ਪੌਣੀ ਸਦੀ ਤੋਂ ਰਿਸਦਾ ਨਾਸੂਰ

ਸੁਕੀਰਤ
ਫੋਨ: +91-93162-02025
ਸੰਨ ਸੰਤਾਲੀ ਵਾਲੀ ਚੀਸ ਪੀੜ੍ਹੀ-ਦਰ-ਪੀੜ੍ਹੀ ਅਗਾਂਹ ਤੁਰ ਰਹੀ ਹੈ। ਇਸ ਨੇ ਦੋਹਾਂ ਪੰਜਾਬਾਂ ਦੇ ਬਾਸ਼ਿੰਦਿਆਂ ਨੂੰ ਹਾਲੋਂ-ਬੇਹਾਲ ਕੀਤਾ ਹੋਇਆ ਹੈ। ਸੁਕੀਰਤ ਨੇ ਆਪਣੇ ਇਸ ਲੇਖ ਵਿਚ ਆਪਣੀ ਲਹਿੰਦੇ ਪੰਜਾਬ ਦੀ ਫੇਰੀ ਦੀ ਇਕ ਭਾਵੁਕ ਮਿਲਣੀ ਦਾ ਜ਼ਿਕਰ ਛੇੜਿਆ ਹੈ।

ਲਾਹੌਰ ਦੀ ਮਾਲ ਰੋਡ ਦੇ ਕੇਂਦਰੀ ਹਿੱਸੇ ਦੀ ਇਕ ਵੱਖੀ ਵਿਚ, ਜਿਸ ਦਾ ਨਾਂਅ ਬਰਤਾਨਵੀ ਹਕੂਮਤ ਦੇ ਸਮਿਆਂ ਤੋਂ ਚੇਅਰਿੰਗ ਕਰੌਸ ਟੁਰਿਆ ਜਾਂਦਾ ਹੈ, ਕੁਈਨਜ਼ ਰੋਡ ਨਾਮ ਦੀ ਇਕ ਸੜਕ ਨਿਕਲਦੀ ਹੈ। ਏਸੇ ਸੜਕ ‘ਤੇ ਟੁਰੇ ਜਾਓ ਤਾਂ ਤਕਰੀਬਨ ਇਕ ਕਿਲੋਮੀਟਰ ਦੇ ਪੈਂਡੇ ਮਗਰੋਂ ਹਸਪਤਾਲ ਆ ਜਾਂਦਾ ਹੈ। ਇਹ ਸਾਰੇ ਨਾਂਅ ਉਨ੍ਹਾਂ ਵੇਲਿਆਂ ਨਾਲ ਜੁੜੇ ਹੋਏ ਹਨ, ਜਦੋਂ ਮੁਲਕ ਭਾਵੇਂ ਆਜ਼ਾਦ ਨਹੀਂ ਸੀ ਪਰ ਸਾਂਝਾ ਸੀ। ਮੈਂ ਉਸੇ ਸੜਕ ‘ਤੇ ਗੰਗਾ ਰਾਮ ਹਸਪਤਾਲ ਚੌਕ ਵਲ ਜਾ ਰਿਹਾ ਹਾਂ। ਏਸੇ ਚੌਕ ਉੱਤੇ ਸਿਰਫ਼ ਮੈਨਸ਼ਨ ਨਾਂਅ ਦੀ ਇਕ ਇਮਾਰਤ ਦੀ ਪਹਿਲੀ ਮੰਜ਼ਲ ਉੱਤੇ, ‘ਸੁਚੇਤ ਕਿਤਾਬ ਘਰ‘ ਮੇਰੀ ਅੱਜ ਦੀ ਮੰਜ਼ਲ ਹੈ। ਏਥੇ ਪੰਜਾਬੀ ਲੇਖਕ, ਅਦਬੀ ਪਰਚੇ ‘ਪੰਚਮ‘ ਦੇ ਸੰਪਾਦਕ ਅਤੇ ਪੰਜਾਬੀ ਕਿਤਾਬਾਂ ਦੇ ਪ੍ਰਕਾਸ਼ਕ ਮਕਸੂਦ ਸਾਕਿਬ ਦਾ ਦਫ਼ਤਰ ਹੈ। ਅੱਜ ਜੁੰਮੇਰਾਤ ਹੈ ਜਿਸ ਨੂੰ ਸਾਡੇ ਵੱਲ ਵੀਰਵਾਰ ਕਹਿੰਦੇ ਹਨ, ਅਤੇ ਹਰ ਜੁੰਮੇਰਾਤ ਮਕਸੂਦ ਸਾਕਿਬ ਏਥੇ ਪੰਜਾਬੀ ਨਾਲ ਜੁੜੇ ਮਿੱਤਰਾਂ ਦੀ ਮਹਿਫ਼ਲ ਵਿਓਂਤਦੇ ਹਨ ਜਿਸ ਵਿਚ ਪੰਜਾਬੀ ਦੀ ਕੋਈ ਰਚਨਾ ਪੜ੍ਹੀ ਜਾਂਦੀ ਹੈ, ਉਸ ਦੀ ਪਰਖ- ਪੜਚੋਲ ਕੀਤੀ ਜਾਂਦੀ ਹੈ ; ਉਸ ਦੇ ਸਾਹਿਤਕ ਤੇ ਭਾਸ਼ਾਈ ਖਾਸੇ ਨੂੰ ਫਰੋਲਿਆ ਜਾਂਦਾ ਹੈ। ਪੰਜਾਬੀ ਮੁਹਾਵਰੇ ਨੂੰ ਪੰਜਾਬੀ ਹੀ ਰੱਖਣ, ਆਪਣੇ ਵਿਰਸੇ ਵਿਚਲੇ ਸ਼ਬਦ ਜ਼ਖ਼ੀਰੇ ਨੂੰ ਵਰਤਣ-ਸੰਭਾਲਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ।
ਅੱਜ ਇਸ ਮਹਿਫ਼ਲ ਵਿਚ ਉਚੇਚੇ ਮਹਿਮਾਨ ਵਜੋਂ ਮੈਨੂੰ ਸੱਦਿਆ ਗਿਆ ਹੈ। ਸ਼ਰਫ਼ ਮੈਨਸ਼ਨ ਦੀ ਹੇਠਲੀ, ਸੜਕੀ ਪੱਧਰ ਵਾਲੀ ਮੰਜ਼ਲ ਭਾਂਤ ਭਾਂਤ ਦੀਆਂ ਛੋਟੀਆਂ ਵੱਡੀਆਂ ਦੁਕਾਨਾਂ ਦਾ ਰਲੇਵਾਂ ਹੈ। ਪਰ ਚੌਕ ਵਾਲੇ ਪਾਸੇ ਖੁੱਲ੍ਹਣ ਵਾਲੀ, ਇਨ੍ਹਾਂ ਵਿਚ ਸਭ ਤੋਂ ਵੱਡੀ ਦੁਕਾਨ ਫ਼ਾਤਿਮਾ ਜਿੰਨਾਹ ਮੈਡੀਕਲ ਸਟੋਰ ਹੈ, ਤੇ ਏਸੇ ਦਵਾਖ਼ਾਨੇ ਦੇ ਪਿਛਲੇ ਪਾਸਿਓਂ ਸੌੜੀਆਂ ਤੇ ਹਨੇਰੀਆਂ ਜਿਹੀਆਂ ਪੌੜੀਆਂ ਉਤਲੀ ਮੰਜ਼ਲ ਵੱਲ ਚੜ੍ਹਦੀਆਂ ਹਨ, ਉਹੋ ਜਿਹੀਆਂ ਹੀ ਅਣ-ਧੋਤੀਆਂ ਤੇ ਅਣ-ਗੌਲੀਆਂ ਜਿਹੋ ਜਿਹੀਆਂ ਸਾਡੇ ਬਾਜ਼ਾਰਾਂ ਦੀਆਂ ਦੁਕਾਨਾਂ ਦੀਆਂ ਸਾਂਝੀਆਂ ਪੌੜੀਆਂ ਹੁੰਦੀਆਂ ਹਨ। ਪੌੜੀਆਂ ਚੜ੍ਹ ਕੇ ਖੱਥੇ ਹੱਥ ਵੱਲ ਜਾਓ ਤਾਂ ਆਸੇ ਪਾਸੇ ਦੀਆਂ ਬੇਤਰਤੀਬ ਖੁੱਲ੍ਹੀਆਂ ਨਿੱਕੀਆਂ-ਮੋਟੀਆਂ ਦੁਕਾਨਾਂ ਤੇ ਖੋਲਿਆਂ ਦੇ ਵਿਚਕਾਰ ਇਕ ਬੰਦ ਬੂਹਾ ਦਿੱਸਦਾ ਹੈ, ਜਿਸ ਦੇ ਬਾਹਰ ‘ਘੰਟੀ ਮਾਰੋ` ਵਰਗਾ ਕੋਈ ਇਸ਼ਾਰਾ ਦਰਜ ਹੈ ; ਜਿਵੇਂ ਕਿਸੇ ਰੂ-ਪੋਸ਼ ਖੱਬੀ ਪਾਰਟੀ ਦਾ ਖੁਫ਼ੀਆ ਦਫ਼ਤਰ ਹੋਵੇ। ਮੈਂ ਮਨ ਹੀ ਮਨ ਮੁਸਕਰਾਂਦਿਆਂ ਚਿਤਵਦਾ ਹਾਂ ਕਿ ਹੁਣੇ ਬੂਹਾ ਚੌਥਾ ਕੁ ਹਿੱਸਾ ਖੁੱਲ੍ਹੇਗਾ, ਇਕ ਮੜ੍ਹਾਂਗਾ ਗਰਦਨ ਬਾਹਰ ਵੱਲ ਕਰਕੇ ਪੁੱਛੇਗਾ, “ਸ਼ਨਾਖ਼ਤੀ ਕਾਰਡ ਹੈ ਜੇ, ਦਾਖ਼ਲੇ ਦਾ ਖੁਫੀਆ ਕੋਡ ਪਤਾ ਹੈ ?”
ਬੂਹਾ ਪੂਰਾ ਖੁੱਲ੍ਹਦਾ ਹੈ, ਤੇ ਮਸਕੀਨ ਜਿਹੀ ਤੱਕਣੀ ਵਾਲਾ ਇਕ ਬੰਦਾ ਬਿਨਾ ਕੋਈ ਪੁੱਛ ਗਿੱਛ ਕੀਤਿਆਂ ਮੈਨੂੰ ਅੰਦਰ ਵਾੜ ਲੈਂਦਾ ਹੈ। ਅੰਦਰ ਚੋਖਾ ਵੱਡਾ ਤੇ ਚੌੜਾ ਲਾਂਘੇ-ਨੁਮਾ ਕਮਰਾ ਹੈ, ਕਿਤਾਬਾਂ ਤੇ ਹੋਰ ਕਾਗ਼ਜ਼ਾਂ ਨਾਲ ਅੱਟਿਆ ਹੋਇਆ। ਤੇ ਇਸ ਤੋਂ ਪਾਰਲੇ ਕਮਰੇ ਵਿਚ ਸੋਫ਼ੇ ‘ਤੇ ਬੈਠੇ ਮਕਸੂਦ ਸਾਕਿਬ ਦਿਸਦੇ ਹਨ।
“ਨਹੀਂ, ਨਹੀਂ, ਤੁਸੀ ਉੱਠਣ ਦਾ ਤਕੱਲੁਫ਼ ਬਿਲਕੁਲ ਨਾ ਕਰੋ”, ਮੈਂ ਸਲਾਮ ਕਰਦਿਆਂ ਤੇ ਲੈਂਦਿਆਂ ਇਸਰਾਰ ਕਰਦਾ ਹਾਂ।
ਮਕਸੂਦ ਜੀ ਕੋਲ ਬੈਠੇ ਨੌਜਵਾਨ ਅਬਦੁਲ ਰਹਿਮਾਨ ਨਾਲ ਤਾਅਰੁੱਫ਼ ਕਰਾਂਦਿਆਂ ਦੱਸਦੇ ਹਨ, “ਬਾਕੀ ਦੇ ਦੋਸਤ ਵੀ ਬਸ ਆਣ ਹੀ ਵਾਲੇ ਹਨ।”
“ਕੋਈ ਗੱਲ ਨਹੀਂ, ਮੈਂ ਹੀ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਹਾਂ।” ਉਨ੍ਹਾਂ ਦੇ ਨਾਲ ਦੇ ਸੋਫ਼ੇ `ਤੇ ਬੈਠਦਿਆਂ ਮੈਂ ਆਲੇ-ਦੁਆਲੇ ਝਾਤ ਮਾਰਦਾ ਹਾਂ। ਕਮਰੇ ਦੇ ਐਨ ਵਿਚਕਾਰ ਇਕ ਨੀਂਵੀਂ ਆਇਤਾਕਾਰ ਮੇਜ਼ ਦੇ ਆਲੇ-ਦੁਆਲੇ ਲੱਗੇ ਹੋਏ ਰਤਾ ਉਮਰ ਹੰਢਾਅ ਚੁੱਕੇ ਦਿਸਦੇ ਸੋਫ਼ੇ ਅਤੇ ਕੁਰਸੀਆਂ; ਇਕ ਕੋਨੇ `ਤੇ ਪਿਆ ਫ਼ਰਿੱਜ, ਤੇ ਨਾਲ ਹੀ ਮਾਈਕਰੋਵੇਵ, ਇਨ੍ਹਾਂ ਸਭ ਦੇ ਪਿੱਛੇ ਦਿਸਦੀ ਖੁੱਲੀ ਰਸੋਈ। ਇਕ ਹੋਰ ਨੁੱਕਰ ਵਿਚ ਪਈ ਮੇਜ਼ ਉੱਤੇ ਰੱਖਿਆ ਕੰਪਿਊਟਰ, ਨਾਲ ਕੰਧਾਂ ਉੱਤੇ ਕਿਤਾਬਾਂ ਤੇ ਹੋਰ ਨਿੱਕ-ਸੁੱਕ ਨਾਲ ਲੱਦੇ ਹੋਏ ਟੰਗਵੇਂ ਸ਼ੈਲਫ਼। ਕੁਲ ਪਰਭਾਵ ਇਹੋ ਜਿਹਾ ਜਿਵੇਂ ਹਰ ਵੇਲੇ ਰੁੱਝੇ ਕਿਸੇ ਮਲੰਗ ਅਦੀਬ ਦਾ ਸਟੂਡੀਓ ਅਪਾਰਟਮੈਂਟ ਹੋਵੇ। ਇਕੋ ਵੇਲੇ ਬੇਤਰਤੀਬੀ ਵੀ ਤੇ ਤਰਤੀਬ ਵੀ। ਸਾਰੀਆਂ ਜਦੀਦ ਸਹੂਲਤਾਂ ਵੀ ਤੇ ਵੇਲੇ ਦੀ ਮਾਰ ਖਾਧੀਆਂ ਵਸਤਾਂ ਵੀ। ਘਰ ਵਰਗੀ ਬਣਤਰ ਵੀ, ਤੇ ਦਫ਼ਤਰ ਵਰਗਾ ਮਾਹੌਲ ਵੀ।
ਹੌਲੀ ਹੌਲੀ ਹੋਰ ਲੋਕ ਵੀ ਆਣੇ ਸ਼ੁਰੂ ਹੋ ਜਾਂਦੇ ਹਨ ; ਬੀਬੀਆਂ ਵੀ, ਬੀਬੇ ਵੀ। ਕੁਲ ਮਿਲਾ ਕੇ ਜਣੇ ਤਾਂ ਦਸ ਕੁ ਹੋਵਾਂਗੇ, ਪਰ ਪੀੜ੍ਹੀਆਂ ਦੀ ਨੁਮਾਇੰਦਗੀ ਵੀਹਵਿਆਂ ਦੇ ਸ਼ੁਰੂ ਤੋਂ ਲੈ ਕੇ ਸੱਠਵਿਆਂ ਦੇ ਅੰਤ ਤਕ ਫੈਲੀ ਹੋਈ ਹੈ। ਕੁਝਨਾ ਨੂੰ ਮੈਂ ਪਹਿਲਾਂ ਵੀ ਮਿਲ ਚੁੱਕਾ ਹਾਂ, ਪਰ ਕੁਝ ਚਿਹਰੇ ਅਸਲੋਂ ਨਵੇਂ ਹਨ।
ਸ਼ੁਰੂਆਤੀ ਚਾਹ ਦੀਆਂ ਚੁਸਕੀਆਂ ਲੈਂਦਿਆਂ ਮੈਂ ਦੱਸਦਾ ਹਾਂ, “ਅੱਜ ਤੁਹਾਡੀ ਏਸ ਬੈਠਕ ਵਿਚ ਪੜ੍ਹਣ ਲਈ ਮੈਂ ਦੋ ਰਚਨਾਵਾਂ ਚੁਣੀਆਂ ਹਨ। ਇਕ ਮੈਂ ਹਿੰਦੀ ਤੋਂ ਅਨੁਵਾਦ ਕੀਤੀ ਹੈ, ਪਰ ਉਸ ਦੀ ਰਹਿਤਲ ਤੇ ਮੂਲ ਮੁਹਾਂਦਰਾ ਪੰਜਾਬੀ ਹਨ। ਇਹ ਸਾਡੀ ਉਸ ਜ਼ਬਾਨ ਵਿਚ ਲਿਖੀ ਤੇ ਅਨੁਵਾਦ ਹੋਈ ਹੈ, ਜੋ ਅਜੇ ਵੀ ਸਾਡੀ ਸਭਨਾਂ ਦੀ ਸਾਂਝੀ ਹੈ। ਇਸ ਵਿਚ ਸ਼ਾਇਦ ਹੀ ਕੋਈ ਲਫ਼ਜ਼ ਤੁਹਾਨੂੰ ਓਪਰਾ ਜਾਪੇ। ਦੂਜੀ ਰਚਨਾ ਮੇਰੀ ਆਪਣੀ ਹੈ, ਮੇਰੀ ਹਾਲੀਆ ਯੂ.ਕੇ. ਫੇਰੀ ਤੋਂ ਮਗਰੋਂ ਲਿਖੀ, ਤੇ ਵੇਲਸ਼ ਮੂਲ ਦੇ ਕਵੀ ਡਿਲਨ ਟੌਮਸ ਨਾਲ ਜੁੜੀ ਹੋਈ। ਇਸ ਵਿਚ ਕਈ ਸ਼ਬਦ ਤੁਹਾਨੂੰ ਅਜਨਬੀ ਭਾਸਣਗੇ। ਜ਼ਬਾਨ ਬਦਲ ਰਹੀ ਹੈ, ਅਜੋਕੀ ਜ਼ਿੰਦਗੀ ਅਤੇ ਉਸ ਨਾਲ ਜੁੜੇ ਵਰਤਾਰਿਆਂ ਨੂੰ ਬਿਆਨਣ ਲਈ ਨਵੇਂ ਸ਼ਬਦ ਵਰਤੋਂ ਵਿਚ ਆ ਰਹੇ ਹਨ, ਕੁਝ ਸਾਨੂੰ ਘੜਨੇ ਵੀ ਪੈਂਦੇ ਹਨ। ਅਸੀਂ ਬਹੁਤੀ ਵਾਰ ਸੰਸਕ੍ਰਿਤ `ਤੇ ਟੇਕ ਰੱਖਦੇ ਹਾਂ, ਤੁਸੀਂ ਅਰਬੀ-ਫ਼ਾਰਸੀ ਦਾ ਸਹਾਰਾ ਲੈਂਦੇ ਹੋ। ਇਸਲਈ ਦੁਹਾਂ ਪਾਸਿਆਂ ਦੀ ਜਦੀਦ, ਜਾਂ ਆਧੁਨਿਕ ਜ਼ਬਾਨ ਵਿਚ ਪਾੜ ਪੈ ਰਿਹਾ ਹੈ, ਵਖਰੇਵਾਂ ਵਧ ਰਿਹਾ ਹੈ। ਇਸ ਬਾਰੇ ਵੀ ਗੱਲ ਕਰਾਂਗੇ। ਵੈਸੇ ਸੰਦਰਭ ਤੋਂ ਤੁਹਾਨੂੰ ਸਮਝਣ ਵਿਚ ਕੋਈ ਔਖ ਨਹੀਂ ਹੋਣ ਲੱਗੀ, ਪਰ ਜੇ ਕੋਈ ਲਫ਼ਜ਼ ਬਹੁਤਾ ਹੀ ਓਪਰਾ ਜਾਪਿਆ ਤਾਂ ਮੈਨੂੰ ਭਾਵੇਂ ਵਿੱਚੋਂ ਟੋਕ ਕੇ ਪੁੱਛ ਲੈਣਾ।”
ਇਕ ਚਕਵਾਂ ਮਾਈਕ੍ਰੋਫ਼ੋਨ ਫੜਾ ਕੇ ਮੈਨੂੰ ਪਹਿਲੀ ਰਚਨਾ ਪੜ੍ਹਨ ਲਈ ਕਿਹਾ ਜਾਂਦਾ ਹੈ। ਇਕ ਹੱਥ ਵਿਚ ਮਾਈਕ੍ਰੋਫ਼ੋਨ ਤੇ ਦੂਜੇ ਵਿਚ ਪੈਡ ਫੜ ਕਰ ਕੇ ਪੜ੍ਹਨਾ ਮੈਨੂੰ ਸੂਤ ਨਹੀਂ ਬੈਠ ਰਿਹਾ। ਮੇਰੀ ਬੇਆਰਾਮੀ ਨੂੰ ਭਾਂਪਦਿਆਂ ਕੋਲ ਬੈਠੀ ਸੁਆਣੀ, ਮ੍ਹਾਣੋ ਜਾਵੇਦ ਆਖਦੀ ਹੈ, “ਮਾਈਕ੍ਰੋਫ਼ੋਨ ਮੈਂ ਫੜ ਲੈਂਦੀ ਹਾਂ. ਤੁਸੀ ਆਰਾਮ ਨਾਲ ਪੜ੍ਹੀ ਜਾਵੋ।” ਉਸ ਦੀ ਇਸ ਮਿਹਰਬਾਨ ਪੇਸ਼ਕਸ਼ ਨੂੰ ਬੋਚਦਿਆਂ ਮੈਂ ਮਾਈਕ੍ਰੋਫ਼ੇਨ ਉਸ ਦੇ ਹੱਥ ਦੇ ਕੇ, ਸਹਿਜ ਹੋ ਕੇ ਪੜ੍ਹਨਾ ਸ਼ੁਰੂ ਕਰ ਦੇਂਦਾ ਹਾਂ। ਲੇਖ ਬਹੁਤਾ ਲੰਮਾ ਨਹੀਂ ਅਤੇ `ਸਮਾਰਕ` ਤੇ `ਅਦਭੁਤ` ਵਰਗੇ ਇੱਕਾ-ਦੁੱਕਾ ਸ਼ਬਦਾਂ ਨੂੰ ਛੱਡ ਕੇ ਮੇਰੇ ਅੱਜ ਦੇ ਸਰੋਤਿਆਂ ਲਈ ਮੇਰੀ ਸ਼ਬਦਾਵਲੀ ਕੋਈ ਬਹੁਤੀ ਓਪਰੀ ਵੀ ਨਹੀਂ। ਪੜ੍ਹਤ ਛੇਤੀ ਹੀ ਨਿੱਬੜ ਜਾਂਦੀ ਹੈ।
ਹੁਣ ਮੈਂ ਕ੍ਰਿਸ਼ਨਾ ਸੋਬਤੀ ਦੀ ਮਸ਼ਹੂਰ ਕਹਾਣੀ ‘ਸਿੱਕਾ ਬਦਲ ਗਿਆ` ਦਾ ਆਪੂੰ ਕੀਤਾ ਪੰਜਾਬੀ ਰੂਪ ਪੜ੍ਹਨਾ ਹੈ। ਇਸ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਇਕ ਹੋਰ ਗੱਲ ਆਪਣੇ ਸੁਣਨ ਵਾਲਿਆਂ ਨੂੰ ਦੱਸ ਦੇਣੀ ਜ਼ਰੂਰੀ ਸਮਝਦਾ ਹਾਂ, “ਇਹ ਬੜੀ ਜਜ਼ਬਾਤੀ ਕਹਾਣੀ ਹੈ, ਇਸ ਨੂੰ ਤਰਜਮਾਉਣ ਸਮੇਂ ਵੀ ਮੇਰਾ ਮਨ ਕਈ ਵਾਰ ਭਰ ਆਇਆ ਸੀ। ਹੋ ਸਕਦਾ ਹੈ, ਪੜ੍ਹਦਿਆਂ ਗੱਚ ਹੀ ਭਰ ਆਵੇ, ਉਸ ਲਈ ਪਹਿਲੋਂ ਹੀ ਖਿਮਾ ਮੰਗਦਾ ਹਾਂ।”
ਦਰਅਸਲ, ਪਿਛਲੇ ਕੁਝ ਸਮੇਂ ਤੋਂ ਮੈਂ ਨੋਟ ਕੀਤਾ ਹੈ ਕਿ ਕਿਸੇ ਵੀ ਕਿਸਮ ਦੀ ਜਜ਼ਬਾਤੀ ਲਿਖਤ, ਭਾਵੇਂ ਮੇਰਾ ਆਪਣਾ ਲਿਖਿਆ ਹੋਵੇ ਤੇ ਭਾਵੇਂ ਕਿਸੇ ਹੋਰ ਦਾ, ਪੜ੍ਹ ਕੇ ਸੁਣਾਂਦਿਆਂ ਮੈਂ ਭਾਵੁਕ ਹੋ ਜਾਂਦਾ ਹਾਂ ਅਤੇ ਮੇਰੀ ਆਵਾਜ਼ ਰੋਣਹਾਕੀ ਹੋ ਜਾਂਦੀ ਹੈ। ਮੈਂ ਆਪੇ ਉੱਤੇ ਜਾਬਤਾ ਗੁਆ ਬਹਿੰਦਾ ਹਾਂ, ਤੇ ਇਸ ਕਾਰਨ ਪਸ਼ੇਮਾਨ ਵੀ ਹੁੰਦਾ ਹਾਂ। ਇਹੋ ਆਦਤ ਮੇਰੇ ਪਿਤਾ ਵਿਚ ਵੀ ਹੁੰਦੀ ਸੀ ਜਿਸ ਕਾਰਣ ਜਨਤਕ ਤੌਰ ਤੇ ਉਨ੍ਹਾਂ ਨੂੰ ਫਿਸਦਿਆਂ ਦੇਖ ਕੇ ਮੈਂ ਸ਼ਰਮਸਾਰ ਵੀ ਹੁੰਦਾ ਸਾਂ, ਉਨ੍ਹਾਂ ਉੱਤੇ ਖਿਝਦਾ ਵੀ ਸਾਂ, “ਤੁਸੀ ਆਪਣੇ ਆਪ ਤੇ ਕੰਟ੍ਰੋਲ ਨਹੀਂ ਕਰ ਸਕਦੇ ? ਲੋਕੀਂ ਸੋਚਦੇ ਹੋਣਗੇ, ਐਵੇਂ ਖੇਖਣ ਕਰੀ ਜਾਂਦੈ।”
ਹੁਣ, ਓਸ ਉਮਰ ਵਿਚ ਆ ਕੇ ਜਦੋਂ ਪੁੱਤਰ ਪਿਓਵਾਂ ਵਰਗੇ ਹੋ ਜਾਂਦੇ ਹਨ, ਤੇ ਧੀਆਂ ਆਪਣੀਆਂ ਮਾਂਵਾਂ ਵਰਗੀਆਂ, ਮੈਂ ਵੀ ਉਹ ਸਭ ਗੱਲਾਂ ਸੋਖ ਲਈਆਂ ਹਨ, ਜੋ ਕਦੇ ਮੈਨੂੰ ਆਪਣੇ ਬਾਪ ਵਿਚ ਮਾੜੀਆਂ ਲਗਦੀਆਂ ਹੁੰਦੀਆਂ ਸਨ। ਏਸੇ ਲਈ ਮੈਂ ਸੋਚਿਆ ਕਿ ਕਿਸੇ ਸੰਭਾਵਤ ਨਮੋਸ਼ੀ ਤੋਂ ਬਚਣ ਲਈ ਮੈਂ ਸਾਹਮਣੇ ਬੈਠੇ ਦੋਸਤਾਂ ਨੂੰ ਪਹਿਲੋਂ ਹੀ ਆਪਣੀ ਇਸ ਕਮਜ਼ੋਰੀ ਬਾਰੇ ਦੱਸ ਛੱਡਾਂ।
“ਕੋਈ ਗੱਲ ਨਹੀਂ, ਤੁਸੀਂ ਪੜ੍ਹੋ ਕਹਾਣੀ”, ਮਕਸੂਦ ਸਾਕਿਬ ਨੇ ਕਿਹਾ।
‘ਸਿੱਕਾ ਬਦਲ ਗਿਆ` ਸਿਰਫ਼ ਇਕ ਦਿਨ ਦੀ ਕਹਾਣੀ ਹੈ। ਪਾਕਿਸਤਾਨ ਬਣ ਰਿਹਾ ਹੈ, ਤੇ ਲਹਿੰਦੇ ਪੰਜਾਬ ਦੇ ਆਪਣੇ ਪਿੰਡ ਵਿਚ ਸ਼ਾਹਣੀ ਦਾ ਆਖ਼ਰੀ ਦਿਨ ਹੈ, ਸ਼ਾਮ ਤਕ ਉਸ ਨੇ ਬੇਵਤਨ ਹੋ ਜਾਣਾ ਹੈ ਤੇ ਫੇਰ ਏਸ ਭੋਇੰ `ਤੇ ਕਦੇ ਨਹੀਂ ਮੁੜ ਸਕਣਾ।
ਪਰ ਕੀ ਭੋਇੰ ਸਿਰਫ਼ ਜ਼ਮੀਨ ਦਾ ਛੋਟਾ ਜਾਂ ਵੱਡਾ ਟੋਟਾ ਹੀ ਹੁੰਦੀ ਹੈ? ਇਸ ਨਾਲ ਤਾਂ ਆਪਣੀਆਂ ਹੀ ਨਹੀਂ ਸਗੋਂ ਪੁਰਖਿਆਂ ਦੀਆਂ ਯਾਦਾਂ ਵੀ ਜੁੜੀਆਂ ਹੁੰਦੀਆਂ ਹਨ, ਇਸ ਦੀਆਂ ਧੂੜਾਂ ਦੇ ਵਾ-ਵਰੋਲਿਆਂ ਵਿਚ ਹਾਣੀਆਂ ਨਾਲ ਖੇਡੀਆਂ ਖੇਡਾਂ, ਮਾਪਿਆਂ ਨਾਲ ਹੋਏ ਰੋਸੇ-ਮਨੇਵਿਆਂ, ਜਵਾਨੀ ਵੇਲੇ ਦੀਆਂ ਮਦਮਸਤੀਆਂ ਤੇ ਰੁਸਵਾਈਆਂ ਦੇ ਚੇਤੇ ਵੀ ਉੱਡਦੇ ਫਿਰਦੇ ਹਨ। ਆਪਣੀ ਮਿੱਟੀ ਤੋਂ ਹਮੇਸ਼ਾ ਲਈ ਜੁਦਾ ਹੋਣਾ ਇੰਜ ਹੀ ਹੈ ਜਿਵੇਂ ਤੁਹਾਡੇ ਕਲਬੂਤ ਤੋਂ ਚਮੜੀ ਉਧੇੜ ਦਿੱਤੀ ਜਾਵੇ, ਤੇ ਸਾਰੀਆਂ ਨਾੜਾਂ ਤੇ ਪਸਲੀਆਂ ਨੰਗੀਆਂ ਹੋ ਜਾਣ। ਜੁੱਸੇ ਵਿਚ ਲਹੂ ਵਗਦਾ ਵੀ ਰਹੇ, ਤੇ ਨਾਲ ਹੀ ਕਿਧਰੇ ਸਿੰਮਦਾ ਵੀ ਰਹੇ; ਕਦੇ ਨਾ ਭਰਨ ਵਾਲਾ ਜ਼ਖ਼ਮ, ਲਗਾਤਾਰ ਰਿਸਦਾ ਰਹਿਣ ਵਾਲਾ ਪੱਛ। ਕ੍ਰਿਸ਼ਨਾ ਸੋਬਤੀ ਦੀ ਇਸ ਨਿੱਕੀ ਜਿਹੀ ਕਹਾਣੀ ਦੀ ਖੂਬਸੂਰਤੀ ਇਹ ਹੈ ਆਪਣੀ ਜ਼ਮੀਨ ਤੋਂ ਉਚੇੜੀ ਜਾਣ ਵਾਲੀ ਸ਼ਾਹਣੀ ਦੀ ਪੀੜ, ਤੇ ਉਨ੍ਹਾਂ ਹਲਕਾਏ ਸਮਿਆਂ ਵਿਚ ਤਾਰੀ ਹੋਈ ਵਕਤੀ ਵਹਿਸ਼ਤ ਨੂੰ ਉਸਨੇ ਇਸ ਵਿਚ ਬੜੇ ਸਧੇ ਹੱਥੀਂ ਉਭਾਰਿਆ ਹੈ।
ਮੈਨੂੰ ਪਤਾ ਸੀ ਇਹੋ ਜਿਹੀ ਕਹਾਣੀ ਪੜ੍ਹ ਕੇ ਸੁਣਾਂਦਿਆਂ ਮੇਰਾ ਗੱਚ ਜ਼ਰੂਰ ਭਰ ਆਉਣਾ ਹੈ। ਉਹ ਵੀ ਪੰਜਾਬ ਦੇ ਉਸ ਸ਼ਹਿਰ ਵਿਚ ਬੈਠ ਕੇ ਪੜ੍ਹਦਿਆਂ ਹੋਏ, ਜਿੱਥੇ ਮੇਰੇ ਮਾਪਿਆਂ ਨੇ ਆਪੋ ਆਪਣੇ ਕਾਲਜਾਂ ਵਿਚ ਤਾਲੀਮ ਹਾਸਲ ਕੀਤੀ ਸੀ, ਜਿੱਥੇ ਉਨ੍ਹਾਂ ਦੀ ਮੁਹੱਬਤ ਦਾ ਮੁੱਢ ਬੱਝਿਆ ਸੀ, ਜਿੱਥੇ ਰਾਵੀ ਦੇ ਕੰਢੇ ਸੈਰਾਂ ਕਰਦਿਆਂ, ਇਕ ਦੂਜੇ ਦੇ ਹੱਥਾਂ ਵਿਚ ਹੱਥ ਦੇ ਕੇ ਉਨ੍ਹਾਂ ਹਰ ਹੀਲੇ ਆਪਣੇ ਇਸ਼ਕ ਨੂੰ ਤੋੜ ਚੜ੍ਹਾਉਣ ਦੇ ਇਕਰਾਰ ਕੀਤੇ ਸਨ। ਪਰ ਜਦੋਂ ਤੀਕ ਉਹ ਆਪਣੇ ਉਸ ਆਪਸੀ ਕੌਲ ਨੂੰ ਪੂਰਾ ਕਰਨ ਲਈ ਵਿਆਹ ਦੀ ਪੀਡੀ ਗੰਢ ਵਿਚ ਬੱਝੇ, ਮੁਲਕ ਤਕਸੀਮ ਹੋ ਚੁੱਕਾ ਸੀ। ਉਨ੍ਹਾਂ ਦੇ ਪਿਆਰ ਦੀਆਂ ਜਾਮਨ ਗਲੀਆਂ ਵਾਲਾ ਸ਼ਹਿਰ ਪਰਾਇਆ ਹੋ ਚੁੱਕਾ ਸੀ, ਤੇ ਓਸ ਸ਼ਹਿਰ ਨੂੰ ਇਕ ਵਾਰ ਮੁੜ ਦੇਖਣ, ਉਨ੍ਹਾਂ ਗਲੀਆਂ ਨੂੰ ਇਕ ਵਾਰ ਫੇਰ ਕੱਛਣ ਦੀ ਉਨ੍ਹਾਂ ਦੀ ਸੱਧਰ ਕਦੇ ਪੂਰੀ ਨਾ ਹੋ ਸਕੀ। ਮੈਂ ਖੁਸ਼ਕਿਸਮਤ ਹਾਂ ਕਿ ਘੱਟੋ-ਘੱਟ ਮੈਂ ਇਕ ਨਹੀਂ ਕਈ ਵਾਰ ਉਨ੍ਹਾਂ ਦੇ ਸ਼ਹਿਰ ਆ ਸਕਿਆ ਹਾਂ। ਪਰ ਹਰ ਵਾਰ ਸਰਹੱਦ ਪਾਰ ਕਰਨ ਲਈ ਮੈਨੂੰ ਕਿਹੜੇ ਕਿਹੜੇ ਜ਼ੱਫ਼ਰ ਜਾਲਣੇ ਪੈਂਦੇ ਹਨ, ਉਹ ਮੈਂ ਹੀ ਜਾਣਦਾ ਹਾਂ। ਏਸੇ ਲਈ ਲਾਹੌਰ ਆ ਕੇ ਮੈਨੂੰ ਹਮੇਸ਼ਾ ਲਗਦਾ ਹੈ, ਮੇਰੇ ਮਾਪੇ ਮੇਰੇ ਨਾਲ ਟੁਰੇ ਹੋਏ ਹਨ, ਮੈਂ ਸ਼ਹਿਰ ਨੂੰ ਉਨ੍ਹਾਂ ਦੀਆਂ ਅੱਖਾਂ ਨਾਲ ਤੱਕ ਰਿਹਾ ਹਾਂ। ਤੇ ਇਹ ਸ਼ਹਿਰ ਮੇਰਾ ਵੀ ਹੈ।
ਜਿਵੇਂ ਕਿ ਮੈਨੂੰ ਤੌਖ਼ਲਾ ਸੀ ਹੀ, ਕਹਾਣੀ ਪੜ੍ਹਦਿਆਂ ਮੇਰਾ ਗੱਚ ਭਰ ਜਾਂਦਾ ਹੈ। ਮੈਂ ਸਾਹਮਣੇ ਪਏ ਪਾਣੀ ਦੇ ਗਲਾਸ ਵਿਚੋਂ ਦੋ ਘੁੱਟ ਭਰ ਕੇ, ਸ਼ਰਮਿੰਦਾ ਜਿਹੀ ਮੁਆਫ਼ੀ ਮੁੜ ਮੰਗਦਾ ਤੇ ਆਪਣੀ ਆਵਾਜ਼ ਨੂੰ ਸਾਂਵਾਂ ਰੱਖਣ ਦਾ ਜਤਨ ਕਰਦਿਆਂ ਕਹਾਣੀ ਦੀ ਪੜ੍ਹਤ ਜਾਰੀ ਰੱਖਣ ਦਾ ਆਹਰ ਕਰਦਾ ਹਾਂ। ਪਰ ਅੱਜ ਜਿਵੇਂ ਮੇਰੇ ਹੱਥ ਵਸ ਕੁਝ ਹੋਵੇ ਹੀ ਨਾ। ਹਰ ਤੀਜੇ ਚੌਥੇ ਫ਼ਿਕਰੇ ਮਗਰੋਂ ਮੇਰਾ ਗਲਾ ਰੁੰਨਿਆ ਜਾਂਦਾ ਹੈ, ਤੇ ਫੇਰ…ਫੇਰ ਮੈਂ ਹਟਕੋਰੇ ਭਰਨ ਲੱਗ ਪੈਂਦਾ ਹਾਂ। ਬਚਪਨ ਦੀ ਦਹਿਲੀਜ਼ ਪਾਰ ਕਰ ਲੈਣ ਪਿੱਛੋਂ ਮੈਂ ਆਪਣੇ ਆਪ ਨੂੰ ਇੰਜ ਰੋਂਦਿਆਂ ਕਦੇ ਨਹੀਂ ਦੇਖਿਆ। ਆਪਣੇ ਮਾਪਿਆਂ ਦੀਆਂ ਮੌਤਾਂ ਵੇਲੇ ਵੀ ਮੈਂ ਇੰਜ ਨਹੀਂ ਸਾਂ ਵਿਲਕਿਆ। ਪੜ੍ਹੇ-ਲਿਖੇ ਸ਼ਹਿਰੀਆਂ ਵਾਂਗ ਮੈਂ ਲੋਕਾਂ ਸਾਹਮਣੇ ਹੰਝੂ ਨਾ ਕੇਰਨ, ਆਪਣੇ ਜਜ਼ਬਾਤ ਉੱਤੇ ਕਾਬੂ ਪਾ ਕੇ ਰੱਖਣ ਦਾ ਵਲ ਚਿਰੋਕਣਾ ਸਿੱਖ ਲਿਆ ਹੋਇਆ ਹੈ। ਪਰ ਅੱਜ ਮੈਨੂੰ ਹੋ ਕੀ ਗਿਆ ਹੈ। ਇਕ ਹੱਥ ਵਿਚ ਮਾਈਕ੍ਰੋਫ਼ੋਨ ਫੜੀ ਮ੍ਹਾਣੇ ਜਾਵੇਦ ਆਪਣੇ ਦੂਜੇ ਹੱਥ ਨਾਲ ਮੇਰੀ ਪਿੱਠ ਪਲੋਸ ਰਹੀ ਹੈ, ਸਾਹਮਣੇ ਬੈਠਾ ਅਬਦੁਲ ਰਹਿਮਾਨ ਵੀ ਫਫਕਣ ਲੱਗ ਪਿਆ ਹੈ। ਇਕ ਅਦਬੀ ਮਹਿਫ਼ਲ ਜਿਵੇਂ ਮਕਾਣ ਵਿਚ ਤਬਦੀਲ ਹੋ ਗਈ ਹੋਵੇ। ਨਾ ਮੈਨੂੰ ਸਮਝ ਆ ਰਹੀ ਹੈ ਕਿ ਇਸ ਬੇਵਕਤੇ ਜਜ਼ਬਾਤੀ ਹੜ੍ਹ ਨੂੰ ਮੈਂ ਕਿਵੇਂ ਠੱਲ੍ਹਾ, ਨਾ ਉਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਮੈਨੂੰ ਕਿਵੇਂ ਵਰਚਾਉਣ, ਦਿਲਾਸਾ ਕਿਵੇਂ ਦੇਣ।
ਮਕਸੂਦ ਸਾਕਿਬ ਦੇ ਸੱਜੇ ਹੱਥ ਬੈਠਾ, ਹਾਲੇ ਤੀਕ ਚੁੱਪ ਚੁਪੀਤਾ ਬੈਠਾ ਰਿਹਾ, ਮੇਰੇ ਤੋਂ ਕੁਝ ਵਰ੍ਹੇ ਛੋਟਾ ਜਾਪਦਾ ਸੱਜਣ ਆਪਣੇ ਮਾਪਿਆਂ ਦੀ ਕਹਾਣੀ ਸੁਣਾਂਦਾ ਹੈ, ਜੋ ਰੌਲਿਆਂ ਵੇਲੇ ਸਭ ਕੁਝ ਗੁਆ ਕੇ ਫ਼ਿਰੋਜ਼ਪੁਰ ਤੋਂ ਆਏ ਸਨ ਤੇ ਮੁੜ ਕਦੇ ਵਾਪਸ ਨਾ ਜਾ ਸਕੇ। ਅਜੇ ਵੀਹਵਿਆਂ ਦੀ ਕੁਲੀ ਉਮਰ ਹੰਢਾ ਰਿਹਾ ਅਬਦੁਲ ਰਹਿਮਾਨ ਆਪਣੇ ਦਾਦੇ ਦਾਦੀ ਦਾ ਜ਼ਿਕਰ ਕਰਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਕਹਿਰੀ ਸਮਿਆਂ ਵਿਚ ਜੀਰਾ ਤਹਿਸੀਲ ਵਿਚ ਪੈਂਦੇ ਪਿੰਡਾਂ ਤੋਂ ਭੱਜਣਾ ਪਿਆ ਸੀ ਤੇ ਉਹ ਵੀ ਆਪਣੇ ਪਿੰਡਾਂ ਨੂੰ ਮੁੜ ਦੇਖ ਸਕਣ ਦੀ ਸਹਿਕ ਦਿਲ ਵਿਚ ਲੈ ਕੇ ਹੀ ਫੌਤ ਹੋ ਗਏ।
ਇਸ ਕਮਰੇ ਵਿਚ ਬੈਠੇ ਅਸੀਂ ਸਾਰੇ ਜਣੇ ਹੀ ਵੰਡ ਤੋਂ ਬਾਅਦ ਦੀ ਪੈਦਾਇਸ਼ ਹਾਂ ਪਰ ਕ੍ਰਿਸ਼ਨਾ ਸੋਬਤੀ ਦੀ ਸ਼ਾਹਣੀ ਦੇ ਖ਼ਿਆਲੀ ਕਿਰਦਾਰ ਦੇ ਦਰਦ ਦੀ ਚੀਸ ਅਸੀਂ ਤਕਸੀਮ ਦੀ ਪੌਣੀ ਸਦੀ ਬਾਅਦ ਵੀ ਮਹਿਸੂਸ ਕਰ ਰਹੇ ਹਾਂ, ਉਹ ਪੀੜ ਜੋ ਸਾਡੇ ਤੀਕ ਸਾਡੇ ਮਾਪਿਆਂ ਦਾ ਪੁਰਖਿਆਂ ਦੇ ਭੋਗੇ ਸੰਤਾਪ ਰਾਹੀਂ ਪੁੱਜੀ ਹੈ, ਉਸਦੀਆਂ ਤ੍ਰਾਟਾਂ ਅੱਜ ਵੀ ਸਾਨੂੰ ਪੈਣ ਲੱਗ ਪੈਂਦੀਆਂ ਹਨ। ਜਿਵੇਂ ਸ਼ਾਹਣੀ ਦੇ ਮਾਤਮ ‘ਤੇ ਆਏ ਹੋਏ ਅਸੀਂ ਸਾਰੇ ਆਪੋ-ਆਪਣੇ ਮਾਪਿਆਂ ਨੂੰ ਰੋ ਰਹੇ ਹੋਈਏ। ਇਕ ਅਜਿਹਾ ਸਾਂਝਾ ਸੱਥਰ ਜੋ ਹਰ ਜਣੇ ਅੰਦਰ ਦੱਬੇ ਆਪੋ-ਆਪਣੇ ਦੁਖ ਨੂੰ ਸਾਂਝੇ ਤੌਰ ‘ਤੇ ਸਿਸਕ ਲੈਣ ਦਾ ਮੌਕਾ ਦੇ ਰਿਹਾ ਹੈ।
“75 ਸਾਲ ਲੰਘ ਗਏ ਨੇ ਪਰ ਇਹ ਪੀੜ ਜਾਂਦੀ ਕਿਓਂ ਨਹੀਂ ? ਸਾਨੂੰ ਅਜੇ ਵੀ ਤੰਗ ਕਿਓਂ ਕਰਦੀ ਹੈ ? ਇਹ ਮੁੱਕੇਗੀ ਕਦੋਂ?” ਆਪਦੇ ਡੁਸਕਣ `ਤੇ ਕਾਬੂ ਪਾ ਚੁੱਕਾ ਅਬਦੁਲ ਰਹਿਮਾਨ ਸਵਾਲ ਕਰਦਾ ਹੈ। ਉਹ ਖ਼ਾਸ ਮੇਰੇ ਵੱਲ ਮੁਖ਼ਾਤਬ ਨਹੀਂ, ਉਸ ਦਾ ਸਵਾਲ ਸਾਰਿਆਂ ਨੂੰ ਹੈ ਪਰ ਏਸਦਾ ਜਵਾਬ ਹੈ ਮੇਰੇ ਕੋਲ।
“ਇਹ ਪੀੜ ਓਦੋਂ ਹੀ ਮੁੱਕੇਗੀ, ਜਦੋਂ ਅਸੀਂ ਸੌਖਿਆਂ ਹੀ ਇਕ ਦੂਜੇ ਦੇ ਘਰ ਆ ਜਾ ਸਕਾਂਗੇ। ਜਦੋਂ ਪੁਰਖਿਆਂ ਦੀ ਛੱਡੀ ਧਰਤ ਨੂੰ ਸਲਾਮ ਕਰਨ ਜਾ ਸਕਣਾ ਔਖਾ ਨਹੀਂ ਰਹੇਗਾ। ਓਦੋਂ ਹੀ ਸਾਡੀ ਸਿੱਕ ਨੂੰ ਠੰਡ ਪੈ ਸਕੇਗੀ। ਓਦੋਂ ਹੀ ਅਸੀਂ ‘ਨਾਰਮਲ` ਹੋ ਸਕਾਂਗੇ।”
ਕਿੰਨਾ ਸੌਖਾ ਹੱਲ ਹੈ ਪਰ ਇਸ ਨੂੰ ਅਮਲੀ ਜਾਮਾ ਪੁਆ ਸਕਣਾ ਕੇਡਾ ਔਖਾ। 75 ਸਾਲ ਲੰਘ ਗਏ ਨੇ ਏਸੇ ਉਡੀਕ ਵਿਚ।