾਂਦਾ ਹੈ। ਅਸੀਂ ਵੀ ਇਸ ਨਾਲ ਸਹਿਮਤ ਹਾਂ ਕਿ ਕਿਸੇ ਵੀ ਕੌਮ ਨਾਲ ਜਦੋਂ ਕੋਈ ਅਜਿਹਾ ਵੱਡਾ ਦੁਖਾਂਤ ਵਾਪਰਦਾ ਹੈ ਤਾਂ ਉਸਨੂੰ ਯਾਦ ਕੀਤਾ ਵੀ ਜਾਣਾ ਚਾਹੀਦਾ ਹੈ ਅਤੇ ਯਾਦ ਰੱਖਿਆ ਵੀ ਜਾਣਾ ਚਾਹੀਦਾ ਹੈ ਪਰ ਉਸ ਤਰ੍ਹਾਂ ਨਹੀਂ, ਜਿਵੇਂ ਡਾ. ਗੁਰਭਗਤ ਸਿੰਘ ਵਰਗੇ ਸਿੱਖ ਚਿੰਤਕ ਇਸ ਜ਼ਖਮ ਨੂੰ ਭੁਲਣ ਦੀ ਜਗ੍ਹਾ ਸੂਰਜ ਬਣਾ ਲੈਣ ਦੀਆਂ ਸਲਾਹਾਂ ਦਿੰਦੇ ਰਹੇ ਹਨ। ਦੁਨੀਆਂ ਦੀਆਂ ਸੂਝਵਾਨ ਕੌਮਾਂ ਅਜਿਹੇ ਘੱਲੂ-ਘਾਰਿਆਂ ਵਿਚੋਂ ਕੁਝ ਸਬਕ ਸਿੱਖਦੀਆਂ ਹਨ, ਆਪਣੀਆਂ ਅਗਲੀਆਂ ਨਸਲਾਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਉਨ੍ਹਾਂ ਵੱਡੇ ਦੁਖਾਂਤਾਂ ਦੇ ਕਾਰਨਾਂ ਨੂੰ ਲੱਭਦੀਆਂ ਹਨ ਕਿ ਮੁੜ ਅਜਿਹੇ ਭਾਣੇ ਨਾ ਵਾਪਰਨ। ਪਰ ਸਾਡੀ ਦੇਸ਼-ਵਿਦੇਸ਼ ਦੀ ਨਰਮ ਅਤੇ ਗਰਮ ਖਿਆਲੀ ਲੀਡਰਸ਼ਿਪ ਇਸ ਸਵਾਲ ਤੋਂ ਲਗਾਤਾਰ ਭੱਜ ਰਹੀ ਹੈ ਕਿ ਜੂਨ, 84 ਦਾ ਵੱਡਾ ਦੁਖਾਂਤ ਕਿਉਂ ਵਾਪਰਿਆ? ਕੀ ਇਸ ਵਿਚ ਸਾਡਾ ਵੀ ਕੋਈ ਇੱਕ-ਅੱਧ ਪ੍ਰਸੈਂਟ ਦੋਸ਼ ਸੀ, ਜਾਂ 100% ਸਰਕਾਰਾਂ ਹੀ ਦੋਸ਼ੀ ਸਨ? ਬਦਕਿਸਮਤੀ ਨਾਲ ਸਿੱਖ ਭਾਈਚਾਰੇ ਦੇ ਕਥਿਤ ‘ਰਹਿਬਰਾਂ’ ਨੇ ਬਹੁ-ਗਿਣਤੀ ਸਿੱਖਾਂ ਦੀ ਮਾਨਸਿਕਤਾ ਨੂੰ ਸਮਝ ਲਿਆ ਹੈ ਕਿ ਇਨ੍ਹਾਂ ਨੂੰ ਧਰਮ ਦੇ ਨਾਮ ‘ਤੇ ਜਜ਼ਬਾਤੀ ਕਰਕੇ ਆਪਣੇ ਸੌੜੇ ਰਾਜਸੀ ਮਨੋਰਥਾਂ ਲਈ ਜਿਵੇਂ ਚਾਹੇ ਵਰਤਿਆ ਜਾਂ ਗੁੰਮਰਾਹ ਕੀਤਾ ਜਾ ਸਕਦਾ ਹੈ। ਜੇ ਆਪਾਂ 1978 ਤੋਂ ਸਿੱਖ ਸਮਾਜ ਜਾਂ ਪੰਜਾਬ ਵਿਚ ਚੱਲ ਰਹੇ ਵਰਤਾਰਿਆਂ ਨੂੰ ਨਿਰਪੱਖਤਾ ਨਾਲ ਵਿਚਾਰੀਏ ਤਾਂ ਇਹ ਗੱਲ ਸਮਝਣੀ ਕੋਈ ਬਹੁਤੀ ਔਖੀ ਨਹੀਂ ਕਿ ਸਿੱਖ ਵਾਰ-ਵਾਰ ਆਪਣੀ ਲੀਡਰਸ਼ਿਪ ਅਤੇ ਵਿਰੋਧੀਆਂ ਵਲੋਂ ਵਰਤ ਹੋ ਰਹੇ ਹਨ, ਇੱਕ ਤੋਂ ਵਰਤ ਹੋ ਕੇ ਕੁਝ ਸੋਚਣ ਵਿਚਾਰਨ ਦੀ ਥਾਂ ਕਿਸੇ ਨਵੇਂ ਵਰਤਣ ਵਾਲੇ ਮਗਰ ਹੋ ਤੁਰਦੇ ਹਨ। ਜਿਸ ਨਾਲ ਸਿੱਖ ਸਮਾਜ ਨਿੱਤ ਨਵੇਂ ਦਿਨ ਕਿਸੇ ਸਮੱਸਿਆ ਨੂੰ ਹੱਲ ਕਰਨ ਦੀ ਥਾਂ ਨਵੀਆਂ-ਨਵੀਆਂ ਸਮੱਸਿਆਵਾਂ ਵਿਚ ਘਿਰਦਾ ਜਾ ਰਿਹਾ ਹੈ। ਨਤੀਜੇ ਵਜੋਂ ਹਰ ਪੰਜਾਬੀ ਸਿੱਖ ਪਾਸਪੋਰਟ ਚੁੱਕੀ ਤੁਰਿਆ ਫਿਰਦਾ ਹੈ ਕਿ ਹਰ ਹੀਲੇ ਪੰਜਾਬ ਜਾਂ ਭਾਰਤ ਵਿਚੋਂ ਭੱਜ ਜਾਵੇ। ਉਸਨੂੰ ਲਗਦਾ ਹੈ ਕਿ ਵਿਦੇਸ਼ੀ ਧਰਤੀ ਉਸਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਪਰ ਪਿਛਲੇ 30-40 ਸਾਲ ਦੇ ਵੱਡੇ ਪ੍ਰਵਾਸ ਨੇ ਸਾਬਿਤ ਕਰ ਦਿੱਤਾ ਹੈ ਕਿ ਵਿਦੇਸ਼ਾਂ ਵਿਚ ਆ ਕੇ ਸਾਡੀਆਂ ਨਿੱਜੀ ਆਰਥਿਕ ਸਮੱਸਿਆਵਾਂ ਤਾਂ ਜ਼ਰੂਰ ਕਿਸੇ ਹੱਦ ਤੱਕ ਹੱਲ ਹੋ ਰਹੀਆਂ ਹਨ, ਪਰ ਜਿਨ੍ਹਾਂ ਸਮੱਸਿਆਵਾਂ ਦੇ ਮਾਰੇ ਅਸੀਂ ਭੱਜ ਰਹੇ ਸੀ, ਅਸੀਂ ਉਸੇ ਮਾਨਸਿਕਤਾ ਨਾਲ ਅਨੇਕਾਂ ਹੋਰ ਨਵੀਆਂ ਸਮੱਸਿਆਵਾਂ ਖੜ੍ਹੀਆਂ ਕਰ ਲਈਆਂ ਹਨ ਅਤੇ ਹੁਣ ਅਸੀਂ ਵਿਦੇਸ਼ਾਂ ਵਿਚੋਂ ਭਾਰਤ ਵਿਚ ਬੈਠੇ ਸਿੱਖਾਂ ਲਈ ਨਵੀਆਂ ਸਮੱਸਿਆਵਾਂ ਪੈਦਾ ਕਰਨ ਲੱਗ ਪਏ ਹਾਂ। ਅਸੀਂ ਇੱਕ ਵਹਿਮ ਦਾ ਸ਼ਿਕਾਰ ਹੋ ਗਏ ਹਾਂ ਕਿ ਸ਼ਾਇਦ ਜਹਾਜ਼ ਚੜ੍ਹ ਕੇ ਵਿਦੇਸ਼ੀ ਧਰਤੀ ‘ਤੇ ਆਉਣ ਨਾਲ ਅਸੀਂ ਜ਼ਿਆਦਾ ਸੂਝਵਾਨ ਹੋ ਗਏ ਹਾਂ। ਅਸੀਂ ਆਪਣੇ ਡਾਲਰਾਂ ਦੇ ਜ਼ੋਰ ਨਾਲ ਪੰਜਾਬ ਦੀ ਰਾਜਨੀਤੀ ਨੂੰ ਆਪਣੀ ਸੋਚ ਅਨੁਸਾਰ ਚਲਾਉਣ ਲਈ ਹਰੇਕ ਇਲੈਕਸ਼ਨ ਵਿਚ ਮਿਲੀਅਨਜ਼ ਡਾਲਰ ਗੈਰ-ਕਾਨੂੰਨੀ ਢੰਗ ਨਾਲ ਭੇਜਦੇ ਹਾਂ, ਉਥੇ ਵਸਦੇ ਪੰਜਾਬੀ ਸਾਨੂੰ ਹਰੇਕ ਵਾਰ ਨਕਾਰ ਦਿੰਦੇ ਹਨ ਅਤੇ ਸਾਡੀ ਸੋਚ ਤੋਂ ਉਲਟ ਵੋਟ ਪਾਉਂਦੇ ਹਨ।
ਹਰ ਸਾਲ ਜੂਨ ਦੇ ਪਹਿਲੇ ਹਫਤੇ ਆਰਟੀਕਲ ਦੇ ਨਾਲ ਦਿੱਤੀਆਂ ਜਾ ਰਹੀਆਂ ਤਸਵੀਰਾਂ ਵਿਚਲੇ ਦਾਅਵਿਆਂ ਵਰਗੀਆਂ ਸਨਸਨੀਖੇਜ਼ ਕਹਾਣੀਆਂ ਮੀਡੀਆ ਵਿਚ ਛਾਈਆਂ ਰਹਿੰਦੀਆਂ ਹਨ। ਅਜਿਹਾ ਕੁਝ ਪਿਛਲੇ 40 ਸਾਲ ਤੋਂ ਸਿੱਖ ਸਮਾਜ ਵਿਚ ਲਗਾਤਾਰ ਵਾਪਰ ਰਿਹਾ ਹੈ। ਇੱਕ ਪਾਸੇ ਸਾਡੇ ਉਹ ਵਿਦਵਾਨ ਤੇ ਪ੍ਰਚਾਰਕ ਹਨ, ਜਿਨ੍ਹਾਂ ਦਾ ਸਾਰਾ ਦਾਰੋ-ਮਦਾਰ ਜਜ਼ਬਾਤੀ ਤੇ ਝੂਠੀਆਂ ਕਹਾਣੀਆਂ ਨਾਲ ਹੀ ਚੱਲਦਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਬਹੁ-ਗਿਣਤੀ ਸਮਾਜ ਅਜਿਹਾ ਧੂੰਆਂ-ਧਾਰ ਪ੍ਰਚਾਰ ਹੀ ਪਸੰਦ ਕਰਦਾ ਹੈ। ਨਰਮ ਸੁਰ ਵਿਚ ਕੀਤੀਆਂ ਗੱਲਾਂ ਵੱਲ ਉਹ ਬਹੁਤਾ ਧਿਆਨ ਨਹੀਂ ਦਿੰਦੇ। ਸਾਡੇ ਅਜਿਹੇ ‘ਰਹਿਬਰ’ ਆਪਣੇ ਭਾਈਚਾਰੇ ਦੀ ਨਬਜ਼ ਬਹੁਤ ਚੰਗੀ ਤਰ੍ਹਾਂ ਪਛਾਣਦੇ ਹਨ। ਦੂਜੇ ਪਾਸੇ ਸਾਡੇ ਉਹ ਰਾਜਸੀ ਲੀਡਰ ਹਨ, ਜਿਨ੍ਹਾਂ ਦੀ ਹਿੰਸਾ ਤੇ ਨਫ਼ਰਤ ਅਧਾਰਿਤ ਰਾਜਨੀਤੀ ਪਿਛਲੇ 40 ਸਾਲ ਤੋਂ ਅਜਿਹੇ ਜਜ਼ਬਾਤੀ ਲੋਕਾਂ ਨੂੰ ਗੁੰਮਰਾਹ ਕਰ ਕੇ ਚੱਲ ਰਹੀ ਹੈ। ਪਿਛਲੇ 40-50 ਸਾਲ ਦੇ ਅਜਿਹੇ ਵਰਤਾਰਿਆਂ ਤੋਂ ਕੀ ਸਾਰੀ ਦੁਨੀਆਂ ਨੂੰ ਸਾਡੀ ਕੌਮ ਦੀ ਮਾਨਸਿਕਤਾ ਦੇ ਪੱਧਰ ਦਾ ਪਤਾ ਨਹੀਂ ਲਗ ਰਿਹਾ ਹੈ? ਸਾਡੇ ਵਿਰੋਧੀਆਂ ਨੂੰ ਸਾਡੀਆਂ ਇਨ੍ਹਾਂ ਕਮਜੋLਰੀਆਂ ਦਾ ਪੂਰਨ ਗਿਆਨ ਹੈ, ਇਸੇ ਕਰਕੇ ਉਨ੍ਹਾਂ ਸਮਿਆਂ ਦੇ ਸਰਕਾਰੀ ਤੰਤਰ ਨੇ ਸਿੱਖਾਂ ਵਿਚਲੇ ਅਜਿਹੇ ਗਰਮ-ਖਿਆਲੀ ਅਤੇ ਖਾੜਕੂ ਧੜਿਆਂ ਨੂੰ ਵਰਤ ਕੇ ਅਜਿਹੇ ਹਾਲਾਤ ਬਣਾਏ, ਜਿਸਦੇ ਨਤੀਜੇ ਵਜੋਂ ਕੌਮ ਨੂੰ 84 ਦੇ ਘੱਲੂਘਾਰਿਆਂ ਵਿਚੋਂ ਲੰਘਣਾ ਪਿਆ। ਹੁਣ ਸਵਾਲ ਇਹ ਹੈ ਕਿ ਕੀ ਅਸੀਂ ਕਦੇ ਇਹ ਸੋਚਣ ਲੱਗਾਂਗੇ ਕਿ ਜੂਨ 84 ਵਰਗੀ ਭਿਆਨਕ ਤਬਾਹੀ ਵਾਲ਼ੀ ਘਟਨਾ ਕਿਉਂ ਵਾਪਰੀ? ਸਾਨੂੰ ਪਿਛਲੇ 40 ਸਾਲ ਤੋਂ ਹਰ ਸਾਲ ਨਵੇਂ-ਨਵੇਂ ਸਨਸਨੀਖੇਜ਼ ਖੁਲਾਸਿਆਂ ਨਾਲ ਇਹ ਤਾਂ ਦੱਸਿਆ ਜਾਂਦਾ ਹੈ ਕਿ ਜੂਨ 1 ਤੋਂ 6 ਤੱਕ ਕੀ ਤੇ ਕਿਵੇਂ ਵਾਪਰਿਆ? ਪਰ ਅਜੇ ਤੱਕ ਕਿਸੇ ਵਿਦਵਾਨ, ਲੀਡਰ, ਪ੍ਰਚਾਰਕ, ਖਾੜਕੂ ਧਿਰ ਨੇ ਇਹ ਨਹੀਂ ਦੱਸਿਆ ਕਿ ਇਹ ਕਿਉਂ ਵਾਪਰਿਆ? ਕਿਤੇ ਇਹ ਧਿਰਾਂ ਦੱਸਣ ਤੋਂ ਇਸ ਕਰਕੇ ਇਨਕਾਰੀ ਤਾਂ ਨਹੀਂ ਕਿ ਸਾਡਾ 40 ਤੋਂ ਸਿਰਜਿਆ ਸਾਰਾ ਬਿਰਤਾਂਤ ਹੀ ਪੁੱਠਾ ਨਾ ਪੈ ਜਾਵੇ?
ਕੈਨੇਡਾ-ਅਮਰੀਕਾ ਵਿਚ ਸਾਡੇ ਦੇਖਦਿਆਂ ਪਿਛਲੇ 25-30 ਸਾਲਾਂ ਵਿਚ ਅਜਿਹੇ ਹਜ਼ਾਰਾਂ ਕੇਸ ਹੋਏ ਹਨ (ਕੈਨੇਡਾ-ਅਮਰੀਕਾ ਦੇ ਸਰਕਾਰੀ ਅੰਕੜਿਆਂ ਅਨੁਸਾਰ ਹਰ ਸਾਲ ਔਸਤਨ ਇੱਕ ਹਜ਼ਾਰ ਤੋਂ ਪੰਦਰਾਂ ਸੌ ਵਿਅਕਤੀ, ਪਬਲਿਕ ਵਿਚ ਕਿਸੇ ਵਾਰਦਾਤ ਮੌਕੇ ਪੁਲਿਸ ਸਾਹਮਣੇ ਹਥਿਆਰ ਨਾ ਸੁੱਟਣ ਕਰਕੇ ਪੁਲਿਸ ਗੋਲ਼ੀ ਦਾ ਸ਼ਿਕਾਰ ਹੁੰਦੇ ਹਨ), ਜਦੋਂ ਕਥਿਤ ਅਪਰਾਧੀ ਦੇ ਹੱਥ ਵਿਚ ਸਿਰਫ ਚਾਕੂ, ਬੇਸਬਾਲ, ਖਿਡਾਉਣਾ ਗੰਨ ਸੀ (ਅਸਲੀ ਗੰਨ ਜਾਂ ਪਿਸਤੌਲ ਵੀ ਨਹੀਂ ਸੀ) ਤਾਂ ਇੱਕ ਪੁਲਿਸ ਵਾਲ਼ਾ ਤਿੰਨ ਵਾਰ ਕਹਿੰਦਾ ਹੈ ਕਿ ‘ਡਰੌਪ ਦਾ ਵੈਪਨ’, ਜੇ ਤੀਜੀ ਵਾਰ ਕਹਿਣ ਤੋਂ ਬਾਅਦ ਵੀ ਹਥਿਆਰ ਸੁੱਟ ਕੇ, ਹੱਥ ਪਿੱਛੇ ਕਰਕੇ, ਹਮਲਾਵਰ ਵਿਅਕਤੀ ਜ਼ਮੀਨ ‘ਤੇ ਲੰਮਾ ਨਾ ਪਵੇ ਤਾਂ ਦੂਜਾ ਪੁਲਿਸ ਵਾਲਾ ਸਿੱਧਾ ਮੱਥੇ ਵਿਚ ਗੋਲੀ ਮਾਰਦਾ ਹੈ ਅਤੇ ਬੰਦਾ ਥਾਂਹੇ ਢੇਰ ਹੋ ਜਾਂਦਾ ਹੈ। ਕੀ 1982-84 ਤੱਕ ਹਰਿਮੰਦਰ ਸਾਹਿਬ ਅੰਦਰ ਚੱਲ ਰਹੇ ਧਰਮ ਯੁੱਧ ਮੋਰਚੇ ਦੌਰਾਨ ਪੰਜਾਬ ਅੰਦਰ ਸੈਂਕੜੇ ਬੰਦੇ ਕਤਲ ਨਹੀਂ ਹੋਏ, ਬੈਂਕਾਂ ਵਿਚ ਡਾਕੇ ਨਹੀਂ ਮਾਰੇ ਗਏ, ਫਿਰੌਤੀਆਂ ਨਹੀਂ ਲਈਆਂ ਗਈਆਂ, ਘੱਟੋ-ਘੱਟ ਦਰਜਨ ਤੋਂ ਵੱਧ ਬੰਦੇ ਕੰਪਲੈਕਸ ਦੇ ਅੰਦਰ ਕਤਲ ਨਹੀਂ ਹੋਏ। ਕੀ ਅਕਾਲ ਤਖਤ ਦੇ 80 ਸਾਲਾ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦਾ 10 ਮਈ, 1984 ਨੂੰ ਇਸ ਕਰਕੇ ਕਤਲ ਨਹੀਂ ਕੀਤਾ ਗਿਆ ਸੀ ਕਿ ਉਸਨੇ ਪ੍ਰੈਸ ਵਿਚ ਦਰਬਾਰ ਸਾਹਿਬ ਕੰਪਲੈਕਸ ਵਿਚ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਮੋਰਚਾਬੰਦੀ `ਤੇ ਮਾਮੂਲੀ ਜਿਹਾ ਕਿੰਤੂ-ਪ੍ਰੰਤੂ ਕਰ ਦਿੱਤਾ ਸੀ। ਜਦੋਂ ਕਿ ਉਸ ਵਕਤ ਅਕਾਲ ਤਖਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਡਰਦਿਆਂ ਡਰਦਿਆਂ ਦੱਬਵੀਂ ਜਿਹੀ ਆਵਾਜ਼ ਵਿਚ ਪਰਿਕਰਮਾ ਅੰਦਰ ਹਥਿਆਰ ਲੈ ਕੇ ਚੱਲਣ ਦੀ ਵਿਰੋਧਤਾ ਕਰਨ ਦੀ ‘ਹਿੰਮਤ’ ਕੀਤੀ ਸੀ ਤਾਂ ਉਸਦੀ ਪਿੱਠ ‘ਤੇ ਕੋਈ ਲੀਡਰਸ਼ਿਪ ਨਹੀਂ ਆਈ ਸੀ, ਫਿਰ ਕਿਵੇਂ ਉਸਨੂੰ ਆਪਣੇ ਬਿਆਨ ਤੋਂ ਪਿਛਾਂਹ ਹਟਣਾ ਪੈ ਗਿਆ ਸੀ। ਉਸਨੂੰ ਜੂਨ, 84 ਤੋਂ ਪਿੱਛੋਂ ਇਸਦੇ ਕਿਸ ਕਿਸਮ ਦੇ ਸਿੱਟੇ ਭੁਗਤਣੇ ਪਏ ਸਨ, ਸਭ ਨੂੰ ਪਤਾ ਹੀ ਹੈ। ਕੀ ਉਸ ਵਕਤ ਪਵਿੱਤਰ ਦਰਬਾਰ ਸਾਹਿਬ ਕੰਪਲੈਕਸ ਦੇ ਕਸਟੋਡੀਅਨ ਹੋਣ ਦੇ ਨਾਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ. ਪ੍ਰਕਾਸ਼ ਸਿੰਘ ਬਾਦਲ ਜਾਂ ਜਥੇਦਾਰ ਤਲਵੰਡੀ ਆਦਿ ਨੂੰ ਇਖਲਾਕੀ ਦਲੇਰੀ ਨਾਲ ਭੜਕੇ ਹੋਏ ਨੌਜਵਾਨਾਂ ਨੂੰ ਢੁਕਵੀਂ ਸੇਧ ਦੇਣ ਲਈ ਅੱਗੇ ਨਹੀਂ ਆਉਣਾ ਚਾਹੀਦਾ ਸੀ? ਕੀ ਅਕਾਲੀ ਲੀਡਰਸ਼ਿਪ ਨੂੰ ਦਿਸ ਨਹੀਂ ਸੀ ਰਿਹਾ ਕਿ ਹਾਲਾਤ ਕਿੱਧਰ ਨੂੰ ਜਾ ਰਹੇ ਸਨ? ਜੇ ਹਾਲਾਤ ਅਕਾਲੀ ਲੀਡਰਸ਼ਿਪ ਦੇ ਵੱਸੋਂ ਬਾਹਰ ਹੋ ਗਏ ਸਨ ਤਾਂ ਕੀ ਉਨ੍ਹਾਂ ਨੂੰ ਮੋਰਚਾ ਕੁਝ ਸਮੇਂ ਲਈ ਮੁਲਤਵੀ ਨਹੀਂ ਕਰ ਲੈਣਾ ਚਾਹੀਦਾ ਸੀ ਤਾਂ ਕਿ ਭਵਿੱਖ ਵਿਚ ਹੋਏ ਨੁਕਸਾਨ ਤੋਂ ਬਚਿਆ ਜਾ ਸਕਦਾ?
ਕੀ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਕਿਸੇ ਹੋਰ ਲੋਕਤੰਤਰੀ ਜਾਂ ਗੈਰ ਲੋਕਤੰਤਰੀ ਦੇਸ਼ ਦੀ ਕੋਈ ਸਰਕਾਰ ਕਿਸੇ ਧਾਰਮਿਕ ਅਸਥਾਨ ਨੂੰ ਢਾਲ ਬਣਾ ਕੇ ਨਾਗਰਿਕਾਂ ਦੇ ਹੋ ਰਹੇ ਕਤਲਾਂ ਨੂੰ ਬਰਦਾਸ਼ਤ ਕਰ ਸਕਦੀ ਹੈ? ਕੀ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਨਹੀਂ ਪਤਾ ਕਿ ਕਿਵੇਂ ਗੁਰਦੁਆਰਿਆਂ ਦੀ ਮਾਮੂਲੀ ਜਿਹੀ ਲੜਾਈ ਹੋਣ ‘ਤੇ ਪੁਲਿਸ ਦਗੜ-ਦਗੜ ਕਰਦੀ, ਗੰਦੇ ਬੂਟਾਂ ਸਮੇਤ, ਹਥਿਆਰਾਂ ਨਾਲ ਲੈਸ ਹੋ ਕੇ ਅਤੇ ਨੰਗੇ ਸਿਰ ਗੁਰਦੁਆਰਿਆਂ ਵਿਚ ਦਾਖਿਲ ਹੋ ਜਾਂਦੀ ਹੈ? ਕੀ ਸਾਡੇ ਲੀਡਰਾਂ ਨੇ ਵਿਦੇਸ਼ਾਂ ਵਿਚ ਇਹ ਮਸਲਾ ਕਦੇ ਉਠਾਇਆ ਕਿ ਗੁਰਦੁਆਰਿਆਂ ਵਿਚ ਪੁਲਿਸ ਨਹੀਂ ਵੜ ਸਕਦੀ? ਫਿਰ ਅਸੀਂ ਕਿਸ ਅਧਾਰ ‘ਤੇ ਸਿਰਫ ਭਾਰਤ ਵਿਚ ਇਹ ਚਾਹੁੰਦੇ ਹਾਂ ਕਿ ਕੁਝ ਵਿਅਕਤੀ ਸਾਡੇ ਮੁੱਖ ਧਾਰਮਿਕ ਅਸਥਾਨ ਵਿਚ ਹਥਿਆਰਾਂ ਦੇ ਜਖੀਰੇ ਜਮ੍ਹਾਂ ਕਰਦੇ ਰਹਿੰਦੇ, ਇਸ ਤਰ੍ਹਾਂ ਮੋਰਚਾਬੰਦੀ ਕਰ ਲੈਂਦੇ ਜਿਵੇਂ ਕਿਤੇ ਦੂਜੇ ਦੇਸ਼ ਨਾਲ ਜੰਗ ਲੜਨੀ ਹੋਵੇ, ਅੰਦਰ-ਬਾਹਰ ਸ਼ਰੇਆਮ ਕਤਲ ਹੋਈ ਜਾਂਦੇ ‘ਤੇ ਸਰਕਾਰ ਮੂਕ ਦਰਸ਼ਕ ਬਣ ਕੇ ਦੇਖਦੀ ਰਹਿੰਦੀ? ਕੀ ਸਾਨੂੰ ਉਹ ਇਤਿਹਾਸਕ ਘਟਨਾ ਯਾਦ ਨਹੀਂ, ਜਦੋਂ ਅਕਤੂਬਰ, 1979 ਵਿਚ 600 ਦੇ ਕਰੀਬ ਇਸਲਾਮਿਕ ਜਿਹਾਦੀਆਂ ਵਲੋਂ ਮੁਸਲਿਮ ਜਗਤ ਦੇ ਸਭ ਤੋਂ ਪਵਿੱਤਰ ਅਸਥਾਨ ਮੱਕੇ ‘ਤੇ ਇਹ ਕਹਿ ਕੇ ਕਬਜ਼ਾ ਕਰ ਲਿਆ ਸੀ ਕਿ ਸਾਉਦੀ ਅਰਬ ਦੀ ਸਰਕਾਰ ਕੁਰਪਟ ਹੈ ਅਤੇ ਅਸੀਂ ਇਸ ਅਸਥਾਨ ਨੂੰ ਮੁਹੰਮਦ ਸਾਹਿਬ ਦੀ ਅਸਲੀ ਵਿਚਾਰਧਾਰਾ ਅਨੁਸਾਰ ਚਲਾਵਾਂਗੇ। ਉਨ੍ਹਾਂ ਨੇ ਹਜ਼ਾਰਾਂ ਸ਼ਰਧਾਲੂਆਂ ਨੂੰ ਮੱਕੇ ਦੀ ਮੁੱਖ ਮਸਜਿਦ ਅੰਦਰ ਬੰਦੀ ਬਣਾ ਲਿਆ ਸੀ। ਉਸ ਵਕਤ ਸਾਉਦੀ ਅਰਬ ਦੀ ਮੁਸਲਿਮ ਸਰਕਾਰ ਲਈ ਕਾਰਵਾਈ ਕਰਨ ਵਾਸਤੇ ਧਰਮ ਸੰਕਟ ਖੜਾ ਹੋ ਗਿਆ ਸੀ ਕਿਉਂਕਿ ਮੁਸਲਿਮ ਰਵਾਇਤ ਅਨੁਸਾਰ ਮੱਕੇ ਦੀ ਪਵਿੱਤਰ ਮਸਜਿਦ, ਜਿੱਥੇ ਕੋਈ ਗੈਰ-ਮੁਸਲਿਮ ਦਾਖਿਲ ਨਹੀਂ ਹੋ ਸਕਦਾ, ਉਥੇ ਖੂਨ ਦਾ ਛਿੱਟਾ ਵੀ ਡਿਗਣਾ ਪਾਪ ਹੈ। ਉਸ ਵਕਤ ਸਾਉਦੀ ਸਰਕਾਰ ਨੇ ਮੱਕੇ ਦੇ ਮੁੱਖ ਧਾਰਮਿਕ ਆਗੂ ਸ਼ੇਖ ਅਬਦੁਲ-ਅਜੀਜ਼ ਇਬਨ ਬਾਜ਼ ਇਮਾਮ ਤੋਂ ਫਤਵਾ ਜਾਰੀ ਕਰਵਾਇਆ ਸੀ ਕਿ ਫਰਾਂਸ ਦੇ ਸਪੈਸ਼ਲ ਕਮਾਂਡੋ ਮੰਗਵਾ ਕੇ ਅੱਤਵਾਦੀਆਂ ਨੂੰ ਬਾਹਰ ਕੱਢਿਆ ਜਾਵੇ, ਉਸ ਲਈ ਬੇਸ਼ਕ ਮੱਕੇ ਅੰਦਰ ਖੂਨ ਵੀ ਡੋਲਣਾ ਪੈ ਜਾਵੇ। ਇਸ ਕਾਰਵਾਈ ਵਿਚ 800 ਦੇ ਕਰੀਬ ਲੋਕ ਮਾਰੇ ਗਏ ਸਨ। ਤਕਰੀਬਨ ਸਾਰੇ ਜਿਹਾਦੀ ਮਾਰ ਦਿੱਤੇ ਗਏ ਸਨ, ਜਿਹੜੇ ਫੜੇ ਗਏ ਸਨ, ਉਨ੍ਹਾਂ ਨੂੰ ਬਾਅਦ ਵਿਚ ਫਾਂਸੀ ਦਿੱਤੀ ਗਈ ਸੀ। ਇਹ ਸਾਰੀ ਕਾਰਵਾਈ ਮੁਸਲਮਾਨਾਂ ਖ਼ਿਲਾਫ, ਮੁਸਲਮਾਨ ਸਰਕਾਰਾਂ ਨੇ ਕੀਤੀ ਸੀ ਤਾਂ ਕਿ ਪਵਿੱਤਰ ਧਰਮ ਅਸਥਾਨ ਵਿਚੋਂ ਅਜਿਹੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ। ਇਸੇ ਤਰ੍ਹਾਂ ਦੀ ਇੱਕ ਹੋਰ ਕਾਰਵਾਈ ਪਾਕਿਸਤਾਨ ਵਿਚ ਰਾਸ਼ਟਰਪਤੀ ਮੁਸ਼ੱਰਫ ਵਲੋਂ ਕੀਤੀ ਸੀ, ਜਦੋਂ ਇਸਲਾਮਾਬਾਦ ਦੀ ਇੱਕ ਮਸ਼ਹੂਰ ‘ਲਾਲ ਮਸਜਿਦ’ ਅਤੇ ‘ਜਾਮੀਆ ਹਫਸਾ ਮਦਰੱਸੇ’ ‘ਤੇ ਇਸਲਾਮਕਿ ਅੱਤਵਾਦੀਆਂ ਨੇ ਕੱਟੜਵਾਦੀ ਲੀਡਰ ਮੁਹੰਮਦ ਅਬਦੁੱਲਾ ਗਾਜ਼ੀ ਦੇ ਦੋ ਪੁੱਤਰਾਂ ਅਬਦੁੱਲ ਅਜੀਜ਼ ਅਤੇ ਅਬਦੁੱਲ ਰਾਸ਼ੀਦ ਦੀ ਅਗਵਾਈ ਵਿਚ ਕਬਜ਼ਾ ਕਰਕੇ ਅੰਦਰੋਂ ਅੱਤਵਾਦੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਸਨ। ਸਰਕਾਰ ਵਲੋਂ ਕਾਫੀ ਸਮਾਂ ਉਨ੍ਹਾਂ ਨੂੰ ਕਿਹਾ ਜਾਂਦਾ ਰਿਹਾ ਕਿ ਉਹ ਬਾਹਰ ਨਿਕਲ ਜਾਣ, ਫਿਰ ਅਖੀਰ ਜੁਲਾਈ, 2007 ਵਿਚ ਫੌਜੀ ਕਾਰਵਾਈ ਹੋਈ, ਜਿਸ ਵਿਚ 91 ਜਿਹਾਦੀ ਅਤੇ 11 ਫੌਜੀ ਮਾਰੇ ਗਏ। ਇਸ ਤਰ੍ਹਾਂ ਦੀਆਂ ਦੁਨੀਆਂ ਵਿਚ ਹੋਰ ਵੀ ਅਨੇਕਾਂ ਘਟਨਾਵਾਂ ਇਤਹਿਾਸ ਵਿਚ ਮਿਲਦੀਆਂ ਹਨ, ਜਦੋਂ ਹਥਿਆਰਬੰਦ ਲੋਕ ਧਾਰਮਿਕ ਜਾਂ ਪਬਲਿਕ ਅਸਥਾਨਾਂ ਤੋਂ ਆਪਣੀਆਂ ਖਾੜਕੂ ਕਾਰਵਾਈਆਂ ਚਲਾਉਣ ਲਗਦੇ ਹਨ ਤਾਂ ਸਰਕਾਰਾਂ ਉਨ੍ਹਾਂ ਨੂੰ ਖਦੇੜਣ ਲਈ ਅਜਿਹੀਆਂ ਹੀ ਫੌਜੀ ਕਾਰਵਾਈਆਂ ਕਰਦੀਆਂ ਹਨ। ਪਰ ਸਿੱਖ ਲੀਡਰਸ਼ਿਪ ਤੇ ਵਿਦਵਾਨਾਂ ਨੇ ਇਸ ਕਿਸਮ ਦਾ ਸਾਹਸ ਨਾ ਦਿਖਾ ਕੇ, ਕੀ ਆਪਣੇ ਭਾਈਚਾਰੇ ਨੂੰ ਕਿਸੇ ਅੰਨ੍ਹੀ ਗੁਫਾ ਵਿਚ ਨਹੀਂ ਧੱਕ ਦਿੱਤਾ?
ਇੱਥੇ ਇਹ ਸਾਰਾ ਕੁਝ ਦੱਸਣ ਤੋਂ ਭਾਵ ਉਸ ਸਮੇਂ ਦੀ ਹਾਕਮ ਮੈਡਮ ਇੰਦਰਾ ਗਾਂਧੀ ਦੀ ਮੁਜਰਮਾਨਾ ਤੇ ਨਿੰਦਣਯੋਗ ਕਾਰਵਾਈ ਨੂੰ ਜਾਇਜ਼ ਠਹਿਰਾਉਣਾ ਨਹੀਂ ਹੈ। ਇਸ ਵਿਚ ਕੋਈ ਸ਼ੱਕ ਹੀ ਨਹੀਂ ਹੈ ਕਿ ਅਜਿਹੀ ਵੱਡੀ ਕਾਰਵਾਈ ਕਰਨ ਤੋਂ ਪਹਿਲਾਂ ਹੋਰ ਢੰਗ ਤਰੀਕੇ ਵੀ ਸੋਚੇ ਜਾ ਸਕਦੇ ਸਨ। ਪਰ ਕੀ ਇਸ ਗੱਲ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਅੰਦਰ ਬੈਠੇ ਗਰਮ ਖਿਆਲੀ ਧੜਿਆਂ ਤੇ ਖਾੜਕੂ ਗਰੁੱਪਾਂ ਵਲੋਂ ਲਗਾਤਾਰ ਭੜਕਾਊ ਕਾਰਵਾਈਆਂ ਕਰਕੇ ਅਜਿਹੀ ਸਖਤ ਕਾਰਵਾਈ ਲਈ ਜਾਣੇ-ਅਣਜਾਣੇ ਬਹਾਨਾ ਹੀ ਤਾਂ ਨਹੀਂ ਦਿੱਤਾ ਜਾ ਰਿਹਾ ਸੀ? ਜਿਸ ਤਰ੍ਹਾਂ ਸਿੱਖ ਵਿਦਵਾਨ ਸ. ਅਜਮੇਰ ਸਿੰਘ ਆਪਣੇ ਅਨੇਕਾਂ ਵੀਡੀਓ ਪ੍ਰਵਚਨਾਂ ਵਿਚ ਕਹਿੰਦੇ ਆ ਰਹੇ ਹਨ ਕਿ ਸੰਤਾਂ ਨੇ ਗੁਰੂ ਨਾਨਕ ਨਿਵਾਸ ਤੋਂ ਸ੍ਰੀ ਅਕਾਲ ਤਖਤ ਜਾਣ ਮੌਕੇ ਹੀ ਇਹ ਤੈਅ ਕਰ ਲਿਆ ਸੀ ਕਿ ਗੁਲਾਮੀ ਵਿਚ ਘੂਕ ਸੁੱਤੀ ਪਈ ਕੌਮ ਨੂੰ ਜਗਾਉਣ ਲਈ ਅਕਾਲ ਤਖਤ ਤੋਂ ਵਧੀਆ ਹੋਰ ਕੋਈ ਜਗ੍ਹਾ ਨਹੀਂ, ਜਿੱਥੇ ਸ਼ਹੀਦੀ ਪਾਈ ਜਾ ਸਕੇ। ਉਹ ਅੱਗੇ ਦੱਸਦੇ ਹਨ ਕਿ ਬਹੁਤ ਲੋਕ ਕਹਿੰਦੇ ਹਨ ਕਿ ਸੰਤ ਜੀ ਨੇ ਜੇ ਸ਼ਹੀਦੀ ਹੀ ਪਾਉਣੀ ਸੀ ਤਾਂ ਬਾਹਰ ਫੌਜ ਨਾਲ ਲੜ ਕੇ ਸ਼ਹੀਦੀ ਪਾ ਲੈਂਦੇ? ਪਰ ਅਜਮੇਰ ਸਿੰਘ ਅਨੁਸਾਰ ਸ਼ਹੀਦੀ ਤਾਂ ਮਹਿਤੇ ਚੌਕ ਵੀ ਪਾਈ ਜਾ ਸਕਦੀ ਸੀ, ਪਰ ਅਕਾਲ ਤਖਤ ਸਾਹਿਬ ‘ਤੇ ਸ਼ਹੀਦੀ ਪਾਉਣ ਨਾਲ ਹੀ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲ਼ੇ ਦਾ ਨਾਮ ਸ਼ਹੀਦ ਬਾਬਾ ਦੀਪ ਸਿੰਘ ਬਰਾਬਰ ਬਣਨਾ ਸੀ ਅਤੇ ਅਕਾਲ ਤਖਤ ਢੱਠਣ ਨਾਲ ਹੀ ਕੌਮ ਨੇ ਜਾਗਣਾ ਸੀ। ਜੇ ਅਜਮੇਰ ਸਿੰਘ ਦੀਆਂ ਇਹ ਗੱਲਾਂ ਸੱਚ ਹਨ ਤਾਂ ਕੀ ਸੰਤ ਭਿੰਡਰਾਂਵਾiਲ਼ਆਂ ਨੇ ਜਾਣ-ਬੁੱਝ ਕੇ ਅਜਿਹੇ ਹਾਲਾਤ ਬਣਾਏ ਤਾਂ ਕਿ ਫੌਜ ਹਰਮਿੰਦਰ ਸਾਹਿਬ ਅਤੇ ਅਕਾਲ ਤਖਤ ‘ਤੇ ਹਮਲਾ ਕਰੇ ਅਤੇ ਉਹ ਸ਼ਹੀਦੀਆਂ ਪਾਉਣ? ਫਿਰ ਕੀ ਸਾਨੂੰ ਇਹ ਕਹਿਣ ਦਾ ਕੋਈ ਨੈਤਿਕ ਹੱਕ ਹੈ ਕਿ ਸਰਕਾਰ ਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਲਈ ਫੌਜੀ ਹਮਲਾ ਕੀਤਾ ਸੀ? ਜਿਵੇਂ ਕਿ ਸਾਲ 2003 ਵਿਚ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ: ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ’ ਸਿਰਲੇਖ ਹੇਠ ਛਪੀ ਕਿਤਾਬ ਤੋਂ ਬਾਅਦ ਅਜਮੇਰ ਸਿੰਘ ਪਿਛਲ਼ੇ 20-22 ਵਰਿ੍ਹਆਂ ਤੋਂ ਲਗਾਤਾਰ ਸਿੱਖ ਨੌਜਵਾਨਾਂ ਨੂੰ ਭੜਕਾਉਣ ਲਈ ‘ਸਿੱਖ ਭਾਰਤ ਵਿਚ ਗੁਲਾਮ ਹਨ’ ਦੀ ਮੁਹਾਰਨੀ ਪੜ੍ਹੀ ਜਾ ਰਹੇ ਹਨ। ਜੇ ਅਜਮੇਰ ਸਿੰਘ ਹੋਰਾਂ ਦੀ ਗੱਲ ਮੰਨ ਲਈਏ ਕਿ ਸਿੱਖ ਭਾਰਤ ਵਿਚ ਗੁਲਾਮ ਹਨ, ਤਾਂ ਸਵਾਲ ਪੈਦਾ ਹੁੰਦਾ ਹੈ ਕਿ ਨਵੀਂ ਦਿਲੀ, ਮੁੰਬਈ, ਕਲਕੱਤਾ, ਕਾਨ੍ਹਪਰ, ਰਾਜਸਥਾਨ, ਯੁਪੀ ਦੇ ਤੈਰਾਈ ਖਿੱਤੇ ਵਿਚ ਬੜੇ ਰੋਹਬ-ਦਾਬ ਨਾਲ ਰਹਿ ਰਹੇ ਵੱਡੇ-ਵੱਡੇ ਲੈਂਡਲੌਰਡ ਸਿੱਖਾਂ ਨੂੰ ਕੀ ਕਹੋਗੇ? ਜੇ ਸਿੱਖ ਭਾਰਤ ਵਿਚ ਗੁਲਾਮ ਹਨ ਤਾਂ ਫਿਰ ਭਾਰਤ ਵਿਚ ਗਰੀਬੀ ਰੇਖਾ ਤੋਂ ਹੇਠਾਂ ਮੁਢਲੀਆਂ ਮਨੁੱਖੀ ਲੋੜਾਂ ਤੋਂ ਵਿਰਵੇ ਕਰੋੜਾਂ ਦਲਿਤਾਂ, ਆਦਿ-ਵਾਸੀਆਂ ਅਤੇ ਗਰੀਬਾਂ ਨੂੰ ਕੀ ਕਹੋਗੇ, ਜਿਨ੍ਹਾਂ ਰੋਟੀ, ਕੱਪੜਾ, ਮਕਾਨ ਵਰਗੀਆਂ ਵੀ ਸਹੂਲਤਾਂ ਨਹੀਂ ਹਨ। ਜੇ ਸਿੱਖ ਪੰਜਾਬ ਵਿਚ ਗੁਲਾਮ ਹਨ ਤਾਂ ਯੂਪੀ ਬਿਹਾਰ ਦੇ ਉਨ੍ਹਾਂ ਲੱਖਾਂ ਹਿੰਦੂ ਪ੍ਰਵਾਸੀ ਮਜ਼ਦੂਰਾਂ (ਭਈਆਂ) ਨੂੰ ਕੀ ਕਹੋਗੇ, ਜੋ ਦੋ ਵਕਤ ਦੀ ਰੋਟੀ ਲਈ ਸਿੱਖ ਸਰਦਾਰਾਂ ਦੇ ਖੇਤਾਂ ਵਿਚ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਦੀਆਂ ਔਰਤਾਂ ਤੇ ਨਾਬਾਲਗ ਬੱਚੇ, ਘਰਾਂ ਵਿਚ ਸਾਫ-ਸਫਾਈ ਆਦਿ ਦੇ ਛੋਟੇ-ਮੋਟੇ ਕੰਮ ਕਰਦੇ ਹਨ?
ਪਰ ਲਗਦੈ, ਜਿਵੇਂ ਸਾਡੀਆਂ ਨਰਮ ਅਤੇ ਗਰਮ ਖਿਆਲੀ ਧਿਰਾਂ ਨੇ ਪਿਛਲੀਆਂ ਗਲਤੀਆਂ ਤੋਂ ਸਬਕ ਨਾ ਸਿੱਖਣ ਦੀ ਕਸਮ ਹੀ ਖਾਧੀ ਹੋਈ ਹੈ। ਚਾਹੀਦਾ ਤਾਂ ਇਹ ਸੀ ਕਿ ਜੂਨ, 84 ਦੀ 40ਵੀਂ ਬਰਸੀ ਮੌਕੇ ਸਾਰੀਆਂ ਧਿਰਾਂ ਸਿਰ ਜੋੜ ਕੇ ਬੈਠਦੀਆਂ ਤੇ ਗੰਭੀਰ ਚਿੰਤਨ ਕਰਦੀਆਂ ਕਿ ਸਾਡੀ ਕੌਮ ਨਾਲ ਜੂਨ, 84 ਜਾਂ ਨਵੰਬਰ, 84 ਵਰਗੇ ਕੁਲਹਿਣੇ ਭਾਣੇ ਕਿਉਂ ਵਾਪਰੇ? ਸਾਡੇ ਵਿਦਵਾਨ ਰਲ-ਮਿਲ ਕੇ ਵਿਚਾਰਾਂ ਕਰਦੇ ਕਿ 1947 ਤੋਂ ਬਾਅਦ ਕੌਮ ਵਲੋਂ ਲਗਾਏ ਗਏ, ਅਨੇਕਾਂ ਮੋਰਚਿਆਂ-ਸੰਘਰਸ਼ਾਂ ਵਿਚ ਬੇਹੱਦ ਕੁਰਬਾਨੀਆਂ ਕਰਨ ਤੋਂ ਬਾਅਦ ਵੀ ਅਸੀਂ ਕੋਈ ਮਾਣਯੋਗ ਪ੍ਰਾਪਤੀ ਕਿਉਂ ਨਹੀਂ ਕਰ ਸਕੇ? ਅਸੀਂ ਪਿਛਲੇ 75 ਸਾਲ ਤੋਂ ਇਹ ਦਾਅਵਾ ਲਗਾਤਾਰ ਦੁਹਰਾਉਂਦੇ ਆ ਰਹੇ ਹਾਂ ਕਿ ਸਿੱਖਾਂ ਨੇ ਭਾਰਤ ਨੂੰ ਅਜ਼ਾਦ ਕਰਾਉਣ ਲਈ 80% ਤੋਂ ਵੱਧ ਕੁਰਬਾਨੀਆਂ ਕੀਤੀਆਂ, ਫਿਰ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਪਰ ਸਾਡੀ ਲੀਡਰਸ਼ਿਪ ਨੇ ਆਪਣਾ ਕਦੇ ਰੀਵੀਊ ਨਹੀਂ ਕੀਤਾ ਕਿ ਕਿਤੇ ਇਸ ਸਾਰੇ ਵਰਤਾਰੇ ਵਿਚ ਮਾੜਾ-ਮੋਟਾ ਦੋਸ਼ ਸਾਡੇ ਵਿਚ ਵੀ ‘ਤੇ ਨਹੀਂ? ਹੁਣ ਇਸਦੀ ਤਾਜ਼ਾ ਮਿਸਾਲ ਇਥੋਂ ਮਿਲਦੀ ਹੈ ਕਿ ਸਾਡੇ ਤਖਤਾਂ ਦੇ ਪੰਜ ਸਿੰਘ ਸਹਿਬਾਨਾਂ ਵਲੋਂ 18 ਮਈ, 2024 ਨੂੰ ‘ਸਿੱਖ ਕੌਮ ਦੇ ਨਾਮ ਇੱਕ ਸੰਦੇਸ਼’ ਜਾਰੀ ਕੀਤਾ ਹੈ। ਜਿਸ ਵਿਚ ਕੌਮ ਨੂੰ ਬੈਠ ਕੇ ਆਪਣੀਆਂ ਸਮੱਸਿਆਵਾਂ ‘ਤੇ ਵਿਚਾਰ ਕਰਨ ਜਾਂ ਜੂਨ, 84 ਵਰਗੇ ਵੱਡੇ ਦੁਖਦਾਈ ਕਾਂਡਾਂ ਦਾ ਰਿਵੀਊ, ਕਰਨ ਦੀ ਅਪੀਲ ਦੀ ਥਾਂ ਇਹ ਕਿਹਾ ਗਿਆ ਹੈ ਕਿ ਇੱਕ ਹਫਤਾ ਕਾਲ਼ੀਆਂ ਪੱਗਾਂ ਬੰਨ੍ਹੋ, ਕਾਲੀਆਂ ਚੁੰਨ੍ਹੀਆਂ ਲਵੋ ਤਾਂ ਕਿ ਦੁਨੀਆਂ ਨੂੰ ਦੱਸਿਆ ਜਾ ਸਕੇ ਕਿ ਸ਼ਾਂਤਮਈ ਕੀਰਤਨ ਸੁਣ ਰਹੀਆਂ ਸੰਗਤਾਂ ‘ਤੇ ਭਾਰਤੀ ਫੌਜਾਂ ਨੇ ਟੈਂਕਾਂ-ਤੋਪਾਂ ਨਾਲ ਹਮਲਾ ਕਰਕੇ ਹਜਾਰਾਂ ਬੇਗੁਨਾਹ ਸਿੱਖ ਕਤਲ ਕਰ ਦਿੱਤੇ। ਅਜਿਹੀਆਂ ਸਟੇਟਮੈਂਟਾਂ ਸਾਡੀ ਧਾਰਮਿਕ ਤੇ ਰਾਜਸੀ ਲੀਡਰਸ਼ਿਪ ਪਿਛਲੇ 40 ਸਾਲ ਤੋਂ ਦੇ ਰਹੀ ਹੈ, ਕੀ ਉਸਦਾ ਕੌਮ ਨੂੰ ਕੋਈ ਲਾਭ ਹੋਇਆ ਜਾਂ ਹੋਰ ਨੁਕਸਾਨ ਹੋਇਆ, ਕੀ ਇਸ ਬਾਰੇ ਕਦੇ ਅਸੀਂ ਗੰਭੀਰ ਹੋਵਾਂਗੇ? ਬੜੀ ਹੈਰਾਨੀ ਹੋ ਰਹੀ ਹੈ ਕਿ ਅਜਿਹੇ ਸੰਵੇਦਨਸ਼ੀਲ ਮੁੱਦੇ ‘ਤੇ ਗੰਭੀਰ ਚਰਚਾ ਕਰਕੇ ਕੌਮ ਨੂੰ ਭਵਿੱਖ ਲਈ ਕੋਈ ਪ੍ਰੋਗਰਾਮ ਦੇਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਹੋਰ ਪੰਥਕ ਦਲ, ਭਾਰਤ ਵਿਚ ਚੱਲ ਰਹੀਆਂ ਪਾਰਲੀਮਾਨੀ ਵੋਟਾਂ ਵਿਚ ਇਸ ਦੁਖਾਦਾਈ ਘਟਨਾ ਤੋਂ ਸਿਆਸੀ ਲਾਹਾ ਲੈਣ ਲਈ ਵਰਤ ਰਹੇ ਹਨ।
ਕੀ ਅਜਿਹੀ ਬਲੇਮ ਗੇਮ ਅਸੀਂ ਅਨੰਤ ਕਾਲ ਤੱਕ ਖੇਡੀ ਜਾਣੀ ਹੈ? ਕੀ ਅਸੀਂ ਕਦੇ ਆਪਣੀ ਨੌਜਵਾਨ ਪੀੜ੍ਹੀ ਅੱਗੇ 21ਵੀਂ ਸਦੀ ਦੀਆਂ ਗੁੰਝਲਦਾਰ ਚੁਨੌਤੀਆਂ ਦਾ ਸਾਹਮਣਾ ਕਰਨ ਬਾਰੇ ਕੋਈ ਪ੍ਰੋਗਰਾਮ ਪੇਸ਼ ਕਰਾਂਗੇ? ਅਸੀਂ ਕਦੋਂ ਇਨ੍ਹਾਂ ਧਿਰਾਂ ਨੂੰ ਸਵਾਲ ਕਰਾਂਗੇ ਕਿ ਅਕਾਲੀਆਂ ਦੇ ‘ਸ਼ਾਂਤਮਈ ਧਰਮ ਯੁੱਧ ਮੋਰਚੇ’ ਵਿਚ ਹਿੰਸਾ ਤੇ ਕਤਲੋ-ਗਾਰਤ ਕਿਸਦੇ ਇਸ਼ਾਰੇ ‘ਤੇ ਵਾੜੀ ਗਈ? ਜਦੋਂ ਹਰਿਮੰਦਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਸਰਕਾਰੀ ਫੋਰਸਾਂ ਨੇ ਘੇਰਾ ਪਾਇਆ ਹੋਇਆ ਸੀ ਤਾਂ ਕੰਪਲੈਕਸ ਅੰਦਰ ਕਿਸਦੀ ਮੱਦਦ ਨਾਲ ਮਿਲਟਰੀ ਦੀਆਂ ਤੋਪਾਂ ਉਡਾਉਣ ਵਾਲ਼ੇ ਮਾਰੂ ਹਥਿਆਰ ਪਹੁੰਚੇ? ਸ਼ਾਂਤਮਈ ਮੋਰਚੇ ਵਿਚ ਅਜਿਹੇ ਮੋਰਚੇ ਕਿਉਂ ਬਣਾਏ ਗਏ, ਜਿਵੇਂ ਕਿ ਕਿਸੇ ਦੇਸ਼ ਦੀ ਫੌਜ ਨਾਲ ਜੰਗ ਲੜਨੀ ਹੋਵੇ? ਜੇ ਮੋਰਚੇ ਬਣਾਉਣ ਅਤੇ ਹਥਿਆਰ ਜਮ੍ਹਾਂ ਕਰਨ ਵਾiਲ਼ਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤੀ ਫੌਜ ਹਮਲਾ ਕਰੇਗੀ ਤਾਂ ਫਿਰ ਇਹ ਗੱਲ ਆਮ ਸੰਗਤ ਨੂੰ ਕਿਉਂ ਨਹੀ ਦੱਸੀ ਗਈ ਤਾਂ ਕਿ ਉਹ ਆਪਣੀਆਂ ਜਾਨਾਂ ਬਚਾ ਸਕਦੇ? ਜੇ ਅੰਦਰ ਬੈਠੇ ਖਾੜਕੂਆਂ ਨੂੰ ਪਤਾ ਸੀ ਕਿ ਭਾਰਤੀ ਫੌਜ ਹਮਲਾ ਕਰੇਗੀ ਤਾਂ ਉਹ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਨੂੰ ਬਚਾਉਣ ਲਈ ਬਾਹਰ ਕਿਉਂ ਨਹੀਂ ਚਲੇ ਗਏ ਤਾਂ ਕਿ ਉਥੇ ਹੋਈ ਤਬਾਹੀ ਬਚ ਜਾਂਦੀ? ਕੀ ਉਹ ਭਾਰਤੀ ਫੌਜ ਨੂੰ ਬਾਹਰ ਜਾ ਕੇ ਚੈਲਿੰਜ ਨਹੀਂ ਕਰ ਸਕਦੇ ਸਨ ਤਾਂ ਕਿ ਆਪਣੀ ਬਹਾਦਰੀ ਦਿਖਾ ਸਕਦੇ। ਜੇ ਦਰਬਾਰ ਸਾਹਿਬ ਅੰਦਰ ਬੈਠੇ ਕਈ ਪ੍ਰਮੁੱਖ ਖਾੜਕੂ 1 ਤੋਂ 3 ਜੂਨ ਤੱਕ ਆਪਣੇ ਪਰਿਵਾਰਾਂ ਨੂੰ ਬਾਹਰ ਕੱਢ ਸਕਦੇ ਸਨ ਤਾਂ ਇਸ ਮੌਕੇ ਆਮ ਸ਼ਰਧਾਲੂਆਂ ਨੂੰ ਬਾਹਰ ਜਾਣ ਲਈ ਸਲਾਹ ਕਿਉਂ ਨਾ ਦਿੱਤੀ ਗਈ?
ਪ੍ਰੋ ਹਰਿੰਦਰ ਸਿੰਘ ਮਹਿਬੂਬ, ‘ਭਾਅ ਜੀ’ ਦਲਬੀਰ ਸਿੰਘ ਪੱਤਰਕਾਰ, ਸਿ. ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਪੱਤਰਕਾਰ ਕਰਮਜੀਤ ਸਿੰਘ ਅਤੇ ਖਾਸਕਰ ਸ. ਅਜਮੇਰ ਸਿੰਘ ਵਰਗੇ ਕਿਤਨੇ ਹੀ ਹੋਰ ਅਹਿਮ ਸਿੱਖ ਚਿੰਤਕ ਅਜਿਹਾ ਰਾਗ ਲਗਾਤਾਰ ਅਲਾਪੀ ਜਾ ਰਹੇ ਹਨ ਕਿ ਬ੍ਰਾਹਮਣਵਾਦੀ ਸਰਕਾਰ ਨੇ ਫੌਜ ਭੇਜ ਕੇ ਸਿੱਖ ਕੌਮ ਨਾਲ ਪੰਜ ਸਦੀਆਂ ਦਾ ਵੈਰ ਪੁਗਾਇਆ ਸੀ? ਆਪਣੀ 1 ਜੂਨ, 2024 ਨੂੰ ਜਾਰੀ ਤਾਜ਼ਾ ਵੀਡੀਓ ਵਿਚ ਅਜਮੇਰ ਸਿੰਘ ਜੀ ਨੇ ਜੂਨ, 84 ਦੀ ਘਟਨਾ ਨੂੰ 18ਵੀਂ ਸਦੀ ਵਿਚ ਮੁਗਲਾਂ ਜਾਂ ਪਠਾਣਾਂ ਵਲੋਂ ਹਰਿਮੰਦਰ ਸਾਹਿਬ ‘ਤੇ ਕੀਤੇ ਹਮਲਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਪਤਾ ਨਹੀਂ ਸਾਡੇ ਇਹ ਮਹਾਨ ਇਤਿਹਾਸਕਾਰ ਕਿਵੇਂ ‘ਕਹਾਂ ਕੀ ਈਟ, ਕਹਾਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ’ ਦੀ ਕਹਾਵਤ ਵਾਂਗ ਐਧਰ-ਓਧਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਚੁੱਕ ਕੇ ਕਿਵੇਂ 2 ਜਮ੍ਹਾਂ 2 ਚਾਰ ਕਰ ਲੈਂਦੇ ਹਨ? 18ਵੀਂ ਸਦੀ ਦੇ ਵਿਦੇਸ਼ੀ ਧਾੜਵੀਆਂ ਮੱਸਾ ਰੰਗੜ, ਜ਼ਕਰੀਆ ਖਾਨ, ਮੀਰ ਮਨੂੰ, ਅਬਦਾਲੀ ਆਦਿ ਨੂੰ 20ਵੀਂ ਸਦੀ ਦੇ ਲੋਕਤੰਤਰੀ ਸਿਸਟਮ ਨਾਲ ਜੋੜਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਾਡੇ ਵਿਦਵਾਨਾਂ ਦੀ ਸੋਚ ਕਿੱਥੇ ਖੜੀ ਹੈ? ਸਵਾਲ ਪੈਦਾ ਹੁੰਦਾ ਹੈ ਕਿ ਕੀ 18ਵੀਂ ਸਦੀ ਦੇ ਮੁਗਲ ਜਾਂ ਪਠਾਣ ਹਮਲਾਵਰ ਹਰਿਮੰਦਰ ਸਾਹਿਬ ‘ਤੇ ਹਮਲੇ ਇਸ ਕਰਕੇ ਕਰਦੇ ਸਨ ਕਿ ਉਥੇ ਖਾਲਸਾ ਫੌਜਾਂ ਨੇ ਦਰਬਾਰ ਸਾਹਿਬ ਕੰਪਲੈਕਸ ਵਿਚ ਕਿਲ੍ਹੇ ਲਏ ਸਨ ਤੇ ਉਥੇ ਸਿੱਖ ਯੋਧੇ ਛੁਪੇ ਹੋਏ ਸਨ ਜਾਂ ਇਸ ਕਰਕੇ ਕਰਦੇ ਸਨ ਕਿ ਉਨ੍ਹਾਂ ਨੂੰ ਲਗਦਾ ਸੀ ਕਿ ਖਾਲਸਾ ਫੌਜਾਂ ਨੂੰ ਲੜਨ ਲਈ ਸਪਿਰਟ ਹਰਿਮੰਦਰ ਸਾਹਿਬ ਤੋਂ ਮਿਲਦੀ ਹੈ? ਪਤਾ ਨਹੀਂ ਕਿਸ ਅਧਾਰ ‘ਤੇ ਅਜਮੇਰ ਸਿੰਘ ਵਰਗੇ ਸੂਝਵਾਨ ਚਿੰਤਕ ਇਤਿਹਾਸਕ ਘਟਨਾਵਾਂ ਦਾ ਜੋੜ ਘਟਾਓ ਕਰਦੇ ਹਨ? ਜਦੋਂ ਵੀ 18ਵੀਂ ਸਦੀ ਵਿਚ ਖਾਲਸਾ ਫੌਜਾਂ ਨੇ ਅਬਦਾਲੀ ਜਾਂ ਹੋਰ ਧਾੜਵੀਆਂ ਨਾਲ ਲੜਾਈ ਕੀਤੀ ਤਾਂ ਖਾਲਸਾ ਫੌਜਾਂ ਬਾਹਰੋਂ ਉਨ੍ਹਾਂ ਨਾਲ ਲੜਨ ਆਉਂਦੇ ਸਨ, ਨਾ ਕਿ ਅੰਦਰ ਬੈਠ ਕੇ ਲੜਦੇ ਸਨ। ਕੀ ਜੂਨ, 84 ਵਿਚ ਸਭ ਕੁਝ ਇਸ ਤੋਂ ਉਲਟ ਨਹੀਂ ਸੀ? ਮੱਸੇ ਰੰਗੜ ਨੇ ਦਰਬਾਰ ਸਾਹਿਬ ‘ਤੇ ਕਬਜਾ ਕਰਕੇ ਕੰਜਰੀਆਂ ਦੇ ਨਾਚ ਕਰਾਉਣੇ ਸ਼ੁਰੂ ਕਰ ਦਿੱਤੇ ਸਨ ਤਾਂ ਸੁੱਖਾ ਸਿੰਘ, ਮਹਿਤਾਬ ਸਿੰਘ ਉਸਦਾ ਕਬਜਾ ਛੁਡਾਉਣ ਲਈ ਬੀਕਾਨੇਰ ਦੇ ਜੰਗਲਾਂ ‘ਚੋਂ ਆਏ ਸਨ। ਬੇਸ਼ੱਕ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੀਆਂ ਸਾਰੀਆਂ ਲੜਾਈਆਂ ਆਤਮ ਰੱਖਿਆ ਲਈ ਲੜੀਆਂ ਅਤੇ ਆਪ ਕਿਸੇ ‘ਤੇ ਹਮਲਾ ਨਹੀਂ ਕੀਤਾ ਸੀ, ਪਰ ਫਿਰ ਵੀ ਕੀ ਕਦੇ ਗੁਰੂ ਸਾਹਿਬਾਨ ਨੇ ਕਦੇ ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਅਸਥਾਨ ਨੂੰ ਆਪਣੀ ਰੱਖਿਆ ਲਈ ਢਾਲ ਵਜੋਂ ਵਰਤਿਆ? ਜੇ 18ਵੀਂ ਸਦੀ ਵਿਚ ਸਿੱਖ ਮਿਸਲਾਂ ਦੇ ਦੌਰ ਵਿਚ ਸ. ਜੱਸਾ ਸਿੰਘ ਆਹਲੂਵਾਲੀਆ, ਸ. ਜੱਸਾ ਸਿੰਘ ਰਾਮਗੜੀਆ, ਨਵਾਬ ਕਪੂਰ ਸਿੰਘ ਆਦਿ ਸਿੱਖ ਸਰਦਾਰਾਂ ਨੇ ਹਰਿਮੰਦਰ ਸਾਹਿਬ ਦੇ ਦੁਆਲ਼ੇ ਕਿਲੇ ਬਣਾ ਕੇ ਮੋਰਚਾਬੰਦੀ ਕੀਤੀ, ਤਾਂ ਉਹ ਇਸਨੂੰ ਆਪਣੇ ਬਚਾਅ ਲਈ ਢਾਲ ਵਜੋਂ ਵਰਤਣ ਲਈ ਨਹੀਂ, ਸਗੋਂ ਇਸਦੀ ਰੱਖਿਆ ਲਈ ਬਣਾਏ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਕੱਚੀ ਗੜ੍ਹੀ ਵਿਚ ਤਾਂ ਪਨਾਹ ਜਰੂਰ ਲਈ, ਪਰ ਕਿਸੇ ਧਾਰਮਿਕ ਅਸਥਾਨ ਨੂੰ ਆਪਣੀ ਸੁਰੱਖਿਆ ਲਈ ਨਹੀਂ ਵਰਤਿਆ। ਸ. ਅਜਮੇਰ ਸਿੰਘ ਸਾਕਾ ਨੀਲਾ ਤਾਰਾ ਦੀ 40ਵੀਂ ਬਰਸੀ ਤੋਂ ਇੱਕ ਦਿਨ ਪਹਿਲਾਂ 31 ਮਈ, 2024 ਨੂੰ ‘ਜੂਨ 84 ਨੂੰ ਹੋਇਆ ਹਮਲਾ, ਪਹਿਲਿਆਂ ਨਾਲੋਂ ਕਿਵੇਂ ਵੱਖਰਾ ਸੀ’ ਸਿਰਲੇਖ ਹੇਠਲੀ ਵੀਡੀਓ ਵਿਚ ਸਿੱਖਾਂ ਨੂੰ ਮੇਹਣਾ ਮਾਰਦੇ ਹਨ ਕਿ 18ਵੀਂ ਸਦੀ ਵਿਚ ਸਿੱਖ, ਹਮਲਾਵਰਾਂ ਖਿਲਾਫ ਇੱਕਜੁੱਟ ਹੋ ਕੇ ਲੜਦੇ ਸਨ, ਪਰ 1984 ਦੇ ਹਮਲੇ ਵੇਲੇ ਬਹੁ-ਗਿਣਤੀ ਸਿੱਖ, ਉਸ ਢੰਗ ਨਾਲ ਭਾਰਤੀ ਫੌਜ ਵਿਰੁੱਧ ਨਹੀਂ ਉਠੇ, ਜਿਸ ਤਰ੍ਹਾਂ ਅਬਦਾਲੀ ਵਿਰੁੱਧ ਉਠਦੇ ਸਨ ਕਿਉਂਕਿ ਸਿੱਖ 1849 ਤੋਂ ਹੀ ਗੁਲਾਮ ਮਾਨਸਿਕਤਾ ਦਾ ਸ਼ਿਕਾਰ ਚਲੇ ਆਉਂਦੇ ਸਨ। ਪਰ 1947 ਤੋਂ ਬਾਅਦ ਬਹੁ-ਗਿਣਤੀ ਸਿੱਖਾਂ ਨੇ ਭਾਰਤ ਦੀ ਹਿੰਦੂਵਾਦੀ ਸਰਕਾਰ ਦੀ ਸਰੀਰਕ ਤੇ ਮਾਨਸਿਕ ਗੁਲਾਮੀ ਪੂਰੀ ਤਰ੍ਹਾਂ ਕਬੂਲ ਲਈ ਸੀ ਅਤੇ ਅਜਿਹੇ ਗੁਲਾਮ ਸਿੱਖਾਂ ਦੀ ਗਿਣਤੀ ਪਿਛਲੇ 40 ਸਾਲਾਂ ਵਿਚ ਵਧੀ ਹੈ, ਘਟੀ ਨਹੀਂ? ਕੀ ਭਾਈ ਅਜਮੇਰ ਸਿੰਘ ਹੋਰਾਂ ਨੂੰ ਬਹੁ-ਗਿਣਤੀ ਸਿੱਖਾਂ ਨੂੰ ਗੁਲਾਮ ਕਹਿਣ ਤੋਂ ਪਹਿਲਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਤੇ ਕੋਈ ਕਮੀ ਉਨ੍ਹਾਂ ਦੀ ਧਿਰ ਵਿਚ ‘ਤੇ ਨਹੀਂ? ਜਿਸਨੇ 18ਵੀਂ ਸਦੀ ਦੇ ਜੰਗੀ ਫੈਸਲਿਆਂ ਦੇ ਵੀ ਉਲਟ, ਆਮ ਹਾਲਾਤਾਂ ਵਿਚ ਹੀ ਅਕਾਲ ਤਖਤ ਨੂੰ ਆਪਣੇ ਬਚਾਅ ਲਈ ਢਾਲ ਬਣਾ ਲਿਆ ਸੀ ਅਤੇ ਅੰਦਰੋਂ ਅਜਿਹੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆ ਸਨ, ਜਿਨ੍ਹਾਂ ਨੂੰ ਬਹੁ-ਗਿਣਤੀ ਸਿੱਖ ਪਸੰਦ ਨਹੀਂ ਕਰਦੇ ਸਨ।
ਬੇਸ਼ਕ ਸਾਡਾ ਮਕਸਦ ਕਿਸੇ ਧਿਰ ਨੂੰ ਦੋਸ਼ੀ ਠਹਿਰਾਉਣਾ ਜਾਂ ਬਰੀ ਕਰਨਾ ਨਹੀਂ, ਇਹ ਫੈਸਲਾ ਤਾਂ ਸਿੱਖ ਕੌਮ ਨੇ ਕਰਨਾ ਹੈ। ਪਰ ਸਾਡਾ ਸਿੱਖ ਵਿਦਵਾਨਾਂ ਨੂੰ ਵਾਰ-ਵਾਰ ਸਵਾਲ ਹੈ ਕਿ ਉਹ ਕੌਮ ਨੂੰ ਦੱਸਣ ਕਿ ਜੇ ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ਜਾਂ ਅਕਾਲ ਤਖਤ ਨੂੰ ਢਾਹ ਕੇ 5 ਸਦੀਆਂ ਦਾ ਬ੍ਰਾਹਮਣਵਾਦੀ ਵੈਰ ਹੀ ਪੁਗਾਉਣਾ ਸੀ ਤਾਂ ਕੀ ਉਹ ਮਿਲਟਰੀ ਜਹਾਜ ਨਾਲ 2-4 ਮਿਜ਼ਾਈਲਾਂ ਸੁੱਟ ਕੇ ਤਬਾਹ ਨਹੀਂ ਕਰ ਸਕਦੇ ਸਨ? ਫਿਰ ਉਨ੍ਹਾਂ ਨੂੰ ਤੁਹਾਡੇ ਕਹਿਣ ਮੁਤਾਬਿਕ 10 ਹਜਾਰ ਫੌਜੀ ਮਰਵਾਉਣ ਦੀ ਕੀ ਲੋੜ ਸੀ? ਇਸ ਸਬੰਧੀ ਸਾਬਕਾ ਰਾਅ ਅਫਸਰ ਜੀ ਬੀ ਐਸ ਸਿੱਧੂ ਆਪਣੀ ਕਿਤਾਬ ‘ਖਾਲਿਸਤਾਨ ਦੀ ਸਾਜ਼ਿਸ਼’ ਦੇ ਚੈਪਟਰ ‘ਹੈਲੀਬੋਰਨ ਕਮਾਂਡੋ ਓਪਰੇਸ਼ਨ ਦੀ ਯੋਜਨਾ ਨੂੰ ਨਾ-ਮਨਜੂਰੀ’ ਵਿਚ ਲਿਖਦੇ ਹਨ ਕਿ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਪੰਜਾਬ ਵਿਚ ਵਧਦੀ ਹਿੰਸਾ ਦੇ ਮੱਦੇ-ਨਜ਼ਰ ਸਰਕਾਰ ਨੂੰ ਨਵੰਬਰ, 1983 ਵਿਚ ਸਲਾਹ ਦਿੱਤੀ ਸੀ ਕਿ ਦਰਬਾਰ ਸਾਹਿਬ ਅੰਦਰ ਪੁਲਿਸ ਜਾਂ ਫੌਜ ਭੇਜਣ ਦੀ ਥਾਂ ਸੰਤ ਭਿੰਡਰਾਂਵਾiਲ਼ਆਂ ਨੂੰ ਛੱਤ ਉਪਰ ਲੈਕਚਰ ਕਰਦਿਆਂ ‘ਹੈਲੀਬੋਰਨ ਕਮਾਂਡੋ’ ਆਪਣੇ ‘ਓਪਰੇਸ਼ਨ ਸੰਨਡਾਊਨ’ (ਭਾਵ ਝਪਟਣਾ ਅਤੇ ਫੜਨਾ) ਰਾਹੀਂ ਚੁੱਕ ਲਿਆਉਣਗੇ ਤਾਂ ਮੈਡਮ ਇੰਦਰਾ ਨੇ ਮਨਜੂਰੀ ਨਹੀਂ ਦਿੱਤੀ ਸੀ। ਜੇ ਜੀ ਬੀ ਸਿੱਧੂ ਦੀ ਇਸੇ ਕਿਤਾਬ ਦੇ ਪੰਨਾ 149 ਤੋਂ 152 ਦੇ ਚੈਪਟਰ ‘ਇੰਦਰਾ ਗਾਂਧੀ ਨੂੰ ਜਾਣਕਾਰੀ ਦੇਣਾ’ ਅਨੁਸਾਰ ਜਦੋਂ ਅਪਰੈਲ, 1984 ਵਿਚ ਇੱਕ ਵਾਰ ਫਿਰ ਰਾਅ ਦੇ ਚੀਫ ਆਰ ਐਨ ਕਾਓ ਤੇ ਸੀਨੀਅਰ ਅਫਸਰਾਂ ਨਾਲ ‘ਹੈਲੀਬੋਰਨ ਕਮਾਂਡੋ ਓਪਰੇਸ਼ਨ’ ਬਾਰੇ ਦੁਬਾਰਾ ਗੱਲ ਹੋਈ ਤਾਂ ਮੈਡਮ ਗਾਂਧੀ ਨੂੰ ਇਹ ਦੱਸਣ ‘ਤੇ ਕਿ ਇਸ ਓਪਰੇਸ਼ਨ ਵਿਚ 20 ਕਮਾਂਡੋ ਅਤੇ ਜਿੱਥੋਂ ਕਾਰਵਾਈ ਕਰਕੇ ਸੰਤ ਭਿੰਡਰਾਂਵਾiਲ਼ਆਂ ਨੂੰ ਚੁੱਕਿਆ ਜਾਣਾ ਸੀ, ਉਥੇ ਬੈਠੀ ਸੰਗਤ ਵਿਚੋਂ 20 ਕੁ ਪ੍ਰਤੀਸ਼ਤ ਲੋਕ ਵੀ ਮਾਰੇ ਜਾ ਸਕਦੇ ਹਨ ਤਾਂ ਉਸਨੇ ਇਹ ਕਹਿ ਓਪਰੇਸ਼ਨ ਰੱਦ ਕਰ ਦਿੱਤਾ ਕਿ ਇਤਨੀ ਸੰਗਤ ਦੇ ਮਰਨ ਦੀ ਇਜਾਜ਼ਤ ਨਹੀਂ ਦੇ ਸਕਦੀ। ਜੇ ਜੀ ਬੀ ਸਿੱਧੂ ਦੀ ਸਾਰੀ ਵਾਰਤਾ ਸਹੀ ਹੈ ਤਾਂ ਇਸਦਾ ਮਤਲਬ ਇਹੀ ਬਣਦਾ ਹੈ ਕਿ ਸਰਕਾਰ ਅਤੇ ਏਜੰਸੀਆਂ ਅਪਰੈਲ, 1984 ਤੱਕ ਫੌਜੀ ਹਮਲਾ ਕਰਨਾ ਤਾਂ ਦੂਰ, ਛੋਟਾ ਜਿਹਾ ਓਪਰੇਸ਼ਨ ਕਰਨ ਤੋਂ ਵੀ ਝਿਜਕਦੀਆਂ ਸਨ। ਇਸੇ ਕਿਤਾਬ ਦੇ ਪੰਨਾ 177 ਤੋਂ 179 ਦੇ ਚੈਪਟਰ ‘ਨਜ਼ਰ-ਅੰਦਾਜ਼ ਕੀਤਾ ਗਿਆ ਐਸ ਓ ਪੀ (ਸਟੈਂਡਰਡ ਓਪਰੇਟਿੰਗ ਪਰਸੀਜਰ)’ ਅਨੁਸਾਰ ਸਪੈਸ਼ਲ ਫਰੰਟੀਅਰ ਫੋਰਸ ਦੇ ਡਾਇਰੈਕਟਰ ਜਨਰਲ ਸਕਿਉਰਿਟੀ ਰਾਮ ਟੇਕ ਚੰਦ ਨਿਗਰਾਨੀ ਨੇ ਜੂਨ, 1984 ਦੇ ‘ਸਾਕਾ ਨੀਲਾ ਤਾਰਾ’ ਦੀ ਕਾਰਵਾਈ ਦੌਰਾਨ ਉਨ੍ਹਾਂ ਨੇ ਜਨਰਲ ਬਰਾੜ ਨੂੰ ਸਲਾਹ ਦਿੱਤੀ ਸੀ ਕਿ ਅਕਾਲ ਤਖਤ ਦੇ ਪਿਛਲੇ ਪਾਸਿਉਂ ਕੰਧ ਕੋਲ਼ ਧਮਾਕਾ ਕਰਕੇ ਕਮਾਂਡੋਆਂ ਦੇ ਅੰਦਰ ਵੜਨ ਲਈ ਛੋਟਾ ਜਿਹਾ ਮਘੋਰਾ ਕਰਕੇ ਗੈਸ ਛੱਡ ਕੇ ਅੰਦਰਲੇ ਖਾੜਕੂਆਂ ਨੂੰ ਫੜਿਆ ਜਾ ਸਕਦਾ ਹੈ। ਪਰ ਇਹ ਸਕੀਮ ਵੀ ਇਸ ਅਧਾਰ ‘ਤੇ ਰੱਦ ਕਰ ਦਿੱਤੀ ਗਈ ਕਿ ਅਕਾਲ ਤਖਤ ਦੀ ਇਮਾਰਤ ਨੂੰ ਕਿਸੇ ਵੀ ਕੀਮਤ ‘ਤੇ ਨੁਕਸਾਨ ਨਾ ਪਹੁੰਚਾਣ ਦੀਆਂ ਹਦਾਇਤਾਂ ਹਨ। ਇਸ ਚੈਪਟਰ ਦੀ ਸਾਰੀ ਵਾਰਤਾ ਅਨੁਸਾਰ 5 ਜੂਨ ਦੀ ਅੱਧੀ ਰਾਤ ਤੱਕ ਵੀ ਫੈਸਲਾ ਨਹੀਂ ਹੋਇਆ ਸੀ ਕਿ ਅਕਾਲ ਤਖਤ ‘ਤੇ ਟੈਂਕਾਂ ਨਾਲ ਹਮਲਾ ਕੀਤਾ ਜਾਣਾ ਹੈ ਜਾਂ ਨਹੀਂ। ਫੌਜੀ ਜਰਨੈਲਾਂ ਦੀ ਸਿਰੇ ਦੀ ਉਜੱਡ ਯੁੱਧ ਨੀਤੀ ਦੇ ਤਹਿਤ ਅਕਾਲ ਤਖਤ ਅੰਦਰ ਬੈਠੇ ਖਾੜਕੂਆਂ ਨੂੰ ਫੜਨ ਜਾਂ ਮਾਰਨ ਲਈ ਅਕਾਲ ਤਖਤ ਵੱਲ ਸਿੱਧੇ ਮਥਿਓਂ ਕਮਾਂਡੋ ਅੰਦਰ ਦਾਖਿਲ ਕਰਨ ਦੀ ਕੋਸ਼ਿਸ਼ ਦੌਰਾਨ ਅੰਦਰ ਮੋਰਚੇ ਮੱਲੀ ਬੈਠੇ ਸਿੰਘਾਂ ਵਲੋਂ 60-70 ਕਮਾਂਡੋ ਸੈਨਿਕਾਂ ਨੂੰ ਭੁੰਨ ਦਿਤਾ ਗਿਆ ਸੀ। ਜਨਰਲ ਬਰਾੜ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ ਸਨ ਤੇ ਜਨਰਲ ਬਰਾੜ ਦੇ ਬੁਲਾਂ ਤੇ ਸਿਕਰੀ ਜੰਮ ਗਈ ਸੀ। ਉਪਰੋਂ ਦਿੱਲੀ ਵਾਲਿਆਂ ਨੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਓਪਰੇਸ਼ਨ ਮੁਕੰਮਲ ਕਰਨ ਦਾ ਹੁਕਮ ਚਾੜ੍ਹਿਆ ਹੋਇਆ ਸੀ। ਕਾਰਨ ਇਹ ਸੀ ਕਿ ਰੋਹ ਵਿਚ ਆਈਆਂ ਸਿੱਖ ਸੰਗਤਾਂ ਦਾ ਦਰਬਾਰ ਸਾਹਿਬ ਵਲ ਮਾਰਚ ਕਰਨ ਕਰਕੇ ਵਡਾ ਖੂਨ-ਖਰਾਬਾ ਹੋਣ ਦਾ ਡਰ ਸੀ। ਇੰਦਰਾ ਗਾਂਧੀ ਓਧਰ ਟੈਂਕ ਭੇਜਣ ਦੀ ਇਜਾਜਤ ਦੇ ਨਹੀਂ ਸੀ ਰਹੀ। ਅਖੀਰ ਤੜਕੇ ਪੰਜ ਵਜੇ ਟੈਂਕ ਚਾੜ੍ਹਨ ਦੀ ਜਰਨੈਲਾਂ ਦੀ ਮੰਗ ਅਗੇ ਇੰਦਰਾ ਨੇ ਹਥਿਆਰ ਸੁਟ ਦਿਤੇ ਸਨ। ਕੀ ਖਾਲਸਾ ਪੰਥ ‘ਸਾਕਾ ਨੀਲਾ ਤਾਰਾ’ ਬਾਰੇ ਅਜਿਹੀਆਂ ਅੰਦਰੂਨੀ ਸੱਚਾਈਆਂ ਨੂੰ ਜਾਨਣ ਬਾਰੇ ਕਦੇ ਕੋਈ ਕੋਸ਼ਿਸ਼ ਕਰੇਗਾ ਜਾਂ ਸਵਾਰਥੀ ਤੇ ਮੌਕਾਪ੍ਰਸਤ ਲੀਡਰਾਂ ਵਲੋਂ ਸਿਰਜੇ ਗਏ ਇੱਕ ਪਾਸੜ ਬਿਰਤਾਂਤਾਂ ਨਾਲ ਗੁੰਮਰਾਹ ਹੋ ਕੇ ਨੁਕਸਾਨ ਹੀ ਉਠਾਉਂਦਾ ਰਹੇਗਾ?
ਇਸ ਆਰਟੀਕਲ ਨਾਲ ਦਿੱਤੀ ਜਾ ਰਹੀ ਇੱਕ ਤਸਵੀਰ ਅਨੁਸਾਰ ਇੱਕ ਪ੍ਰਚਾਰਕ ਗੁਰਦੁਆਰੇ ਵਿਚ ਕਥਾ ਕਰ ਰਿਹਾ ਹੈ ਕਿ ਸਿੱਖ ਬੀਬੀਆਂ ਨੇ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਭਾਰਤੀ ਫੌਜ ਦੇ ਕਈ ਟੈਂਕ 20-20 ਫੁੱਟ ਹਵਾ ‘ਚ ਉਡਾ ਦਿੱਤੇ। ਇਸੇ ਤਰ੍ਹਾਂ ਸਾਡੇ ਪ੍ਰਚਾਰਕਾਂ ਵਲੋਂ ਕਿਹਾ ਜਾਂਦਾ ਹੈ ਕਿ ਸਿੰਘਾਂ ਨੇ 800 ਤੋਂ ਵੱਧ ਹਵਾਈ ਜਹਾਜ਼ ਰਾਹੀਂ ਉਤਾਰੇ ਜਾ ਰਹੇ ਸਪੈਸ਼ਲ ਕਮਾਂਡੋ ਹਵਾ ਵਿਚ ਹੀ ਉਡਾ ਦਿੱਤੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਪਰਿਕਰਮਾਂ ਵਿਚ ਖਿਲਰ ਗਏ। ਇਸੇ ਤਰ੍ਹਾਂ ਦੇ ਅਨੇਕਾਂ ਵੱਡੇ-ਵੱਡੇ ਦਾਅਵੇ ਪਿਛਲੇ 40 ਸਾਲ ਤੋਂ ਕੀਤੇ ਜਾ ਰਹੇ ਹਨ ਕਿ ਸਿੰਘਾਂ ਨੇ ਦਸ ਹਜ਼ਾਰ ਤੋਂ ਵੱਧ ਫੌਜੀ ਮਾਰ ਮੁਕਾਏ ਸਨ। ਅਜਿਹੇ ਦਾਅਵੇ ਕਰਦੇ ਵਕਤ ਉਨ੍ਹਾਂ ਨੂੰ ਚੇਤਾ ਭੁੱਲ ਜਾਂਦਾ ਹੈ ਕਿ ਇਤਨੇ ਫੌਜੀ ਤਾਂ ਭਾਰਤੀ ਫੌਜ ਦੇ ਭਾਰਤ-ਪਾਕਿਸਤਾਨ ਦੀਆਂ ਤਿੰਨ ਜੰਗਾਂ ਵਿਚ ਨਹੀਂ ਮਰੇ ਸਨ। ਫਿਰ ਇੱਕ ਹੋਰ ਸਵਾਲ ਖੜਾ ਹੋ ਜਾਂਦਾ ਹੈ ਕਿ ਜੇ ਸਾਡੇ ਸਿੰਘਾਂ ਕੋਲ਼ ਇਤਨੇ ਮਾਰੂ ਹਥਿਆਰ ਸਨ ਕਿ ਉਹ, ਉਸ ਭਾਰਤੀ ਫੌਜ ਦੇ 10 ਹਜ਼ਾਰ ਫੌਜੀ ਮਾਰ ਸਕਦੇ ਸਨ, ਜਿਸਨੇ ਅਜੇ 13 ਸਾਲ ਪਹਿਲਾਂ 1971 ਦੀ ਜੰਗ ਵਿਚ 90 ਹਜ਼ਾਰ ਪਾਕਿਸਤਾਨੀ ਫੌਜ ਤੋਂ ਹਥਿਆਰ ਸੁਟਵਾ ਲਏ ਸਨ ਤਾਂ ਫਿਰ ਸਾਡੇ ਵਲੋਂ ਪੀੜ੍ਹਤ ਬਣਨ ਦੇ ਕੀ ਅਰਥ ਰਹਿ ਜਾਂਦੇ ਹਨ? ਫਿਰ ਸਾਡੇ ਇਸ ਪ੍ਰਚਾਰ ਦੀ ਕੀ ਤੁਕ ਬਣਦੀ ਹੈ ਕਿ ਭਾਰਤ ਸਰਕਾਰ ਨੇ ਗੁਰਪੁਰਬ ਮਨਾ ਰਹੀਆਂ ਨਿਹੱਥੀਆਂ ਸਿੱਖ ਸੰਗਤਾਂ ‘ਤੇ ਸਾਜਿਸ਼ ਨਾਲ ਹਮਲਾ ਕਰਕੇ ਪੰਜ ਸਦੀਆਂ ਦਾ ਵੈਰ ਪੁਗਾਇਆ ਸੀ। ਮੈਨੂੰ ਕਦੇ ਸਮਝ ਨਹੀਂ ਆਈ ਕਿ ਗੁਰਦੁਆਰਿਆਂ ਵਿਚ ਸਾਡੇ ਪ੍ਰਚਾਰਕ ਅਜਿਹਾ ਝੂਠਾ ਤੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਹਾਸਿਲ ਕੀ ਕਰਨਾ ਚਾਹੁੰਦੇ ਹਨ? ਸਾਡੀ ਲੀਡਰਸ਼ਿਪ 40 ਸਾਲ ਬਾਅਦ ਵੀ ਇਹ ਫੈਸਲਾ ਨਹੀਂ ਕਰ ਪਾ ਰਹੀ ਕਿ ਅਸੀਂ ਪੀੜ੍ਹਤ ਧਿਰ ਬਣਨਾ ਹੈ ਜਾਂ ਹਮਲਾਵਰ?
ਪਿਛਲੇ ਸਾਲ ਬਲਜੀਤ ਸਿੰਘ ਖਾਲਸਾ ਵਲੋਂ ਲਿਖੀ ਬਹੁ- ਚਰਚਿਤ ਪੁਸਤਕ ‘ਰੌਸ਼ਨ ਦਿਮਾਗ: ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ’ ਵਿਚ ਉਸਨੇ ਕਈ ਅਹਿਮ ਖੁਲਾਸੇ ਕੀਤੇ ਹਨ ਕਿ ਫੈਡਰੇਸ਼ਨ ਆਗੂ ਹਰਮਿੰਦਰ ਸਿੰਘ ਸੰਧੂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘਾਂ ਦੀ ਇੱਕ ਗੁਪਤ ਖਾੜਕੂ ਜਥੇਬੰਦੀ ‘ਦਸ਼ਮੇਸ਼ ਰੈਜਮੈਂਟ’ ਬਣਾਈ, ਜਿਸਦੇ ਮਕਸਦ ਬਾਰੇ ਕਿਤਾਬ ਵਿਚ ਇਵੇਂ ਲਿਖਿਆ ਹੈ: ‘ਫੈਡਰੇਸ਼ਨ ਦੀ ਅਗਵਾਈ ਵਾਲਾ ਇਹ ਜੁਝਾਰੂ ਵਿੰਗ ਬੰਬ ਧਮਾਕੇ, ਅਤੇ ਹੋਰ ਹਿੰਸਕ ਕਾਰਵਾਈਆਂ ਦੀ ਜਿੰਮੇਵਾਰੀ ਭਾਈ ਸਰਦੂਲ ਸਿੰਘ ਦੇ ਨਕਲੀ ਨਾਮ ਹੇਠ ਲਿਆ ਕਰਨਗੇ’ (ਪੰਨਾ: 63)। ਫੈਡਰੇਸ਼ਨ ਦੇ ਇਹ ਸਾਰੇ ਜੁਝਾਰੂ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਅੰਦਰ ਹੀ ਰਹਿੰਦੇ ਸਨ ਅਤੇ ਇੱਥੋਂ ਵਾਰਦਾਤਾਂ ਕਰਕੇ ਵਾਪਿਸ ਉਥੇ ਹੀ ਆ ਜਾਂਦੇ ਸਨ। ਇਸ ਬਾਰੇ ਹੋਰ ਜਾਣਕਾਰੀ ਇਸੇ ਕਿਤਾਬ ਦੇ ਵੱਖ-ਵੱਖ ਪੰਨਿਆਂ ‘ਤੇ ਵੱਖ-ਵੱਖ ਸਿਰਲੇਖਾਂ ਹੇਠ ਇਵੇਂ ਦਰਜ ਕੀਤੀ ਗਈ ਹੈ: ‘ਕਾਮਰੇਡਾਂ ਦੀ ਸੁਧਾਈ: ਕਾਲਿਜਾਂ ਵਿਚ ਕਾਮਰੇਡ ਜਥੇਬੰਦੀਆਂ ਨਾਲ ਸਬੰਧਤ ਸਿੱਖ ਨੌਜਵਾਨਾਂ ‘ਤੇ ਹਮਲੇ ਕਰਨੇ ਤਾਂ ਕਿ ਦਹਿਸ਼ਤ ਨਾਲ ਸਟੂਡੈਂਟ ਆਪਣੀਆਂ ਯੂਨੀਅਨਾਂ ਬੰਦ ਕਰ ਦੇਣ’ (ਪੰਨਾ: 29), ‘ਹਿੰਸਕ ਪ੍ਰਤੀਕਰਮ: ਸੰਤਾਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਜਲੰਧਰ ਦੇ ਇੱਕ ਬਜ਼ਾਰ ਵਿਚ 4 ਹਿੰਦੂ ਮਾਰਨੇ ਅਤੇ 12 ਜ਼ਖਮੀ ਕਰਨੇ’ (ਪੰਨਾ:60), ‘ਬੰਬ ਧਮਾਕੇ: 6-10 ਅਕਤੂਬਰ, 1981 ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ 10 ਬੰਬ ਧਮਾਕੇ ਕੀਤੇ ਗਏ, ਇਸ ਦੌਰਾਨ 2 ਪੁਲਿਸ ਕਰਮਚਾਰੀ, 3 ਨਿਰੰਕਾਰੀ ਤੇ 17 ਹੋਰ ਵਿਅਕਤੀਆਂ ਦੀ ਮੌਤ ਹੋਈ ਅਤੇ 26 ਜ਼ਖਮੀ ਹੋਏ, 4 ਰੇਲਵੇ ਲਾਈਨਾਂ ਤੋੜ ਕੇ ਰੇਲ ਗੱਡੀਆਂ ਉਲਟਾਉਣ ਦੀ ਕੋਸ਼ਿਸ਼ ਕੀਤੀ ਗਈ’ (ਪੰਨਾ: 64), ‘26 ਜਨਵਰੀ ਦੇ ਐਕਸ਼ਨ: 26 ਜਨਵਰੀ, 1983 ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ ਕਈ ਬੰਬ ਧਮਾਕੇ ਕੀਤੇ ਗਏ’ (ਪੰਨਾ: 92), ‘ਹੋਰ ਐਕਸ਼ਨ: ਜਲੰਧਰ ਦੀ ਦੈਨਿਕ ਪ੍ਰਤਾਪ ਅਖ਼ਬਾਰ ਦੇ ਦਫਤਰ ਵਿਚ ਬੰਬ ਧਮਾਕੇ ਨਾਲ ਦੋ ਹਿੰਦੂ ਮੁਲਾਜ਼ਮ ਮਰੇ’ (ਪੰਨਾ: 103), ‘ਐਸ ਐਸ ਪੀ ਡੀ ਆਰ ਭੱਟੀ ‘ਤੇ ਹਮਲਾ’ (ਪੰਨਾ: 109), ‘ਬੁੱਚੜ ਥਾਣੇਦਾਰ ਬਿਛੂ ਰਾਮ ਦੀ ਸੁਧਾਈ’ (ਪੰਨਾ: 136), ‘ਦਿੱਲੀ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਮਨਚੰਦਾ ਦਾ ਕਤਲ: ਫੈਡਰੇਸ਼ਨ ਆਗੂ ਗੁਰਿੰਦਰ ਸਿੰਘ ਭੋਲਾ, ਵਿਰਸਾ ਸਿੰਘ ਵਲਟੋਹਾ ਤੇ ਅਮਰਜੀਤ ਸਿੰਘ ਚਾਵਲਾ ਨੇ ਦਿੱਲੀ ਜਾ ਕੇ ਕਤਲ ਕੀਤਾ’ (ਪੰਨਾ: 162), ‘ਭਾਜਪਾ ਐਮ ਅੇਲ ਏ, ਹਰਬੰਸ ਲਾਲ ਖੰਨਾ ਦਾ ਕਤਲ’ (ਪੰਨਾ: 164), ‘ਕਾਂਗਰਸੀ ਐਮ ਪੀ ਵਿਸ਼ਵ ਨਾਥ ਤਿਵਾੜੀ ਦਾ ਚੰਡੀਗੜ੍ਹ ਕਤਲ: ਇਹ ਕਤਲ ਹਰਮਿੰਦਰ ਸੰਧੂ ਦੇ ਪਿਸਤੌਲ ਨਾਲ ਕੀਤਾ ਗਿਆ’ (ਪੰਨਾ: 166), ‘ਹਿੰਦ ਸਮਾਚਾਰ ਅਖ਼ਬਾਰ ਦੇ ਸੰਪਾਦਕ ਰਮੇਸ਼ ਚੰਦਰ ਦਾ ਕਤਲ’ (ਪੰਨਾ: 183)। ਇਸੇ ਕਿਤਾਬ ਦੇ ਪੰਨਾ 164 ਅਨੁਸਾਰ ਹਰਬੰਸ ਲਾਲ ਖੰਨਾ, ਵਿਸ਼ਵ ਨਾਥ ਤਿਵਾੜੀ, ਐਡੀਟਰ ਰਮੇਸ਼ ਚੰਦਰ ਆਦਿ ਵਰਗੇ ਅਹਿਮ ਰਾਜਸੀ ਕਤਲਾਂ ਨਾਲ ਦੇਸ਼ ਭਰ ਵਿਚ ਕੁਹਰਾਮ ਮਚ ਉਠਿਆ ਸੀ, ਜਿਸ ਤੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬੇਹੱਦ ਪ੍ਰੇਸ਼ਾਨ ਹੋ ਗਈ ਸੀ…।
ਸੰਤ ਭਿੰਡਰਾਂਵਾiਲ਼ਆਂ ਵਲੋਂ ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ‘ਤੇ ਆਉਣ ਤੋਂ ਬਾਅਦ ਪੰਜਾਬ ਭਰ ਵਿਚ ਹਿੰਸਕ ਕਾਰਵਾਈਆਂ ਦਾ ਇੱਕ ਜਬਰਦਸਤ ਦੌਰ ਚੱਲ ਪਿਆ ਸੀ, ਜਿਸ ਨਾਲ ਧਰਮ ਯੁੱਧ ਮੋਰਚਾ ਵੀ ਅਕਾਲੀਆਂ ਹੱਥੋਂ ਨਿਕਲ਼ ਚੁੱਕਾ ਸੀ। ਜਿਹੜੇ ਲੋਕ ਅਜੇ ਵੀ ਉਹੀ ਗੱਲਾਂ ਵਾਰ-ਵਾਰ ਦੁਹਰਾਈ ਜਾ ਰਹੇ ਹਨ ਕਿ ਹਿੰਸਕ ਕਾਰਵਾਈਆਂ ਪਿੱਛੇ ਸਰਕਾਰੀ ਏਜੰਸੀਆਂ ਦਾ ਹੱਥ ਸੀ, ਉਨ੍ਹਾਂ ਨੂੰ ‘ਰੌਸ਼ਨ ਦਿਮਾਗ: ਹਰਮਿੰਦਰ ਸਿੰਘ ਸੰਧੂ’ ਜਰੂਰ ਵਾਰ-ਵਾਰ ਪੜ੍ਹਨ ਦੀ ਲੋੜ ਹੈ ਕਿ ਜੋ ਹਾਲਾਤ ਪੰਜਾਬ ਵਿਚ ਅਕਤੂਬਰ, 1983 ਦੇ ਢਿੱਲਵਾਂ ਕਾਂਡ (ਜਿਸ ਵਿਚ ਖਾੜਕੂਆਂ ਸੁਰਿੰਦਰ ਸੋਢੀ, ਜਨਰਲ ਲਾਭ ਸਿੰਘ, ਸੁੱਖਾ ਕੱਕੜਾਂ ਆਦਿ ਨੇ 6 ਹਿੰਦੂ ਇੱਕ ਬੱਸ ਵਿਚੋਂ ਉਤਾਰ ਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ: ਹਵਾਲਾ ਕਿਤਾਬ: ਰਿਵਰਜ਼ ਆਨ ਫਾਇਰ-ਲੇਖਕ ਜਗਤਾਰ ਸਿੰਘ ਸੀਨੀਅਰ ਪੱਤਰਕਾਰ) ਤੋਂ ਬਾਅਦ ਬਣ ਗਏ ਸਨ, ਉਨ੍ਹਾਂ ਮੁਤਾਬਿਕ ਜੇ ਸਰਕਾਰ ਵਲੋਂ ਕੀਤੀ ਫੌਜੀ ਕਾਰਵਾਈ ਗਲਤ ਸੀ ਤਾਂ ਸਿੱਖ ਕੌਮ ਇਸ 40ਵੀਂ ਬਰਸੀ ‘ਤੇ ਸੋਚੇ ਕਿ ਫਿਰ ਕੀ ਕੀਤਾ ਜਾਣਾ ਸੀ ਚਾਹੀਦਾ ਸੀ? ਜ਼ਰਾ ਸੋਚੋ ਕਿ ਜੇ ਸਿੱਖਾਂ ਦਾ ਰਾਜ ਹੋਵੇ ਅਤੇ ਉਸ ਰਾਜ ਵਿਚ ਇਸ ਤਰ੍ਹਾਂ ਦਿਨ-ਦਿਹਾੜੇ ਰੋਜ਼ਾਨਾ ਲਗਾਤਾਰ ਕਤਲ ਹੁੰਦੇ ਹੋਣ ਤਾਂ ਸਾਡੀ ਖਾਲਸਾ ਸਰਕਾਰ ਕੀ ਕਾਰਵਾਈ ਕਰੇਗੀ? ਸ. ਅਜਮੇਰ ਸਿੰਘ ਇੱਕ ਜਗ੍ਹਾ ਕਹਿੰਦੇ ਹਨ ਕਿ ਸਿੱਖਾਂ ਨੇ ਭਾਰਤੀ ਸੰਵਿਧਾਨ ਦੀ ਗੁਲਾਮੀ ਕਬੂਲ ਕਰ ਲਈ ਹੈ, ਕੀ ਬਾਕੀ ਸਾਰੀ ਦੁਨੀਆਂ ਵਿਚ ਵਸਦੇ ਸਿੱਖਾਂ ਨੇ ਵੀ ਉਥੇ ਦੇ ਕਨੂੰਨਾਂ ਦੀ ਗੁਲਾਮੀ ਨਹੀਂ ਕਬੂਲੀ ਹੋਈ? ਕੀ ਖਾਲਿਸਤਾਨ ਵਿਚ ਕੋਈ ਕਾਨੂੰਨ ਜਾਂ ਸੰਵਿਧਾਨ ਨਹੀਂ ਹੋਵੇਗਾ? ਜਿਸ ਦਿਨ ਸਾਡੀ ਕੌਮ ਅਜਿਹੇ ਸਵਾਲਾਂ ਦੇ ਜਵਾਬ ਲੱਭਣ ਵਿਚ ਸਫਲ ਹੋ ਗਈ, ਸਮਝੋ ਸਾਡੇ ਬਹੁਤੇ ਮਸਲੇ ਹੱਲ ਜਾਣਗੇ।
ਇਸ ਵਿਚ ਕੋਈ ਸ਼ੱਕ ਨਹੀਂ, ਪੰਜਾਬੀਆਂ ਅਤੇ ਸਿੱਖਾਂ ਦੀਆਂ ਅਨੇਕਾਂ ਮੰਗਾਂ ਤੇ ਮੁਸ਼ਕਲਾਂ ਹਨ, ਜਿਵੇਂ ਕਿ ਦੁਨੀਆਂ ਦੇ ਹਰੇਕ ਖਿੱਤੇ ਵਿਚ ਵੱਸਦੇ ਲੋਕਾਂ ਦੀਆਂ ਹੁੰਦੀਆਂ ਹਨ, ਪਰ ਪੰਜਾਬ ਦੀ ਵਸੋਂ ਦੇ ਅਜੋਕੇ ਸਮੀਕਰਨਾਂ ਅਨੁਸਾਰ ਪੰਜਾਬ ਵਿਚ ਭਾਰੀ ਗਿਣਤੀ ਵਿਚ ਵੱਸਦੇ ਹਿੰਦੂਆਂ, ਈਸਾਈਆਂ, ਦਲਿਤਾਂ, ਰਾਧਾ ਸਵਾਮੀਆਂ, ਨਾਮਧਾਰੀਆਂ ਅਤੇ ਕਈ ਅਨੇਕਾਂ ਭਾਈਚਾਰਿਆਂ ਦੇ ਲੋਕਾਂ ਨੂੰ ਨਾਲ ਲਏ ਬਿਨਾਂ ਸਿੱਖ ਇਕੱਲੇ ਕਿਵੇਂ ਕੋਈ ਪ੍ਰਾਪਤੀ ਕਰ ਸਕਦੇ ਹਨ? ਸਾਡੀ ਲੀਡਰਸ਼ਿਪ ਵਲੋਂ ਪੰਜਾਬ ਦੇ ਇਕਲੋਤੇ ਵਾਰਿਸ ਬਣਨ ਦੀ ਦੌੜ ਨਾਲ ਲੜੇ ਗਏ ਅਨੇਕਾਂ ਮੋਰਚਿਆਂ, ਸੰਘਰਸ਼ਾਂ ਵਿਚੋਂ ਕੀ ਕੋਈ ਪ੍ਰਾਪਤੀ ਹੋਈ ਹੈ? ਅਸੀਂ ਗੁਰਬਾਣੀ ਦੇ ਬੁਨਿਆਦੀ ਸਿਧਾਂਤ; ‘ਸਭੇ ਸਾਝੀਵਾਲ਼ ਸਦਾਇਨ ਤੂੰ ਕਿਸੈ ਨਾ ਦਿਸੈ ਬਾਹਰਾ ਜੀਉ’ (ਪੰਨਾ: 97) ਨੂੰ ਤਿਆਗ ਕੇ ਗੁਰਬਾਣੀ ਦੀ ਸਿਰਫ ਸੌੜੀ ਵਿਆਖਿਆ ਨਾਲ ਸਿੱਖਾਂ ਦਾ ਕਿਤਨਾ ਕੁ ਭਲਾ ਕਰ ਸਕਾਂਗੇ? ਗੁਰਬਾਣੀ ਨੂੰ ਇਸਾਈਅਤ, ਇਸਲਾਮ ਜਾਂ ਯਹੂਦੀਆਂ ਵਾਂਗ ਸੰਕੀਰਣ ਧਾਰਮਿਕ ਨਜ਼ਰੀਏ ਤੋਂ ਸਮਝਣ ਦੀ ਥਾਂ ਸਾਨੂੰ ਰੁਹਾਨੀ/ਮਾਨਵਵਾਦੀ ਅਰਥਾਂ ਵਿਚ ਸਮਝਣ ਤੇ ਅਮਲ ਵਿਚ ਉਤਾਰਣ ਦੀ ਲੋੜ ਹੈ।
ਸਾਕਾ ਨੀਲਾ ਤਾਰਾ ਦੀ 40ਵੀਂ ਬਰਸੀ ਮੌਕੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਆਤਮਸਾਤ ਕਰਨ ਲਈ ਜਸਬੀਰ ਮੰਡ ਦਾ ਨਾਵਲ ‘ਬੋਲ ਮਰਦਾਨਿਆ’ ਅਤੇ ਉਘੇ ਲੇਖਕ ਵਰਿਆਮ ਸੰਧੂ ਦੀ ਕਿਤਾਬ ਪੜ੍ਹਨ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ।