ਉੱਤਰ ਭਾਰਤ ਵਿਚ ਗਰਮੀ ਦਾ ਕਹਿਰ

ਗੁਲਜ਼ਾਰ ਸਿੰਘ ਸੰਧੂ
ਲੰਘੇ ਸਪਤਾਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਠਾਣੇ ਵਿਚ ਪੈਂਦੇ ਆਪਣੇ ਪਿੰਡ ਦੀ ਫੇਰੀ ਨੇ ਮੈਨੂੰ ਪੰਜਾਬ ਵਿਚ ਪੈ ਰਹੀ ਅੰਤਾਂ ਦੀ ਗਰਮੀ ਤੋਂ ਜਾਣੂ ਕਰਵਾਇਆ| ਪੈਦਲ, ਸਾਈਕਲ ਸਵਾਰ ਤੇ ਸਕੂਟਰਾਂ ਜਾਂ ਮੋਟਰ ਸਾਈਕਲਾਂ ਵਾਲੇ ਆਪਣੇ ਦੁਪੱਟੇ ਜਾਂ ਪਗੜੀ ਦੇ ਲੜ ਨਾਲ ਮੂੰਹ ਢਕ ਕੇ ਅੱਗੇ ਵਧ ਰਹੇ ਸਨ|

ਕੰਬਾਈਨਾਂ ਨਾਲ ਵੱਢੀ ਕਣਕ ਦੇ ਖੇਤਾਂ ਵਿਚ ਰਹਿ ਗਏ ਜੁੰਡਿਆਂ ਨੂੰ ਲਾਈ ਅੱਗ ਦਾ ਧੂੰਆਂ ਰਸਤਿਆਂ ਵਿਚ ਪਸਰਿਆ ਪਿਆ ਸੀ| ਮੈਂ ਇਹ ਵੀ ਜਾਣਦਾ ਸਾਂ ਕਿ ਮੌਸਮ ਵਿਭਾਗ ਨੇ ਚੇਤਾਵਨੀ ਦੇ ਰੱਖੀ ਹੈ| ਇਹ ਵਾਲੀ ਲੂ ਕੇਵਲ ਪੰਜਾਬੀਆਂ ਦੀ ਜਾਨ ਦਾ ਖੌਅ ਨਹੀਂ ਸੀ ਬਣੀ, ਦਿੱਲੀ, ਹਰਿਆਣਾ ਤੇ ਰਾਜਸਥਾਨ ਵੀ ਲਪੇਟ ਵਿਚ ਆ ਚੁੱਕੇ ਸਨ| ਪਸ਼ੂ ਪੰਛੀਆਂ ਦੀ ਪਿਆਸ ਮਿਟਾਉਣ ਵਾਲੇ ਟੋਭਿਆਂ ਦਾ ਪਾਣੀ ਸੁੱਕ ਚੁੱਕਾ ਸੀ|
ਇੱਕ ਪਿੰਡ ਦੇ ਤੂੜੀ ਵਾਲੇ ਕੁੱਪ ਸੜੇ ਹੋਏ ਮਿਲੇ ਤੇ ਇੱਕ ਦੀਆਂ ਜੂਹਾਂ ਵਿਚ ਉਡਣੇ ਪੰਛੀ ਬੇਸੁੱਧ ਪਏ| ਵੱਡੇ ਰੁੱਖਾਂ ਦੀ ਕਟਾਈ ਨੇ ਵਾਤਾਵਰਣ ਦੀ ਗਰਮੀ ਵਿਚ ਅੰਤਾਂ ਦਾ ਵਾਧਾ ਕੀਤਾ ਹੋਇਆ ਹੈ| ਮਾਨਵ ਜਾਤੀ ਤਾਂ ਕੋਈ ਨਾ ਕੋਈ ਅਹੁੜ ਪਹੁੜ ਕਰ ਲੈਂਦੀ ਹੈ| ਇਨ੍ਹਾਂ ਜੀਵਾਂ ਦਾ ਕੋਈ ਰਖਵਾਲਾ ਨਹੀਂ| ਉਹ ਦਿਨ ਲੱਦ ਗਏ ਜਦ ਪਿੰਡਾਂ ਦੀਆਂ ਸੁਆਣੀਆਂ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਚੋਗਾ ਖਿਲਾਰ ਕੇ ਪੰਛੀਆਂ ਲਈ ਲੋੜੀਂਦਾ ਪਾਣੀ ਦਾ ਕਸੋਰਾ ਰੱਖ ਦਿੰਦੀਆਂ ਸਨ| ਦਾਲ, ਦਲੀਆ, ਚੌਲ, ਬਾਜਰਾ, ਫਰੂਟ ਤੇ ਰੋਟੀ ਦੇ ਟੁਕੜੇ ਚੁਗਚੁਗਾ ਕੇ ਪੰਛੀ ਨੌਂ ਬਰ ਨੌਂ ਰਹਿੰਦੇ ਹਨ| ਨਵੀਂ ਪੀੜ੍ਹੀ ਦਾ ਏਸ ਪਾਸੇ ਧਿਆਨ ਹੀ ਨਹੀਂ| ਉਹ ਤਾਂ ਆਪੋ ਆਪਣੇ ਮਸ਼ੀਨੀ ਯੰਤਰਾਂ ਨਾਲ ਖੇਡਣ ਵਿਚ ਰੁੱਝੇ ਰਹਿੰਦੇ ਹਨ| ਉਹ ਨਹੀਂ ਜਾਣਦੇ ਕਿ ਇੱਕ ਦਿਨ ਉਨ੍ਹਾਂ ਵੀ ਬੁਢਾਪੇ ਦਾ ਸ਼ਿਕਾਰ ਹੋਣਾ ਹੈ| ਸੜਕਾਂ ਦੇ ਖੱਬੇ ਸੱਜੇ ਵਾਲੇ ਰੁੱਖਾਂ ਨੂੰ ਕਟਵਾਉਣਾ ਉਨ੍ਹਾਂ ਦੀਆਂ ਮੋਟਰ ਗੱਡੀਆਂ ਦੀ ਲੋੜ ਹੈ| ਮੌਸਮ ਵਿਭਾਗ ਵਲੋਂ ਜਾਰੀ ਕੀਤੀ ਗਈ ਲਾਲ ਤੇ ਸੰਗਤਰੀ ਚੇਤਾਵਨੀ (ਰੈੱਡ ਤੇ ਔਰੈਂਜ ਐਲਰਟ) ਉਨ੍ਹਾਂ ਲਈ ਕੋਈ ਅਰਥ ਨਹੀਂ ਰਖਦੀ|
ਤਾਜ਼ਾ ਖਬਰਾਂ ਅਨੁਸਾਰ ਰਾਜਸਥਾਨ ਦੇ ਤਿੰਨ ਸ਼ਹਿਰਾਂ ਵਿਚ ਤਾਪਮਾਨ 50 ਡਿਗਰੀ ਸੈਲਸੀਅਸ ਪਾਰ ਕਰ ਚੁੱਕਾ ਹੈ, ਚੁਰੂ ਸ਼ਹਿਰ ਦੇ 50.5 ਸਮੇਤ 50.3 ਡਿਗਰੀ ਤੱਕ ਤਾਂ ਹਰਿਆਣਾ ਦਾ ਸਿਰਸਾ ਹੀ ਪਹੁੰਚ ਚੁੱਕਾ ਹੈ ਜਿਹੜਾ ਚਾਰ ਵਿਅਕਤੀਆਂ ਦੀ ਜਾਨ ਵੀ ਲੈ ਚੁੱਕਿਆ ਹੈ| ਹੋਰ ਤਾਂ ਹੋਰ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਤਾਪਮਾਨ 49.3 ਡਿਗਰੀ `ਤੇ ਪਹੁੰਚਿਆ ਦੱਸਿਆ ਜਾਂਦਾ ਹੈ; ਆਮ ਤਾਪਮਾਨ ਨਾਲੋਂ ਅੱਠ ਡਿਗਰੀ ਵੱਧ| ਏਥੇ ਵੀ ਚਾਰ ਵਿਅਕਤੀਆਂ ਦੀ ਮੌਤ ਹੋਈ ਦੱਸੀ ਜਾਂਦੀ ਹੈ|
ਜੱਟ ਦਾ ਪੁੱਤ ਕੀ ਕਰੇ? ਉਸਦੀ ਸਬਜ਼ੀਆਂ ਦੀ ਫਸਲ ਪਾਣੀ ਮੰਗ ਰਹੀ ਹੈ ਤੇ ਰੱਬ ਅੱਗ ਵਰ੍ਹਾ ਰਿਹਾ ਹੈ| ਮੌਸਮ ਤੇ ਵਾਤਾਵਰਣ ਵਿਗਿਆਨੀ ਦੋ ਦਹਾਕਿਆਂ ਤੋਂ ਦੁਨੀਆਂ ਦੇ ਕਈ ਸ਼ਹਿਰਾਂ ਨੂੰ ਸ਼ਹਿਰੀ ਤਪਸ਼ ਟਾਪੂ (ਅਰਬਨ ਹੀਟ ਆਈਲੈਂਡ) ਬਣਨ ਦੀ ਭਵਿੱਖਬਾਣੀ ਕਰ ਰਹੇ ਹਨ| ਕੱਲ੍ਹ ਨੂੰ ਉੱਤਰੀ ਭਾਰਤ ਦੇ ਸਬੰਧਤ ਸ਼ਹਿਰਾਂ ਉੱਤੇ ਵੀ ਇਹੀਓ ਫਤਵਾ ਦਾਇਰ ਹੋ ਸਕਦਾ ਹੈ| ਅਤਿ ਲੋੜੀਂਦੀਆਂ ਵਸਤੂਆਂ ਦੀ ਉਪਜ ਕਰਨ ਵਾਲੇ ‘ਪਰੋਡਕਸ਼ਨ ਹੱਬ’ ਵਜੋਂ ਜਾਣੇ ਜਾਂਦੇ ਸ਼ਹਿਰ ਉਚੇਚਾ ਧਿਆਨ ਮੰਗਦੇ ਹਨ| ਮੰਨਿਆ, ਆਬਾਦੀ ਵਿਚ ਹੋ ਰਿਹਾ ਵਾਧਾ ਅਜਿਹੀਆਂ ਸਥਿਤੀਆਂ ਪੈਦਾ ਕਰ ਰਿਹਾ ਹੈ, ਪਰ ਕੀ ਇਹ ਮਸਲਾ ਏਨਾ ਹੀ ਗੰਭੀਰ ਹੈ ਕਿ ਇਸ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ?
ਜੇ ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਨਾ ਕੀਤੀ ਤਾਂ ਸਿਰ ਉੱਤੇ ਕੇਵਲ ਮੌਤ ਹੀ ਨਹੀਂ ਮੰਡਰਾਉਣੀ ਇਸਦਾ ਰੂਪ ਵੀ ਏਨਾ ਭਿਆਨਕ ਹੋ ਜਾਵੇਗਾ ਕਿ ਸਿਹਤ ਵਿਗਿਆਨੀਆਂ ਦੇ ਵੱਸੋਂ ਬਾਹਰ ਜਾ ਸਕਦਾ ਹੈ| ਪਰਿਵਾਰ ਨਿਯੋਜਨ ਲਈ ਚੀਨ ਵਰਗੇ ਤਾਨਾਸ਼ਾਹੀਆਂ ਤੋਂ ਸਬਕ ਸਿਖੀਏ| ਉੱਕਾ ਗੁਰੇਜ਼ ਨਾ ਕਰੀਏ| ਇਸੇ ਵਿਚ ਹੀ ਭਲਾ ਹੈ|
ਲੋਕ ਸਭਾ ਚੋਣਾਂ, ਰਾਜਨੀਤੀ ਤੇ ਚੋਣ ਪਰਚਾਰ
ਹੁਣ ਜਦੋਂ ਚੋਣ ਦੰਗਲ ਦੇ ਵੱਖੋ ਵੱਖਰੇ ਰੂਪ ਵੀ ਸਾਹਮਣੇ ਆ ਚੁੱਕੇ ਹਨ, ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ ਤੇ ਵੋਟਾਂ ਪੈ ਚੁੱਕੀਆਂ ਹਨ| ਰਾਜਨੀਤੀ ਦੇ ਇੱਕ ਦੋ ਰੂਪਾਂ ਬਾਰੇ ਗੱਲ ਕਰਨ ਦਾ ਕੋਈ ਹਰਜ ਨਹੀਂ| ਦੋ ਦਹਾਕੇ ਪੁਰਾਣੇ ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਰਾਮ ਰਹੀਮ ਦਾ ਅੱਜ ਦੇ ਦਿਨ ਬਰੀ ਹੋਣਾ ਇਨ੍ਹਾਂ ਵਿਚੋਂ ਪ੍ਰਮੁੱਖ ਹੈ ਜਦ ਕਿ ਦਲੀਲਾਂ ਪਹਿਲਾਂ ਹੀ ਮੁਕੰਮਲ ਹੋ ਚੁੱਕੀਆਂ ਸਨ| ਇਹ ਵੀ ਸਬੱਬ ਦੀ ਗੱਲ ਹੈ ਕਿ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਇਨ੍ਹਾਂ ਦਿਨਾਂ ਵਿਚ ਪੈਂਦੀ ਹੈ| ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਇੱਕ ਇਸ਼ਤਿਹਾਰ ਰਾਹੀਂ ਮੂਸੇਵਾਲਾ ਦੇ ਗੁਣਾਂ ਨੂੰ ਅੱਜ ਦੇ ਦਿਨ ਉਭਾਰਨਾ ਵੀ ਏਸ ਤਰ੍ਹਾਂ ਦਾ ਕਰਤੱਵ ਹੈ| ਇਹ ਪਾਰਟੀ ਉਦੋਂ ਕਿਹੜੀ ਨੀਂਦ ਸੁੱਤੀ ਹੋਈ ਸੀ ਜਦੋਂ ਬੀਜੇਪੀ ਵਾਲੇ ਪੰਡਤ ਨਹਿਰੂ ਤੇ ਇੰਦਰਾ ਗਾਂਧੀ ਦੀਆਂ ਪ੍ਰਾਪਤੀਆਂ ਨੂੰ ਆਪਣੀ ਸੱਤਾਂ ਸਾਲਾਂ ਦੀ ਬਾਦਸ਼ਾਹਤ ਦਾ ਗੁਣਗਾਇਨ ਕਰਕੇ ਮਧੋਲ ਰਹੀ ਸੀ| ਰਾਹੁਲ ਗਾਂਧੀ ਨੂੰ ਸ਼ਹਿਜ਼ਾਦਾ ਕਹਿਣਾ ਤੇ ਕਾਂਗਰਸ ਪਾਰਟੀ ਦੇ ਇਕੱਠਾਂ ਨੂੰ ਮੁਜਰਾ ਕਹਿਣਾ ਹਾਲੀ ਕੱਲ੍ਹ ਦੀ ਗੱਲ ਹੈ| ਕੋਈ ਬਿਸਕੁਟ ਵੇਚਣ ਵਾਲਾ ਤਾਂ ਆਪਣੇ ਗਾਹਕ ਨੂੰ ਸ਼ਹਿਜ਼ਾਦਾ ਜਾਂ ਬਾਦਸ਼ਾਹ ਆਖੇ ਤਾਂ ਏਨਾ ਮਾੜਾ ਨਹੀਂ ਲਗਦਾ ਸਿਆਸੀ ਲੀਡਰ ਦਾ ਅਜਿਹੇ ਵਿਸ਼ੇਸ਼ਣ ਵਰਤਣਾ ਕਿੰਨਾ ਕੁ ਸ਼ੋਭਦਾ ਹੈ? ਉੱਤਰ ਮਿਲ ਹੀ ਜਾਣਾ ਹੈ! ਦੋ ਦਿਨ ਦੀ ਖੇਡ ਹੈ!!
ਅੰਤਿਕਾ
ਸੁਰਜੀਤ ਪਾਤਰ॥
ਮੈਂ ਤਾਂ ਸੜਕ ’ਤੇ ਵਿਛੀ ਬਿਰਖਾਂ ਦੀ ਛਾਂ ਹਾਂ
ਮੈਂ ਨਹੀਂ ਮਿਟਣਾ ਸੌ ਵਾਰ ਲੰਘ ਮਸਲ ਕੇ।