ਵਿਸ਼ਵ ਦੇ ਮਹਾਨ ਖਿਡਾਰੀ: ਹਾਕੀ ਦਾ ਜੁਝਾਰੂ ਖਿਡਾਰੀ ਸੀ ਸੁਰਜੀਤ ਸਿੰਘ

ਪ੍ਰਿੰ. ਸਰਵਣ ਸਿੰਘ
ਸੁਰਜੀਤ ਸਿੰਘ ਰੰਧਾਵਾ ਹਾਕੀ ਦਾ ਮਹਾਨ ਫੁੱਲ ਬੈਕ ਖਿਡਾਰੀ ਸੀ। ਉਸ ਨੂੰ ਚੀਨ ਦੀ ਕੰਧ ਕਿਹਾ ਜਾਂਦਾ ਸੀ। 1978 ਦੀਆਂ ਏਸ਼ਿਆਈ ਖੇਡਾਂ ਸਮੇਂ ਇਕ ਕੁਮੈਂਟੇਟਰ ਨੇ ਤਾਂ ਇਥੋਂ ਤਕ ਕਹਿ ਦਿੱਤਾ ਸੀ ਕਿ ਇਕ ਪਾਸੇ ਪਾਕਿਸਤਾਨ ਦੀ ਟੀਮ ਹੈ ਤੇ ਦੂਜੇ ਪਾਸੇ ਇੰਡੀਆ ਦਾ ਫੁੱਲ ਬੈਕ ਸੁਰਜੀਤ ਸਿੰਘ। ਸੁਰਜੀਤ ਸਿੰਘ `ਕੱਲਾ ਹੀ ਪੂਰੀ ਪਾਕਿਸਤਾਨੀ ਟੀਮ ਨੂੰ ਡੱਕੀ ਖੜ੍ਹਾ ਹੈ!

1973 ਦੇ ਵਿਸ਼ਵ ਹਾਕੀ ਕੱਪ ਵਿਚ ਉਸ ਨੇ ਐਸੀ ਖੇਡ ਖੇਡੀ ਕਿ ਉਸ ਨੂੰ ਵਰਲਡ ਹਾਕੀ ਇਲੈਵਨ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1974 ਵਿਚ ਤਹਿਰਾਨ ਦੀਆਂ ਏਸ਼ਿਆਈ ਖੇਡਾਂ ਸਮੇਂ ਉਹ ਏਸ਼ੀਅਨ ਆਲ ਸਟਾਰਜ਼ ਟੀਮ ਵਿਚ ਚੁਣਿਆ ਗਿਆ। ਬਰੱਸਲਜ਼ ਵਿਚ ਏਸ਼ੀਆ ਤੇ ਯੂਰਪ ਦੀਆਂ ਟੀਮਾਂ ਵਿਚਕਾਰ ਮੈਚ ਹੋਇਆ ਤਾਂ ਉਸ ਨੇ ਏਨੀ ਵਧੀਆ ਖੇਡ ਵਿਖਾਈ ਕਿ ਵਿਸ਼ਵ ਮੀਡੀਆ ਨੇ ਉਸ ਨੂੰ ਦੁਨੀਆ ਦਾ ਸਰਵੋਤਮ ਫੁੱਲ ਬੈਕ ਖਿਡਾਰੀ ਕਿਹਾ। 1975 ਵਿਚ ਉਸ ਨੇ ਕੁਆਲਾਲੰਪੁਰ ਦਾ ਤੀਜਾ ਵਿਸ਼ਵ ਕੱਪ ਖੇਡਿਆ ਜਿਥੇ ਭਾਰਤੀ ਟੀਮ ਨੂੰ ਜਿੱਤ ਨਸੀਬ ਹੋਈ। ਸੁਰਜੀਤ ਹੋਰਾਂ ਨੇ ਫਾਈਨਲ ਮੈਚ ਵਿਚ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਹਾਕੀ ਦਾ ਵਿਸ਼ਵ ਕੱਪ ਜਿੱਤਿਆ ਜੋ ਭਾਰਤੀ ਟੀਮ ਹੁਣ ਤਕ ਇਕੋ ਵਾਰ ਜਿੱਤ ਸਕੀ। 1976 `ਚ ਉਹ ਮੌਂਟਰੀਅਲ ਦੀਆਂ ਓਲੰਪਿਕ ਖੇਡਾਂ ਵਿਚ ਖੇਡਿਆ। 1970ਵਿਆਂ ਦੌਰਾਨ ਉਹ ਹਾਕੀ ਦਾ ਸਭ ਤੋਂ ਤਕੜਾ ਫੁੱਲ ਬੈਕ ਖਿਡਾਰੀ ਮੰਨਿਆ ਜਾਂਦਾ ਰਿਹਾ।
ਉਹ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਟੀਮਾਂ ਤੋਂ ਲੈ ਕੇ ਭਾਰਤੀ ਟੀਮਾਂ ਵੱਲੋਂ ਏਸ਼ੀਅਨ ਖੇਡਾਂ, ਓਲੰਪਿਕ ਖੇਡਾਂ, ਵਿਸ਼ਵ ਹਾਕੀ ਕੱਪਾਂ, ਕੌਮਾਂਤਰੀ ਟੂਰਨਾਮੈਂਟਾਂ ਤੇ ਹਾਕੀ ਦੀਆਂ ਚੈਂਪੀਅਨ ਟਰਾਫੀਆਂ ਵਿਚ ਖੇਡਦਾ ਰਿਹਾ। ਉਸ ਦਾ ਜਨਮ ਪਿੰਡ ਦਾਖਲਾ, ਜ਼ਿਲ੍ਹਾ ਗੁਰਦਾਸਪੁਰ ਵਿਚ 10 ਅਕਤੂਬਰ 1951 ਨੂੰ ਹੋਇਆ। ਇਹ ਪਿੰਡ ਬਟਾਲੇ ਲਾਗੇ ਹੈ ਜਿਸ ਦਾ ਨਾਂ ਓਲੰਪੀਅਨ ਸੁਰਜੀਤ ਸਿੰਘ ਦੀ ਮ੍ਰਿਤੂ ਪਿੱਛੋਂ ਉਹਦੀ ਯਾਦ ਵਿਚ ‘ਸੁਰਜੀਤ ਸਿੰਘ ਵਾਲਾ’ ਰੱਖ ਦਿੱਤਾ ਗਿਆ। ਲਾਗਲੇ ਸ਼ਹਿਰ ਬਟਾਲੇ ਦੇ ਚੌਕ ਵਿਚ ਉਸ ਦਾ ਬੁੱਤ ਸਥਾਪਤ ਕੀਤਾ ਗਿਆ। ਜਲੰਧਰ ਦੇ ਬਰਟਲਨ ਪਾਰਕ ਵਿਚ ਓਲੰਪੀਅਨ ਸੁਰਜੀਤ ਸਿੰਘ ਸਟੇਡੀਅਮ ਬਣਾਇਆ ਗਿਆ ਜਿਥੇ ਉਹਦੀ ਯਾਦ ਵਿਚ ਹਰ ਸਾਲ ਹਾਕੀ ਦਾ ਉੱਚ ਪੱਧਰੀ ਟੂਰਨਾਮੈਂਟ ਹੁੰਦਾ ਹੈ। ਜਲੰਧਰ ਵਿਚ ਹੀ ਸੁਰਜੀਤ ਸਿੰਘ ਸੁਸਾਇਟੀ ਵੱਲੋਂ ਹਾਕੀ ਦੀ ਅਕੈਡਮੀ ਚੱਲ ਰਹੀ ਹੈ ਜਿਸ ਨੇ ਭਾਰਤੀ ਹਾਕੀ ਟੀਮਾਂ ਨੂੰ ਸਭ ਤੋਂ ਵੱਧ ਖਿਡਾਰੀ ਦਿੱਤੇ ਹਨ। ਉਹ ਪੰਜਾਬ ਦਾ ਮਾਣ ਸੀ ਭਾਰਤ ਦੀ ਸ਼ਾਨ। ਉਸ ਨੂੰ ਅਰਜਨਾ ਅਵਾਰਡ ਨਾਲ ਸਨਮਾਨਿਆ ਗਿਆ ਸੀ।
ਉਸ ਨੇ ਮੁਢਲੀ ਵਿੱਦਿਆ ਖ਼ਾਲਸਾ ਸਕੂਲ ਬਟਾਲਾ ਤੋਂ ਹਾਸਲ ਕੀਤੀ ਸੀ। ਉਸੇ ਸਕੂਲ ਦੀ ਹਾਕੀ ਟੀਮ ਵਿਚ ਉਹ ਸੈਂਟਰ ਫਾਰਵਰਡ ਖੇਡਣ ਲੱਗਾ। ਫਿਰ ਸਪੋਰਟਸ ਸਕੂਲ ਜਲੰਧਰ ਚਲਾ ਗਿਆ। 1967 ਵਿਚ ਉਸ ਨੇ ਪੰਜਾਬ ਵੱਲੋਂ ਸਕੂਲਾਂ ਦੀਆਂ ਨੈਸ਼ਨਲ ਖੇਡਾਂ `ਚ ਹਿੱਸਾ ਲੈਂਦਿਆਂ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ। 1968 ਵਿਚ ਉਹ ਸਪੋਰਟਸ ਕਾਲਜ ਜਲੰਧਰ ਗਿਆ ਜਿਥੋਂ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ `ਚ ਚੁਣਿਆ ਗਿਆ। ਅਗਲੇ ਸਾਲ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਖੇਡਿਆ। 1971 ਵਿਚ ਉਸ ਨੇ ਕੰਬਾਈਂਡ ਯੂਨੀਵਰਸਿਟੀਜ਼ ਦੀ ਟੀਮ ਦਾ ਮੈਂਬਰ ਬਣ ਕੇ ਆਸਟ੍ਰੇਲੀਆ ਦਾ ਟੂਰ ਕੀਤਾ।
ਮੈਂ ਉਸ ਨੂੰ ਪਹਿਲੀ ਵਾਰ 1971 `ਚ ਮਿਲਿਆ। ਮੈਂ ਪਟਿਆਲੇ ਐੱਨ.ਆਈ.ਐੱਸ. ਵਿਚ ਓਰੀਐਂਟਲ ਕੋਰਸ ਕਰਨ ਗਿਆ ਸਾਂ। ਉਥੇ ਹੀ ਆਸਟ੍ਰੇਲੀਆ ਦੇ ਟੂਰ ਵਾਸਤੇ ਕੰਬਾਈਂਡ ਯੂਨੀਵਰਸਿਟੀਜ਼ ਦੀ ਹਾਕੀ ਟੀਮ ਦਾ ਕੋਚਿੰਗ ਕੈਂਪ ਚੱਲ ਰਿਹਾ ਸੀ। ਸੁਰਜੀਤ ਉਸ ਕੈਂਪ ਵਿਚ ਸ਼ਾਮਲ ਸੀ। ਇਕ ਦਿਨ ਕੰਟੀਨ ਵਿਚ ਸਾਡਾ ਮੇਲ ਹੋ ਗਿਆ। ਉਹ ਸ਼ੁਕੀਨ ਬਣਿਆ ਕੱਢਵੀਂ ਜੁੱਤੀ ਪਾਈ ਬੈਠਾ ਸੀ। ਅਸੀਂ `ਕੱਠਿਆਂ ਚਾਹ ਪੀਤੀ।
ਉਦੋਂ ਮੈਂ ਖੇਡਾਂ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਹੋਇਆ ਸੀ। ਮੇਰੀਆਂ ਉਹਦੇ ਨਾਲ ਰਸਮੀ ਗੱਲਾਂ ਹੋਈਆਂ। ਉਹ ਧੀਮਾ ਬੋਲਦਾ ਸੀ। ਮਝੈਲਾਂ ਵਾਲਾ ਲਹਿਜ਼ਾ ਸੀ। ਮੁੱਛਾਂ ਦੀ ਲੂੰਈਂ ਫੁੱਟ ਰਹੀ ਸੀ ਤੇ ਸੰਗ ਸੰਗਾਅ ਉਹਦੇ ਮੇਘਲੇ ਰੰਗ `ਚ ਘੁਲੀ ਹੋਈ ਸੀ। ਭਰਵੱਟੇ ਸੰਘਣੇ ਸਨ। ਗੁੱਟ ਮੋਟੇ, ਮੱਥਾ ਛੋਟਾ ਤੇ ਨੱਕ ਵੱਡਾ। ਮੈਂ ਉਹਦਾ ਮੁਢਲਾ ਖਾਕਾ ਡਾਇਰੀ `ਚ ਨੋਟ ਕਰ ਲਿਆ। ਅਜੇ ਉਭਰਦਾ ਖਿਡਾਰੀ ਹੋਣ ਕਰਕੇ ਉਦੋਂ ਹੀ ਉਹਦੇ ਬਾਰੇ ਕੁਝ ਲਿਖਣਾ ਮੈਂ ਮੁਨਾਸਿਬ ਨਾ ਸਮਝਿਆ। ਇਕ ਦਿਨ ਮੈਂ ਉਸ ਨੂੰ ਕੋਚ ਬਾਲਕ੍ਰਿਸ਼ਨ ਸਿੰਘ ਕੋਲੋਂ ਪੈਨਲਟੀ ਕਾਰਨਰ ਲਾਉਣ ਦੀ ਸਿਖਲਾਈ ਲੈਂਦੇ ਵੇਖਿਆ। ਉਹ ਬੜਾ ਸਿਰੜੀ ਤੇ ਗੰਭੀਰ ਸੀ ਜੋ ਹਨ੍ਹੇਰਾ ਪੈਣ ਤਕ ਪੈਨਲਟੀ ਕਾਰਨਰ ਲਾਉਣ ਦੀ ਪ੍ਰੈਕਟਿਸ ਕਰਦਾ ਰਿਹਾ। ਉਹਦੀ ਲਗਨ ਵੇਖ ਕੇ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਉਹ ਕਿਸੇ ਦਿਨ ਕਮਾਲ ਦੀ ਸ਼ੈਅ ਬਣੇਗਾ। ਬਾਅਦ ਵਿਚ ਉਹ ਕਮਾਲ ਦੀ ਸ਼ੈਅ ਬਣ ਵੀ ਗਿਆ।
ਆਸਟ੍ਰੇਲੀਆ ਦੇ ਟੂਰ ਤੋਂ ਉਹਦੀ ਚੜ੍ਹਤ ਦੇ ਦਿਨ ਸ਼ੁਰੂ ਹੋ ਗਏ। ਉਹ ਜਿੰਨਾ ਚਿਰ ਜੀਵਿਆ, ਭਾਰਤ ਤੇ ਏਸ਼ੀਆ ਦਾ ਹੀ ਨਹੀਂ ਸਗੋਂ ਦੁਨੀਆ ਦਾ ਵਧੀਆ ਫੁੱਲ ਬੈਕ ਖਿਡਾਰੀ ਮੰਨਿਆ ਜਾਂਦਾ ਰਿਹਾ। ਪਹਿਲਾਂ ਪ੍ਰਿਥੀਪਾਲ ਸਿੰਘ ਨੂੰ ਪੈਨਲਟੀ ਕਾਰਨਰ ਲਾਉਣ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਪਿਛੋਂ ਇਹੀ ਖ਼ਿਤਾਬ ਸੁਰਜੀਤ ਸਿੰਘ ਨੂੰ ਮਿਲਿਆ। ਉਹਦੇ ਕੋਲੋਂ ਬਾਲ ਕੱਢਣੀ ਸੌਖੀ ਨਹੀਂ ਸੀ ਹੁੰਦੀ। ਵਿਰੋਧੀ ਖਿਡਾਰੀਆਂ ਲਈ ਉਹ ਫਾਟਕ ਬਣ ਜਾਂਦਾ ਸੀ। ਉਹ ਉਹਦੇ ਲਾਗੇ ਲੱਗਣੋਂ ਤ੍ਰਹਿੰਦੇ ਸਨ।
ਉਹ ਨਿਸਬਤਨ ਭਾਰੀ ਹਾਕੀ ਵਰਤਦਾ ਸੀ। ਸੀ ਵੀ ਕੱਦ ਕਾਠ ਦਾ ਤਕੜਾ। ਰੰਗ ਰਤਾ ਪੱਕਾ ਸੀ ਤੇ ਹੱਡ ਗੋਡੇ ਮੋਟੇ। ਵੇਖਣ ਨੂੰ ਵੈਲੀਆਂ ਵਰਗਾ ਲੱਗਦਾ ਸੀ ਪਰ ਸੀਗਾ ਸਾਊ। ਮਿਲਣ ਗਿਲਣ ਵਾਲਿਆਂ ਨੂੰ ਆਪਣੇ ਸਾਊ ਸੁਭਾਅ ਨਾਲ ਮੋਹ ਲੈਂਦਾ ਸੀ। ਉਸ ਦੀਆਂ ਕਈ ਗੱਲਾਂ ਪ੍ਰਿਥੀਪਾਲ ਸਿੰਘ ਨਾਲ ਮਿਲਦੀਆਂ ਸਨ। ਦੋਵੇਂ ਜਜ਼ਬਾਤੀ ਸਨ ਪਰ ਮੈਦਾਨ ਵਿਚ ਠਰੰ੍ਹਮੇ ਨਾਲ ਖੇਡਦੇ ਤੇ ਘਬਰਾਹਟ ਤੋਂ ਬਚੇ ਰਹਿੰਦੇ। ਆਣ ਅਣਖ ਵਜੋਂ ਦੋਹਾਂ ਦਾ ਵਤੀਰਾ ਇਕੋ ਜਿਹਾ ਸੀ। ਨਾ ਪ੍ਰਿਥੀਪਾਲ ਸਿੰਘ ਵਧਵੀਂ ਘਟਵੀਂ ਸਹਾਰਦਾ ਸੀ, ਨਾ ਸੁਰਜੀਤ ਸਿੰਘ। ਇਹੋ ਕਾਰਨ ਸੀ ਕਿ ਬਿਊਨਿਸ ਏਅਰਜ਼ ਦੇ ਵਿਸ਼ਵ ਹਾਕੀ ਕੱਪ ਦੀ ਤਿਆਰੀ ਸਮੇਂ ਉਹ, ਬਲਦੇਵ ਸਿੰਘ ਤੇ ਵਰਿੰਦਰ ਸਿੰਘ ਸਮੇਤ ਕੋਚਿੰਗ ਕੈਂਪ `ਚੋਂ ਬੋਰੀਆ ਬਿਸਤਰਾ ਚੁੱਕ ਲਿਆਇਆ ਸੀ।
ਇਕ ਖੇਡ ਅਧਿਕਾਰੀ ਦੇ ਪੰਜਾਬੀ ਖਿਡਾਰੀਆਂ ਬਾਰੇ ਕਹੇ ਲਫ਼ਜ਼ ਸੁਰਜੀਤ ਹੋਰਾਂ ਨੇ ਨਹੀਂ ਸਨ ਸਹਾਰੇ ਤੇ ਉਹ ਰੋਸ ਵਜੋਂ ਕੋਚਿੰਗ ਕੈਂਪ ਵਿਚੋਂ ਵਾਕ ਆਊਟ ਕਰ ਗਏ ਸਨ। ਬਾਅਦ ਵਿਚ ਬਲਦੇਵ ਸਿੰਘ ਤੇ ਵਰਿੰਦਰ ਸਿੰਘ ਤਾਂ ਭਾਰਤੀ ਟੀਮ ਵਿਚ ਪਾ ਲਏ ਗਏ ਪਰ ਸੁਰਜੀਤ ਸਿੰਘ ਨੂੰ ਬਾਹਰ ਰੱਖਿਆ ਗਿਆ। ਨਤੀਜਾ ਬਿਊਨਿਸ ਏਅਰਜ਼ ਵਿਚ ਨਮੋਸ਼ੀ ਵਾਲੀਆਂ ਹਾਰਾਂ ਦਾ ਨਿਕਲਿਆ।
ਹਾਕੀ ਦੇ ਸਿਰ `ਤੇ ਉਸ ਨੂੰ ਭਾਰਤੀ ਰੇਲਵੇ ਦੀ ਨੌਕਰੀ ਮਿਲ ਗਈ ਸੀ ਤੇ ਉਹ ਕਾਲਜ ਦੀ ਪੜ੍ਹਾਈ ਵਿਚੇ ਛੱਡ ਕੇ ਸੈਂਟਰਲ ਰੇਲਵੇ `ਚ ਕਮੱਰਸ਼ਲ ਇੰਸਪੈਕਟਰ ਲੱਗ ਗਿਆ ਸੀ। ਉਹ ਪੰਜਾਬ ਵੱਲੋਂ ਹਾਕੀ ਦੀ ਨੈਸ਼ਨਲ ਚੈਂਪੀਅਨਸ਼ਿਪ ਪਹਿਲਾਂ ਹੀ ਖੇਡ ਚੁੱਕਾ ਸੀ। 1973 ਤੋਂ ਉਹ ਭਾਰਤੀ ਰੇਲਵੇਜ਼ ਵੱਲੋਂ ਦੇਸ਼ ਦੇ ਪ੍ਰਸਿੱਧ ਹਾਕੀ ਟੂਰਨਾਮੈਂਟ ਖੇਡਣ ਲੱਗਾ। ਉਸੇ ਸਾਲ ਉਹ ਭਾਰਤੀ ਹਾਕੀ ਟੀਮ ਵਿਚ ਚੁਣਿਆ ਗਿਆ। 22 ਸਾਲ ਦੀ ਉਮਰ ਵਿਚ ਉਹ ਐਮਸਟਰਡਮ ਦਾ ਦੂਜਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਖੇਡਿਆ।
ਐਮਸਟਰਡਮ ਦੇ ਵਿਸ਼ਵ ਕੱਪ ਦਾ ਫਾਈਨਲ ਮੈਚ ਨੀਦਰਲੈਂਡਜ਼ ਤੇ ਭਾਰਤ ਵਿਚਕਾਰ ਹੋਇਆ। ਪਹਿਲੇ ਪੰਜ-ਸੱਤ ਮਿੰਟਾਂ ਵਿਚ ਹੀ ਸੁਰਜੀਤ ਸਿੰਘ ਨੇ ਪੈਨਲਟੀ ਕਾਰਨਰ ਦੇ ਦੋ ਗੋਲ ਦਾਗ ਦਿੱਤੇ। ਪਿਛੇ ਦੇਸ਼ ਵਿਚ ਕੁਮੈਂਟਰੀ ਸੁਣਦੇ ਹਾਕੀ ਪ੍ਰੇਮੀਆਂ ਦਾ ਸੇਰ ਸੇਰ ਲਹੂ ਵਧ ਗਿਆ। ਅਸੀਂ ਉਦੋਂ ਢੁੱਡੀਕੇ ਕਾਲਜ ਦੇ ਖੇਡ ਮੈਦਾਨ `ਚ ਕੁਮੈਂਟਰੀ ਸੁਣ ਰਹੇ ਸਾਂ। ਕਈਆਂ ਨੇ ਖੁਸ਼ੀ `ਚ ਪੁੱਠੀਆਂ ਛਾਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰਜੀਤ ਦੇ ਇਸ ਕਾਰਨਾਮੇ ਨੇ ਉਹਦਾ ਨਾਂ ਕੁਲ ਦੁਨੀਆਂ `ਚ ਧੁੰਮਾਅ ਦਿੱਤਾ। ਬਦਕਿਸਮਤੀ ਭਾਰਤ ਦੀ ਕਿ ਦੋ ਗੋਲਾਂ ਦੀ ਬੜ੍ਹਤ ਦੇ ਬਾਵਜੂਦ ਭਾਰਤੀ ਟੀਮ ਮੈਚ ਹਾਰ ਗਈ। ਸੁਰਜੀਤ ਦੇ ਕਹਿਣ ਮੂਜਬ ਦੋ ਗੋਲਾਂ ਦੀ ਲੀਡ ਲੈਣ ਪਿੱਛੋਂ ਸਾਨੂੰ ਖੇਡ ਦੀ ਰਫ਼ਤਾਰ ਮੱਠੀ ਕਰਨੀ ਚਾਹੀਦੀ ਸੀ ਪਰ ਅਸੀਂ ਜੋਸ਼ ਤੇ ਖ਼ੁਸ਼ੀ ਵਿਚ ਤੇਜ਼ ਖੇਡਦੇ ਰਹੇ, ਅੰਤ ਹਾਰ ਗਏ।
ਤੀਜਾ ਵਰਲਡ ਕੱਪ ਕੁਆਲਾਲੰਪੁਰ ਵਿਚ ਹੋਇਆ। ਉਦੋਂ ਭਾਰਤੀ ਟੀਮ ਦਾ ਕੋਚ/ਮੈਨੇਜਰ ਬਲਬੀਰ ਸਿੰਘ ਸੀਨੀਅਰ ਸੀ। ਉਸ ਨੇ ਆਪਣੀ ਪੁਸਤਕ ‘ਗੋਲਡਨ ਹੈਟ ਟ੍ਰਿਕ’ ਵਿਚ ਲਿਖਿਆ ਕਿ ਸੁਰਜੀਤ ਸਿੰਘ ਪਹਿਲੇ ਮੈਚ ਵਿਚ ਆਪਣੀ ਅਸਲੀ ਫਾਰਮ `ਚ ਨਹੀਂ ਸੀ ਲੱਗ ਰਿਹਾ। ਉਥੇ ਉਸ ਦੀ ਜਰਸੀ ਦਾ ਨੰਬਰ 4 ਸੀ। ਉਸ ਨੂੰ ਵਹਿਮ ਹੋ ਗਿਆ ਕਿ ਨੰਬਰ 4 ਉਹਦੇ ਲਈ ਮਨਹੂਸ ਹੈ। ਜਦੋਂ ਉਸ ਨੇ ਇਹ ਗੱਲ ਟੀਮ ਦੇ ਡਾਕਟਰ ਰਾਜਿੰਦਰ ਕਾਲੜਾ ਨੂੰ ਦੱਸੀ ਤਾਂ ਡਾਕਟਰ ਨੇ ਇਸ ਦਾ ਮਨੋਵਿਗਿਆਨਕ ਇਲਾਜ ਕਰਦਿਆਂ ਕਿਸੇ ਭਾਰਤੀ ਕੋਲੋਂ ਗੁੜ ਤੇ ਤਿਲ ਮੰਗਾਏ ਜੋ ਮੰਤਰ ਕੇ ਸੁਰਜੀਤ ਨੂੰ ਖਾਣ ਲਈ ਦੇ ਦਿੱਤੇ। ਉਹਦਾ ਵਹਿਮ ਦੂਰ ਹੋ ਗਿਆ ਤੇ ਉਹ ਆਪਣੇ ਅਸਲੀ ਰੂਪ ਵਿਚ ਖੇਡਣ ਲੱਗਾ। ਇੰਜ ਵਹਿਮ ਦਾ ਇਲਾਜ ਵਹਿਮ ਨਾਲ ਹੀ ਹੋਇਆ!
1976 ਦੀਆਂ ਓਲੰਪਿਕ ਖੇਡਾਂ ਲਈ ਪਟਿਆਲੇ ਕੋਚਿੰਗ ਕੈਂਪ ਲੱਗਾ ਤਾਂ ਮੈਂ ਖਿਡਾਰੀਆਂ ਨੂੰ ਮਿਲਣ ਗਿਆ। ਸੁਰਜੀਤ ਸਿੰਘ ਗਿੱਟਾ ਬੰਨ੍ਹੀ ਹਾਕੀ ਖਿਡਾਰਨ ਚੰਚਲ ਕੋਹਲੀ ਕੋਲ ਬੈਠਾ ਸੀ। ਬਾਅਦ ਵਿਚ ਉਨ੍ਹਾਂ ਦਾ ਵਿਆਹ ਹੋ ਗਿਆ। ਗੱਲਾਂ ਬਾਤਾਂ ਹੋਈਆਂ ਤਾਂ ਉਸ ਨੇ ਦੱਸਿਆ, “ਇਹ ਮੇਰੀ ਗੁੱਡ ਲੱਕ ਸੀ ਕਿ ਮੈਂ ਐਮਸਟਰਡਮ ਦਾ ਵਰਲਡ ਕੱਪ ਠੀਕ ਖੇਡ ਗਿਆ। ਵਰਨਾ ਵਿਦੇਸ਼ਾਂ `ਚ ਖੇਡਣ ਲਈ ਬੜੇ ਤਜਰਬੇ ਦੀ ਲੋੜ ਹੁੰਦੀ ਆ। ਐਮਸਟਰਡਮ ਵਿਚ ਮੈਂ ਪਾਲ ਲਿਤਜਨ ਨੂੰ ਛੱਡ ਕੇ ਸਭ ਤੋਂ ਬਹੁਤੇ ਗੋਲ ਕੀਤੇ। ਤਹਿਰਾਨ ਦੀਆਂ ਏਸ਼ੀਅਨ ਗੇਮਜ਼ ਵਿਚ ਮੈਂ ਟਾਪ ਸਕੋਰਰ ਸਾਂ। ਸੀਲੋਨ ਵਿਰੁੱਧ ਮੈਂ ਹੈਟ ਟ੍ਰਿਕ ਮਾਰਿਆ। 1975 `ਚ ਨਿਊਜ਼ੀਲੈਂਡ ਦਾ ਟੂਰ ਲਾਉਂਦਿਆਂ ਮੈਂ 17 ਗੋਲ ਕੀਤੇ। ਅੱਜ ਕੱਲ੍ਹ ਤਾਂ ਬਹੁਤੇ ਮੈਚਾਂ ਦਾ ਫੈਸਲਾ ਹੁੰਦਾ ਈ ਪੈਨਲਟੀ ਕਾਰਨਰ ਦੇ ਗੋਲਾਂ ਨਾਲ ਆ। ਵਧੀਆ ਖਿਡਾਰੀ ਬਣਨ ਲਈ ਮਿਹਨਤ ਦੀ ਬੜੀ ਲੋੜ ਐ। ਮਿਹਨਤ ਕਰਨ ਵਾਲੇ ਨੂੰ ਚਾਨਸ ਜ਼ਰੂਰ ਮਿਲਦਾ। ਇਹ ਜੁਦੀ ਗੱਲ ਐ ਉਹ ਸਾਂਭੇ ਜਾਂ ਨਾ।”
ਸੁਰਜੀਤ ਸਿੰਘ ਦੇ ਖੇਡ ਕੈਰੀਅਰ ਵਿਚ ਕਦੇ ਉਹਨੂੰ ਭਾਰਤੀ ਟੀਮ ਵਿਚ ਪਾਉਣਾ ਪਿਆ ਤੇ ਕਦੇ ਬਾਹਰ ਰੱਖਣਾ ਪਿਆ। ‘ਜਬੈ ਬਾਣ ਲਾਗੇ ਤਬੈ ਰੋਸ ਜਾਗੇ’ ਦੇ ਕਥਨ ਅਨੁਸਾਰ ਉਸ ਨੇ ਹਾਕੀ ਹੋਰ ਰੋਹ ਨਾਲ ਅਪਨਾਈ ਜਿਸ ਕਰਕੇ ਹਾਕੀ ਅਧਿਕਾਰੀਆਂ ਵੱਲੋਂ ਉਸ ਨੂੰ ਮੁੜ ਮੁੜ ਟੀਮਾਂ ਵਿਚ ਪਾਉਣ ਲਈ ਮਜਬੂਰ ਹੋਣਾ ਪੈਂਦਾ ਰਿਹਾ। 1978 ਵਿਚ ਉਸ ਨੂੰ ਮੁੜ ਟੀਮ `ਚ ਪਾਇਆ ਤਾਂ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਵਿਚ ਫਿਰ ਸਭ ਤੋਂ ਵੱਧ ਗੋਲ ਕੀਤੇ।
ਬੈਂਕਾਕ ਏਸ਼ੀਆਡ ਖੇਡਣ ਪਿਛੋਂ ਉਸ ਨੂੰ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ। ਉਸ ਦੀ ਕਪਤਾਨੀ ਵਿਚ ਭਾਰਤੀ ਟੀਮ ਮਾਸਕੋ ਵਿਖੇ ਪ੍ਰੀ ਓਲੰਪਿਕ ਹਾਕੀ ਟੂਰਨਾਮੈਂਟ ਖੇਡਣ ਗਈ ਜਿਥੇ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਮਾਸਕੋ ਦੀਆਂ ਓਲੰਪਿਕ ਖੇਡਾਂ-1980 ਸਮੇਂ ਉਸ ਨੂੰ ਫਿਰ ਨਜ਼ਰਅੰਦਾਜ਼ ਕਰ ਦਿੱਤਾ ਗਿਆ। 1981-82 ਵਿਚ ਬੰਬਈ ਦੇ ਪੰਜਵੇਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਸਮੇਂ ਉਸ ਨੂੰ ਫਿਰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਮੈਂ ਉਹ ਕੱਪ ਕਵਰ ਕਰਨ ਲਈ ਬੰਬਈ ਗਿਆ ਤਾਂ ਉਥੇ ਸਾਡਾ ਨਿੱਤ ਦਾ ਮੇਲ-ਜੋਲ ਹੋਣ ਲੱਗਾ।
ਮੈਨੂੰ ਯਾਦ ਹੈ ਇਕ ਦਿਨ ਭਾਰਤ, ਪਾਕਿਸਤਾਨ, ਆਸਟ੍ਰੇਲੀਆ ਤੇ ਹਾਲੈਂਡ ਦੀਆਂ ਟੀਮਾਂ ਦੇ ਕਪਤਾਨ ਹੋਟਲ ਦੀ ਲਾਬੀ `ਚ ਬੈਠੇ ਸਨ। ਭਾਰਤ ਦਾ ਸੁਰਜੀਤ ਗੁਰਦਾਸਪੁਰੀਆ ਤੇ ਪਾਕਿਸਤਾਨ ਦਾ ਅਖ਼ਤਰ ਰਸੂਲ ਲਾਇਲਪੁਰੀਆ ਪੰਜਾਬੀ `ਚ ਗੱਲਾਂ ਕਰਨ ਲੱਗ ਪਏ। ਅਖ਼ਤਰ ਰਸੂਲ ਕਹਿਣ ਲੱਗਾ, “ਸੁਰਜੀਤ ਆਪਾਂ ਹੋਰ ਨੀ ਕਿਸੇ ਤੋਂ ਲਈਦੇ। ਆਪਾਂ ਨੂੰ ਖੂੰਜੇ ਲਾਇਆ ਤਾਂ ਪਾਲ ਲਿਤਜਨ ਦੇ ਪੈਨਲਟੀ ਕਾਰਨਰ ਈ ਲਾਉਣਗੇ।” ਸੁਰਜੀਤ ਦਾ ਉੱਤਰ ਸੀ, “ਕੋਈ ਨੀ ਭਾਅ ਆਪਾਂ ਕਿਹੜਾ ਰੱਬ ਦੇ ਮਾਂਹ ਮਾਰੇ ਨੇ?”
ਉਹ ਮੈਚ ਵੇਖਦਾ ਖਿਡਾਰੀਆਂ ਬਾਰੇ ਆਪਮੁਹਾਰਾ ਤਬਸਰਾ ਕਰੀ ਜਾਂਦਾ। ਕਿਸੇ ਨੂੰ ਖ਼ਿਤਾਬ ਬਖਸ਼ਦਾ, “ਇਹ ਬੜੀ ਕੁੱਤੀ ਸ਼ੈਅ ਈ।” ਤੇ ਕਿਸੇ ਨੂੰ ਕਹਿੰਦਾ, “ਇਹ ਬੜਾ ਅਸਤਰ ਏ!” ਖਿਡਾਰੀਆਂ ਦੇ ਵੀ ਨਿਹੰਗ ਸਿੰਘਾਂ ਵਾਂਗ ਆਪਣੇ ਹੀ ਬੋਲੇ ਹੁੰਦੇ ਨੇ।
ਬੰਬਈ ਦੇ ਵਿਸ਼ਵ ਕੱਪ ਤੋਂ ਕੁਝ ਮਹੀਨਿਆਂ ਬਾਅਦ ਹੀ ਨਵੀਂ ਦਿੱਲੀ ਦੀਆਂ ਏਸ਼ਿਆਈ ਖੇਡਾਂ ਸਨ। ਸੁਰਜੀਤ ਸਿੰਘ ਨੂੰ ਫਿਰ ਟੀਮ ਵਿਚ ਨਾ ਪਾਇਆ ਗਿਆ। ਭਾਰਤੀ ਟੀਮ ਪਾਕਿਸਤਾਨੀ ਟੀਮ ਹੱਥੋਂ 7-1 ਗੋਲਾਂ ਦੇ ਵੱਡੇ ਫਰਕ ਨਾਲ ਹਾਰੀ। ਮੈਂ ਪ੍ਰੈੱਸ ਸੈਂਟਰ `ਚ ਬੈਠਾ ਅਖ਼ਬਾਰੀ ਰਿਪੋਰਟ ਲਿਖ ਰਿਹਾ ਸਾਂ ਕਿ ਸੁਰਜੀਤ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਮੈਨੂੰ ਰਾਜੀਵ ਗਾਂਧੀ ਨੇ ਬੁਲਾਇਐ। ਮੈਂ ਜਾ ਕੇ ਹਾਕੀ ਦੀ ਅੰਦਰਲੀ ਸਟੋਰੀ ਦੱਸ ਰਿਹਾਂ।” ਉਸ ਨੂੰ ਭਾਰਤੀ ਟੀਮ ਦੇ ਬੁਰੀ ਤਰ੍ਹਾਂ ਹਾਰ ਜਾਣ ਦਾ ਡਾਢਾ ਦੁੱਖ ਸੀ। ਉਹ ਮਨ ਦਾ ਭਾਰ ਹੌਲਾ ਕਰਨਾ ਚਾਹੁੰਦਾ ਸੀ।
ਉਸ ਨੇ ਕੁਝ ਸਮਾਂ ਭਾਰਤੀ ਰੇਲਵੇਜ਼ ਵੱਲੋਂ ਖੇਡਣ ਪਿਛੋਂ ਭਾਰਤੀ ਏਅਰ ਲਾਈਨਜ਼ ਵੱਲੋਂ ਖੇਡਣਾ ਸ਼ੁਰੂ ਕਰ ਦਿੱਤਾ ਸੀ। ਅਖ਼ੀਰ ਉਹ ਪੰਜਾਬ ਪੁਲਿਸ ਵੱਲੋਂ ਖੇਡਣ ਲੱਗਾ। ਉਹ ਲਗਭਗ ਪੰਦਰਾਂ ਸਾਲ ਸਰਗਰਮ ਹਾਕੀ ਖੇਡਿਆ ਤੇ ਹਾਕੀ ਦੇ ਹਲਕਿਆਂ ਵਿਚ ਬੜਾ ਨਾਂ ਕਮਾਇਆ। ਪਈ ਸੁਰਜੀਤ ਸੁਰਜੀਤ ਹੁੰਦੀ ਰਹੀ ਤੇ ਨਵੇਂ ਮੁੰਡੇ ਉਹਦੀਆਂ ਰੀਸਾਂ ਕਰਦੇ ਰਹੇ।
ਉਹਦੇ ਰਿਟਾਇਰ ਹੋਣ ਪਿੱਛੋਂ ਪ੍ਰਸ਼ੰਸਕਾਂ ਨੇ ਉਹਦੇ ਲਈ ਬੈਨੀਫਿਟ ਮੈਚ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਸੁਰਜੀਤ ਖ਼ੁਦ ਉਨ੍ਹਾਂ ਤਿਆਰੀਆਂ ਵਿਚ ਸ਼ਾਮਲ ਸੀ। ਉਹ ਤੇ ਉਹਦੇ ਦੋ ਸਾਥੀ ਕਾਰ ਵਿਚ ਅੰਮ੍ਰਿਤਸਰ ਤੋਂ ਜਲੰਧਰ ਮੁੜ ਰਹੇ ਸਨ ਕਿ 7 ਜਨਵਰੀ 1984 ਦੀ ਕਕਰੀਲੀ ਰਾਤ ਨੂੰ ਬਿਧੀਪੁਰ ਫਾਟਕ ਲਾਗੇ ਭਿਆਨਕ ਹਾਦਸਾ ਵਾਪਰ ਗਿਆ। ਅਗਲੇ ਦਿਨ ਅਖ਼ਬਾਰਾਂ ਦੀ ਮੁੱਖ ਖ਼ਬਰ ਸੀ: ਹਾਕੀ ਵਾਲਾ ਸੁਰਜੀਤ ਹਾਦਸੇ ਵਿਚ ਹਲਾਕ। ਉਹ ਆਪਣੇ ਪਿੱਛੇ ਪਤਨੀ ਚੰਚਲ ਰੰਧਾਵਾ, ਪੁੱਤਰ ਸਰਬਰਿੰਦਰ ਤੇ ਧੀ ਇੰਦਰਪ੍ਰੀਤ ਨੂੰ ਧਾਹੀਂ ਮਾਰਦਿਆਂ ਛੱਡ ਗਿਆ।
ਜਿਨ੍ਹਾਂ ਨੇ ਉਹਦੀ ਦੇਹ ਸੰਭਾਲੀ ਉਹ ਦੱਸਦੇ ਸਨ ਕਿ ਸੁਰਜੀਤ ਦੀਆਂ ਮੁੱਠੀਆਂ ਵਿਚ ਮਿੱਟੀ ਸੀ ਜਿਸ ਤੋਂ ਜਾਪਦਾ ਸੀ ਕਿ ਉਸ ਨੇ ਆਖ਼ਰੀ ਵਾਰ ਉੱਠਣ ਲਈ ਹੱਥ ਪੈਰ ਮਾਰੇ ਹੋਣਗੇ, ਪੂਰਾ ਤਾਣ ਲਾਇਆ ਹੋਵੇਗਾ ਪਰ ਉਠ ਨਹੀਂ ਸੀ ਸਕਿਆ ਅਤੇ ਕੋਰੇ ਮਾਰੀ ਰਾਤ ਵਿਚ ਸਦਾ ਲਈ ਅੱਖਾਂ ਮੀਟ ਗਿਆ ਸੀ।
ਨਹੀਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ…